ਮਾ. ਸੁਖਵਿੰਦਰ ਦਾਨਗੜ੍ਹ
ਕੁਲਦੀਪ ਸਰਕਾਰੀ ਨੌਕਰੀ ਮਿਲਦਿਆਂ ਹੀ ਸਕੂਲ ਨੂੰ ਸਮਰਪਿਤ ਹੋ ਗਿਆ ਸੀ। ਕੁਝ ਕੁ ਸਮੇਂ ਬਾਅਦ ਹੀ ਉਸ ਦੀ ਤਰੱਕੀ ਹੋ ਗਈ ਅਤੇ ਉਸ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣ ਵਾਂਗ ਉਹ ਆਪਣੇ ਪੁਰਾਣੇ ਸਕੂਲ ਦਾ ਹੀ ਹੈੱਡਮਾਸਟਰ ਬਣ ਗਿਆ। ਉਸ ਨੇ ਆਪਣੀ ਅਣਥੱਕ ਮਿਹਨਤ ਨਾਲ਼ ਸਕੂਲ ਦੀ ਦਿੱਖ ਬਦਲ ਦਿੱਤੀ ਜਿਸ ਸਦਕਾ ਵਿਭਾਗ ਵੱਲੋਂ ਉਸ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ। ਕੁਲਦੀਪ ਨੂੰ ਜਦੋਂ ਵੀ ਸਨਮਾਨ ਪੱਤਰ ਮਿਲਦਾ ਤਾਂ ਉਹ ਬੜੇ ਹੀ ਚਾਅ ਨਾਲ ਉਸ ਸਨਮਾਨ ਪੱਤਰ ਨੂੰ ਦਫ਼ਤਰ ਦੀ ਕੰਧ ਉੱਤੇ ਬਿਲਕੁਲ ਸਾਹਮਣੇ ਲਟਕਾ ਦਿੰਦਾ ਸੀ ਤਾਂ ਕਿ ਦਫ਼ਤਰ ’ਚ ਆਉਂਦੇ-ਜਾਂਦੇ ਹਰ ਕਿਸੇ ਦੀ ਨਜ਼ਰ ਉਨ੍ਹਾਂ ’ਤੇ ਸਿੱਧੀ ਪੈਂਦੀ ਰਹੇ। ਇੱਕ ਦਿਨ ਕੁਲਦੀਪ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਨਮਾਨ ਪੱਤਰਾਂ ਨੂੰ ਸਾਫ਼ ਕਰ ਰਿਹਾ ਸੀ ਤਾਂ ਇੱਕ ਵਿਦਿਆਰਥੀ ਨੇ ਪੁੱਛਿਆ, ‘‘ਸਰ ਜੀ, ਇਹ ਹੈ ਕੀ ਨੇ? ਜਿਨ੍ਹਾਂ ਨੂੰ ਤੁਸੀਂ ਐਨੇ ਪਿਆਰ ਨਾਲ ਸੰਭਾਲ ਕੇ ਰੱਖਿਐ?’’
‘‘ਪੁੱਤਰੋ! ਤੁਸੀਂ ਆਪ ਈ ਪੜ੍ਹ ਕੇ ਦੇਖੋ। ਤੁਹਾਨੰ ਵੀ ਪਤਾ ਲੱਗੂ ਮੇਰੀ ਕਿੰਨੀ ਵੱਡੀ ਪ੍ਰਾਪਤੀ ਐ’’ ਕੁਲਦੀਪ ਨੇ ਪੂਰੇ ਮਾਣ ਨਾਲ ਕਿਹਾ।
ਜਿਉਂ ਹੀ ਬੱਚੇ ਉਸ ਦੇ ਨੇੜੇ ਗਏ ਤਾਂ ਉਹ ਭਮੱਤਰੀਆਂ ਹੋਈਆਂ ਅੱਖਾਂ ਨਾਲ ਕਹਿਣ ਲੱਗੇ, ‘‘ਸਰ ਜੀ!! ਇਹ ਤਾਂ ਅੰਗਰੇਜ਼ੀ ਵਿੱਚ ਨੇ ਜੀ!! ਸਾਨੂੰ ਤਾਂ ਅਜੇ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ, ਅੰਗਰੇਜ਼ੀ ਤਾਂ ਬੜੀ ਦੂਰ ਦੀ ਗੱਲ ਐ।’’
