ਪਰਗਟ ਸਿੰਘ
ਆਪਾਂ ਜਾਣਦੇ ਹੀ ਹਾਂ ਕਿ ਇਨ੍ਹਾਂ ਦਿਨਾਂ ਵਿਚ ਕਰੋਨਾ ਬਿਮਾਰੀ ਕਾਰਨ ਸਭ ਸਕੂਲ-ਕਾਲਜ ਬੰਦ ਹਨ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਮਾਧਿਅਮ ਨਾਲ ਹੋ ਰਹੀ ਹੈ। ਆਨਲਾਈਨ ਮਾਧਿਅਮ ਸਰੀਰਕ ਕਲਾਸਰੂਮ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਫਿਰ ਵੀ ਕੁਝ ਨਾ ਹੋਣ ਨਾਲੋਂ ਕੁੱਝ ਹੋਣਾ ਚੰਗਾ ਹੁੰਦਾ ਹੈ। ਇਸ ਲਈ ਆਨਲਾਈਨ ਪੜ੍ਹਾਈ ਸਾਡੇ ਬੱਚਿਆਂ ਦੀ ਸਿੱਖਿਆ ਵਿੱਚ ਕੁੱਝ ਕੁ ਤਾਂ ਵਾਧਾ ਕਰ ਹੀ ਰਹੀ ਹੈ ਪਰ ਇੱਕ ਚਿੰਤਾ ਦਾ ਵਿਸ਼ਾ ਜੋ ਹੈ, ਉਹ ਇਹ ਹੈ ਕਿ ਇਸ ਦਾ ਸਾਡੇ ਬੱਚਿਆਂ ਦੀ ਸਿਹਤ ’ਤੇ ਖਾਸਕਰ ਉਨ੍ਹਾਂ ਦੀਆਂ ਅੱਖਾਂ ’ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਬੁਰੇ ਪ੍ਰਭਾਵ ਨੂੰ ਅਸੀਂ ਪੂਰੀ ਤਰ੍ਹਾਂ ਖ਼ਤਮ ਤਾਂ ਨਹੀਂ ਕਰ ਸਕਦੇ ਪਰ ਹਾਂ ਕੁੱਝ ਘੱਟ ਜ਼ਰੂਰ ਕਰ ਸਕਦੇ ਹਾਂ। ਇਸ ਸਬੰਧ ਵਿੱਚ ਅਸੀਂ ਕੁਝ ਕੁ ਇਹ ਸਾਵਧਾਨੀਆਂ ਵਰਤ ਕੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ। ਜਿਵੇਂ ਕਿ:
- ਸਭ ਤੋਂ ਪਹਿਲਾਂ ਤਾਂ ਇਹ ਯਕੀਨੀ ਬਣਾ ਲਓ ਕਿ ਪੜ੍ਹਾਈ ਦੇ ਮਾਧਿਅਮ ਤੋਂ ਬਿਨਾਂ ਹਰ ਹਾਲਾਤ ’ਚ ਬੱਚੇ ਨੂੰ ਫੋਨ ਤੋਂ ਦੂਰ ਰੱਖਣਾ ਹੈ। ਕਿਸੇ ਵੀ ਤਰ੍ਹਾਂ ਦੀ ਗੇਮ ਆਦਿ ਫੋਨ ’ਤੇ ਖੇਡਣਾ ਬੱਚੇ ਲਈ ਬਹੁਤ ਘਾਤਕ ਹੁੰਦਾ ਹੈ।
- ਦੂਜਾ ਤੁਸੀਂ ਇਹ ਨਿਸ਼ਚਿਤ ਕਰ ਲਓ ਕਿ ਬੱਚੇ ਦੀ ਆਨਲਾਈਨ ਪੜ੍ਹਾਈ ਦਾ ਇਕ ਟਾਈਮ ਟੇਬਲ ਜ਼ਰੂਰ ਹੋਵੇ। ਇਹ ਕਦੇ ਵੀ ਨਾ ਹੋਣ ਦਿਓ ਕਿ ਬੱਚਾ ਲਗਾਤਾਰ ਕਈ ਕਈ ਘੰਟੇ ਫੋਨ ’ਤੇ ਪੜ੍ਹਾਈ ਕਰਦਾ ਰਹੇ। ਉਸ ਦੇ ਫੋਨ ’ਤੇ ਪੜ੍ਹਨ ਸਮੇਂ ਵਿੱਚ ਸਮੇਂ ਦਾ ਅੰਤਰਾਲ ਭਾਵ ਗੈਪ ਜ਼ਰੂਰ ਪਾਓ ਤਾਂ ਜੋ ਉਸ ਦੀਆਂ ਅੱਖਾਂ ਨੂੰ ਬਰਾਬਰ ਆਰਾਮ ਮਿਲਦਾ ਰਹੇ।
