ਮਨਮੋਹਨ ਸਿੰਘ ਦਾਊਂ
ਡਾ. ਐਮ.ਐਸ. ਰੰਧਾਵਾ ਲਿਖਦੇ ਹਨ ਕਿ ਮੇਰੀ ਪਹਿਲੀ ਮੁਲਾਕਾਤ ਪ੍ਰੋ. ਪੂਰਨ ਸਿੰਘ ਨਾਲ ਉਨ੍ਹਾਂ ਦੀ ਅੰਗਰੇਜ਼ੀ ਪੁਸਤਕ ‘ਸਿਸਟਰਜ਼ ਐਂਡ ਦੀ ਸਪਿਨਿੰਗ ਵੀਲ੍ਹ’ (ਤਿ੍ਰੰਝਣ) ਰਾਹੀਂ 1929 ਵਿਚ ਹੋਈ। ਉਦੋਂ ਮੈਂ ਲਾਹੌਰ ਮਿਸ਼ਨ ਕਾਲਜ ਵਿਚ ਪੜ੍ਹਦਾ ਸਾਂ। ਇਹ ਇਕ ਪੰਜਾਬੀ ਕਵੀ ਦੀ ਅੰਗਰੇਜ਼ੀ ਵਿਚ ਪਹਿਲੀ ਕਾਵਿ ਰਚਨਾ ਸੀ, ਜੋ ਇੰਗਲਿਸਤਾਨ ਵਿਚ ਪ੍ਰਕਾਸ਼ਿਤ ਹੋਈ। ਮੇਰੀ ਨੇੜਤਾ ਵੀ ਡਾ. ਐਮ.ਐਸ. ਰੰਧਾਵਾ ਨਾਲ ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ‘ਪੂਰਨ ਸਿੰਘ: ਜੀਵਨ ਤੇ ਕਵਿਤਾ’ ਪੜ੍ਹਨ ਉਪਰੰਤ ਹੋਈ। ਇਹ ਪੁਸਤਕ ਸਾਹਿਤ ਅਕਾਦਮੀ (ਦਿੱਲੀ) ਨੇ 1964 ਵਿਚ ਪ੍ਰਕਾਸ਼ਿਤ ਕੀਤੀ। ਡਾ. ਰੰਧਾਵਾ ਉਦੋਂ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਸਨ ਤੇ ਖਰੜ ਗਾਰਡਨ ਕਲੋਨੀ ਵਿਚ ਰਹਿੰਦੇ ਸਨ। ਮੈਂ ਸਰਕਾਰੀ ਮਿਡਲ ਸਕੂਲ ਤਿਊੜ ਵਿਚ ਪੜ੍ਹਾਉਂਦਾ ਸੀ ਤੇ ਮੈਂ, ਐਮ.ਏ. ਪੰਜਾਬੀ (ਪਾਰਟ ਪਹਿਲਾ) ਪ੍ਰਾਈਵੇਟ ਤੌਰ ’ਤੇ ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਤੋਂ ਪਾਸ ਕਰ ਲਈ ਤੇ ਪੜ੍ਹਨ ਦਾ ਸ਼ੌਕ ਹੋਣ ਕਾਰਨ ਪੁਸਤਕ ‘ਪੂਰਨ ਸਿੰਘ: ਜੀਵਨੀ ਤੇ ਕਵਿਤਾ’ ਖ਼ਰੀਦ ਕੇ ਪੜ੍ਹੀ ਸੀ। ਪੁਸਤਕ ਪੜ੍ਹ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਡਾ. ਰੰਧਾਵਾ ਨੂੰ ਉਨ੍ਹਾਂ ਦੇ ਖਰੜ ਵਾਲੇ ਪਤੇ ’ਤੇ ਮਿਤੀ 16 ਜੁਲਾਈ, 1967 ਨੂੰ ਖ਼ਤ ਪਾ ਦਿੱਤਾ ਤੇ ਮੁੜਦੀ ਡਾਕ 18 ਜੁਲਾਈ, 1967 ਨੂੰ ਡਾ. ਰੰਧਾਵਾ ਦਾ ਲਿਖਿਆ ਕਾਰਡ ਮੈਨੂੰ ਮੇਰੇ ਪਿੰਡ ਦਾਊਂ ਮਿਲ ਗਿਆ। ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਏਡੇ ਅਧਿਕਾਰੀ ਨੇ ਮੈਨੂੰ ਤੁਰੰਤ ਜਵਾਬ ਘੱਲ ਕੇ, ਮੈਨੂੰ ਕਿਸੇ ਐਤਵਾਰ ਨੂੰ ਸ਼ਾਮੀਂ ਮਿਲਣ ਦਾ ਸੱਦਾ ਵੀ ਦੇ ਦਿੱਤਾ। ਮੇਰੇ ਲਈ ਇਹ ਵੱਡਾ ਗੌਰਵ ਹੀ ਨਹੀਂ, ਸਗੋਂ ਸਾਹਿਤ ਪੜ੍ਹਨ ਦੀ ਰੁਚੀ ਦਾ ਪ੍ਰਤੀਫਲ ਸੀ। ਮੈਂ ਉਨ੍ਹਾਂ ਨੂੰ ਮਿਲਿਆ ਤੇ ਮੇਰੀ ਪਹਿਲੀ ਮੁਲਾਕਾਤ ਇਕ ਅਲੌਕਿਕੀ ਤੇ ਯਾਦਗਾਰੀ ਬਣ ਗਈ, ਜਿਸ ਦਾ ਇੱਥੇ ਜ਼ਿਕਰ ਕਰਨ ਨਾਲੋਂ ਪੜ੍ਹੀ ਪੁਸਤਕ ਬਾਰੇ ਗੱਲਾਂ ਕਰਨਾ, ਮੇਰੀ ਇਸ ਰਚਨਾ ਦਾ ਉਦੇਸ਼ ਹੈ।
‘ਪੂਰਨ ਸਿੰਘ: ਜੀਵਨੀ ਤੇ ਕਵਿਤਾ’ ਕੋਈ ਸੱਜਣ ਮੈਥੋਂ ਲੈ ਗਿਆ, ਪਰ ਨਾ ਮੋੜਨ ਕਰਕੇ ਮੈਂ ਇਸ ਪੁਸਤਕ ਦੀ ਦੂਜੀ ਨਵੀਂ ਛਪੀ ਐਡੀਸ਼ਨ (ਸੰਸ਼ੋਧਿਤ) 2009, ਦੋ ਸੌ ਰੁਪਏ ਮੁੱਲ ਵਾਲੀ ਮੁੜ ਖ਼ਰੀਦੀ। ਇੰਝ ਹੀ ਡਾ. ਰੰਧਾਵਾ ਲਿਖਦੇ ਹਨ ਕਿ ਪ੍ਰੋ. ਪੂਰਨ ਸਿੰਘ ਦੀ ਅਦੁੱਤੀ ਰਚਨਾ ‘ਦਿ ਸਪਿਰਟ ਬੌਰਨ ਪੀਪਲ’ (ਰੂਹ ਦੇ ਜਾਏ) ਪੜ੍ਹ ਕੇ ਏਨਾ ਪਸੀਜਿਆ ਗਿਆ ਕਿ ਇਸ ਪੁਸਤਕ ਦੀਆਂ 50/60 ਕਾਪੀਆਂ ਜੀਵਨ ਸਿੰਘ ਪ੍ਰਕਾਸ਼ਕ (ਲੁਧਿਆਣਾ) ਤੋਂ ਖ਼ਰੀਦ ਕੇ ਪੰਜਾਬ ਦੀਆਂ ਲਾਇਬਰੇਰੀਆਂ ਲਈ ਘੱਲੀਆਂ। ਏਨਾ ਮੋਹ ਸੀ ਡਾ. ਰੰਧਾਵਾ ਦਾ ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਅਤੇ ਮਿਆਰੀ ਤੇ ਚੰਗੀਆਂ ਪੁਸਤਕਾਂ ਨਾਲ।
ਇਹ ਡਾ. ਰੰਧਾਵਾ ਦੀ ਦੂਰ-ਦ੍ਰਿਸ਼ਟੀ ਹੀ ਸੀ ਕਿ ‘ਪੂਰਨ ਸਿੰਘ: ਜੀਵਨੀ ਤੇ ਕਵਿਤਾ’ ਦੇ ਮੁਢਲੇ ‘ਪ੍ਰਾਕਥਨ’ ਉਨ੍ਹਾਂ ਦੇ ਪੁੱਤਰ ਮਦਨ ਮੋਹਨ ਸਿੰਘ ਵੱਲੋਂ 5 ਦਸੰਬਰ, 1962 (ਸਨੋ ਵਿਊ ਸ਼ਿਮਲਾ) ਨੂੰ ਲਿਖੇ ਗਏ। ਫਰਵਰੀ 17, 1881 ਨੂੰ ਜਨਮੇ (ਸਲਹੱਡ-ਐਬਟਾਬਾਦ) ਪੂਰਨ ਸਿੰਘ ਦਾ ਦੇਹਾਂਤ ਟੀ.ਬੀ. ਦੀ ਬਿਮਾਰੀ ਕਾਰਨ 31 ਮਾਰਚ, 1931 ਨੂੰ ਡੇਹਰਾਦੂਨ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਪਰਮਾ ਦੇਵੀ ਤੇ ਪਿਤਾ ਕਰਤਾਰ ਸਿੰਘ ਭਾਗਰ ਕਾਨੂੰਨਦਾਨ ਸਨ, ਜਿਨ੍ਹਾਂ ਦਾ ਪਿਛੋਕੜ ਪੋਠੋਹਾਰ ਦੀ ਧਰਤੀ ਸੀ। ਡਾ. ਰੰਧਾਵਾ ਅੱਗੇ ਲਿਖਦੇ ਹਨ ਕਿ ਡਾਕਟਰ ਖ਼ੁਦਾਦਾਦ ਨੇ ਪੂਰਨ ਸਿੰਘ ਦੀਆਂ ਲਿਖਤਾਂ ਨੂੰ ਸਾਂਭਣ ਲਈ ਵਿਸ਼ੇਸ਼ ਯਤਨ ਕੀਤੇ। ਭੁਰ-ਭੁਰ ਕਰਦੇ ਖਰੜਿਆਂ ਨੂੰ ਤਾਰਪੀਨ ਦੇ ਤੇਲ ਰਾਹੀਂ ਪੜ੍ਹਨਯੋਗ ਬਣਾਇਆ। ਮਦਨ ਗੋਪਾਲ ਸਿੰਘ ਲਿਖਦਾ ਹੈ ਕਿ ਜੇਕਰ ਇੰਝ ਨਾ ਕੀਤਾ ਜਾਂਦਾ ਤਾਂ ‘ਖੁੱਲ੍ਹੇ ਅਸਮਾਨੀ ਰੰਗ’ ਕਈ ਸਾਲਾਂ ਦੀ ਘਾਲਣਾ ਕਰਕੇ ਪ੍ਰਕਾਸ਼ਨਾ ਦਾ ਰੂਪ ਨਾ ਧਾਰਦੀ। ਪਹਿਲਾਂ ਇਸ ਦਾ ਨਾਂ ‘ਚਮਕਦੇ ਕਿਣਕੇ’ ਰੱਖਿਆ, ਪਰ ਬਾਅਦ ਵਿਚ ਪੂਰਨ ਸਿੰਘ ਨੇ ‘ਖੁੱਲ੍ਹੇ ਅਸਮਾਨੀ ਰੰਗ’ ਲਿਖ ਕੇ ਤਤਕਰਾ ਵੀ ਆਪ ਲਿਖਿਆ। ਉਨ੍ਹਾਂ ਦੀਆਂ ਅੰਗਰੇਜ਼ੀ ਦੀਆਂ ਅਣਛਪੀਆਂ ਰਚਨਾਵਾਂ ਨੂੰ ਵੀ ਸਾਂਭਿਆ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ: The Vina Players, The Wandering Ministrel, The Burning Candles, The Himalyan Pines and Other Poems ਅਤੇ The Roses of Kashmir, ਇਨ੍ਹਾਂ ਨੂੰ ਵੀ ਤਾਰਪੀਨ ਤੇਲ ’ਚ ਡਬੋ ਕੇ ਸਾਂਭ ਲਿਆ ਗਿਆ।
ਸੰਪਾਦਿਤ ਪੁਸਤਕ ਦਾ ‘ਪ੍ਰਵੇਸ਼’ ਡਾ. ਐਮ.ਐਸ. ਰੰਧਾਵਾ ਦਾ ਲਿਖਿਆ ਹੋਇਆ ਹੈ, ਜਿਸ ਵਿਚ ਬਹੁਤ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪ੍ਰੋ. ਪੂਰਨ ਸਿੰਘ ਦੇ ਪੁੱਤਰ ਮਦਨ ਮੋਹਨ ਸਿੰਘ ਸ਼ਿਮਲੇ ਸਬ-ਜੱਜ ਲੱਗੇ ਹੋਏ ਸਨ। ਡਾ. ਰੰਧਾਵਾ ਨਾਲ ਮੁਲਾਕਾਤ ਹੋਈ ਤੇ ਡਾ. ਰੰਧਾਵਾ ਨੇ ਪੂਰਨ ਸਿੰਘ ਦੀ ਲਿਖੀ ਜੀਵਨੀ ‘On Pathes of Life’ (ਜੀਵਨ ਮਾਰਗ ਉੱਤੇ) ਅਤਰ ਚੰਦ ਕਪੂਰ ਐਂਡ ਸੰਨਜ਼ ਪ੍ਰਕਾਸ਼ਕ ਤੋਂ 1954 ਵਿਚ ਛਪਵਾਈ। ਜਦੋਂ ਡਾ. ਰੰਧਾਵਾ ਦਾ ਸਾਹਿਤ ਅਕਾਦਮੀ ਦਿੱਲੀ ਦੇ ਸਲਾਹਕਾਰ ਬੋਰਡ ਵਜੋਂ ਸਬੰਧ ਜੁੜਿਆ ਤਾਂ ਪੂਰਨ ਸਿੰਘ ਦੀਆਂ ਕਾਵਿ-ਪੁਸਤਕਾਂ ‘ਖੁੱਲ੍ਹੇ ਘੁੰਡ’, ‘ਖੁੱਲ੍ਹੇ ਮੈਦਾਨ’ ਤੇ ‘ਖੁੱਲ੍ਹੇ ਅਸਮਾਨੀ ਰੰਗ’ ਨੂੰ ਨਵੀਂ ਸੁੰਦਰ ਦਿੱਖ ਵਿਚ ਛਪਵਾਉਣ ਦਾ ਬੀੜਾ ਚੁੱਕਿਆ। ਗੁਲਜ਼ਾਰ ਸਿੰਘ ਸੰਧੂ ਤੇ ਪ੍ਰੋ. ਮੋਹਨ ਸਿੰਘ ਤੋਂ ਰਚਨਾਵਾਂ ਦੀ ਸੋਧ-ਸੁਧਾਈ ਕਰਵਾਈ। ਪ੍ਰੋ. ਪੂਰਨ ਸਿੰਘ ਦੀ ਪਤਨੀ ਸ੍ਰੀਮਤੀ ਮਾਇਆ ਦੇਵੀ ਨੂੰ ਉਚੇਚੀ ਹੱਲਾਸ਼ੇਰੀ ਦੇ ਕੇ ਇਸ ਪੁਸਤਕ ਨੂੰ ਹੋਰ ਮੁੱਲਵਾਨ ਬਣਾਉਣ ਲਈ ਯਾਦਾਂ ਲਿਖਵਾਈਆਂ ਤੇ ਉਨ੍ਹਾਂ ਨੂੰ ਤਰਤੀਬਬੱਧ ਕਰਵਾਇਆ। ਅਣਹੋਣੀ ਇਹ ਹੋਈ ਕਿ ਪੁਸਤਕ ਪ੍ਰਕਾਸ਼ਨਾ ਅਧੀਨ ਸੀ, ਇਸੇ ਦੌਰਾਨ ਮਾਇਆ ਦੇਵੀ ਤੇ ਮਦਨ ਮੋਹਨ ਸਿੰਘ ਦਾ ਥੋੜ੍ਹੇ ਵਕਫੇ਼ ’ਚ ਦੇਹਾਂਤ ਹੋ ਗਿਆ ਤੇ ਪੂਰਨ ਸਿੰਘ ਦੇ ਦੂਜੇ ਪੁੱਤਰ ਰਮਿੰਦਰ ਸਿੰਘ ਨੇ ਇਹ ਸੋਗੀ ਖ਼ਬਰ ਦਿੱਤੀ। ਡਾ. ਰੰਧਾਵਾ ਲਿਖਦੇ ਹਨ: ‘‘ਪੂਰਨ ਸਿੰਘ ਮਾਨਵਤਾ ਦਾ ਕਵੀ ਹੈ। ਉਹਦੇ ਲਈ ਧਰਮ, ਫਿ਼ਰਕੇ ਅਤੇ ਜਾਤੀ ਦੀਆਂ ਕਲਪਤ ਸੀਮਾਵਾਂ ਕੋਈ ਅਰਥ ਨਹੀਂ ਰੱਖਦੀਆਂ। ਉਸ ਦਾ ਰੱਬ ਗੁਰੂ ਨਾਨਕ ਦਾ ਰੱਬ ਹੈ। ਉਸ ਦੀ ਕਵਿਤਾ ਉਸ ਦੀ ਰਹੱਸਵਾਦੀ ਆਤਮ-ਕਥਾ ਹੈ। ਉਸ ਦੇ ਸ਼ਬਦ ਪੰਜਾਬੀ ਮੁਟਿਆਰਾਂ ਦੀਆਂ ਵੰਙਾਂ ਵਾਂਗ ਛਣਕਦੇ ਹਨ। ਉਹ ਬੜੇ ਵਿਰਾਟ ਅਨੁਭਵ ਦਾ ਮਾਲਕ ਸੀ। ਉਸ ਦੀ ਸ਼ਖ਼ਸੀਅਤ ਵਿਚ ਉਹ ਪਾਰਸ ਸੀ, ਜਿਸ ਦੀ ਛੋਹ ਨਾਲ ਬੋਲੀ, ਵਿਚਾਰ ਤੇ ਕਲਪਨਾ ਹਰਿਮੰਦਰ ਦੇ ਸੋਨ ਕਲਸਾਂ ਵਾਂਗ ਜਗਮਗਾ ਉਠਦੇ ਸਨ। ਪੂਰਨ ਸਿੰਘ ਦੀ ਪੰਜਾਬੀ ਵਿਚ ਉਹੀ ਥਾਂ ਹੈ, ਜੋ ਰਾਬਿੰਦਰਨਾਥ ਟੈਗੋਰ ਦੀ ਬੰਗਾਲੀ ਵਿਚ, ਇਕਬਾਲ ਦੀ ਉਰਦੂ ’ਚ, ਗੋਇਟੇ ਦੀ ਜਰਮਨ ਤੇ ਨੋਗੂਚੀ ਦੀ ਜਾਪਾਨ ਦੇ ਸਾਹਿਤ ਵਿਚ ਹੈ।’’ ਪੁਸਤਕ ਵਿਚ ਚਾਰ ਸਫਿ਼ਆਂ ’ਚ ਪੂਰਨ ਸਿੰਘ ਦੀ ਸੰਖੇਪ ਜੀਵਨੀ ਤੇ ਜ਼ਰੂਰੀ ਤਿੱਥੀਆਂ ਪਾਠਕਾਂ ਨੂੰ ਹੈਰਾਨ ਕਰਨ ਵਾਲੀਆਂ ਹਨ। ਇਸ ਤੋਂ ਬਾਅਦ ਜੀਵਨੀ (ਪੂਰਨ ਸਿੰਘ ਦੀਆਂ ਕੁਝ ਯਾਦਾਂ) ਲੇਖਿਕਾ: ਮਾਇਆ ਦੇਵੀ ਪੂਰਨ ਸਿੰਘ ਕਰੀਬ 100 ਸਫੇ਼ ਬਹੁਤ ਹੀ ਪੜ੍ਹਨਯੋਗ ਹਨ, ਜੋ ਲੇਖਿਕਾ ਨੇ ਲਿਖਿਆ (ਪਹਿਲੀ ਦਸੰਬਰ, 1962) ਤਾਰੀਖ਼ ਦਰਜ ਕੀਤੀ ਹੈ।
ਮਾਇਆ ਪੂਰਨ ਸਿੰਘ ਆਪਣੇ ਪਤੀ ਪ੍ਰੋ. ਪੂਰਨ ਸਿੰਘ ਨੂੰ ਹਮੇਸ਼ਾ ਸਵਾਮੀ ਜੀ ਸ਼ਬਦਾਂ ਨਾਲ ਸੰਬੋਧਨ ਕਰਦੀ ਸੀ। ਜਜ਼ਬਾਤੀ ਪ੍ਰੋ. ਸਾਹਿਬ ਦੇ ਵਤੀਰੇ ਬਾਰੇ ਦੱਸਦਿਆਂ ਉਨ੍ਹਾਂ ਦੇ ਕ੍ਰੋਧਵਾਨ ਹੋਣ ਵੇਲੇ ਵਸਤਾਂ ਦੀ ਭੰਨ-ਤੋੜ ਕਰਨ ਦੇ ਕਈ ਮੌਕੇ ਬਿਆਨ ਕੀਤੇ ਹਨ। ਗ਼ਰੀਬਾਂ ਤੇ ਲੋੜਵੰਦਾਂ ਨੂੰ ਸਭ ਕੁਝ ਲੁਟਾ ਦਿੰਦੇ ਸਨ। ਵਿਆਹ ਦੀ ਰਜ਼ਾਮੰਦੀ ਵੇਲੇ ਬੋਲੇ, ‘‘ਅਸੀਂ ਤਾਂ ਫ਼ਕੀਰ ਹਾਂ। ਜੇ ਤੁਸੀਂ ਫ਼ਕੀਰ ਬਣਨਾ ਹੈ ਤਾਂ ਸ਼ਾਦੀ ਮੇਰੇ ਨਾਲ ਕਰੋ, ਮੰਗ ਕੇ ਲਿਆਉਣਾ ਪਵੇਗਾ।’’ ਇਸੇ ਕਰਕੇ ਇਕ ਟੱਪਾ ਅਕਸਰ ਯਾਦ ਆਉਂਦਾ ਹੈ: ‘‘ਸੁੱਤਾ ਹੈਂ ਤਾਂ ਜਾਗ ਪੂਰਨਾ, ਤੈਨੂੰ ਮਾਇਆ ਸੀਟੀਆਂ ਮਾਰੇ।’’ ਤਾਉਮਰ ਜਿਹੜਾ ਸਾਥ ਮਾਇਆ ਜੀ ਨੇ ਨਿਭਾਇਆ, ਉਸ ਦੀ ਕੋਈ ਮਿਸਾਲ ਨਹੀਂ। ਲਾਲਾ ਹਰਦਿਆਲ, ਖ਼ੁਦਾਦਾਦ, ਡਾ. ਇਕਬਾਲ ਤੇ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮਿਲਣ ਆਉਂਦੀਆਂ ਤੇ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਕਰਨ ਵਿਚ ਕੋਈ ਕਸਰ ਨਾ ਛੱਡਦੇ। ਉਰਦੂ ਸ਼ਾਇਰੀ ਦਾ ਗੁਣ-ਗਾਇਨ ਬਹੁਤ ਕਰਦੇ ਸਨ। ਉਨ੍ਹਾਂ ਦੀ ਮਸਤੀ ਦਾ ਰੰਗ ਵਿਸਮਾਦੀ ਤੇ ਅਨੂਠਾ ਹੁੰਦਾ ਸੀ। ਕਿਸੇ ਚੀਜ਼ ਨੂੰ ਜੰਦਰਾ ਨਹੀਂ ਮਾਰਨ ਦਿੰਦੇ ਸਨ। ਕੋਹੜੀਆਂ, ਤਪਦਿਕ ਦੇ ਰੋਗੀਆਂ ਤੇ ਮਜ਼ਦੂਰਾਂ ਨੂੰ ਮਿਲਣ ਤੋਂ ਗੁਰੇਜ਼ ਨਾ ਕਰਦੇ। ਲਟਬੌਰੇ ਹੋ ਜਾਂਦੇ। ਇੰਝ ਉਨ੍ਹਾਂ ਦੇ ਅੰਦਰੋਂ ਨਫ਼ਰਤ ਤੇ ਈਰਖਾ ਕੋਹਾਂ ਦੂਰ ਸੀ।
ਆਪ ਦੀ ਵਿਗਿਆਨਕ ਸੋਚ ਤੇ ਗਿਆਨ ਅਦੁੱਤੀ ਸੀ। ਆਪਣੇ ਜੀਵਨ-ਕਾਲ ’ਚ ਕਈ ਕਿਸਮ ਦੇ ਕਿੱਤੇ ਅਪਣਾਏ। ਸਾਬਣ ਦੀ ਫੈਕਟਰੀ ਲਾਈ, ਬੂਟ ਪਾਲਿਸ਼ ਤਿਆਰ ਕੀਤੇ, ਰੋਸ਼ਾ ਘਾਹ ਤੇ ਯੂਕਲਿਪਟਸ (ਸਫੇਦਾ) ਦੇ ਦਰਖਤ ਲਗਵਾਏ, ਪਰ ਕਿਸੇ ਕਿੱਤੇ ਦੀ ਖੱਟੀ ਤੋਂ ਪੈਸਾ ਕਮਾਉਣ ਦੀ ਲਾਲਸਾ ਨੂੰ ਤਿਲਾਂਜਲੀ ਹੀ ਦਿੱਤੀ। ਸਭ ਕੁਝ ਲੁਟਾ ਕੇ ਵੀ ਫ਼ਕੀਰੀ ਅਤੇ ਬਾਦਸ਼ਾਹੀ ਦੇ ਆਲਮ ਨੂੰ ਮਾਣਿਆ। ਅੱਥਰੂ ਭਰੀਆਂ ਅੱਖਾਂ ਨਾਲ ਚਾਰੋਂ ਤਰਫ਼ ਦੇਖਦੇ ਤੇ ਗਾਉਂਦੇ:
ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ,
ਗ਼ਲਤ ਹੈ ਕਿ ਦੀਦਾਰ ਕੀ ਆਰਜ਼ੂ ਹੈ।
ਗ਼ਲਤ ਹੈ ਕਿ ਮੁਝ ਕੋ ਤੇਰੀ ਜੁਸਤਜੂ ਹੈ,
ਤੇਰਾ ਜਲਵਾ-ਏ ਗਰ ਕੂ-ਬ-ਕੂ ਹੈ,
ਹਜ਼ੂਰੀ ਹੈ ਹਰ ਵਕਤ ਤੂ ਰੂ-ਬ-ਰੂ ਹੈ।
ਮਾਇਆ ਜੀ ਅੱਗੇ ਬਿਆਨ ਕਰਦੇ ਹਨ: ‘‘ਸਵਾਮੀ ਜੀ ਦੇ ਸੁਭਾਅ ਨੂੰ ਬਿਆਨ ਕਰਨਾ ਨਾਮੁਮਕਿਨ ਹੈ। ਆਪ ਜੀ ਦੇ ਕਥਨਾਂ ਨੂੰ ਬਿਆਨ ਕਰਨਾ ਐਸਾ ਹੀ ਹੈ, ਜਿਵੇਂ ਰੱਬ ਨੂੰ ਰੂਪ ਰੰਗ ਵਿਚ ਲਿਆਉਣਾ। ਆਪ ਨੇ ਜੋ ਕਹਿਣਾ, ਜੋ ਕਰਨਾ ਮਿੱਥ ਗਿਣ ਕੇ ਨਹੀਂ ਕਰਦੇ ਸਨ। ਬੱਚਿਆਂ ਵਾਂਗ ਤੋਤਲੀਆਂ ਗੱਲਾਂ ਕਰੀ ਜਾਣੀਆਂ। ਪ੍ਰਕਿਰਤੀ ਦੀ ਹਰ ਇਕ ਚੀਜ਼ ਨੂੰ ਐਸਾ ਜਾਣਦੇ ਸਨ, ਜਿਵੇਂ ਆਪਣੇ ਹੀ ਦਿਲ ਦੀ ਧੜਕਣ ਏਸ ਵਿਚ ਧੜਕ ਰਹੀ ਹੈ। ਏਸ ਤਰ੍ਹਾਂ ਚਰ-ਅਚਰ ਮਿੱਟੀ, ਘੱਟੇ, ਘਾਹ ਦੇ ਤੀਲੇ ਦੀ ਧੜਕਣ ਵੀ ਉਨ੍ਹਾਂ ਨੂੰ ਆਪਣੀ ਧੜਕਣ ਹੀ ਮਲੂਮ ਹੁੰਦੀ ਸੀ।’’
ਇਹ ਮੰਨਣਾ ਪਵੇਗਾ ਕਿ ਡਾ. ਐਮ.ਐਸ. ਰੰਧਾਵਾ ਨੇ ਪ੍ਰੋ. ਪੂਰਨ ਸਿੰਘ ਦੀ ਅੰਦਰਲੀ ਕਾਵਿ-ਉਡਾਰੀ ਤੇ ਬੌਧਿਕ-ਰਹੱਸਵਾਦ ਨੂੰ ਸਮਝਿਆ ਤੇ ਉਨ੍ਹਾਂ ਦੀਆਂ ਕਿਰਤਾਂ ਨੂੰ ਸਾਂਭਣ ਤੇ ਪ੍ਰਕਾਸ਼ਨ-ਕਾਰਜ ਲਈ ਉਚੇਚੇ ਯਤਨ ਕੀਤੇ, ਨਹੀਂ ਤਾਂ ਪ੍ਰੋ. ਪੂਰਨ ਸਿੰਘ ਦੀ ਸਰਵੋਤਮ ਸਾਹਿਤਕਾਰੀ ਅਣਗੌਲੀ ਹੀ ਰਹਿ ਜਾਂਦੀ।
ਸੰਪਰਕ: 98151-23900