ਗੁਰਪ੍ਰੀਤ ਸਿੰਘ
ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਦੁਸਹਿਰੇ ਦਾ ਤਿਉਹਾਰ (ਜਿਸ ਨੂੰ ਹਿੰਦੂ ਧਰਮ ਵਿੱਚ ਦਾਸਰਾ ਜਾਂ ਵਿਜਯਦਸ਼ਮੀ ਵੀ ਕਿਹਾ ਜਾਂਦਾ ਹੈ) ਮਨਾਇਆ ਜਾਂਦਾ ਹੈ, ਜਿਸ ਵਿੱਚ ਥਾਂ ਥਾਂ ਤੇ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਦੁਸਹਿਰਾ ਹਿੰਦੂ ਕੈਲੰਡਰ ਦੇ ਸੱਤਵੇਂ ਮਹੀਨੇ ਅਸ਼ਵਿਨ ਭਾਵ ਅੱਸੂ (ਸਤੰਬਰ-ਅਕਤੂਬਰ) ਦੇ 10ਵੇਂ ਦਿਨ, ਨੌਂ ਦਿਨਾਂ ਦੇ ਨਵਰਾਤਰੀ ਤਿਉਹਾਰ ਦੀ ਸਮਾਪਤੀ ਅਤੇ ਦੁਰਗਾ ਪੂਜਾ ਤਿਉਹਾਰ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਵਿੱਚ, ਇਸ ਵਿੱਚ ਰਾਮ ਲੀਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਰਾਮ ਦੀ ਜੀਵਨ ਕਹਾਣੀ ਦਾ ਇੱਕ ਸ਼ਾਨਦਾਰ ਨਾਟਕ ਹੈ। ਰਾਵਣ ਦੇ ਪੁਤਲੇ ਅਕਸਰ ਮੇਘਨਾਦ (ਰਾਵਣ ਦੇ ਪੁੱਤਰ) ਅਤੇ ਕੁੰਭਕਰਨ (ਰਾਵਣ ਦੇ ਭਰਾ) ਦੇ ਨਾਲ ਪਟਾਕਿਆਂ ਨਾਲ ਭਰੇ ਜਾਂਦੇ ਹਨ ਅਤੇ ਰਾਤ ਨੂੰ ਖੁੱਲ੍ਹੇ ਮੈਦਾਨਾਂ ਵਿੱਚ ਅੱਗ ਲਗਾਈ ਜਾਂਦੀ ਹੈ। ਲੋਕ ਬਹੁਤ ਹੀ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦੇ ਹਨ ਪਰ ਬਹੁਤ ਹੀ ਘੱਟ ਲੋਕ ਹੋਣਗੇ ਜੋ ਇਸ ਤਿਉਹਾਰ ਨੂੰ ਮਨਾਉਣ ਦਾ ਮਹੱਤਵ ਸਮਝਦੇ ਹੋਣਗੇ ।
ਜੇ ਤੁਸੀਂ ਲੋਕਾਂ ਨੂੰ ਪੁੱਛੋ ਕਿ ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ ਤਾਂ ਬਹੁਤਿਆਂ ਦਾ ਇੱਕੋ ਜਵਾਬ ਹੋਵੇਗਾ ਕਿ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ, ਇਹ ਭਗਵਾਨ ਰਾਮ ਦੀ ਜਿੱਤ ਦਾ ਦਿਨ ਹੈ। ਉਨ੍ਹਾਂ ਨੇ ਦਸ ਸਿਰਾਂ ਵਾਲੇ ਦੈਂਤ ਰਾਜੇ ਰਾਵਣ (ਜਿਸ ਨੇ ਭਗਵਾਨ ਰਾਮ ਦੀ ਪਤਨੀ ਮਾਤਾ ਸੀਤਾ ਨੂੰ ਅਗਵਾ ਕਰ ਲਿਆ ਸੀ) ਨੂੰ ਹਰਾਇਆ ਸੀ।
ਪਰ ਇੱਥੇ ਬੁਰਾਈ ਅਤੇ ਚੰਗਿਆਈ ਦਾ ਅਸਲ ਮਤਲਬ ਕੀ ਹੈ?
