ਗੁਰਦੇਵ ਸਿੰਘ ਸਿੱਧੂ
ਪੰਜਾਬੀ ਕਣੀ
ਇਤਿਹਾਸਕ ਸਚਾਈ ਹੈ ਕਿ ਜਦ ਕਦੇ ਵੀ ਤਖ਼ਤ-ਤਾਜ ਦੀ ਖੋਹਾ-ਖਿੰਝੀ ਹੋਈ ਬਾਦਸ਼ਾਹੀਅਤ ਦਾ ਪ੍ਰਭਾਵ ਸੁੰਗੜ ਕੇ ਸੀਮਿਤ ਖੇਤਰ ਤੱਕ ਰਹਿ ਗਿਆ। ਹਿੰਦੋਸਤਾਨ ਵਿਚ ਮੁਗ਼ਲਾਂ ਦਾ ਰਾਜ ਸਥਾਪਤ ਹੋਣ ਤੱਕ ਹਾਲਾਤ ਕੁਝ ਇਹੋ ਜਿਹੇ ਹੀ ਸਨ। ਸ਼ਹਿਰਾਂ ਕਸਬਿਆਂ ਤੋਂ ਦੂਰ ਵਸਦੇ ਲੋਕਾਂ ਨੇ ਕਿਸੇ ਬਾਹਰਲੇ ਦਖਲ ਤੋਂ ਬਿਨਾਂ ਆਪਣੇ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਦੇ ਰਾਹ ਲੱਭ ਲਏ ਸਨ। ਇਸ ਤਰ੍ਹਾਂ ਦਾ ਇਕ ਵਸੇਬਾ ਦਰਿਆ ਰਾਵੀ ਅਤੇ ਚਨਾਬ ਦੇ ਵਿਚਕਾਰ ਸਥਿਤ ਇਕ ਬਾਰ ਸੀ ਜਿੱਥੇ ਸਾਂਦਲ ਅਤੇ ਉਸ ਦਾ ਪੁੱਤਰ ਫਰੀਦ ਆਪਣੇ ਕੋੜਮੇ ਕਬੀਲੇ ਅਤੇ ਹੋਰਨਾਂ ਸਮੇਤ ਸਵੈਮਾਣ ਨਾਲ ਸਹਿਚਾਰੀ ਜ਼ਿੰਦਗੀ ਦਾ ਅਨੰਦ ਭੋਗ ਰਹੇ ਸਨ। ਜਿਉਂ ਹੀ ਬਾਦਸ਼ਾਹ ਅਕਬਰ ਦੇ ਜ਼ਮਾਨੇ ਚੁੱਗਤਿਆਂ ਦਾ ਰਾਜ ਪੈਰਾਂ ਸਿਰ ਹੋਇਆ, ਬਾਦਸ਼ਾਹ ਨੂੰ ਸਵੈਮਾਣੀ ਲੋਕਾਂ ਦੀ ਹੋਂਦ ਖਟਕਣ ਲੱਗੀ। ਆਪਣੇ ਆਪ ਨੂੰ ਹਕੂਮਤੀ ਬਲ ਦਾ ਸਾਹਮਣਾ ਕਰਨ ਦੇ ਅਸਮਰੱਥ ਚੌਧਰੀਆਂ ਨੇ ਅਕਬਰ ਦੀ ਈਨ ਮੰਨ ਕੇ ਉਸ ਦੀ ਖੁਸ਼ਨੂਦੀ ਹਾਸਲ ਕਰਨ ਵਿਚ ਹੀ ਭਲਾਈ ਸਮਝੀ ਅਤੇ ਹਾਲਾ ਭਰਨਾ ਸ਼ੁਰੂ ਕਰ ਦਿੱਤਾ। ਹਾਲਾ ਆਮ ਲੋਕਾਂ ਤੋਂ ਉਗਰਾਹ ਕੇ ਭਰਿਆ ਜਾਣਾ ਸੀ, ਇਸ ਲਈ ਹਾਲਾ ਭਰਨ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਸੀ। ਸਗੋਂ ਇਸ ਪ੍ਰਕਿਰਿਆ ਵਿਚੋਂ ਇਕ ਤਾਂ ਉਨ੍ਹਾਂ ਨੂੰ ਖੱਟੀ ਹੋਣੀ ਸੀ, ਦੂਜੇ ਸ਼ਾਹੀ ਪ੍ਰਤੀਨਿਧ ਹੋਣ ਦੀ ਪਛਾਣ ਮਿਲਦੀ ਸੀ। ਪਰ ਸਾਂਦਲ ਇਸ ਮਿੱਟੀ ਦਾ ਨਹੀਂ ਸੀ ਬਣਿਆ ਹੋਇਆ। ਉਸ ਦੀ ਸੋਚ ਸੀ ਕਿ ਜਦ ਉਹ ਬਾਦਸ਼ਾਹ ਦੀ ਕਿਸੇ ਦਖਲ਼ਅੰਦਾਜ਼ੀ ਤੋਂ ਬਿਨਾਂ ਹੀ ਸੁਖਦਾਈ ਜੀਵਨ ਭੋਗ ਰਹੇ ਹਨ ਤਾਂ ਉਹ ਇਹ ਬੇਲੋੜੀ ਗ਼ੁਲਾਮੀ ਕਿਉਂ ਭੋਗਣ? ਅਕਬਰ ਨੂੰ ਇਹ ਸੋਚ ਨਹੀਂ ਸੀ ਸੁਖਾਉਂਦੀ। ਉਹ ਸਾਂਦਲ ਨੂੰ ਆਕੀ ਸਮਝਦਾ ਸੀ। ਉਹ ਸੋਚਦਾ ਸੀ, ‘‘ਅੱਜ ਸਾਂਦਲ ਹਾਲਾ ਨਹੀਂ ਭਰੇਗਾ, ਕੱਲ੍ਹ ਨੂੰ ਉਸ ਦੀ ਰੀਸੋ ਰੀਸ ਹੋਰ ਕਈ ਇਸੇ ਰਾਹ ਤੁਰਨਗੇ ਤਾਂ ਉਸ ਦਾ ਰੋਅਬ-ਦਾਬ ਕਿਵੇਂ ਕਾਇਮ ਰਹੇਗਾ।’’ ਫ਼ੌਜ ਨੂੰ ਹੁਕਮ ਦਿੱਤਾ ਗਿਆ ‘‘ਸਾਂਦਲ ਤੋਂ ਹਾਲਾ ਉਗਰਾਹਿਆ ਜਾਵੇ, ਨਾਂਹ ਨੁੱਕਰ ਕਰੇ ਤਾਂ ਬੰਨ੍ਹ ਕੇ ਲਿਆਓ ਅਤੇ ਮੇਰੇ ਪੇਸ਼ ਕਰੋ।’’ ਫ਼ੌਜ ਤੁਰੰਤ ਪਿੰਡੀ ਪਹੁੰਚ ਗਈ, ਸਾਂਦਲ ਨੂੰ ਹਕੂਮਤੀ ਹੁਕਮ ਸੁਣਾਇਆ ਗਿਆ ਪਰ ਬਾਰ ਦੀ ਮਿੱਟੀ ਦੇ ਪੁੱਤਰ ਨੇ ਆਪਣੇ ਲੋਕਾਂ ਨਾਲ ਦਗਾ ਕਰਨਾ ਨਾ ਮੰਨਿਆ। ਫ਼ੌਜ ਸਾਂਦਲ ਅਤੇ ਉਸ ਦੇ ਪੁੱਤਰ ਫਰੀਦ ਦੋਵਾਂ ਨੂੰ ਮੁਸ਼ਕਾਂ ਬੰਨ੍ਹ ਕੇ ਲਿਆਈ ਅਤੇ ਅਕਬਰ ਦੇ ਪੇਸ਼ ਕੀਤਾ। ਅਕਬਰ ਨੇ ਉਨ੍ਹਾਂ ਨੂੰ ਪਤਿਆਉਣ ਦੀ ਲੱਖ ਵਾਹ ਲਾਈ, ਪਰ ਪਿਉ ਪੁੱਤਰ ਆਪਣੇ ਸਿਦਕ ਤੋਂ ਨਹੀਂ ਡੋਲੇ। ਅੰਤ ਅਕਬਰ ਨੇ ਆਪਣਾ ਰੋਅਬ-ਦਾਬ ਬਣਾਈ ਰੱਖਣ ਵਾਸਤੇ ਉਨ੍ਹਾਂ ਨੂੰ ਕਤਲ ਕਰਵਾਇਆ ਅਤੇ ਉਨ੍ਹਾਂ ਦੇ ਧੜਾਂ ਵਿਚ ਤੂੜੀ ਭਰਵਾ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਲਟਕਾ ਦਿੱਤੇ।
