ਰਵਿੰਦਰ ਕੌਰ
ਕੀ ਸਾਡਾ ਕੀ ਬੇਗਾਨਾ ਮੁਲਕ
ਅਸੀਂ ਤਾਂ ਆਪਣੇ ਮੁਲਕ ਵਿਚ ਬਗਾਨੇ ਹੋਏ
ਅਸੀਂ ਇੱਥੇ ਹੀ ਜੰਮੇ,
ਅਸੀਂ ਇੱਥੇ ਹੀ ਉੱਜੜੇ,
ਇੱਥੇ ਹੀ ਕੱਖੋਂ ਹੌਲੇ ਹੋਏ
ਧੀਆਂ, ਬੱਚੇ, ਮੇਰੇ ਮਾਈ, ਬਾਪੂ
ਦਰ-ਦਰ ਦੀ ਠੋਕਰ ਖਾਂਦੇ ਫਿਰਦੇ
ਭੁੱਖਣ ਭਾਣੇ, ਛੱਤ ਵਿਹੂਣੇ
ਅਸੀਂ ਇੱਥੇ ਹੀ ਮੋਏ…
ਜਿਸ ਨੇ ਕਦੇ ਘਰੋਂ ਉੱਜੜੇ ਲੋਕ ਦੇਖੇ, ਜਾਂ ਉੱਜੜ ਕੇ ਵਸਿਆਂ ਦੀਆਂ ਕਹਾਣੀਆਂ ਸੁਣੀਆਂ ਹੋਣ, ਸ਼ਾਇਦ ਉਸ ਨੂੰ ਅਹਿਸਾਸ ਹੋਵੇ ਕਿ ਉਜਾੜਾ ਕੀ ਹੁੰਦਾ ਹੈ! ਪੰਜਾਬ ਦੇ ਲੋਕਾਂ ਨੇ 1947 ਵਿਚ ਉਜਾੜਾ ਦੇਖਿਆ ਜਿਸ ਦੀਆਂ ਗੱਲਾਂ ਸਾਡੇ ਵੱਡੇ ਹੁਣ ਵੀ ਦੱਸਦੇ ਹਨ। ਪੰਜਾਬ ਦੇ ਲੋਕਾਂ ਦੇ ਉਜਾੜੇ ਦੇ ਕਾਰਨ ਸਿਆਸੀ ਸਨ। ਇਸ ਲੇਖ ਵਿਚ ਸੰਸਾਰ ਦੇ ਉੱਜੜੇ ਲੋਕਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਆਪਣਾ ਘਰ-ਬਾਰ, ਪਿੰਡ ਮਜਬੂਰੀ ਵਿਚ ਛੱਡਣੇ ਪਏ, ਇਸ ਦੇ ਕਾਰਨ ਵੀ ਸਿਆਸੀ ਹੀ ਹਨ! ਅੰਦਰੂਨੀ ਉਜਾੜੇ ਦੇ ਸ਼ਿਕਾਰ ਲੋਕ ਅਜਿਹੇ ਲੋਕ ਹਨ ਜਿਹੜੇ ਆਪਣੇ ਘਰਾਂ ਤੋਂ ਉੱਜੜ ਚੁੱਕੇ ਹਨ, ਆਪਣਾ ਇਲਾਕਾ ਛੱਡ ਕੇ ਦੇਸ਼ ਦੇ ਅੰਦਰ ਹੀ ਦੂਜੇ ਇਲਾਕੇ ਵਿਚ ਰਹਿੰਦੇ ਹਨ। ‘ਕੌਮਾਂਤਰੀ ਅੰਦਰੂਨੀ ਉਜਾੜਾ ਨਿਗਰਾਨ ਕੇਂਦਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2022 ਦੇ ਅੰਤ ਤੱਕ ਸੰਸਾਰ ਪੱਧਰ ’ਤੇ ਆਪਣੇ ਹੀ ਮੁਲਕ ਵਿਚ ਉੱਜੜ ਕੇ ਰਹਿ ਰਹੇ ਲੋਕਾਂ ਦੀ ਗਿਣਤੀ ਹੁਣ ਤੱਕ ਦੀ ਸਭ ਤੋਂ ਉੱਚੀ ਦਰ ’ਤੇ ਹੈ। ਇਹ 2021 ਦੇ ਮੁਕਾਬਲੇ 2022 ਵਿਚ 20% ਜਿ਼ਆਦਾ ਹੈ। 