ਰਸ਼ਪਿੰਦਰ ਸਰੋੋਏ
ਕਥਾ ਪ੍ਰਵਾਹ
‘‘ਕਰਕੇ ਮਿਹਨਤ, ਤੂੰ ਪਲਟ ਤਖਤੇ’’ ਜੀਤਾਂ ਦੇ ਗੀਤ ਦੀ ਆਵਾਜ਼ ਕਰਨੈਲ ਸਿੰਹੁ ਦੇ ਕੰਨ ਵਿੱਚ ਪੈਂਦੇ ਹੀ ਉਸ ਦੀ ਅੱਖ ਪਟੱਕ ਕਰ ਕੇ ਖੁੱਲ੍ਹ ਗਈ ਜੋ ਵਿਹੜੇ ਵਿੱਚ ਲੱਗੇ ਦਰਮਿਆਨੇ ਜਿਹੇ ਕੱਦ ਦੇ ਨਿੰਮ ਦੀ ਕੱਚੀ ਟਾਹਣੀ ਲਾਗੇ ਗੀਤ ਗਾਉਂਦੀ ਕੁੱਦ ਰਹੀ ਸੀ। ਇਹ ਗੀਤ ਉਸ ਨੇ ਆਪਣੇ ਬਾਪੂ ਕਰਨੈਲ ਸਿੰਹੁ ਤੋਂ ਹੀ ਸਿੱਖਿਆ ਸੀ ਜੋ ਅਕਸਰ ਖੇਤ ਬੰਨੇ ਕੰਮਕਾਰ ਕਰਦਾ ਗਾਉਂਦਾ ਰਹਿੰਦਾ। ਅੱਖਾਂ ਮਲਦਿਆਂ ਤੇ ਮੱਛਰਾਂ ਦੀਆਂ ਝੰਬੀਆਂ ਲੱਤਾਂ ਬਾਹਾਂ ਖੁਰਕਦਾ ਉਹ ਕੱਚੀ ਨੀਂਦੇ ਉੱਠ ਹੀ ਖੜ੍ਹਾ। ਪਹੁ ਫੁੱਟ ਚੁੱਕੀ ਸੀ। ਰਾਤ ਦੀ ਬਰਸਾਤ ਕਾਰਨ ਕੱਚੇ ਵਿਹੜੇ ਦੀ ਗਿੱਲੀ ਮਿੱਟੀ ਵਿੱਚੋਂ ਮਹਿਕਾਂ ਉੱਠ ਰਹੀਆਂ ਸਨ, ਪਰ ਸੂਰਜ ਬੱਦਲਾਂ ਦੀ ਸੁਰਮਈ ਚਾਦਰ ਹੇਠਾਂ ਕਿਧਰੇ ਗੁੰਮ ਹੋਇਆ ਪਿਆ ਸੀ। ਬਾਣੀ ਪੜ੍ਹਦੇ ਪਾਠੀ ਦੀ ਆਵਾਜ਼, ਪੰਛੀਆਂ ਦੀ ਚਹਿਚਹਾਹਟ ਨਾਲ ਰਲਗੱਡ ਹੁੰਦੀ ਉਸ ਦੇ ਕੰਨਾਂ ਵਿੱਚ ਪੈਂਦੀ। ਉਸ ਦੇ ਮੰਜੇ ਦੇ ਨਾਲ ਹੀ ਪੀੜ੍ਹੀ ’ਤੇ ਬੈਠੀ ਪ੍ਰਸਿੰਨੋ ਚੁੱਲ੍ਹੇ ਉੱਪਰ ਧਰੀ, ਉੱਬਲਦੀ ਚਾਹ ਵਿੱਚ ਦੁੱਧ ਪਾ ਰਹੀ ਸੀ ਜਿਸ ਦੀ ਮਹਿਕ ਨੇ ਕਰਨੈਲ ਨੂੰ ਤਰੋਤਾਜ਼ਾ ਕਰ ਦਿੱਤਾ। ਪਰਨੇ ਦਾ ਮੜਾਸਾ ਮਾਰਦਾ-ਮਾਰਦਾ ਉਹ ਵਰਾਂਡੇ ’ਚ ਜਾ ਵੜਿਆ ਅਤੇ ਮੋਢੇ ਉੱਤੇ ਕਹੀ ਰੱਖ ਕੇ ਅਗਲੀ ਪਲਾਂਘ ਪੁੱਟਣ ਹੀ ਲੱਗਿਆ ਸੀ ਕਿ ‘‘ਮੈਂ ਕਿਹਾ ਜੀ! ਚਾਹ ਤਾਂ ਪੀ ਲੈਂਦਾ!’’ ਪ੍ਰਸਿੰਨੋ ਨੇ ਟੁੱਟੇ ਜਿਹੇ ਮਨ ਨਾਲ ਹਲਕੀ ਆਵਾਜ਼ ਵਿੱਚ ਆਖਿਆ।
‘‘ਕੋਈ ਨਾ! ਡੋਲੂ ’ਚ ਪਾ ਕੇ ਭੇਜਦੀਂ ਗੱਗੂ ਹੱਥ।’’ ਉਸ ਨੇ ਕਿਸੇ ਚਿੰਤਾ ਵਿੱਚ ਡੁੱਬਿਆਂ ਵੀ ਬੇਫ਼ਿਕਰੀ ਨਾਲ ਕਿਹਾ ਅਤੇ ਜਾਂਦਾ ਹੋਇਆ ਆਪਣੇ ਮੰਜੇ ’ਤੇ ਸੁੱਤੇ ਪਏ ਗੱਗੂ, ਜਿਸ ਦੇ ਹੱਥ ਵਿੱਚ ਪਾਟਿਆ ਹੋਇਆ ਪੁਰਾਣਾ ਕੈਦਾ ਫੜਿਆ ਸੀ, ਉੱਤੇ ਖੇਸ ਦੇ ਕੇ ਬਾਹਰ ਵੱਲ ਵਧਿਆ।
