ਜਸਪ੍ਰੀਤ ਕੌਰ/ਅਰਸ਼ਦੀਪ ਸਿੰਘ/ਹਨੂੰਮਾਨ ਬੋਬੜੇ*
ਸੋਇਆਬੀਨ ਨੂੰ ‘ਗੋਲਡਨ ਬੀਨ’ ਜਾਂ ‘ਮਿਰਾਕਲ ਬੀਨ’ ਕਿਹਾ ਜਾਂਦਾ ਹੈ। ਮਟਰ ਪਰਿਵਾਰ ਦੀ ਸਾਲਾਨਾ ਫਲ਼ੀ, ਸੋਇਆਬੀਨ ਚੀਨ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ 5000 ਸਾਲਾਂ ਤੋਂ ਵੱਧ ਸਮੇਂ ਤੋਂ ਭੋਜਨ ਵਜੋਂ ਵਰਤੋਂ ਵਿੱਚ ਆ ਰਹੀ ਹੈ ਅਤੇ ਵਰਤਮਾਨ ਵਿੱਚ, ਵਿਸ਼ਵ ਵਿੱਚ ਸੋਇਆਬੀਨ ਦਾ ਉਤਪਾਦਨ 349 ਮਿਲੀਅਨ ਮੀਟ੍ਰਿਕ ਟਨ ਹੈ। ਵਿਸ਼ਵ ਭਰ ਵਿੱਚ ਪ੍ਰਸਿੱਧ ਇਹ ਖ਼ੁਰਾਕ ਪ੍ਰੋਟੀਨ ਅਤੇ ਤੇਲ ਦਾ ਮਹੱਤਵਪੂਰਨ ਸਰੋਤ ਹੈ। ਦੁਨੀਆਂ ਦੇ ਸੋਇਆਬੀਨ ਉਤਪਾਦਨ ਦਾ ਲਗਪਗ 49 ਫ਼ੀਸਦੀ ਦੱਖਣੀ ਅਮਰੀਕੀ ਦੇਸ਼ਾਂ ਦਾ ਹੈ। ਭਾਰਤ ਵਿੱਚ ਸੋਇਆਬੀਨ ਦਾ ਉਤਪਾਦਨ 12.98 ਮਿਲੀਅਨ ਮੀਟ੍ਰਿਕ ਟਨ ਹੈ। ਭਾਰਤ ਵਿੱਚ ਸੋਇਆਬੀਨ ਮੁੱਖ ਤੌਰ ’ਤੇ ਕੇਂਦਰੀ ਅਤੇ ਪੱਛਮੀ ਰਾਜਾਂ ਵੱਲੋਂ ਪੈਦਾ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸੋਇਆਬੀਨ ਫ਼ਸਲੀ ਵਿਭਿੰਨਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪ੍ਰੋਟੀਨ ਅਤੇ ਤੇਲ ਦੀ ਚੰਗੀ ਮਾਤਰਾ ਵਾਲੀਆਂ ਤਿੰਨ ਕਿਸਮਾਂ SL 525, SL 744, SL 958 ਜਾਰੀ ਕੀਤੀਆਂ ਹਨ।
ਪੋਸ਼ਣ ਸਬੰਧੀ ਲਾਭ: ਸੋਇਆਬੀਨ ਆਪਣੇ ਪੌਸ਼ਟਿਕ ਮੁੱਲ ਲਈ ਮਸ਼ਹੂਰ ਹੈ। ਇਸ ਵਿੱਚ ਲਗਪਗ 40 ਫ਼ੀਸਦੀ ਪ੍ਰੋਟੀਨ ਅਤੇ ਲਗਪਗ 20 ਫ਼ੀਸਦੀ ਤੇਲ ਹੁੰਦਾ ਹੈ। ਇਹ ਉੱਚ-ਗੁਣਵੱਤਾ ਪ੍ਰੋਟੀਨ ਦਾ ਇੱਕ ਕਿਫ਼ਾਇਤੀ ਸਰੋਤ ਹੈ ਅਤੇ ਇਸ ਵਿੱਚ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ। ਇਸ ਨੂੰ ‘ਸ਼ਾਕਾਹਾਰੀ ਮੀਟ’ ਵੀ ਕਿਹਾ ਜਾਂਦਾ ਹੈ। ਸੋਇਆਬੀਨ ਦਾ ਤੇਲ ਜ਼ਿਆਦਾਤਰ ਅਸੰਤ੍ਰਿਪਤ (ਅਨਸੈਚੂਰੇਟਡ) ਫੈਟੀ ਐਸਿਡ ਜਿਵੇਂ ਕਿ ਲਿਨੋਲਿਕ ਐਸਿਡ ਅਤੇ ਲਿਨੋਲੇਨਿਕ ਐਸਿਡ ਦਾ ਬਣਿਆ ਹੁੰਦਾ ਹੈ ਜੋ ਮਨੁੱਖੀ ਪੋਸ਼ਣ ਅਤੇ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਤੋਂ ਇਲਾਵਾ ਸੋਇਆਬੀਨ ਖ਼ੁਰਾਕ ਫਾਈਬਰ, ਵਿਟਾਮਿਨ, ਖਣਿਜ ਅਤੇ ਫਾਈਟੋਕੈਮੀਕਲ ਜਿਵੇਂ ਕਿ ਆਈਸੋਫਲਾਵੋਨਸ ਅਤੇ ਫਾਈਟੋਸਟੇਰੋਲ ਦਾ ਭਰਪੂਰ ਸਰੋਤ ਹੈ। ਕਲੀਨਿਕਲ ਅਧਿਐਨਾਂ ਨੇ ਦਿਖਾਇਆ ਹੈ ਕਿ ਸੋਇਆਬੀਨ ਦਾ ਨਿਯਮਤ ਸੇਵਨ ਦਿਲ ਦੀਆਂ ਬਿਮਾਰੀਆਂ, ਕੈਂਸਰ, ਓਸਟੀਓਪੋਰੋਸਿਸ, ਸ਼ੂਗਰ ਅਤੇ ਮਨੁੱਖੀ ਸਰੀਰ ਦੀਆਂ ਕਈ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਨ੍ਹਾਂ ਫ਼ਾਇਦਿਆਂ ਦੇ ਕਾਰਨ ਸੋਇਆਬੀਨ ਆਧਾਰਤ ਭੋਜਨ ਸਿਹਤਮੰਦਾਂ ਲਈ ਪ੍ਰਸਿੱਧ ਵਿਕਲਪ ਬਣ ਗਿਆ ਹੈ।
ਸੋਇਆ ਮਿਲਕ/ਦੁੱਧ: ਸੋਇਆ ਦੁੱਧ ਸੋਇਆਬੀਨ ਤੋਂ ਬਣਿਆ ਲੈਕਟੋਜ਼-ਮੁਕਤ ਪੀਣ ਵਾਲਾ ਪਦਾਰਥ ਹੈ। ਇਹ ਕੋਲੈਸਟ੍ਰੋਲ, ਗਲੂਟਨ ਅਤੇ ਚਰਬੀ ਤੋਂ ਪੂਰੀ ਤਰ੍ਹਾਂ ਮੁਕਤ ਹੈ। ਸੋਇਆ ਮਿਲਕ ਦੀ ਪ੍ਰੋਟੀਨ ਸਮੱਗਰੀ ਲਗਪਗ ਗਾਂ ਦੇ ਦੁੱਧ ਦੇ ਬਰਾਬਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਫਾਈਬਰ, ਖਣਿਜ ਅਤੇ ਵਿਟਾਮਿਨ ਵੀ ਹੁੰਦੇ ਹਨ। ਸੋਇਆ ਮਿਲਕ ਦੀ ਤਿਆਰੀ ਲਈ, ਸੋਇਆਬੀਨ ਨੂੰ ਚੰਗੀ ਤਰ੍ਹਾਂ ਧੋਵੋ ਤਾਂ ਜੋ ਚਿਪਕਣ ਵਾਲੀ ਧੂੜ ਨੂੰ ਦੂਰ ਕੀਤਾ ਜਾ ਸਕੇ। ਸੋਇਆਬੀਨ ਨੂੰ 