2020 ਦੇ ਅੰਤ ਵਿਚ ਇਹ ਗਿਣਤੀ 5.5 ਕਰੋੜ ਤੋਂ ਵੱਧ ਸੀ ਜੋ 2021 ਦੀ ਪਹਿਲੀ ਛਿਮਾਹੀ ਵਿਚ 6 ਕਰੋੜ ਸੀ। ਜਨਵਰੀ ਤੋਂ ਜੂਨ 2021 ਦੇ ਵਿਚਕਾਰ 33 ਦੇਸ਼ਾਂ ਵਿਚ 43 ਲੱਖ ਤੋਂ ਵੱਧ ਨਵੇਂ ਅੰਦਰੂਨੀ ਉਜਾੜੇ ਦਰਜ ਕੀਤੇ ਗਏ ਸਨ। ਏਜੰਸੀ ਨੇ ਕਿਹਾ ਕਿ ਸਾਲ ਪਹਿਲਾਂ ਦੇ ਮੁਕਾਬਲੇ ਉਜਾੜਾ ਤੇਜ਼ੀ ਨਾਲ ਵਧਿਆ; ਕਾਂਗੋ, ਇਥੋਪੀਆ, ਅਫਗਾਨਿਸਤਾਨ, ਮਿਆਂਮਾਰ, ਦੱਖਣੀ ਸੂਡਾਨ ਅਤੇ ਅਫਰੀਕੀ ਦੇਸ਼ਾਂ ਵਿਚ ਵੱਡਾ ਉਜਾੜਾ ਹੋਇਆ ਸੀ। ਇਸ ਸਮੇਂ ਕੀਨੀਆ ਵਿਚ ਅੰਦਰੂਨੀ ਉਜਾੜੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਲਗਭਗ 3 ਲੱਖ 80 ਹਜ਼ਾਰ ਹੈ। ਸੋਮਾਲੀਆ ਵਿਚ ਇਹ ਗਿਣਤੀ ਲਗਭਗ 30 ਲੱਖ ਹੈ। ਸਭ ਤੋਂ ਜਿ਼ਆਦਾ ਗਿਣਤੀ ਇਥੋਪੀਆ ਵਿਚ ਹੈ; ਰਿਪੋਰਟ ਅਨੁਸਾਰ ਉੱਥੇ ਲਗਭਗ 42 ਲੱਖ ਅੰਦਰੂਨੀ ਉਜਾੜੇ ਦੇ ਸ਼ਿਕਾਰ ਲੋਕ ਹਨ।
2022 ਦੇ ਅੱਧ ਤੱਕ 60 ਲੱਖ ਤੋਂ ਵੱਧ ਨਵਾਂ ਅੰਦਰੂਨੀ ਉਜਾੜਾ ਦਰਜ ਕੀਤਾ ਗਿਆ ਸੀ। ਇਸ ਸਾਲ ਦੇ ਅੰਤ ਤੱਕ ਇਸ ਦੀ ਗਿਣਤੀ 7 ਕਰੋੜ ਤੋਂ ਵੀ ਵਧ ਗਈ। ਯੂਕਰੇਨ, ਕਾਂਗੋ, ਇਥੋਪੀਆ, ਮਿਆਂਮਾਰ, ਸੋਮਾਲੀਆ ਵਿਚ ਪਿਛਲੇ ਸਾਲ ਉਜਾੜਾ ਸਭ ਤੋਂ ਵੱਧ ਹੋਇਆ। ਆਓ ਕੁਝ ਦੇਸ਼ਾਂ ਦੇ ਅੰਕੜੇ ਦੇਖੀਏ:
ਇਹਨਾਂ ਦੇਸ਼ਾਂ ਤੋਂ ਬਿਨਾ ਪਿਛਲੇ ਸਾਲ ਕੁਦਰਤੀ ਆਫ਼ਤਾਂ ਕਾਰਨ ਪਾਕਿਸਤਾਨ, ਫਿਲਪੀਨਜ਼, ਚੀਨ, ਭਾਰਤ ਅਤੇ ਨਾਇਜੀਰੀਆ ਵਿਚ ਵੀ ਲੋਕ ਆਪਣੇ ਖੇਤਰਾਂ ਤੋਂ ਉੱਜੜਨ ਲਈ ਮਜਬੂਰ ਹੋਏ। ਪਾਕਿਸਤਾਨ ਵਿਚ ਪਿਛਲੇ ਸਾਉਣ ਵਿਚ ਆਏ ਹੜ੍ਹਾਂ ਕਾਰਨ ਲਗਭਗ 80 ਲੱਖ ਲੋਕਾਂ ਦਾ ਉਜਾੜਾ ਹੋਇਆ। ਹੁਣ ਮੁੱਖ ਸਵਾਲ ਇਹ ਹੈ ਕਿ ਕਰੋੜਾਂ ਲੋਕਾਂ ਦੇ ਇਨ੍ਹਾਂ ਜਬਰੀ ਉਜਾੜਿਆਂ ਦਾ ਦੋਸ਼ੀ ਕੌਣ ਹੈ? ਇਹ ਲੋਕੀਂ ਵਸੇ ਵਸਾਏ ਘਰ ਛੱਡ ਕੇ, ਆਪਣੀ ਜੰਮਣ ਭੋਇੰ ਛੱਡਣ ਲਈ ਮਜਬੂਰ ਕਿਉਂ ਹੋਏ?