‘‘ਦੇਖ ਲੀਂ! ਜੇ ਛੇਤੀ ਮੁੜਿਆ ਗਿਆ। ਅੱਜ ਜੀਤਾਂ ਦਾ ਰਜਲਟ ਵੀ ਆਉਣੈ!’’ ਪ੍ਰਸਿੰਨੋ ਨੇ ਜਾਂਦੇ ਹੋਏ ਕਰਨੈਲ ਨੂੰ ਯਾਦ ਦਿਵਾਇਆ ਅਤੇ ਉਸ ਦੇ ਪਿੱਛੇ ਕੌਲੇ ਦਾ ਸਹਾਰਾ ਲੈ ਕੇ ਆ ਖੜ੍ਹੀ।
‘‘ਤੂੰ ਹੀ ਜਾ ਆਈਂ!’’ ਉੱਪਰ ਵੱਲ ਵੇਖਦਿਆਂ ਅਤੇ ਪ੍ਰਸਿੰਨੋ ਦੀ ਮਿੰਨਤ ਨੂੰ ਅਣਗੌਲਿਆ ਕਰਦਾ ਉਹ ਚੱਕਵੇਂ ਪੈਰੀਂ ਘਰੋਂ ਬਾਹਰ ਨਿਕਲਦੇ ਸਾਰ ਖੇਤ ਵੱਲ ਚੱਲ ਪਿਆ।
‘‘ਬੇੜੀ ਬੈਠੀ ਆਲਾ! ਕਿਧਰੋਂ ਆ ਗਿਆ ਚੜ੍ਹ ਕੇ।’’ ਗੁੱਸੇ ਵਿੱਚ ਆਖਦਿਆਂ ਉੱਪਰ ਵੱਲ ਵੇਖਦੀ ਪ੍ਰਸਿੰਨੋ ਮੁੜ ਪੀੜ੍ਹੀ ਉੱਤੇ ਆ ਬੈਠੀ, ਪਰ ਚਾਹ ਪੀਣ ਨੂੰ ਉਸ ਦਾ ਜਿਵੇਂ ਚਿੱਤ ਜਿਹਾ ਨਾ ਕੀਤਾ।
‘‘ਨੀਂ ਕੁੜੀਏ! ਆ ਜਾ ਚਾਹ ਪੀ ਲੈ। ਫਿਰ ਨਹਾ ਲੈ ’ਕੇਰਾਂ! ਕਿਉਂ ਤੜਕੇ-ਤੜਕੇ ਲੱਗੀ ਐਂ ਟੱਪਣ? ਐਥੇ ਆਹ! ਅੱਖ ਜਿੰਨੀ ਟਾਹਣੀ ’ਤੇ ਹੁਣ ਕਿਹੜੇ ਪਾਏਂਗੀ ਤੂੰ ਪੀਂਘੜੇ! ਆ ਜਾ ਦਬਾਦਬ। ਨਾਲੇ ਗੱਗੂ ਨੂੰ ਉਠਾ ਦੇ! ਆਹ ਉੱਤੋਂ ਫੇਰ ਵਰ੍ਹਾਊ ਹੋਇਆ ਖੜ੍ਹੈ।’’ ਪ੍ਰਸਿੰਨੋ ਦੇ ਬੋਲ ਹਾਲੇ ਵੀ ਗੁੱਸੇ ਵਿੱਚ ਭਿੱਜੇ ਸਨ ਜੋ ਅਸਲ ਵਿੱਚ ਜੀਤਾਂ ਪ੍ਰਤੀ ਘੱਟ ਰੱਬ ਪ੍ਰਤੀ ਜ਼ਿਆਦਾ ਸਨ।
ਕਰਨੈਲ ਦਾ ਖੇਤ ਉਸ ਦੇ ਘਰ ਤੋਂ ਕਿਲੋਮੀਟਰ ਕੁ ਦੂਰ ਪਿੰਡ ਤੋਂ ਬਾਹਰ ਵੱਲ ਸੀ। ਪਿੰਡ ਦੀਆਂ ਕੱਚੀਆਂ ਪੱਕੀਆਂ ਚਿੱਕੜ ਭਰੀਆਂ ਗਲੀਆਂ ਵਿੱਚੋਂ ਲੰਘਦਿਆਂ, ਮਿੱਟੀ ਦਾ ਗਾਰਾ ਘਰੋੜ ਕੇ ਉਸ ਦੇ ਟੁੱਟੇ ਜੋੜਿਆਂ ਵਿਚਦੀ ਪੈਰਾਂ ਦੀਆਂ ਉਗਲਾਂ ਵਿੱਚ ਪਿਚਲੱਕ-ਪਿਚਲੱਕ ਜਾਂਦਾ। ਡਿੱਗਣ ਤੋਂ ਬਚਣ ਲਈ ਸੰਭਲ ਕੇ ਤੁਰਦਿਆਂ ਆਖ਼ਰ ਉਸ ਨੇ ਗੋਡਿਆਂ ਕੋਲੋਂ ਪਾਟਿਆ ਪਜਾਮਾ ਲਾਹ ਕੇ ਮੋਢੇ ਧਰ ਲਿਆ ਤੇ ਜੋੜਿਆਂ ਨੂੰ ਹੱਥ ’ਚ ਫੜ ਲਿਆ। ਪਿੰਡ ਦਾ ਸੂਆ ਟੱਪਦਿਆਂ ਪਿੱਛੇ ਵੱਲ ਡਰਦੇ-ਡਰਦੇ ਝਾਕਦਿਆਂ ਪਾਣੀ ਨਾਲ ਭਰਿਆ ਵਗਦਾ ਸੂਆ ਵੇਖ ਕੇ ਉਹਦੇ ਚਿੱਤ ਵਿੱਚ ਉੱਬਲਾ-ਝੁੱਭਲੀ ਜਿਹੀ ਲੱਗ ਗਈ। ਉਸ ਦੀ ਤੋਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਆ ਗਈ ਤੇ ਉਹ ਆਪਣੇ ਖੇਤ ਵਾਲੇ ਪਹੇ ਉੱਤੇ ਜਾ ਚੜ੍ਹਿਆ।
