ਗੁਰਬਚਨ
ਇਹ ਪ੍ਰਦੂਸ਼ਨ ਦਾ ਦੌਰ ਹੈ; ਤੇ ਕੁੱਲ ਮਾਨਵੀ ਵਰਤਾਰੇ ਪ੍ਰਦੂਸ਼ਿਤ ਹੋ ਚੁੁੱਕੇ ਹਨ। ਪੰਜਾਬੀ ਅੱਖਰਕਾਰੀ ਦਾ ਸੰਸਾਰ ਪ੍ਰਦੂਸ਼ਨ ਤੋਂ ਮੁਕਤ ਨਹੀਂ। ਸਾਡੇ ਸਾਹਿਤਕ ਪਿੜ ਵਿਚ ਨਿਤ ਅਜਿਹਾ ਬਹੁਤ ਕੁਝ ਵਾਪਰਦਾ ਰਹਿੰਦਾ ਜਿਸ ਤੋਂ ਅਸੀਂ ਨਿਰਾਸ਼ ਹੁੰਦੇ ਹਾਂ। ਨਿਰਾਸ਼ ਹੋ ਕੇ ਚੁੱਪ ਹੋ ਜਾਂਦੇ ਹਾਂ, ਜਿਵੇਂ ਅੱਜ ਦੇ ਦੌਰ ਦੀ ਇਹੀ ਹਕੀਕਤ ਹੈ। ਜਿਵੇਂ ਪ੍ਰਦੂਸ਼ਨ ਦਾ ਪਾਸਾਰਾ ਸਵੈ-ਚਾਲਕ ਪ੍ਰਚਲਣ ਹੋਵੇ।
ਤ੍ਰਾਸਦੀ ਇਹ ਕਿ ਪੰਜਾਬੀ ਲਿਖਣਕਾਰ ਸਮਕਾਲੀ ਮੁੱਖਧਾਰਾ ਦੇ ਹਮਸਫ਼ਰ ਬਣ ਚੁੱਕੇ ਹਨ ਅਤੇ ਅਜਿਹਾ ਕਰਨ ਕਰਕੇ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਦੀ ਮਿਹਨਤ ਨਿੱਜੀ ਚੜ੍ਹਤ ਤੋਂ ਪਾਰ ਕਿਸੇ ਹੋਰ ਲੇਖੇ ਨਹੀਂ ਲੱਗ ਰਹੀ। ਇਹ ਬੌਧਿਕ/ਭਾਵਨਾਤਮਿਕ ਪੱਧਰ ਦਾ ਅਨਾਚਾਰ ਹੈ। ਲਿਲਕ ਐਵਾਰਡਾਂ/ਆਭੂਸ਼ਨਾਂ ਅਤੇ ਸਰਕਾਰੀ ਅਦਾਰਿਆਂ ਵਿਚ ਚੜ੍ਹਤ ਦੀ ਰਹਿੰਦੀ ਹੈ, ਕਿਉਂਕਿ ਮੁੱਖ ਧਾਰਾ ਵਿਚ ਪਛਾਣ ਇਵੇਂ ਹੀ ਗੂੜ੍ਹੀ ਹੁੰਦੀ ਹੈ। ਨਤੀਜਾ : ਨੈੱਟਵਰਕੀ ਲੌਬੀਆਂ ਬਣਦੀਆਂ ਹਨ; ਮਹਿਫ਼ਲਾਂ ਸਜਦੀਆਂ ਹਨ; ਤੇ ਕਵੀ/ਲੇਖਕ ਬਸਤਾ ਚੁੱਕੀ ਸ਼ਹਿਰੋ-ਸ਼ਹਿਰ ਗੇੜੀ ਉੱਤੇ ਤੁਰੇ ਰਹਿੰਦੇ ਹਨ।
ਮੁੱਖਧਾਰਾ ਦੇ ਅਮਲ/ਵਿਹਾਰ ਅਤੇ ਅਕੀਦਿਆਂ (ਕੁੱਲ ਮਿਲਾ ਕੇ ਇਹਦੀ ਵਿਚਾਰਧਾਰਾ) ਦੇ ਮੱਕੜ-ਜਾਲ ਦੀ ਜਿਸ ਨੂੰ ਸਮਝ ਹੈ ਉਹਦੀ ਸੰਵੇਦਨਾ ਨੇ ਨਾਬਰੀ ਮੋੜਾ ਲੈਣਾ ਹੀ ਹੁੰਦਾ। ਜੇ ਉਹ ਕਵੀ ਹੈ ਤਾਂ ਉਹ ਨਵ-ਚੇਤਨ ਦੀ ਭਾਸ਼ਾ ਤਲਾਸ਼ਦਾ। ਰਚਨਾਕਾਰ ਬੁਨਿਆਦੀ ਤੌਰ ਉੱਤੇ ਤਲਾਸ਼ਕਾਰ ਹੁੰਦਾ; ਇਹ ਉਤਕੰਠਾ ਹੀ ਉਹਨੂੰ ਰਚਨਾਤਮਿਕ ਪਿੜ ਵਿਚ ਦਾਖਲ ਹੋਣ ਲਈ ਪ੍ਰੇਰਦੀ ਹੈ। ਪੰਜਾਬੀ ਵਿਚ ਕਵੀ ਨਵ-ਚੇਤਨਾ ਦਾ ਪੈਗ਼ਾਮ ਲੈ ਕੇ ਪ੍ਰਗਟ ਹੁੰਦੇ ਰਹੇ, ਸਮਕਾਲੀ ਸੋਚਧਾਰਾ ਨੂੰ ਮੋੜਾ ਦੇਂਦੇ ਰਹੇ ਅਤੇ ਰਚਨਾਤਮਿਕਤਾ ਦਾ ਨਵਾਂ ਮਾੱਡਲ ਮੁਹੱਈਆ ਕਰਦੇ ਰਹੇ। ਅਜਿਹਾ ਕਰਨ ਵਾਲਿਆਂ ਦੀਆਂ ਸਾਡੇ ਕੋਲ ਅਨੇਕ ਮਿਸਾਲਾਂ ਹਨ।