ਇਥੇ ਸਾਡੇ ਅੰਦਰ ਦੀ ਬੁਰਾਈ ਅਤੇ ਚੰਗਿਆਈ ਬਾਰੇ ਗੱਲ ਕੀਤੀ ਗਈ ਹੈ। ਜੋ ਸਾਡਾ ਦਿਮਾਗ਼ (brain) ਹੈ, ਉਹ ਸਾਡੀਆਂ ਇੰਦਰੀਆਂ (senses) ਨੂੰ ਕੰਟਰੋਲ ਕਰਦਾ ਹੈ। ਦਿਮਾਗ਼ ਤਹਾਨੂੰ ਓਹੀ ਚੀਜ਼ਾਂ ਕਰਨ ਨੂੰ ਕਹਿੰਦਾ ਜਿਸ ਵਿੱਚ ਤਹਾਨੂੰ ਆਨੰਦ ਮਿਲਦਾ ਹੈ। ਉਦਾਹਰਨ ਦੇ ਤੌਰ ’ਤੇ ਗੱਲ ਕਰੀਏ ਤਾਂ ਇਕ ਸ਼ੂਗਰ (diabetes) ਦੇ ਮਰੀਜ਼ ਨੂੰ ਪਤਾ ਹੈ ਕਿ ਮਿੱਠਾ ਖਾਣਾ ਉਸ ਲਈ ਨੁਕਸਾਨਦੇਹ ਹੈ, ਪਰ ਉਹ ਫਿਰ ਵੀ ਮਿੱਠਾ ਖਾ ਲੈਂਦਾ ਹੈ, ਕਿਉਂਕਿ ਸੁਆਦ ਇੰਦਰੀ (sense of taste) ਉਸ ਨੂੰ ਮਜਬੂਰ ਕਰ ਰਹੀ ਹੈ। ਇਹ ਸਭ ਕੁਝ ਕੌਣ ਕਰਵਾ ਰਿਹਾ ਹੈ? ਇਸ ਬਸ ਤੁਹਾਡਾ ਦਿਮਾਗ਼ ਹੈ, ਜੋ ਅਜਿਹਾ ਕੁਝ ਵੀ ਕਰਵਾ ਰਿਹਾ ਹੈ, ਜੋ ਤੁਸੀਂ ਕਰਨਾ ਨਹੀਂ ਚਾਹੀਦਾ।
ਸੋ ਤੁਹਾਡਾ ਦਿਮਾਗ਼ ‘ਰਾਵਣ’ ਦੀ ਤਰ੍ਹਾਂ ਹੈ ਜੋ ਤਹਾਨੂੰ ਹਮੇਸ਼ਾ ਓਹੀ ਕੰਮ ਕਰਨ ਨੂੰ ਕਹਿੰਦਾ ਜਿਸ ਵਿੱਚ ਤਹਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ, ਬੱਸ ਸੁਆਦ ਜਾਂ ਆਨੰਦ ਮਿਲੇ। ਜਦੋਂ ਇਹ ਰਾਵਣ (ਦਿਮਾਗ਼) ਤੁਹਾਡੇ ਸਰੀਰ ’ਤੇ ਕੰਟਰੋਲ ਕਰੇਗਾ ਓਦੋਂ ਤੁਹਾਡੀ ਜ਼ਿੰਦਗੀ ਇਕ ‘ਲੰਕਾ’ ਦੀ ਤਰ੍ਹਾਂ ਹੈ, ਜੋ ਬਾਹਰੋਂ ਦੇਖਣ ‘ਚ ਤਾਂ ਸੋਹਣੀ ਲੱਗੇਗੀ ਪਰ ਅੰਦਰੋਂ ਗੰਧਲੀ ਹੋਵੇਗੀ।
ਇਸੇ ਤਰ੍ਹਾਂ ਸਾਡੇ ਦਿਮਾਗ਼ ਦਾ ਦੂਜਾ ਹਿੱਸਾ ਹੁੰਦਾ ਜਿਸ ਨੂੰ ਚੇਤਨਾ (conscious) ਕਹਿੰਦੇ ਹਨ| ਇਹ ਤਹਾਨੂੰ ਓਹ ਚੀਜ਼ਾਂ ਕਰਨ ਬਾਰੇ ਕਹਿੰਦਾ ਜਿਨ੍ਹਾਂ ਵਿੱਚ ਤਹਾਨੂੰ ਮਿਹਨਤ ਕਰਨੀ ਪਵੇਗੀ। ਉਦਾਹਰਨ ਦੇ ਤੌਰ ’ਤੇ ਇਕ ਵਿਦਿਆਰਥੀ ਨੂੰ ਪਤਾ ਹੈ ਕਿ ਪੇਪਰ ਪਾਸ ਕਰਨ ਲਈ ਉਸ ਨੂੰ ਪੜ੍ਹਨਾ ਪਵੇਗਾ ਪਰ ਉਸ ਨੂੰ ਪੜ੍ਹਾਈ ਕਰਨੀ ਔਖੀ ਲੱਗਦੀ ਹੈ ਕਿਉਂਕਿ ਇਹ ਮਿਹਨਤ ਦਾ ਕੰਮ ਹੈ, ਜਦਕਿ ਬਾਕੀ ਸਭ ਜੋ ਆਨੰਦ ਦੇ ਰਿਹਾ ਹੈ, ਉਹ ਸੌਖਾ ਲੱਗਦਾ ਜਿਵੇਂ ਕਿ ਘੁੰਮਣਾ-ਫਿਰਨਾ, ਖਾਣਾ-ਪੀਣਾ, ਸੌਣਾ ਤੇ ਹੋਰ ਐਸ਼-ਪ੍ਰਸਤੀ ਆਦਿ।