ਜਵਾਨੀ ਵਿੱਚ ਪੈਰ ਧਰਦੀਆਂ ਉੱਤੇ ਬੱਦਲਾਂ ਨੇ ਕਹਿਰ ਵਰਤਾ ਦਿੱਤਾ ਸੀ। ਪਹੇ ਦੇ ਆਲੇ-ਦੁਆਲੇ ਵਾਲੀਆਂ ਕਣਕਾਂ ਨਾਲ ਭਰੇ ਖੇਤਾਂ ਨੂੰ ਉਹ ਜਿੱਥੋਂ ਕਿਤੋਂ ਵੀ ਵੇਖਣ ਲੱਗਦਾ ਤਾਂ ਕਣਕਾਂ ਵਿੱਚ ਕਿਤੇ ਕਿਤੇ ਟੋਏ ਪਏ ਦਿਸਦੇ। ਫ਼ਸਲਾਂ ਦਾ ਹਾਲ ਵੇਖਦਿਆਂ ਉਸ ਦੇ ਮੂੰਹੋਂ ‘‘ਵਾਹਿਗੁਰੂ ਵਾਹਿਗੁਰੂ’’ ਨਿਕਲਣ ਲੱਗਦਾ। ‘‘ਅਜੇ ਕੱਲ੍ਹ ਹੀ ਰਮਾਇਆ ਸੀ। ਕਿੰਨੇ ਦਿਨਾਂ ਤੋਂ ਡਰਦਾ ਸੀ ਬਈ ਹੁਣ ਨਾ ਕਿਤੇ ਪਾ ਦੇਵੇ। ਜਦੋਂ ਰਮਾਤੀ ਓਦੋਂ ਪਾ ’ਤਾ। ਓ ਰੱਬਾ! ਅਸੀਂ ਕਿਹੜਾ ਰਾਜੇ ਆਂ ਬਈ ਖੁੱਲ੍ਹੀਆਂ ਜ਼ਮੀਨਾਂ ਨੇ! ਆਹ ਹੀ ਟੁੱਕ ਜੋਗਰੀ। ਓ ਕਿਉਂ ਵੈਰੀ ਬਣਦਾ ਜਾਨੈਂ।’’
ਫ਼ਸਲ ਦੇ ਫ਼ਿਕਰ ਵਿੱਚ ਉੱਪਰ ਵੱਲ ਆਪਣੇ ਵੱਲੋਂ ਜਾਣੀਂ ਰੱਬ ਨੂੰ ਸ਼ਿਕਾਇਤਾਂ ਕਰਦਿਆਂ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਆਪਣੇ ਖੇਤ ਵਾਲੇ ਕੋਠੇ ਕੋਲ ਆ ਪਹੁੰਚਿਆ। ਕੋਠੇ ਲਾਗੇ ਅੰਬ ਕੋਲ ਆ ਕੇ ਜਿਵੇਂ ਉਸ ਦੀਆਂ ਅੱਖਾਂ ਹੀ ਪਥਰਾ ਗਈਆਂ। ਪਰ ਉਸ ਨੇ ਫਿਰ ਹੌਸਲੇ ਕੀਤਾ ਅਤੇ ਅੰਬ ਦੀ ਜੜ੍ਹੇ ਪਜਾਮੇ ਨੂੰ ਜੋੜਿਆਂ ਉੱਤੇ ਰੱਖਦਿਆਂ ਸਾਰ ਕਹੀ ਨਾਲ ਕਣਕ ਦੇ ਕਿਆਰੇ ਵਾਲੇ ਨੱਕੇ ਨੂੰ ਖੋਲ੍ਹਣ ਲੱਗਿਆ, ਪਰ ਖਾਲ ਵਿਚਲਾ ਪਾਣੀ ਪਹਿਲਾਂ ਹੀ ਕਿਆਰੇ ਵਾਲੇ ਪਾਣੀ ਦੇ ਵੱਤ ਸੀ। ਰਾਤ ਦੇ ਕੜਾਕੇਦਾਰ ਮੀਂਹ ਨੇ ਮਿਹਨਤ-ਮੁਸ਼ੱਕਤ ਨਾਲ ਪਾਲੇ ਕਣਕਾਂ ਦੇ ਲਹਿਰਾਉਂਦੇ ਕੇਸਾਂ ਵਿੱਚ ਦੋਗੀਆਂ ਪਾ ਦਿੱਤੀਆਂ। ਕਣਕਾਂ ਕੱਲ੍ਹ ਭਰ ਜਵਾਨ ਸਨ ਤੇ ਅੱਜ ਕਿਸੇ-ਕਿਸੇ ਬੱਲੀ ਉੱਤੇ ਟਿਕੀ ਕੋਈ-ਕੋਈ ਬੂੰਦ ਉਸ ਨੂੰ ਜਿਵੇਂ ਹੰਝੂ ਜਾਪਦੀ।
ਕਰਨੈਲ ਦੇ ਅਰਮਾਨਾਂ ’ਤੇ ਪਾਣੀ ਫਿਰ ਗਿਆ। ਕਣਕਾਂ ਵਾਂਗ ਡਿੱਗੇ ਦਿਲ ਨਾਲ ਉਸ ਨੇ ਕੋਠੇ ਦਾ ਬਾਰ ਖੋਲ੍ਹਿਆ ਅਤੇ ਅੰਦਰ ਖੂੰਜੇ ਵਿੱਚ ਪੱਲੀ ਓਹਲੇ ਲੁਕੋਈ ਸ਼ਰਾਬ ਦੀ ਬੋਤਲ ਕੱਢ ਕੇ ਖੋਲ੍ਹ ਲਈ। ਨਿਰਨੇ ਕਾਲਜੇ ਪੀਤੀ ਦੇ ਸਰੂਰ ਨੇ ਉਹਦਾ ਦਿਮਾਗ਼ ਘੇਰ ਲਿਆ। ਮੰਜਾ ਕੱਢ ਕੇ ਡਾਹੁਣ ਦੀ ਹਿੰਮਤ ਉਸ ਵਿੱਚ ਨਾ ਰਹੀ। ਸੋ ਉਸ ਨੇ ਅੰਬ ਕੋਲ ਆਣ ਆਪਣੇ ਮੜਾਸੇ ਨੂੰ ਹੀ ਲਾਹ ਕੇ ਪਿੱਠ ਥੱਲੇ ਰੱਖ ਲਿਆ ਅਤੇ ਡਿੱਗੀ ਕਣਕ ਵੱਲ ਦੇਖਦਾ ਮਾਤਮ ਮਨਾਉਣ ਲੱਗਿਆ। ਘੰਟੇ ਕੁ ਪਿੱਛੋਂ ਹੀ ਗੱਗੂ ਚਾਹ ਲੈ ਆਇਆ, ਪਰ ਕਰਨੈਲ ਨੂੰ ਉਸ ਦੇ ਆਉਣ ਦੀ ਕੋਈ ਬਿੜਕ ਨਾ ਲੱਗੀ।
‘‘ਊੜਾ ਊਠ, ਐੜਾ? ਬਾਪੂ ਐੜਾ ਕੀ ਹੁੰਦਾ?’’ ਡੱਕੇ ਨਾਲ ਗਿੱਲੀ ਧਰਤੀ ’ਤੇ ਅ ਵਾਹੁੰਦਿਆਂ ਗੱਗੂ ਨੇ ਕਰਨੈਲ ਦਾ ਧਿਆਨ ਭੰਗ ਕੀਤਾ।
‘‘ਐੜਾ ਅੰਬ! ਉਹੀ ਅੰਬ ਜੋ ਮੇਰੇ ਬਾਪੂ ਨੇ ਲਾਇਆ ਸੀ। ਤੇ ਉਹੀ ਇਸ ਅੰਬ ਦੀ ਟਾਹਣੀ ਦੇ ਲੇਖੇ ਲੱਗ ਗਿਆ। ਇਨ੍ਹਾਂ ਅੰਬਾਂ ਨੇ ਖੌਰੇ ਕਿੰਨੇ ਕਰਨੈਲ ਸਿੰਹੁ ਦੇਖੇ ਹੋਣੇ! ਹੂੰ।’’ ਅੰਬ ਵੱਲ ਡੂੰਘੀ ਸੋਚ ਵਿੱਚ ਵੇਖਦਿਆਂ ਉਸ ਨੇ ਆਪਣੇ ਹੀ ਪਾਗਲਪਣ ਵਿੱਚ ਜਵਾਬ ਦਿੱਤਾ।
‘‘ਈੜੀ ਇੱਟ। ਸੱਸਾ…? ਬਾਪੂ ਦੱਸ?’’
‘‘ਸ- ਸਪਰੇਅ!’’ ਕਰਨੈਲ ਨੇ ਉੱਤਰ ਦਿੱਤਾ ਅਤੇ ਲਮਢੀਂਗ ਜਿਹਾ ਹੋ ਕੇ ਕੋਠੇ ਵਿੱਚੋਂ ਸਪਰੇਅ ਵਾਲੀ ਬੋਤਲ ਗੀਝੇ ਵਿੱਚ ਤੁੰਨ ਲਿਆਇਆ।
‘‘ਹੂੰ! ਕਾਹਦੀ ਸਪਰੇਅ? ਸਰਕਾਰੀ ਜਹਿਰ!’’ ਆਖ ਕੇ ਉਸ ਨੇ ਖਾਲ ਵੱਲ ਥੁੱਕਿਆ ਜੋ ਲੇਬਾ ਜਿਹਾ ਬਣ ਕੇ ਖਾਲ ਲਾਗੇ ਜੰਮੀ ਹਰੇਵਾਈ ’ਤੇ ਜਾ ਚਿਪਿਆ। ਉਹ ਮੁੜ ਖੜ੍ਹਾ ਹੋਇਆ ਤੇ ਚਾਹ ਵਾਲੇ ਡੋਲੂ ਨੂੰ ਕੋਠੇ ਦੇ ਕਿੱਲੇ ’ਤੇ ਟੰਗਣ ਲੱਗਿਆ।
ਭਾਵੇਂ ਗੱਗੂ ਆਪਣੇ ਬਾਪੂ ਤੋਂ ਪੁੱਛੇ ਜਵਾਬ ਵਾਰ ਵਾਰ ਦੁਹਰਾ ਰਿਹਾ ਸੀ, ਪਰ ਉਸ ਤੋਂ ਪੁੱਛੇ ਬਿਨਾਂ ਮਿਲੇ ਜਵਾਬ ਤੇ ਗੁੱਝੀਆਂ ਗੱਲਾਂ ਉਸ ਦੀ ਅਣਭੋਲ ਮੱਤ ਤੋਂ ਪਰ੍ਹੇ ਸਨ।
‘‘ਖੱਖਾ? ਬਾਪੂ?’’