ਇਹ ਸੁਣਦਿਆਂ ਹੀ ਕੁਲਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਇਉਂ ਲੱਗਿਆ ਜਿਵੇਂ ਇਹ ਸਨਮਾਨ ਪੱਤਰ ਹੁਣ ਉਸ ਦੇ ਮੂੰਹ ’ਤੇ ਚਪੇੜਾਂ ਮਾਰਨ ਲੱਗ ਪਏ ਹੋਣ। ਉਸ ਦਿਨ ਤੋਂ ਬਾਅਦ ਕੁਲਦੀਪ ਨੇ ਕੰਧ ਉੱਤੋਂ ਸਾਰੇ ਸਨਮਾਨ ਪੱਤਰ ਉਤਾਰ ਕੇ ਕਮਰੇ ਦੇ ਖੂੰਜੇ ਪਈ ਅਲਮਾਰੀ ਵਿੱਚ ਸਾਂਭ ਦਿੱਤੇ। ਪਰ ਵਿਦਿਆਰਥੀਆਂ ਦੇ ਬੋਲੇ ਸ਼ਬਦ ਉਸ ਦੇ ਦਿਲ ਦਿਮਾਗ਼ ਅੰਦਰ ਅਜੇ ਵੀ ਖੌਰੂ ਪਾ ਰਹੇ ਸਨ ਜਿਵੇਂ ਉਹ ਆਖ ਰਹੇ ਹੋਣ, ‘‘ਸਰ ਜੀ! ਕਦੇ ਸਾਨੂੰ ਵੀ ਦੋ ਅੱਖਰ ਚੱਜ ਨਾਲ ਸਿਖਾ ਦਿਆ ਕਰੋ, ਕਾਹਤੋਂ ਐਵੇਂ ਫੋਕੀ ਸੋਹਰਤ ਦੇ ਕਾਗ਼ਜ਼ਾਂ ਪਿੱਛੇ ਤੁਰੇ ਫਿਰਦੇ ਓ!’’ ਕਈ-ਕਈ ਵਾਰ ਉਹ ਰਾਤ ਨੂੰ ਉੱਠ ਖੜ੍ਹਾ ਹੁੰਦਾ, ਕਦੇ ਉਹ ਸਕੂਲ ਵਿੱਚ ਹੈੱਡਮਾਸਟਰ ਦੀ ਕੁਰਸੀ ਨੂੰ ਦੇਖ ਕੇ ਝੂਰਦਾ ਰਹਿੰਦਾ ਅਤੇ ਕਦੇ ਆਪਣੇ ਆਪ ਨੂੰ ਕੋਸਦਿਆਂ ਇਸ ਨੌਕਰੀ ਲਈ ਨਾਕਾਬਲ ਘੋਸ਼ਿਤ ਕਰ ਦਿੰਦਾ। ਵਿਚਾਰਾਂ ਦੀ ਉੱਥਲ-ਪੁੱਥਲ ਉਸ ਨੂੰ ਚੈਨ ਨਹੀਂ ਸੀ ਲੈਣ ਦਿੰਦੀ। ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਕੁਲਦੀਪ ਨੇ ਇਹ ਫ਼ੈਸਲਾ ਕਰ ਲਿਆ ਕਿ ਉਹ ਮੁੜ ਕੋਈ ਵੀ ਸਨਮਾਨ ਨਹੀਂ ਲਵੇਗਾ ਅਤੇ ਜਿੰਨਾ ਚਿਰ ਦੀਵੇ ਹੇਠਲਾ ਹਨੇਰਾ ਦੂਰ ਨਹੀਂ ਹੁੰਦਾ, ਓਨਾ ਚਿਰ ਆਪਣੇ ਆਪ ਨੂੰ ਮੁਆਫ਼ ਨਹੀਂ ਕਰੇਗਾ। ਪਲਕ ਝਪਕਦਿਆਂ ਹੀ ਉਸ ਦਾ ਬਦਲਿਆ ਰਵੱਈਆ ਦੇਖ ਕੇ ਵਿਦਿਆਰਥੀ ਅਕਸਰ ਹੀ ਕਹਿੰਦੇ ਰਹਿੰਦੇ, ‘‘ਸਰ ਜੀ!! ਸਹੁੰ ਲੱਗੇ, ਤੁਸੀਂ ਸਾਨੂੰ ਹੁਣ ਬਹੁਤ ਹੀ ਚੰਗੇ ਲੱਗਦੇ ਓ! ਤੁਸੀਂ ਹਰ ਵਿਸ਼ੇ ਬਾਰੇ ਬਾਕਮਾਲ ਸਮਝਾਉਂਦੇ ਓ।’’ ਕਦੇ-ਕਦੇ ਕੋਈ ਵਿਦਿਆਰਥੀ ਇਹ ਵੀ ਕਹਿ ਦਿੰਦਾ, ‘‘ਸਰ ਜੀ, ਤੁਸੀਂ ਪਹਿਲਾਂ ਤਾਂ ਜਮਾਤ ਵਿੱਚ ਵੜਦੇ ਈ ਨਹੀਂ ਸੀ! ਹੁਣ ਨਿਕਲਦੇ ਈ ਮਸਾਂ ਓ!’’