ਜੇ ਅੱਜ ਦੇ ਦੌਰ ਵਿਚ ਅਜਿਹਾ ਹੋਣਾ ਉੱਕਾ ਬੰਦ ਹੋ ਚੁੱਕਾ ਹੈ ਤੇ ਸਾਡੇ ਕਵੀਜਨ ਸਰੋਤਿਆਂ ਨਾਲ ਅੰਤਰ-ਨਾਤੇ ਵਿਚ ਬੱਝਣ ਲਈ ਨਿਤ ਮੰਚਾਂ ਉੱਤੇ ਪਧਾਰਣ ਦੀ ਲਾਚਾਰੀ ਭੋਗ ਰਹੇ ਹਨ, ਤਾਂ ਇਹੀ ਪੰਜਾਬੀ ਅੱਖਰਕਾਰੀ ਦਾ ਪ੍ਰਦੂਸ਼ਨ ਹੈ। ਹਕੀਕਤ ਇਹ ਹੈ ਕਿ ਰਵਾਇਤੀ/ਮੁੱਖਧਾਰਾ ਦੀ ਪਲੀਤ ਹੋ ਚੁੱਕੀ ਕਾਵਿ ਭਾਸ਼ਾ ਵਿਚ ਆਸਥਾ ਰੱਖੇ ਬਗ਼ੈਰ ਮਾਹਿਰ ਕਵੀ ਵੀ ਮੰਚਾਂ ਉੱਤੇ ਨਹੀਂ ਟਿਕਦੇ। ਸਰੋਤੇ ਇਹੀ ਭਾਸ਼ਾ ਸਮਝਦੇ ਹਨ ਤੇ ਸਰੋਤਿਆਂ ਨੂੰ ਸੰਤੁਸ਼ਟ ਕਰਨਾ ਆਪ ਸਹੇੜੀ ਗੁਲਾਮੀ ਬਣ ਜਾਂਦੀ ਹੈ। ਵੱਧ ਸਵੀਕਾਰੇ ਜਾਣ ਲਈ ਮਹਾਨ ਵਿਚਾਰਾਂ ਨੂੰ ਪਲੀਤ ਭਾਸ਼ਾ ਵਿਚ ਗੁਨ੍ਹਨਾ ਪੈਂਦਾ। ਵਿਚਾਰ ਤਰੰਨੁਮ ਵਿਚ ਬੰਨ੍ਹੇ ਜਾ ਸਕਣ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਹ ਰਚਨਾਤਮਿਕਤਾ ਨਹੀਂ, ਕਾਰੋਬਾਰੀ ਤਰਜ਼ ਦੀ ਕਲਾਕਾਰੀ ਹੈ। ਬਾਹਰੀ ਰੂਪ ਵਿਚ ਇਹ ਹੁਲਾਸ ਵਾਲਾ ਕਾਰਜ ਹੈ, ਅੰਦਰਖਾਤੇ ਇਹ ਘਿਸਕਾਰੀ ਹੈ। ਪਲ ਪਲ ਸਰੋਤਿਆਂ ਦੇ ਸੁਹਜ ਨੂੰ ਸੰਤੁਸ਼ਟ ਕਰਨ ਉੱਤੇ ਖਰਚ ਹੋ ਰਿਹਾ ਹੁੰਦਾ, ਫਿਰ ਕਵੀ ਕੋਲ ਆਪਣੇ ਲਈ ਬਚਦਾ ਕੀ ਹੈ? ਉਹਦਾ ਹੋਣਾ ਪ੍ਰਮਾਣਿਕਤਾ ਤੋਂ ਸੱਖਣਾ ਹੋ ਜਾਂਦਾ। ਉਹ ਬੰਦ ਹੋ ਚੁੱਕੇ ਰਾਹਾਂ ਦਾ ਵਾਰਿਸ ਬਣ ਜਾਂਦਾ।
* * *