‘‘ਖੇਤ। ਤੇਰੇ ਆਪਣੇ ਖੇਤ। ਆਹ ਰੋਂਦੇ ਖੇਤ।’’ ਉਸ ਨੇ ਡਿੱਗੀ ਕਣਕ ਵੱਲ ਹੱਥ ਕਰਕੇ ਆਖਿਆ ਤੇ ਕਣਕ ਵਿੱਚ ਜਾ ਵੜਿਆ। ਡਿੱਗੀ ਕਣਕ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪੁੱਤਾਂ ਵਾਂਗ ਸਹਿਲਾਉਣ ਲੱਗਾ।
‘‘ਜੱਜਾ ਜੱਗ? ਹਣਾ! ਬਾਪੂ?’’ ਅੱਗੇ ਬੋਲਦਿਆਂ-ਲਿਖਦਿਆਂ ਗੱਗੂ ਨੇ ਪੁੱਛਿਆ।
‘‘ਨਹੀਂ ਪੁੱਤ! ਜੱਜਾ ਜਮੀਨ! ਜੋ ਨਾ ਤੇਰੇ ਬਾਬੇ ਦੀ ਰਹੀ, ਨਾ ਮੇਰੀ ਰਹਿਣੀ ਆ ਤੇ ਨਾ ਹੀ… ਨਾ ਹੀ… ਤੇਰੀ!’’ ਇਹ ਆਖ ਕੇ ਉਸ ਦੀ ਧਾਹ ਨਿਕਲ ਗਈ। ਉਸ ਨੇ ਮੁੜ ਆ ਕੇ ਗੱਗੂ ਨੂੰ ਹਿੱਕ ਨਾਲ ਲਿਆ। ਉਸ ਦੀਆਂ ਅੱਖਾਂ ਵਿੱਚ ਵਗਦੇ ਹੰਝੂ ਉਸ ਦੀ ਉਲਝੀ ਦਾੜ੍ਹੀ ਵਿੱਚ ਗੁੰਮ ਹੋ ਜਾਂਦੇ। ਪਰ ਇਹ ਦਰਦ ਗੱਗੂ ਦੇ ਮਾਸੂਮ ਦਿਲ ਦੇ ਹਾਣ ਦਾ ਨਹੀਂ ਸੀ। ਸ਼ਰਾਬ ਦੀ ਬਦਬੂ ਤੋਂ ਤੰਗ ਜਿਹਾ ਆ ਕੇ ਗੱਗੂ ਨੇ ਕਰਨੈਲ ਦੀ ਪਕੜ ਤੋਂ ਆਪਣੇ ਆਪ ਨੂੰ ਛੁਡਾਇਆ ਅਤੇ ਮੁੜ ਬੋਲ-ਬੋਲ ਕੇ ਧਰਤੀ ’ਤੇ ਲਿਖਣ ਲੱਗਿਆ। ਕਰਨੈਲ ਦਾ ਦਿਲ ਕਰਦਾ ਸੀ ਕਿ ਉਹ ਆਪਣੇ ਪੁੱਤ ਗੱਗੂ ਨੂੰ ਰੱਜ ਕੇ ਪਿਆਰ ਕਰੇ, ਪਰ ਜਿਵੇਂ ਉਸ ਨੂੰ ਆਪਣੇ ਆਪ ਤੋਂ ਹੀ ਨਫ਼ਰਤ ਹੋਣ ਲੱਗੀ। ਉਸ ਨੇ ਸਪਰੇਅ ਵਾਲੀ ਸ਼ੀਸ਼ੀ ਖੋਲ੍ਹੀ, ਪਰ ਪੁੱਤ ਕੋਲ ਹੁੰਦੇ ਉਸ ਦੀ ਹਿੰਮਤ ਨਾ ਪਈ। ਉਹ ਕਦੇ ਸ਼ੀਸ਼ੀ ਵੱਲ ਵੇਖਦਾ ਕਦੇ ਗੱਗੂ ਵੱਲ ਜੋ ਅੱਖਰਾਂ ਨੂੰ ਸਹਿਜ ਨਾਲ ਲਿਖ-ਲਿਖ ਸਾਫ਼ ਕਰ ਰਿਹਾ ਸੀ। ਕਰਨੈਲ ਮੁੜ ਕੋਠੇ ਵਿੱਚ ਜਾ ਵੜਿਆ ਤੇ ਕੁਝ ਫਰੋਲਾ-ਫਰਾਲੀ ਕਰਨ ਲੱਗਿਆ।
‘‘ਬਾਪੂ ਧੱਦਾ ਕੀ ਹੁੰਦਾ?’’ ਗੱਗੂ ਨੇ ਇਕਦਮ ਉੱਚੀ ਆਵਾਜ਼ ’ਚ ਪੁੱਛਿਆ ਜੋ ਹਾਲੇ ਵੀ ਕੋਠੇ ਅੰਦਰ ਕੁਝ ਲੱਭ ਰਿਹਾ ਸੀ।
‘‘ਪਤਾ ਨੀਂ ਯਰ! ਦੱਸਦੇ ਧੱਦਾ ਇਹਨੂੰ! ਧੱਦਾ ਧੀ ਪੁੱਤ! ਧੀ ਪੁੱਤ!’’ ਧੀ ਸ਼ਬਦ ਦੁਬਾਰਾ ਬੋਲਦਿਆਂ ਹੀ ਉਸ ਦੀਆਂ ਅੱਖਾਂ ਅੱਗੇ ਜੀਤਾਂ ਆ ਗਈ। ਉਸ ਨੇ ਬਾਹਰ ਨਿਕਲ ਕੇ ਗੱਗੂ ਵੱਲ ਵੇਖਿਆ। ਉਹ ਅਗਲੇ ਅੱਖਰ ਮੁੜ ਬੋਲ-ਬੋਲ ਕੇ ਲਿਖਣ ਵਿੱਚ ਮਗਨ ਸੀ।
ਕਰਨੈਲ ਨੂੰ ਹਾਲੇ ਵੀ ਉਹ ਚੀਜ਼ ਨਾ ਲੱਭੀ ਜਿਸ ਨੂੰ ਉਹ ਲੱਭ ਰਿਹਾ ਸੀ। ਲਗਾਤਾਰ ਇੱਧਰ-ਉੱਧਰ ਭਾਲਦਿਆਂ ਆਖ਼ਰ ਉਸ ਨੂੰ ਉਹ ਚੀਜ਼ ਮਿਲ ਹੀ ਗਈ ਜਿਸ ਦਾ ਉਸ ਨੂੰ ਆਖ਼ਰੀ ਸਹਾਰਾ ਸੀ।
‘‘ਯਈਆ ਯੱਕਾ, ਰਾਰਾ?
