ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਉਹ ਜਦੋਂ ਵੀ ਮਿਲੀ, ਮੋਹ ਵਿੱਚ ਭਿੱਜੀ ਹੋਈ, ਘਰ ਦੀ ਵੱਡੀ ਭੈਣ, ਭੂਆ ਤੇ ਮਾਂ ਵਾਂਗ। ਪਦਮਾ ਸਚਦੇਵ ਹੋਰਾਂ ਬਾਰੇ ਸੋਚਦਿਆਂ ਇਹ ਕਹਿਣਾ ਬੇਹੱਦ ਮੁਸ਼ਕਿਲ ਹੈ ਕਿ ਉਹ ਵਿਦਾ ਹੋ ਗਈ ਹੈ। ਉਹ ਅੰਤਾਂ ਦੀ ਮਿਠਾਸ ਤੇ ਮੁਹੱਬਤ ਦੀ ਭਰੀ ਹੋਈ ਸ਼ਖ਼ਸੀਅਤ ਸੀ। ਪਦਮਾ ਸਚਦੇਵ ਉਨ੍ਹਾਂ ਕੁਝ ਸ਼ਖ਼ਸੀਅਤਾਂ ਵਿੱਚੋਂ ਸੀ ਜੋ ਡੋਗਰੀ, ਪੰਜਾਬੀ ਤੇ ਕਸ਼ਮੀਰੀ ਨੂੰ ਅਪਣਾ ਕੇ ਇਸ ਧਰਤੀ ਦੀ ਆਵਾਜ਼ ਬਣਦੇ ਹਨ।
ਮੈਂ ਜਦੋਂ ਉਸ ਨੂੰ ਯਾਦ ਕਰਦਾ ਹਾਂ ਤਾਂ ਇੱਕ ਖੁੱਲ੍ਹੀ ਕਿਤਾਬ ਦੇ ਕਈ ਪੰਨੇ ਸਾਹਮਣੇ ਬਿਖਰੇ ਹੋਏ ਜਾਪਦੇ ਹਨ ਜਿਨ੍ਹਾਂ ਵਿੱਚ ਉਸ ਦੀਆਂ ਮੁਲਾਕਾਤਾਂ ਹਨ। 1973 ਦੇ ਦਿਨ ਸਨ। ਮੈਂ ਜੰਮੂ ਵਿੱਚ ਪਹਿਲੀ ਵਾਰੀ ਜੰਮੂ ਕਸ਼ਮੀਰ ਦੇ ਬੰਧੂ ਸ਼ਰਮਾ ਤੇ ਡੋਗਰੀ ਲੇਖਕ ਛੱਤਰਪਾਲ ਨਾਲ ਇਕ ਸਾਹਿਤ ਗੋਸ਼ਟੀ ਵਿਚ ਮਿਲਿਆ ਸਾਂ। ਅਸਲ ਵਿੱਚ ਇਸ ਗੋਸ਼ਟੀ ਵਿੱਚੋਂ ਉਹ ਨਾਰਾਜ਼ ਹੋ ਕੇ ਚਲੀ ਗਈ ਸੀ ਕਿਉਂਕਿ ਬੰਧੂ ਸ਼ਰਮਾ ਨੇ ਜੋ ਕਹਾਣੀ ਡੋਗਰੀ ਭਾਸ਼ਾ ਵਿੱਚ ਪੜ੍ਹੀ ਉਸ ਦੀ ਨਾਇਕਾ ਪਦਮਾ ਸਚਦੇਵ ਸੀ। ਬਾਅਦ ਵਿੱਚ ਦਿੱਲੀ ਦੂਰਦਰਸ਼ਨ ਵਿਚ ਇਕ ਮੁਲਾਕਾਤ ਦੌਰਾਨ ਉਸ ਨੇ ਦੱਸਿਆ ਸੀ: ‘‘ਇਹ ਸਾਹਿਤ ਕਿਹੜਾ ਤੇ ਕਿਹੋ ਜਿਹਾ ਹੈ ਜੋ ਤੁਹਾਡੇ ਰਿਸ਼ਤਿਆਂ ਨੂੰ ਨਸ਼ਰ ਕਰ ਦੇਵੇ।’’ ਮੈਨੂੰ ਜੰਮੂ ਵਿੱਚ ਉਨ੍ਹਾਂ ਦੋਸਤੀਆਂ ਬਾਰੇ ਯਾਦ ਹੈ ਜਿਨ੍ਹਾਂ ਤੋਂ ਉਸ ਨੂੰ ਨਫ਼ਰਤ ਸੀ। ਅਸਲ ਵਿੱਚ ਉਹ ਦਿਲ ਦੀ ਸੱਚੀ ਸੀ ਤੇ ਜਿਸ ਦੇ ਕਈ ਰੂਪਾਂ ਨੂੰ ਮੈਂ ਪਿਛਲੇ 30-40 ਵਰ੍ਹਿਆਂ ’ਚ ਵੇਖਿਆ। ਉਹਦੀਆਂ ਦੋਸਤੀਆਂ ਵਿੱਚ ਡਾ. ਧਰਮਵੀਰ ਭਾਰਤੀ, ਲਤਾ ਮੰਗੇਸ਼ਕਰ ਤੇ ਅਟਲ ਬਿਹਾਰੀ ਵਾਜਪਾਈ ਵੀ ਸ਼ਾਮਲ ਸਨ। ਇੱਥੇ ਕਿਤਾਬਾਂ, ਕਵਿਤਾਵਾਂ, ਗਿਲੇ-ਸ਼ਿਕਵੇ ਤੇ ਉਹ ਸਭ ਕੁਝ ਹੁੰਦਾ ਸੀ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਪਰ ਇਕ ਮਰਿਆਦਾ ਵਿਚ।
ਇਹ ਵੀ ਜ਼ਿਕਰਯੋਗ ਹੈ ਕਿ ਪਦਮਾ ਦੇ ਕਹਿਣ ’ਤੇ ਹੀ ਲਤਾ ਮੰਗੇਸ਼ਕਰ ਨੇ ਪਹਿਲੀ ਵਾਰੀ ਡੋਗਰੀ ਵਿਚ ਗੀਤ ਗਾਇਆ ਸੀ, ‘ਭਲਾ ਸਿਪਾਹੀਆ ਡੋਗਰਿਆ।’ ਇਹ 1970ਵਿਆਂ ਦਾ ਦਹਾਕਾ ਸੀ ਤੇ ਜੰਮੂ ਦੀਆਂ ਗਲੀਆਂ ਤੇ ਪਿੰਡਾਂ ਦੇ ਬਨੇਰਿਆਂ ’ਤੇ ਸਪੀਕਰਾਂ ’ਚੋਂ ਇਹ ਗੀਤ ਸੁਣਾਇਆ ਜਾਂਦਾ ਸੀ।
ਅਸਲ ਵਿਚ ਪਦਮਾ ਸਚਦੇਵ ਇਕ ਹਰਫ਼ਨਮੌਲਾ ਸ਼ਖ਼ਸੀਅਤ ਸੀ। ਉਸ ਨੂੰ ਡੋਗਰੀ ਭਾਸ਼ਾ ਦੀ ਪਹਿਲੀ ਉਹ ਕਵਿੱਤਰੀ ਹੋਣ ਦਾ ਮਾਣ ਵੀ ਪ੍ਰਾਪਤ ਹੈ ਜਿਸ ਨੇ ਡੋਗਰੀ ਕਵਿਤਾ ਨੂੰ ਭਾਰਤੀ ਕਵਿਤਾ ਦੇ ਫ਼ਲਕ ’ਤੇ ਸਥਾਪਤ ਕੀਤਾ। ਉਹ ਕਵਿੱਤਰੀ, ਨਾਵਲਕਾਰ, ਰੁਬਾਈਆਂ ਦੀ ਲੇਖਕਾ ਹੋਣ ਦੇ ਨਾਲ-ਨਾਲ ਹਿੰਦੀ ਵਿਚ ਯਾਤਰਾ ਬਿਰਤਾਂਤ ਤੇ ਫ਼ਿਲਮ ਲੇਖਕਾ ਵੀ ਸੀ।
ਪੰਦਰਾਂ ਸਾਲਾਂ ਦੀ ਉਮਰ ਵਿਚ ਪਹਿਲੀ ਕਵਿਤਾ ਲਿਖਣ ਵਾਲੀ ਪਦਮਾ ਦੀ ਰੂਹ ਵਿਚ ਕਵਿਤਾ ਸੀ ਤੇ ਦਿਲ ਵਿਚ ਡੁਗਰ ਪ੍ਰਦੇਸ਼ ਦੀ ਮੁਹੱਬਤ ਦਾ ਜਜ਼ਬਾ। ਇਸ ਨੂੰ ਉਸ ਨੇ ਸ਼ਿੱਦਤ ਨਾਲ ਨਿਭਾਇਆ ਵੀ।