- ਤੀਜਾ ਕਿਸੇ ਅੱਖਾਂ ਵਾਲੇ ਡਾਕਟਰ ਨਾਲ ਸੰਪਰਕ ਕਰ ਕੇ ਬੱਚੇ ਦੀਆਂ ਅੱਖਾਂ ਵਿੱਚ ਪਾਉਣ ਲਈ ਕੋਈ ਆਈ ਕੇਅਰ ਦਵਾਈ ਵਗੇਰਾ ਜ਼ਰੂਰ ਲੈ ਲਓ ਤਾਂ ਜੋ ਸਮੇਂ-ਸਮੇਂ ’ਤੇ ਇਸ ਨੂੰ ਬੱਚੇ ਦੀਆਂ ਅੱਖਾਂ ਵਿੱਚ ਪਾ ਕੇ ਉਨ੍ਹਾਂ ਨੂੰ ਡਰਾਈ ਜਾਂ ਅੱਖਾਂ ਦਾ ਪਾਣੀ ਆਦਿ ਸੁੱਕਣ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਤੁਹਾਡੇ ਫੋਨ ਦੀਆਂ ਸੈਟਿੰਗਾਂ ਵਿੱਚ ਕੁੱਝ ਕੁ ਤਬਦੀਲੀਆਂ ਕਰਕੇ ਵੀ ਤੁਸੀਂ ਇਸ ਦੇ ਮਾਰੂ ਪ੍ਰਭਾਵ ਤੋਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹੋ। ਜਿਵੇਂ ਕਿ-
ਫੋਨ ’ਤੇ ਰੀਡਿੰਗ ਮੋਡ ਦੀ ਆਪਸ਼ਨ ਆਨ ਕਰੋ: ਜਿਵੇਂ ਕਿ ਲਗਭਗ ਸਾਰੇ ਹੀ ਸਮਾਰਟ ਫੋਨਾਂ ’ਚ ਇੱਕ ਰੀਡਿੰਗ ਮੋਡ ਦੀ ਆਪਸ਼ਨ ਹੁੰਦੀ ਹੈ ਤੇ ਤੁਸੀਂ ਇਸ ਨੂੰ ਆਨ ਕਰ ਕੇ ਹਰ ਸਮੇਂ ਫੋਨ ਨੂੰ ਰੀਡਿੰਗ ਮੋਡ ’ਤੇ ਲਗਾ ਕੇ ਰੱਖੋ। ਇਸ ਨਾਲ ਫੋਨ ਦੀ ਬ੍ਰਾਈਟਨੈਸ ਵਿੱਚ ਬਹੁਤ ਤਬਦੀਲੀ ਹੋ ਜਾਂਦੀ ਹੈ ਤੇ ਇਹ ਚਮਕੀਲੀ ਸਫੈਦ ਤੋਂ ਥੋੜ੍ਹੀ ਹਲਕੇ ਪੀਲ਼ੇ ਰੰਗ ਦੀ ਹੋ ਜਾਂਦੀ ਹੈ ਜੋ ਕਿ ਅੱਖਾਂ ਲਈ ਬਹੁਤ ਅਰਾਮਦਾਇਕ ਹੁੰਦੀ ਹੈ।
ਫੋਨ ਦੀ ਸਕਰੀਨ ਲਾਈਟ ਦਾ ਵਿਸ਼ੇਸ਼ ਧਿਆਨ ਰੱਖਣਾ: ਜ਼ਿਆਦਾਤਰ ਕੰਪਨੀਆਂ ਦੇ ਫੋਨ ਦੀ ਬ੍ਰਾਈਟਨੈੱਸ ਬਹੁਤ ਤੇਜ਼ ਹੁੰਦੀ ਹੈ। ਇਹ ਅੱਖਾਂ ਲਈ ਬਹੁਤ ਘਾਤਕ ਹੁੰਦੀ ਹੈ। ਇਸ ਲਈ ਤੁਸੀਂ ਇਸ ਨੂੰ ਆਪਣੀ ਸੁਵਿਧਾ ਦੇ ਹਿਸਾਬ ਨਾਲ ਅਡਜੈਸਟ ਕਰ ਲੈਣਾ ਹੈ ਭਾਵ ਕਿ ਇਹ ਨਾ ਬਹੁਤੀ ਤੇਜ਼ ਹੋਵੇ ਤੇ ਨਾ ਬਹੁਤੀ ਘੱਟ ਹੋਵੇ। ਬਸ ਮੌਕੇ ਦੇ ਚਾਨਣ ਅਨੁਸਾਰ ਅੱਖਾਂ ਦੇ ਅਨੁਕੂਲ ਹੋਵੇ। ਇਸ ਸਬੰਧ ਵਿੱਚ ਫੋਨ ਵਿੱਚ ਆਟੋ ਬ੍ਰਾਈਟਨੈੱਸ ਦੀ ਆਪਸ਼ਨ ਵੀ ਹੁੰਦੀ ਹੈ।
ਫੋਨ ਦੇ ਫੌਂਟ ਨੂੰ ਵੱਡਾ ਕਰ ਲਓ: ਜ਼ਿਆਦਾਤਰ ਲੋਕ ਫੋਨ ਦੇ ਫੌਂਟ ਭਾਵ ਕਿ ਅੱਖਰਾਂ ਦੇ ਆਕਾਰ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਤੇ ਉਹ ਫੋਨ ਦੇ ਛੋਟੇ ਫੌਂਟ ’ਤੇ ਹੀ ਫੋਨ ਨੂੰ ਅੱਖਾਂ ਦੇ ਨੇੜੇ ਕਰ ਕੇ ਵਰਤਦੇ ਰਹਿੰਦੇ ਹਨ, ਜੋ ਕਿ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਇਸ ਸਬੰਧ ਵਿੱਚ ਤੁਸੀਂ ਫੋਨ ਦੀਆਂ ਸੈਟਿੰਗਜ਼ ਵਿੱਚ ਜਾ ਕੇ ਇੰਨਪੁੱਟ ਮੈਥਡ ਤੋਂ ਫੋਨ ਦਾ ਫੌਂਟ ਵੱਡਾ ਕਰ ਲੈਣਾ ਹੈ। ਇਸ ਨੂੰ ਬਹੁਤ ਵੱਡਾ ਵੀ ਕੀਤਾ ਜਾ ਸਕਦਾ ਹੈ ਤੇ ਬਹੁਤ ਛੋਟਾ ਵੀ ਪਰ ਤੁਸੀਂ ਇਸ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸੈੱਟ ਕਰ ਲੈਣਾ ਹੈ।
ਵੀਡੀਓ ਮਟੀਰੀਅਲ ਦੀ ਲਾਈਟਿੰਗ ਸੈੱਟ ਕਰਨਾ: ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਬਹੁਤ ਸਾਰਾ ਪੜ੍ਹਨ ਦਾ ਮਟੀਰੀਅਲ ਵੀਡੀਓ ਰੂਪ ਵਿੱਚ ਵੀ ਆ ਰਿਹਾ ਹੈ। ਇਸ ਵਿੱਚ ਬਹੁਤ ਸਾਰੀਆਂ ਵੀਡੀਓ ਬਹੁਤ ਤੇਜ਼ ਲਾਈਟਿੰਗ ’ਤੇ ਬਣੀਆਂ ਹੁੰਦੀਆਂ ਹਨ। ਇਸ ਸਬੰਧ ਵਿੱਚ ਤੁਸੀਂ ਆਪਣੇ ਫੋਨ ’ਚ ਜਿਸ ਵੀ ਐਪ ’ਤੇ ਵੀਡੀਓ ਦੇਖ ਰਹੇ ਤਾਂ ਉਸ ਐਪ ਦੀਆਂ ਸੈਟਿੰਗਜ਼ ’ਚ ਜਾ ਕੇ ਉਸ ਦੀ ਬ੍ਰਾਈਟਨੈੱਸ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ। ਇਸ ਸਬੰਧ ’ਚ ਜੇਕਰ ਤੁਸੀਂ ਕਿਸੇ ਬੈਸਟ ਵੀਡੀਓ ਪਲੇਅਰ ਦੀ ਖੋਜ ਕਰੋ ਤਾਂ ਪਲੇਸਟੋਰ ’ਚ ਮੈਕਸ ਪਲੇਅਰ ਐਪ ਇਸ ਸਬੰਧੀ ਬਹੁਤ ਉਪਯੋਗੀ ਹੈ, ਜਿਸ ਵਿੱਚ ਵੀਡੀਓ ਆਡੀਓ ਸਕਰੀਨ ਆਦਿ ਸਭ ਕੁੱਝ ਆਪਣੇ ਹਿਸਾਬ ਨਾਲ ਸੈੱਟ ਕੀਤਾ ਜਾ ਸਕਦਾ ਹੈ।
