ਮਨਦੀਪ
ਕਲਾ ਨਿੱਤ ਦਿਹਾੜੀ ਸਾਡੀ ਆਤਮਾ ’ਤੇ ਪੈ ਰਹੇ ਘੱਟੇ ਨੂੰ ਸਾਫ਼ ਕਰਦੀ ਰਹਿੰਦੀ ਹੈ। – ਪਿਕਾਸੋ
ਸਾਲ 2019 ਵਿੱਚ ਆਪਣੀ ਯੂਰੋਪ ਯਾਤਰਾ ਦੌਰਾਨ ਜਰਮਨੀ ਵਿੱਚ ਮਹਾਨ ਫਿਲਾਸਫ਼ਰ ਕਾਰਲ ਮਾਰਕਸ ਦੇ ਘਰ ਅਤੇ ਸਪੇਨ ਦੇ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਦੇ ਅਜਾਇਬਘਰ (ਮੂਸੀਓ ਪਿਕਾਸੋ) ਜਾਣ ਦੀ ਬੜੀ ਉਤਸੁਕਤਾ ਸੀ। ਬਾਰਸੀਲੋਨਾ ਦੇ ਪੁਰਾਣੇ ਮੁੁਹੱਲੇ ਵਿੱਚ ਪਾਬਲੋ ਪਿਕਾਸੋ ਦੇ ਅਜਾਇਬਘਰ ਜਾਣ ਤੋਂ ਪਹਿਲਾਂ ਉਸ ਪ੍ਰਤੀ ਮੇਰੀ ਉਤਸੁਕਤਾ ਦਾ ਸ੍ਰੋਤ ਉਸ ਦੀ ਸੰਸਾਰ ਪ੍ਰਸਿੱਧ ਕਲਾਕ੍ਰਿਤ ‘ਗੁਏਰਨਿਕਾ’ ਹੀ ਸੀ। ਪਰ ਉਸ ਦੇ ਦੇਸ਼, ਉਸ ਦੇ ਘਰ, ਗਲੀਆਂ ਜਿੱਥੇ ਉਸ ਨੇ ਆਪਣੇ ਜੀਵਨ ਦਾ ਮੁੱਢਲਾ ਸਮਾਂ ਗੁਜ਼ਾਰਿਆ, ਜਾ ਕੇ ਪਿਕਾਸੋ ਬਾਰੇ ਮੇਰੇ ਵਿਚਾਰ ਤੇ ਸੰਕਲਪ ਹੋਰ ਵੱਧ ਸਪੱਸ਼ਟ ਹੋ ਗਏ। ਉਸ ਦੇ ਸਮੁੱਚੇ ਵਿਵਾਦਿਤ ਜੀਵਨ ਅਤੇ ਚਿੱਤਰਕਲਾ ਦੇ ਅਨੇਕਾਂ ਪਸਾਰ ਹਨ। ਇਹ ਉਸ ਦੀ ਕਲਾ ਦੀ ਤਾਕਤ ਹੀ ਸੀ ਕਿ ਬੌਧਿਕ ਹਲਕਿਆਂ ਅਤੇ ਆਮ ਲੋਕਾਂ ’ਚ ਉਸ ਦੀ ਕਲਾ ਪ੍ਰਤੀ ਚੋਖੀ ਦਿਲਚਸਪੀ ਰਹੀ ਅਤੇ ਨਾਜ਼ੀ ਤੇ ਫਾਸ਼ੀ ਤਾਕਤਾਂ ਅੰਦਰ ਉਸ ਦੀ ਕਲਾ ਦਾ ਖ਼ੌਫ਼ ਸਦਾ ਬਣਿਆ ਰਿਹਾ।
ਬਚਪਨ ਵਿੱਚ ਜਦੋਂ ਪੈਨਸਿਲ ਪਾਬਲੋ ਦੀਆਂ ਉਂਗਲਾਂ ਦੀ ਪਕੜ ’ਚ ਆਉਣ ਲੱਗੀ, ਉਹ ਉਦੋਂ ਤੋਂ ਹੀ ਸਫ਼ੇਦ ਕਾਗਜ਼ਾਂ ’ਤੇ ਰੰਗਦਾਰ ਝਰੀਟਾਂ ਵਾਹੁਣ ਲੱਗ ਗਿਆ ਸੀ। ਕੈਨਵਸ ਉੱਤੇ ਪਹਿਲੀ ਤਸਵੀਰ ਉਸ ਨੇ ਨੌਂ ਸਾਲ ਦੀ ਉਮਰ ਵਿੱਚ ਬਣਾਈ ਸੀ। ਉਸ ਦੇ ਪਿਤਾ ਘੱਟ ਤਨਖ਼ਾਹ ’ਤੇ ਇੱਕ ਸਥਾਨਕ ਸਕੂਲ ਵਿੱਚ ਆਰਟ ਐਂਡ ਕਰਾਫਟ ਦੇ ਅਧਿਆਪਕ ਸਨ ਜੋ ਉਸ ਸਮੇਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਤਸਵੀਰਾਂ ਵੇਚ ਕੇ ਗੁਜ਼ਾਰਾ ਕਰਦੇ ਸਨ। ਰੋਜ਼ੀ-ਰੋਟੀ ਦੇ ਇਸ ਛੋਟੇ ਜਿਹੇ ‘ਕਾਰੋਬਾਰ’ ’ਚ ਬਚਪਨ ਵਿੱਚ ਜਾਨਵਰਾਂ ਦੀਆਂ ਤਸਵੀਰਾਂ ਬਣਾ ਕੇ ਵੇਚਣ ਲਈ ਬਾਲ ਪਾਬਲੋ ਵੀ ਆਪਣੇ ਪਿਤਾ ਦਾ ਹੱਥ ਵਟਾਉਂਦਾ। ਛੋਟੀ ਉਮਰ ਵਿੱਚ ਹੀ ਪਾਬਲੋ ਦੇ ਨੰਨ੍ਹੇ ਹੱਥ ਕੈਨਵਸ ਉੱਤੇ ਪ੍ਰਤੀਕਾਂ ਅਤੇ ਅਰਥਾਂ ਦੇ ਨਕਸ਼ ਉਘਾੜਣ ਲੱਗ ਗਏ ਸਨ। ਹੌਲੀ-ਹੌਲੀ ਉਸ ਦੇ ਬਾਲ ਉਮਰ ਦੇ ਬੇਮੁਹਾਰੇ, ਨਿਰਾਰਥਕ, ਖ਼ਿਆਲੀ ਤੇ ਅੰਤਰੀਵੀ ਮਿੱਥ, ਅਰਥ ਭਰਪੂਰ ਕਲਾਤਮਿਕ ਗੁਣ ਗ੍ਰਹਿਣ ਕਰਨ ਲੱਗੇ। ਗਿਆਰਾਂ ਸਾਲ ਦੀ ਉਮਰ ’ਚ ਪਾਬਲੋ ਗਲੀਆਂ ’ਚ ਆਪਣੀਆਂ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਉਣ ਲੱਗਿਆ ਅਤੇ ਤੇਰ੍ਹਾਂ ਸਾਲਾਂ ਦੀ ਉਮਰ ਵਿੱਚ ਉਸ ਦੇ ਪਿਤਾ ਨੇ ਸਖ਼ਤ ਮਿਹਨਤ ਦੀ ਨਸੀਹਤ ਦੇ ਨਾਲ-ਨਾਲ ਆਪਣੇ ਰੰਗ ਅਤੇ ਬੁਰਸ਼ ਸਦਾ ਲਈ ਪਾਬਲੋ ਨੂੰ ਸੌਂਪ ਦਿੱਤੇ। ਪਾਬਲੋ ਪਿਕਾਸੋ ਚਿੱਤਰਕਾਰ ਦੇ ਨਾਲ-ਨਾਲ ਮੂਰਤੀਕਾਰ, ਪ੍ਰਿੰਟਮੇਕਰ, ਲੇਖਕ, ਕਵੀ, ਸਟੇਜ ਡਿਜ਼ਾਈਨਰ ਅਤੇ ਨਾਟਕਕਾਰ ਵੀ ਸੀ। ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚੋਂ ਜਾਣੇ ਜਾਂਦੇ ਪਾਬਲੋ ਨੇ ਕਿਊਬਿਸਟ ਲਹਿਰ, ਮੂਰਤੀ ਉਸਾਰੀ, ਕੋਲਾਜ ਦੀ ਸਹਿ-ਖੋਜ ਅਤੇ ਵੱਖ-ਵੱਖ ਕਿਸਮ ਦੀਆਂ ਸ਼ੈਲੀਆਂ ਦੇ ਵਿਕਾਸ ਅਤੇ ਖੋਜ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਸਪੈਨਿਸ਼ ਘਰੇਲੂ ਯੁੱਧ ਦੌਰਾਨ ਜਰਮਨ ਅਤੇ ਇਤਾਲਵੀ ਹਵਾਈ ਫ਼ੌਜਾਂ ਦੁਆਰਾ ਗੁਏਰਨਿਕਾ ਕਸਬੇ ਉੱਤੇ ਬੰਬਾਰੀ ਕਾਰਨ ਹੋਈ ਤਬਾਹੀ ਸਬੰਧੀ ਬਣਾਈ ਚਿੱਤਰ ਉਸ ਦੀ ਸ਼ਾਹਕਾਰ ਕਲਾਕ੍ਰਿਤ ਹੈ। ਇਹ ਵੱਡ-ਆਕਾਰੀ ਪੇਟਿੰਗ ਅੱਜ ਵੀ ਉਸ ਦੇ ਨਾਮ ’ਤੇ ਬਣੇ ਅਜਾਇਬਘਰ ’ਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਅਸਲ ਵਿੱਚ ‘ਗੁਏਰਨਿਕਾ’ ਨਾਮੀ ਸੰਸਾਰ ਪ੍ਰਸਿੱਧ ਇਤਿਹਾਸਕ ਪੇਟਿੰਗ ਨਾਮਵਰ ਸਪੈਨਿਸ਼ ਚਿੱਤਰਕਾਰ ਪਾਬਲੋ ਪਿਕਾਸੋ ਦੁਆਰਾ ਬਣਾਈ ਆਧੁਨਿਕ ਚਿੱਤਰ ਕਲਾ ਦਾ ਉੱਤਮ ਨਮੂਨਾ ਅਤੇ ਫਾਸ਼ੀਵਾਦ ਵਿਰੁੱਧ ਜ਼ਬਰਦਸਤ ਸਿਆਸੀ ਬਿਆਨ ਹੈ। ਇਹ ਕਲਾ ਦਾ ਇੱਕ ਐਸਾ ਨਮੂਨਾ ਹੈ ਜੋ ਇਨਸਾਫ਼ਪਸੰਦਾਂ ਨੂੰ ਹਲੂਣਦਾ, ਪ੍ਰੇਸ਼ਾਨ ਕਰਦਾ ਅਤੇ ਉਨ੍ਹਾਂ ਨੂੰ ਹਰ ਬਰਬਰਤਾ ਖਿਲਾਫ਼ ਉੱਠ ਖੜ੍ਹੇ ਹੋਣ ਲਈ ਪ੍ਰੇਰਦਾ ਹੈ। ਇੱਕ ਐਸੀ ਕਲਾ ਜੋ ਮਨੁੱਖਤਾ ਨੂੰ ਸਿਆਸੀ ਅਪਰਾਧ, ਨਿਹੱਕੀ ਜੰਗ ਅਤੇ ਮੌਤ ਦੇ ਮਲਬੇ ਵਿੱਚ ਤਬਦੀਲ ਕਰਨ ਵਾਲੀਆਂ ਤਾਕਤਾਂ ਖਿਲਾਫ਼ ਸ਼ਾਨ ਨਾਲ ਉੱਠ ਖੜ੍ਹੇ ਹੋਣ ਦਾ ਸੰਸਾਰ ਪੱਧਰੀ ਸੁਨੇਹਾ ਦਿੰਦੀ ਹੈ।
1936 ਵਿੱਚ ਸਪੇਨ ਦੇ ਡੈਮੋਕਰੇਟਿਕ ਰਿਪਬਲੀਕਨਾਂ (ਕਮਿਊਨਿਸਟ, ਅਰਾਜਕਤਾਵਾਦੀ, ਸਮਾਜਵਾਦੀ ਆਦਿ ਦਾ ਸਾਂਝਾ ਫਰੰਟ) ਅਤੇ ਸਪੇਨ ਦੇ ਫਾਸ਼ੀਵਾਦੀ ਜਨਰਲ ਫਰਾਂਸਿਸਕੋ ਫਰੈਂਕੋ ਦੀ ਅਗਵਾਈ ਵਾਲੀ ਫ਼ੌਜ ਵਿਚਕਾਰ ਘਰੇਲੂ ਜੰਗ ਛਿੜ ਗਈ ਸੀ। 26 ਅਪਰੈਲ 1937 ਨੂੰ ਫਰੈਂਕੋ ਦੇ ਹੱਕ ’ਚ ਹਿਟਲਰ ਦੇ ਸ਼ਕਤੀਸ਼ਾਲੀ ਜਰਮਨ ਹਵਾਈ ਜਹਾਜ਼ਾਂ ਅਤੇ ਇਟਲੀ ਦੀਆਂ ਫਾਸ਼ੀ ਤਾਕਤਾਂ ਨੇ ਉੱਤਰੀ ਸਪੇਨ ’ਚ ਸਥਿਤ ਬਾਸਕ ਦੇ ਗੁਏਰਨਿਕਾ ਕਸਬੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ। ਇਸ ਕਸਬੇ ਦੀ ਇੱਕ-ਤਿਹਾਈ ਆਬਾਦੀ ਇਸ ਭਿਆਨਕ ਬੰਬਾਰੀ ਵਿੱਚ ਮਾਰੀ ਗਈ ਜਿਸ ਵਿੱਚ ਜ਼ਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਸੀ।
ਇਸ ਭਿਆਨਕ ਕਤਲੇਆਮ ਨੇ ਪਾਬਲੋ ਪਿਕਾਸੋ ਨੂੰ ਰੋਹ ਨਾਲ ਬੇਚੈਨ ਕਰ ਦਿੱਤਾ। ਇਸ ਫਾਸ਼ੀਵਾਦੀ ਹਮਲੇ ਖਿਲਾਫ਼ ਉਸ ਨੇ ‘ਗੁਏਰਨਿਕਾ’ ਨਾਮੀ ਚਿੱਤਰ ਬਣਾਇਆ ਜੋ ਸੰਸਾਰ ਭਰ ਵਿੱਚ ਫਾਸ਼ੀਵਾਦੀ ਬਰਬਰਤਾ ਦੇ ਵਿਰੋਧ ਦਾ ਚਿੰਨ੍ਹ ਬਣ ਕੇ ਉੱਭਰਿਆ।