ਹਰ ਚਿੰਤਕ ਅਤੇ ਕਵੀ/ਲੇਖਕ ਨਵੇਂ ਰਾਹਾਂ ਦੀ ਬਣਤ ਬਣਾਉਂਦਾ। ਪਲੇਟੋ ਆਪਣੀ ਪੁਸਤਕ ਰਿਪਬਲਿਕ ਦਾ ਆਰੰਭ ਇਸ ਸੁਆਲ ਤੋਂ ਕਰਦਾ ਕਿ ਇਨਸਾਫ਼ ਵਾਲਾ ਸਮਾਜ ਅਤੇ ਸਿਆਸੀ ਵਰਤਾਰਾ ਕਿਵੇਂ ਪੈਦਾ ਹੋਵੇ; ਇਸ ਸੁਆਲ ਨੂੰ ਨਜਿੱਠਣ ਲਈ ਪਲੇਟੋ ਆਪਣੇ ਪਾਠ ਵਿਚ ਸੁਕਰਾਤ ਸਮੇਤ ਕਈ ਹੋਰ ਪਾਤਰਾਂ ਵਿਚਕਾਰ ਸੰਵਾਦ ਪੈਦਾ ਕਰਦਾ। ਮੁਰੀਦ ਸੁਕਰਾਤ ਨੂੰ ਸੁਆਲ ਪੁੱਛਦੇ ਹਨ, ਉਹ ਜੁਆਬ ਦੇਂਦਾ ਤੇ ਇਹ ਜੁਆਬ ਅੱਗੋਂ ਹੋਰ ਸੁਆਲਾਂ ਨੂੰ ਜਨਮ ਦੇਂਦੇ ਹਨ। ਇਸ ਤਰ੍ਹਾਂ ਦਾ ਸੰਵਾਦੀ ਪ੍ਰਚਲਣ ਵਿਚਾਰਾਂ ਨੂੰ ਤਰਕ-ਸੋਚ ਦੇ ਖੁੱਲ੍ਹੇ ਰਾਹਾਂ ਉੱਤੇ ਤੋਰਦਾ, ਜੋ ਦਰਸ਼ਨ ਦੇ ਸੰਚਾਰ ਦੀ ਅਦਭੁਤ ਵਿਧੀ ਹੈ। ਵਿਚਾਰਾਂ ਦੇ ਸੰਚਾਰ ਦੀ ਨਵੀਂ ਬਣਤ ਹੀ ਨਵ-ਭਾਸ਼ਾ ਦਾ ਸਿਰਜਨ ਹੈ।
ਇਵੇਂ ਹੀ ਸਾਹਿਤ ਰਚਨਾਕਾਰੀ ਦਾ ਨਾਤਾ ਉਸ ਤਕਲੀਫ਼ ਵਿਚ ਪਿਆ ਹੁੰਦਾ ਜੋ ਮਨੁੱਖ ਇਰਦ ਗਿਰਦ ਦੇ ਵਰਤਾਰੇ ਨਾਲ ਖਹਿ ਕੇ ਮਹਿਸੂਸ ਕਰਦਾ। ਸੁਆਲ ਹੈ : ਮਨੁੱਖ ਦੀ ਤਕਲੀਫ਼ ਨੂੰ ਸੂਤਰਬਧ ਕਿਵੇਂ ਕੀਤਾ ਜਾਵੇ? ਇਹ ਸਿਰਫ਼ ਰਚਨਾਤਮਿਕ ਉਡਾਣ ਰਾਹੀਂ ਸੰਭਵ ਹੁੰਦਾ ਹੈ। ਜਿਵੇਂ ਯੂਨਾਨੀ ਤ੍ਰਾਸਦੀ ਈਡੀਪਸ ਵਿਚ ਨਾਇਕ ਰਾਜਾ ਈਡੀਪਸ ਸਾਹਮਣੇ ਸੁਆਲ ਹੈ : ਮੈਂ ਕੌਣ ਹਾਂ? ਕੀ ਮੈਂ ਉਹ ਕੁਝ ਹਾਂ ਜੋ ਸਮਾਜਿਕ ਰਿਸ਼ਤਿਆਂ ਨੇ ਮੈਨੂੰ ਬਣਾ ਦਿੱਤਾ ਹੈ? ਜਾਂ ਇਸ ਦੇ ਆਰਪਾਰ ਵੀ ਮੇਰਾ ਹੋਣਾ ਕਿਤੇ ਹੈ? ਇਹ ਸੁਆਲ ਅੱਜ ਵੀ ਕਾਇਮ ਹੈ ਕਿ ਮਨੁੱਖ ਨੂੰ ਪ੍ਰੀਭਾਸ਼ਿਤ ਕਿਹੜੀ ਚੀਜ਼ ਕਰਦੀ ਹੈ? ਕੀ ਸਮਾਜਿਕ ਤਾਣਾ ਬਾਣਾ ਪ੍ਰੀਭਾਸ਼ਿਤ ਕਰਦਾ ਜਾਂ ਉਹਦੀ ਉਹ ਨਾਬਰੀ ਕਰਦੀ ਹੈ ਜੋ ਤਾਣੇ ਬਾਣੇ ਨੂੰ ਚੁਣੌਤੀ ਦੇਂਦੀ ਹੈ? ਸਾਫ਼ ਹੈ ਕਿ ਮਨੁੱਖ ਆਪਣੇ ਹੋਣੇ ਬਾਰੇ ਜੋ ਵਿਚਾਰਾਵਲੀ ਦਾ ਸਿਰਜਨ ਕਰਦਾ, ਜੇ ਉਹ ਥਿਰ/ਸਥਾਪਿਤ ਨੂੰ ਵੰਗਾਰਨ ਵਾਲੀ ਹੈ ਤਾਂ ਮਾਨਵੀ ਪ੍ਰਸੰਗ ਵਿਚ ਉਸੇ ਦਾ ਜ਼ਿਕਰ ਹੁੰਦਾ। ਇਸੇ ਕਰਕੇ ਕਾਰਲ ਮਾਰਕਸ ਨੂੰ ਮਨੁੱਖ ਸਥਿਤੀ ਦੀ ਥਾਹ ਪਾਉਣ ਲਈ ਯੂਨਾਨੀ ਤ੍ਰਾਸਦੀ ਅਤੇ ਹੋਰ ਰਚਨਾਤਮਿਕ ਪਾਠਾਂ ਦਾ ਸਹਾਰਾ ਲੈਣਾ ਪੈਂਦਾ।