ਹੈੱਡ ਫੋਨਜ਼ ਦੀ ਵਰਤੋਂ ਸਾਵਧਾਨੀ ਨਾਲ ਕਰਨੀ: ਹੈੱਡ ਫੋਨਜ਼ ਦੀ ਜ਼ਿਆਦਾ ਤੇ ਘੱਟ ਵਰਤੋਂ ਕਰਨੀ ਦੋਵੇਂ ਹੀ ਘਾਤਕ ਹਨ। ਸੋ ਇਸ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਜੇਕਰ ਤੁਸੀਂ ਫੋਨ ’ਤੇ ਕਿਸੇ ਨਾਲ ਲੰਬੀ ਗੱਲਬਾਤ ਕਰ ਰਹੇ ਹੋ ਤਾਂ ਹੈੱਡ ਫੋਨ ਦੀ ਵਰਤੋਂ ਤੁਹਾਡੇ ਲਈ ਲਾਹੇਵੰਦ ਹੈ ਕਿਉਂਕਿ ਫੋਨ ਤੁਹਾਡੇ ਮਸਤਕਿ ਜਾਂ ਦਿਮਾਗ ਤੋਂ ਦੂਰ ਹੈ ਤੇ ਤੁਹਾਡੀ ਗੱਲ ਵੀ ਹੋ ਰਹੀ ਹੈ ਪਰ ਜੇਕਰ ਤੁਸੀਂ ਫੋਨ ’ਤੇ ਗੀਤ ਵਗੇਰਾ ਲਗਾ ਕੇ ਉੱਚੀ ਆਵਾਜ਼ ’ਤੇ ਹੈੱਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਕੰਨਾਂ ਲਈ ਬਹੁਤ ਘਾਤਕ ਹੈ। ਜਿਵੇਂ ਕੋਈ ਆਨਲਾਈਨ ਕਲਾਸ ਲਗਾਉਣ ਲਈ ਤੁਸੀਂ ਹੈੱਡ ਫੋਨ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਅਧਿਆਪਕ ਦੀ ਸਾਰੀ ਗੱਲ ਵੀ ਚੰਗੀ ਤਰ੍ਹਾਂ ਸਮਝ ਆਵੇਗੀ।
ਆਨਲਾਈਨ ਕਲਾਸ ਅਟੈਂਡ ਕਰਦੇ ਸਮੇਂ ਰੌਸ਼ਨੀ ਦਾ ਧਿਆਨ ਰੱਖਣਾ: ਬੱਚਿਆਂ ਦੀ ਆਨਲਾਈਨ ਕਲਾਸ ਵੇਲੇ ਕਮਰੇ ਆਦਿ ਦੀ ਰੌਸ਼ਨੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਬੈਠ ਕੇ ਬੱਚਾ ਆਨਲਾਈਨ ਕਲਾਸ ਲਗਾ ਰਿਹਾ ਹੈ ਤਾਂ ਉਸ ਕਮਰੇ ਦੀ ਰੌਸ਼ਨੀ ਬਰਾਬਰ ਮਾਤਰਾ ਵਿੱਚ ਹੋਵੇ। ਘੱਟ ਜਾਂ ਜ਼ਿਆਦਾ ਰੌਸ਼ਨੀ ਦੋਵੇਂ ਹੀ ਬੱਚੇ ਦੀਆਂ ਅੱਖਾਂ ’ਤੇ ਅਸਰ ਪਾਉਂਦੀਆਂ ਹਨ ਤੇ ਇਸ ਦਾ ਬੱਚੇ ਦੀ ਸਿੱਖਣ ਸਮਰੱਥਾ ’ਤੇ ਵੀ ਅਸਰ ਪੈਂਦਾ ਹੈ।
ਸੋ ਇਸ ਤਰ੍ਹਾਂ ਇਨ੍ਹਾਂ ਕੁੱਝ ਕੁ ਗੱਲਾਂ ਦਾ ਖਾਸ ਧਿਆਨ ਰੱਖ ਕੇ ਅਸੀਂ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦੇ ਹਾਂ।
ਸੰਪਰਕ: 94634 63689