‘‘ਰਾਰਾ ਰੱਸਾ।’’ ਗੱਗੂ ਦੇ ਬੋਲੇ, ਅਗਲੇ ਅੱਖਰ ਬਾਰੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਕਰਨੈਲ ਨੇ ਆਖਿਆ। ਉਸ ਨੇ ਰੱਸੇ ਦਾ ਫਾਹਾ ਬਣਾਇਆ ਤੇ ਅੰਬ ਦੁਆਲੇ ਵਲਣ ਲੱਗਿਆ।
ਗੱਗੂ ਦੇ ਇੱਕ ਲੈਅ ਵਿੱਚ ਬੋਲਦੇ ਅੱਖਰ ਉਸ ਦੇ ਕੰਨਾਂ ਦੁਆਲੇ ਭਿਣਭਿਣਾ ਰਹੇ ਸਨ। ਫੇਰ ਵੀ ਉਹ ਫਾਹੇ ਨੂੰ ਆਪਣੇ ਗਲ ਵਿੱਚ ਪਾਉਣ ਦੇ ਇਰਾਦੇ ਨੂੰ ਮਜ਼ਬੂਤ ਕਰ ਰਿਹਾ ਸੀ। ਅਚਾਨਕ ਪਿੱਛੋਂ ਆਵਾਜ਼ ਆਈ, ‘‘ਬਾਪੂ…!’’
ਕਰਨੈਲ ਨੇ ਪਿੱਛੇ ਮੁੜ ਕੇ ਉਸ ਦਿਸ਼ਾ ਵੱਲ ਵੇਖ ਕੇ ਆਵਾਜ਼ ਵਾਲੇ ਚਿਹਰੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ, ਪਰ ਦਾਰੂ ਦਾ ਨਸ਼ਾ ਅਤੇ ਉਸ ਦੀਆਂ ਅੱਖਾਂ ਵਿਚਲਾ ਪਾਣੀ ਸਾਫ਼ ਦੇਖਣ ਵਿੱਚ ਵਿਘਨ ਪਾ ਰਿਹਾ ਸੀ।
‘‘ਬਾਪੂ…!’’ ਆਵਾਜ਼ ਥੋੜ੍ਹੀ ਤਿਖੇਰੀ ਹੋਈ ਤਾਂ ਉਸ ਨੇ ਜੀਤਾਂ ਨੂੰ ਪਛਾਣ ਲਿਆ ਜੋ ਭੱਜੀ ਆਉਂਦੀ ਉਸੇ ਵੱਲ ਵਧ ਰਹੀ ਸੀ।
‘‘ਨੀਂ ਕੁੜੀਏ ਹੌਲੀ! ਖੜ੍ਹ ਜਾ…’’ ਜੀਤਾਂ ਦੇ ਪਿੱਛੇ ਹੀ ਪ੍ਰਸਿੰਨੋ ਕਰਨੈਲ ਲਈ ਭੱਤਾ ਲਈ ਆ ਰਹੀ ਸੀ।
‘‘ਬਾਪੂ… ਮੈਂ ਫਸਟ ਆਗੀ! ਬਾਪੂ…।’’ ਖ਼ੁਸ਼ੀ ਵਿੱਚ ਬਉਰੀ ਹੋਈ ਜੀਤਾਂ ਕਰਨੈਲ ਦੇ ਗਲ ਨਾਲ ਆ ਚਿੰਬੜੀ। ਆਪਣੀ ਧੀ ਦੀ ਖ਼ੁਸ਼ੀ ਦਾ ਭੁਚਾਲ ਦੇਖ ਕੇ ਉਸ ਦੀ ਭੁੱਬ ਨਿਕਲ ਗਈ। ‘‘ਮੇਰੀ ਜੀਤਾਂ! ਮੇਰੀ ਧੀ!’’ ਆਖ ਕਿਰਸਾਨਾ ਜ਼ਾਰੋ ਜ਼ਾਰ ਰੋਣ ਲੱਗ ਪਿਆ। ਆਪਣੇ ਬਾਪੂ ਨੂੰ ਉੱਚੀ ਉੱਚੀ ਰੋਂਦਾ ਵੇਖ ਕੇ ਗੱਗੂ ਭੱਜ ਕੇ ਆਪਣੀ ਮਾਂ ਪ੍ਰਸਿੰਨੋ ਨਾਲ ਜਾ ਚਿੰਬੜਿਆ। ਕਣਕਾਂ ਦਾ ਹਾਲ, ਲਟਕਦੇ ਰੱਸੇ ਅਤੇ ਸ਼ਰਾਬ ਨੂੰ ਵੇਖ ਕੇ ਪ੍ਰਸਿੰਨੋ ਸਭ ਸਮਝ ਗਈ। ਉਸ ਨੇ ਕਰਨੈਲ ਨੂੰ ਗਲ ਲਾ ਲਿਆ ਤੇ ਉਸ ਨੂੰ ਦਿਲਾਸੇ ਦੇਣ ਲੱਗੀ। ‘ਕੁਝ ਪਲ ਹੋਰ ਜੇ ਉਹ ਨਾ ਆਉਂਦੀ ਤਾਂ ਖੌਰੇ ਕੀ ਭਾਣਾ ਵਰਤਦਾ’ ਇਹ ਗੱਲ ਸੋਚ ਕੇ ਉਸ ਦੀ ਰੂਹ ਕੰਬ ਗਈ।
