ਗੁਰਪ੍ਰੀਤ
ਫ਼ਲਸਤੀਨ ਇਸ ਵੇਲੇ ਸ਼ਾਇਦ ਧਰਤੀ ਦਾ ਸਭ ਤੋਂ ਅਸੁਰੱਖਿਅਤ ਹਿੱਸਾ ਹੈ। ਇਜ਼ਰਾਇਲੀ ਰਾਕਟ ਕਿਸੇ ਵੇਲੇ ਵੀ ਹਵਾ ’ਚੋਂ ਆਪਣੇ ਖੰਭ ਖਿਲਾਰੀ ਇਸ ਧਰਤੀ ’ਤੇ ਆ ਉੱਤਰਦੇ ਹਨ ਤੇ ਲਹੂ ਨਾਲ਼ ਲੱਥ-ਪੱਥ ਲੋਥਾਂ, ਦਰਦ ਨਾਲ਼ ਤੜਫਦੇ ਜ਼ਖਮੀ ਤੇ ਤਬਾਹੀ ਫੈਲਾਅ ਜਾਂਦੇ ਹਨ। 11 ਮਈ ਨੂੰ ਇਜ਼ਰਾਈਲ ਨੇ ਫ਼ਲਸਤੀਨ ਉੱਪਰ ਫਿਰ ਹਵਾਈ ਹਮਲਾ ਕੀਤਾ ਜਿਸ ’ਚ 29 ਫ਼ਲਸਤੀਨੀ ਨਾਗਰਿਕ ਮਾਰੇ ਗਏ ਤੇ 90 ਦੇ ਕਰੀਬ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਜਿ਼ਆਦਾਤਰ ਔਰਤਾਂ ਤੇ ਬੱਚੇ ਸਨ। ਇਹ ਸਿਲਸਿਲਾ ਪਿਛਲੇ 75 ਸਾਲਾਂ ਤੋਂ ਚਲ ਰਿਹਾ ਹੈ।
15 ਮਈ ਦੇ ਦਿਨ ਨੂੰ ਫ਼ਲਸਤੀਨ ਅਲ-ਨਕਬਾ ਦੇ ਨਾਮ ਨਾਲ਼ ਯਾਦ ਕਰਦੇ ਹਨ। ਨਕਬਾ ਦਾ ਭਾਵ ਹੈ ਤਬਾਹੀ। 15 ਮਈ 1948 ਨੂੰ ਫਸਲਤੀਨੀਆਂ ਦਾ ਵੱਡੇ ਪੱਧਰ ’ਤੇ ਕਤਲੇਆਮ ਕਰ ਕੇ ਉਹਨਾਂ ਨੂੰ ਘਰੋਂ ਉਜਾੜਿਆ ਗਿਆ ਤੇ ਉਹਨਾਂ ਉੱਪਰ ਜੰਗ ਥੋਪ ਦਿੱਤੀ ਗਈ। ਇਹ ਜੰਗ ਅੱਜ 75 ਸਾਲ ਬਾਅਦ ਵੀ ਜਾਰੀ ਹੈ। ਇਹ ਸਭ ਦੂਜੀ ਸੰਸਾਰ ਜੰਗ ਤੋਂ ਬਾਅਦ ਯਹੂਦੀਆਂ ਨੂੰ ਮੁੜ ਵਸਾਉਣ ਦੇ ਨਾਮ ਉੱਪਰ ਸਾਮਰਾਜੀਆਂ ਦਾ ਘਿਨਾਉਣਾ ਕਾਰਾ ਸੀ।
ਦੂਜੀ ਸੰਸਾਰ ਜੰਗ ਵੇਲੇ ਵੱਖ ਵੱਖ ਮੁਲਕਾਂ ਦੇ ਯਹੂਦੀ ਜਰਮਨ ਨਾਜ਼ੀਆਂ ਹੱਥੋਂ ਵੱਡੇ ਪੱਧਰ ’ਤੇ ਕਤਲੇਆਮ ਅਤੇ ਉਜਾੜੇ ਦੇ ਸ਼ਿਕਾਰ ਹੋਏ। ਸੰਸਾਰ ਜੰਗ ਮੁੱਕਣ ਤੋਂ ਬਾਅਦ ਸਾਮਰਾਜੀਆਂ ਨੇ ਇਹਨਾਂ ਨੂੰ ਆਪਣੇ ਜੱਦੀ ਇਲਾਕਿਆਂ ’ਚ ਜਾਂ ਵੱਖ ਵੱਖ ਸਾਮਰਾਜੀ ਜਾਂ ਯੂਰੋਪੀਅਨ ਮੁਲਕਾਂ ’ਚ ਵਸਾਉਣ ਦੀ ਥਾਂ ਫ਼ਲਸਤੀਨ ਦੇ ਉਜਾੜੇ ਦਾ ਮਨਸੂਬਾ ਘੜਿਆ। ਫ਼ਲਸਤੀਨ ਦੀ ਰਾਜਧਾਨੀ ਯੋਰੋਸ਼ਲਮ ਯਹੂਦੀਆਂ ਲਈ ਧਾਰਮਿਕ ਮਹੱਤਵ ਰੱਖਦੀ ਹੈ। ਇਸੇ ਨੂੰ ਆਧਾਰ ਬਣਾ ਕੇ ਸਾਮਰਾਜੀਆਂ ਨੇ ਵੱਖ ਵੱਖ ਮੁਲਕਾਂ ਤੋਂ ਉੱਜੜੇ ਯਹੂਦੀਆਂ ਨੂੰ ਅਰਬ ਮੁਲਕ ਫ਼ਲਸਤੀਨ ਵਿਚ ਲਿਆ ਕੇ ਇਜ਼ਰਾਈਲ ਦੀ ਸਥਾਪਨਾ ਕੀਤੀ। ਅਸਲ ਵਿਚ ਇਸ ਇਲਾਕੇ ਵਿਚ ਯਹੂਦੀ ਜਿ਼ਓਨਿਸਟ (ਯਹੂਦੀ ਕੱਟੜਪੰਥੀ) ਪਹਿਲਾਂ ਤੋਂ ਹੀ ਸਰਗਰਮ ਸਨ। ਪਹਿਲੀ ਸੰਸਾਰ ਜੰਗ ਵਿਚ ਓਟੋਮਨ ਸਾਮਰਾਜ ਢਹਿ-ਢੇਰੀ ਹੋਣ ਤੋਂ ਬਾਅਦ ਫ਼ਲਸਤੀਨ ਦਾ ਇਲਾਕਾ ਇੰਗਲੈਂਡ ਦੇ ਕਬਜ਼ੇ ਵਿਚ ਆ ਗਿਆ ਤੇ ਉਹਨਾਂ ਨੇ ਆਪਣੇ ਹਿੱਤਾਂ ਲਈ ਇੱਥੇ ਯਹੂਦੀ ਜਿ਼ਓਨਿਸਟਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ਦੂਜੀ ਸੰਸਾਰ ਜੰਗ ਖਤਮ ਹੋਣ ਤੋਂ ਬਾਅਦ ਬਰਤਾਨੀਆ ਤੇ ਫਰਾਂਸ ਵਰਗੇ ਸਾਮਰਾਜੀ ਮੁਲਕ ਕਮਜ਼ੋਰ ਹੋ ਚੁੱਕੇ ਸਨ ਤੇ ਉਹਨਾਂ ਲਈ ਅਰਬ ਉੱਪਰ ਕਬਜ਼ਾ ਰੱਖਣਾ ਸੰਭਵ ਨਹੀਂ ਸੀ ਰਿਹਾ। ਇਸ ਕਰ ਕੇ ਇਸ ਖਿੱਤੇ ਵਿਚ ਆਪਣੇ ਫੌਜੀ ਅੱਡੇ ਦੇ ਰੂਪ ਵਿਚ ਸਾਮਰਾਜੀਆਂ ਨੇ ਇਜ਼ਰਾਈਲ ਵਸਾਇਆ। ਸਾਮਰਾਜੀ ਸੰਸਥਾ ਸੰਯੁਕਤ ਰਾਸ਼ਟਰ ਨੇ ਫ਼ਲਸਤੀਨ ਨੂੰ ਵੰਡ ਕੇ ਦੋ ਦੇਸ਼ (ਫ਼ਲਸਤੀਨ ਤੇ ਇਜ਼ਰਾਈਲ) ਵਸਾਉਣ ਦੀ ਯੋਜਨਾ ਬਣਾਈ ਜਿਸ ਨੂੰ ਅਰਬ ਮੁਲਕਾਂ ਨੇ ਨਾ-ਮਨਜ਼ੂਰ ਕਰ ਦਿੱਤਾ। ਫਿਰ ਵੀ ਧੱਕੇ ਨਾਲ ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਮੁੱਖ ਤਾਕਤ ਬਣਿਆ ਅਮਰੀਕਾ ਇਸ ਕੰਮ ਵਿਚ ਮੋਹਰੀ ਸੀ।
1948 ਵਿਚ ਜਦੋਂ ਸੰਯੁਕਤ ਰਾਸ਼ਟਰ ਦੀ ਯੋਜਨਾ ਤਹਿਤ ਇਜ਼ਰਾਈਲ ਵਸਾਇਆ ਗਿਆ ਤਾਂ ਫ਼ਲਸਤੀਨ ਦੇ ਤੈਅ ਕੀਤੇ ਇਲਾਕੇ ਨਾਲੋਂ ਕਿਤੇ ਵੱਡੇ ਇਲਾਕੇ ਉੱਪਰ ਕਬਜ਼ਾ ਕਰ ਲਿਆ ਗਿਆ ਤੇ ਫ਼ਲਸਤੀਨੀ ਲੋਕਾਂ ਉੱਪਰ ਜੰਗ ਥੋਪ ਦਿੱਤੀ ਗਈ। ਕਰੀਬ 530 ਪਿੰਡ ਤਬਾਹ ਕੀਤੇ ਗਏ ਅਤੇ 15,000 ਫ਼ਲਸਤੀਨੀ ਮਾਰੇ ਗਏ, ਕਰੀਬ 7.5 ਲੱਖ ਫ਼ਲਸਤੀਨੀਆਂ ਨੂੰ ਉੱਜੜਨਾ ਪਿਆ। 75 ਸਾਲਾਂ ਵਿਚ ਇਜ਼ਾਰਾਈਲ ਨੇ ਜਬਰੀ ਆਪਣਾ ਪਸਾਰ ਕਰਦੇ ਹੋਏ ਫ਼ਲਸਤੀਨ ਨੂੰ ਦੋ ਬਹੁਤ ਹੀ ਛੋਟੇ ਅੱਡਰੇ ਇਲਾਕਿਆਂ (ਗਾਜ਼ਾ ਪੱਟੀ ਤੇ ਪੱਛਮੀ ਕੰਢਾ) ਵਿਚ ਸੀਮਤ ਕਰ ਦਿੱਤਾ ਹੈ। ਇਜ਼ਰਾਈਲ ਤੇ ਉਸ ਦੀ ਪਿੱਠ ਉੱਪਰ ਖੜ੍ਹੇ ਸਾਮਰਾਜੀ ਫ਼ਲਸਤੀਨ ਦਾ ਪੂਰੀ ਤਰ੍ਹਾਂ ਖੋਜ-ਖੁਰਾ ਮਿਟਾ ਦੇਣ ਲਈ ਬਜਿੱਦ ਹਨ ਪਰ ਫ਼ਲਸਤੀਨੀ ਆਖ਼ਰੀ ਬਾਸ਼ਿੰਦੇ ਦੇ ਬਚੇ ਰਹਿਣ ਤੱਕ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।
1967 ਵਿਚ ਇਜ਼ਰਾਈਲ ਨੇ ਕੌਮਾਂਤਰੀ ਨੇਮਾਂ/ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਵਿਚ ਆਪਣੀ ਫ਼ੌਜ ਤਾਇਨਾਤ ਕਰ ਦਿੱਤੀ ਤੇ ਫ਼ਲਸਤੀਨ ਨੂੰ ਆਪਣੀ ਬਸਤੀ ਵਿਚ ਬਦਲ ਦਿੱਤਾ। ਫ਼ਲਸਤੀਨੀਆਂ ਨੂੰ ਜਬਰੀ ਉਜਾੜ ਕੇ ਯਹੂਦੀਆਂ ਦੀਆਂ ਬਸਤੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ। ਫ਼ਲਸਤੀਨ ਮੁਕਤੀ ਜਥੇਬੰਦੀ (ਪੀਐਲਓ) ਦੀ ਅਗਵਾਈ ਥੱਲੇ ਫ਼ਲਸਤੀਨੀਆਂ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਦੂਜੇ ਪਾਸੇ, ਅਰਬ ਮੁਲਕਾਂ ਵਿਚੋਂ ਇੱਕ ਤੋਂ ਬਾਅਦ ਇੱਕ ਮੁਲਕ ਦੀ ਹਕੂਮਤ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕਦੀ ਗਈ ਅਤੇ ਫ਼ਲਸਤੀਨ ਦੇ ਲੋਕਾਂ ਦਾ ਸਾਥ ਛੱਡਦੀ ਗਈ ਭਾਵੇਂ ਵਿਆਪਕ ਅਰਬ ਆਬਾਦੀ ਅੱਜ ਵੀ ਫ਼ਲਸਤੀਨ ਪੱਖੀ ਹੈ। ਸਮੇਂ ਨਾਲ ਫ਼ਲਸਤੀਨ ਮੁਕਤੀ ਜਥੇਬੰਦੀ (ਪੀਐਲਓ) ਦਾ ਰੁਖ ਸਮਝੌਤਾਵਾਦੀ ਹੋ ਗਿਆ ਅਤੇ ਵਧੇਰੇ ਰੈਡੀਕਲ ਜਥੇਬੰਦੀਆਂ ਕਾਇਮ ਹੋਣ ਲੱਗੀਆਂ। ਹਮਾਸ ਇਨ੍ਹਾਂ ਵਿਚੋਂ ਇੱਕ ਹੈ ਜੋ ਵਿਚਾਰਧਾਰਾ ਪੱਖੋਂ ਇਸਲਾਮੀ ਕੱਟੜਪੰਥੀ ਜਥੇਬੰਦੀ ਹੈ ਪਰ ਆਪਣੇ ਲੜਾਕੂਪੁਣੇ ਤੇ ਜਨਤਕ ਸੇਵਾਵਾਂ ਦੇ ਤਾਣੇ-ਬਾਣੇ ਨਾਲ ਇਸ ਨੇ ਲੋਕਾਂ ਦੀ ਕਾਫੀ ਹਮਾਇਤ ਹਾਸਲ ਕੀਤੀ ਹੈ। ਇਸੇ ਦੌਰਾਨ 1988 ਵਿਚ ਪਹਿਲੀ ‘ਇੰਤਿਫਦਾ’ (ਬਗਾਵਤ) ਲਹਿਰ ਸ਼ੁਰੂ ਹੋਈ ਜਿਸ ਦੇ ਨਤੀਜੇ ਵਜੋਂ 1993 ਵਿਚ ‘ਓਸਲੋ ਐਲਾਨਨਾਮਾ’ ਹੋਇਆ। ਇਸ ਐਲਾਨਨਾਮੇ ਦੇ ਸਿੱਟੇ ਵਜੋਂ ਫ਼ਲਸਤੀਨੀਆਂ ਨੂੰ ਸੀਮਤ ਹੱਕ ਮਿਲੇ ਅਤੇ ਕੁਝ ਹੱਦ ਤੱਕ ਆਪਣੀ ਸਰਕਾਰ ਦਾ ਹੱਕ ਵੀ ਹਾਸਲ ਹੋਇਆ ਪਰ ਨਾ ਤਾਂ ਫ਼ਲਸਤੀਨ ਨੂੰ ਦੇਸ਼ ਦੇ ਰੂਪ ਵਿਚ ਮਾਨਤਾ ਮਿਲ਼ੀ ਤੇ ਨਾ ਹੀ ਫ਼ਲਸਤੀਨੀ ਇਲਾਕੇ ਵਿਚੋਂ ਇਜ਼ਰਾਇਲੀ ਫ਼ੌਜ ਹਟੀ ਅਤੇ ਨਾ ਹੀ ਇਜ਼ਰਾਈਲ ਨੇ ਫ਼ਲਸਤੀਨੀ ਇਲਾਕੇ ਵਿਚ ਯਹੂਦੀ ਬਸਤੀਆਂ ਵਸਾਉਣੀਆਂ ਬੰਦ ਕੀਤੀਆਂ। ਫ਼ਲਸਤੀਨ ਮੁਕਤੀ ਜਥੇਬੰਦੀ ਦੇ ਸਮਝੌਤਾਵਾਦੀ ਰੁਖ਼ ਕਾਰਨ ਫ਼ਲਸਤੀਨੀ ਲੋਕਾਂ ਵਿਚ ਹਮਾਸ ਦਾ ਆਧਾਰ ਫੈਲਦਾ ਗਿਆ ਅਤੇ ਗਾਜ਼ਾ ਪੱਟੀ ਦੇ ਖਿੱਤੇ ਵਿਚ ਹਮਾਸ ਨੇ ਫ਼ਲਸਤੀਨ ਮੁਕਤੀ ਜਥੇਬੰਦੀ ਨੂੰ ਲੋਕਾਂ ਵਿਚੋਂ ਬਾਹਰ ਕੱਢ ਦਿੱਤਾ। 2001 ਵਿਚ ਗਾਜ਼ਾ ਪੱਟੀ ਵਿਚੋਂ ਦੂਜੀ ਇੰਤਿਫਦਾ (ਬਗਾਵਤ) ਲਹਿਰ ਸ਼ੁਰੂ ਹੋਈ ਅਤੇ ਇਸ ਨੇ ਇਜ਼ਰਾਈਲ ਨੂੰ ਗਾਜ਼ਾ ਵਿਚੋਂ ਆਪਣੀ ਫ਼ੌਜ ਵਾਪਸ ਬੁਲਾਉਣ ਅਤੇ ਧੱਕੇ ਨਾਲ ਵਸਾਈਆਂ ਯਹੂਦੀ ਬਸਤੀਆਂ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ ਪਰ ਜੰਗਬੰਦੀ ਤੋਂ ਬਾਅਦ ਵੀ ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਘੇਰਾਬੰਦੀ ਕੀਤੀ ਹੋਈ ਹੈ। ਇਜ਼ਰਾਈਲ ਨੇ ਫ਼ਲਸਤੀਨ ਦੇ ਹਵਾਈ ਖੇਤਰ ਅਤੇ ਸਮੁੰਦਰੀ ਤੱਟ ਉੱਤੇ ਕਬਜ਼ਾ ਜਮਾ ਰੱਖਿਆ ਹੈ ਅਤੇ ਜ਼ਮੀਨੀ ਰਸਤੇ ਦੀ ਵੀ ਇੱਕ ਲੰਮੀ ਦੀਵਾਰ ਉਸਾਰ ਕੇ ਨਾਕਾਬੰਦੀ ਕੀਤੀ ਹੋਈ ਹੈ। ਫ਼ਲਸਤੀਨ ਦੀ ਘੇਰਾਬੰਦੀ ਇੰਨੀ ਅਣਮਨੁੱਖੀ ਹੈ ਕਿ ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦੇ ਲੋਕਾਂ ਨੂੰ ਵੀ ਇੱਕ-ਦੂਜੇ ਦੇ ਇਲਾਕੇ ਵਿਚ ਨਹੀਂ ਜਾਣ ਦਿੱਤਾ ਜਾਂਦਾ। ਡਾਕਟਰੀ ਸਹੂਲਤਾਂ ਤੇ ਹੋਰ ਅਤਿ ਜ਼ਰੂਰੀ ਵਸਤਾਂ ਲਈ ਵੀ ਫ਼ਲਸਤੀਨੀਆਂ ਦਾ ਲਾਂਘਾ ਰੋਕਿਆ ਜਾਂਦਾ ਹੈ ਤੇ ਅਕਸਰ ਉੱਥੇ ਕਿਸੇ ਤਰ੍ਹਾਂ ਦੀ ਮਨੁੱਖੀ ਰਾਹਤ ਨਹੀਂ ਜਾਣ ਦਿੱਤੀ ਜਾਂਦੀ।
2001 ਤੋਂ 2005 ਤੱਕ ਚੱਲੇ ਦੂਜੇ ‘ਇੰਤਿਫਦਾ’ (ਬਗਾਵਤ) ਤੋਂ ਬਾਅਦ ਵੀ ਇਜ਼ਰਾਈਲ ਵੱਲੋਂ ਫ਼ਲਸਤੀਨ ਵਿਚ ਮਨੁੱਖਤਾ ਦਾ ਘਾਣ ਜਾਰੀ ਹੈ। ਛੋਟੇ ਪੱਧਰ ਦੀ ਬੰਬਾਰੀ, ਖੂਨੀ ਹਮਲੇ ਆਮ ਗੱਲ ਹੈ। ਹਰ ਕੁਝ ਸਾਲ ਬਾਅਦ ਵੱਡੀਆਂ ਜੰਗਾਂ ਵੀ ਲਗਦੀਆਂ ਹਨ। 2008, 2012 ਤੇ 2014 ਵਿਚ ਇਜ਼ਰਾਈਲ ਵੱਲੋਂ ਅਜਿਹੀਆਂ ਜੰਗਾਂ ਥੋਪੀਆਂ ਗਈਆਂ ਜਿਹਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਫ਼ਲਸਤੀਨੀ ਮਾਰੇ ਗਏ, ਜ਼ਖਮੀਆਂ ਤੇ ਉਜਾੜਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਇਜ਼ਰਾਈਲ ਦੇ ਇਹਨਾਂ ਹਮਲਿਆਂ ਦਾ ਨਿਸ਼ਾਨਾ ਅਕਸਰ ਬੱਚੇ ਤੇ ਔਰਤਾਂ ਬਣਦੀਆਂ ਹਨ। ਪਿਛਲੇ ਕੁਝ ਸਾਲਾਂ ਵਿਚ ਭਾਵੇਂ ਇਜ਼ਰਾਈਲ ਨੇ ਫ਼ਲਸਤੀਨ ਨਾਲ ਸਿੱਧੀ ਜੰਗ ਨਹੀਂ ਛੇੜੀ ਪਰ ਆਨੇ-ਬਹਾਨੇ ਹਮਲੇ ਜਾਰੀ ਹਨ। 2022 ਨੂੰ ਫ਼ਲਸਤੀਨ ਲਈ ਪਿਛਲੇ 2 ਦਹਾਕਿਆਂ ਦਾ ਸਭ ਤੋਂ ਹਿੰਸਕ ਵਰ੍ਹਾ ਐਲਾਨਿਆ ਗਿਆ। ਇਸ ਸਾਲ ਪੱਛਮੀ ਕੰਢੇ ਵਾਲੇ ਫ਼ਲਸਤੀਨ ਵਿਚ ਵੱਖ ਵੱਖ ਹਮਲਿਆਂ ਵਿਚ ਇਜ਼ਰਾਇਲੀ ਫੌਜ ਨੇ 146 ਜਣਿਆਂ ਨੂੰ ਮਾਰ ਦਿੱਤਾ। ਇਹਨਾਂ ਹਮਲਿਆਂ ਵਿਚ ਹਵਾਈ ਹਮਲੇ, ਬੰਬਾਰੀ, ਗੋਲੀ ਮਾਰਨਾ ਤੇ ਗਸ਼ਤ ਕਰ ਰਹੇ ਫੌਜੀਆਂ ਵੱਲੋਂ ਚਾਕੂ ਚਲਾਉਣਾ ਸ਼ਾਮਲ ਹੈ।
ਫ਼ਲਸਤੀਨ ਉੱਪਰ ਜਬਰ ਪਿੱਛੇ ਇਜ਼ਰਾਈਲ ਦੇ ਹਾਕਮਾਂ ਦੀ ਇੱਕ ਹੋਰ ਜ਼ਰੂਰਤ ਵੀ ਹੈ। ਇਜ਼ਰਾਈਲ ਵੀ ਸਰਮਾਏਦਾਰਾ ਵਿਕਾਸ ਉੱਪਰ ਅੱਗੇ ਵਧਿਆ ਹੈ ਜਿਸ ਦਾ ਮਤਲਬ ਮੁੱਠੀ ਭਰ ਸਰਮਾਏਦਾਰਾਂ ਦਾ ਵਿਕਾਸ ਹੋਇਆ ਹੈ ਤੇ ਕਿਰਤੀ ਆਬਾਦੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਜ਼ਰਾਈਲ ਦੇ ਹਾਕਮ ਜੰਗੀ ਜਨੂਨ ਭੜਕਾ ਕੇ ਲੋਕਾਂ ਦਾ ਗੁੱਸਾ ਫ਼ਲਸਤੀਨ ਵਾਲ਼ੇ ਪਾਸੇ ਕੱਢਣ ਦਾ ਯਤਨ ਕਰਦੇ ਹਨ। ਇਸ ਵੇਲੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਹੂ ਹੈ ਜਿਸ ਨੂੰ ਵੱਡੇ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕਰੋਨਾ ਲੌਕਡਾਊਨ ਦਾ ਲਾਹਾ ਲੈਂਦੇ ਹੋਏ ਉਸ ਨੇ ਕਈ ਸੰਸਦੀ ਸੁਧਾਰਾਂ ਰਾਹੀਂ ਬਹੁਤ ਸਾਰੀਆਂ ਤਾਕਤਾਂ ਆਪਣੇ ਹੱਥ ਲੈ ਲਈਆਂ ਸਨ। ਹੁਣ ਖੁਦ ਨੂੰ ਦੋਸ਼ ਮੁਕਤ ਕਰਵਾਉਣ ਲਈ ਉਸ ਨੇ ਨਿਆਂਇਕ ਢਾਂਚੇ ਵਿਚ ਵੀ ਕਈ ਤਬਦੀਲੀਆਂ ਕੀਤੀਆਂ ਹਨ।
ਇਜ਼ਰਾਈਲ ਲੋਕਾਂ ਉੱਪਰ ਜਬਰ ਢਾਹੁਣ ਦੀ ਪ੍ਰਯੋਗਸ਼ਾਲਾ ਵੀ ਬਣਿਆ ਹੋਇਆ ਹੈ ਜਿਸ ਤੋਂ ਹੋਰ ਮੁਲਕਾਂ ਦੇ ਹਾਕਮ ਸਿੱਖਦੇ ਹਨ। ਇਜ਼ਰਾਈਲ ’ਚ ਨਵੇਂ ਹਥਿਆਰ, ਜਬਰ ਕਰਨ ਤੇ ਤਸੀਹੇ ਦੇਣ ਦੇ ਨਵੇਂ ਨਵੇਂ ਤਰੀਕੇ ਪਰਖੇ ਜਾਂਦੇ ਹਨ। ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਸੰਸਾਰ ਦੀ ਸਭ ਤੋਂ ਵੱਧ ਬਦਨਾਮ ਸੰਸਥਾ ਹੈ ਜੋ ਹੋਰ ਮੁਲਕਾਂ ਦੇ ਹਾਕਮਾਂ ਨੂੰ ਲੋਕਾਂ ਉੱਪਰ ਜਬਰ ਢਾਹੁਣ ਦੀ ਸਿਖਲਾਈ ਦੇਣ ਦਾ ਕੰਮ ਵੀ ਕਰਦੀ ਹੈ। ਪਿਛਲੇ ਸਮਿਆਂ ’ਚ ਮੋਬਾਇਲ ਫੋਨਾਂ ’ਚ ਜਿਹੜੇ ਜਾਸੂਸੀ ਵਾਲ਼ੇ ਸਾਫਟਵੇਅਰ ਪੈਗਾਸਸ ਦਾ ਖੁਲਾਸਾ ਹੋਇਆ, ਉਹ ਵੀ ਇਜ਼ਰਾਈਲ ਦੀ ਹੀ ਦੇਣ ਸੀ।
ਫ਼ਲਸਤੀਨ ਦੀ ਤਬਾਹੀ ਦੀ ਨੀਂਹ ਰੱਖਣ ਵਾਲ਼ਾ ਸੰਯੁਕਤ ਰਾਸ਼ਟਰ ਅਕਸਰ ਫ਼ਲਸਤੀਨ ਪ੍ਰਤੀ ਹਮਦਰਦੀ ਦਿਖਾਉਂਦਾ ਹੋਇਆ ਇਸ ਦਾ ਮਸਲਾ ਚੁੱਕਦਾ ਹੈ ਪਰ 75 ਸਾਲ ਬਾਅਦ ਵੀ ਇਹ ਇਜ਼ਰਾਈਲ ਨੂੰ ਰੋਕਣ ਅਤੇ ਫ਼ਲਸਤੀਨ ਦਾ ਮਸਲਾ ਹੱਲ ਕਰਨ ਜਾਂ ਘੱਟੋ-ਘੱਟ ਫ਼ਲਸਤੀਨੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਹੋਣੋਂ ਵੀ ਨਹੀਂ ਰੋਕ ਸਕਿਆ। ਸੰਯੁਕਤ ਰਾਸ਼ਟਰ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੀ ਸ਼ਹਿ ’ਤੇ ਹਥਿਆਰਾਂ ਜਿਹੀ ਮਦਦ ਨਾਲ ਇਜ਼ਰਾਈਲ ਲਗਾਤਾਰ ਫ਼ਲਸਤੀਨ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਪਰ ਇਜ਼ਰਾਈਲ ਦਾ ਅੰਨ੍ਹਾ ਜਬਰ 75 ਸਾਲਾਂ ਵਿਚ ਵੀ ਫ਼ਲਸਤੀਨੀ ਲੋਕਾਂ ਨੂੰ ਝੁਕਾ ਨਹੀਂ ਸਕਿਆ ਸਗੋਂ ਹਰ ਜਬਰ ਨਾਲ ਉਹਨਾਂ ਦੀ ਮੁਕਤੀ ਦੀ ਤਾਂਘ ਹੋਰ ਪ੍ਰਬਲ ਹੋ ਰਹੀ ਹੈ।
ਸੰਪਰਕ: 98887-89421