ਇਸ ਚਿੱਤਰ ਵਿੱਚ ਖੱਬੇ ਪਾਸੇ ਇੱਕ ਵੱਡੀਆਂ ਅੱਖਾਂ ਵਾਲਾ ਬਲਦ ਇੱਕ ਉਦਾਸ ਔਰਤ ਉੱਤੇ ਖੜ੍ਹਾ ਹੈ ਜਿਸ ਨੇ ਇੱਕ ਮਰੇ ਹੋਏ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਹੈ। ਇੱਕ ਘੋੜਾ ਤੜਫ਼ਦਾ ਹੋਇਆ ਡਿੱਗਿਆ ਪਿਆ ਹੈ। ਘੋੜੇ ਦੇ ਹੇਠਾਂ ਇੱਕ ਮੁਰਦਾ ਅਤੇ ਵੱਡਿਆ-ਟੁੱਕਿਆ ਸਿਪਾਹੀ ਪਿਆ ਹੈ। ਉਸ ਦੀ ਕੱਟੀ ਹੋਈ ਸੱਜੀ ਬਾਂਹ ਦਾ ਹੱਥ ਇੱਕ ਟੁੱਟਦੀ ਤਲਵਾਰ ਨੂੰ ਫੜ ਲੈਂਦਾ ਹੈ ਜਿਸ ਤੋਂ ਇੱਕ ਫੁੱਲ ਉੱਗਦਾ ਹੈ, ਅਤੇ ਇੱਕ ਔਰਤ ਦੇ ਹੱਥ ਵਿੱਚ ਬਲਦੀ ਮਸ਼ਾਲ ਹੈ ਜੋ ਮਸੀਹ ਦੀ ਸ਼ਹਾਦਤ ਦਾ ਪ੍ਰਤੀਕ ਹੈ। ਖੰਜਰ, ਘੋੜਾ ਅਤੇ ਬਲਦ ਹਨ। ਸਪੈਨਿਸ਼ ਸੱਭਿਆਚਾਰ ਵਿੱਚ ਘੋੜਾ ਅਤੇ ਬੈਲ ਪ੍ਰਮੁੱਖ ਪਾਤਰ ਹਨ ਜੋ ਬੁਰਾਈ ਅਤੇ ਚੰਗਿਆਈ ਦੇ ਪ੍ਰਤੀਕ ਹਨ। ਇੱਥੇ ਬੈਲ ਦੇ ਰੂਪ ਵਿੱਚ ਜਨਰਲ ਫਰੈਂਕੋ ਅਤੇ ਘੋੜੇ ਨੂੰ ਗੁਏਰਨਿਕਾ ਦੇ ਨਿਰਦੋਸ਼ ਲੋਕਾਂ ਦੇ ਪ੍ਰਤੀਕ ਵਜੋਂ ਵਿਖਾਇਆ ਗਿਆ ਹੈ। ਉਂਝ ਚਿੱਤਰ ਵੇਖਣ ਵਾਲੀ ਹਰ ਅੱਖ ਦੇ ਆਪਣੇ-ਆਪਣੇ ਕਿਆਸ, ਅਰਥ ਤੇ ਦ੍ਰਿਸ਼ਟੀਕੋਣ ਹਨ। ਸੱਜੇ ਪਾਸੇ ਇੱਕ ਹੋਰ ਔਰਤ ਹੈ ਜਿਸ ਦੇ ਹੱਥ ਦਹਿਸ਼ਤ ਨਾਲ ਉੱਠੇ ਹੋਏ ਹਨ, ਦੁਖੀ ਔਰਤ ਦਾ ਮੂੰਹ ਖੁੱਲ੍ਹਾ ਹੈ ਅਤੇ ਸਿਰ ਪਿੱਛੇ ਨੂੰ ਡਿੱਗਿਆ ਹੋਇਆ। ਉਸ ਦਾ ਸੱਜਾ ਹੱਥ ਹਵਾਈ ਜਹਾਜ਼ ਦੀ ਸ਼ਕਲ ਸੁਝਾਉਂਦਾ ਹੈ। ਇੱਕ ਮਨੁੱਖੀ ਖੋਪੜੀ ਘੋੜੇ ਦੇ ਸਰੀਰ ਨੂੰ ਢੱਕ ਲੈਂਦੀ ਹੈ। ਘੋੜੇ ਦੀ ਛਾਤੀ ਦੇ ਅੰਦਰ ਇੱਕ ਸਿੰਗ ਦਿਖਾਈ ਦਿੰਦਾ ਹੈ। ਬਲਦ ਦੀ ਪੂਛ ਅੱਗ ਦੀ ਲਾਟ ਦੀ ਤਸਵੀਰ ਬਣਾਉਂਦੀ ਹੈ ਜਿਸ ਤੋਂ ਧੂੰਆਂ ਉੱਠਦਾ ਹੈ।
ਕੁੱਲ ਮਿਲਾ ਕੇ ਇਹ ਚਿੱਤਰ ਫਾਸ਼ੀਵਾਦੀ ਹਮਲੇ ਦੀ ਮਾਰ ਹੇਠ ਆਏ ਗੁਏਰਨਿਕਾ ਕਸਬੇ ਦੇ ਨਿਰਦੋਸ਼ ਲੋਕਾਂ ਦੇ ਜਾਨ-ਮਾਲ-ਸੱਭਿਆਚਾਰ ਦੀ ਤਬਾਹੀ ਅਤੇ ਦਰਦ ਦੀ ਪੇਸ਼ਕਾਰੀ ਕਰਦਾ ਹੈ ਜੋ ਅੱਜ ਆਲਮੀ ਪੱਧਰ ’ਤੇ ਨਿਹੱਕੀ ਜੰਗ ਵਿਰੁੱਧ ਬਿਗਲ ਦਾ ਚਿੰਨ੍ਹ ਬਣ ਚੁੱਕਾ ਹੈ। ਇਹ ਚਿੱਤਰ ਫਾਸ਼ੀਵਾਦ ਖਿਲਾਫ਼ ਲਿਖੇ ਗਏ ਲੱਖਾਂ ਸ਼ਬਦਾਂ ਅਤੇ ਭਾਸ਼ਣਾਂ ਜਿੰਨਾ ਹੀ ਸ਼ਕਤੀਸ਼ਾਲੀ ਕਲਾ ਸ਼ਾਸਤਰ ਹੈ। ਉਸ ਨੇ ਇਹ ਚਿੱਤਰ 1937 ਵਿੱਚ ਬਣਾਇਆ ਸੀ। ਇਹੀ ਲੋਕਪੱਖੀ ਕਲਾ ਦੀ ਤਾਕਤ ਹੈ ਜੋ ਮਨੁੱਖਤਾ ਦੇ ਦਰਦ ਨੂੰ ਬਿਆਨਦੀ ਹੈ।
ਇਸ ਮਗਰੋਂ ਦੂਜੀ ਆਲਮੀ ਜੰਗ ਸਮੇਂ ਪਿਕਾਸੋ ਨਾਜ਼ੀ ਕਬਜ਼ੇ ਵਾਲੇ ਪੈਰਿਸ ਵਿੱਚ ਰਹਿ ਰਿਹਾ ਸੀ ਤਾਂ ਇੱਕ ਨਾਜ਼ੀ ਅਫ਼ਸਰ ਉਸ ਦੇ ਅਪਾਰਟਮੈਂਟ ਵਿੱਚ ਆਇਆ। ਉਸ ਨੇ ‘ਗੁਏਰਨਿਕਾ’ ਵੱਲ ਇਸ਼ਾਰਾ ਕਰਦਿਆਂ ਪੁੱਛਿਆ, ‘‘ਕੀ ਇਹ ਤੁਸੀਂ ਬਣਾਇਆ ਹੈ?’’
ਪਿਕਾਸੋ ਨੇ ਜਵਾਬ ਦਿੱਤਾ, ‘‘ਨਹੀਂ, ਇਹ ਤੁਸੀਂ ਬਣਾਈ ਹੈ।’’
ਇਹ ਚਿੱਤਰ ਅੱਜ ਵੀ ਸੰਸਾਰ ਚੌਧਰ ਲਈ ਜੰਗ ਅਤੇ ਤਬਾਹੀ ਮਚਾ ਰਹੀਆਂ ਤਾਕਤਾਂ ਲਈ ਚੁਣੌਤੀ ਅਤੇ ਇਨਸਾਫ਼ਪਸੰਦ ਲੋਕਾਂ ਲਈ ਫਾਸ਼ੀਵਾਦ ਅਤੇ ਪੂੰਜੀਵਾਦ ਖਿਲਾਫ਼ ਸੰਘਰਸ਼ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਹੈ। 28-30 ਜੂਨ 2022 ਨੂੰ ਪਾਬਲੋ ਦੀ ਜਨਮ ਭੂਮੀ ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਨਾਟੋ ਸੰਮੇਲਨ ਦੌਰਾਨ ਨਾਟੋ ਆਗੂਆਂ ਵੱਲੋਂ ਪਿਕਾਸੋ ਦੀ ਜੰਗ ਵਿਰੋਧੀ ਕਲਾਕ੍ਰਿਤ ‘ਗੁਏਰਨਿਕਾ’ ਅੱਗੇ ਫੋਟੋ ਖਿਚਵਾਉਣ ਦੇ ਵਿਰੋਧ ਵਿੱਚ ਪੇਰੂਵੀਅਨ ਚਿੱਤਰਕਾਰ ਦੇਨੀਏਲਾ ਔਰਤਿਸ ਨੇ ਸਖ਼ਤ ਲਿਖਤੀ ਇਤਰਾਜ਼ ਜ਼ਾਹਰ ਕੀਤਾ ਅਤੇ ਅਜਾਇਬਘਰ ਨੂੰ ਨਾਟੋ ਦੁਆਰਾ ਸਾਮਰਾਜੀ ਜੰਗ ਦਾ ਮੰਚ ਬਣਾਉਣ ਦੇ ਵਿਰੋਧ ਵਿੱਚ ਆਪਣੀਆਂ ਅੱਠ ਕਲਾਕ੍ਰਿਤਾਂ ਮਿਊਜ਼ੀਅਮ ਵਿੱਚੋਂ ਹਟਾ ਲਈਆਂ। ਉਸ ਨੇ ਕਿਹਾ ਕਿ ਪੱਛਮੀ ਸਾਮਰਾਜੀ ਕਾਤਲਾਂ ਦਾ ਗਿਰੋਹ ਹਨ ਅਤੇ ਇਹ ਸੰਸਾਰ ਨੂੰ ਜੰਗ ਦੀ ਅੱਗ ਵਿੱਚ ਝੋਕ ਰਹੇ ਹਨ; ਅਤੇ ‘ਗੁਏਰਨਿਕਾ’ ਅੱਗੇ ਤਸਵੀਰਾਂ ਖਿਚਵਾ ਕੇ ਉਹ ਪਿਕਾਸੋ ਦੀ ਜੰਗ ਵਿਰੋਧੀ ਸੰਸਾਰ ਪ੍ਰਸਿੱਧ ਕਲਾਕ੍ਰਿਤ ਨੂੰ ਅਪਮਾਨਿਤ ਕਰ ਰਹੇ ਹਨ।
ਪਿਕਾਸੋ ਆਪਣੀ ਮਾਤਭੂਮੀ ’ਤੇ ਰਹਿੰਦਿਆਂ ਸਪੇਨ ਦੇ ਤਾਨਾਸ਼ਾਹ ਜਨਰਲ ਫਰਾਂਸਿਸਕੋ ਫਰੈਂਕੋ ਦੀਆਂ ਫਾਸ਼ੀਵਾਦੀ ਕਾਰਵਾਈਆਂ ਦਾ ਵਿਰੋਧੀ ਰਿਹਾ ਅਤੇ ਉਲਟਾ ਫਾਸ਼ੀਵਾਦੀ ਹਕੂਮਤ ਉਸ ਦੀ ਕਲਾ ਤੋਂ ਤ੍ਰਹਿੰਦੀ ਰਹੀ। ਉਸ ਨੇ ਸਪੇਨ ਤੋਂ ਜਲਾਵਤਨੀ ਮਗਰੋਂ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਵਰ੍ਹੇ ਫਰਾਂਸ ਵਿੱਚ ਹੀ ਗੁਜ਼ਾਰੇ। ਇੱਥੇ ਉਹ ਫਰਾਂਸ ਦੀ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ। ਦੂਜੀ ਆਲਮੀ ਜੰਗ ਸਮੇਂ ਨਾਜ਼ੀ ਫ਼ੌਜ ਵੱਲੋਂ ਉਸ ਦੀ ਕਲਾ ਦੀਆਂ ਜਨਤਕ ਪ੍ਰਦਰਸ਼ਨੀਆਂ ਨੂੰ ਜਬਰੀ ਰੋਕ ਦਿੱਤਾ ਗਿਆ ਸੀ। ਪਰ ਕੁਝ ਬਾਗ਼ੀ ਗਰੁੱਪਾਂ ਵੱਲੋਂ ਪਿਕਾਸੋ ਨੂੰ ਪਨਾਹ ਦੇ ਨਾਲ-ਨਾਲ ਚਿੱਤਰਕਾਰੀ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਰਹੀ। 1944 ਵਿੱਚ ਫਰੈਂਚ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਤੋਂ ਬਾਅਦ ਉਸ ਨੇ ਫਰੈਂਚ ਅਖ਼ਬਾਰ ਵਿੱਚ ਲਿਖਿਆ ਕਿ ‘ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਲੈਣੀ ਮੇਰੀ ਪੂਰੀ ਜ਼ਿੰਦਗੀ ਤੇ ਸਮੁੱਚੇ ਕਲਾ ਕੰਮ ਦਾ ਤਾਰਕਿਕ ਸਿੱਟਾ ਹੈ। ਐਨੇ ਸਾਲਾਂ ਦੇ ਭਿਆਨਕ ਜਬਰ ਨੇ ਮੈਨੂੰ ਸਿਖਾ ਦਿੱਤਾ ਹੈ ਕਿ ਮੈਨੂੰ ਇਸ ਜੁਲਮ ਖਿਲਾਫ਼ ਜ਼ਰੂਰ ਲੜਨਾ ਚਾਹੀਦਾ ਹੈ, ਮਹਿਜ਼ ਕਲਾ ਰਾਹੀਂ ਹੀ ਨਹੀਂ ਬਲਕਿ ਤਨੋ-ਮਨੋ।’