‘‘ਮੈਂ ਇਨ੍ਹਾਂ ਮਲੂਕ ਜਿੰਦਾਂ ਤੋਂ ਇਨ੍ਹਾਂ ਦੇ ਚਾਅ ਤੇ ਹਾਸੇ ਕਿਵੇਂ ਖੋਹ ਲਵਾਂ, ਪ੍ਰਸਿੰਨੋ?’’ ਆਖ ਕੇ ਕਰਨੈਲ ਬੱਚਿਆਂ ਵਾਂਗੂੰ ਉੱਚੀ ਉੱਚੀ ਰੋਣ ਲੱਗ ਪਿਆ। ‘‘ਬੱਸ! ਨਾ! ਦੇਖ, ਚੁੱਪ ਕਰ ਜਾ! ਹੁਣ,’’ ਪ੍ਰਸਿੰਨੋ ਜਿਵੇਂ ਆਪਣੇ ਹੀ ਰੋਣੇ ਤੋਂ ਡਰਦੀ ਕੰਬਦੀ ਆਵਾਜ਼ ਨਾਲ ਕਰਨੈਲ ਨੂੰ ਸੰਭਾਲਣ ਲੱਗੀ।
‘‘ਦੇਖੀਂ ਬੱਸ ਕਰ ਕੋਈ ਆ ਜੂ। ਜੋ ਹੋਇਆ ਜੈ ਨੂੰ ਖਾਵੇ। ਦਾਤਾ ਆਪੇ ਭਲੀ ਕਰਸੀ। ਆਹ! ਵੇਖ ਆਪਣੀ ਜੀਤਾਂ ਸਾਰੀ ਕਲਾਸ ’ਚੋਂ ਪਹਿਲੇ ਨੰਬਰ ’ਤੇ ਆਈ ਆ।’’ ਕਰਨੈਲ ਦੇ ਹੰਝੂਆਂ ਨਾਲ ਆਪਣੇ ਹੰਝੂ ਰਲਾਉਂਦੀ ਪ੍ਰਸਿੰਨੋ ਨੇ ਆਪਣੀ ਚੁੰਨੀ ਦੇ ਲੜ ਨਾਲ ਉਸ ਦੇ ਅੱਥਰੂ ਪੂੰਝਦਿਆਂ ਦਿਲਾਸਾ ਦਿੱਤਾ।
‘‘ਆ ਮੇਰੀ ਧੀ!’’ ਆਪਣੀਆਂ ਅੱਖਾਂ ਨੂੰ ਹਥੇਲੀਆਂ ਨਾਲ ਸਾਫ਼ ਕਰਦਿਆਂ ਕਰਨੈਲ ਨੇ ਸੰਭਲ ਕੇ ਜੀਤਾਂ ਨੂੰ ਗੋਦੀ ਚੁੱਕ ਲਿਆ।
‘‘ਬੀਬੀ! ਬਾਪੂ ਨੇ ਆਹ ਰੱਸ ਕਿਉਂ ਪਾਇਆ?’’ ਜੀਤਾਂ ਤੋਂ ਪੁੱਛੇ ਬਿਨਾਂ ਰਿਹਾ ਨਾ ਗਿਆ।
ਕਰਨੈਲ ਨੂੰ ਮਹਿਸੂਸ ਹੋਇਆ ਜਿਵੇਂ ਜੀਤਾਂ ਉਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਬਾਪ ਘੋਸ਼ਿਤ ਕਰ ਰਹੀ ਹੋਵੇ।
‘‘ਓ ਲੈ ਹਾਂ! ਸੱਚ! ਤੇਰਾ ਬਾਪੂ ਆਹ ਅੰਬ ’ਤੇ ਤੇਰੇ ਵਾਸਤੇ ਪੀਂਘ ਪਾਉਂਦਾ ਸੀ।’’ ਪ੍ਰਸਿੰਨੋ ਨੇ ਜਿਵੇਂ ਬਨਾਵਟੀ ਝੂਠ ਨੂੰ ਸੱਚ ਵਿੱਚ ਬਦਲ ਦਿੱਤਾ।
‘‘ਹਾਂ! ਹਾਂ! ਤੇਰੇ ਵਾਸਤੇ ਪੀਂਘ!’’ ਉਸ ਦੀ ਅੱਖ ਦੀ ਸੈਨਤ ਨੂੰ ਸਮਝਦਿਆਂ ਹੀ ਕਰਨੈਲ ਜੀਤਾਂ ਨੂੰ ਗੋਦੀਉਂ ਥੱਲੇ ਲਾਹ ਕੇ ਫੁਰਤੀ ਨਾਲ ਫਾਹੇ ਵਾਲੇ ਰੱਸੇ ਦੀ ਪੀਂਘ ਬਣਾਉਣ ਲੱਗ ਪਿਆ।
‘‘ਲੈ ਹੁਣ ਤੁਸੀਂ ਦੋਂਵੇ ਭੈਣ-ਭਰਾ ਏਸ ’ਤੇ ਝੂਟੇ ਲੈ ਲਿਆ ਕਰਿਓ।’’ ਪ੍ਰਸਿੰਨੋ ਦੇ ਆਖਦੇ ਸਾਰ ਹੀ ਜੀਤਾਂ ਤੇ ਗੱਗੂ ਦੋਵੇਂ ਖ਼ੁਸ਼ੀ-ਖ਼ੁਸ਼ੀ ਭੱਜ ਕੇ ਪੀਂਘ ’ਤੇ ਜਾ ਚੜ੍ਹੇ ਤੇ ਉਹ ਅੰਬ ਥੱਲੇ ਭੱਤਾ ਰੱਖ ਕੇ ਕੋਠੇ ਅੰਦਰੋਂ ਮੰਜਾ ਕੱਢ ਲਿਆਈ। ਸ਼ਰਾਬ ਦੀ ਬਚੀ ਅੱਧੀ ਬੋਤਲ ਕਰਨੈਲ ਨੇ ਚੁੱਕ ਕੇ ਸਾਹਮਣੇ ਵਾਲੇ ਖਾਲ ਦੇ ਲਾਗੇ ਜਾ ਮਧਿਆਈ।
‘‘ਕੱਲ੍ਹ ਨੂੰ ਤੈਨੂੰ ਵੀ ਨਵਾਂ ਕੈਦਾ ਲਿਆ ਕੇ ਦੇਊਂ।’’ ਗੱਗੂ ਵੱਲ ਮੋਹ ਭਰੀਆਂ ਨਜ਼ਰਾਂ ਨਾਲ ਵੇਖ ਕੇ ਆਖਦਾ ਕਰਨੈਲ ਸਿੰਹੁ ਚੁੱਕ ਕੇ ਵਾਣ ਵੱਲ ਤੁਰ ਪਿਆ।
‘‘ਆਏ! ਹਾਏ! ਨਵਾਂ ਕੈਦਾ… ਹੋ…’’ ਗੱਗੂ ਜੀਤਾਂ ਨੂੰ ਝੂਟੇ ਦਿੰਦਾ ਖ਼ੁਸ਼ੀ ਨਾਲ ਨੱਚਣ ਲੱਗਾ।
‘‘ਮੈਂ ਕਿਹਾ ਜੀ! ਰੋਟੀ ਤਾਂ ਖਾ ਲੈਂਦਾ।’’ ਪ੍ਰਸਿੰਨੋ ਦੇ ਹਉਕੇ ਵਿੱਚ ਖ਼ੁਸ਼ੀ ਦਾ ਇੱਕ ਟੋਟਾ ਆ ਰਲਿਆ ਜਿਸ ਨਾਲ ਉਸ ਦੀਆਂ ਅੱਖਾਂ ਵਿੱਚੋਂ ਇੱਕ ਖ਼ੁਸ਼ੀ ਦਾ ਹੰਝੂ ਆ ਟਪਕਿਆ।
‘‘ਖੜ੍ਹ ਜਾ, ਆਹ ਖਾਲ ਆਲਾ ਪਾਣੀ ਤਾਂ ਲਹਿ ਗਿਆ, ਕਣਕ ਆਲੇ ਨੱਕੇ ਜੇ ਖੋਲ ਹੀ ਆਵਾਂ।’’ ਆਖ ਕੇ ਕਰਨੈਲ ਖਾਲੋ-ਖਾਲ ਤੁਰ ਪਿਆ।
‘‘ਆਹ! ਪਰਨਾ ਲੈ ਜਾਂਦਾ! ਜਾਹ ਨੀ! ਤੇਰੇ ਬਾਪੂ ਦਾ ਪਰਨਾ ਫੜਾ ਕੇ ਆ।’’ ਭੱਤਾ ਖੋਲਦਿਆਂ ਪ੍ਰਸਿੰਨੋ ਨੇ ਕਰਨੈਲ ਨੂੰ ਆਖਦੇ ਆਖਦੇ ਜੀਤਾਂ ਨੂੰ ਡਿੱਗੇ ਪਰਨੇ ਵੱਲ ਇਸ਼ਾਰਾ ਕਰ ਕੇ ਹੁਕਮ ਦਿੱਤਾ।
‘‘ਬਾਪੂ… ਤੇਰਾ ਪਰਨਾ!’’
ਪੀਂਘ ਝੂਟਣ ਦੀ ਕਾਹਲੀ ਵਿੱਚ ਜੀਤਾਂ ਨੇ ਕਰਨੈਲ ਨੂੰ ਬੋਲ ਮਾਰ ਕੇ ਰੋਕ ਲਿਆ।
‘‘ਨੀ ਝਾੜ ਲੈ ਮਾੜਾ ਜਾ। ਲਬਿੜਿਆ ਹੋਊ।’’
ਪ੍ਰਸਿੰਨੋ ਦੀ ਦਿੱਤੀ ਮੱਤ ’ਤੇ ਅਸਰ ਕਰਦਿਆਂ ਜੀਤਾਂ ਆਪਣੇ ਬਾਪੂ ਨੂੰ ਪਰਨਾ ਝਾੜ ਕੇ ਫੜਾਉਂਦੀ ਮੁੜ ਪੀਂਘ ਵੱਲ ਜਾ ਭੱਜੀ। ਖਾਲ ਦੀ ਗਿੱਲੀ ਵੱਟ ਉੱਤੇ ਨਿੱਕੀਆਂ-ਨਿੱਕੀਆਂ ਪੁਲਾਂਘਾਂ ਭਰਦੀ ਜੀਤਾਂ ਵੱਲ ਵੇਖ ਕੇ ਕਰਨੈਲ ਦੀਆਂ ਅੱਖਾਂ ਅੱਗੇ ਜੀਤਾਂ ਦੇ ਭਵਿੱਖ ਵਾਲੀ ਤਸਵੀਰ ਆ ਗਈ। ਉਸ ਦੇ ਅੰਦਰੋਂ ਨਿੱਕਲਦੀ ਖ਼ੁਸ਼ੀ ਹਾਸਾ ਬਣ ਬੁੱਲ੍ਹਾਂ ’ਤੇ ਫੈਲ ਗਈ। ਸਾਫੇ ਦੇ ਲੜ ਨੂੰ ਮਿਣਦਿਆਂ ਉਸ ਨੇ ਮੁੜ ਸਿਰ ’ਤੇ ਮੜਾਸਾ ਮਾਰਿਆ ਅਤੇ ਦੋਵੇਂ ਹੱਥਾਂ ਨਾਲ ਕਹੀ ਫੜ ਕੇ ਪੂਰੇ ਜੋਸ਼ ਨਾਲ ਕਣਕ ਵਾਲੇ ਨੱਕੇ ਨੂੰ ਖੋਲ੍ਹਣ ਲੱਗ ਪਿਆ। ਗੱਗੂ ਅਤੇ ਜੀਤਾਂ ਦੇ ਹੱਸਣ-ਖੇਡਣ ਦੀਆਂ ਆਵਾਜ਼ਾਂ ਉਸ ਨੂੰ ਊਰਜਾ ਦੇ ਰਹੀਆਂ ਸਨ। ਉਨ੍ਹਾਂ ਵੱਲੋਂ ਗਾਇਆ ਜਾ ਰਿਹਾ ਗੀਤ ਉਸ ਦੇ ਹੱਡਾਂ ਵਿੱਚ ਜਾਨ ਭਰਦਾ ਜਾ ਰਿਹਾ ਸੀ ਜੋ ਪੀਂਘ ਝੂਟਦੇ ਦੋਵੇਂ ਭੈਣ-ਭਰਾ ਇਕੋ ਸੁਰ ਵਿੱਚ ਗਾ ਰਹੇ ਸਨ ‘‘ਕਰ ਕੇ ਮਿਹਨਤ, ਤੂੰ ਪਲਟ ਤਖਤੇ। ਮਾਰ ਹੰਭਲਾ, ਕਿਰਸਾਨ ਸਿੰਘਾ ਬਦਲ ਨਕਸ਼ੇ।’’
ਸੰਪਰਕ: 98154-28027