ਦੂਜੇ ਪਾਸੇ ਕੁਲਦੀਪ ਬੱਚਿਆਂ ਨੂੰ ਜਵਾਬ ਦਿੰਦਿਆਂ ਕਹਿੰਦਾ, ‘‘ਬੱਸ ਬੱਚਿਓ!! ਸਭ ਸਮੇਂ ਦਾ ਗੇੜ ਐ। ਕਈ ਵਾਰ ਇੱਕ ਨਿੱਕੀ ਜਿਹੀ ਠੋਕਰ ਵੀ ਵਿਅਕਤੀ ਨੂੰ ਸਿੱਧੇ ਰਸਤੇ ਪਾ ਦਿੰਦੀ ਐ। ਸਮਝ ਲਵੋ ਮੇਰੇ ਪੈਰੀਂ ਉਹ ਠੋਕਰ ਵੱਜ ਗਈ ਐ।’’
ਸਾਰੇ ਵਿਭਾਗ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿ ਕੁਲਦੀਪ ਸਿੰਘ ਨੇ ਅੱਗੇ ਤੋਂ ਕੋਈ ਵੀ ਸਨਮਾਨ ਨਾ ਲੈਣ ਦਾ ਪ੍ਰਣ ਕਰ ਲਿਆ ਹੈ। ਜਦੋਂ ਵੀ ਕਦੇ ਉੱਚ ਅਧਿਕਾਰੀ ਉਸ ਦੇ ਸਕੂਲ ਦਾ ਦੌਰਾ ਕਰਦੇ ਤਾਂ ਅਕਸਰ ਹੀ ਆਖਦੇ, ‘‘ਦੇਖ ਕੁਲਦੀਪ!! ਤੂੰ ਆਪਣੀ ਸਮਰਪਿਤ ਭਾਵਨਾ ਨਾਲ ਕੰਮ ਕਰਕੇ ਸਕੂਲ ਦੀ ਐਨੀ ਸੋਹਣੀ ਦਿੱਖ ਬਣਾਈ ਐ!! ਤੂੰ ਹਰ ਤਰ੍ਹਾਂ ਦੇ ਸਨਮਾਨ ਦਾ ਹੱਕ ਰੱਖਦਾ ਐਂ!! ਜੇ ਮਹਿਕਮਾ ਤੇਰਾ ਮਾਣ ਕਰਦਾ ਤਾਂ ਤੈਨੂੰ ਉਹ ਮਾਣ ਲੈਣ ’ਚ ਕੀ ਹਰਜ਼ ਐ? ਨਾਲੇ ਸਨਮਾਨ ਕਿਸੇ ’ਤੇ ਕੀਤਾ ਕੋਈ ਅਹਿਸਾਨ ਥੋੜ੍ਹਾ ਹੁੰਦਾ ਐ ਇਹ ਤਾਂ ਦੇਣ ਵਾਲੇ ਦੀ ਕ੍ਰਿਤਗੱਤਾ ਅਤੇ ਲੈਣ ਵਾਲੇ ਦਾ ਹੱਕ ਹੁੰਦਾ ਐ।’’
ਅੱਗੋਂ ਕੁਲਦੀਪ ਆਖ ਦਿੰਦਾ, ‘‘ਦੇਖੋ ਜੀ!! ਤੁਸੀਂ ਜਾਣਦੇ ਈ ਓ ਕਿ ਮੈਂ ਪਹਿਲਾਂ ਕਿੰਨੇ ਹੀ ਵਾਰ ਸਨਮਾਨਿਤ ਹੋਇਆ ਆਂ। ਮੈਨੂੰ ਹੱਕ ਦਾ ਤਾਂ ਪਤਾ ਸੀ, ਪਰ ਉਨ੍ਹਾਂ ਹੱਕਾਂ ਨਾਲ ਜੁੜੇ ਫ਼ਰਜ਼ ਮੈਨੂੰ ਭੁੱਲ ਗਏ ਸੀ।’’
ਇਉਂ ਕੁਲਦੀਪ ਹਰ ਵਾਰ ਸਨਮਾਨਿਤ ਹੋਣਾ ਟਾਲ ਦਿੰਦਾ, ਪਰ ਉਸ ਦੀ ਸਕੂਲ ਪ੍ਰਤੀ ਭਾਵਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਸੀ। ਹੁਣ ਉਹ ਵਾਧੂ ਕਲਾਸਾਂ ਲਾ ਕੇ ਵੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਮਗਨ ਰਹਿੰਦਾ। ਬੱਚਿਆਂ ਦਾ ਸਮੇਂ-ਸਮੇਂ ਉਚੇਰੀ ਸਿੱਖਿਆ ਲਈ ਮਾਰਗਦਰਸ਼ਨ ਕਰਨਾ ਉਸ ਦਾ ਸੁਭਾਅ ਬਣ ਗਿਆ ਸੀ। ਦੂਸਰੇ ਪਾਸੇ ਉਸ ਦੇ ਨਾਂ ਨਾਲ ‘ਸਨਮਾਨ ਨਾ ਲੈਣ ਵਾਲਾ ਅਧਿਆਪਕ’ ਤਖੱਲਸ ਵਾਂਗ ਜੁੜ ਗਿਆ ਸੀ। ਪਿੰਡ ਵਾਸੀ ਸਕੂਲ ਗੇੜਾ ਮਾਰਦੇ ਰਹਿੰਦੇ ਅਤੇ ਉਸ ਦੀਆਂ ਸਿਫ਼ਤਾਂ ਕਰਦੇ ਹੋਏ ਅਕਸਰ ਹੀ ਆਖ ਦਿੰਦੇ, ‘‘ਮਾਸਟਰ ਜੀ!! ਸਾਡੇ ਪਿੰਡ ਨੇ ਕੋਈ ਪੁੰਨ ਕੀਤਾ ਹੋਊ!! ਜਿਹੜਾ ਤੁਹਾਡੇ ਵਰਗਾ ਅਧਿਆਪਕ ਸਾਡੇ ਪਿੰਡ ਆ ਗਿਆ। ਧਰਮ ਨਾਲ ਹੁਣ ਤਾਂ ਸਾਡੇ ਪਿੰਡ ਦੇ ਬੱਚੇ ਕਿਸੇ ਤਣ-ਪੱਤਣ ਲੱਗ ਈ ਜਾਣਗੇ।’’
ਅੱਗੋਂ ਕੁਲਦੀਪ ਵੀ ਮੋੜਵੇਂ ਜਵਾਬ ਵਿੱਚ ਆਖ ਦਿੰਦਾ, ‘‘ਨਹੀਂ ਜੀ!! ਹੋਰ ਅਸੀਂ ਤਨਖ਼ਾਹ ਕਾਹਦੀ ਲੈਂਦੇ ਆਂ। ਇਹ ਤਾਂ ਹਰ ਅਧਿਆਪਕ ਦਾ ਫ਼ਰਜ਼ ਐ!! ਕੋਈ ਪਹਿਲਾਂ ਪਹਿਚਾਣ ਲੈਂਦਾ ਐ, ਕਿਸੇ-ਕਿਸੇ ਮੇਰੇ ਵਰਗੇ ਨੂੰ ਬਾਅਦ ਵਿੱਚ ਸਮਝ ਆਉਂਦੀ ਐ।’’
‘‘ਆਹ ਮਾਣ-ਸਨਮਾਨ ਆਲ਼ਾ ਕੀ ਚੱਕਰ ਐ? ਬੜਾ ਰੌਲ਼ਾ ਪੈ ਰਿਹੈ!’’ ਇੱਕ ਬਜ਼ੁਰਗ ਨੇ ਮੂਹਰੇ ਹੁੰਦਿਆਂ ਪੁੱਛਿਆ। ਅੱਗੋਂ ਕੁਲਦੀਪ ਹੱਸ ਕੇ ਕਹਿਣ ਲੱਗਾ, ‘‘ਨਹੀਂ ਬਜ਼ੁਰਗੋ!! ਦੁਨੀਆਂ ਤਾਂ ਐਵੇਂ ਖੰਭਾਂ ਦੀਆਂ ਡਾਰਾਂ ਬਣਾ ਲੈਂਦੀ ਐ! ਕੋਈ ਚੱਕਰ-ਚੁਕਰ ਨਹੀਂ ਐ, ਤੁਹਾਡਾ ਆਸ਼ੀਰਵਾਦ ਕਿਹੜਾ ਸਨਮਾਨ ਤੋਂ ਘੱਟ ਐ।’’
‘‘ਆਹੋ ਜੀ ਜਿਵੇਂ ਅੱਜਕੱਲ੍ਹ ਧੜਾ-ਧੜ ਅਧਿਆਪਕ ਸਨਮਾਨਿਤ ਹੋਈ ਜਾਂਦੇ ਐ, ਮੈਨੂੰ ਨੀਂ ਲੱਗਦਾ ਆਉਣ ਆਲ਼ੇ ਦਿਨਾਂ ’ਚ ਕੋਈ ਅਧਿਆਪਕ ਸਨਮਾਨਿਤ ਹੋਏ ਬਿਨਾਂ ਰਹਿਜੂ। ‘ਸਾਰੇ ਬੱਚੇ ਪਾਸ’ ਫਾਰਮੂਲਾ ਬਹੁਤੇ ਮਾਸਟਰਾਂ ਦੇ ਰਾਸ ਆ ਗਿਆ ਐ ਜੀਹਨੇ ਗਧਾ ਘੋੜਾ ਇੱਕ ਮੁੱਲ ਦਾ ਕਰ ਦਿੱਤਾ,’’ ਸਾਬਕਾ ਪੰਚ ਇਹ ਕਹਿ ਕੇ ਪਾਸੇ ਹੋ ਗਿਆ।
ਸਮਾਂ ਆਪਣੀ ਚਾਲ ਚੱਲਦਾ ਗਿਆ। ਕੁਲਦੀਪ ਦੀ ਚਰਚਾ ਹਰ ਪਾਸੇ ਹੁੰਦੀ ਰਹਿੰਦੀ। ਉਹ ਵਿਦਿਆਰਥੀਆਂ ਨਾਲ ਹਰ ਸਮੇਂ ਇਸ ਤਰ੍ਹਾਂ ਖੁੱਭਿਆ ਰਹਿੰਦਾ ਸੀ ਜਿਵੇਂ ਕਿਸੇ ਖ਼ਾਸ ਮਕਸਦ ਨੂੰ ਪੂਰਾ ਕਰਨ ਦਾ ਦ੍ਰਿੜ੍ਹ ਇਰਾਦਾ ਆਪਣੇ ਅੰਦਰ ਸਮੋਈ ਬੈਠਾ ਹੋਵੇ। ਸਕੂਲ ਵਿੱਚੋਂ ਪੜ੍ਹ ਕੇ ਗਏ ਉਹ ਵਿਦਿਆਰਥੀ ਵੀ ਕੁਲਦੀਪ ਕੋਲ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ ਜਿਨ੍ਹਾਂ ਨੇ ਹੁਣ ਉਚੇਰੀ ਸਿੱਖਿਆ ਦੇ ਕੋਰਸਾਂ ਵਿੱਚ ਦਾਖਲਾ ਲੈ ਲਿਆ ਸੀ ਜਾਂ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ।
‘‘ਹੈਂ ਆਹ ਕੀ!! ਕਹਿੰਦੇ ਐ ਕੁਲਦੀਪ ਨੂੰ ਡੀ.ਸੀ. ਸਨਮਾਨਿਤ ਕਰੂ ਆਹ ਛੱਬੀ ਜਨਵਰੀ ਨੂੰ,’’ ਇਹ ਗੱਲ ਹਰ ਅਧਿਆਪਕ ਦੇ ਕੰਨਾਂ ਤਾਈਂ ਮਿੰਟੋਂ ਮਿੰਟੀ ਪਹੁੰਚ ਗਈ ਸੀ। ਇਹ ਹਰ ਇੱਕ ਲਈ ਅਚੰਭਾ ਹੀ ਸੀ ਕਿ ਉਹ ਅਧਿਆਪਕ ਹੁਣ ਐਨੇ ਸਾਲਾਂ ਮਗਰੋਂ ਅਚਾਨਕ ਸਨਮਾਨਿਤ ਹੋਣ ਲਈ ਕਿਵੇਂ ਤਿਆਰ ਹੋ ਗਿਆ। ਸਾਰੇ ਆਪੋ ਆਪਣੀਆਂ ਕਿਆਸ-ਅਰਾਈਆਂ ਲਾ ਰਹੇ ਸਨ। ਜਦੋਂ ਵੀ ਕਦੇ ਉਹ ਇਕੱਠੇ ਹੁੰਦੇ ਤਾਂ ਕੋਈ ਕਹਿੰਦਾ, ‘‘ਐਵੇਂ ਨੀਂ ਕੁਲਦੀਪ ਤਿਆਰ ਹੋਇਆ!! ਦਾਲ ’ਚ ਕੁਝ ਤਾਂ ਕਾਲ਼ਾ ਐ!!’’ ਅੱਗੋਂ ਦੂਜਾ ਆਖ ਦਿੰਦਾ, ‘‘ਕੋਈ ਵੱਡੀ ਰਕਮ ਮਿਲਣੀ ਹੋਊ!! ਸਾਰੇ ਸਾਲਾਂ ਦਾ ’ਕੱਠਾ ਈ ਭਾਂਗਾ ਕੱਢ ਦੇਣਾ ਐ। ਐਵੇਂ ਨਹੀਂ ਉਹ ਐਨੇ ਟੈਮ ਦਾ ਚੁੱਪ ਬੈਠਾ ਰਿਹਾ।’’