ਸਿਰਜਨ ਦੀ ਇਸ ਅਦੁੱਤੀ ਪ੍ਰਕਿਰਿਆ ਨੂੰ ਭਾਸ਼ਕ ਚਿੰਨ੍ਹਾਂ ਰਾਹੀ ਸੂਤਰ ਵਿਚ ਬੰਨ੍ਹਿਆ ਜਾਂਦਾ ਤੇ ਇਹੀ ਨਵੀਂ ਭਾਸ਼ਾਕਾਰੀ ਹੈ। ਜਦ ਕਿਸੇ ਯੁੱਗ ਨੂੰ ਵਿਚਾਰਾਂ ਦੇ ਨਵੇਂ ਢੰਗ ਨਾਲ ਸੂਤਰਬੱਧ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਮਤਲਬ ਹੈ ਕਿ ਉਹ ਯੁੱਗ ਪਲੀਤ ਹੋ ਚੁੱਕੀ ਭਾਸ਼ਾ ਦੇ ਮੱਕੜ-ਜਾਲ ਦਾ ਸ਼ਿਕਾਰ ਹੈ; ਅਤੇ ਜੋ ਕਵੀ/ਲੇਖਕ ਮੁੱਖਧਾਰਾ ਨਾਲ ਦਸਤਪੰਜੇ ਵਿਚੋਂ ਸੁਰੱਖਿਆ ਲੱਭਦਾ ਉਹਦਾ ਕਿਰਦਾਰ ਸ਼ੱਕੀ ਹੋ ਜਾਂਦਾ, ਭਾਵੇਂ ਉਹਨੇ ਤਾਕਤੀ ਅਦਾਰਿਆਂ ਤੋਂ ਐਵਾਰਡ/ਆਭੂਸ਼ਨ ਜਾਂ ਡੀ ਲਿਟਾਂ ਪ੍ਰਾਪਤ ਕੀਤੀਆਂ ਹੋਣ।
ਕੁੱਲ ਮਿਲਾ ਕੇ, ਮੁੱਖਧਾਰਾ ਦੀ ਭਾਸ਼ਾ ਤੋਂ ਮੁਕਤ ਹੋਣਾ ਤਬਦੀਲੀ ਦਾ ਮੂਲ ਮੰਤਰ ਹੈ। ਇਹ ਹੋਣੇ ਨੂੰ ਮੱਕੜ ਜਾਲਾਂ ਤੋਂ ਸੁਰਖਰੂ ਕਰਨ ਦੀ ਜੁੱਰਤ ਵੀ ਹੈ। ਮਿਸਾਲ ਵਜੋਂ, ਵਾਰਿਸ ਸ਼ਾਹ ਨੇ ਹੀਰ ਦੇ ਚਰਿਤ੍ਰ ਦੀ ਜੋ ਬਣਤ ਬਣਾਈ ਉਸ ਵਿਚ ਹੀਰ ਹਰ ਤਰਜ਼ ਦੇ ਮੱਕੜ-ਜਾਲ ਤੋਂ ਮੁਕਤ ਹੋਣ ਦੀ ਭਾਸ਼ਾ ਬੋਲਦੀ ਹੈ। ਇਵੇਂ ਹੀ ਬੁੱਲ੍ਹੇ ਸ਼ਾਹ ਦੀ ਭਾਸ਼ਾਕਾਰੀ ਬਾਰੇ ਕਿਹਾ ਜਾ ਸਕਦਾ ਕਿ ਉਹਦੀ ਕਾਫ਼ਰਾਨਾ ਭਾਸ਼ਾ ਰੂਹਾਨੀ ਕ੍ਰਾਂਤੀ ਦਾ ਬਿਗਲ ਵਜਾਉਂਦੀ ਹੈ। ਇਸੇ ਤਰ੍ਹਾਂ, ਅੱਜ ਦੇ ਨਾਰੀਵਾਦ ਨੂੰ ਇੱਕੋ ਚੀਜ਼ ਪ੍ਰੀਭਾਸ਼ਿਤ ਕਰਦੀ ਹੈ : ਜੁੱਰਤ! ਸੁਆਲ ਪੁੱਛਣ ਦੀ ਜੁੱਰਤ! ਹਰ ਜੁੱਰਤ ਆਪਣੇ ਆਪ ਵਿਚ ਪ੍ਰਤਿਰੋਧ ਹੈ; ਅਤੇ ਹਰ ਪ੍ਰਤਿਰੋਧ ਰੂਹਾਨੀ ਅਪਾਰਤਾ ਵਿਚੋਂ ਉਗਮਦਾ ਹੈ। ਔਰਤ ਦੇ ਪ੍ਰਸੰਗ ਵਿਚ ਜੁੱਰਤ ਦਾ ਮਤਲਬ ਹੋਣੇ ਨੂੰ ਮੱਕੜ ਜਾਲਾਂ ਤੋਂ ਸੁਰਖ਼ਰੂ ਕਰਨਾ ਹੈ। ਇਹੀ ਕਾਰਣ ਹੈ ਕਿ ਕਮਲਾ ਦਾਸ ਨੇ ਜਦ ਆਪਣੀ ਹੱਡਬੀਤੀ ਮਾਈ ਸਟੋਰੀ ਲਿਖੀ ਤਾਂ ਮੁੱਖਧਾਰਾ ਵਿਚ ਖਲਲ ਪੈਦਾ ਹੋ ਗਿਆ। ਇਹੀ ਨਵ-ਚੇਤਨਾ ਦਾ ਪ੍ਰਚਲਣ ਹੈ। ਕਿਸੇ ਜਾਤੀ ਨੂੰ ਜੀਵੰਤ ਰੱਖਣ ਲਈ ਨਵ-ਚੇਤਨਾ ਦੀ ਭਾਸ਼ਾਕਾਰੀ ਚਾਹੀਦੀ ਹੁੰਦੀ ਹੈ।