ਸੋ ਇਹ ਚੇਤੰਨਾ (conscious) ਰਾਮ ਦੀ ਤਰ੍ਹਾਂ ਹੈ ਜਦੋਂ ਇਹ ਤੁਹਾਡੇ ਸਰੀਰ ’ਤੇ ਕੰਟਰੋਲ ਕਰੇਗੀ ਤਾਂ ਤੁਹਾਡੀ ਜ਼ਿੰਦਗੀ ‘ਅਯੁੱਧਿਆ’ ਵਾਂਗ ਬਾਹਰੋਂ ਸਾਧਾਰਨ ਅਤੇ ਅੰਦਰੋਂ ਖ਼ੂਬਸੂਰਤ ਹੋ ਜਾਵੇਗੀ। ਰਾਮਲੀਲਾ ਦਾ ਮਹੱਤਵ ਇਹ ਹੈ ਕਿ ਜੋ ਲੋਕ ਪੜ੍ਹੇ-ਲਿਖੇ ਨਹੀਂ ਹਨ ਉਹ ਨਾਟਕ ਰਾਹੀ ਇਹ ਗੱਲਾਂ ਸਮਝ ਸਕਣ, ਸੋ ਇਸ ਲਈ ਥਾਂ-ਥਾਂ ’ਤੇ ਰਾਤ ਨੂੰ ਨਾਟਕਾਂ ਰਾਹੀ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਲਗਭਗ ਹਰ ਇਨਸਾਨ ਦੇ ਅੰਦਰ ਇਹ ਸੰਘਰਸ਼ ਚੱਲ ਰਿਹਾ ਕਿ ਜੋ ਉਹ ਕਰਨਾ ਚਾਹੁੰਦੇ ਨੇ ਉਹ ਨਹੀਂ ਕਰ ਪਾ ਰਹੇ, ਕਿਉਂਕਿ ਮਿਹਨਤ ਕੁਝ ਚੀਜ਼ਾਂ ਦਾ ਤਿਆਗ ਮੰਗਦੀ ਹੈ, ਤੇ ਨਤੀਜੇ ਵਜੋਂ ਫੇਰ ਦੁਬਿਧਾ, ਉਲਝਣ, ਉਦਾਸੀ ਦਾ ਸ਼ਿਕਾਰ ਹੋ ਰਹੇ ਹਨ। ਸੋ ਰਾਮਚਰਿਤਮਾਨਸ ਮਨੁੱਖੀ ਤਬਦੀਲੀ ਦਾ ਇਕ ਫਾਰਮੂਲਾ ਹੈ ਕਿ ਕਿਵੇਂ ਤੁਸੀਂ ਰਾਵਣ (mind) ਤੋਂ ਰਾਮ (conscious) ‘ਚ ਤਬਦੀਲ ਹੋਣਾ। ਇਹੀ ਚੀਜ਼ਾਂ ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ ਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਲਿਖੀਆਂ ਹੋਈਆਂ। ਇਸ ਲਈ ਸਾਡੀ ਨਿੱਜੀ ਜ਼ਿੰਦਗੀ ਵਿੱਚ ਦੁਸਹਿਰੇ ਦਾ ਇਹੋ ਮਹੱਤਵ ਹੈ ਕਿ ਅਸੀਂ ਬੁਰਾਈਆਂ ਛੱਡ ਕੇ ਚੰਗੀਆਂ ਚੀਜ਼ਾਂ ਵੱਲ ਹੀ ਆਕਰਸ਼ਿਤ ਹੋਈਏ ਤੇ ਚੰਗੇ ਕੰਮ ਹੀ ਕਰੀਏ।
ਸੰਪਰਕ: 94653-76075