ਮਨਦੀਪ
ਅੱਜ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਰਥਿਕ ਤੇ ਫੌਜੀ ਮਦਦ ਨਾਲ ਇਜ਼ਰਾਈਲੀ ਵੱਲੋਂ ਫ਼ਲਸਤੀਨ ਤਬਾਹ ਕੀਤਾ ਜਾ ਰਿਹਾ ਹੈ। ਜੰਗ ਦੇ ਸ਼ੁਰੂ ਹੋਣ ਤੋਂ ਲੈ ਕੇ 12 ਫਰਵਰੀ ਤੱਕ 28340 ਨਿਰਦੋਸ਼ ਫ਼ਲਸਤੀਨੀ ਨਿਹੱਕੀ ਜੰਗ ਦੀ ਭੇਂਟ ਚੜ੍ਹ ਚੁੱਕੇ ਹਨ। ਮੋਇਆਂ ਵਿੱਚ 12500 ਬੱਚੇ ਅਤੇ 8300 ਔਰਤਾਂ ਸ਼ਾਮਲ ਸਨ। 67984 ਲੋਕ ਜਖ਼ਮੀ ਹਾਲਤ ਵਿੱਚ ਹਮਲੇ ਹੇਠ ਆਏ ਹੋਏ ਹਸਪਤਾਲਾਂ ਵਿੱਚ ‘ਜ਼ੇਰੇ ਇਲਾਜ’ ਹਨ। ਜਖ਼ਮੀਆਂ ਵਿੱਚੋਂ 8663 ਬੱਚੇ ਅਤੇ 6327 ਔਰਤਾਂ ਹਨ। 7000 ਲੋਕ ਲਾਪਤਾ ਹਨ ਅਤੇ ਬਾਕੀ ਦੀ ਵਸੋਂ ਮੌਤ ਦੇ ਭਿਅੰਕਰ ਹਮਲੇ ਹੇਠ ਸਹਿਮੀ ਹੋਈ ਹੈ। ਭੋਜਨ, ਪਾਣੀ, ਦਵਾਈਆਂ, ਊਰਜਾ ਸ੍ਰੋਤ ਆਦਿ ਦੀ ਕਿੱਲਤ ਵਿੱਚ ਬਹੁਗਿਣਤੀ ਸ਼ਰਨਾਰਥੀ ਕੈਂਪਾਂ, ਮਲਬਿਆਂ, ਟੈਂਟਾਂ, ਹਸਪਤਾਲਾਂ, ਮਸਜਿਦਾਂ ਅਤੇ ਸਰਹੱਦਾਂ ਉੱਤੇ ਭਟਕ ਰਹੀ ਹੈ। ਜਿੱਥੇ ਇਜ਼ਰਾਈਲ ਅੱਜ ਦਾ ਨਾਜ਼ੀ ਬਣ ਕੇ ਫ਼ਲਸਤੀਨ ’ਤੇ ਝਪਟ ਰਿਹਾ ਹੈ, ਉੱਥੇ ਫ਼ਲਸਤੀਨੀ ਸੰਸਾਰ ਸਾਹਮਣੇ ਦਿਓਕੱਦ ਸਾਮਰਾਜੀ ਤਾਕਤਾਂ ਖਿਲਾਫ ਟੱਕਰ ਦੀ ਬੇਮਿਸਾਲ ਪ੍ਰੇਰਨਾ ਬਣ ਰਹੇ ਹਨ।
ਗਾਜ਼ਾ ਪੱਟੀ ਤੋਂ ਇਲਾਵਾ ਪੱਛਮੀ ਕੰਢੇ, ਖਾਨ ਯੂਸਫ਼ ਤੇ ਰਾਫ਼ਾਹ ਵਿੱਚੋਂ ਲੋਕਾਂ ਨੂੰ ਵੱਡੀ ਪੱਧਰ ’ਤੇ ਉਜਾੜਿਆ ਜਾ ਰਿਹਾ ਹੈ। 11-12 ਫਰਵਰੀ ਨੂੰ ਰਾਫ਼ਾ ਵਿੱਚੋਂ ਹਮਾਸ ਦੀਆਂ ਚਾਰ ਬਟਾਲੀਅਨਾਂ ਖਦੇੜਨ ਬਹਾਨੇ ਵਿਸ਼ੇਸ਼ ਅਪ੍ਰੇਸ਼ਨ ਤਹਿਤ ਇਜ਼ਰਾਇਲੀ ਫੌਜ ਨੇ ਜ਼ਮੀਨੀ ਦਖ਼ਲ ਰਾਹੀਂ 67 ਫ਼ਲਸਤੀਨੀ ਮਾਰ ਦਿੱਤੇ ਅਤੇ ਰਾਫ਼ਾਹ ਵਿੱਚ ਪਹਿਲਾਂ ਹੀ ਜੰਗ ਦੀ ਮਾਰ ਹੇਠ ਰਹਿ ਰਹੇ 15 ਲੱਖ ਲੋਕਾਂ ਨੂੰ ਘਰ-ਬਾਰ ਛੱਡ ਕੇ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ। ਰਾਫ਼ਾਹ ਦੀ 15 ਲੱਖ ਵਸੋਂ ਫ਼ਲਸਤੀਨ ਦੇ ਕਿਹੜੇ ਹਿੱਸੇ ਵਿੱਚ ਜਾਵੇ ਜਿੱਥੇ ਜੰਗ ਨਹੀਂ? ਮੌਤ ਕਿੱਥੇ ਨਹੀਂ ਹੈ? ਲੋਕ ਪਹਿਲਾ ਹੀ ਟੈਂਟਾਂ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ। ਦਹਿ ਹਜ਼ਾਰਾਂ ਫ਼ਲਸਤੀਨੀ ਉੱਤਰ ਵੱਲ ਮਿਸਰ ਦੀ ਸਰਹੱਦ ਵੱਲ ਧੱਕ ਦਿੱਤੇ ਗਏ ਹਨ। ਹਸਪਤਾਲ ਤੇ ਮਸਜਿਦਾਂ ਤੱਕ ਸੁਰੱਖਿਅਤ ਨਹੀਂ। ਲੋਕਾਂ ਲਈ ਜੰਗੀ ਜ਼ੋਨ ਵਿੱਚ ਮਿਲਦੀਆਂ ਧਮਕੀਆਂ, ਅਸਮਾਨ ਤੋਂ ਵਰ੍ਹਦੇ ਬੰਬਾਂ, ਧਰਤੀ ’ਤੇ ਵਿਛੀਆਂ ਬਾਰੂਦੀ ਸੁਰੰਗਾਂ, ਮਲਬੇ ਦਾ ਢੇਰ ਬਣੀਆਂ ਰਿਹਾਇਸ਼ੀ ਇਮਾਰਤਾਂ ਤੇ ਉਪਰੋਂ ਭੋਜਨ, ਪਾਣੀ ਤੇ ਬਿਜਲੀ ਦੀ ਬੰਦ ਸਪਲਾਈ ਕਾਰਨ ਫ਼ਲਸਤੀਨ ਖੁੱਲ੍ਹੀ ਜੇਲ੍ਹ ਤੋਂ ਵਧ ਕੇ ਕੁਝ ਨਹੀਂ ਹੈ। ਪੱਤਰਕਾਰ ਤੇ ਸਿਹਤ ਕਾਮੇ ਵੀ ਹਮਲੇ ਦੀ ਮਾਰ ਹੇਠ ਹਨ। ਸ਼ਰਨਾਰਥੀ ਕੈਂਪਾਂ ’ਤੇ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ। ‘ਇਜ਼ਰਾਇਲੀ ਸੁਰੱਖਿਆ ਫੌਜ’ (ਆਈਐੱਸਐੱਫ) ਪੱਛਮੀ ਕੰਢੇ ਉੱਤੇ ਹਮਲੇ ਕਰ ਰਹੀ ਹੈ।
ਪਿਛਲੇ 75 ਸਾਲ ਤੋਂ ਫ਼ਲਸਤੀਨ, ਇਜ਼ਰਾਇਲੀ ਸਟੇਟ ਦੇ ਭਿਆਨਕ ਜਬਰ ਦਾ ਸ਼ਿਕਾਰ ਹੈ। ਫ਼ਲਸਤੀਨੀਆਂ ਨੇ ਦਹਾਕਿਆਂ ਤੋਂ ਸਮੂਹਿਕ ਕਤਲੇਆਮ, ਜਬਰ-ਜਨਾਹ, ਉਜਾੜਾ ਅਤੇ ਨਕਬਾ ਵਰਗੇ ਭਿਅੰਕਰ ਕਤਲੇਆਮ ਦਾ ਸੇਕ ਝੱਲਿਆ ਹੈ। ਮੌਜੂਦਾ ਜੰਗ ਦੌਰਾਨ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਅਤੇ ਜੰਗੀ ਤਬਾਹੀ ਲਈ ਇਜ਼ਰਾਇਲੀ ਸਟੇਟ, ਅਮਰੀਕੀ ਸਾਮਰਾਜ ਤੇ ਉਸ ਦੀਆਂ ਭਿਆਲ ਪੱਛਮੀ ਸਾਮਰਾਜੀ ਤਾਕਤਾਂ ਜਿ਼ੰਮੇਵਾਰ ਹਨ। ਜੰਗ ਲਈ ਅਮਰੀਕਾ ਵਿਚਲੀ ਯਹੂਦੀ ਲੌਬੀ ਦੇ ਨਾਲ ਨਾਲ ਵਪਾਰਕ ਤੇ ਹਥਿਆਰ ਕੰਪਨੀਆਂ ਦਾ ਵੱਡਾ ਯੋਗਦਾਨ ਹੈ। ਇਜ਼ਰਾਈਲ, ਅਮਰੀਕੀ ਫੌਜ ਅਤੇ ਉਸ ਦੇ ਰੱਖਿਆ ਉਦਯੋਗ ਲਈ ਵੱਡੀ ਮਾਤਰਾ ਵਿੱਚ ਜੰਗੀ ਹਥਿਆਰ ਸਪਲਾਈ ਕਰਦਾ ਹੈ ਅਤੇ ਸੰਸਾਰ ਜੰਗਾਂ ਵਿੱਚ ਇਜ਼ਰਾਇਲੀ ਹਥਿਆਰਾਂ ਤੇ ਖੁਫੀਆ ਏਜੰਸੀਆਂ (ਮੌਸਾਦ) ਦੀ ਖਾਸ ਭੂਮਿਕਾ ਹੁੰਦੀ ਹੈ। ਇਜ਼ਰਾਈਲ ਅਮਰੀਕਾ ਦਾ ਆਰਥਿਕ ਤੇ ਫੌਜੀ ਪਾਵਰਹਾਊਸ ਹੈ।
ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਤੇ ਸੰਗਠਨ ਅਤੇ ਕੌਮਾਂਤਰੀ ਅਦਾਲਤਾਂ ਪੱਛਮੀ ਸਾਮਰਾਜੀ ਤਾਕਤਾਂ ਦੀ ਰਬੜ ਦੀ ਮੋਹਰ ਬਣ ਕੇ ਰਹਿ ਗਈਆਂ ਹਨ ਅਤੇ ਪੱਛਮੀ ਤੇ ਜ਼ਿਊਨਵਾਦੀ ਮੀਡੀਆ ਸੰਸਾਰ ਭਰ ਵਿੱਚ ਫ਼ਲਸਤੀਨ ਖਿਲਾਫ਼ ਝੂਠ ਪ੍ਰਚਾਰ ਕਰ ਰਿਹਾ ਹੈ। ਮੌਜੂਦਾ ਜੰਗ ਲਈ ਹਮਾਸ ਨੂੰ ਜਿ਼ੰਮੇਵਾਰ ਠਹਿਰਾ ਕੇ ਇਜ਼ਰਾਈਲ ਦੇ ਫ਼ਲਸਤੀਨ ਉੱਤੇ 75 ਸਾਲਾਂ ਦੇ ਜਬਰ ਨੂੰ ਅੱਖੋਂ ਉਹਲੇ ਕੀਤਾ ਜਾ ਰਿਹਾ ਹੈ। ਮੌਜੂਦਾ ਜੰਗ ਦੀ ਸ਼ੁਰੂਆਤ ਹਮਾਸ ਦੇ ਕੀਤੇ ‘ਅਲ-ਅਕਸਾ ਫਲੱਡ ਆਪ੍ਰੇਸ਼ਨ’ ਨੂੰ ਮੰਨਿਆ ਜਾ ਰਿਹਾ ਹੈ; ਭਾਵੇਂ ਹਮਾਸ ਦਾ ਏਜੰਡਾ ਫ਼ਲਸਤੀਨੀਆਂ ਦੀ ਮੁਕਤੀ ਦੀ ਥਾਂ ਇਸਲਾਮੀ ਧਾਰਮਿਕ ਕੱਟੜਪੰਥੀ ਨੂੰ ਲਾਗੂ ਕਰਦਿਆਂ ਸੱਤਾ ਹਾਸਲ ਕਰਨਾ ਹੈ ਪਰ ਫ਼ਲਸਤੀਨ ਉੱਤੇ 75 ਸਾਲਾਂ ਤੋਂ ਹੁੰਦੇ ਜਬਰ ਅਤੇ ਮੌਜੂਦਾ ਜੰਗ ਵਿੱਚ ਹੋ ਰਹੀ ਤਬਾਹੀ ਤੇ ਨਸਲਕੁਸ਼ੀ ਲਈ ਨਸਲਵਾਦੀ ਇਜ਼ਰਾਇਲੀ ਸਟੇਟ ਤੇ ਪੱਛਮੀ ਸਾਮਰਾਜੀ ਤਕਤਾਂ ਜਿ਼ੰਮੇਵਾਰ ਹਨ। ਹਮਾਸ ਨੇ 21 ਜਨਵਰੀ ਨੂੰ ‘ਅਲ-ਅਕਸਾ ਫਲੱਡ ਆਪ੍ਰੇਸ਼ਨ’ ਦੇ ਕਾਰਨ ਦਰਸਾਉਂਦਾ ਦਸਤਾਵੇਜ਼ ਜਾਰੀ ਕੀਤਾ ਜਿਸ ਦੇ ਪਹਿਲੇ ਭਾਗ ਵਿੱਚ ਕਾਰਵਾਈ ਪਿਛਲੇ ਕਾਰਨਾਂ ਬਾਰੇ ਦੱਸਿਆ ਗਿਆ ਕਿ ਕਿਵੇਂ “ਕਈ ਦਹਾਕਿਆਂ ਤੱਕ ਫ਼ਲਸਤੀਨੀਆਂ ਨੇ ਹਰ ਤਰ੍ਹਾਂ ਦੇ ਜ਼ੁਲਮ, ਬੇਇਨਸਾਫ਼ੀ, ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਖੋਹਣ ਅਤੇ ਨਸਲਵਾਦੀ ਨੀਤੀਆਂ ਦਾ ਸਾਹਮਣਾ ਕੀਤਾ। 75 ਸਾਲਾਂ ਦੇ ਨਿਰੰਤਰ ਕਬਜ਼ੇ ਅਤੇ ਦੁੱਖਾਂ ਤੋਂ ਬਾਅਦ ਅਤੇ ਸਾਡੇ ਲੋਕਾਂ ਦੀ ਮੁਕਤੀ ਅਤੇ ਵਾਪਸੀ ਲਈ ਸਾਰੀਆਂ ਪਹਿਲਕਦਮੀਆਂ ਨੂੰ ਅਸਫਲ ਕਰਨ ਤੋਂ ਬਾਅਦ ਅਤੇ ਅਖੌਤੀ ਸ਼ਾਂਤੀ ਪ੍ਰਕਿਰਿਆ ਦੇ ਵਿਨਾਸ਼ਕਾਰੀ ਨਤੀਜਿਆਂ ਤੋਂ ਬਾਅਦ ਦੁਨੀਆ ਨੇ ਫ਼ਲਸਤੀਨੀ ਲੋਕਾਂ ਤੋਂ ਕੀ ਉਮੀਦ ਕੀਤੀ ਸੀ?”