ਜਦ ਵੀਹਵੀਂ ਸਦੀ ਵਿਚ ਪੂਰਨ ਸਿੰਘ ਖੁੱਲ੍ਹੀ ਕਵਿਤਾ ਲਿਖਦਾ ਤਾਂ ਗੱਲ ਕਵਿਤਾ ਤੋਂ ਪਾਰ ਚਲੀ ਜਾਂਦੀ ਹੈ। ਉਹ ਅਚੇਤ ਹੀ ਭਾਈ ਵੀਰ ਸਿੰਘ ਦੇ ਵਿਚਾਰਾਂ ਦੀ ਘੇਰਾਬੰਦੀ ਨੂੰ ਕਾਟੇ ਹੇਠ ਰੱਖਦਾ ਤੇ ਮਨੁੱਖੀ ਅੰਤਰਮਨ ਦੀਆਂ ਲਹਿਰਾਂ ਨੂੰ ਧਾਰਮਿਕ ਦਮਨ ਤੋਂ ਮੁਕਤ ਕਰਦਾ। ‘‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ’’ ਕਥਨ ਨੂੰ ਹੋਣੇ ਦੀ ਇਸ ਉਡਾਰੀ ਵਜੋਂ ਦੇਖਣਾ ਚਾਹੀਦਾ, ਉਹ ਇਸ ਤਰ੍ਹਾਂ ਕਿ ਗੁਰੂ ਦਾ ਨਾਂ ਤਾਂ ਪੰਜਾਬੀ ਬੰਦੇ ਦੀਆਂ ਰਗ਼ਾਂ ਵਿਚ ਸਮੋਇਆ ਹੋਇਆ; ਇਹਨੂੰ ਕਿਸੇ ਧਾਰਮਿਕ ਚਿੰਤਨਧਾਰਾ ਵਿਚ ਸੂਤਰਬੱਧ ਕਰਨ ਦੀ ਲੋੜ ਨਹੀਂ। ਇਹੀ ਅਲਪ ਸਥੂਲਤਾ ਤੋਂ ਪਾਰ ਦਾ ਮਹਾਤਮ ਹੈ।
* * *
ਜੇ ਪੰਜਾਬੀ ਵਿਚ ਅਜਿਹਾ ਹੁੰਦਾ ਰਿਹਾ ਹੈ ਅਤੇ ਅੱਜ ਨਹੀਂ ਹੋ ਰਿਹਾ ਤਾਂ ਇਹ ਘਣਾ ਸੰਕਟ ਹੈ। ਇਹ ਸੰਕਟ ਸਾਹਿਤਕ/ਸਭਿਆਚਾਰਕ ਤਾਂ ਹੈ ਹੀ, ਉਸ ਤੋਂ ਵੀ ਵੱਧ ਇਹ ਪੰਜਾਬੀ ਬੰਦੇ ਦੇ ਹੋਣੇ ਦਾ ਸੰਕਟ ਹੈ। ਅਜਿਹੀ ਬਿਖ਼ਮ ਸਥਿਤੀ ਵਿਰੁੱਧ ਖੜ੍ਹਣਾ ਤੇ ਨਵੇਂ ਰਾਹ-ਰਸਤੇ ਦੀ ਤਲਾਸ਼ ਕਰਨਾ ਸੂਰਮਗਤੀ ਵਾਲਾ ਕੰਮ ਹੈ। ਪੰਜਾਬੀ ਅੱਖਰਕਾਰੀ ਵਿਚ ਅਜਿਹਾ ਯਤਨ ਜਲੰਧਰ ਤੋਂ ਸ਼ਿਵਦੀਪ ਅਤੇ ਤਨਵੀਰ ਵਲੋਂ ਪਿੱਛੇ ਜਿਹੇ ਜਾਰੀ ਕੀਤੇ ਪ੍ਰੀਪੋਇਟਕ ਨਾਂ ਦੇ ਪਰਚੇ ਰਾਹੀਂ ਹੋਇਆ ਦਿਖਾਈ ਦੇਂਦਾ ਹੈ। ਇਹ ਪਰਚਾ ਕਈ ਗੱਲਾਂ ਕਰਕੇ ਗ਼ੈਰ-ਮਾਮੂਲੀ ਦ੍ਰਿਸ਼ਟੀ ਦੀ ਉਪਜ ਹੈ। ਸੰਪਾਦਕ ਕਿਸੇ ਗੁੱਟ ਵਿਚ ਪਰੋਏ ਹੋਏ ਨਹੀਂ। ਉਨ੍ਹਾਂ ਦੀ ਪ੍ਰਤਬਿਧਤਾ ਸਿਰਫ਼ ਰਚਨਾਕਾਰੀ ਵੱਲ ਹੈ। ਪਹਿਲੇ ਅੰਕ ਵਿਚ ਵਿਸ਼ਵ ਦੇ ਬੇਹਤ੍ਰੀਨ ਕਵੀ ਸ਼ਾਮਿਲ ਕੀਤੇ ਗਏ ਹਨ : ਸਪੇਨ ਦਾ ਆਵਾਂਗਾਰਦ ਕਵੀ ਫਰਨਾਂਦੋ ਪੇਸੋਆ, ਬੰਗਾਲ ਦੀ ਪ੍ਰਬੁੱਧ ਕਵਿਤ੍ਰੀ ਜੋਸ਼ਨਾ ਬੈਨਰਜੀ, ਇਸ ਵਰ੍ਹੇ ਦੀ ਨੋਬਲ ਪੁਰਸਕਾਰ ਹਾਸਲ ਕਰਨ ਵਾਲੀ ਲੁਈਸ ਗਲੁੱਕ, ਆਪਣੇ ਪੰਜਾਬ ਦਾ ਪੂਰਨ ਸਿੰਘ, ਉਰੂਗੋਏ ਦਾ ਏਦੁਆਰਦੋ ਗਲਿਆਨੋ, ਹਿੰਦੀ ਕਵੀ ਰੁਸਤਮ ਸਿੰਘ।
ਇਨ੍ਹਾਂ ਕਵੀਆਂ ਨੂੰ ਪੜ੍ਹ ਕੇ ਪਤਾ ਚਲਦਾ ਹੋਣੇ ਦੇ ਨਾਦਾਂ ਲਈ ਭਾਸ਼ਾ ਕਿਵੇਂ ਘੜੀਂਦੀ ਹੈ। ਅਜਿਹੇ ਕਵੀਆਂ ਦੀ ਚੋਣ ਗਹਿਰੇ ਚਿੰਤਨ ਅਤੇ ਸੰਜੀਦਗੀ ਬਗ਼ੈਰ ਨਹੀਂ ਹੋ ਸਕਦੀ। ਨਾ ਕਾਵਿ ਭਾਸ਼ਾ ਵੱਲ ਅਮੋੜ ਪ੍ਰਤਬਿਧਤਾ ਬਗ਼ੈਰ ਅਜਿਹਾ ਹੁੰਦਾ ਹੈ। ਇਹ ਅਜਿਹੇ ਕਵੀ ਹਨ ਜੋ ਮੁੱਖਧਾਰਾ ਦੀ ਭਾਸ਼ਾ ਨੂੰ ਨਕਾਰਦੇ ਹਨ। ਅਜਿਹਾ ਕਰਦਿਆਂ ਮਨੁੱਖੀ ਹੋਣੇ ਨੂੰ ਦਮਨਾਂ ਤੋਂ ਮੁਕਤ ਕਰਦੇ ਹਨ ਅਤੇ ਲੋਕ-ਮਾਨਸ ਨੂੰ ਹਰ ਤਰਜ਼ ਦੇ ਦਮਨ ਤੋਂ ਮੁਕਤ ਹੋਣ ਦਾ ਪੈਗ਼ਾਮ ਦੇਂਦੇ ਹਨ। ਇਹੀ ਚਿੰਤਨ+ਭਾਵਨਾ ਦਾ ਸੁਹਜ ਹੈ ਜੋ ਪਲੀਤ ਹੋ ਚੁੱਕੇ ਵਿਚਾਰ ਮਾੱਡਲਾਂ ਉੱਤੇ ਕਾਟਾ ਫੇਰਦਾ ਹੈ। ਜਿਵੇਂ ਸਾਡੇ ਆਪਣੇ ਕਵੀ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਹੈ। (ਇਹ ਕਵਿਤਾ ਚਿੰਤਨ ਅਤੇ ਭਾਵਨਾ ਦੀ ਪੱਧਰ ਉੱਤੇ ਨਵਾਂ ਸਰੋਦ ਸਿਰਜਦੀ ਹੈ ਅਤੇ ਇਹਦੀਆਂ ਪ੍ਰਤਿਧੁਨੀਆਂ ਸਾਡੀ ਸੁਤਾ ਅੰਦਰ ਗਹਿਰੀ ਛਾਪ ਛੱਡ ਦੇਂਦੀਆਂ ਹਨ।)
ਪ੍ਰੀਪੋਇਟਕ ਬਾਰੇ ਖਾਸ ਗੱਲ ਇਹ ਹੈ ਕਿ ਸੰਪਾਦਕਾਂ ਕੋਲ ਰਚਨਾਤਮਿਕ ਅਪਾਰਤਾ ਦੀ ਵਿਯਨ ਹੈ। ਉਨ੍ਹਾਂ ਦੀ ਪ੍ਰਤਬਿਧਤਾ ਰਚਨਾਕਾਰੀ ਦੀ ਵਿਸ਼ਵਤਾ ਵੱਲ ਹੈ। ਅਜਿਹਾ ਕਰਨਾ ਉਸ ਪਿੜ ਵਿਚ ਦਾਖਲ ਹੋਣਾ ਹੈ ਜਿੱਥੇ ਪੰਜਾਬੀ ਲਿਖਣਕਾਰ ਕਦਮ ਰੱਖਣ ਤੋਂ ਤ੍ਰਹਿੰਦੇ ਹਨ। ਸ਼ਾਮਿਲ ਕਵੀਆਂ ਦੀਆਂ ਰਚਨਾਵਾਂ ਦਾ ਉਲਥਾ ਕਰਨਾ ਹੀ ਮਹਾਂਕਾਵਿਕ ਪੱਧਰ ਵਾਲਾ ਕਾਰਜ ਹੈ। ਪਾਠਕ ਸਫ਼ਾ-ਦਰ-ਸਫ਼ਾ ਦਾ ਪਾਠ ਕਰੀ ਜਾਂਦਾ ਹੈ ਤੇ ਉਲਥਾਕਾਰਾਂ ਦੀ ਮਿਹਨਤ ਅਤੇ ਸੰਜੀਦਗੀ ਬਾਰੇ ਚਕ੍ਰਿਤ ਹੋਈ ਜਾਂਦਾ ਹੈ। ਕਵੀਆਂ ਦੀ ਕਵਿਤਾ ਹੀ ਸ਼ਾਮਿਲ ਨਹੀਂ, ਉਹ ਆਪਣੀ ਸਿਰਜਨਾ ਬਾਰੇ ਗੱਲਾਂ ਵੀ ਕਰਦੇ ਹਨ। ਜਲੰਧਰ ਬੈਠਾ ਸੰਪਾਦਕ ਦੂਰ ਦਰਾਜ ਦੇਸ਼ਾਂ ਵਿਚ ਰਹਿੰਦੇ ਕਵੀਆਂ ਨਾਲ ਫੋਨ ਉੱਤੇ ਸੁਆਲ ਪੁੱਛਦਾ ਹੈ। ਗੱਲ ਸਪਸ਼ਟ ਨਹੀਂ ਹੁੰਦੀ, ਫਿਰ ਗੱਲਬਾਤ ਦਾ ਵਕਤ ਮੰਗਦਾ ਹੈ।
ਜਿਹੜੇ ਕਵੀ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਬਾਰੇ ਮਾਹਿਰਾਂ ਦੇ ਲੇਖ ਵੀ ਪਰਚੇ ਵਿਚ ਮੌਜੂਦ ਹਨ। ਇਹ ਉੱਤਮ ਦਰਜੇ ਦੀ ਮਿਹਨਤ ਹੈ ਜਿਸ ਨੂੰ ਦੇਖ ਕੇ ਸ਼ਕੀਲ ਬਦਾਯੂੰਨੀ ਸ਼ੇਅਰ ਯਾਦ ਆਉਂਦਾ ਹੈ: ਇਸ ਦੌਰ ਮੇਂ ਮਿਹਨਤ ਕਾ ਸਿਲਾ ਮਿਲ ਨਹੀਂ ਸਕਤਾ/ ਮਿਹਨਤ ਜਿਸੇ ਕਹਿਤੇ ਹੈ ਵੁਹ ਮਿਹਨਤ ਕਾ ਸਿਲਾ ਹੈ।
ਅੰਤ ਵਿਚ : ਪ੍ਰੀਪੋਇਟਕ ਵਿਚ ਸਮਕਾਲ ਦੇ ਕਿਸੇ ਪੰਜਾਬੀ ਕਵੀ ਨੂੰ ਸ਼ਾਮਲ ਹੋਣ ਯੋਗ ਨਹੀਂ ਸਮਝਿਆ ਗਿਆ। ਇਹ ਫੈਸਲਾ ਸੰਪਾਦਕਾਂ ਦੇ ਪ੍ਰਤਿਰੋਧ ਨੂੰ ਪ੍ਰਗਟ ਕਰਦਾ ਹੈ। ਅਜਿਹਾ ਕਰਨਾ ਪ੍ਰਦੂਸ਼ਨ ਦੀ ਮੁਹਾਣ ਉੱਤੇ ਕਾਟਾ ਫੇਰਨਾ ਹੈ।
ਸੰਪਰਕ: 98725-06926
ਮੈਂ ਖ਼ੁਦ ਨੂੰ ਜਾਨਣਾ ਸ਼ੁਰੂ ਕਰ ਰਿਹਾਂ
ਫਰਨਾਂਦੋ ਪੇਸੋਆ
ਮੈਂ ਖ਼ੁਦ ਨੂੰ ਜਾਨਣਾ ਸ਼ੁਰੂ ਕਰ ਰਿਹਾ
ਮੈਂ ਹਾਂ ਹੀ ਨਹੀਂ
ਮੈਂ ਇੱਕ ਖ਼ਾਲੀ ਥਾਂ ਹਾਂ…
ਜੋ ਮੈਂ ਹੋਣਾ ਚਾਹੁੰਦਾ ਸੀ ਤੇ ਜੋ ਮੈਨੂੰ ਲੋਕਾਂ ਨੇ ਬਣਾ ਦਿੱਤਾ…
ਉਸਦੇ ਵਿਚਕਾਰ
ਜਾਂ ਸ਼ਾਇਦ ਉਸ ਖ਼ਾਲੀ ਥਾਂ ਦਾ ਅੱਧ
ਕਿਉਂਕਿ ਜੀਵਨ ਤਾਂ ਉੱਥੇ ਵੀ ਹੈ
ਸੋ ਆਖ਼ਰਕਾਰ ਇਹ ਹਾਂ ਮੈਂ…
