ਉਰਮਿਲਾ ਜੈਨ
ਕਦੇ ਕਦਾਈਂ ਅਣਜਾਣਪੁਣੇ ਵਿੱਚ ਹੀ ਕਿਸੇ ਅਜਿਹੀ ਅਨੋਖੀ ਇਮਾਰਤ ਦਾ ਨਿਰਮਾਣ ਹੋ ਜਾਂਦਾ ਹੈ ਜੋ ਵਿਲੱਖਣ ਅਤੇ ਬੇਜੋੜ ਤਾਂ ਹੁੰਦੀ ਹੀ ਹੈ ਸਗੋਂ ਨਾਲ ਹੀ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਵੀ ਖਿੱਚਦੀ ਰਹਿੰਦੀ ਹੈ। ਬਰਫ਼ ਨਾਲ ਢਕੀਆਂ ਚੋਟੀਆਂ ’ਤੇ ਗੇੜੇ ਖਾਂਦਾ ਪਿਜ਼ ਗਲੋਰੀਆ ਰੈਸਤਰਾਂ ਸਮੁੰਦਰ ਤਲ ਤੋਂ 2970 ਮੀਟਰ ਦੀ ਉਚਾਈ ’ਤੇ ਸਵਿਸ ਐਲਪਸ ਪਹਾੜ ਉੱਪਰ ਇੱਕ ਅਜਿਹੀ ਹੀ ਨਿਵੇਕਲੀ ਇਮਾਰਤ ਹੈ।
ਇਸ ਰੇਸਤਰਾਂ ਲਈ ਜੇਮਜ਼ ਬੌਂਡ (007) ਨੇ ਪੈਸੇ ਟਕੇ ਦਾ ਪ੍ਰਬੰਧ ਕੀਤਾ। ਡਬਲ ਓ ਸੈਵਨ ਨੇ ਦੁਨੀਆਂ ਭਰ ਵਿੱਚ ਇਸ ਦਾ ਪ੍ਰਚਾਰ ਕੀਤਾ ਅਤੇ ਫ਼ਿਲਮ ਵਿੱਚ ਦਿਖਾਏ ਇੱਕ ਖ਼ਤਰਨਾਕ ਅਤਿਵਾਦੀ ਅਰਨੈਸਟ
ਸਟ੍ਰੈਵੋ ਬਲੋਫ਼ੈਲਡ ਦੇ ਲੁਕਣ ਦੇ ਸਥਾਨ ਲਈ
ਬਣਾਈ ਗਈ ਇਸ ਥਾਂ ਤੋਂ ਇੱਕ ਦਿਲਚਸਪ ਕਹਾਣੀ ਦਾ ਜਨਮ ਹੋਇਆ।
ਇਸ ਰੇਸਤਰਾਂ ਵਿੱਚ ਪਹੁੰਚਣ ਲਈ ਅਸੀਂ ਇੱਕ ਭੀੜੀ ਘਾਟੀ ਦੇ ਸਿਰੇ ’ਤੇ ਸਥਿਤ ਸਵਿਟਜ਼ਰਲੈਂਡ ਦੇ ਇੰਟਰਲਾਕੇਨ ਦੀ ਹੈਰਾਨੀਜਨਕ ਬਰਫ਼ੀਲੀ ਝੀਲ ਵਿੱਚੋਂ ਹੁੰਦੇ ਹੋਏ ਸਟੇਲਬਰਗ ਦਾ ਰਾਹ ਫੜਿਆ। ਅਸੀਂ ਦਰੱਖਤਾਂ ਨਾਲ ਭਰੀ ਇੱਕ ਭੀੜੀ ਘਾਟੀ ਵਿੱਚ ਖੜ੍ਹੇ ਸੀ ਜਿੱਥੇ ਮੋਰੈਨਬੈਕ ਝਰਨੇ ਵਿੱਚੋਂ ਉੱਡਦੀ ਭੂਰ ਸਾਨੂੰ ਥੋੜ੍ਹਾ ਥੋੜ੍ਹਾ ਭਿਉਂ ਰਹੀ ਸੀ। ਇਹ ਝਰਨਾ ਇੱਕ ਲਹਿਲਹਾਉਂਦੇ ਪਰਦੇ ਦੀ ਤਰ੍ਹਾਂ ਥੱਲੇ ਡਿੱਗਦਾ ਸੀ। ਸਰਦੀ ਦੇ ਮੌਸਮ ਵਿੱਚ ਇਹ ਪੂਰੀ ਤਰ੍ਹਾਂ ਜੰਮ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਦਲੇਰ ਲੋਕ ਇਸ ਉੱਪਰ ਚੜ੍ਹਦੇ ਹਨ, ਜਿਵੇਂ ਇਹ ਬਰਫ਼ ਦੀ ਖ਼ਤਰਨਾਕ ਪੌੜੀ ਹੋਵੇ। 867 ਮੀਟਰ ’ਤੇ ਸਥਿਤ ਸਟੇਲਬਰਗ ਪਹੁੰਚਣ ਉੱਤੇ ਵੇਖਿਆ ਕਿ ਉੱਥੋਂ ਦੀ ਠੰਢਕ ਤਾਜ਼ੀ ਹਵਾ ਨੂੰ ਸਾਡੇ ਸਾਹਾਂ ਵਿੱਚ ਵਾਸ਼ਪਬੂੰਦਾਂ ਵਿੱਚ ਬਦਲ ਰਹੀ ਸੀ। ਉੱਥੋਂ ਸਿੱਲਥਾਰਨ ਦੇ ਸਿਖਰ ’ਤੇ ਜਾਣ ਲਈ ਅਸੀਂ ਚਾਰ ਪੜਾਵਾਂ ਵਾਲੀ ਕੇਬਲ ਕਾਰ ਵਿੱਚ ਸਵਾਰ ਹੋਏ।
ਕੇਬਲ ਕਾਰ ਕੰਪਨੀ ਦੇ ਮਾਲਕਾਂ ਵਿੱਚੋਂ ਇੱਕ ਹਿੱਸੇਦਾਰ, ਮੁਰੇਨ ਪਿੰਡ ਦੇ ਅਰਨੈਸਟ ਫਿਊਜ਼ ਸਿਖਰ ’ਤੇ ਇੱਕ ਘੁੰਮਦਾ ਹੋਇਆ ਰੇਸਤਰਾਂ ਬਣਾਉਣਾ ਚਾਹੁੰਦਾ ਸੀ। ਜ਼ਾਹਿਰ ਹੈ ਕਿ ਇਹ ਸ਼ੇਖ਼ ਚਿੱਲੀ ਦੇ ਸੁਪਨੇ ਵਾਂਗ ਸੀ ਅਤੇ 1967 ਵਿਚ ਪੈਸੇ ਦੀ ਘਾਟ ਕਾਰਨ ਇਹ ਪ੍ਰੋਜੈਕਟ ਬੰਦ ਹੋ ਗਿਆ। ਉਨ੍ਹਾਂ ਦਿਨਾਂ ਵਿਚ ਹੀ ਜੇਮਜ਼ ਬੌਂਡ ਫਿਲਮ ਬਣਾਉਣ ਵਾਲਿਆਂ ਦੀ ਟੀਮ ਦੇ ਇਕ ਖੋਜੀ ਮੈਂਬਰ ਨੂੰ ਇਸ ਥਾਂ ਬਾਰੇ ਪਤਾ ਲੱਗਿਆ। ਉੱਥੇ ਪਹੁੰਚ ਕੇ ਉਸ ਨੇ ਜੋ ਵੇਖਿਆ, ਵੇਖ ਕੇ ਉਸ ਦਾ ਮਨ ਬਾਗੋ-ਬਾਗ ਹੋ ਗਿਆ। ਉਸ ਨੇ ਤੁਰੰਤ ਆਪਣੇ ਬੌਸ ਨਾਲ ਗੱਲ ਕਰ ਕੇ ਇਸ ਖ਼ੂਬਸੂਰਤ ਥਾਂ ਬਾਰੇ ਦੱਸਿਆ। ਮਾਲਕਾਂ ਦੇ ਸਿਲਥਾਰਨ ਆਉਣ ਦੇ 24 ਘੰਟਿਆਂ ਦੇ ਅੰਦਰ ਅੰਦਰ ਹੀ ਇਕ ਇਕਰਾਰਨਾਮੇ ’ਤੇ ਦਸਤਖ਼ਤ ਹੋ ਗਏ। ਸਮਝੌਤੇ ਅਨੁਸਾਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਧਨ ਨਹੀਂ ਮਿਲਣਾ ਸੀ। ਫਿਲਮ ਕੰਪਨੀ ਹਵਾ ਵਿਚ ਘੁੰਮਦਾ ਰੈਸਤਰਾਂ ਬਣਾਏਗੀ। ‘ਔਨ ਹਰ ਮੈਜੇਸਟੀਜ਼ ਸੀਕ੍ਰੇਟ ਸਰਵਿਸ’ ਫਿਲਮ ਬਣਾਉਣ ਲਈ ਉਸ ਉੱਤੇ ਕੰਪਨੀ ਦਾ ਹੱਕ ਰਹੇਗਾ ਅਤੇ ਤਿੰਨ ਮਹੀਨਿਆਂ ਲਈ ਉਹ ਕੇਬਲ ਕਾਰ ਦੀ ਵਰਤੋਂ ਵੀ ਇੱਛਾ ਅਨੁਸਾਰ ਕਰ ਸਕੇਗੀ।
ਇਸੇ ਤਰ੍ਹਾਂ ਅਸੀਂ ਵੀ ਫਿਲਮ ਨਿਰਮਾਤਾ ਦੇ
ਵਿਕਸਤ ਕੀਤੇ ਰਾਹ ’ਤੇ ਤੁਰਦੇ ਹੋਏ ਸਿਲਥਾਰਨ
ਤੱਕ ਪਹੁੰਚ ਗਏ। ਵਿਸ਼ਾਲ ਠੰਢੀ ਚੋਟੀ ਸੀ, ਪਰ
ਕੇਬਲ ਕਾਰ ਵਿੱਚ ਆਰਾਮਦਾਇਕ ਨਿੱਘ ਸੀ। ਤਕਰੀਬਨ ਅੱਧੇ ਘੰਟੇ ਦੀ ਸਵਾਰੀ ਤੋਂ ਬਾਅਦ ਬਰਫ਼ ਨਾਲ ਲੱਦੀ ਚੋਟੀ ’ਤੇ ਸਥਿਤ ਪਿਜ਼ ਗਲੋਰੀਆ ਰੈਸਤਰਾਂ ਦੀ ਸਟੀਲ ਅਤੇ ਸ਼ੀਸ਼ੇ ਦੀ ਬਣੀ ਗੁੰਬਦਕਾਰ ਇਮਾਰਤ ਸਾਡੇ ਨਜ਼ਰੀ ਪੈਣ ਲੱਗੀ।
ਅਸੀਂ ਜਦੋਂ ਹੀ ਅਕਾਸ਼ ਵਿਚ ਉਪਰ ਨਿਕਲੇ, ਸਾਨੂੰ ਇਕ ਨਵੀਂ ਹੀ ਦੁਨੀਆਂ ਦਿਸਣ ਲੱਗੀ। ਬਰਫ਼ ਨਾਲ ਢੱਕੀਆਂ ਹੋਈਆਂ ਚੋਟੀਆਂ ਦੀ ਅਦਭੁੱਤ ਅਤੇ ਸੁਪਨਮਈ ਦੁਨੀਆਂ। ਜਿੱਥੋਂ ਤੱਕ ਨਿਗਾਹ ਜਾਂਦੀ ਸੀ ਬਰਫ਼ ਹੀ ਬਰਫ਼ ਦਿਸਦੀ ਸੀ। ਏਨੀ ਠੰਢ ਵਿੱਚ
ਕੇਬਲ ਕਾਰ ਅੰਦਰ ਨਿੱਘੇ ਵਾਤਾਵਰਣ ਦਾ ਅਨੋਖਾ ਅਹਿਸਾਸ ਸੀ। ਰੇਸਤਰਾਂ ਵਿਚ ਬੈਠਿਆਂ ਦੂਰ-ਦੂਰ ਤੱਕ ਵੇਖਿਆ ਜਾ ਸਕਦਾ ਸੀ।
ਇਸ ਘੁੰਮਣ ਵਾਲੇ ਰੇਸਤਰਾਂ ਵਿੱਚ 400 ਸੀਟਾਂ ਹਨ। ਕਿਸੇ ਵੀ ਸੀਟ ’ਤੇ ਬੈਠ ਕੇ 200 ਚੋਟੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਸਭ ਤੋਂ ਅਸਚਰਜ ਦੀ ਗੱਲ ਇਹ ਹੈ ਕਿ ਤੁਹਾਨੂੰ ਆਪਣੀ ਕੁਰਸੀ ਤੋਂ ਜ਼ਰਾ ਵੀ ਹਿੱਲਣਾ ਨਹੀਂ ਪੈਂਦਾ ਕਿਉਂਕਿ ਰੇਸਤਰਾਂ 55 ਮਿੰਟ ਅੰਦਰ 360 ਡਿਗਰੀ ਦੀ ਧੁਰੀ ’ਤੇ ਇੱਕ ਪੂਰਾ ਚੱਕਰ ਕੱਢ ਲੈਂਦਾ ਹੈ। ਅਸੀਂ ਹੈਰਾਨ ਕਰ ਦੇਣ ਵਾਲੇ ਪਹਾੜ ਟਿਟਲੈੱਸ ਦਾ ਉੱਪਰੋਂ ਪੂਰਾ ਫੈਲਾਅ ਵੇਖਿਆ। ਨਾਲ ਹੀ ਰੁਮਾਂਚਕ ਬਰਨੀਜ਼, ਐਲਪਸ ਅਤੇ ਫਰਾਂਸ ਦੇ ਮੌਂਟ ਬਲਾਂਕ ਅਤੇ ਉਸ ਪਾਰ ਦੀ ਨੀਵੀਂ ਧਰਤੀ ਜੋਰਾ ਅਤੇ ਬਲੈਕ ਫੋਰੈੱਸਟ ਵੀ ਦੇਖਿਆ। ਸਾਡੇ ਬੈਰੇ ਨੇ ਇੱਕ ਪਾਸੇ ਇਸ਼ਾਰਾ ਕਰ ਕੇ ਸਾਨੂੰ ਆਈਗਰ ਮੌਂਚ ਅਤੇ ਜੁੰਗ ਫਰਾਊ ਚੋਟੀਆਂ ਬਾਰੇ ਦੱਸਿਆ ਜੋ ਪੂਰੀ ਦੁਨੀਆਂ ਦੇ ਪਰਬਤਾਰੋਹੀਆਂ ਨੂੰ ਮੁਕਾਬਲੇ ਲਈ ਲਲਕਾਰਦੀਆਂ ਰਹਿੰਦੀਆਂ ਹਨ।
ਅਸੀਂ ਟਰਿੱਪ ਸਵੇਰੇ ਜਲਦੀ ਹੀ ਸ਼ੁਰੂ ਕੀਤਾ ਸੀ, ਜਦੋਂ ਹਾਲੇ ਧੁੰਦ ਖ਼ੂਬਸੂਰਤ ਇੰਟਰਲਾਕੇਨ ਘਾਟੀ ਨੂੰ ਤਰੋਤਾਜ਼ਾ ਬਣਾ ਰਹੀ ਸੀ। ਘਾਟੀ ਦੀ ਧੁੰਦ ਸ਼ਾਇਦ ਹੀ ਕਦੇ ਪਹਾੜਾਂ ਦੀ ਉਚਾਈ ਨੂੰ ਛੋਹ ਪਾਉਂਦੀ ਹੈ। ਇੱਥੇ ਉਪਲਬਧ ‘ਜੇਮਜ਼ ਬਾਂਡ’ ਬ੍ਰੇਕਫਾਸਟ ਵਿੱਚ ਹੋਰਨਾਂ ਚੀਜ਼ਾਂ ਤੋਂ ਇਲਾਵਾ ਸ਼ੈਂਪੇਨ ਅਤੇ ਸੰਤਰੇ ਦਾ ਰਸ, ਕੌਫ਼ੀ, ਚਾਹ, ਚਾਕਲੇਟ ਜਾਂ ਉਵਲਟੀਨ ਸੀ। ਕਈ ਤਰ੍ਹਾਂ ਦੇ ਜੈਮ ਅਤੇ ਹੋਰ ਵੀ ਕਈ ਸੁਆਦਲੀਆਂ ਚੀਜ਼ਾਂ ਸਨ। ਦੁਪਹਿਰ ਦੇ ਖਾਣੇ ਲਈ ਸ਼ਾਕਾਹਾਰੀ ਭੋਜਨ ਬਾਰੇ ਪੁੱਛਣ ’ਤੇ ਪਤਾ ਲੱਗਿਆ ਕਿ ਇੱਥੇ ਭਾਰਤੀ ਪਕਵਾਨ ਵੀ ਮਿਲਦੇ ਹਨ। ਸਮੁੰਦਰੀ ਤਲ ਤੋਂ 2970 ਮੀਟਰ ਦੀ ਉਚਾਈ ’ਤੇ ਚਾਰੇ ਪਾਸੇ ਬਰਫ਼ ਦੇ ਵਿਚਕਾਰ ਗਰਮਾ ਗਰਮ ਭਾਰਤੀ ਖਾਣਾ ਮਿਲਣਾ ਹੈਰਾਨੀ ਤੇ ਖ਼ੁਸ਼ੀ ਦੀ ਗੱਲ ਸੀ। ਉਨ੍ਹਾਂ ਦੇ ਖਾਣੇ ਦੀ ਸੂਚੀ ਵਿੱਚ ਬਾਸਮਤੀ ਚਾਵਲ, ਮਦਰਾਸੀ ਦਾਲ, ਜੈਪੁਰ ਸਬਜ਼ੀ, ਆਚਾਰ, ਪਾਪੜ ਅਤੇ ਚਾਕਲੇਟ ਆਈਸਕ੍ਰੀਮ ਸ਼ਾਮਲ ਸੀ। ਜਾਪਦਾ ਸੀ ਜਿਵੇਂ ਕਿਸੇ ‘ਮਹਾਨ ਭਾਰਤੀ ਯਾਤਰੀ’ ਨੇ ਉਨ੍ਹਾਂ ਉੱਤੇ ਅਸਰ ਪਾਇਆ ਹੋਵੇ।
ਉੱਥੇ ਹੀ ਅੱਠ ਚੁੰਡੇ ਥੀਏਟਰ ਵਿੱਚ ਅਸੀਂ 140 ਡਿਗਰੀ ਦੇ ਪਰਦੇ ’ਤੇ ਜੇਮਜ਼ ਬਾਂਡ ਦੀ ਫਿਲਮ ਬਣਾਉਣ ਦੇ ਸਬੰਧ ਵਿੱਚ ਜਾਣਕਾਰੀ ਦਿੰਦੀ ਇੱਕ ਲਘੂ ਫ਼ਿਲਮ ਅਤੇ ਕੁਦਰਤੀ ਦ੍ਰਿਸ਼ਾਂ ਦੇ ਮਨਮੋਹਣੇ ਸਲਾਈਡ ਸ਼ੋਅ ਵੇਖੇ। ਇਸ ਤੋਂ ਬਾਅਦ ਕੁਝ ਕੁ ਸੋਵੀਨਰਾਂ ਦੀਆਂ ਦੁਕਾਨਾਂ ਤੋਂ ਹੁੰਦੇ ਹੋਏ ਅਸੀਂ ਪਹਾੜ ਦੇ ਵਿਚਾਲੇ ਸਥਿਤ ਉਸ ਵਿਸ਼ਾਲ ਛੱਤ ਉੱਪਰ ਆ ਗਏ ਜਿੱਥੋਂ ਦੂਰ-ਦੂਰ ਤੱਕ ਦੇ ਮਨਮੋਹਣੇ ਦ੍ਰਿਸ਼ ਦੇਖੇ ਜਾ ਸਕਦੇ ਸਨ।