ਦੂਜੇ ਭਾਗ ਵਿੱਚ 7 ਅਕਤੂਬਰ ਦੀਆਂ ਘਟਨਾਵਾਂ ਦੀ ਚਰਚਾ ਕਰਦਿਆਂ ਕਿਹਾ ਗਿਆ ਕਿ 7 ਅਕਤੂਬਰ ਨੂੰ ਆਪ੍ਰੇਸ਼ਨ ਅਲ-ਅਕਸਾ ਫਲੱਡ ਨੇ ਇਜ਼ਰਾਇਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਕੈਦੀਆਂ ਦੇ ਅਦਲਾ-ਬਦਲੀ ਸੌਦੇ ਰਾਹੀਂ ਇਜ਼ਰਾਇਲੀ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਫ਼ਲਸਤੀਨੀਆਂ ਨੂੰ ਰਿਹਾਅ ਕਰਨ ਲਈ ਇਜ਼ਰਾਇਲੀ ਅਧਿਕਾਰੀਆਂ ਉੱਤੇ ਦਬਾਅ ਪਾਉਣ ਲਈ ਦੁਸ਼ਮਣ ਦੇ ਸੈਨਿਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਆਪ੍ਰੇਸ਼ਨ ਇਜ਼ਰਾਇਲੀ ਫੌਜ ਦੀ ਗਾਜ਼ਾ ਡਿਵੀਜ਼ਨ, ਗਾਜ਼ਾ ਦੇ ਆਲੇ-ਦੁਆਲੇ ਇਜ਼ਰਾਇਲੀ ਬਸਤੀਆਂ ਦੇ ਨੇੜੇ ਸਥਿਤ ਇਜ਼ਰਾਇਲੀ ਫੌਜੀ ਥਾਵਾਂ ਨੂੰ ਤਬਾਹ ਕਰਨ ’ਤੇ ਕੇਂਦਰਿਤ ਸੀ। ਇਸ ਤੋਂ ਇਲਾਵਾ ਇਹ ਦਸਤਾਵੇਜ਼ ਇਸ਼ਾਰਾ ਕਰਦਾ ਹੈ ਕਿ ਹਮਾਸ ਹਰ ਨਾਗਰਿਕ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਲਈ ਵਚਨਬੱਧ ਹਨ ਅਤੇ ਨਾਗਰਿਕਾਂ ਦੀ ਅੰਨ੍ਹੇਵਾਹ ਹੱਤਿਆ, ਸਮੂਹਿਕ ਬਲਾਤਕਾਰ, ਬੱਚਿਆਂ ਦਾ ਸਿਰ ਕਲਮ ਕਰਨ ਆਦਿ ਦੇ ਇਜ਼ਰਾਇਲੀ ਦੋਸ਼ਾਂ ਨੂੰ ਰੱਦ ਕਰਦੇ ਹਨ। ਤੀਜਾ ਭਾਗ, ਪਾਰਦਰਸ਼ੀ ਕੌਮਾਂਤਰੀ ਜਾਂਚ ਦੀ ਗੱਲ ਕਰਦਾ ਹੈ। ਇਹ ਅਮਰੀਕਾ, ਕੈਨੇਡਾ, ਯੂਕੇ, ਜਰਮਨੀ ਅਤੇ ਹੋਰ ਪੱਛਮੀ ਮੁਲਕਾਂ ਦੇ ਝੂਠੇ ਬਿਰਤਾਂਤ ਨੂੰ ਰੱਦ ਕਰਦਾ ਹੈ ਅਤੇ ਇੱਕ ਸੱਚਮੁੱਚ ਦੀ ਪਾਰਦਰਸ਼ੀ ਕੌਮਾਂਤਰੀ ਜਾਂਚ ਦੀ ਮੰਗ ਕਰਦਾ ਹੈ। ਚੌਥੇ ਭਾਗ ’ਚ ਹਮਾਸ ਖ਼ੁਦ ਨੂੰ ‘ਰਾਸ਼ਟਰੀ ਮੁਕਤੀ ਅੰਦੋਲਨ’ ਸੰਸਥਾ ਦੇ ਰੂਪ ਵਿੱਚ ਬਿਆਨ ਕਰਦਾ ਹੈ ਜਿਸ ਵਿੱਚ ‘ਸਵੈ-ਰੱਖਿਆ, ਮੁਕਤੀ ਤੇ ਸਵੈ-ਨਿਰਣੇ ਦੇ ਅਧਿਕਾਰਾਂ ’ਤੇ ਡਾਕੇ ਦਾ ਵਿਰੋਧ ਕਰਨਾ ਸ਼ਾਮਲ ਹੈ।’
ਪੰਜਵੇਂ ਭਾਗ ਵਿੱਚ ਅੱਠ ਮੰਗਾਂ ਹਨ: 1) ਗਾਜ਼ਾ ਦੀ ਸਮੁੱਚੀ ਆਬਾਦੀ ਵਿਰੁੱਧ ਇਜ਼ਰਾਇਲੀ ਹਮਲੇ ਤੇ ਅਪਰਾਧਾਂ ਅਤੇ ਨਸਲੀ ਸਫਾਈ ਨੂੰ ਤੁਰੰਤ ਰੋਕਿਆ ਜਾਵੇ; 2) ਕੌਮਾਂਤਰੀ ਭਾਈਚਾਰਾ ਇਜ਼ਰਾਈਲ ਨੂੰ ਕਾਨੂੰਨੀ ਤੌਰ ’ਤੇ ਜਵਾਬਦੇਹ ਬਣਾਵੇ; 3) ਕੌਮਾਂਤਰੀ ਕਾਨੂੰਨ ਵਿੱਚ ਫ਼ਲਸਤੀਨੀ ਵਿਰੋਧ ਨੂੰ ਮਾਨਤਾ ਦਿੱਤੀ ਜਾਵੇ; 4) ਫ਼ਲਸਤੀਨੀਆਂ ਨਾਲ ਵਿਸ਼ਵਵਿਆਪੀ ਏਕਤਾ ਲਹਿਰ ਬਣੇ; 5) ਅਮਰੀਕਾ, ਯੂਕੇ, ਫਰਾਂਸ ਅਤੇ ਹੋਰ ‘ਮਹਾਸ਼ਕਤੀਆਂ’ ਇਜ਼ਰਾਈਲ ਦੀਆਂ ਖੈਰ-ਖੁਆਹ ਬਣਨਾ ਬੰਦ ਕਰਨ; 6) ਗਾਜ਼ਾ ਜਾਂ ਫ਼ਲਸਤੀਨੀਆਂ ਦੇ ਭਵਿੱਖ ਦਾ ਫੈਸਲਾ ਕਰਨ ਦੇ ਉਦੇਸ਼ ਨਾਲ ਕਿਸੇ ਵੀ ਇਜ਼ਰਾਇਲੀ ਜਾਂ ਕੌਮਾਂਤਰੀ ਪ੍ਰਾਜੈਕਟ ਨੂੰ ਅਸਵੀਕਾਰ ਕਰਨਾ। ਫ਼ਲਸਤੀਨੀਆਂ ਕੋਲ ਆਪਣੇ ਭਵਿੱਖ ਦਾ ਫੈਸਲਾ ਕਰਨ ਦਾ ਅਧਿਕਾਰ ਤੇ ਸਮਰੱਥਾ ਹੈੈ; 7) ਕਿਸੇ ਵੀ ਨਵੇਂ ਨਕਬਾ ਨੂੰ ਅਸਵੀਕਾਰ ਕਰਨਾ; 8) ਕਬਜ਼ੇ ਨੂੰ ਖਤਮ ਕਰਨ ਲਈ ਦੁਨੀਆ ਭਰ ਵਿੱਚ ਦਬਾਅ ਨੂੰ ਜਾਰੀ ਰੱਖਣਾ।
ਹਮਾਸ ਦੇ ਇਸ ਬਿਆਨ ਨੇ ਜਿੱਥੇ ਇਜ਼ਰਾਈਲ, ਜੰਗਬਾਜ਼ ਸਾਮਰਾਜੀ ਤਾਕਤਾਂ ਅਤੇ ਉਸ ਦੇ ਮੀਡੀਆ ਦੇ ਝੂਠੇ ਬਿਰਤਾਂਤ ਨੂੰ ਜੱਗ-ਜ਼ਾਹਿਰ ਕਰਨ ਦਾ ਯਤਨ ਕੀਤਾ, ਉੱਥੇ ਉਸ ਨੇ ਸਾਮਰਾਜੀ ਧੌਂਸ ਅੱਗੇ ਨਾ ਝੁਕਣ ਤੇ ਲੜਾਈ ਜਾਰੀ ਰੱਖਣ ਦੇ ਇਰਾਦੇ ਜ਼ਾਹਰ ਕੀਤੇ ਹਨ।
ਮਿਸਰ ਅਤੇ ਕਤਰ ਦੀ ਵਿਚੋਲਗੀ ਨਾਲ 7 ਫਰਵਰੀ ਨੂੰ ਹਮਾਸ ਤੇ ਇਜ਼ਰਾਈਲ ਵਿਚਕਾਰ ‘ਪੈਰਿਸ ਜੰਗਬੰਦੀ ਪ੍ਰਸਤਾਵ’ ’ਤੇ ਗੱਲਬਾਤ ਚੱਲੀ ਜਿਸ ਵਿੱਚ ਇਜ਼ਰਾਈਲ ਦੁਆਰਾ ਬੰਦੀ ਬਣਾਏ 9000 ਤੋਂ ਵੱਧ ਫ਼ਲਸਤੀਨੀ ਕੈਦੀਆਂ ਵਿੱਚੋਂ ਕੁਝ ਫ਼ਲਸਤੀਨੀਆਂ ਬਦਲੇ 100 ਇਜ਼ਰਾਇਲੀਆਂ ਦੀ ਰਿਹਾਈ ਲਈ ਦੋ ਮਹੀਨਿਆਂ ਦੀ ਜੰਗਬੰਦੀ ਦੀ ਮੰਗ ਕੀਤੀ ਗਈ। ਇਸ ਤੋਂ ਬਿਨਾਂ ਗਾਜ਼ਾ ਵਿੱਚ ਮਾਨਵਤਾਵਾਦੀ ਸਹਾਇਤਾ ਵਿੱਚ ਵਾਧਾ ਅਤੇ ਫੜੇ ਗਏ ਇਜ਼ਰਾਇਲੀ ਸੈਨਿਕਾਂ ਤੇ ਗਾਜ਼ਾ ਵਿੱਚ ਮਾਰੇ ਗਏ ਇਜ਼ਰਾਇਲੀਆਂ ਦੀਆਂ ਲਾਸ਼ਾਂ ਦਾ ਆਦਾਨ-ਪ੍ਰਦਾਨ ਆਦਿ ਮੁੱਦੇ ਸ਼ਾਮਲ ਸਨ ਪਰ ਜੰਗਬੰਦੀ ਅਤੇ ਪੂਰਨ ਸਥਾਈ ਸ਼ਾਂਤੀ ਦੀ ਪੁਸ਼ਟੀ ਕਰਨ ਵਾਲੀ ਕੋਈ ਧਾਰਾ, ਕੋਈ ਖੇਤਰੀ ਜਾਂ ਕੌਮਾਂਤਰੀ ਗਾਰੰਟੀ ਨਹੀਂ ਸੀ ਕਿ ਇਜ਼ਰਾਈਲ ਬੰਦੀ ਬਣਾਏ ਇਜ਼ਰਾਇਲੀਆਂ ਨੂੰ ਰਿਹਾਅ ਕਰਨ ਤੋਂ ਬਾਅਦ ਦੁਬਾਰਾ ਜੰਗ ਸ਼ੁਰੂ ਨਹੀਂ ਕਰੇਗਾ। ਨਾਲ ਹੀ ਇਸ ਨੇ ਕੋਈ ਗਾਰੰਟੀ ਨਹੀਂ ਦਿੱਤੀ ਕਿ ਇਜ਼ਰਾਈਲ ਗਾਜ਼ਾ ਤੋਂ ਪਰੇ ਹਟ ਜਾਵੇਗਾ ਤੇ ਗਾਜ਼ਾ ਵਿੱਚ ਪੁਨਰ ਨਿਰਮਾਣ, ਅਸਥਾਈ ਰਿਹਾਇਸ਼, ਹਸਪਤਾਲਾਂ, ਸਕੂਲਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਵਿੱਚ ਅੜਿੱਕਾ ਨਹੀਂ ਬਣੇਗਾ।
ਇਸ ਤੋਂ ਬਿਨਾਂ ਦੁਨੀਆਂ ਭਰ ਵਿੱਚ ਫ਼ਲਸਤੀਨਆਂ ਦੀ ਮੁਕਤੀ ਲਈ ਅਤੇ ਧਾੜਵੀ ਜੰਗ ਵਿਰੋਧੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਰਬ ਮੁਲਕਾਂ ਸਮੇਤ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇੰਗਲੈਂਡ, ਯਮਨ, ਵੈਨੇਜ਼ੁਏਲਾ, ਇੰਡੋਨੇਸ਼ੀਆ, ਆਸਟਰੇਲੀਆ, ਜਾਰਡਨ, ਸਪੇਨ, ਤੁਰਕੀ ਆਦਿ ਦਰਜਨਾਂ ਮੁਲਕਾਂ ਵਿੱਚ ਲਗਾਤਾਰ ਜੰਗ ਤੇ ਜੰਗਬਾਜ਼ ਤਾਕਤਾਂ ਵਿਰੋਧੀ ਲੋਕ ਲਹਿਰ ਖੜ੍ਹੀ ਹੋ ਰਹੀ ਹੈ। ਸਪੇਨ ਨੇ ਗਾਜ਼ਾ ਪੱਟੀ ਤੇ ਇਜ਼ਰਾਈਲ ਦੀ ਜੰਗ ਵਿੱਚ ਇਜ਼ਰਾਈਲ ਨੂੰ ਸਾਰੇ ਹਥਿਆਰਾਂ ਦੀ ਵਿਕਰੀ ਅਤੇ ਬਰਾਮਦ ਮੁਅੱਤਲ ਕਰ ਦਿੱਤੀ ਹੈ। ਬੈਲਜੀਅਮ ਵਿੱਚ ਵਾਲੂਨ ਖੇਤਰ ਦੀ ਸਥਾਨਕ ਸਰਕਾਰ ਨੇ ਇਜ਼ਰਾਈਲ ਨੂੰ ਅਸਲ੍ਹਾ ਬਰਾਮਦ ਕਰਨ ਦੇ ਦੋ ਲਾਇਸੈਂਸ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੇ ਹਨ। ਸਾਊਦੀ ਅਰਬ-ਇਜ਼ਰਾਈਲ ਸਬੰਧ ਠੱਪ ਹਨ। ਸਾਊਦੀ ਅਰਬ ਨੇ 8 ਫਰਵਰੀ ਨੂੰ ਕਿਹਾ ਸੀ ਕਿ ਉਹ ਆਜ਼ਾਦ ਫ਼ਲਸਤੀਨ ਦੇ ਨਿਰਮਾਣ ਤੋਂ ਬਿਨਾਂ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਨਹੀਂ ਬਣਾਏਗਾ। ਲਿਬਨਾਨ ਨੇ ਹਿਜ਼ਬੁੱਲਾ ਵਿਰੋਧੀ ਇਜ਼ਰਾਈਲ ਤੇ ਕੌਮਾਂਤਰੀ ਮੰਗਾਂ ਨੂੰ ਰੱਦ ਕਰ ਦਿੱਤਾ ਹੈ।
ਨਿਕਾਰਾਗੂਆ ਨੇ ਯੂਕੇ, ਜਰਮਨੀ, ਨੀਦਰਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਕੌਮਾਂਤੀ ਕਾਨੂੰਨਾਂ ਦੀਆਂ ਘੋਰ ਅਤੇ ਯੋਜਨਾਬੱਧ ਉਲੰਘਣਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਤੇ ਇਨ੍ਹਾਂ ਸਰਕਾਰਾਂ ਨੂੰ ਇਜ਼ਰਾਈਲ ਨੂੰ ਹਥਿਆਰਾਂ, ਗੋਲਾ ਬਾਰੂਦ, ਤਕਨਾਲੋਜੀ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਅਫਰੀਕਾ ਦੇ ਅਨੇਕ ਮੁਲਕਾਂ ਨੇ ਫ਼ਲਸਤੀਨ ਵਿੱਚ ਕੀਤੇ ਜਾ ਰਹੇ ਕਤਲੇਆਮ ਖਿਲਾਫ ਕੌਮਾਂਤਰੀ ਪੱਧਰ ’ਤੇ ਮਤੇ ਪਾਏ ਹਨ।
ਉਧਰ ਯਮਨ ਦੀ ਸ਼ੀਆ ਮੁਸਲਿਮ ਘੱਟਗਿਣਤੀ ਨਾਲ ਸਬੰਧਿਤ ਹੂਤੀ ਬਾਗੀਆਂ ਨੇ ਫ਼ਲਸਤੀਨ ਉੱਤੇ ਇਜ਼ਰਾਇਲੀ ਜੰਗ ਵਿਰੁੱਧ ਇਜ਼ਰਾਈਲ ਉੱਤੇ ਮਿਜ਼ਾਇਲਾਂ ਦਾਗੀਆਂ; ਉਨ੍ਹਾਂ ਲਾਲ ਸਾਗਰ ਵਿੱਚ ਵਿੱਚ ਇਜ਼ਰਾਈਲ, ਅਮਰੀਕੀ ਤੇ ਹੋਰ ਪੱਛਮੀ ਮੁਲਕਾਂ ਦੇ ਵਪਾਰਕ ਤੇ ਫੌਜੀ ਜਹਾਜ਼ਾਂ ਨੂੰ ਡਰੋਨਾਂ ਅਤੇ ਰਾਕਟਾਂ ਨਾਲ ਨਿਸ਼ਾਨਾ ਬਣਾਇਆ। ਜਵਾਬ ਵਿੱਚ ਅਮਰੀਕਾ-ਇੰਗਲੈਂਡ ਸਮੇਤ ਅੱਠ ਮੁਲਕਾਂ (ਆਸਟਰੇਲੀਆ, ਕੈਨੇਡਾ, ਬਹਿਰੀਨ, ਡੈਨਮਾਰਕ, ਨੀਦਰਲੈਂਡ, ਨਿਊਜ਼ੀਲੈਂਡ) ਨੇ ਯਮਨ ਉੱਤੇ ਵੱਡੇ ਮਾਰੂ ਹਮਲੇ ਕੀਤੇ। ਲਾਲ ਸਾਗਰ ਵਿੱਚ ਆਵਾਜਾਈ ’ਤੇ ਰੋਕ ਲੱਗਣ ਕਾਰਨ ਸੰਸਾਰ ਭਰ ਵਿੱਚ ਅਨਾਜ ਤੇ ਹੋਰ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਹਨ।
ਫ਼ਲਸਤੀਨ ਵਿੱਚ ਹੋ ਰਹੇ ਕਲਤਲੇਆਮ ਵਿੱਚ ਇਜ਼ਰਾਈਲ ਅਤੇ ਅਮਰੀਕਾ ਸਮੇਤ ਪੱਛਮੀ ਸਾਮਰਾਜ ਦੀ ਭੂਮਿਕਾ ਨੂੰ ਲੈ ਕੇ ਮਨੁੱਖੀ ਤਬਾਹੀ ਵਿਰੁੱਧ ਕੌਮਾਂਤਰੀ ਏਕਤਾ ਲਹਿਰ ਬਣ ਰਹੀ ਹੈ। ਇਜ਼ਰਾਈਲ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਿਲਾਫ ਵਿਰੋਧ ਖੜ੍ਹਾ ਹੋ ਰਿਹਾ ਹੈ। ਉਧਰ, ਅਮਰੀਕਾ ਵਿੱਚ ਚੋਣਾਂ ਨੇੜੇ ਆਉਣ ਕਰ ਕੇ ਬਾਇਡਨ ਪ੍ਰਸ਼ਾਸਨ ਉੱਤੇ ਜੰਗ ਵਿੱਚੋਂ ਬਾਹਰ ਨਿਕਲਣ ਦਾ ਦਬਾਅ ਬਣ ਰਿਹਾ ਹੈ। ਫ਼ਲਸਤੀਨ ਵਿੱਚ ਹਮਾਸ ਆਤਮ ਸਮਰਪਣ ਨਹੀਂ ਕਰ ਰਿਹਾ ਅਤੇ ਲੋਕ ਸਾਮਰਾਜੀ ਜੰਗ ਖਿਲਾਫ ਪੂਰੇ ਜਜ਼ਬੇ ਨਾਲ ਲੜ ਰਹੇ ਹਨ। ਯੂਕਰੇਨ ਜੰਗ ਵਿੱਚ ਅਮਰੀਕੀ ਸਾਮਰਾਜ ਦੀ ਭੂਮਿਕਾ ਕਰ ਕੇ ਜਿੱਥੇ ਇਸ ਦੇ ਸੰਸਾਰ ’ਤੇ ਮਾਰੂ ਪ੍ਰਭਾਵ ਪੈ ਰਹੇ ਹਨ, ਉੱਥੇੇ ਉੱਭਰ ਰਿਹਾ ਰੂਸ-ਚੀਨ ਗੱਠਜੋੜ ਵੀ ਉਸ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਸਾਮਰਾਜੀ ਧੌਂਸ ਨੂੰ ਸੰਸਾਰ ਭਰ ਵਿੱਚੋਂ ਮਿਲ ਰਹੀ ਵੰਗਾਰ ਵੱਡੀ ਚੁਣੌਤੀ ਬਣ ਰਹੀ ਹੈ। ਦੁਨੀਆ ਭਰ ਵਿੱਚ ਜਿੱਥੇ ਜੰਗ ਦਾ ਵਿਰੋਧ ਫ਼ਲਸਤੀਨੀਆਂ ਦੀ ਨਸਲਕੁਸ਼ੀ ਤੇ ਤਬਾਹੀ ਕਰ ਕੇ ਹੋ ਰਿਹਾ ਹੈ, ਉੱਥੇ ਸੰਸਾਰ ਪੱਧਰ ’ਤੇ ਵੱਧ ਰਹੀ ਮਹਿੰਗਾਈ, ਖਾਦ ਸੰਕਟ, ਤੇਲ ਕੀਮਤਾਂ ਵਿੱਚ ਵਾਧਾ, ਵਾਤਾਵਰਨ ਦੀ ਤਬਾਹੀ, ਮੱਧ ਪੂਰਬ ਵਿੱਚ ਧਾਰਮਿਕ ਤੇ ਸਰਹੱਦੀ ਵਿਵਾਦ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਤੀਜੀ ਸੰਸਾਰ ਜੰਗ ਦੇ ਵਧ ਰਹੇ ਸਹਿਮ ਕਰ ਕੇ ਵੀ ਹੋ ਰਿਹਾ ਹੈ। ਮਨੁੱਖਤਾ ਦੀ ਭਲਾਈ ਲਈ ਪੂੰਜੀਵਾਦ/ਸਾਮਰਾਜ ਵੱਲੋਂ ਪੈਦਾ ਕੀਤੀ ਜੰਗ ਦਾ ਵਿਰੋਧ ਜ਼ਰੂਰੀ ਹੈ।
ਸੰਪਰਕ: +1-438-924-2052