ਜੰਮੂ ਦੇ ਪੁਰਮੰਡਲ ਪਿੰਡ ਵਿਚ ਸੰਸਕ੍ਰਿਤ ਦੇ ਵਿਦਵਾਨ ਜੈਦੇਵ ਬਾਦੂ ਦੇ ਘਰ 17 ਅਪਰੈਲ 1940 ਨੂੰ ਪੈਦਾ ਹੋਈ ਇਕ ਸਾਧਾਰਨ ਕੁੜੀ ਸਾਹਿਤ ਜਗਤ ’ਚ ਛਾ ਗਈ ਸੀ, ਉਹ ਵੀ ਹਿੰਦੀ, ਡੋਗਰੀ ਤੇ ਪੰਜਾਬੀ, ਉਰਦੂ ਸਮੇਤ ਅੰਗਰੇਜ਼ੀ ਵਿਚ ਵੀ। ਅਸਲ ਵਿਚ ਪਦਮਾ ਨੇ ਡੋਗਰੀ ਕਵਿਤਾ ਤੇ ਭਾਸ਼ਾ ਨੂੰ ਅਮੀਰੀ ਬਖ਼ਸ਼ੀ ਹੈ। ਉਹ ਹਮੇਸ਼ਾ ਕਹਿੰਦੀ ਸੀ ਕਿ ਇਹ ਜ਼ਿੰਦਗੀ ਉਸ ਨੇ ਸ਼ਬਦਾਂ ਦੇ ਲੇਖੇ ਲਾਈ ਹੈ।
ਪਦਮਾ ਦੀ ਪਹਿਲੀ ਕਾਵਿ-ਪੁਸਤਕ ‘ਮੇਰੀ ਕਵਿਤਾ ਮੇਰੇ ਗੀਤ’ ਪੜ੍ਹ ਕੇ ਰਾਮਧਾਰੀ ਸਿੰਘ ਦਿਨਕਰ ਨੇ ਕਿਹਾ ਸੀ: ਉਹ ਸੱਚੀ ਕਵਿਤਾ ਲਿਖਦੀ ਹੈ ਮੇਰੇ ਤੋਂ ਵੀ ਚੰਗੀ। 1971 ਵਿਚ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਤੇ 2001 ਵਿਚ ਪਦਮ ਸ੍ਰੀ ਸਨਮਾਨ ਨਾਲ ਨਿਵਾਜਿਆ ਗਿਆ।
ਪਦਮਾ ਨੇ ਕਈ ਹਿੰਦੀ ਫਿਲਮਾਂ ਵਾਸਤੇ ਵੀ ਲਿਖਿਆ ਜਿਨ੍ਹਾਂ ਵਿਚ 1973 ’ਚ ਸਾਡੇ ਮਿੱਤਰ ਵੇਦ ਰਾਹੀ ਦੀ ਫਿਲਮ ‘ਪ੍ਰੇਮ ਪਰਬਤ’ ਦਾ ਗੀਤ ਬੇਹੱਦ ਚਰਚਿਤ ਹੋਇਆ ਸੀ। ਬਾਅਦ ਵਿਚ ੳਸੁ ਨੇ ਆਖਨ ਦੇਖੀ, ਸੋਨਾ ਰੇ, ਤੁਝੇ ਕੈਸੇ ਮਿਲੂੰ ਵਰਗੇ ਮੁਹੱਬਤ ’ਚ ਭਿੱਜੇ ਗੀਤ ਵੀ ਲਿਖੇ। ਮੁਹੰਮਦ ਰਫ਼ੀ ਤੇ ਜੈਦੇਵ ਵਰਗੇ ਸੰਗੀਤਕਾਰਾਂ ਨੇ ਉਸ ਦੇ ਗੀਤਾਂ ਨੂੰ ਗਾਇਆ ਤੇ ਸੰਗੀਤਬੱਧ ਕੀਤਾ। ਯੋਗੇਸ਼ ਦੀ 1979 ਦੀ ਫ਼ਿਲਮ ‘ਸਾਹਸ’ ਤੇ ਹੋਰ ਫ਼ਿਲਮਾਂ ਤੋਂ ਇਲਾਵਾ ਕਿਤਾਬਾਂ ਵਿਚ ‘ਤਵੀ ਤੇ ਚਨਾਬ’ 1976, ‘ਨੇਰ੍ਹੀਆਂ ਗਲੀਆਂ’ 1982 ਅਤੇ ‘ਪੋਟਾ ਪੋਟਾ ਨਬਿੰਲ’ 1987 ਸ਼ੁਮਾਰ ਹਨ।
ਉਸ ਦੀਆਂ ਯਾਦਾਂ ਦੀਆਂ ‘ਦੀਵਾਨਖਾਨਾ’ ਵਰਗੀਆਂ ਹਿੰਦੀ ਪੁਸਤਕਾਂ ਬੇਹੱਦ ਪ੍ਰਸਿੱਧ ਹੋਈਆਂ। ‘ਚਿੱਤਚੇਤੇ’ ਉਸ ਦੇ ਚੇਤਿਆਂ ਦੀ ਨਿਆਰੀ ਪੁਸਤਕ ਹੈ। 1995 ’ਚ ਆਈ ਹਿੰਦੀ ਪੁਸਤਕ ‘ਮੈਂ ਕਹਿਤੀ ਹੂੰ ਆਖਿਨ ਦੇਖੀ’ ਗਿਆਨਪੀਠ ਨੇ ਛਾਪੀ ਸੀ।
