ਸੁਖਪ੍ਰੀਤ ਕੌਰ ਖੇੜੀ ਕਲਾਂ
‘ਪਿੰਜਰੇ ਵਿੱਚ ਬੰਦ ਪੰਛੀ ਹੁਣ ਵੀ ਗਾ ਸਕਦਾ ਹੈ।’ ਇਹ ਲਿਖ ਕੇ ਉਸ 83 ਸਾਲਾ ਬਜ਼ੁਰਗ ਕੈਦੀ ਨੇ ਆਪਣੇ ਪੱਤਰ ਦੀ ਸਮਾਪਤੀ ਕੀਤੀ। ਤਲੋਜਾ ਸੈਂਟਰਲ ਜੇਲ੍ਹ, ਮੁੰਬਈ ਵਿੱਚ ਬੰਦ ਇਹ ਕੈਦੀ ‘ਸਟੈਨ ਸਵਾਮੀ’ ਸੀ, ਜਿਨ੍ਹਾਂ ਨੂੰ ਭੀਮਾ-ਕੋਰੇਗਾਓਂ ਕੇਸ ਵਿੱਚ ਹਿੰਸਾ ਭੜਕਾਉਣ ਤੇ ਨਕਸਲੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਅਸੀਂ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਜਾਣਦੇ ਹਾਂ, ਜਿਸ ਨੇ 3 ਦਹਾਕਿਆਂ ਤੋਂ ਵੱਧ ਸਮਾਂ ਮੱਧ ਭਾਰਤ ਦੇ ਆਦਿਵਾਸੀਆਂ ਵਿਚ ਉਨ੍ਹਾਂ ਨਾਲ ਉਨ੍ਹਾਂ ਲਈ ਕੰਮ ਕੀਤਾ, ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਨਾ ਕੀਤੇ ਜਾਣ ‘ਤੇ ਸਵਾਲ ਉਠਾਏ। ਹੁਣ ਇੱਕ ਕੈਦੀ ਸੀ… ਇੱਕ ਦੋਸ਼ੀ ਸੀ।
ਇਹ ਵਰਤਾਰਾ ਅੱਜ-ਕੱਲ੍ਹ ਆਮ ਹੈ। ਕਈ ਤਰ੍ਹਾਂ ਦੀਆਂ ਗਤੀਵਿਧੀਆਂ, ਸਵਾਲ, ਸਰਕਾਰੀ ਨੀਤੀਆਂ ਪ੍ਰਤੀ ਅਸਹਿਮਤੀ ਵਾਲੀਆਂ ਸੁਰਾਂ ਸਾਨੂੰ ਕਟਿਹਰੇ ’ਚ ਖੜ੍ਹਾ ਕਰ ਸਕਦੀਆਂ ਨੇ, ਜੇਲ੍ਹੀਂ ਡੱਕ ਸਕਦੀਆਂ ਨੇ। ਪਰ ਫਿਰ ਵੀ ਕੁਝ ਦਲੇਰੀ ਭਰੀਆਂ ਅਵਾਜ਼ਾਂ ਸਾਨੂੰ ਪਾਬਲੋ ਨੇਰੂਦਾ ਦੇ ਕਥਨ ਯਾਦ ਕਰਵਾਉਂਦੀਆਂ ਰਹਿੰਦੀਆਂ ਨੇ, ਜੋ ਲਿਖਦਾ ਹੈ: ‘ਤੁਸੀਂ ਸਾਰੇ ਫੁੱਲ ਕੱਟ ਸਕਦੇ ਹੋ, ਪਰ ਤੁਸੀਂ ਬਸੰਤ ਨੂੰ ਆਉਣ ਤੋਂ ਨਹੀਂ ਰੋਕ ਸਕਦੇ’।
ਸਟੈਨ ਸਵਾਮੀ ਦਾ ਜਨਮ 26 ਅਪਰੈਲ, 1937 ਨੂੰ ਤਰੁਚਿਰਾਪੱਲੀ, ਤਾਮਿਲਨਾਡੂ ਵਿੱਚ ਹੋਇਆ। ਉਨ੍ਹਾਂ 1970ਵਿਆਂ ਵਿਚ ਫਿਲਪੀਨਜ਼ ਵਿੱਚ ਧਰਮ ਸ਼ਾਸਤਰ ਦੀ ਮਾਸਟਰ ਡਿਗਰੀ ਕੀਤੀ। ਬ੍ਰਾਜ਼ੀਲ ਵਿੱਚ ਪੜ੍ਹਾਈ ਦੌਰਾਨ ਆਰਕਬਿਸ਼ਪ ਕੈਮਾਰਾ ਨਾਲ ਦੋਸਤੀ ਹੋਈ, ਜਿਸ ਦੇ ਗਰੀਬਾਂ ਨਾਲ ਕੰਮ ਕਰਨ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। 1975-1986 ਦੌਰਾਨ ਉਹ ਇੰਡੀਅਨ ਸੋਸ਼ਲ ਇੰਸਟੀਚਿਊਟ, ਬੰਗਲੌਰ ਦੇ ਡਾਇਰੈਕਟਰ ਰਹੇ।
ਸਟੈਨ ਸਵਾਮੀ ਨੇ ਗ੍ਰਿਫ਼ਤਾਰੀ ਤੋਂ 2 ਦਿਨ ਪਹਿਲਾਂ ਇੱਕ ਵੀਡੀਓ ਵਿੱਚ ਦੇਸ਼ ਵਿੱਚ ਵਾਪਰ ਰਹੇ ਇਸ ਵਰਤਾਰੇ ਬਾਰੇ ਕਿਹਾ ਸੀ: “ਜੋ ਕੁਝ ਮੇਰੇ ਨਾਲ ਹੋ ਰਿਹਾ ਹੈ, ਉਹ ਮੇਰੇ ਇਕੱਲੇ ਨਾਲ ਵਾਪਰ ਰਿਹਾ ਕੁੱਝ ਅਨੋਖਾ ਨਹੀਂ ਹੈ। ਇਹ ਵਿਆਪਕ ਪ੍ਰਕਿਰਿਆ ਹੈ ਜੋ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨੇ ਉੱਘੇ ਬੁੱਧੀਜੀਵੀ, ਵਕੀਲ ਲੇਖਕ, ਕਵੀ, ਕਾਰਕੁਨ, ਵਿਦਿਆਰਥੀ, ਨੇਤਾ ਆਦਿ ਨੂੰ ਇਸ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਦੀਆਂ ਹਾਕਮ ਸ਼ਕਤੀਆਂ ਬਾਰੇ ਆਪਣੀ ਅਸਹਿਮਤੀ ਪ੍ਰਗਟਾਈ ਹੈ ਜਾਂ ਸਵਾਲ ਉਠਾਏ ਹਨ। ਅਸੀਂ ਪ੍ਰਕਿਰਿਆ ਦਾ ਹਿੱਸਾ ਹਾਂ। ਇੱਕ ਤਰ੍ਹਾਂ ਮੈਂ ਇਸ ਪ੍ਰਕਿਰਿਆ ਦਾ ਹਿੱਸਾ ਬਣ ਕੇ ਖੁਸ਼ ਹਾਂ। ਮੈਂ ਮੂਕ ਦਰਸ਼ਕ ਨਹੀਂ ਹਾਂ, ਸਗੋਂ ਖੇਡ ਦਾ ਹਿੱਸਾ ਹਾਂ ਅਤੇ ਇਸ ਦੀ ਕੀਮਤ ਜੋ ਵੀ ਹੋਵੇ, ਚੁਕਾਉਣ ਲਈ ਤਿਆਰ ਹਾਂ।”
ਜੇਲ੍ਹ ਵਿੱਚੋਂ ਆਪਣੇ ਸਹਿਯੋਗੀ ਨੂੰ ਲਿਖਿਆ: ‘‘ਇਥੇ ਬੰਦ ਕੈਦੀਆਂ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ ਕਿ ਉਹ ਕਿਸ ਦੋਸ਼ ਹੇਠ ਅੰਦਰ ਨੇ, ਉਨ੍ਹਾਂ ਕਦੇ ਆਪਣੀ ਚਾਰਜਸ਼ੀਟ ਨਹੀਂ ਦੇਖੀ, ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ ਉਹ ਸਾਲਾਂ ਤੋਂ ਬੰਦ ਨੇ। ਫਿਰ ਵੀ ਅਸੀਂ ਸਮੂਹਿਕ ਧੁਨ ਵਿਚ ਗਾਵਾਂਗੇ। ਪਿੰਜਰੇ ਵਿਚ ਬੰਦ ਪੰਛੀ ਹੁਣ ਵੀ ਗਾ ਸਕਦਾ ਹੈ।’’ ਇਹ ਪੜ੍ਹ ਕੇ ਕਿਹਾ ਜਾ ਸਕਦਾ ਕਿ ਦ੍ਰਿੜ੍ਹ ਸੋਚ ਕਦੇ ਕੈਦ ਨਹੀਂ ਹੋ ਸਕਦੀ। ਪਰ ਸਟੈਨ ਸਵਾਮੀ ਦੀ ਜੇਲ੍ਹ ਦੌਰਾਨ ਹੋਈ ਦੁਰਦਸ਼ਾ, ਜੋ ਬੁਢਾਪੇ ਅਤੇ ਗੰਭੀਰ ਬਿਮਾਰੀ ਪਾਰਕਿਨਸਨ ਕਾਰਨ ਬਦ ਤੋਂ ਬਦਤਰ ਹੁੰਦੀ ਗਈ, ਪ੍ਰਤੀ ਅਣਮਨੁੱਖੀ ਵਤੀਰਾ ਸਾਨੂੰ ਝੰਜੋੜ ਕੇ ਰੱਖ ਦਿੰਦਾ ਹੈ ਕਿ ਆਖਰ ਕਿਉਂ ਵਾਰ-ਵਾਰ ਦਾਖ਼ਲ ਕੀਤੀਆਂ ਪਟੀਸ਼ਨਾਂ, ਅਪੀਲਾਂ ਉਤੇ ਕਾਰਵਾਈ ਨਾ ਹੋਈ। 6 ਨਵੰਬਰ, 2020 ਨੂੰ ਦਾਖ਼ਲ ਕੀਤੀ ਗਈ ਅਰਜ਼ੀ ਵਿੱਚ ਕਿਹਾ ਗਿਆ ਕਿ ਉਹ ਬਿਮਾਰੀ ਕਾਰਨ ਗਿਲਾਸ ਚੁੱਕਣ ਤੋਂ ਵੀ ਅਸਮਰੱਥ ਹਨ, ਸਟਰਾਅ ਦੀ ਮੰਗ ਕੀਤੀ ਗਈ। ਇਸ ਵਿੱਚ ਹੋਈ ਦੇਰੀ ਪ੍ਰਤੀ ਲੋਕਾਂ ਨੇ ਆਪਣਾ ਵਿਰੋਧ ਸਟਰਾਅ ਆਨਲਾਈਨ ਮੰਗਵਾ ਜੇਲ੍ਹ ਪਹੁੰਚਾ ਕੇ ਦਰਜ ਕੀਤਾ। ਮਈ 2021 ਵਿੱਚ ਫਿਰ ਜ਼ਮਾਨਤ ਅਰਜ਼ੀ ਭੇਜੀ ਗਈ। ਇਸ ਤਰ੍ਹਾਂ 28 ਮਈ, 2021 ਨੂੰ ਕੋਰਟ ਦੇ ਆਦੇਸ਼ ਅਨੁਸਾਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਉਨ੍ਹਾਂ ਦੀ 5 ਜੁਲਾਈ, 2021 ਨੂੰ ਮੌਤ ਹੋ ਗਈ। ਲੇਖਿਕਾ ਦੀ ਕਲਮ ਇਸ ਤਰ੍ਹਾਂ ਹੋਈ ਮੌਤ ’ਤੇ ਇਹੀ ਲਿਖੇਗੀ: “ਕਾਲੇ ਪਰਛਾਵਿਆਂ ‘ਚ ਕੈਦ ਨੇ, ਬਲਦੇ ਚਿਰਾਗ਼ ਜਿਹੇ ਲੋਕ/ ਤਾਂ ਹੀ ਰੌਸ਼ਨੀਆਂ ਦੇ ਮੁਹੱਲੇ ਵਿਚ ਦੀਪ ਹਨ੍ਹੇਰੇ ਦੇਖੇ ਮੈਂ/ ਮੱਲਾਹ ਹੋਣੇ ਓਹ, ਹੋਣੇ ਬੇੜੀਆਂ ਦੇ ਰਾਜੇ ਕਦੇ/ ਲਾਸ਼ ਬਣ ਕੇ ਸੁੱਕੀ ਰੇਤ ‘ਤੇ ਤਰਦੇ ਜੋ ਦੇਖੇ ਮੈਂ।”
ਸੰਪਰਕ: skaurr120@gmail.com