ਤੀਰਥ ਸਿੰਘ ਢਿੱਲੋਂ
ਅਜੋਕੇ ਸਮੇਂ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਰਤਨ ਗਾਇਨ ਕਰਨ ਵਾਲੇ ਰਾਗੀਆਂ ਦੀ ਕਾਫ਼ੀ ਤਾਦਾਦ ਹੈ। ਤੰਤੀ ਸਾਜ਼ ਵਾਦਕ ਇਨ੍ਹਾਂ ਨਾਲ ਸੰਗਤ ਕਰ ਕੇ ਮਾਹੌਲ ਹੋਰ ਵੀ ਰੂਹਾਨੀ ਬਣਾ ਦਿੰਦੇ ਹਨ। ਇਨ੍ਹਾਂ ਤੰਤੀ ਸਾਜ਼ਾਂ ਵਿਚ ਰਬਾਬ, ਸਾਰੰਦਾ, ਦਿਲਰੁਬਾ ਅਤੇ ਤਾਊਸ ਸ਼ਾਮਲ ਹਨ।
ਜੇ ਦੇਸ਼ ਦੀ ਵੰਡ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਵਾਲੇ ਕੀਰਤਨਕਾਰਾਂ ਦੀ ਗੱਲ ਕਰੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੁਝ ਕੁ ਗੁਰਸਿੱਖ ਰਾਗੀਆਂ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਰਬਾਬੀ ਜਥੇ ਹਜ਼ੂਰੀ ਰਾਗੀਆਂ ਵਜੋਂ ਕੀਰਤਨ ਕਰਦੇ ਸਨ। ਉਹ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ ਅਤੇ ਉਨ੍ਹਾਂ ਦੀ ਅਨੂਠੀ ਅਤੇ ਕਲਾਤਮਕ ਸ਼ੈਲੀ ਸੰਗਤ ਨੂੰ ਕੀਲ ਲੈਣ ਦੀ ਸਮਰਥਾ ਰੱਖਦੀ ਸੀ। ਉਨ੍ਹਾਂ ਰਬਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨਾਲ ਭਾਈ ਗੁਰਦਾਸ ਦੀਆਂ ਵਾਰਾਂ ਸਮੇਤ ਹੋਰ ਬਾਣੀਆਂ ਵੀ ਕੰਠ ਸਨ। ਦਰਬਾਰ ਸਾਹਿਬ ਤੋਂ ਬਾਹਰ ਸਜਦੇ ਵੱਖ-ਵੱਖ ਦੀਵਾਨਾਂ ਵਿੱਚ ਉਹ ਧਾਰਮਿਕ ਗੀਤ ਵੀ ਬੜੇ ਸੁਰਮਈ ਤਰੀਕੇ ਨਾਲ ਗਾਇਨ ਕਰਦੇ ਸਨ। ਭਾਈ ਛੈਲਾ (ਪਟਿਆਲੇ ਵਾਲਾ), ਭਾਈ ਦੇਸਾ ਅਤੇ ਸਾਈਂ ਦਿੱਤਾ ਵੱਲੋਂ ਗਾਏ ਹੋਏ ਕੁਝ ਤਵੇ ਹੁਣ ਵੀ ਉਪਲਬੱਧ ਹਨ। ਇਨ੍ਹਾਂ ਤਵਿਆਂ ਵਿਚਲੇ ਗੀਤ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿੱਚ ਗਾਇਨ ਕੀਤੇ ਗਏ ਹਨ। ਬਹੁਤ ਸਾਰੀ ਬਾਣੀ ਜ਼ੁਬਾਨੀ ਕੰਠ ਹੋਣ ਕਰ ਕੇ ਭਾਈ ਲਾਲ ਜੀ (ਪਹਿਲੇ) ਅਤੇ ਭਾਈ ਚਾਂਦ ਜੀ (ਪਹਿਲੇ) ਵਰਗੇ ਉੱਚ ਕੋਟੀ ਦੇ ਰਬਾਬੀ ਗੁਰਬਾਣੀ ਦੇ ਇੱਕ-ਇੱਕ ਸ਼ਬਦ ਨੂੰ ਹੋਰਨਾਂ ਸ਼ਬਦਾਂ ਦੇ ਢੁੱਕਵੇਂ ਪ੍ਰਮਾਣਾਂ ਸਮੇਤ ਇੱਕ-ਇੱਕ ਘੰਟੇ ਵਿਚ ਗਾਇਨ ਕਰਦੇ ਸਨ।
ਉਸ ਵੇਲੇ ਦੇ ਲੋਕ ਦੱਸਦੇ ਹਨ ਕਿ ਜਦੋਂ ਕਿਤੇ ਭਾਈ ਲਾਲ ਜੀ ਅਤੇ ਭਾਈ ਚਾਂਦ ਜੀ ਦੀ ਕੀਰਤਨ ਡਿਊਟੀ ਹੁੰਦੀ ਸੀ ਤਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਹੁੰਦੀ। ਸਪੀਕਰਾਂ ਦੀ ਆਮਦ ਤੋਂ ਪਹਿਲਾਂ ਰਾਗੀ ਤੇ ਰਬਾਬੀ ਇੰਜ ਹੀ ਕੀਰਤਨ ਕਰਦੇ ਸਨ। ਉਨ੍ਹਾਂ ਦੀ ਆਵਾਜ਼ ਵਿਚ ਬਹੁਤ ਦਮ ਹੁੰਦਾ ਸੀ ਅਤੇ ਦੂਰ ਤੱਕ ਸੁਣਾਈ ਦਿੰਦੀ ਸੀ। ਉਨ੍ਹਾਂ ਵੱਲੋਂ ਗਾਇਨ ਕੀਤੇ ਕੀਰਤਨ ਵਿਚ ਇੰਨਾ ਰਸ ਅਤੇ ਰਾਗਦਾਰੀ ਦੀ ਇੰਨੀ ਪਕੜ ਅਤੇ ਪ੍ਰਪੱਕਤਾ ਹੁੰਦੀ ਸੀ ਕਿ ਉਹ ਕਿਸੇ ਨੂੰ ਵੀ ਆਪਣੇ ਮਧੁਰ ਕੀਰਤਨ ਰਾਹੀਂ ਰੱਬ ਨਾਲ ਜੋੜ ਦਿੰਦੇ। ਰਬਾਬੀਆਂ ਬਾਰੇ ਇੱਕ ਖ਼ਾਸ ਗੱਲ ਇਹ ਹੈ ਕਿ ਬੰਬਈ (ਹੁਣ ਮੁੰਬਈ) ਦੀ ਉਸ ਵੇਲੇ ਦੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸੰਗੀਤ ਨਿਰਦੇਸ਼ਕ ਇਨ੍ਹਾਂ ਰਬਾਬੀਆਂ ਨੂੰ ਸੁਣਨ ਲਈ ਅੰਮ੍ਰਿਤਸਰ ਆਉਂਦੇ ਅਤੇ ਕਈ ਕਈ ਦਿਨ ਇਨ੍ਹਾਂ ਦਾ ਕੀਰਤਨ ਸੁਣਦੇ। ਉਸ ਤੋਂ ਬਹੁਤ ਕੁਝ ਹਾਸਲ ਕਰ ਕੇ ਉਸੇ ਦੇ ਅਧਾਰ ’ਤੇ ਉਹ ਫਿਲਮਾਂ ਲਈ ਗੀਤਾਂ ਦੀਆਂ ਤਰਜ਼ਾਂ ਬਣਾਇਆ ਕਰਦੇ ਸਨ। ਇੱਥੇ ਇਹ ਗੱਲ ਵੀ ਕਾਬਲ-ਏ-ਜ਼ਿਕਰ ਹੈ ਕਿ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਰਬਾਬੀਆਂ ’ਚੋਂ ਦੋ ਬਹੁਤ ਹੀ ਸ਼ਾਨਦਾਰ ਰਬਾਬੀਆਂ ਭਾਈ ਦੇਸਾ ਅਤੇ ਭਾਈ ਛੈਲਾ ਨੇ ਦਰਜਨਾਂ ਫਿਲਮਾਂ ਵਿਚ ਬਤੌਰ ਅਦਾਕਾਰ ਵੀ ਕੰਮ ਕੀਤਾ। ਇਨ੍ਹਾਂ ’ਚੋਂ ਭਾਈ ਛੈਲਾ ਨੂੰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਪਟਿਆਲੇ ਲੈ ਗਏ ਅਤੇ ਆਪਣਾ ਦਰਬਾਰੀ ਗਾਇਕ ਨਿਯੁਕਤ ਕੀਤਾ। ਉੱਥੇ ਵੀ ਭਾਈ ਸਾਹਿਬ ਨੇ ਕੀਰਤਨ ਕਰਨਾ ਜਾਰੀ ਰੱਖਿਆ। ਫਿਲਮਾਂ ਦੇ ਮੰਨੇ ਪ੍ਰਮੰਨੇ ਸੰਗੀਤ ਨਿਰਦੇਸ਼ਕ ਗੁਲਾਮ ਮੁਹੰਮਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਰ੍ਹਿਆਂ ਬੱਧੀ ਹਜ਼ੂਰੀ ਰਾਗੀ ਰਹੇ। ਇਸੇ ਕੀਰਤਨ ਦੀ ਖਿੱਚ ਸੀ ਕਿ ਮਹਾਕਵੀ ਰਬਿੰਦਰ ਨਾਥ ਟੈਗੋਰ ਆਪਣੇ ਪਿਤਾ ਜੀ ਨਾਲ ਅਕਸਰ ਹੀ ਹਰਿਮੰਦਰ ਸਾਹਿਬ ਆ ਕੇ ਕਈ ਦਿਨ ਕੀਰਤਨ ਸਰਵਣ ਕਰਦੇ। ਆਪਣੇ ਸਮੇਂ ਦੇ ਪ੍ਰਸਿੱਧ ਸਿੱਖ ਰਬਾਬੀ ਭਾਈ ਬੁੱਧ ਸਿੰਘ ਤਾਨ ਅਣਵੰਡੇ ਭਾਰਤ ਦੇ ਮੋਹਰੀ ਲਾਹੌਰ ਰੇਡੀਓ ਸਟੇਸ਼ਨ ਦੇ ਸੰਗੀਤ ਵਿਭਾਗ ਦੇ ਉਪ ਮੁਖੀ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਕਾਫ਼ੀ ਰਬਾਬੀ ਭਰੇ ਮਨ ਨਾਲ ਪਾਕਿਸਤਾਨ ਚਲੇ ਗਏ, ਜਿਨ੍ਹਾਂ ’ਚੋਂ ਭਾਈ ਚਾਂਦ ਨੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪੁਰਾਣੇ ਸਮਿਆਂ ਨੂੰ ਚੇਤੇ ਕਰਦਿਆਂ ਵੈਰਾਗਮਈ ਅਵਸਥਾ ਵਿੱਚ ਸਚਖੰਡ ਪਿਆਨਾ ਕੀਤਾ।
ਸੰਪਰਕ: 98154-61710