ਕਿਸੇ ਕਿਸੇ ਮੂੰਹੋਂ ਇਹ ਵੀ ਸੁਣਨ ਨੂੰ ਮਿਲਦਾ, ‘‘ਨਾਲੇ ਅੱਜਕੱਲ੍ਹ ਸਨਮਾਨ ਕੌਣ ਛੱਡਦਾ ਐ? ਆਪਣੇ ਵਰਗਾ ਦੋ ਬੈਂਚਾਂ ’ਤੇ ਰੰਗ ਮਾਰ ਕੇ ਵੀ ਸਨਮਾਨਿਤ ਹੋਣ ਨੂੰ ਲੇਲੜ੍ਹੀਆਂ ਕੱਢਦਾ ਫਿਰਦਾ ਰਹਿੰਦਾ ਐ। ਉਹ ਤਾਂ ਚੌਵੀ ਘੰਟੇ ਰਹਿੰਦਾ ਈ ਸਕੂਲ ’ਚ ਐ। ਵਿੱਚੋਂ ਗੱਲ ਤਾਂ ਕੋਈ ਹੋਰ ਈ ਨਿੱਕਲੂ।’’
ਜਿਵੇਂ ਕਿਸੇ ਵੇਲੇ ਕੁਲਦੀਪ ਦੀ ਸਨਮਾਨ ਨਾ ਲੈਣ ਦੀ ਚਰਚਾ ਹੋਈ ਸੀ। ਉਸ ਤੋਂ ਕਿਤੇ ਵਧੇਰੇ ਹੁਣ ਸਨਮਾਨਿਤ ਹੋਣ ਦੀ ਚਰਚਾ ਹੋਣ ਲੱਗੀ ਸੀ। ਹਰ ਕੋਈ ਇਹ ਜਾਣਨ ਲਈ ਉਤਾਵਲਾ ਹੋਇਆ ਫਿਰਦਾ ਸੀ ਕਿ ਆਖ਼ਰ ਗੱਲ ਕੀ ਹੈ।
ਦਸੰਬਰ ਦੇ ਚੱਲ ਰਹੇ ਸੈਮੀਨਾਰਾਂ ਵਿੱਚ ਵੀ ਇਹੀ ਮੁੱਦਾ ਭਾਰੂ ਰਿਹਾ। ਜੇਕਰ ਕੋਈ ਕੁਲਦੀਪ ਨੂੰ ਪੁੱਛਦਾ ਤਾਂ ਅੱਗੋਂ ਉਹ ਵੀ ਏਨੀ ਗੱਲ ਕਹਿ ਕੇ ਚੁੱਪ ਕਰ ਜਾਂਦਾ, ‘‘ਭਰਾਵਾ!! ਮੈਂ ਕਦੋਂ ਤੋਂ ਏਸ ਸਨਮਾਨ ਦੀ ਤਾਂਘ ਵਿੱਚ ਹੀ ਬੈਠਾ ਸੀ। ਐਨੇ ਸਾਲਾਂ ਬਾਅਦ ਮਸਾਂ ਹੱਥ ਲੱਗਣਾ ਐ।’’ ਕੁਲਦੀਪ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਇੱਕ ਹੋਰ ਸਾਥੀ ਥੋੜ੍ਹਾ ਭੜਕ ਕੇ ਕਹਿਣ ਲੱਗਾ,
‘‘ਆਹੋ !! ਐਂ ਤਾਂ ਸਾਨੂੰ ਵੀ ਪਤੈ ਕਿ ਤੂੰ ਕੋਈ ਵੱਡਾ ਈ ਸੱਪ ਕੱਢੇਂਗਾ, ਕੋਈ ਉਹ ਵੀ ਸਮਾਂ ਸੀ ਜਦੋਂ ਤੂੰ ਹਰ ਕੰਮ ਕੇਵਲ ਸਨਮਾਨਿਤ ਹੋਣ ਲਈ ਹੀ ਕਰਦਾ ਸੀ। ਅਸੀਂ ਕਿਤੇ ਤੈਨੂੰ ਭੁੱਲੇ ਆਂ। ਬਥੇਰੀ ਚਾਪਲੂਸੀ ਕੀਤੀ ਐ ਤੂੰ!! ਤਾਂ ਕੀ ਹੋ ਗਿਆ ਜੇਕਰ ਤੂੰ ਦਸ-ਬਾਰ੍ਹਾਂ ਸਾਲਾਂ ਤੋਂ ਕੋਈ ਸਨਮਾਨ ਨਹੀਂ ਲਿਆ, ਬੰਦਾ ਤਾਂ ਤੂੰ ਓਹੀ ਐਂ।’’ ਇਹ ਸੁਣ ਕੇ ਸਾਰੇ ਖਿੜ-ਖਿੜ ਹੱਸ ਪਏ।
‘‘ਜੋ ਵੀ ਹੋਊ!! ਆਪੇ ਪਤਾ ਲੱਗ ਜੂ। ਤੁਸੀਂ ਕਾਹਤੋਂ ਖਾਹਮਖਾਹ ਉਂਗਲਾਂ ਭੰਨੀਆਂ ਨੇ, ਛੱਬੀ ਨੂੰ ਆਜੂ ਬਿੱਲੀ ਆਪੇ ਥੈਲੇ ’ਚੋਂ ਬਾਹਰ,’’ ਇੱਕ ਅਧਿਆਪਕ ਦੇ ਬੋਲਾਂ ਨੇ ਸਭ ਦੀ ਘੁਸਰ-ਮੁਸਰ ਬੰਦ ਕਰਵਾ ਦਿੱਤੀ।
ਗਣਤੰਤਰ ਦਿਵਸ ਮੌਕੇ ਕੁਲਦੀਪ ਫੁੱਲਿਆ ਨਹੀਂ ਸਮਾ ਰਿਹਾ ਸੀ। ਉਸ ਦੇ ਚਿਹਰੇ ’ਤੇ ਇਸ ਤਰ੍ਹਾਂ ਦੀ ਰੌਣਕ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ। ਪਰੇਡ ਹੋਣ ਪਿੱਛੋਂ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਸੀ. ਸਾਹਿਬ ਨੇ ਜਦੋਂ ਆਪਣੀ ਕੁਰਸੀ ਕੁਲਦੀਪ ਲਈ ਛੱਡ ਦਿੱਤੀ ਤਾਂ ਸਭ ਦੇ ਮੂੰਹ ਵਿੱਚ ਆਪਮੁਹਾਰੇ ਉਂਗਲਾਂ ਪੈ ਗਈਆਂ। ਇੱਕ ਅਧਿਆਪਕ ਦੂਜੇ ਦੇ ਕੂਹਣੀ ਮਾਰ ਕੇ ਕਹਿਣ ਲੱਗਾ, ‘‘ਅੱਜ ਮਿਲੀ ਐ ਅਧਿਆਪਕ ਨੂੰ ਸਹੀ ਥਾਂ। ਆਖਣ ਨੂੰ ਸਾਰੇ ਕੌਮ ਦਾ ਨਿਰਮਾਤਾ ਆਖਦੇ ਆ, ਪਰ ਆਪਾਂ ਨੂੰ ਪੁੱਛਦਾ ਕੋਈ ਕੌਡੀਆਂ ਵੱਟੇ ਵੀ ਨਹੀਂ।’’ ਇਹ ਸੁਣ ਕੇ ਦੂਸਰਾ ਕਹਿਣ ਲੱਗਾ, ‘‘ਹੀਰੇ ਦੀ ਪਰਖ ਵੀ ਜੌਹਰੀ ਹੀ ਕਰ ਸਕਦਾ ਐ। ਇਹ ਤਾਂ ਡੀ.ਸੀ. ਸਾਹਿਬ ਹੀ ਚੰਗੇ ਨੇ ਜਿਨ੍ਹਾਂ ਨੇ ਅਧਿਆਪਕ ਦੀ ਸਹੀ ਪਰਖ ਕੀਤੀ ਐ। ਨਹੀਂ ਤਾਂ ਵੱਡੇ ਅਫ਼ਸਰ ਆਪਾਂ ਨੂੰ ਮੁਰਲੀ ਈ ਸਮਝਦੇ ਐ।’’