8-10 ਘੰਟਿਆਂ ਲਈ ਪਾਣੀ ਵਿੱਚ ਭਿਓਂ ਦਿਓ ਅਤੇ ਹੱਥਾਂ ਨਾਲ ਮਸਲ ਕੇ ਛਿਲਕਾ ਹਟਾਓ ਅਤੇ ਚੰਗੀ ਤਰ੍ਹਾਂ ਸਾਫ਼ ਕਰੋ। ਸੋਇਆਬੀਨ ਨੂੰ ਗਰਮ ਪਾਣੀ (1:7 ਦੇ ਅਨੁਪਾਤ ਸੋਇਆਬੀਨ:ਪਾਣੀ) ਦੇ ਨਾਲ ਪੀਸ ਲਓ ਅਤੇ ਮਲਮਲ ਦੇ ਕੱਪੜੇ ਰਾਹੀਂ ਛਾਣ ਲਓ/ ਫਿਲਟਰ ਕਰੋ। ਛਾਨਣ ਤੋਂ ਬਾਅਦ ਦੁੱਧ ਨੂੰ 5 ਮਿੰਟ ਲਈ 85℃ ਤੱਕ ਗਰਮ ਕਰ ਕੇ ਬੋਤਲਬੰਦ ਕਰ ਕੇ ਪੇਸਚਰਾਈਜ਼ ਕਰੋ। ਇਸ ਦੁੱਧ ਨੂੰ ਨਿਰਜੀਵ ਕਰਨ ਲਈ ਪੇਸਚਰਾਈਜ਼ ਕੀਤਾ ਜਾਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਸੁਆਦ ਦੇ ਹਿਸਾਬ ਨਾਲ ਸੋਇਆ ਮਿਲਕ ਘੱਟ ਪਸੰਦ ਹੁੰਦਾ ਹੈ ਜਦੋਂਕਿ ਸੋਇਆ ਦੁੱਧ ਦੀ ਗੁਣਵੱਤਾ ਨੂੰ ਡੇਅਰੀ ਦੁੱਧ ਅਤੇ ਫਲਾਂ ਦੇ ਗੁੱਦੇ ਜੀਵੇਂ ਅੰਬ, ਆੜੂ ਅਤੇ ਅਮਰੂਦ ਨਾਲ ਖੰਡ ਅਤੇ ਰੰਗਾਂ ਨੂੰ ਮਿਲਾ ਕੇ ਸੁਧਾਰਿਆ ਜਾ ਸਕਦਾ ਹੈ। ਸੋਇਆ ਦੁੱਧ ਪੀਣ ਵਾਲੇ ਪੌਸ਼ਟਿਕ ਪਦਾਰਥਾਂ ਦੇ ਰੂਪ ਵਿੱਚ ਮਾਰਕੀਟ ਵਿੱਚ ਬਹੁਤ ਜ਼ਿਆਦਾ ਮੰਗ ਰੱਖਦੇ ਹਨ।
ਟੋਫੂ/ ਸੋਇਆ ਪਨੀਰ: ਟੋਫੂ ਸੋਇਆ ਉਤਪਾਦ ਹੈ ਜੋ ਰੰਗ, ਸਰੀਰ ਅਤੇ ਬਣਤਰ ਵਿੱਚ ਪਨੀਰ ਵਰਗਾ ਹੁੰਦਾ ਹੈ। ਟੋਫੂ ਪ੍ਰੋਟੀਨ, ਅਸੰਤ੍ਰਿਪਤ ਚਰਬੀ ਅਤੇ ਫਾਈਬਰ ਦਾ ਇੱਕ ਵਧੀਆ ਸਰੋਤ ਹੈ। ਇਹ ਵਿਟਾਮਿਨ ਬੀ1 ਅਤੇ ਬੀ2, ਸੋਡੀਅਮ ਅਤੇ ਆਇਰਨ ਦਾ ਵੀ ਚੰਗਾ ਸਰੋਤ ਹੈ। ਟੋਫੂ ਤਿਆਰ ਕਰਨ ਲਈ ਸੋਇਆ ਮਿਲਕ ਨੂੰ 80℃ ਤੱਕ ਗਰਮ ਕਰ ਕੇ ਇਸ ਵਿੱਚ ਸਟਿਰਰਿਕ ਐਸਿਲ (2% ਘੋਲ) ਨੂੰ ਮਿਲਾ ਕੇ ਸੋਇਆ ਮਿਲਕ ਪਾੜ ਕੇ ਤਿਆਰ ਕੀਤਾ ਜਾਂਦਾ ਹੈ। ਪ੍ਰਾਪਤ ਕੀਤੇ ਕੋਗੁਲਮ (ਪਾੜੇ ਹੋਏ ਸੋਇਆ ਮਿਲਕ) ਨੂੰ ਫਿਲਟਰ ਪ੍ਰੈੱਸ ਜਾਂ ਹਾਈਡ੍ਰੌਲਿਕ ਪ੍ਰੈੱਸ ਦੀ ਵਰਤੋਂ ਕਰ ਕੇ ਦਬਾਇਆ ਜਾਂਦਾ ਹੈ। ਟੋਫੂ ਨੂੰ ਸੁਆਦ ਬਣਾਉਣ ਲਈ ਲੂਣ ਅਤੇ ਮਸਾਲੇ ਜਿਵੇਂ ਪੁਦੀਨੇ ਦੇ ਪੱਤੇ, ਧਨੀਆ, ਜੀਰਾ, ਕਾਲੀ ਮਿਰਚ ਆਦਿ ਮਿਲਾ ਕੇ ਤਿਆਰ ਕੀਤਾ ਜਾ ਸਕਦਾ ਹੈ। ਟੋਫੂ ਨੂੰ ਮਟਰ ਪਨੀਰ, ਪਾਲਕ ਪਨੀਰ ਆਦ ਵਰਗੇ ਪਕਵਾਨਾਂ ਅਤੇ ਪਨੀਰ ਦੇ ਸਨੈਕਸ ਵਿੱਚ ਵਰਤਿਆ ਜਾ ਸਕਦਾ ਹੈ। ਟੋਫੂ ਨੂੰ ਪੈਕ ਕਰ ਕੇ ਫਰਿੱਜ ਦੇ ਤਾਪਮਾਨ ’ਤੇ ਸਟੋਰ ਕੀਤਾ ਜਾ ਸਕਦਾ ਹੈ।
ਸੋਇਆ ਨੱਟਸ ਸਨੈਕ: ਸੋਇਆ ਨੱਟਸ ਸਨੈਕ ਸੋਇਆਬੀਨ ਤੋਂ ਤਿਆਰ ਕੀਤਾ ਗਿਆ ਸਿਹਤਮੰਦ, ਸੁਆਦੀ ਅਤੇ ਕਰੰਚੀ ਸਨੈਕ ਹੈ। ਇਹ ਪ੍ਰੋਟੀਨ, ਫਾਈਬਰ ਅਤੇ ਆਈਸੋਫਲਾਵੋਨਸ ਨਾਲ ਭਰਪੂਰ ਹੁੰਦੇ ਹਨ। ਸੋਇਆ ਨੱਟਸ ਸਨੈਕ ਬਣਾਉਣ ਸੋਇਆਬੀਨ ਨੂੰ ਸੋਇਆਬੀਨ ਨੂੰ 1-2 ਘੰਟਿਆਂ ਲਈ ਭਿਓਂ ਕੇ ਲਗਪਗ 190℃ ’ਤੇ ਰੇਤ ਜਾਂ ਓਵਨ ਵਿੱਚ ਪਕਾ ਕੇ ਉਦੋਂ ਤਿਆਰ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਕਰਿਸਪੀ ਨਹੀਂ ਹੋ ਜਾਂਦੇ। ਸੋਇਆ ਨੱਟਸ ਸਨੈਕ ਪੱਕਣ ਤੋਂ ਬਾਅਦ ਇੱਕ ਸੁਹਾਵਣਾ ਭੁੰਨਿਆ ਸੁਆਦ ਅਤੇ ਹਲਕਾ ਭੂਰਾ ਰੰਗ ਦਿੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਨਮਕ, ਤੇਲ, ਅਤੇ ਮਸਾਲਿਆਂ ਦੀ ਵਰਤੋਂ ਕਰ ਕੇ ਸੁਆਦਲਾ ਬਣਾਇਆ ਜਾ ਸਕਦਾ ਹੈ। ਇਸ ਸਿਹਤਮੰਦ ਸਨੈਕ ਨੂੰ ਕਮਰੇ ਦੇ ਤਾਪਮਾਨ ’ਤੇ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਅੱਗੇ ਇਨ੍ਹਾਂ ਨੂੰ ਜਾਰ ਜਾਂ ਪਾਊਚਾਂ ਵਿੱਚ ਪੈਕ ਕੀਤਾ ਜਾ ਸਕਦਾ ਹੈ ਅਤੇ ਮੰਡੀਕਰਨ ਕੀਤਾ ਜਾ ਸਕਦਾ ਹੈ।