ਵੱਖੋ-ਵੱਖ ਰਿਪੋਰਟਾਂ ਅਨੁਸਾਰ ਇਸ ਦੇ ਕਾਰਨ ਕੁਦਰਤੀ ਆਫ਼ਤਾਂ ਜਿਵੇਂ ਪਾਕਿਸਤਾਨ ਵਿਚ ਆਏ ਹੜ੍ਹ, ਅਫਰੀਕਾ ਵਿਚ ਸੋਕੇ ਕਾਰਨ ਅਕਾਲ ਵਾਲੀ ਹਾਲਤ, ਭੂਚਾਲ (ਇਨ੍ਹਾਂ ਦੇ ਮਨੁੱਖੀ ਸੰਕਟ ਵਿਚ ਤਬਦੀਲ ਹੋਣ ਵਿਚ ਵੀ ਹਾਕਮ ਹੀ ਜਿ਼ੰਮੇਵਾਰ ਹਨ) ਆਦਿ ਅਤੇ ਜੰਗਾਂ ਹਨ ਪਰ ਮੁੱਖ ਕਾਰਨ ਜੰਗਾਂ ਹਨ ਜੋ ਸਾਮਰਾਜੀ ਤਾਕਤਾਂ ਦੂਜੇ ਦੇਸ਼ ਦੇ ਲੋਕਾਂ ਉੱਤੇ ਥੋਪਦੀਆਂ ਹਨ ਅਤੇ ਘਰੇਲੂ ਜੰਗਾਂ ਜੋ ਦੇਸ਼ ਦੇ ਹਾਕਮਾਂ ਨੇ ਦੇਸ਼ ਦੇ ਲੋਕਾਂ ਖਿਲਾਫ ਹੀ ਛੇੜੀਆਂ ਹੋਈਆਂ ਹਨ। ਸਾਮਰਾਜੀਆਂ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੋਈ ਹੈ। ਕਰੋੜਾਂ ਲੋਕਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਤਬਾਹ ਕੀਤੇ ਗਏ ਅਤੇ ਇਹਨਾਂ ਨੂੰ ਆਪਣੇ ਹੀ ਮੁਲਕਾਂ ਵਿਚ ਸ਼ਰਨਾਰਥੀ ਬਣਾ ਦਿੱਤਾ ਗਿਆ। ਇੱਥੇ ਕੁਝ ਕੁ ਦੇਸ਼ਾਂ ਦੀਆਂ ਉਦਾਹਰਨਾਂ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਮੁਨਾਫ਼ੇ ਦੀ ਦੌੜ, ਗਰੀਬ ਦੇਸ਼ਾਂ ਨੂੰ ਮੰਡੀਆਂ ਬਣਾਉਣ, ਦੂਜੇ ਦੇਸ਼ਾਂ ਦੇ ਕੁਦਰਤੀ ਸਰੋਤ ਲੁੱਟਣ ਲਈ ਸਾਮਰਾਜੀ ਮੁਲਕ ਜੰਗਾਂ ਦਾ ਸਹਾਰਾ ਲੈਂਦੇ ਹਨ ਅਤੇ ਘਾਣ ਕਿਰਤੀ ਲੋਕਾਂ ਦਾ ਹੁੰਦਾ ਹੈ। ਸਾਮਰਾਜੀ ਮੁਲਕ ਦੂਜੇ ਦੇਸ਼ਾਂ ਦੇ ਇਕੱਲੇ ਕੁਦਰਤੀ ਸਰੋਤ ਹੀ ਨਹੀਂ ਹੜੱਪਦੇ ਸਗੋਂ ਸਸਤੀ ਕਿਰਤੀ ਸ਼ਕਤੀ ਹੜੱਪਦੇ ਲੋਕਾਂ ਨੂੰ ਗਰੀਬੀ, ਭੁਖਮਰੀ, ਮੌਤ ਦੇ ਮੂੰਹ ਵਿਚ ਵੀ ਧੱਕਦੇ ਹਨ। ਮੁਲਕ ਦੇ ਅੰਦਰ ਹੁਕਮਰਾਨ ਮੁਲਕ ਦੇ ਹੀ ਲੋਕਾਂ ਨੂੰ ਜੰਗਾਂ ਅੰਦਰ ਝੋਕ ਦਿੰਦੇ ਹਨ। ਇਹ ਹੁਕਮਰਾਨ ਆਪਣੇ ਆਰਥਿਕ, ਸਿਆਸੀ ਹਿੱਤਾਂ ਕਾਰਨ ਲੋਕਾਂ ਦੀਆਂ ਲਹਿਰਾਂ ਨੂੰ ਬੰਦੂਕਾਂ ਦੇ ਜ਼ੋਰ ’ਤੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ; ਜਿਵੇਂ ਇਥੋਪੀਆ ਵਿਚ ਟਾਇਗਰੀ ਦੇ ਇਲਾਕੇ ਵਿਚ ਹੋ ਰਿਹਾ ਹੈ, ਜਾਂ ਜਿਵੇਂ ਭਾਰਤ ਵਿਚ ਕਸ਼ਮੀਰ, ਮਨੀਪੁਰ ਵਿਚ ਹੋ ਰਿਹਾ ਹੈ।
ਮਿਆਂਮਾਰ: ਪਹਿਲੀ ਫਰਵਰੀ 2022 ਨੂੰ ਫੌਜ ਨੇ ਅਮਰੀਕਾ ਪੱਖੀ ਆਂਗ ਸਾਨ ਦੀ ਸਰਕਾਰ ਦਾ ਤਖਤਾ ਪਲਟ ਕੇ ਫੌਜੀ ਤਾਨਾਸ਼ਾਹੀ ਸਥਾਪਿਤ ਕੀਤੀ। ਤਖਤਾ ਪਲਟ ਤੋਂ ਬਾਅਦ ਮਿਆਂਮਾਰ ਵਿਚ ਟਕਰਾਅ ਨੇ ਅੰਦਰੂਨੀ ਤੌਰ ’ਤੇ ਲਗਭਗ 10 ਲੱਖ ਲੋਕ ਉਜਾੜ ਦਿੱਤੇ। 70,000 ਲੋਕ ਗੁਆਂਢੀ ਦੇਸ਼ਾਂ ਨੂੰ ਚਲੇ ਗਏ। ਮੀਆਂਮਾਰ ਫੌਜ ਵੱਲੋਂ ਮੁੜ ਸੱਤਾ ਸਾਂਭਣ ਦੇ ਫ਼ੈਸਲੇ ਪਿੱਛੇ ਚਾਲਕ ਸ਼ਕਤੀ ਮਿਆਂਮਾਰ ਦਾ ਵਧ ਰਿਹਾ ਘਰੇਲੂ ਆਰਥਿਕ ਤੇ ਸਿਆਸੀ ਸੰਕਟ ਹੈ। ਮਿਆਂਮਾਰ ਦੇ ਕਿਰਤੀਆਂ ਦੇ ਕੰਮ ਹਾਲਾਤ ਮਾੜੇ ਹਨ। 2020 ਵਿਚ ਉੱਤਰੀ ਮਿਆਂਮਾਰ ਦੇ ਕਾਚੀਨ ਸੂਬੇ ਵਿਚ ਜੇਡ ਪੱਥਰਾਂ ਦੀ ਖਾਣ ਵਿਚ ਹਾਦਸੇ ਦੌਰਾਨ 200 ਦੇ ਕਰੀਬ ਮਜ਼ਦੂਰ ਮਾਰੇ ਗਏ। ਇਸ ਹਾਦਸੇ ਨੇ ਮਿਆਂਮਾਰ ਦੀ ਇਸ 31 ਅਰਬ ਡਾਲਰ ਦੀ ਸਭ ਤੋਂ ਵੱਡੀ ਪਰ ਪੂਰੀ ਤਰ੍ਹਾਂ ਗੈਰ-ਨਿਯਮਿਤ ਸਨਅਤ ਵਿਚ ਚੱਲ ਰਹੀ ਲੁੱਟ ਸਾਰਿਆਂ ਸਾਹਮਣੇ ਨਸ਼ਰ ਕੀਤੀ। ਇਸ ਅੰਨ੍ਹੀ ਲੁੱਟ ਵਿਚ ਆਂਗ ਸਾਨ ਦੀ ਪਾਰਟੀ ਤੋਂ ਲੈ ਫੌਜੀ ਅਫਸਰ ਸਭ ਸ਼ਾਮਲ ਸਨ। ਦੂਜੇ ਬੰਨੇ ਫੌਜ ਵਿਚ ਇਹ ਅਹਿਸਾਸ ਵਧ ਰਿਹਾ ਸੀ ਕਿ ਆਂਗ ਸਾਨ ਆਪ-ਮੁਹਾਰੀ ਹੋ ਰਹੀ ਹੈ। ਜਦ ਮਾਰਚ 2020 ਵਿਚ ਆਂਗ ਸਾਨ ਨੇ ਸੰਵਿਧਾਨ ਵਿਚ ਅਜਿਹੀ ਸੋਧ ਕਰਨੀ ਚਾਹੀ ਜਿਸ ਰਾਹੀਂ ਉਹ ਸਦਰ ਬਣ ਸਕੇ ਤਾਂ ਫੌਜ ਨੇ ਆਪਣੀ ਤਾਕਤ ਵਰਤਦਿਆਂ ਅਜਿਹੀ ਕਿਸੇ ਵੀ ਸੋਧ ਨੂੰ ਰੱਦ ਕਰ ਦਿੱਤਾ। ਉਸ ਮਗਰੋਂ ਦੋਹਾਂ ਧਿਰਾਂ ਦਾ ਇਹ ਆਪਸੀ ਤਣਾਅ ਤਿੱਖਾ ਹੁੰਦਾ ਗਿਆ ਅਤੇ ਨਤੀਜੇ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। ਫੌਜੀ ਤਾਨਾਸ਼ਾਹੀ ਨੇ ਆਮ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ।
ਇਥੋਪੀਆ: ਇਥੋਪੀਆ ਬਹੁਕੌਮੀ ਸਰਮਾਏਦਾਰਾ ਦੇਸ਼ ਹੈ। ਪ੍ਰਧਾਨ ਮੰਤਰੀ ਅਬੀ ਅਹਿਮਦ ‘ਇੱਕ ਹੋਣ ਲਈ ਨੇੜੇ ਆਉਣ’, ‘ਕੌਮੀ ਏਕਤਾ’ ਦੀਆਂ ਗੱਲਾਂ ਜੋਰ-ਸ਼ੋਰ ਨਾਲ ਕਰ ਰਿਹਾ ਹੈ। ਇਥੋਪੀਆ ਦੀ ਕੇਂਦਰੀ ਸਰਕਾਰ ਦੀ ਇਹ ਮੁਹਿੰਮ ਅਸਲ ਵਿਚ ਇਸ ਦੇਸ਼ ਵਿਚ ਕੌਮੀ ਜਬਰ-ਦਾਬਾ ਹੋਰ ਵਧਾਉਣ, ਕੌਮਾਂ ਨੂੰ ਕੁਝ ਹੱਦ ਤੱਕ ਮਿਲੀ ਖੁਦਮੁਖਤਾਰੀ ਖਤਮ ਕਰਨ ਅਤੇ ਸੱਤਾ ਦੇ ਕੇਂਦਰੀਕਰਨ ਦੀ ਮੁਹਿੰਮ ਹੈ। ਇਸ ਨਾਲ ਇੱਥੇ ਵਸਦੀਆਂ ਵੱਖ ਵੱਖ ਕੌਮਾਂ ਵਿਚ ਬੇਚੈਨੀ ਵਧ ਗਈ ਹੈ, ਕੌਮੀ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਇਥੋਪੀਆ ਦੀ ਸਰਕਾਰ ਨੇ ਅਮਹਾਰਾ, ਟਾਈਗਰੀ ਦੇ ਖਿੱਤੇ ਦੇ ਲੋਕਾਂ ’ਤੇ ਭਿਆਨਕ ਜਬਰ ਢਾਹੇ। ਸਕੂਲ, ਹਸਪਤਾਲ, ਘਰ ਇਸ ਖਾਨਾਜੰਗੀ ਕਾਰਨ ਤਬਾਹ ਹੋ ਗਏ, ਨਿਰਦੋਸ਼ ਲੋਕਾਂ ਦੇ ਸਮੂਹਿਕ ਕਤਲ ਕੀਤੇ, ਲੋਕਾਂ ਦਾ ਵੱਡੀ ਪੱਧਰ ’ਤੇ ਭਿਆਨਕ ਉਜਾੜਾ ਹੋਇਆ। ਇਥੋਪੀਆ ਦੇ ਉੱਤਰੀ ਟਾਈਗਰੇ ਇਲਾਕੇ ਵਿਚ ਖਾਨਾਜੰਗੀ ਨਵੰਬਰ 2020 ਵਿਚ ਸ਼ੁਰੂ ਹੋਈ ਸੀ। ਇਹ ਸਰਕਾਰ ਤੇ ਇਸ ਦੇ ਸਹਿਯੋਗੀ ਅਤੇ ਲੋਕ ਮੁਕਤੀ ਮੋਰਚਾ ਵਿਚਕਾਰ ਹੈ। ਕੌਮੀ ਮਸਲੇ ਦਾ ਵੱਧ ਤੋਂ ਵੱਧ ਜਮਹੂਰੀ ਢੰਗ ਨਾਲ਼ ਹੱਲ ਕਰਨ ਦੀ ਥਾਵੇਂ ਇਥੋਪੀਆ ਦੇ ਹਾਕਮਾਂ ਨੇ ਅਧੀਨ ਕੌਮਾਂ ਉੱਤੇ ਬੇਕਿਰਕ ਜਬਰ ਦਾ ਰਾਹ ਚੁਣਿਆ ਹੈ। ਦੇਸ਼ ਦੇ ਲੋਕਾਂ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਵਿਚ ਸਮੂਹਿਕ ਕਤਲ ਹੋਏ ਅਤੇ ਔਰਤਾਂ ਨਾਲ ਯੁੱਧ ਦੇ ਹਥਿਆਰ ਵਜੋਂ ਵੱਡੀ ਪੱਧਰ ’ਤੇ ਬਲਾਤਕਾਰ ਕੀਤੇ ਗਏ। ਇਥੋਪੀਆ ਸਰਕਾਰ ਨੇ ਜੰਗ ਪ੍ਰਭਾਵਿਤ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਮਦਦ, ਭੋਜਨ, ਦਵਾਈਆਂ ਆਦਿ ਲੈ ਕੇ ਜਾਣ ’ਤੇ ਵੀ ਨਾਕਾਬੰਦੀ ਕੀਤੀ। ਕੋਈ ਵੀ ਹੋਰ ਦੇਸ਼ ਜਾਂ ਉਸੇ ਦੇਸ਼ ਦੀ ਕੋਈ ਸੰਸਥਾ ਆਦਿ ਸਭ ’ਤੇ ਇਹ ਨਾਕਾਬੰਦੀ ਸੀ। ਲੋਕਾਂ ਨੂੰ ਭੁੱਖ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ।
ਕਾਂਗੋ: ਅਜਿਹਾ ਦੇਸ਼ ਜਿੱਥੇ ਕੁਦਰਤੀ ਦੌਲਤ ਦੇ ਅੰਬਾਰ ਹਨ, ਖਣਿਜ ਪਦਾਰਥਾਂ ਦੇ ਭੰਡਾਰ ਹਨ। ਉਹ ਭਾਵੇਂ ਰਬੜ ਹੋਵੇ ਜਾਂ ਯੂਰੇਨੀਅਮ, ਕਾਂਗੋ ਦੇ ਕੁਦਰਤੀ ਸਰੋਤਾਂ ਦੀ ਲੁੱਟ ਲਈ ਹੀ ਦੂਜੇ ਦੇਸ਼ ਕਾਂਗੋ ਨੂੰ ਹਿੰਸਾ, ਜੰਗਾਂ ਵਿਚ ਝੋਕਦੇ ਹਨ। ਕਾਂਗੋ ਪਹਿਲਾਂ ਬੈਲਜੀਅਮ ਦੀ ਬਸਤੀ ਰਿਹਾ, ਦੂਜੀ ਸੰਸਾਰ ਜੰਗ ਤੋਂ ਬਾਅਦ 1960 ਵਿਚ ਆਜ਼ਾਦੀ ਹਾਸਲ ਹੋਈ ਤਾਂ ੂ ਹਾਕਮਾਂ ਨੇ ਸਾਮਰਾਜੀ ਮੁਲਕਾਂ ਨਾਲ ਮਿਲ ਕੇ ਕਾਂਗੋ ਦੇ ਕਿਰਤੀ ਲੋਕਾਂ ਨੂੰ ਗਰੀਬੀ, ਹਿੰਸਾ ਵਿਚ ਝੋਕ ਦਿੱਤਾ।
ਰੂਸ ਯੁਕਰੇਨ ਜੰਗ: ਇਸ ਜੰਗ ਨੂੰ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਜੰਗ ਕਾਰਨ ਵੱਡੇ ਪੱਧਰ ’ਤੇ ਯੂਕਰੇਨ ਦੇ ਲੋਕ ਅੰਦਰੂਨੀ ਤੌਰ ’ਤੇ ਉਜਾੜੇ ਦਾ ਸਾਹਮਣਾ ਕਰ ਰਹੇ ਹਨ। ਅਸਲ ਵਿਚ ਇਹ ਜੰਗ ਦੋ ਸਾਮਰਾਜੀ ਮੁਲਕਾਂ ਰੂਸ ਅਤੇ ਅਮਰੀਕਾ ਦਾ ਆਪਸੀ ਖਹਿਭੇੜ ਹੈ ਜਿਸ ਦਾ ਅਖਾੜਾ ਯੂਕਰੇਨ ਬਣਿਆ ਹੋਇਆ ਹੈ। ਕਦੇ ਮੱਧ-ਪੂਰਬ, ਕਦੇ ਲਤੀਨੀ ਅਮਰੀਕਾ, ਕਦੇ ਅਫਰੀਕਾ ਤੇ ਕਦੇ ਏਸ਼ਿਆਈ ਮੁਲਕਾਂ ਵਿਚ ਖੇਤਰੀ ਜੰਗਾਂ ਦੇ ਰੂਪ ਵਿਚ ਇਹ ਟਕਰਾਅ ਸਾਹਮਣੇ ਆਉਂਦਾ ਰਿਹਾ ਹੈ ਜਾਂ ਕਦੇ ਇੱਕ-ਦੂਜੇ ਉੱਤੇ ਆਰਥਿਕ ਪਬੰਦੀਆਂ ਦੇ ਰੂਪ ਵਿਚ।
ਇਹ ਸਰਮਾਏਦਾਰਾ-ਸਾਮਰਾਜੀ ਢਾਂਚਾ ਹੀ ਸੰਸਾਰ ਭਰ ਦੀ ਆਮ ਲੋਕਾਈ ਦੇ ਸਭ ਦੁੱਖਾਂ-ਤਕਲੀਫਾਂ, ਤੰਗੀਆਂ-ਤੁਰਸ਼ੀਆਂ ਦੀ ਜੜ੍ਹ ਹੈ। ਜਦੋਂ ਤੱਕ ਇਹ ਢਾਂਚਾ ਹੈ, ਉਦੋਂ ਤੱਕ ਲੋਕ ਉਜਾੜੇ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਜੰਗਾਂ, ਹਾਕਮਾਂ ਦੇ ਜਬਰ ਤੋਂ ਨਿਜਾਤ ਨਹੀਂ ਪਾ ਸਕਦੇ। ਅੱਜ ਲੋੜ ਇਸ ਢਾਂਚੇ ਨੂੰ ਹੀ ਭੰਨ ਸੁੱਟਣ ਦੀ ਹੈ ਜੋ ਸਿਰ ਤੋਂ ਪੈਰ ਤੱਕ ਲੋਕਾਈ ਦੇ ਲਹੂ ਨਾਲ ਲਿੱਬੜਿਆ ਹੋਇਆ ਹੈ।
ਸੰਪਰਕ: 70873-49543