ਗੁਰਚਰਨ ਸਿੰਘ ਨੂਰਪੁਰ
ਪੂਰਨ ਸਿੰਘ ਯੂ ਕੇ ਸਾਡੇ ਸਮਿਆਂ ਦੇ ਉੱਚੀ ਸਮਝ ਰੱਖਣ ਵਾਲੇ ਵੱਡੇ ਦਾਰਸ਼ਨਿਕ ਲੇਖਕ ਹਨ ਜਿਨ੍ਹਾਂ ਦੀ ਲਿਖਣ ਸ਼ੈਲੀ ਕੁਝ ਔਖੀ ਜ਼ਰੂਰ ਹੈ, ਪਰ ਸਾਨੂੰ ਸੱਚ ਤੱਕ ਲੈ ਕੇ ਜਾਂਦੀ ਹੈ। ਉਸ ਸੱਚ ਤੱਕ ਜਿੱਥੇ ਸਾਡੇ ਅੰਦਰ ਬਣੀਆਂ ਸਦੀਆਂ ਦੀਆਂ ਧਾਰਨਾਵਾਂ ਦੀਆਂ ਕੰਧਾਂ ਡਿੱਗਣ ਲੱਗਦੀਆਂ ਹਨ ਅਤੇ ਸੱਚ ਪ੍ਰਗਟ ਹੁੰਦਾ ਹੈ।
ਦੁਨੀਆਂ ਭਰ ਦੀਆਂ ਸਭਿਅਤਾਵਾਂ, ਇਤਿਹਾਸ, ਮਿਥਿਹਾਸ, ਗਿਆਨ ਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਸਬੰਧੀ ਜਾਣਕਾਰੀ ਦਾ ਉਨ੍ਹਾਂ ਕੋਲ ਵੱਡਾ ਭੰਡਾਰ ਹੈ। ਪੂਰਨ ਸਿੰਘ ਮੇਰੇ ਲਈ ਇੱਕ ਰਾਹ ਦਸੇਰੇ ਵਾਂਗ ਹਨ। ਚਾਰ ਜਿਲਦਾਂ ਵਿੱਚ ਪ੍ਰਕਾਸ਼ਤ ਹੋਏ ‘ਸੋਚ ਦਾ ਸਫਰ’ ਦਾ ਪਹਿਲਾ ਅਤੇ ਦੂਜਾ ਭਾਗ ਪੜ੍ਹ ਕੇ ਮੈਨੂੰ ਯੂਨਾਨੀ ਦਾਰਸ਼ਨਿਕਾਂ, ਉੱਥੋਂ ਦੇ ਇਤਿਹਾਸ, ਮਿਥਿਹਾਸ ਅਤੇ ਸਭਿਆਚਾਰ ਬਾਰੇ ਕਾਫ਼ੀ ਕੁਝ ਜਾਣਨ ਨੂੰ ਮਿਲਿਆ। ਪੂਰਨ ਸਿੰਘ ਦੀ ਹਰ ਲਿਖਤ ਹੀ ਪਾਠਕ ਦਾ ਧਿਆਨ ਖਿੱਚਦੀ ਹੈ। ਉਨ੍ਹਾਂ ਦੀ ਕਿਤਾਬ ‘ਸਭਿਅਤਾ ਅਤੇ ਸਭਿਆਚਾਰ’ ਰਾਹੀਂ ਅਸੀਂ ਮੌਜੂਦਾ ਦੌਰ ਦੇ ਵਰਤਾਰਿਆਂ ਨੂੰ ਸਮਝਣ ਦੇ ਸਮਰੱਥ ਹੁੰਦੇ ਹਾਂ। ਇਸ ਵਿੱਚ ਉਹ ਲਿਖਦੇ ਹਨ: ‘‘ਰੱਬ ਦੇ ਪੁੱਤਰ, ਪੈਗੰਬਰ, ਰੱਖਿਅਕ ਅਤੇ ਅਵਤਾਰ ਆਦਿਕ ਦੇ ਰੂਪ ਵਿੱਚ ਪ੍ਰੋਹਿਤ ਸਾਡੀ ਦੁਨੀਆਂ ’ਚ ਜਿਉਂ ਦਾ ਤਿਉਂ ਕਾਇਮ ਹੈ। ਇਹਨਾਂ ਪ੍ਰਧਾਨ ਪ੍ਰੋਹਿਤਾਂ ਦੇ ਵੱਡੇ ਵੱਡੇ ਮਹਿਕਮੇ ਬਣ ਗਏ ਹਨ। … ਮਨੁੱਖਤਾ ਦਾ ਇਹ ਗੌਰਵਹੀਣ ਅਤੇ ਸ਼ਰਮਸਾਰ ਇਹ ਹਿੱਸਾ ਆਪਣੇ ਵਿਚਲੇ ‘ਪਾਖੰਡ’ ਅਤੇ ਜਨਸਾਧਾਰਣ ਵਿਚਲੇ ਡਰ ਅਤੇ ਅਗਿਆਨ ਦੇ ਸਹਾਰੇ ਜੀ ਰਿਹਾ ਹੈ।’’