ਬੱਤੀਆਂ ਬੁਝਾ ਦਿਓ, ਬੂਹਾ ਭੇੜ ਦਿਓ
ਹਾਲ ’ਚ ਆਪਣੀਆਂ ਚੱਪਲਾਂ ਦੀ ਆਵਾਜ਼ ਬੰਦ ਕਰੋ
ਮੈਨੂੰ ਸ਼ਾਂਤੀ ਨਾਲ ਰਹਿਣ ਦਿਓ ਆਪਣੇ ਨਾਲ ਆਪਣੇ ਕਮਰੇ ’ਚ
ਇਹ ਇਕ ਟੁੱਚਲ ਸੰਸਾਰ ਹੈ
* * *
ਪਾਗ਼ਲ ਬੰਦਾ
ਪੂਰਨ ਸਿੰਘ
ਮੈਂ ਅਥਾਹ ਭੇਦਾਂ ਨਾਲ ਭਰਿਆ ਇਕ ਪਾਗ਼ਲ ਬੰਦਾ ਹਾਂ
ਤੂੰ ਮੇਰੀ ਛਾਤੀ ਉੱਪਰ ਪਲਟ ਦਿੱਤਾ ਹੈ
ਪਿਆਰ, ਦੁੱਖ ਅਤੇ ਆਦਮੀ ਦਾ ਭਾਗ
ਮੈਂ ਇਸ ਸਭ ਨਾਲ ਨੱਕੋ-ਨੱਕ ਭਰ ਗਿਆ ਹਾਂ,
ਜਿਵੇਂ ਖ਼ਾਲੀ ਮੈਦਾਨ ਘਾਹ ਦੀਆਂ ਪੱਤੀਆਂ ਨਾਲ ਭਰ ਜਾਂਦਾ ਹੈ
ਮੈਂ ਚੈਰੀ ਅਤੇ ਆਲੂ ਬੁਖ਼ਾਰੇ ਵਾਂਗ ਨਸ਼ੇ ’ਚ ਹਾਂ
ਜੋ ਆਪਣੇ ਮੁੜੀ ਹੋਈ ਡੋਡੀ ਨੂੰ ਬਹੁਤਾ ਸਮਾਂ ਫੁੱਲ/ਫ਼ਲ ਬਣਨ ਤੋਂ ਰੋਕ ਨਹੀਂ ਸਕਦੇ
ਜਿਵੇਂ ਹੀ ਬਹਾਰ ਟਹਿਣੀਆਂ ਤਕ ਪਹੁੰਚੇਗੀ, ਇਹ ਖਿਲਣਗੇ
ਕਈ ਵਾਰ ਜਦੋਂ ਮੈਂ ਆਪਣੇ ਸਲੇਟੀ ਤਾਲੇ ਅੰਦਰ ਸੜਕ ਕਿਨਾਰੇ ਖੜ੍ਹਾ ਹੁੰਦਾ ਹਾਂ
ਉਦੋਂ ਮੈਂ ਆਪਣੇ ਆਪ ਨੂੰ ਦਰਖ਼ਤ ਵਾਂਗ ਮਹਿਸੂਸ ਕਰਦਾ ਹਾਂ
ਜੋ ਇਕਦਮ ਸੋਚਦਾ ਹੈ ਕਿ ਉਸਦਾ ਸਾਹ ਫੁੱਲ ਬਣ ਗਿਆ ਹੈ
ਤੇ ਇਕ ਅਨੰਤ ਖੁਸ਼ੀ ਵਿਚ ਮੈਂ ਉਸ ਫੁੱਲ ਦਾ ਪਰਛਾਵਾਂ
ਰਸਤੇ ’ਤੇ ਸੁੱਟਦਾ ਹਾਂ
ਰਸਤਾ, ਜੋ ਤੇਰੇ ਪੈਰਾਂ ਥੱਲੇ ਵਿਛਿਆ ਹੈ
ਮੈਂ ਉਦੋਂ ਤੱਕ ਉੱਥੇ ਖੜ੍ਹਾ ਰਹਿਣਾ ਚਾਹੁੰਦਾ ਹਾਂ
ਜਦੋਂ ਤਕ ਮੈਂ ਆਪਣੇ ਆਪ ਨੂੰ ਇਕ ਬੰਦੇ ਵਾਂਗ ਨਹੀਂ-
ਇਕ ਦਰਖ਼ਤ ਵਾਂਗ ਜਾਣਨ ਲੱਗ ਪਵਾਂ
* * *
ਮੌਤ
ਜੋਸ਼ਨਾ ਬੈਨਰਜੀ ਅਡਵਾਨੀ
ਮੌਤ, ਉਦੋਂ ਵੀ ਨਾ ਆਏ ਜਦੋਂ ਮੈਂ ਆਪਣੀ ਪਸੰਦੀਦਾ ਪੌਸ਼ਾਕ ਪਹਿਨੀ ਹੋਵੇ
ਉਦੋਂ ਵੀ ਨਹੀਂ, ਜਦੋਂ ਪੁੱਤਰਾਂ ਵਿਚ ਜਾਇਦਾਦ ਵੰਡ ਰਹੀ ਹੋਵਾਂ
ਉਦੋਂ ਵੀ ਨਹੀਂ, ਜਦੋਂ ਸੁੰਦਰ ਦਿੱਖ ਰਹੀ ਹੋਵਾਂ, ਕਿਸੇ ਜਲਸੇ ਵਿਚ ਹੋਵਾਂ
ਮੌਤ ਉਦੋਂ ਆਏ ਜਦੋਂ ਮੈਂ ‘ਕਵਿਤਾ’ ਲਿਖ ਰਹੀ ਹੋਵਾਂ।