ਅੰਗਰੇਜ਼ੀ ਲੇਖਕਾ ਉਮਾ ਵਾਸੂਦੇਵ ਨੇ ਉਸ ਦੀ ਜੀਵਨੀ ‘ਏ ਡਰੌਪ ਇਨ ਦਿ ਓਸ਼ੇਨ’ ਵੀ ਛਪਵਾਈ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਡੋਗਰੀ ਤੇ ਹਿੰਦੀ ਵਿਚ ਰੁਬਾਈਆਂ ਲਿਖਣ ਵਾਲੀ ਲੇਖਕਾ ਆਪਣੀ ਮਿਸਾਲ ਆਪ ਸੀ। ਉਸ ਦੀਆਂ ਰੁਬਾਈਆਂ ਦਾ ਰੂਪ ਐਨਾ ਪਿਆਰ ’ਚ ਰਚਿਆ ਵਸਿਆ ਹੈ ਕਿ ਤੁਸੀਂ ਆਨੰਦ ਲੈ ਸਕਦੇ ਹੋ। ਕੁਝ ਸਤਰਾਂ ਇੰਜ ਹਨ:
ਬਰਸਤੀ ਬਾਰਿਸ਼ ਯੇ ਖ਼ਬਰ ਲਾਈ ਹੈ
ਝੌਂਪੜੀ ਏਕ ਮੇਂਹ ਮੇਂ ਢਹਿ ਗਈ ਹੈ।
ਰਹਿ ਗਈ ਮਲਬੇ ਮੇਂ ਦਬੀ ਸਾਂਸ ਏਕ
ਉੜਤੀ ਉੜਤੀ ਹਵਾ ਭੀ ਕਹਿ ਆਈ ਹੈ।
ਜ਼ਿੰਦਗੀ ਦੇ ਸਫ਼ਰ ਬਾਰੇ ਇਕ ਰੁਬਾਈ ਹੈ:-
ਰਾਹਗੁਜ਼ਰ ਲੰਬੀ ਥੀ ਰਾਤ ਥੀ ਕਾਲੀ
ਏਕ ਹੀ ਥਾਂ ਚਾਂਦ ਥੇ ਤਾਰੇ ਬਹੁਤ।
ਰਾਤਾਂ ਤੇ ਤਾਰਿਆਂ ਦੀਆਂ ਬਾਤਾਂ ਪਾਉਣ ਵਾਲੀ ਮਿੱਠੀ ਤੇ ਪਿਆਰੀ ਸ਼ਾਇਰਾ ਤੇ ਰੂਹ ’ਚ ਭਿੱਜ ਕੇ ਜਿਉਣ ਵਾਲੀ ਪਦਮਾ ਦੇ ਜਾਣ ਨਾਲ ਡੋਗਰੀ ਤੇ ਹਿੰਦੀ ਸਾਹਿਤ ਵਿਚ ਖਲਾਅ ਪੈਦਾ ਹੋਇਆ ਹੈ ਜਿਸ ਦੀ ਭਰਪਾਈ ਮੁਸ਼ਕਲ ਹੈ। ਅਸਲ ਵਿਚ ਉਹ ਕਈ ਭਾਸ਼ਾਵਾਂ ਤੇ ਸੰਸਕ੍ਰਿਤੀਆਂ ਦਾ ਸੰਗਮ ਸੀ। ਸਿੰਘ ਬੰਧੂ (ਸੁਰਿੰਦਰ ਜੀ) ਉਨ੍ਹਾਂ ਦੇ ਪਤੀ ਸਨ।
ਉਸ ਨੇ ਕਿਹਾ ਸੀ: ਇਕ ਅੱਖਰਾਂ ਦੀ ਧਾਰਾ ਹੈ ਇਹ ਸਾਰੀ ਦੁਨੀਆ ਤੇ ਇਸ ਵਿਚ ਹੀ ਸਮਾ ਜਾਂਦੀ ਹੈ।
(ਲੇਖਕ ਦੂਰਦਰਸ਼ਨ ਦਾ ਸਾਬਕਾ ਉਪ ਮਹਾਂਨਿਰਦੇਸ਼ਕ ਤੇ ਪਦਮਾ ਸਚਦੇਵ ਦੀਆਂ ਕਈ ਕਿਤਾਬਾਂ ਦਾ ਅਨੁਵਾਦਕ ਹੈ।)
ਸੰਪਰਕ: 94787-30156