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਬਣੇ ਵੱਡ-ਆਕਾਰੀ ਅਜਾਇਬਘਰ ਵਿੱਚ ਇਹ ਚਿੱਤਰ ਅੱਜ ਵੀ ਵਿਸ਼ਵ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਬਿਨਾਂ ਦਰਜਨਾਂ ਹੋਰ ਚਿੱਤਰ, ਸਕੈੱਚ, ਮੂਰਤੀਆਂ, ਤਾਂਬੇ ਅਤੇ ਚੀਨੀ ਦੇ ਬਰਤਨਾਂ ਉੱਤੇ ਕੀਤੀ ਬਾਕਮਾਲ ਚਿੱਤਰਕਾਰੀ, ਖੋਜ ਪੇਪਰ ਅਤੇ ਪੁਸਤਕਾਂ ਅਜਾਇਬਘਰ ਦਾ ਸ਼ਿੰਗਾਰ ਬਣੇ ਹੋਏ ਹਨ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਮੁਤਾਬਿਕ ਉਸ ਨੇ ਕੁੱਲ 100,000 ਪ੍ਰਿੰਟਸ, 34,000 ਕਿਤਾਬਾਂ ਦੇ ਚਿੱਤਰ, 300 ਮੂਰਤੀਆਂ ਅਤੇ ਬਹੁਤ ਸਾਰੇ ਚਿੱਤਰ ਤਿਆਰ ਕੀਤੇ ਸਨ। ਕਲਾ ਪ੍ਰਾਪਤੀਆਂ ਕਾਰਨ ਪਿਕਾਸੋ ਨੂੰ ਵੀਂਹਵੀਂ ਸਦੀ ਦਾ ਆਧੁਨਿਕ ਕਲਾ ਦਾ ਪ੍ਰਭਾਵਸ਼ਾਲੀ ਚਿੱਤਰਕਾਰ ਮੰਨਿਆ ਗਿਆ। ਸੈਲਾਨੀ ਪਾਬਲੋ ਦੇ ਚਿੱਤਰਾਂ ਵਾਲੀਆਂ ਟੀ-ਸ਼ਰਟਾਂ, ਪੈੱਨ, ਕੌਫੀ ਕੱਪ, ਕਿਤਾਬਾਂ, ਕਾਰਡ, ਬੈੱਗ ਆਦਿ ਅਨੇਕਾਂ ਵਰਤੋਂ ਦੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਕਰਦੇ ਹਨ। ਅਜਾਇਬਘਰ ਅੰਦਰ ਆਪਣੇ ਕੈਮਰੇ ’ਚ ਚਿੱਤਰਾਂ ਦੀ ਤਸਵੀਰ ਕੈਦ ਕਰਨ ਦੀ ਕੋਈ ਮਨਾਹੀ ਨਹੀਂ ਹੈ। ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਟਿਕਟ ’ਚ ਵੀ ਕੁਝ ਰਿਆਇਤ ਮਿਲ ਸਕਦੀ ਹੈ। ਪਾਬਲੋ ਪਿਕਾਸੋ ਅਜਾਇਬਘਰ ਵਿੱਚ ਘੁੰਮਦਿਆਂ ਯੂਰੋਪੀਅਨ ਭਵਨ ਨਿਰਮਾਣ ਕਲਾ ਦਾ ਅਨੋਖਾ ਅਹਿਸਾਸ ਵੀ ਮਿਲਦਾ ਹੈ। ਉਸ ਦੇ ਅਜਾਇਬਘਰ ਵੱਲ ਜਾਂਦੀਆਂ ਗਲੀਆਂ ਮੱਧਕਾਲੀਨ ਯੂਰੋਪੀਅਨ ਸਾਹਿਤ ਵਿੱਚ ਚਿਤਰੇ ਸਥਾਨਾਂ ਦਾ ਚੇਤਾ ਕਰਵਾ ਦਿੰਦੀਆਂ ਹਨ। ਇਹਦੇ ਵਿੱਚੋਂ ਸਪੇਨੀ ਸੱਭਿਆਚਾਰ, ਸਾਹਿਤ ਅਤੇ ਕਲਾ ਦਾ ਆਨੰਦ ਲਿਆ ਜਾ ਸਕਦਾ ਹੈ। ਯੂਰੋਪ ਵਿਚਲੇ ਅਜਿਹੇ ਅਜਾਇਬਘਰ ਅੱਜ ਵੀ ਆਪਣੀ ਪੁਰਾਤਨ ਕਲਾ, ਉਸ ਦੀ ਅਮੀਰੀ, ਵਿਲੱਖਣਤਾ ਅਤੇ ਵਿਰਾਸਤ ਸਾਂਭੀ ਬੈਠੇ ਹਨ। ਪਿਕਾਸੋ ਕਿਹਾ ਕਰਦਾ ਸੀ ਕਿ ‘ਜ਼ਿੰਦਗੀ ਵਿੱਚ ਪਿਆਰ ਸਭ ਤੋਂ ਵੱਡੀ ਤਾਜ਼ਗੀ ਹੈ।’ ਅਤੇ ਇਸ ਤਾਜ਼ਗੀ ਦਾ ਅਹਿਸਾਸ ਉਸਦੀ ਕਲਾ ਵਿੱਚੋਂ ਝਲਕਦੇ ਪਿਆਰ, ਸੁੰਦਰਤਾ ਅਤੇ ਸੁਹਜ ਰਾਹੀਂ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਪਾਬਲੋ ਪਿਕਾਸੋ ਦਾ ਪੂਰਾ ਨਾਮ ਪਾਬਲੋ ਡੀਏਗੋ ਖੋਸੇ ਫ੍ਰਾਂਸਿਸਕੋ ਡੀ ਪੌਲਾ ਖੁਆਨ ਨੇਪੋਮੁਸੇਨੋ ਮਾਰੀਆ ਡੇ ਲੋਸ ਰੇਮੇਦੀਓਸ ਸਿਪ੍ਰੀਆਨੋ ਡੇ ਲਾ ਸੈਂਤੀਸਿਮਾ ਤ੍ਰਿਨੀਦਾਦ ਰੁਇਜ਼ ਈ ਪਿਕਾਸੋ (ਜਨਮ 25 ਅਕਤੂਬਰ 1881 – ਮੌਤ 8 ਅਪਰੈਲ 1973) ਹੈ। ਉਸ ਦਾ ਜਨਮ ਮਾਰੀਆ ਪਿਕਾਸੋ ਲੋਪੇਜ਼ ਦੀ ਕੁੱਖੋਂ 25 ਅਕਤੂਬਰ 1881 ਨੂੰ ਮੈਲਾਗਾ, ਸਪੇਨ ਵਿੱਚ ਹੋਇਆ ਅਤੇ ਉਸ ਦੇ ਪਿਤਾ ਰੁਈਜ਼ ਬਲਾਸਕੋ ਚਿੱਤਰਕਾਰ ਅਤੇ ਕਲਾ ਅਧਿਆਪਕ ਸਨ। ਪਾਬਲੋ ਅੰਦਰਲੀ ਚਿੱਤਰਕਾਰ ਪ੍ਰਤਿਭਾ ਦੀ ਖੋਜ ਅਤੇ ਵਿਕਾਸ ਵਿੱਚ ਉਸ ਦੇ ਪਿਤਾ ਦਾ ਵੱਡਾ ਯੋਗਦਾਨ ਹੈ। ਪਿਕਾਸੋ ਦੀ ਇਸੇ ਪ੍ਰਤਿਭਾ ਕਾਰਨ ਬਹੁਤ ਛੋਟੀ ਉਮਰ ਵਿੱਚ ਉਸ ਦੀਆਂ ਰਚਨਾਵਾਂ ਸਪੈਨਿਸ਼ ਮੈਗਜ਼ੀਨ ‘ਆਰਤੇ ਖੋਵਿਨ’ (ਨੌਜਵਾਨ ਪ੍ਰਤਿਭਾ) ਵਿੱਚ ਪ੍ਰਕਾਸ਼ਿਤ ਹੋਣ ਲੱਗ ਗਈਆਂ ਸਨ। 1892 ਵਿੱਚ ਉਹ ਗੁਆਰਦਾ ਸਕੂਲ ਵਿੱਚ ਫਾਈਨ ਆਰਟਸ ਦੀ ਪੜ੍ਹਾਈ ਕਰਨ ਤੋਂ ਬਾਅਦ ਬਾਰਸੀਲੋਨਾ ਚਲੇ ਗਏ ਜਿੱਥੇ ਫਾਈਨ ਆਰਟਸ ਦੀ ਉਚੇਰੀ ਸਿੱਖਿਆ ਹਾਸਲ ਕੀਤੀ। ਪਿਕਾਸੋ ਦੇ ਕੰਮ ਨੂੰ ਬਲੂ ਪੀਰੀਅਡ (1901-1904), ਰੋਜ਼ ਪੀਰੀਅਡ (1904-1906), ਅਫਰੀਕਨ-ਪ੍ਰਭਾਵਿਤ ਪੀਰੀਅਡ (1907-1909), ਵਿਸ਼ਲੇਸ਼ਣਾਤਮਕ ਘਣਵਾਦ (1909-1912), ਅਤੇ ਸਿੰਥੈਟਿਕ ਕਿਊਬਿਜ਼ਮ (1912-1919) ਆਦਿ ਕਾਲਾਂ ਵਿੱਚ ਵੰਡਿਆ ਜਾਂਦਾ ਹੈ।
1911 ਵਿੱਚ ਪਿਕਾਸੋ ਦੀ ਜ਼ਿੰਦਗੀ ਵਿੱਚ ਈਵਾ ਗੋਏਲ ਨਾਮ ਦੀ ਖ਼ੂਬਸੂਰਤ ਔਰਤ ਆਈ ਜਿਸ ਨੇ ਉਸ ਦੇ ਪ੍ਰਸਿੱਧ ਚਿੱਤਰ ‘ਗਿਟਾਰ ਵਾਲੀ ਸੁੰਦਰੀ’ ਲਈ ਪੋਜ਼ ਦਿੱਤਾ ਸੀ। ਉਹ ਆਪਣੀ ਮੌਤ (1915) ਤੱਕ ਉਸ ਦੇ ਸੰਗ ਰਹੀ। ਸਾਲ 1918 ਵਿੱਚ ਪਿਕਾਸੋ ਇੱਕ ਰੂਸੀ ਕਵੀ ਦੇ ਲਿਖੇ ਕਾਵਿ-ਨਾਟਕ ਦੇ ਸੈੱਟ ਦੀ ਤਿਆਰੀ ਕਰ ਰਿਹਾ ਸੀ ਤੇ ਉਸ ਕਾਵਿ-ਨਾਟਕ ਵਿੱਚ ਰੂਸੀ ਨ੍ਰਤਕੀ ਓਲਗਾ ਕੋਖਲੋਵਾ ਨ੍ਰਿਤ ਕਰ ਰਹੀ ਸੀ। ਪਿਕਾਸੋ ਨੇ ਉਸ ਨਾਲ ਪ੍ਰੇਮ ਵਿਆਹ ਕਰਵਾ ਲਿਆ। 1921 ਵਿੱਚ ਉਨ੍ਹਾਂ ਦੇ ਘਰ ਪਾਓਲੋ ਨਾਮ ਦੇ ਬੱਚੇ ਨੇ ਜਨਮ ਲਿਆ। ਪਿਕਾਸੋ ਅਤੇ ਓਲਗਾ ਲੜਦੇ-ਝਗੜਦੇ ਓਲਗਾ ਦੀ ਮੌਤ (1955) ਤੱਕ ‘ਇਕੱਠੇ’ ਰਹੇ, ਪਰ ਇਨ੍ਹਾਂ ਵਰ੍ਹਿਆਂ ਦਰਮਿਆਨ 46 ਸਾਲਾ ਪਿਕਾਸੋ 17 ਸਾਲਾ ਮੈਰੀ ਥੇਰੇਸ (‘ਸ਼ੀਸ਼ੇ ਮੂਹਰੇ ਬੈਠੀ ਕੁੜੀ’ 1932 ਪੇਟਿੰਗ ਦਾ ਵਿਸ਼ਾ ਰਹੀ ਕੁੜੀ) ਨਾਲ ਰਹਿੰਦਾ ਰਿਹਾ। 1935 ਵਿੱਚ ਉਨ੍ਹਾਂ ਦੇ ਘਰ ਮਾਇਆ ਨਾਮ ਦੀ ਬੱਚੀ ਪੈਦਾ ਹੋਈ। 1936 ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਰਾਹ ਵੱਖੋ-ਵੱਖਰੇ ਹੋ ਗਏ। ਦੂਜੀ ਆਲਮੀ ਜੰਗ ਤੋਂ ਬਾਅਦ ਉਸ ਦੇ ਇੱਕ ਜਵਾਨ ਵਿਦਿਆਰਥਣ ਨਾਲ ਸਬੰਧ ਰਹੇ ਜਿਸ ਤੋਂ ਕਲਾਊਦੀ (1947) ਤੇ ਪਾਲੋਮਾ (1949) ਨਾਮ ਦੇ ਦੋ ਬੱਚੇ ਪੈਦਾ ਹੋਏ। ਉਹ ਔਰਤਾਂ ਦਾ ਚਹੇਤਾ ਸੀ ਤੇ ਔਰਤਾਂ ਉਸ ਦੀ ਕਮਜ਼ੋਰੀ। 72 ਸਾਲਾ ਪਿਕਾਸੋ ਦਾ ਦੂਜਾ ਤੇ ਆਖ਼ਰੀ ਵਿਆਹ 26 ਸਾਲਾ ਜੈਕਲੀਨ ਰੂਕੇ ਨਾਲ 1961 ਵਿੱਚ ਹੋਇਆ ਜੋ ਪਿਕਾਸੋ ਦੀ ਮੌਤ (1973) ਤੱਕ ਬਰਕਰਾਰ ਰਿਹਾ। ਉਸ ਦੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਵਿੱਚ ਔਰਤ ਅਤੇ ਉਸ ਦੀ ਸੁੰਦਰਤਾ ਦਾ ਖ਼ਾਸ ਚਿਤਰਣ ਸ਼ਾਮਲ ਰਿਹਾ।
