ਸੁਰਿੰਦਰ ਸਿੰਘ ਤੇਜ
ਭਾਰਤ ਵਿਚ ‘ਏਡਜ਼’ ਦਾ ਪਹਿਲਾ ਕੇਸ 1986 ’ਚ ਮਿਲਿਆ ਜਦੋਂ ਚੇਨੱਈ ਦੀ ਇਕ ਤੇ ਫਿਰ ਪੰਜ ਹੋਰ ਵੇਸਵਾਵਾਂ ਇਸ ਲਾਇਲਾਜ ਰੋਗ ਤੋਂ ਗ੍ਰਸਤ ਨਿਕਲੀਆਂ। ਉਨ੍ਹਾਂ ਅੰਦਰ ਇਸ ਮਹਾਂਰੋਗ ਦਾ ਵਾਇਰਸ, ਕੀਨੀਆ ਵਿਚ ਕਈ ਸਾਲ ਰਹੇ ਟੈਂਕਰ ਚਾਲਕ ਰਾਹੀਂ ਆਇਆ ਸੀ। ਇਸ ਤੋਂ ਬਾਅਦ ਇਹ ਮਰਜ਼ ਇਕ ਦਰਜਨ ਦੇ ਕਰੀਬ ਭਾਰਤੀ ਫ਼ੌਜੀਆਂ ਵਿਚ ਮਿਲੀ। ਉਹ ਸਾਰੇ ਅਫ਼ਰੀਕੀ ਮੁਲਕ ਕੌਂਗੋ ਵਿਚ ਅਮਨ ਸੈਨਿਕਾਂ ਵਜੋਂ ਤਾਇਨਾਤ ਰਹੇ ਸਨ। ਸੰਯੁਕਤ ਰਾਸ਼ਟਰ ਦਾ ਅਮਨ ਕਰਮੀਆਂ ਬਾਰੇ ਕੋਡ, ਤਾਇਨਾਤੀ ਵਾਲੇ ਸਥਾਨ ਦੀਆਂ ਇਸਤਰੀਆਂ/ਪੁਰਸ਼ਾਂ ਨਾਲ ਇੱਛਤ/ਅਣਇੱਛਤ ਸਰੀਰਕ ਸਬੰਧਾਂ ਤੋਂ ਵਰਜਦਾ ਹੈ। ਭਾਰਤੀ ਫ਼ੌਜੀਆਂ ਨੇ ਇਸ ਜ਼ਾਬਤੇ ਦੀ ਉਲੰਘਣਾ ਕੀਤੀ, ਪਰ ਉਨ੍ਹਾਂ ਦੀ ਮਾਨਸਿਕ-ਸਰੀਰਿਕ ਦਸ਼ਾ ਨੂੰ ਦੇਖਦਿਆਂ ਉਨ੍ਹਾਂ ਨਾਲ ਨਰਮਾਈ ਵਰਤੀ ਗਈ। ਇਹ ਉਹ ਦੌਰ ਸੀ ਜਦੋਂ ਅਫ਼ਰੀਕੀ ਮੁਲਕਾਂ ਵਿਚ ਸੰਯੁਕਤ ਰਾਸ਼ਟਰ ਅਮਨ ਸੈਨਿਕਾਂ ਦੀ ਤਾਇਨਾਤੀ ਜ਼ੋਰਾਂ ’ਤੇ ਹੀ। ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਹੋ ਰਹੀ ਸੀ। ਸਾਲ 2000 ਤੋਂ ਬਾਅਦ ਅਫ਼ਰੀਕੀ ਜਾਂ ਦੱਖਣੀ ਯੂਰੋਪੀਅਨ ਮੁਲਕਾਂ ਵਿਚ ਅਜਿਹੀ ਕਾਰਗੁਜ਼ਾਰੀ ਜਾਂਚ-ਪੜਤਾਲ ਦੇ ਘੇਰੇ ਵਿਚ ਆਉਣ ਲੱਗੀ। ਅਮਨ ਸੈਨਿਕਾਂ ਦੀ ਬਦਇਖ਼ਲਾਕੀ, ਬਦਕਾਰੀ ਤੇ ਬਦਚਲਨੀ ਦੇ ਕਿੱਸੇ, ਮੀਡੀਆ ਦੀ ਘੋਖ ਦਾ ਵਿਸ਼ਾ ਬਣੇ। 2008 ਤੇ 2015 ਵਿਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ ਪ੍ਰਕਾਸ਼ਿਤ ਰਿਪੋਰਟ ਨੇ ਇਨ੍ਹਾਂ ਕਿੱਸਿਆਂ ਅੰਦਰਲੀ ਸੱਚਾਈ ਦੀ ਤਸਦੀਕ ਕੀਤੀ। ਭਾਰਤੀ ਅਮਨ ਸੈਨਿਕ ਵੀ ਪੜਤਾਲ ਦੀ ਜ਼ੱਦ ਵਿਚ ਆਏ। ਕਈ ਸਾਰੇ ਦੋਸ਼ੀ ਵੀ ਨਿਕਲੇ। ਭ੍ਰਿਸ਼ਟਾਚਾਰ, ਬਦਕਾਰੀ, ਨਾਜਾਇਜ਼ ਤਸ਼ੱਦਦ, ਲੁੱਟ-ਖਸੁੱਟ, ਲਾਚਾਰਾਂ ਦਾ ਜਿਸਮਾਨੀ ਸ਼ੋਸ਼ਣ, ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ- ਇਹ ਸਾਰੇ ਜੁਰਮ ਚਾਰਜਸ਼ੀਟਾਂ ਦਾ ਹਿੱਸਾ ਬਣੇ। ਇਕ ਕਰਨਲ ਅਤੇ ਐੱਸ.ਪੀ. ਰੈਂਕ ਦੇ ਇਕ ਪੁਲੀਸ ਅਧਿਕਾਰੀ ਸਮੇਤ ਕਈ ਅਮਨ ਕਰਮੀ ਬਰਤਰਫ਼ ਕੀਤੇ ਗਏ। ਕੁਲ ਮਿਲਾ ਕੇ ਸਖ਼ਤੀ ਜ਼ਰੂਰ ਹੋਈ ਪਰ ਜੁਰਮਾਂ ਦੀ ਇੰਤਹਾ ਦੀ ਬਨਿਸਬਤ ਬਹੁਤ ਘੱਟ। ਹੁਣ ਅਮਨ ਸੈਨਿਕਾਂ ’ਤੇ ਨਿਗਰਾਨੀ ਵਧ ਗਈ ਹੈ, ਜਵਾਬਦੇਹੀ ਵੀ ਵੱਧ ਤੈਅ ਹੋਣ ਲੱਗੀ ਹੈ, ਪਰ ਜ਼ਾਬਤਿਆਂ ਦੀ ਅਵੱਗਿਆ ਵਾਲੇ ਰੁਝਾਨਾਂ ਨੂੰ ਬਹੁਤੀ ਠੱਲ੍ਹ ਨਹੀਂ ਪਈ। ਬਹੁਤੇ ਸਕੈਂਡਲਾਂ ਉੱਤੇ ਪਰਦਾਪੋਸ਼ੀ ਅਜੇ ਵੀ ਤਰਜੀਹੀ ਅਮਲ ਹੈ।
ਇਨ੍ਹਾਂ ਸਾਰੇ ਵਿਸ਼ਿਆਂ ਦੀ ਬੇਬਾਕੀ ਨਾਲ ਘੋਖ-ਪੜਤਾਲ ਕਰਦੀ ਹੈ ਜੈਸਮੀਨ ਕਿਮ ਵੈਸਟਨਡੌਰਫ਼ ਦੀ ਕਿਤਾਬ ‘ਵਾਇਓਲੇਟਿੰਗ ਪੀਸ: ਸੈਕਸ, ਏਡ ਐਂਡ ਪੀਸਕੀਪਿੰਗ’ (ਕੌਰਨੈੱਲ ਯੂਨੀਵਰਸਿਟੀ ਪ੍ਰੈਸ; 999 ਰੁਪਏ)। ਲੌਕਡਾਊਨ ਨਰਮ ਹੋਣ ਤੋਂ ਬਾਅਦ ਈ-ਕਾਮਰਸ ਪਲੈਟਫਾਰਮਾਂ ਰਾਹੀਂ ਉਪਲੱਬਧ ਹੋਣ ਵਾਲੀਆਂ ਪਹਿਲੀਆਂ ਨਵੀਆਂ ਕਿਤਾਬਾਂ ਵਿੱਚੋਂ ਇਕ ਹੈ ਇਹ। ਵਿਸਫੋਟਕ ਹਨ ਇਸ ਕਿਤਾਬ ਅੰਦਰਲੇ ਖੁਲਾਸੇ। ਲੇਖਿਕਾ ਲਾ-ਟਰੋਬ ਯੂਨੀਵਰਸਿਟੀ, ਆਸਟਰੇਲੀਆ ਵਿਚ ਸੀਨੀਅਰ ਲੈਕਚਰਰ ਹੈ। ਬੜੀ ਮਿਹਨਤ ਕੀਤੀ ਹੈ ਉਸ ਨੇ ਕਿਤਾਬ ਉੱਤੇ। ਮੀਡੀਆ ਰਿਪੋਰਟਾਂ ਜਾਂ ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਉੱਤੇ ਨਿਰਭਰ ਕਰਨ ਦੀ ਥਾਂ ਉਸ ਨੇ ਘਟਨਾ ਸਥਾਨਾਂ ਉੱਤੇ ਜਾ ਕੇ ਅਤੇ ਦੋਸ਼ੀਆਂ/ਪ੍ਰਤੀਦੋਸ਼ੀਆਂ ਨੂੰ ਮਿਲ ਕੇ ਮਾਮਲਿਆਂ ਦੀ ਤਸਦੀਕ ਕਰਨ ਦੀ ਵਿਧੀ ਅਪਣਾਈ ਹੈ। ਇਹ ਵਿਧੀ ਉਸ ਦੀ ਮੁਸ਼ੱਕਤ ਨੂੰ ਬੇਸ਼ਕੀਮਤੀ ਪ੍ਰਮਾਣਿਕਤਾ ਬਖ਼ਸ਼ਦੀ ਹੈ।
ਅਮਨ ਦੀ ਹਿਫ਼ਾਜ਼ਤ ਸੰਯੁਕਤ ਰਾਸ਼ਟਰ ਦਾ ਪਰਮ ਧਰਮ ਹੈ। ਇਹ ਆਲਮੀ ਸੰਸਥਾ, ਮੁਲਕਾਂ ਦਾ ਟਕਰਾਅ ਵੀ ਰੋਕਦੀ ਹੈ ਅਤੇ ਖ਼ਾਨਾਜੰਗੀਆਂ ਵੀ। ਖ਼ਾਨਾਜੰਗੀਆਂ ਤੇ ਜੰਗਾਂ ਦੌਰਾਨ ਇਨਸਾਨੀ ਹੱਕਾਂ ਦੀ ਰਾਖੀ ਕਰਨ ਅਤੇ ਸਿਵਲੀਅਨ ਵਸੋਂ ਦਾ ਘਾਣ ਰੋਕਣ ਵਾਸਤੇ ਅਮਨ ਸੈਨਾ ਦੀ ਤਾਇਨਾਤੀ ਦੇ ਸੰਕਲਪ ਨੂੰ ਸੰਸਥਾਈ ਰੂਪ 1946 ਵਿਚ ਦਿੱਤਾ ਗਿਆ ਸੀ। ਅਮਨ ਸੈਨਿਕਾਂ ਵਿਚ ਫ਼ੌਜੀਆਂ ਤੇ ਪੁਲੀਸ ਕਰਮੀਆਂ ਤੋਂ ਇਲਾਵਾ ਸਿਵਲੀਅਨ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ। ਉਹ ਟਕਰਾਅ ਵਾਲੇ ਇਲਾਕਿਆਂ ਵਿਚ ਪ੍ਰਸ਼ਾਸਨਿਕ ਪ੍ਰਬੰਧ ਚਲਾਉਂਦੇ ਹਨ ਜਦੋਂਕਿ ਫ਼ੌਜੀ ਤੇ ਪੁਲੀਸ ਕਰਮੀ ਗੋਲੀਬੰਦੀ ਦੀ ਪਾਲਣਾ ਯਕੀਨੀ ਬਣਾਉਣ ਤੋਂ ਇਲਾਵਾ ਬਾਰੂਦੀ ਸੁਰੰਗਾਂ ਹਟਾਉਣ, ਨਿਥਾਵਿਆਂ ਤੇ ਨਿਆਸਰਿਆਂ ਲਈ ਆਸਰਾ ਸੰਭਵ ਬਣਾਉਣ ਤੇ ਖ਼ੂਨ-ਖਰਾਬਾ ਰੁਕਵਾਉਣ ਜਾਂ ਟਾਲਣ ਵਰਗੇ ਨੇਕ ਕੰਮ ਕਰਦੇ ਹਨ। ਇਸ ਵੇਲੇ ਵੀ 1.25 ਲੱਖ ਅਮਨ ਸੈਨਿਕ ਹਿੰਸਕ ਵਿਵਾਦਾਂ ਵਾਲੇ 26 ਮੁਲਕਾਂ/ਥਾਵਾਂ ’ਤੇ ਤਾਇਨਾਤ ਹਨ। ਇਨ੍ਹਾਂ ਵਿਚ ਸਭ ਤੋਂ ਵੱਡੇ ਦਸਤੇ ਬੰਗਲਾਦੇਸ਼, ਪਾਕਿਸਤਾਨ, ਭਾਰਤ ਤੇ ਈਥੋਪੀਆ ਦੇ ਹਨ। ਯੂਰੋਪੀਅਨ ਦੇਸ਼ਾਂ ਜਾਂ ਅਮਰੀਕਾ-ਕੈਨੇਡਾ ਦਾ ਕਾਰਮਿਕ ਯੋਗਦਾਨ ਨਾਂਮਾਤਰ ਹੈ। ਮਾਇਕ ਯੋਗਦਾਨ ਪੱਖੋਂ ਅਮਰੀਕਾ ਮੋਹਰੀ ਹੈ ਅਤੇ ਯੂਰੋਪੀਅਨ ਮੁਲਕ ਵੀ ਪਿੱਛੇ ਨਹੀਂ। ਪਰ ਉਹ ਬੰਦੇ ਨਹੀਂ ਭੇਜਦੇ। ਇਸ ਹਕੀਕਤ ਨੂੰ ਇਕ ਅਲਜੀਰਿਆਈ ਡਿਪਲੋਮੈਟ ਲਖ਼ਦਰ ਬ੍ਰਹਿਮੀ ਨੇ 2016 ਵਿਚ ਬੜੇ ਢੁਕਵੇਂ ਅਲਫ਼ਾਜ਼ ਨਾਲ ਬਿਆਨ ਕੀਤਾ ਸੀ: ‘‘ਅਮੀਰ ਮੁਲਕ ਮਾਇਕ ਯੋਗਦਾਨ ਪਾਉਂਦੇ ਹਨ ਅਤੇ ਗ਼ਰੀਬ ਜਾਨੀ।’’ ਦਸ ਸਿਖਰਲੇ ਮਾਇਕ ਦਾਨੀ ਮੁਲਕਾਂ ਵੱਲੋਂ ਸਿਰਫ਼ 6 ਫ਼ੀਸਦੀ ਅਮਨ ਕਰਮੀ ਮੁਹੱਈਆ ਕਰਵਾਉਣਾ ਉਪਰੋਕਤ ਸਥਿਤੀ ਦਾ ਹਕੀਕੀ ਪ੍ਰਮਾਣ ਹੈ।
ਜੈਸਮੀਨ-ਕਿਮ ਦੇ ਅਧਿਐਨ ਦਾ ਫੋਕਸ ਵੀ ਇਹੋ 10 ਮੁਲਕ ਹਨ। ਉਸ ਅਨੁਸਾਰ, ‘‘ਗ਼ਰੀਬ ਮੁਲਕਾਂ ਦੇ ਅਮਨ ਕਰਮੀਆਂ ਦੇ ਅਪਰਾਧ ਜਾਂ ਛੋਟੇ ਛੋਟੇ ਲਾਲਚ ਉਨ੍ਹਾਂ ਦੀਆਂ ਆਰਥਿਕ ਅਤੇ ਮਨੋ-ਸਮਾਜਿਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਮਝ ਆਉਂਦੇ ਹਨ; ਧਨਾਢ ਮੁਲਕਾਂ ਦੇ ਅਮਨ ਕਰਮੀਆਂ ਦੀ ਆਰਥਿਕ ਤੇ ਇਖ਼ਲਾਕੀ ਭ੍ਰਿਸ਼ਟਤਾ ਹੌਲਨਾਕ ਵਰਤਾਰਾ ਹੈ। ਇਤਾਲਵੀ ਅਮਨ ਸੈਨਿਕ ਸਰਾਯੇਵੋ (ਬੋਸਨੀਆ) ਸਥਿਤ ਆਪਣੀਆਂ ਬੈਰਕਾਂ ਵਿਚ ‘‘ਚਕਲੇ ਚਲਾਉਂਦੇ ਰਹੇ ਅਤੇ ਅੱਠ ਤੋਂ ਗਿਆਰਾਂ ਵਰ੍ਹਿਆਂ ਦੀਆਂ ਕੁੜੀਆਂ/ਮੁੰਡਿਆਂ ਦਾ ਸਰੀਰਕ ਸ਼ੋਸ਼ਣ ਕਰਦੇ ਰਹੇ।’’ ਯੂਕਰੇਨੀ ਅਮਨ ਕਰਮੀ ਅਲਕੋਹਲ, ਡਰੱਗਜ਼ ਤੇ ਅਰੌਤਾਂ ਦੀ ਤਸਕਰੀ ਵਿਚ ਭਾਈਵਾਲ ਰਹੇ। ਬੈਲਜੀਅਨ ਫ਼ੌਜੀਆਂ ਨੇ ਸੋਮਾਲੀਆ ਵਿਚ ਆਪਣੇ ਦਸਤੇ ਦੇ ਕਮਾਂਡਰ ਨੂੰ ਉਸ ਦੇ ਜਨਮ ਦਿਨ ਮੌਕੇ 12 ਵਰ੍ਹਿਆਂ ਦੀ ਕੁੜੀ ‘ਭੇਟ’ ਕੀਤੀ। ਉਸ ਵੱਲੋਂ ਇਹ ‘ਤੋਹਫ਼ਾ’ ਪ੍ਰਵਾਨ ਚੜ੍ਹਾਏ ਜਾਣ ਤੋਂ ਬਾਅਦ ਘੱਟੋ-ਘੱਟ 20 ਅਮਨ ਸੈਨਿਕਾਂ ਨੇ ਉਸ ਕੁੜੀ ਨਾਲ ਬਲਾਤਕਾਰ ਕੀਤਾ। ਅਜਿਹੇ ਹੌਲਨਾਕ ਜੁਰਮਾਂ ਦੇ ਤਸਵੀਰੀ ਵੇਰਵੇ ਹਨ ‘ਵਾਇਓਲੇਟਿੰਗ ਪੀਸ’ ਵਿਚ। ਅੰਤਿਕਾ ਵਿਚ ਅਜਿਹੇ ਵਰਤਾਰਿਆਂ ਨੂੰ ਠੱਲ੍ਹਣ ਲਈ ਨਿੱਗਰ ਸੁਝਾਅ ਵੀ ਦਰਜ ਹਨ। ਕਿਤਾਬ ਪੜ੍ਹਦਿਆਂ ਹੈਰਾਨੀ ਹੁੰਦੀ ਹੈ ਇਨਸਾਨੀ ਫ਼ਿਤਰਤ ’ਤੇ। ਹਵਸ ਤੇ ਤ੍ਰਿਸ਼ਨਾ ਦੇ ਵੱਸ ਹੋ ਕੇ ਇਹ ਕਿੰਨੀ ਛੇਤੀ ਹੈਵਾਨੀ ਬਣ ਜਾਂਦੀ ਹੈ, ਇਸ ਦਾ ਪ੍ਰਮਾਣ ਹਨ ਕਿਤਾਬ ਅੰਦਰਲੇ ਵੇਰਵੇ। ਇਹੋ ਤੱਤ ਇਸ ਕਿਤਾਬ ਨੂੰ ਸਾਡੇ ਯੁੱਗ ਦਾ ਅਹਿਮ ਦਸਤਾਵੇਜ਼ ਬਣਾਉਂਦਾ ਹੈ।
* * *
ਮੱਧਮਾਰਗੀ ਹਿੰਦੀ ਸਿਨਮਾ ਦਾ ਪਰਚਮਬਰਦਾਰ ਬਾਸੂ ਚੈਟਰਜੀ ਹੁਣ ਇਸ ਜਹਾਂ ਵਿਚ ਨਹੀਂ ਰਿਹਾ। ਬਿਮਲਰਾਏ ਜਾਂ ਰਿਸ਼ੀਕੇਸ਼ ਮੁਖਰਜੀ ਦਾ ਸੰਗੀ ਜਾਂ ਸਹਾਇਕ ਨਾ ਰਿਹਾ ਹੋਣ ਦੇ ਬਾਵਜੂਦ ਉਹ ਸੁਥਰੀਆਂ ਤੇ ਸੰਵੇਦਨਸ਼ੀਲ ਫਿਲਮਾਂ ਬਣਾਉਣ ਦੀ ਇਨ੍ਹਾਂ ਫਿਲਮਸਾਜ਼ਾਂ ਦੀ ਸ਼ੈਲੀ ਦਾ ਕਦਰਦਾਨ ਤੇ ਪੈਰੋਕਾਰ ਸੀ। ਪੈਂਤੀ ਕੁ ਵਰ੍ਹਿਆਂ ਦੇ ਫਿਲਮੀ ਕਰੀਅਰ ਦੌਰਾਨ ਬਾਸੂ ਨੇ 41 ਫਿਲਮਾਂ ਬਣਾਈਆਂ। ਸਾਰੀਆਂ ਪਰਿਵਾਰਕ। ਆਮ ਆਦਮੀ ਦੀ ਜ਼ਿੰਦਗੀ ਦੀਆਂ ਪੇਚੀਦਗੀਆਂ ਦਾ ਮਸਖ਼ਰਾਨਾ ਸੰਜੀਦਗੀ ਨਾਲ ਪੇਸ਼ ਕਰਨ ਵਾਲੀਆਂ। ਉਸ ਦੀਆਂ 80 ਫ਼ੀਸਦੀ ਫਿਲਮਾਂ ਸਾਹਿਤਕ ਕ੍ਰਿਤੀਆਂ ਉੱਤੇ ਆਧਾਰਿਤ ਸਨ। ਸ਼ੁਰੂਆਤ ਰਾਜੇਂਦਰ ਯਾਦਵ ਦੇ ਨਾਵਲ ‘ਸਾਰਾ ਆਕਾਸ਼’ (1969) ਨਾਲ ਹੋਈ। ਸਾਹਿਤ ਨਾਲ ਇਹ ਸਾਂਝ ‘ਕਮਲਾ ਕੀ ਮੌਤ’ (1989) ਤਕ ਨਿਭਦੀ ਗਈ। ਜਾਰਜ ਬਰਨਰਡ ਸ਼ਾਅ ਤੇ ਸ਼ਰਤ ਚੰਦਰ ਤੋਂ ਲੈ ਕੇ ਪੂ.ਲਾ. ਦੇਸ਼ਪਾਂਡੇ (ਮਰਾਠੀ), ਮਨੂੰ ਭੰਡਾਰੀ (ਹਿੰਦੀ), ਸਮਰੇਸ਼ ਬਸੂ, ਮਨੋਜ ਬਸੂ, ਬਿਮਲਕਰ (ਬਾਂਗਲਾ) ਤੇ ਡਾ. ਸ਼ਿਵਰਾਮ ਕਾਰੰਤ (ਕੰਨੜ) ਤਕ ਦੀਆਂ ਕਥਾਵਾਂ-ਕਹਾਣੀਆਂ ਨੂੰ ਉਸ ਨੇ ਸਿਨੇਮਾਈ ਅਵਤਾਰਾਂ ਦੇ ਰੂਪ ਵਿਚ ਪੇਸ਼ ਕੀਤਾ। 1969 ਤੋਂ 1996 ਤਕ ਉਸ ਨੇ ਦਿਲੀਪ ਕੁਮਾਰ ਨੂੰ ਛੱਡ ਕੇ ਹੋਰ ਸਾਰੇ ਨਾਮਵਰ ਫਿਲਮੀ ਸਿਤਾਰਿਆਂ ਨਾਲ ਕੰਮ ਕੀਤਾ। ਛੋਟੇ ਸਿਤਾਰਿਆਂ ਵਾਲੀਆਂ ਫਿਲਮਾਂ ਵੱਧ ਕਾਮਯਾਬ ਰਹੀਆਂ, ਵੱਡਿਆਂ ਵਾਲੀਆਂ ਘੱਟ, ਪਰ ਫਿਲਮਸਾਜ਼ੀ ਦੇ ਪੈਮਾਨਿਆਂ ਪੱਖੋਂ ਉਹ ਵੀ ਘੱਟ ਮਿਆਰੀ ਨਹੀਂ ਸਨ। ‘ਚੱਕਰਵਿਊ’ (ਰਾਜੇਸ਼ ਖੰਨਾ, ਨੀਤੂ ਸਿੰਘ, ਸਿੰਪਲ ਕਪਾਡੀਆ) ਜਾਂ ‘ਮੰਜ਼ਿਲ’ (ਅਮਿਤਾਭ ਬੱਚਨ, ਮੌਸਮੀ ਚੈਟਰਜੀ) 1980ਵਿਆਂ ਦੌਰਾਨ ਟਿਕਟ ਖਿੜਕੀ ਉੱਤੇ ਨਾਕਾਮ ਰਹੀਆਂ, ਪਰ ਹੁਣ ਉਨ੍ਹਾਂ ਦਾ ਰੁਤਬਾ ਕਲਾਸਿਕਸ ਵਾਲਾ ਹੈ। ਜ਼ਿੰਦਗੀ ਦੇ ਖੱਟੇ-ਮਿੱਠੇ ਪਲਾਂ ਨੂੰ ਸੁਹਜਮਈ ਢੰਗ ਨਾਲ ਪਰੋਸਣਾ ਖ਼ੂਬ ਜਾਣਦਾ ਸੀ ਇਹ ਫਿਲਮਸਾਜ਼। ਇਸੇ ਲਈ ਉਸ ਦੀ ਧਰੋਹਰ ਦੀ ਸੁਚੱਜੀ ਸੰਭਾਲ ਹੋਣੀ ਚਾਹੀਦੀ ਹੈ।