ਬਰਫ਼ੀਲੀਆਂ ਢਲਾਣਾਂ, ਜਿਸ ਦੇ ਕਿਨਾਰੇ ਸਕੀਇੰਗ ਦੀਆਂ ਪਗਡੰਡੀਆਂ ਸਨ, ਦੇ ਪਾਰ ਕਾਨਿਫਰ ਦੇ ਜੰਗਲ ਤੇ ਚਰਾਗਾਹਾਂ ਸਨ ਜਿੱਥੇ ਗਲੇ ਵਿੱਚ ਟੱਲੀਆਂ ਵਾਲੇ ਜਾਨਵਰ ਚਰ ਰਹੇ ਸਨ। ਬਰਫ਼ ਦੇ ਮੈਦਾਨ ਪਿੱਛੇ ਰਹਿ ਗਏ ਸਨ। ਅਸੀਂ ਰਾਹ ਵਿੱਚ ਇੱਕ ਸਟੇਸ਼ਨ ’ਤੇ ਉਤਰ ਕੇ ਬਾਹਰ ਆ ਗਏ ਅਤੇ ਮੋਰੇਨ ਦੇ ਇੱਕ ਪਿੰਡ ਵਿੱਚ ਘੁੰਮਣ ਲੱਗੇ। ਬੇਹੱਦ ਸਾਫ਼ ਸੁਥਰਾ ਸੀ। ਥਾਂ ਥਾਂ ਲੱਕੜੀ ਦੇ ਗੱਠੇ ਰੱਖੇ ਹੋਏ ਸੀ। ਇੱਕ ਮੰਜ਼ਿਲਾ ਕਾਟੇਜ ਬਣੇ ਸਨ ਅਤੇ ਦੂਰ ਤੋਂ ਹੀ ਦਿਸਣ ਵਾਲੇ ਕਰਾਸ ਵਾਲਾ ਇੱਕ ਗਿਰਜਾਘਰ ਵੀ ਸੀ। ਸਭ ਕੁਝ ਬੇਹੱਦ ਸੁਖਦਾਈ, ਤਸੱਲੀਜਨਕ ਅਤੇ ਸਲੀਕੇ ਭਰਪੂਰ ਸੀ ਬਿਨਾਂ ਕਿਸੇ ਕਮੀ ਤੋਂ। ਅਸੀਂ ਇਹ ਵੀ ਜਾਣਦੇ ਹਾਂ ਕਿ ਛੋਟੇ ਛੋਟੇ ਅਤੇ ਆਪਸ ਵਿੱਚ ਰਚੇ-ਮਿਚੇ ਪਹਾੜੀ ਭਾਈਚਾਰੇ ਵੇਖਣ ਅਤੇ ਲੋੜੋਂ ਵੱਧ ਦਖ਼ਲ ਦੇਣ ’ਤੇ ਬੁਰਾ ਵੀ ਮਨਾਉਂਦੇ ਹਨ।
ਇਹ ਮੋਰੇਨ ਦੇ ਇੱਕ ਉੱਚੀਆਂ ਖ਼ਾਹਿਸ਼ਾਂ ਰੱਖਣ ਵਾਲੇ ਵਿਅਕਤੀ ਦੀ ਦੂਰਦ੍ਰਿਸ਼ਟੀ ਹੀ ਸੀ ਜਿਸ ਨੇ ਸਾਨੂੰ ਸਿਲਥਾਰਨ ਦੀ ਜੇਮਜ਼ ਬਾਂਡ ਚੋਟੀ ਦਾ ਅਨੋਖਾ ਅਹਿਸਾਸ ਕਰਾਇਆ। ਉਸ ਕਾਰਨ ਹੀ ਕੋਈ ਫ਼ਿਲਮ ਕੰਪਨੀ ਉੱਥੇ ਆਈ ਅਤੇ ਫ਼ਿਲਮ ਵਿਚ ਦਿਖਾਏ ਖ਼ਤਰਨਾਕ ਅਤਿਵਾਦੀ ਦੇ ਲੁਕਣ ਦੀ ਥਾਂ ਪਿਜ਼ ਗਲੋਰੀਆ ਵਰਗਾ ਮਨਮੋਹਕ ਅਤੇ ਸ਼ਾਨਦਾਰ
ਰੈਸਤਰਾਂ ਬਣ ਸਕਿਆ ਜਿੱਥੇ ਪੂਰੀ ਦੁਨੀਆਂ ਤੋਂ
ਘੁਮੱਕੜ ਲੋਕ ਆਉਂਦੇ ਹਨ।
ਪੰਜਾਬੀ ਰੂਪ: ਖ਼ੁਸ਼ਵੰਤ ਬਰਗਾੜੀ
ਸੰਪਰਕ: 98729-89313