ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ
ਲਿਪੀ ਦੀ ਕਾਢ ਤੋਂ ਪਹਿਲਾਂ ਸਿੱਖਿਆ ਮੂੰਹ ਜ਼ੁਬਾਨੀ ਸਿੱਖਣਯੋਗ ਮੰਤਰਾਂ ਨੂੰ ਯਾਦ ਕਰਨਾ ਸੀ ਜਾਂ ਕਿਸੇ ਉਸਤਾਦ ਨੂੰ ਕੰਮ ਕਰਦਿਆਂ ਦੇਖਦਿਆਂ ਅਤੇ ਉਸ ਦੀ ਨਿਗਰਾਨੀ ਵਿਚ ਖੁਦ ਕੰਮ ਕਰਕੇ ਸਿੱਖਣਾ ਸੀ। ਲਿਪੀ ਈਜ਼ਾਦ ਹੋ ਜਾਣ ਤੋਂ ਬਾਅਦ ਲਿਖੇ ਗ੍ਰੰਥਾਂ ਨੂੰ ਪੜ੍ਹਨਾ, ਲਿਖਣਾ, ਸਿੱਖਣਾ ਅਤੇ ਕੰਮ ਕਰਦਿਆਂ ਸਿੱਖਣ ਦੀ ਥਾਂ ਪ੍ਰਯੋਗਸ਼ਾਲਾ ਵਿਚ ਅਭਿਆਸ ਵਜੋਂ ਸਿੱਖਣਾ ਸ਼ੁਰੂ ਹੋ ਗਿਆ ਸੀ। ਇਸ ਅਧਿਆਪਨ ਵਿਧੀ ਵਿਚ ਪਾਠ ਪੁਸਤਕਾਂ ਨੇ ਪੁਰਾਣੇ ਗ੍ਰੰਥਾਂ ਨੂੰ ਯਾਦ ਕਰਨ ਵਾਲਾ ਰੂਪ ਬਦਲ ਦਿੱਤਾ। ਅਧਿਆਪਕ ਪ੍ਰਮੁੱਖ ਹੋ ਗਿਆ। ਅਧਿਆਪਕ ਨੇ ਪੁਰਾਣੇ ਸਮੂਹਿਕ ਦੁਹਰਾਓਮੂਲਕ ਜਾਪ ਦੀ ਥਾਂ ਇਕਤਰਫਾ ਭਾਸ਼ਨ ਪ੍ਰਧਾਨ ਕਰ ਦਿੱਤਾ। ਜਦੋਂ ਕੰਪਿਊਟਰ ਤੇ ਇੰਟਰਨੈੱਟ ਆ ਗਿਆ ਤਾਂ ਸਾਡੀ ਸਿੱਖਿਆ ਪ੍ਰਣਾਲੀ ਨੇ ਵੀ ਬਦਲਣਾ ਸੀ ਅਤੇ ਇਹ ਤਬਦੀਲੀ ਹੌਲੀ-ਹੌਲੀ ਆ ਵੀ ਰਹੀ ਸੀ। ਕੁਝ ਦੇਸ਼ਾਂ ਦੀਆਂ ਕੁਝ ਸਿੱਖਿਆ ਸੰਸਥਾਵਾਂ ਅਤੇ ਕੁਝ ਅਨੁਸ਼ਾਸਨਾਂ ਵਿਚ ਇਸ ਦੀ ਰਫ਼ਤਾਰ ਤੇਜ਼ ਸੀ ਅਤੇ ਕੁਝ ਨੇ ਇਸ ਨੂੰ ਅਜੇ ਛੋਹਿਆ ਵੀ ਨਹੀਂ ਸੀ ਪਰ ਕੋਵਿਡ-19 ਦੀ ਮਹਾਂਮਾਰੀ ਕਰ ਕੇ ਜਦੋਂ ਦੇਹ ਦੂਰੀ ਬਣਾਉਣ ਲਈ ਜਮਾਤਾਂ ਲਗਾਉਣ ’ਤੇ ਪਾਬੰਦੀ ਲੱਗ ਗਈ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋ ਗਈਆਂ ਤਾਂ ਆਨਲਾਈਨ ਅਧਿਆਪਨ ਦੀ ਲੋੜ ਅਤੇ ਮਹੱਤਤਾ ਮਹਿਸੂਸ ਹੋਈ ਪਰ ਇਕ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਅੱਜ ਸਾਨੂੰ ਆਨਲਾਈਨ ਅਧਿਆਪਨ ਬਾਰੇ ਸਿਰਫ ਇਸ ਕਰਕੇ ਹੀ ਸਿੱਖਣ ਦੀ ਲੋੜ ਨਹੀਂ ਕਿ ਅੱਜ ਸਿੱਖਿਆ ਸੰਸਥਾਨ ਬੰਦ ਪਏ ਹਨ, ਸਗੋਂ ਇਸ ਲਈ ਸਿੱਖਣ ਦੀ ਜ਼ਰੂਰਤ ਹੈ ਕਿ ਵੈਸੇ ਹੀ ਇਹ ਭਵਿੱਖ ਦੀ ਅਧਿਅਪਨ ਵਿਧੀ ਹੈ। ਇਹ ਵੀ ਸਪੱਸ਼ਟ ਹੈ ਕਿ ਸਕੂਲ ਪੱਧਰ ਉਪਰ ਕਸਰਤ, ਖੇਡਾਂ, ਪ੍ਰਯੋਗਾਂ ਲਈ, ਸਭਿਆਚਾਰਕ ਗਤੀਵਿਧੀਆਂ, ਸਮਾਜਿਕ ਮੇਲਜੋਲ ਅਤੇ ਅਨੁਸ਼ਾਸਨ ਲਈ ਪੁਰਾਣੇ ਢੰਗ ਦੀ ਸਿੱਖਿਆ ਜਾਰੀ ਰਹੇਗੀ ਪਰ ਆਉਣ ਵਾਲੇ ਸਮੇਂ ਵਿਚ ਉਚੇਰੀ ਸਿੱਖਿਆ ਵਿਚ ਆਨਲਾਈਨ ਦਾ ਪ੍ਰਚਲਨ ਵਧੇਗਾ।
ਇਸ ਸਬੰਧੀ ਇਕ ਸਮੱਸਿਆ ਹੈ ਕਿ ਕੌਮਾਂਤਰੀ ਵਿਸ਼ਿਆਂ ਵਿਚ ਤਾਂ ਸੰਸਾਰ ਦੇ ਵਿਕਸਤ ਦੇਸ਼ਾਂ ਦੀਆਂ ਵਿਕਸਤ ਯੂਨੀਵਰਸਿਟੀਆਂ ਨੇ ਪਹਿਲਾਂ ਹੀ ਇਹ ਕੰਮ ਕਾਫੀ ਹੱਦ ਤਕ ਕਰ ਲਿਆ ਸੀ ਪਰ ਪੰਜਾਬੀ ਵਰਗੇ ਵਿਸ਼ੇ ਬਾਰੇ ਇਸ ਪੱਖ ਤੋਂ ਬਹੁਤ ਘੱਟ ਕੰਮ ਹੋਇਆ ਹੈ। ਅੱਜ ਵੀ ਸਾਨੂੰ ਦੂਜਿਆਂ ਤੋਂ ਭੌਤਿਕ ਤਕਨੀਕੀ ਪੱਧਰ ’ਤੇ ਤਾਂ ਭਾਵੇਂ ਕੋਈ ਸਹਾਇਤਾ ਮਿਲ ਜਾਵੇ ਪਰ ਅਕਾਦਮਿਕ ਪੱਧਰ ’ਤੇ ਯਤਨ ਆਪ ਹੀ ਕਰਨੇ ਪੈਣੇ ਹਨ। ਇਸ ਰਾਹ ਵਿਚ ਬਹੁਤ ਮੁਸ਼ਕਿਲਾਂ ਹਨ। ਜੇ ਅਸੀਂ ਤੁਰਾਂਗੇ ਤਾਂ ਹੀ ਰਸਤੇ ਸਾਫ਼ ਹੋਣਗੇ ਅਤੇ ਮੰਜ਼ਿਲ ਮਿਲੇਗੀ।
ਤਕਨੀਕੀ ਸਮੱਸਿਆਵਾਂ: ਸਭ ਤੋਂ ਪਹਿਲਾਂ ਤਕਨੀਕੀ ਸਮੱਸਿਆ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਕ ਪਾਸੇ ਪੰਜਾਬ ਦੇ ਵਿਦਿਆਰਥੀਆਂ ਕੋਲ ਕੰਪਿਊਟਰ, ਲੈਪਟਾਪ, ਟੈਬਲੈਟ ਜਾਂ ਸਮਾਰਟਫੋਨ ਨਹੀਂ ਹਨ। ਅੱਗੇ ਕੁਝ ਇਲਾਕਿਆਂ ਵਿਚ ਨੈੱਟ ਦੀ ਸਪੀਡ ਘੱਟ ਹੈ ਅਤੇ ਕੁਝ ਵਿਦਿਆਰਥੀਆਂ ਕੋਲ ਡੈਟਾ ਪੈਕ ਪਵਾਉਣ ਦੀ ਸਮਰਥਾ ਨਹੀਂ ਹੈ। ਦੂਜੇ ਪਾਸੇ ਸਾਰੇ ਸਿੱਖਿਆ ਸੰਸਥਾਵਾਂ ਅਤੇ ਅਧਿਆਪਕਾਂ ਕੋਲ ਵੀ ਢੁੱਕਵੇਂ ਇਲੈਕਟ੍ਰਾਨਿਕ ਉਪਕਰਨ ਨਹੀਂ ਹਨ ਅਤੇ ਲੋੜੀਂਦੇ ਸਾਫਟਵੇਅਰ ਪ੍ਰੋਗਰਾਮ ਵੀ ਨਹੀਂ ਹਨ। ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਇਹੀ ਹਾਲ ਹੈ।
ਅਕਾਦਮਿਕ ਸਮੱਸਿਆ: ਜਿਹੜੇ ਅਨੁਸ਼ਾਸਨ ਵਿਸ਼ਵਵਿਆਪੀ ਹਨ ਜਿਵੇਂ ਸਾਇੰਸ, ਕਾਮਰਸ, ਮੈਨੇਜਮੈਂਟ ਆਦਿ ਉਨ੍ਹਾਂ ਦੇ ਮਾਡਲ ਦੇਸ਼ਾਂ ਦੀਆਂ ਪਹਿਲੇ ਦਰਜੇ ਦੀਆਂ ਯੂਨੀਵਰਸਿਟੀ, ਹਾਰਵਰਡ, ਯੇਲ, ਆਕਸਫੋਰਡ, ਸਟੈਨਫੋਰਡ ਨੇ ਪਹਿਲਾਂ ਹੀ ਵਿਕਸਤ ਕੀਤੇ ਹਨ। ਦੂਜੇ ਪਾਸੇ ਸਮਾਜਿਕ ਵਿਗਿਆਨਾਂ ਬਾਰੇ ਵੀ ਸੰਸਾਰ ਅਤੇ ਭਾਰਤ ਦੀਆਂ ਯੂਨੀਵਰਸਿਟੀਆਂ ਨੇ ਕੁਝ ਕੰਮ ਮਾਡਲ ਵਜੋਂ ਕੀਤਾ ਹੈ ਪਰ ਭਾਸ਼ਾਵਾਂ ਅਤੇ ਕਲਾਵਾਂ ਦੇ ਬਾਰੇ ਸਾਨੂੰ ਕੋਈ ਮਾਡਲ ਪ੍ਰਾਪਤ ਨਹੀਂ। ਪੰਜਾਬੀ ਲਈ ਤਾਂ ਬਿਲਕੁਲ ਹੀ ਮਾਡਲ ਨਹੀਂ ਹੈ। ਇਹ ਮਾਡਲ ਸਾਨੂੰ ਆਪ ਵਿਕਸਤ ਕਰਨਾ ਪੈਣਾ ਹੈ।
ਕਾਲਜ ਅਤੇ ਯੂਨੀਵਰਸਿਟੀ ਪੱਧਰ ਉਪਰ ਅਸੀਂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪੜ੍ਹਾਉਂਦੇ ਹਾਂ। ਸੋ ਪਹਿਲੀ ਸਮੱਸਿਆ ਤਾਂ ਪਾਠ ਪੁਸਤਕਾਂ ਦੀ ਹੈ। ਸਾਨੂੰ ਪਾਠ ਪੁਸਤਕਾਂ ਨੂੰ ਡਿਜੀਟਲ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਇਸ ਨਾਲ ਕਾਪੀਰਾਈਟ ਦਾ ਮਸਲਾ ਵੀ ਜੁੜਿਆ ਹੋਇਆ ਹੈ ਪਰ ਇਸ ਤੋਂ ਵੀ ਅੱਗੇ ਕੇਵਲ ਪੀਡੀਐੱਫ ਹੀ ਨਹੀਂ ਸਗੋਂ ਵਰਡ ਅਤੇ ਫੋਟੋ ਮੋਡ ਵਿਚ ਵੀ ਪਾਠ ਪੁਸਤਕਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਵੀ ਅੱਗੇ ਹੁਣ ਜ਼ਰੂਰਤ ਹੈ ਕਿ ਬੋਲਣ ਵਾਲੀਆਂ ਪੁਸਤਕਾਂ ਵੀ ਬਣਨੀਆਂ ਚਾਹੀਦੀਆਂ ਹਨ। ਪਾਠ ਪੁਸਤਕਾਂ ਤੋਂ ਬਾਅਦ ਦੂਜਾ ਮਸਲਾ ਸਹਾਇਕ ਪੁਸਤਕਾਂ ਦਾ ਹੈ।
ਬਾਜ਼ਾਰ ਵਿਚ ਪ੍ਰਾਪਤ ਸਹਾਇਕ ਪੁਸਤਕਾਂ ਉਪਰ ਕਾਪੀਰਾਈਟ ਐਕਟ ਲਾਗੂ ਹੁੰਦਾ ਹੈ। ਸੋ ਉਹ ਵਿਦਿਆਰਥੀਆਂ ਨੂੰ ਖੁਦ ਪ੍ਰਾਪਤ ਕਰਨੀਆਂ ਪੈਣਗੀਆਂ ਪਰ ਇਸ ਲਈ ਵੀ ਯੂਨੀਵਰਸਿਟੀਆਂ ਨੂੰ ਘੱਟੋ ਘੱਟ ਆਪਣੀਆਂ ਪ੍ਰਕਾਸ਼ਨਾਵਾਂ ਨੂੰ ਆਨਲਾਈਨ ਮੁਫਤ ਸਾਂਝਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵੱਖ ਵੱਖ ਯੂਨੀਵਰਸਿਟੀਆਂ ਦੇ ਡਿਸਟੈਂਸ ਐਜੂਕੇਸ਼ਨ ਦੇ ਵਿਭਾਗਾਂ ਵੱਲੋਂ ਤਿਆਰ ਅਧਿਆਪਨ ਸਮੱਗਰੀ ਨੂੰ ਵੀ ਸਾਂਝਾਂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਆਪਣੇ ਲੈਕਚਰਾਂ ਦੀ ਵੀਡੀਓ ਸਾਂਝੀ ਕਰਨੀ ਚਾਹੀਦੀ ਹੈ ਪਰ ਇਹ ਵੀਡੀਓ ਪੁਰਾਣੇ ਢੰਗ ਦੇ ਕਲਾਸਰੂਮ ਲੈਕਚਰ ਦੇ ਰਿਕਾਰਡਿੰਗ ਦੀ ਥਾਂ ਤਸਵੀਰਾਂ, ਗ੍ਰਾਫਾਂ ਅਤੇ ਢੁੱਕਵੇਂ ਡਿਜੀਟਲ ਹਵਾਲਿਆਂ ਨਾਲ ਲੈਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਲਾਸਰੂਮ ਵਾਂਗ ਹੀ ਗੂਗਲ ਮੀਟ ਜਾਂ ਜੂਮ ਵਗੈਰਾ ’ਤੇ ਲਾਈਵ ਅਧਿਆਪਨ ਵੀ ਕੀਤਾ ਜਾ ਸਕਦਾ ਹੈ। ਲਾਈਵ ਅਧਿਆਪਨ ਦੇ ਨਾਲ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਨਿਯਮਿਤਤਾ ਆਉਂਦੀ ਹੈ ਪਰ ਵੀਡੀਓ ਆਡੀਓ ਰਿਕਾਰਡਿੰਗ ਵਿਦਿਆਰਥੀਆਂ ਲਈ ਸਹੂਲਤ ਸਾਬਤ ਹੋ ਸਕਦੀ ਹੈ ਕਿ ਉਹ ਆਪਣੇ ਢੁੱਕਵੇਂ ਸਮੇਂ ’ਤੇ ਪੜ੍ਹ ਸਕਣ। ਆਨਲਾਈਨ ਲਾਈਵ ਅਧਿਆਪਨ ਦਾ ਇਕ ਹੋਰ ਫਾਇਦਾ ਹੁੰਦਾ ਹੈ ਕਿ ਵਿਦਿਆਰਥੀ ਆਪਣੇ ਸ਼ੰਕੇ ਨਵਿਰਤ ਕਰ ਸਕਦੇ ਹਨ। ਇਹ ਤਾਂ ਅਧਿਆਪਨ ਦੀਆਂ ਕੁਝ ਆਮ ਜੁਗਤਾਂ ਦੀ ਗੱਲ ਸੀ ਪਰ ਹਰ ਵਿਧਾ ਨੂੰ ਪੜ੍ਹਾਉਣ ਲਈ ਵੱਖਰੇ ਸੰਦ ਵਿਕਸਤ ਕਰਨੇ ਪੈਣੇ ਹਨ। ਉਦਾਹਰਨ ਵਜੋਂ ਕਵਿਤਾ ਦਾ ਰਿਕਾਰਡਿਡ ਜਾਂ ਗਾਇਨਮਈ ਪਾਠ ਜਾਂ ਪੜ੍ਹਾਏ ਜਾਣ ਵਾਲੇ ਨਾਟਕ ਦਾ ਜੇ ਰਿਕਾਰਡਡ ਰੂਪ ਪ੍ਰਾਪਤ ਹੋਵੇ ਤਾਂ ਉਹ ਦਿਖਾਇਆ ਜਾ ਸਕਦਾ ਹੈ। ਇਸੇ ਪ੍ਰਕਾਰ ਇਕ ਵਿਸ਼ੇ ’ਤੇ ਇਕ ਤੋਂ ਵੱਧ ਆਲੋਚਕਾਂ ਦੇ ਵਿਚਾਰ ਲਿਖਤ ਰੂਪ ਵਿਚ ਜਾਂ ਰਿਕਾਰਡ ਰੂਪ ਵਿਚ ਭੇਜੇ ਜਾ ਸਕਦੇ ਹਨ।
ਦਿੱਕਤਾਂ :
- ਸਾਰੇ ਅਧਿਆਪਕ ਇਹ ਤਕਨੀਕ ਵਰਤਣ ਵਿਚ ਮਾਹਿਰ ਨਹੀਂ ਹਨ। ਇਹ ਕੰਮ ਭਾਵੇਂ ਔਖਾ ਤਾਂ ਨਹੀਂ ਪਰ ਸਿੱਖਣ ਅਤੇ ਪਰਵੀਨ ਹੋਣ ਲਈ ਕੁਝ ਸਮਾਂ ਤਾਂ ਲੱਗਦਾ ਹੀ ਹੈ।
- ਕਲਾਸਰੂਮ ਵਿਚ ਅਧਿਆਪਕ ਬੋਲ ਕੇ ਚਲਾ ਜਾਂਦਾ ਸੀ ਪਰ ਹੁਣ ਸਭ ਕੁਝ ਵਿਦਿਆਰਥੀ ਰਿਕਾਰਡ ਕਰ ਸਕਦਾ ਹੈ। ਕੁਝ ਅਧਿਆਪਕ ਕੈਮਰੇ ਤੋਂ ਸੰਗਦੇ ਹਨ ਜਾਂ ਇਹ ਕਹਿ ਲਵੋ ਕਿ ਪੱਕਾ ਰਿਕਾਰਡ ਬਣਾਉਣ ਤੋਂ ਝਿਜਕਦੇ ਹਨ ਕਿਉਂਕਿ ਗਲਤ ਬੋਲਿਆ ਸ਼ਬਦ ਸਦਾ ਲਈ ਤੁਹਾਡੇ ਨਾਂ ਦਰਜ ਹੋ ਜਾਣਾ ਹੈ। ਇਸ ਪੱਖ ਤੋਂ ਅਧਿਆਪਕ ਦੀ ਜ਼ਿੰਮੇਵਾਰੀ ਵੱਧ ਗਈ ਹੈ।