ਪਿਕਾਸੋ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਪੈਰਿਸ ਵਿੱਚ ਬਿਤਾਇਆ। 1940 ਵਿੱਚ ਉਸ ਨੇ ਫਰਾਂਸੀਸੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਜਿਸ ਨੂੰ ‘ਅਤਿ ਦੇ ਵਿਚਾਰਾਂ, ਜੋ ਕਮਿਊਨਿਜ਼ਮ ਵਿੱਚ ਵਿਕਸਤ ਹੋ ਸਕਦੇ ਹਨ’ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ 2003 ਵਿੱਚ ਸਾਹਮਣੇ ਆਈ। ਭਾਵੇਂ 1950 ਵਿੱਚ ਉਸ ਨੂੰ ਸਟਾਲਿਨ ਸ਼ਾਂਤੀ ਪੁਰਸਕਾਰ ਮਿਲਿਆ, ਉਹ ਆਪਣੀ ਮੌਤ ਤੱਕ ਫਰੈਂਚ ਕਮਿਊਨਿਸਟ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਅਤੇ ਉਹ ਆਪਣੇ ਚਿੱਤਰਾਂ ਨੂੰ ਕਮਿਊਨਿਸਟ ਪੇਂਟਿੰਗਾਂ ਆਖਦਾ ਰਿਹਾ, ਪਰ ਉਸ ਨੂੰ ਮਾਰਕਸਵਾਦੀ ਫਲਸਫ਼ੇ ਦਾ ਕੋਈ ਬਹੁਤਾ ਇਲਮ ਨਹੀਂ ਸੀ। ਬਸ ਕਮਿਊਨਿਜ਼ਮ ’ਚ ਉਸ ਦੀ ਭਾਵੁਕ ਖਿੱਚ ਸੀ ਜੋ ਆਖ਼ਰੀ ਸਾਹ ਤੱਕ ਬਣੀ ਰਹੀ। ਉਸ ਨੇ ਅਮਰੀਕੀ ਸ਼ਹਿ ਪ੍ਰਾਪਤ ਕੋਰੀਅਨ ਯੁੱਧ (1951-53) ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਇਸ ਯੁੱਧ ਵਿੱਚ ਅਮਰੀਕੀ ਦਖਲਅੰਦਾਜ਼ੀ ਨੂੰ ਬਿਆਨਦਾ ਇੱਕ ਚਿੱਤਰ ਬਣਾਇਆ ਜਿਸ ਵਿੱਚ ਹਥਿਆਰਬੰਦ ਦਸਤੇ ਬੱਚੇ ਅਤੇ ਨਗਨ ਔਰਤਾਂ ਉੱਤੇ ਬੰਦੂਕਾਂ ਤਾਣੀ ਖੜ੍ਹੇ ਦਿਖਾਏ ਗਏ। 1949 ਵਿੱਚ ਉਸ ਨੇ ਜੰਗ ਅਤੇ ਸਾਮਰਾਜ ਵਿਰੋਧੀ ‘ਵਿਸ਼ਵ ਸ਼ਾਂਤੀ ਕੌਂਸਲ’ ਸਮੇਂ ਸ਼ਾਂਤੀ ਨੂੰ ਦਰਸਾਉਂਦੀ ਇੱਕ ਅਮਨ ਚੈਨ ਦੀ ਘੁੱਗੀ ਦੀ ਤਸਵੀਰ ਬਣਾਈ। 1962 ਵਿੱਚ ਉਸ ਨੂੰ ਲੈਨਿਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀ ਜ਼ਿੰਦਗੀ ਅੱਯਾਸ਼ੀ ਭਰੀ ਰਹੀ ਅਤੇ ਇਸੇ ਕਰਕੇ ਉਸ ਦੇ ਬਣਾਏ ਕੁਝ ਚਿੱਤਰਾਂ ਉੱਤੇ ਨੰਗੇਜ਼ਵਾਦ ਦੇ ਦੋਸ਼ ਵੀ ਲੱਗਦੇ ਰਹੇ। ਪਿਕਾਸੋ ਭਾਵੇਂ ਸਾਰੀ ਜ਼ਿੰਦਗੀ ਆਪਣੇ-ਆਪ ਨੂੰ ਕਮਿਊਨਿਸਟ ਮੰਨਦਾ ਰਿਹਾ, ਪਰ ਉਹ ਕਮਿਊਨਿਸਟ ਕਿਰਦਾਰ ਤੇ ਵਿਚਾਰਾਂ ਦੇ ਕਦੇ ਹਾਣ ਦਾ ਨਹੀਂ ਰਿਹਾ। ਫਾਸ਼ੀਵਾਦ ਵਿਰੋਧੀ ਸੁਰ ਦੇ ਬਾਵਜੂਦ ਉਸ ਦੀ ਕਲਾ ਮਜ਼ਦੂਰ ਜਮਾਤ ਨਾਲੋਂ ਵੱਧ ਮੱਧਵਰਗੀ ਸੁਹਜ-ਸੁਆਦ ਦੇ ਜ਼ਿਆਦਾ ਨੇੜੇ ਸੀ।
ਨੌਂ ਮਾਰਚ 1963 ਨੂੰ ਬਾਰਸੀਲੋਨਾ ਦੇ ਕੈਟਾਲੋਨੀਆ ਵਿੱਚ ਪੰਜ ਮੱਧਕਾਲੀਨ ਜਗ੍ਹਾਵਾਂ ਨੂੰ ਜੋੜਕੇ ‘ਮੋਸੀਓ ਪਿਕਾਸੋ’ (ਪਿਕਾਸੋ ਮਿਊਜ਼ੀਅਮ) ਬਣਾਇਆ ਗਿਆ। ਇੱਥੇ ਪਿਕਾਸੋ ਦੀਆਂ 4251 ਕਲਾਕ੍ਰਿਤਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਮਿਊਜ਼ੀਅਮ ਖੋਲ੍ਹਣ ਵਿੱਚ ਪਿਕਾਸੋ ਦੇ ਨੇੜਲੇ ਸਾਥੀ ਜਿਊਮੇ ਸਾਬਾਰਤੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਸ ਨੇ ਸ਼ੁਰੂ ਵਿੱਚ ਪਿਕਾਸੋ ਦੁਆਰਾ ਉਸ ਨੂੰ ਸੌਂਪੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਸਮਾਂ ਪਾ ਕੇ ਦਾਨੀਆਂ ਦੀ ਮੱਦਦ ਨਾਲ ਇਹ ਇੱਕ ਵੱਡ-ਆਕਾਰੀ ਅਜਾਇਬਘਰ ਦਾ ਰੂਪ ਧਾਰਨ ਕਰ ਗਿਆ। ਬਾਅਦ ਵਿੱਚ ਇਹ ਰਾਸ਼ਟਰੀ ਅਜਾਇਬਘਰ ਵਿੱਚ ਤਬਦੀਲ ਹੋ ਗਿਆ ਅਤੇ ਤਕਨੀਕ ਦੇ ਤੇਜ਼ੀ ਨਾਲ ਵਧਦੇ ਦੌਰ ਅੰਦਰ ਇਸ ਦੇ ਚਰਚੇ ਟਵਿੱਟਰ, ਫੇਸਬੁੱਕ ਤੇ ਫਲਿਕਰ ’ਤੇ ਹੋਣੇ ਸ਼ੁਰੂ ਹੋ ਗਏ।
ਸਪੇਨ ਦਾ ਰਾਜਾਸ਼ਾਹੀ ਤੋਂ ਲੈ ਕੇ ਸਪੇਨੀ ਸਾਮਰਾਜ ਬਣਨ ਤੱਕ ਦਾ ਲੰਮਾ ਇਤਿਹਾਸ ਰਿਹਾ ਹੈ। ਸਪੇਨੀ ਸਾਮਰਾਜ ਦੇ ਵਿਸਥਾਰ ਦੇ ਨਾਲ-ਨਾਲ ਸਪੈਨਿਸ਼ ਭਾਸ਼ਾ ਅਤੇ ਸੱਭਿਆਚਾਰ ਨੇ ਵੀ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਆਪਣਾ ਗਲਬਾ ਕਾਇਮ ਕੀਤਾ। ਲਾਤੀਨੀ ਅਮਰੀਕਾ ਸਪੇਨੀ ਸਾਮਰਾਜ ਦੀ ਵਿਸਥਾਰਵਾਦੀ ਨੀਤੀ ਦਾ ਸਦੀਆਂ ਤੱਕ ਸ਼ਿਕਾਰ ਰਿਹਾ। ਲਾਤੀਨੀ ਮੁਲਕਾਂ ਦੀਆਂ ਸਥਾਨਕ ਬੋਲੀਆਂ, ਪੁਰਾਤਨ ਸਥਾਨਕ ਸੱਭਿਆਚਾਰ, ਸੰਗੀਤ ਤੇ ਵੱਖ-ਵੱਖ ਕੋਮਲ ਕਲਾਵਾਂ ਉੱਤੇ ਸਪੇਨੀ ਸਾਮਰਾਜੀ ਭਾਸ਼ਾ (ਸਪੈਨਿਸ਼) ਅਤੇ ਸੱਭਿਆਚਾਰ ਦਾ ਪੂਰਾ ਪ੍ਰਭਾਵ ਰਿਹਾ। ਅੱਜ ਵੀ ਸਪੈਨਿਸ਼ ਸਾਮਰਾਜ ਦੇ ਦਾਬੇ ਹੇਠ ਰਹੇ ਮੁਲਕਾਂ ਵਿੱਚ ਸਪੈਨਿਸ਼ ਸਾਹਿਤ, ਸੱਭਿਆਚਾਰ ਅਤੇ ਕਲਾਵਾਂ ਦੇ ਕੇਂਦਰ ਵੱਡੀ ਤਦਾਦ ਵਿੱਚ ਸਥਾਪਿਤ ਹਨ। ਉਂਝ ਵੀ ਵਿਸ਼ਵ ਵਿਰਾਸਤੀ ਮੁਕਾਮਾਂ ਵਿੱਚੋਂ ਸਪੇਨ ਦਾ ਚੌਥਾ ਨੰਬਰ ਹੈ ਅਤੇ ਇੱਥੇ ਦੁਨੀਆਂ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਜਿੱਥੇ ਸਪੇਨੀ ਸਾਹਿਤ, ਸੰਗੀਤ, ਸੱਭਿਆਚਾਰ ਅਤੇ ਕਲਾ ਦੇ ਸੰਸਾਰ ਵਿੱਚ ਚੋਖੇ ਪ੍ਰਭਾਵ ਕਾਰਨ ਪਾਬਲੋ ਪਿਕਾਸੋ ਜਾਣੀ-ਪਛਾਣੀ ਵਿਸ਼ਵ ਪ੍ਰਤਿਭਾ ਹੈ ਉੱਥੇ ਉਸ ਦੀ ਫਾਸ਼ੀਵਾਦੀ ਵਿਰੋਧੀ ਸੁਰ ਕਾਰਨ ਹਰਮਨ ਪਿਆਰਤਾ ਬਣੀ ਹੋਈ ਹੈ। ਸਪੇਨ ਵਿੱਚ 1939 ਤੋਂ 1975 ਤੱਕ ਦਾ ਦੌਰ ਇਤਿਹਾਸ ਵਿੱਚ ਖ਼ਾਸ ਤੌਰ ’ਤੇ ਫਾਸ਼ੀਵਾਦੀ ਤਾਨਾਸ਼ਾਹੀ (ਫਰਾਂਸਿਸਕੋ ਫਰੈਂਕੋ ਦੀ ਅਗਵਾਈ ਹੇਠ) ਦਾ ਦੌਰ ਸੀ ਅਤੇ ਇਹੀ ਸਮਾਂ ਪਾਬਲੋ ਪਿਕਾਸੋ ਦੀ ਕਲਾ ਦੀ ਚੜ੍ਹਤ ਦਾ ਸਮਾਂ ਸੀ। ਉਸ ਦੀ ਕਲਾ ਦੀ ਪ੍ਰਸਿੱਧੀ ਪਿੱਛੇ ਅਸਲ ਕਾਰਨ ਵੀ ਉਸ ਦੀ ਫਾਸ਼ੀਵਾਦੀ ਤਾਨਾਸ਼ਾਹ ਹਕੂਮਤ ਦੀ ਬਰਰਰਤਾ ਦੀ ਪੇਸ਼ਕਾਰੀ ਅਤੇ ਵਿਰੋਧ ਸੀ। ਭਾਵੇਂ ਕਲਾ ਪ੍ਰੇਮੀ ਉਸ ਦੀ ਕਲਾ, ਕਵਿਤਾ, ਨਾਟਕਾਂ ਤੇ ਚਿੱਤਰਕਲਾ ਵਿਚਲੇ ਖੋਜ ਕਾਰਨ ਨੂੰ ਹੋਰ ਸੂਖ਼ਮ, ਸੁੰਦਰ ਤੇ ਸੰਵੇਦਨਸ਼ੀਲ ਪੱਖਾਂ ਤੋਂ ਵੀ ਵਾਚਦੇ ਹਨ, ਪਰ ਉਸ ਦੀ ਵਿਸ਼ਵ ਪ੍ਰਸਿੱਧੀ ਉਸ ਦੇ ਵਿਚਾਰਾਂ ਤੇ ਕਲਾ ਵਿਚਲੀ ਸਿਆਸੀ ਅਪੀਲ ਕਰਕੇ ਜ਼ਿਆਦਾ ਰਹੀ ਹੈ।
ਸੰਪਰਕ: +1 438-924-2052