ਪੂਰਨ ਸਿੰਘ ਹੋਰੀਂ ਵੱਡੇ ਵਿਦਵਾਨ ਹਨ, ਪਰ ਸੁਕਰਾਤ ਵਾਂਗ ਉਹ ਆਪਣੇ ਗਿਆਨ ਦੀ ਹਉਮੈਂ ਤੋਂ ਕੋਹਾਂ ਦੂਰ ਹਨ। ‘ਪ੍ਰਸੰਨਤਾ ਦੀ ਭਾਲ ਵਿੱਚ’ ਕਿਤਾਬ ਵਿੱਚ ਇੱਕ ਥਾਂ ਉਹ ਲਿਖਦੇ ਹਨ: ‘‘ਮੇਰਾ ਮਨੋਰਥ ਤੁਹਾਡੇ ਅਤੇ ਤੁਹਾਡੇ ਬੱਚਿਆਂ ’ਤੇ ਪ੍ਰਭਾਵ ਪਾਉਣਾ ਨਹੀਂ ਹੈ। ਮੈਂ ਵਿਦਵਾਨ ਹਾਂ ਹੀ ਨਹੀਂ। ਮੇਰਾ ਮਨੋਰਥ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਸਬੰਧਾਂ ਦੀ ਸੁੰਦਰਤਾ ਵਿੱਚ ਵਾਧਾ ਕਰਨਾ ਹੈ।’’ ਪੂਰਨ ਸਿੰਘ ਤਰਕਸ਼ੀਲ ਸੋਚ ਦੇ ਧਾਰਨੀ ਹਨ ਅਤੇ ਸ਼ਬਦਾਂ ਰਾਹੀਂ ਸਾਨੂੰ ਸੱਚ ਦੇ ਰੂਬਰੂ ਕਰਨ ਦੀ ਵੱਡੀ ਸਮਰੱਥਾ ਰੱਖਦੇ ਹਨ। ਅੰਧ-ਵਿਸ਼ਵਾਸ, ਰੂੜੀਵਾਦੀ ਧਾਰਨਾਵਾਂ, ਰੱਬ, ਨਰਕ ਸਵਰਗ ਜਿਹੀਆਂ ਧਾਰਨਾਵਾਂ ਨੂੰ ਆਪਣੀਆਂ ਠੋਸ ਦਲੀਲਾਂ ਨਾਲ ਰੱਦ ਕਰਦੇ ਹਨ, ਪਰ ਇਸ ਸਭ ਕੁਝ ਦਾ ਉਲਾਰ ਮਾਨਸਿਕਤਾ ਜਾਂ ਕੱਟੜਤਾ ਨਾਲ ਵਿਰੋਧ ਨਹੀਂ ਕਰਦੇ ਸਗੋਂ ਮਨੁੱਖੀ ਇਤਿਹਾਸ ਦੀਆਂ ਕੁਝ ਧਾਰਮਿਕ ਹਸਤੀਆਂ ਦੇ ਸਲਾਹੁਣਯੋਗ ਵਿਚਾਰਾਂ ਨੂੰ ਜੀ ਆਇਆਂ ਵੀ ਆਖਦੇ ਹਨ ਅਤੇ ਬੇਝਿਜਕ ਹੋ ਕੇ ਇਨ੍ਹਾਂ ਦਾ ਸਮਰਥਨ ਕਰਦੇ ਹਨ। ‘ਪ੍ਰਸੰਨਤਾ ਦੀ ਭਾਲ ਵਿੱਚ’ ਉਨ੍ਹਾਂ ਲਿਖਿਆ ਹੈ: ‘‘ਯੂਨਾਨੀ ਮਹਾਂਪੁਰਸ਼ ਐਪੀਕਿਊਰਸ ਅਤੇ ਮਹਾਤਮਾ ਬੁੱਧ ਨੇ ਆਪੋ ਆਪਣੇ ਦੇਸ਼ਾਂ ਵਿੱਚ ਧਰਮ ਨੂੰ ਧਰਤੀ ਦਾ ਵਾਸੀ ਅਤੇ ਮਨੁੱਖ ਦੀ ਸੰਸਾਰਕ ਖ਼ੁਸ਼ੀ, ਖੁਸ਼ਹਾਲੀ ਅਤੇ ਖ਼ੂੁਬਸੂਰਤੀ ਦਾ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਪੀਕਿਊਰਸ ਦੇ ਧਰਮ ਨੂੰ ਸਟੋਇਕਾ ਅਤੇ ਇਸਾਈਆਂ ਨੇ ਪਿੜੋਂ ਕੱਢ ਦਿੱਤਾ ਅਤੇ ਬੁੱਧ ਦਾ ਧਰਮ ਹਿੰਦੂ ਧਰਮ ਦੀ ਰੀਸੋ ਰੀਸੇ ਬੁੱਧ ਨੂੰ ਭਗਵਾਨ ਅਤੇ ਆਪਣੇ ਆਪ ਨੂੰ ਭਗਵਾਨ ਦਾ ਮਹਾਂਵਾਕ ਮੰਨਣ ਲੱਗ ਪਿਆ। ਇਸ ਸੰਸਾਰ ਤੋਂ ਪਰ੍ਹੇ ਦੀ ਵਸਤੂ ਬਣਨ ਦੇ ਖਿਆਲ ਨੇ ਧਰਮ ਨੂੰ ਸੰਸਾਰ ਨਾਲ ਉਹ ਸੰਬੰਧ ਕਾਇਮ ਨਹੀਂ ਕਰਨ ਦਿੱਤਾ ਜਿਸ ਦੇ ਆਧਾਰ ਉੱਤੇ ਇਹ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਣ ਦਾ ਮਾਣ ਕਰ ਸਕਦਾ ਸੀ।’’ ਇਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਪੂਰਨ ਸਿੰਘ ਦੀ ਹਰ ਲਿਖਤ ਮਾਨਵਜਾਤ ਅੰਦਰਲੀ ਜੜ੍ਹਤਾ ਅਤੇ ਪਸ਼ੂਪੁਣੇ ਤੋਂ ਉਸ ਨੂੰ ਵਾਕਫ਼ ਕਰਾਉਣ ਦੇ ਨਾਲ ਨਾਲ ਇਸ ਜੀਵਨ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਹੈ।
ਉਂਜ ਤਾਂ ਉਨ੍ਹਾਂ ਦੀ ਹਰ ਲਿਖਤ ਇੱਕ ਵੱਖਰੇ ਦ੍ਰਿਸ਼ਟੀਕੋਣ ਨਾਲ ਇਸ ਸੰਸਾਰ ਨੂੰ ਸਮਝਣ ਦਾ ਇਸ਼ਾਰਾ ਕਰਦੀ ਹੈ, ਪਰ ਉਨ੍ਹਾਂ ਦੇ ਕੁਝ ਦਾਰਸ਼ਨਿਕ ਵਿਚਾਰ ਬੜੇ ਵੱਡੇ ਅਰਥ ਰੱਖਦੇ ਹਨ:
* ਜਿਊਂਦੇ ਜਾਗਦੇ ਨਵੇਂ ਖ਼ਿਆਲ ਸਾਡੀ ਬੌਧਿਕਤਾ ਨੂੰ ਸਾਵਧਾਨ, ਸਿਹਤਮੰਦ ਅਤੇ ਕਾਰਜਸ਼ੀਲ ਰੱਖਦੇ ਹਨ।
* ਜਿੱਥੇ ਟੈਕਨਾਲੌਜੀ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ, ਉੱਥੇ ਕਈ ਇੱਕ ਅਜਿਹੀਆਂ ਬੁਰਾਈਆਂ ਵੀ ਪੈਦਾ ਹੋਈਆਂ ਹਨ ਜਿਨ੍ਹਾਂ ਕਾਰਨ ਮਾਨਸਿਕ ਦੂਰੀਆਂ ਵਧੀਆਂ ਹਨ।
* ਕੇਵਲ ਰਾਜ ਪ੍ਰਬੰਧ ਹੀ ਨਹੀਂ ਸਗੋਂ ਹਰ ਉਹ ਪ੍ਰਬੰਧ ਜੋ ਜਿਉਣਾ ਚਾਹੁੰਦਾ ਹੈ, ਲੋਕਾਂ ਦੇ ਹਿੱਤਾਂ ਬਾਰੇ ਸੋਚੇ ਬਿਨਾਂ ਆਪਣੇ ਮਨੋਰਥ ਵਿੱਚ ਸਫ਼ਲ ਨਹੀਂ ਹੋ ਸਕਦਾ।
* ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਆਦਿਕ ਨੂੰ ਸਤਿਕਾਰਯੋਗ ਬਣਨ ਲਈ ਸੱਚੇ ਹੋਣ ਦੀ ਲੋੜ ਹੈ। ਅਸਲੀ ਹੋਣ ਦੀ ਲੋੜ ਹੈ।
* ਰੱਬ ਦਾ ਖਿਆਲ ਸਾਡੀ ਸਭਿਅਤਾ ਦੇ ਵਿਕਾਸ ਵਿੱਚੋਂ ਵਿਕਸਿਆ ਹੈ। ਇਹ ਕਿਸੇ ਇੱਕ ਵਿਅਕਤੀ ਜਾਂ ਜਾਤੀ ਦਾ ਉਪਜਾਇਆ ਹੋਇਆ ਨਹੀਂ।
ਧਿਆਨ ਸਿੰਘ ਸ਼ਾਹ ਸਿਕੰਦਰ ਦੇ ਸ਼ਬਦਾਂ ਅਨੁਸਾਰ ‘‘ਪੂਰਨ ਸਿੰਘ ਦਾ ਸੋਚ ਸੰਸਾਰ ਨਵੇਕਲਾ ਹੈ, ਪੂਰਨ ਸਿੰਘ ਦੀ ਲਿਖਣ ਸ਼ੈਲੀ ਵੀ ਨਵੇਕਲੀ ਹੈ। ਏਸ ਲਈ ਪੂਰਨ ਸਿੰਘ ਨੂੰ ਸਮਝਣ ਲਈ ਇਕਾਗਰ ਚਿੱਤ ਹੋ ਕੇ ਪੜ੍ਹਨਾ ਪੈਂਦਾ ਹੈ।’’
ਪੂਰਨ ਸਿੰਘ ਦੀਆਂ ਲਿਖਤਾਂ ਤੋਂ ਅਸੀਂ ਨਰੋਈ ਸੇਧ ਲੈ ਸਕਦੇ ਹਾਂ। ਅੱਜ ਮਾਨਵ ਜਾਤੀ ਕੁਦਰਤ ਦੇ ਕਈ ਭੇਤਾਂ ਤੋਂ ਜਾਣੂ ਹੋ ਕੇ ਇਨ੍ਹਾਂ ਨੂੰ ਆਪਣੇ ਢੰਗ ਅਨੁਸਾਰ ਵਰਤਣ ਦੇ ਯੋਗ ਹੋ ਗਈ ਹੈ। ਫਿਰ ਵੀ ਪਹਿਲਾਂ ਨਾਲੋਂ ਵੱਖਰੀ ਤਰ੍ਹਾਂ ਦੀਆਂ ਕਈ ਮੁਸ਼ਕਿਲਾਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਸਭ ਕੁਝ ਦਾ ਕਾਰਨ ਸਾਡਾ ਅਗਿਆਨ ਹੈ। ਅੱਜ ਅਸੀਂ ਸਮਝ ਰਹੇ ਸਾਂ ਕਿ ਸਾਡੀਆਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਵਿਗਿਆਨ ਤੇਜ਼ੀ ਨਾਲ ਹੱਲ ਕਰਦਾ ਜਾ ਰਿਹਾ ਹੈ, ਇਹ ਦੁਨੀਆਂ ਪਹਿਲਾਂ ਨਾਲੋਂ ਚੰਗੀ ਹੋਈ ਹੈ ਅਤੇ ਭਵਿੱਖ ਵਿੱਚ ਹੋਰ ਚੰਗੀ ਹੋ ਜਾਵੇਗੀ। ਦੂਜੇ ਪਾਸੇ ਬਹੁਤ ਕੁਝ ਅਜਿਹਾ ਵੀ ਵਾਪਰਨ ਲੱਗਿਆ ਹੈ ਜਿਸ ਨਾਲ ਸਮਾਜ ਦੀ ਬਹੁਗਿਣਤੀ ਨੂੰ ਰੂੜੀਵਾਦੀ ਪ੍ਰੰਪਰਾਵਾਂ ਅਤੇ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਧੱਕਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਹੋ ਰਹੀਆਂ ਹਨ। ਵਿਗਿਆਨ ਅਤੇ ਵਿਗਿਆਨਕ ਸੋਚ ਨੂੰ ਖ਼ਤਮ ਕਰਨ ਦੀ ਵਿਵਸਥਾ ਅਤੇ ਕੋਸ਼ਿਸ਼ਾਂ ਬੜੀਆਂ ਖ਼ਤਰਨਾਕ ਹਨ।
ਦਰਅਸਲ, ਅੰਧ-ਵਿਸ਼ਵਾਸੀ ਮਨੋਬਿਰਤੀ ਵਾਲੇ ਲੋਕਾਂ ਦੀ ਭੀੜ ਦਾ ਸਮੱਸਿਆਵਾਂ ਤੋਂ ਆਸਾਨੀ ਨਾਲ ਧਿਆਨ ਹਟਾਇਆ ਜਾ ਸਕਦਾ ਹੈ। ਧਰਮਾਂ ਮਜ਼ਹਬਾਂ ਅਤੇ ਜਾਤਾਂ ਪਾਤਾਂ ਦੇ ਝੰਡਿਆਂ ਹੇਠ ਇਕੱਠੇ ਕਰ ਕੇ ਇਨ੍ਹਾਂ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ਹਰ ਤਰ੍ਹਾਂ ਦੇ ਫ਼ਿਰਕੂ ਤੁਅੱਸਬ ਦੀ ਸਿੱਖਿਆ ਮਨੁੱਖ ਦੇ ਸੋਚਣ ਵਿਚਾਰ ਕਰਨ ਦੀ ਆਦਤ ਨੂੰ ਖ਼ਤਮ ਕਰ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਸਮਾਜ ਵਿੱਚ ਵਹਿਮ ਭਰਮ ਅਤੇ ਅੰਧ-ਵਿਸ਼ਵਾਸ ਪਣਪਦੇ ਹਨ। ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਫਸੀਆਂ ਭੀੜਾਂ ਆਪਣੇ ਦੁੱਖਾਂ ਦਰਦਾਂ ਅਤੇ ਮੁਸੀਬਤਾਂ ਦਾ ਦੋਸ਼ ਮਾੜੇ ਨਿਜ਼ਾਮ ਨੂੰ ਦੇਣ ਦੀ ਬਜਾਏ ਇਸ ਨੂੰ ਰੱਬੀ ਭਾਣਾ ਮੰਨਦੀਆਂ ਹਨ। ਅਜਿਹੀ ਮਨੋਬਿਰਤੀ ਵਾਲੀਆਂ ਭੀੜਾਂ ਦੀ ਲੁੱਟ ਕਰਨਾ ਬੜਾ ਆਸਾਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਈ ਨੂੰ ਗਿਆਨ ਵਿਗਿਆਨ ਦੇ ਚਾਨਣ ਦੀ ਬੜੀ ਵੱਡੀ ਲੋੜ ਹੈ। ਪੂਰਨ ਸਿੰਘ ਯੂ ਕੇ ਦੀਆਂ ਲਿਖਤਾਂ ਇਸ ਲਈ ਬੜੀ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।
ਸੰਪਰਕ: 98550-51099