- ਕਲਾਸ ਵਿਚ ਵਿਦਿਆਰਥੀਆਂ ਦੇ ਚਿਹਰਿਆਂ ਦੇ ਹਾਵਾਂ, ਭਾਵਾਂ ਤੋਂ ਅੰਦਾਜ਼ਾ ਹੋ ਜਾਂਦਾ ਸੀ ਕਿ ਉਹ ਕਿੰਨਾ ਕੁ ਗ੍ਰਹਿਣ ਕਰ ਰਹੇ ਹਨ ਪਰ ਆਨਲਾਈਨ ਵਿਚ ਪਤਾ ਨਹੀਂ ਚਲਦਾ। ਫੀਡਬੈਕ ਨਹੀਂ ਆਉਂਦੀ। ਆਨਲਾਈਨ ਵਿਚ ਕਲਾਸ ਬੰਕ ਕਰਨ ਦਾ ਅਰਥ ਮਾਈਕ ਕੈਮਰਾ ਸਪੀਕਰ ਬੰਦ ਕਰ ਦੇਣਾ ਹੈ। ਇਸ ਅਧਿਆਪਨ ਲਈ ਖੁਦ ਵਿਦਿਆਰਥੀਆਂ ਦੀ ਸਵੈ ਪ੍ਰੇਰਨਾ ਪੱਧਰ ਕਾਫੀ ਉੱਚਾ ਹੋਣਾ ਚਾਹੀਦਾ ਹੈ, ਨਹੀਂ ਤਾਂ ਇਸ ਵਿਚ ਵਿਦਿਆਰਥੀਆਂ ਦੇ ਪਿੱਛੇ ਰਹਿ ਜਾਣ ਦੀ ਸੰਭਾਵਨਾ ਹੈ।
- ਅਧਿਆਪਕਾਂ ਵਿਚ ਇਕ ਵਰਗ ਵਜੋਂ ਵੀ ਇਕ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲੰਮਾ ਸਮਾਂ ਇਹ ਵਿਧੀ ਚੱਲਣ ਨਾਲ ਅਧਿਆਪਕਾਂ ਦੀ ਵੁੱਕਤ ਘੱਟ ਜਾਵੇਗੀ। ਬਹੁਤ ਸਾਰੇ ਅਧਿਆਪਕਾਂ ਦੀ ਥਾਂ ਪਹਿਲਾਂ ਇਕ ਅਧਿਆਪਕ ਨਾਲ ਅਤੇ ਬਾਅਦ ਵਿਚ ਬਗ਼ੈਰ ਕਿਸੇ ਅਧਿਆਪਕ ਤੋਂ ਪ੍ਰਬੰਧਕ ਕੰਮ ਚਲਾਉਣਗੇ। ਇਉਂ ਰੁਜ਼ਗਾਰ ਖੁੱਸਣ ਅਤੇ ਵੁੱਕਤ ਘਟਣ ਦੀ ਸੰਭਾਵਨਾ ਹੈ।
- ਇਸ ਵਿਧੀ ਨਾਲ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣੀਆਂ ਵੀ ਮੁਸ਼ਕਲ ਹਨ ਕਿਉਂਕਿ ਪੰਜਾਬੀ ਵਿਚ ਅਜੇ ਵਸਤੂਨਿਸ਼ਠ ਅਤੇ ਬਹੁਚੋਣ ਪ੍ਰਸ਼ਨਾਂ ਦੇ ਬੈਂਕ ਨਹੀਂ ਹਨ। ਇਸ ਤੋਂ ਇਲਾਵਾ ਲੰਮੇ ਪ੍ਰਸ਼ਨਾਂ ਲਈ ਓਪਨ ਬੁੱਕ ਸਿਸਟਮ ਲਈ ਅਧਿਆਪਕ ਅਜੇ ਤਿਆਰ ਨਹੀਂ ਹਨ। ਹੱਥ ਲਿਖਤ ਪੇਪਰ ਦੀ ਥਾਂ ਟਾਈਪਡ ਪੇਪਰ ਕਰਨ ਲਈ ਵਿਦਿਆਰਥੀਆਂ ਨੂੰ ਵੀ ਇਕ ਘੱਟੋ ਘੱਟ ਟਾਈਪਿੰਗ ਸਪੀਡ ਚਾਹੀਦੀ ਹੈ। ਇਹ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਤਕਨੀਕੀ, ਅਕਾਦਮਿਕ ਅਤੇ ਵਿਹਾਰਕ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਆਉਣ ਵਾਲੇ ਸਮੇਂ ਵਿਚ ਕਰਨਾ ਬਣਦਾ ਹੈ।
ਸੰਪਰਕ: 9815050617