ਛੋਟੇ ਪੈਮਾਨੇ ’ਤੇ ਸੋਇਆ ਪ੍ਰਾਸੈਸਿੰਗ ਦੀ ਇਕਾਈ ਦੀ ਸਥਾਪਨਾ: ਕਿਸਾਨਾਂ ਦੀ ਆਕਰਸ਼ਕ ਵਾਧੂ ਆਮਦਨ ਲਈ ਸੋਇਆ ਪ੍ਰਾਸੈਸਿੰਗ ਨੂੰ ਆਸਾਨੀ ਨਾਲ ਖੇਤੀ ਨਾਲ ਜੋੜਿਆ ਜਾ ਸਕਦਾ ਹੈ। ਸੋਇਆ ਮਿਲਕ ਅਤੇ ਟੋਫੂ ਲਈ ਪ੍ਰਾਸੈਸਿੰਗ ਪਲਾਂਟ ਵਿੱਚ ਛੋਟੇ ਪੈਮਾਨੇ ’ਤੇ ਵੀ ਮੁਨਾਫ਼ਾ ਕਮਾਉਣ ਦੀ ਅਥਾਹ ਸੰਭਾਵਨਾ ਹੈ। ਸੋਇਆ ਦੁੱਧ ਦੀ ਪ੍ਰਾਸੈਸਿੰਗ ਲਈ ਮਸ਼ੀਨਾਂ ਸਥਾਨਕ ਤੌਰ ’ਤੇ ਪਰਿਵਰਤਨਸ਼ੀਲ ਸਮਰੱਥਾਵਾਂ ਤੇ ਕੀਮਤਾਂ ’ਤੇ ਉਪਲਬਧ ਹਨ। ਇਸ ਤੋਂ ਇਲਾਵਾ ਟੋਫੂ ਨੂੰ ਦਬਾਉਣ, ਸੋਇਆ ਨੱਟਸ ਸਨੈਕ ਨੂੰ ਪਕਾਉਣ ਅਤੇ ਉਤਪਾਦਾਂ ਦੀ ਪੈਕਿੰਗ ਲਈ ਮਸ਼ੀਨਰੀ ਵੀ ਉਪਲਬਧ ਹੈ। ਸੋਇਆ ਪ੍ਰਾਸੈਸਿੰਗ ਇੱਕ ਲਾਭਦਾਇਕ ਉੱਦਮ ਹੈ। ਸੋਇਆਬੀਨ ਤੋਂ ਬਹੁਤ ਸਾਰੇ ਨਵੇਂ ਉਤਪਾਦਾਂ ਦੇ ਨਿਰਮਾਣ ਲਈ ਤਕਨੀਕੀ ਮਾਰਗਦਰਸ਼ਨ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਉਪਲਬਧ ਹੈ। ਸੋਇਆਬੀਨ ਵਿੱਚ ਭਾਰਤ ਦੀ ਮੁੱਖ ਤੌਰ ’ਤੇ ਸ਼ਾਕਾਹਾਰੀ ਆਬਾਦੀ ਵੱਲੋਂ ਸਿਹਤਮੰਦ ਭੋਜਨ ਫਾਰਮੂਲੇਸ਼ਨਾਂ ਵਿੱਚ ਸ਼ਾਮਲ ਕਰਨ ਅਤੇ ਉੱਚ ਪ੍ਰੋਟੀਨ ਖ਼ੁਰਾਕ ਵਜੋਂ ਅਪਣਾਉਣ ਦੀ ਸ਼ਾਨਦਾਰ ਸੰਭਾਵਨਾ ਹੈ। ਇਹ ਨਾ ਸਿਰਫ਼ ਕਿਸਾਨ ਦੀ ਆਮਦਨ ਵਧਾਉਣ ਵਿੱਚ ਮਦਦ ਕਰੇਗਾ, ਇਹ ਇਸ ਮਹੱਤਵਪੂਰਨ ਫਲੀਦਾਰ ਫ਼ਸਲ ਦੇ ਮੁੱਲ ਵਿੱਚ ਵਾਧਾ ਕਰਨ ਅਤੇ ਇਸ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗਾ।
*ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ, ਪੀਏਯੂ।