ਕੁਲਦੀਪ ਨੂੰ ਸਨਮਾਨਿਤ ਕਰਨ ਤੋਂ ਬਾਅਦ ਜਦੋਂ ਡੀ.ਸੀ. ਨੇ ਉਸ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਤਾਂ ਸਭ ਦੀ ਅੱਖਾਂ ਅੱਡੀਆਂ ਰਹਿ ਗਈਆਂ। ਪੂਰੇ ਸਟੇਡੀਅਮ ਵਿੱਚ ਡੀ.ਸੀ. ਸਾਹਿਬ ਦੀਆਂ ਗੱਲਾਂ ਹੋਣ ਲੱਗੀਆਂ। ਹੁਣ ਮਾਈਕ ਕੁਲਦੀਪ ਦੇ ਹੱਥ ਵਿੱਚ ਸੀ ਅਤੇ ਉਹ ਸਨਮਾਨ ਚਿੰਨ੍ਹ ਨੂੰ ਵਾਰ-ਵਾਰ ਚੁੰਮ ਰਿਹਾ ਸੀ। ਕੁਝ ਕੁ ਸਮਾਂ ਚੁੱਪ ਰਹਿਣ ਮਗਰੋਂ ਉਸ ਨੇ ਬੋਲਣਾ ਸੁਰੂ ਕਰ ਦਿੱਤਾ, ‘‘ਮੇਰੇ ਸਤਿਕਾਰਤ ਭਰਾਵੋ ਤੇ ਭੈਣੋ!! ਤੁਸੀਂ ਮੇਰੇ ਹੱਥ ਵਿੱਚ ਜੋ ਇਹ ਸਨਮਾਨ ਦੇਖ ਰਹੇ ਓ!! ਮੈਂ ਸੱਚਮੁੱਚ ਹੀ ਇਸ ਦਾ ਹੱਕਦਾਰ ਆਂ। ਮੈਂ ਚਾਹੁੰਦਾ ਆਂ ਕਿ ਇਸ ਤਰ੍ਹਾਂ ਦੇ ਅਸਲੀ ਸਨਮਾਨ ਹੀ ਹਰ ਆਧਿਆਪਕ ਹਾਸਿਲ ਕਰੇ।’’ ਇਹ ਬੋਲਦਿਆਂ ਕੁਲਦੀਪ ਕੁਝ ਕੁ ਪਲ ਲਈ ਭਾਵੁਕ ਹੋ ਗਿਆ ਅਤੇ ਸਾਰੇ ਪਾਸਿਓਂ ਕੁਝ ਆਵਾਜ਼ਾਂ ਆਉਣ ਲੱਗੀਆਂ, ‘‘ਅਸਲੀ ਸਨਮਾਨ!! ਇਹ ਅਸਲੀ ਕਿਵੇਂ ਹੋਇਆ ਭਲਾਂ…’’
ਆਵਾਜ਼ਾਂ ਹੌਲ਼ੀ ਹੋ ਗਈਆਂ ਤਾਂ ਕੁਲਦੀਪ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ, ‘‘ਹਾਂ ਭੈਣੋ ਤੇ ਭਰਾਵੋ! ਇਹ ਬਿਲਕੁਲ ਅਸਲੀ ਸਨਮਾਨ ਐ!! ਕਿਉਂਕਿ ਜਿਹੜੇ ਡੀ.ਸੀ. ਸਾਹਿਬ ਨੇ ਮੈਨੂੰ ਇਹ ਸਨਮਾਨ ਦਿੱਤਾ ਐ ਉਹ ਮੇਰੇ ਹੀ ਪੜ੍ਹਾਏ ਹੋਏ ਵਿਦਿਆਰਥੀ ਨੇ।’’ ਹੁਣ ਚਾਰੇ ਪਾਸੇ ਤਾੜੀਆਂ ਦੀ ਗੂੰਜ ਸੀ ਅਤੇ ਕੁਲਦੀਪ ਦੇ ਹੱਥ ਵਿੱਚ ਉਸ ਦਾ ਅਸਲੀ ਸਨਮਾਨ ਚਿੰਨ੍ਹ।
ਸੰਪਰਕ: 94171-80205