ਇਸ ਘਟਨਾ ਤੋਂ ਚਾਰ ਕੁ ਮਹੀਨੇ ਪਿੱਛੋਂ ਬਾਦਸ਼ਾਹ ਅਕਬਰ ਦੀ ਬੇਗ਼ਮ ਨੇ ਇਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਉਂ ਸ਼ੇਖੂ ਰੱਖਿਆ ਗਿਆ। ਹਰ ਬਾਦਸ਼ਾਹ ਵਾਂਗ ਅਕਬਰ ਦੀ ਵੀ ਇਹ ਇੱਛਾ ਸੀ ਕਿ ਉਸ ਦਾ ਪੁੱਤਰ ਏਡਾ ਬਹਾਦਰ ਅਤੇ ਬਲਵਾਨ ਹੋਵੇ ਕਿ ਕੋਈ ਵੀ ਦੁਸ਼ਮਣ ਉਸ ਦੀ ਝਾਲ ਨਾ ਝੱਲ ਸਕੇ। ਉਸ ਨੇ ਇਹ ਗੱਲ ਦਰਬਾਰੀਆਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਸ਼ੇਖੂ ਨੂੰ ਕਿਸੇ ਸੂਰਬੀਰ ਘਰਾਣੇ ਦੀ ਰਾਜਪੂਤਨੀ, ਜਿਸ ਨੇ ਸ਼ੇਖੂ ਦੇ ਜਨਮ ਸਮੇਂ ਬਾਲ ਨੂੰ ਜਨਮ ਦਿੱਤਾ ਹੋਵੇ, ਦੇ ਦੁੱਧ ਉੱਤੇ ਪਾਲ਼ੇ ਜਾਣਾ ਉਪਾਅ ਦੱਸਿਆ। ਬਾਦਸ਼ਾਹ ਨੇ ਝੱਟ ਨਫਰ ਚੌਪਾਸੀਂ ਦੁੜਾਏ ਤਾਂ ਪਤਾ ਲੱਗਾ ਕਿ ਸਾਂਦਲ ਦੀ ਨੂੰਹ ਅਤੇ ਫਰੀਦ ਦੀ ਬੇਵਾ ਲੱਧੀ ਨੇ ਓਸੇ ਵਕਤ ਬਾਲ ਨੂੰ ਜਨਮ ਦਿੱਤਾ ਹੈ ਜਿਸ ਵੇਲੇ ਸ਼ੇਖੂ ਦਾ ਜਨਮ ਹੋਇਆ ਸੀ। ਸ਼ਹਿਜ਼ਾਦੇ ਨੂੰ ਸੂਰਬੀਰ ਜੋਧਾ ਵੇਖਣ ਦੀ ਭਾਵਨਾ ਕਾਰਨ ਅਕਬਰ ਨੇ ਲੱਧੀ ਨਾਲ ਗੱਲ ਕਰ ਕੇ ਉਸ ਤੋਂ ਸ਼ੇਖੂ ਦੀ ਚੁੰਘਾਵੀ ਮਾਂ ਬਣਨਾ ਮਨਜ਼ੂਰ ਕਰਵਾ ਲਿਆ। ਤੁਰੰਤ ਸਾਰੀਆਂ ਬਾਦਸ਼ਾਹੀ ਸਹੂਲਤਾਂ ਪਿੰਡੀ ਪਹੁੰਚ ਗਈਆਂ ਅਤੇ ਲੱਧੀ ਸ਼ੇਖੂ ਅਤੇ ਆਪਣੇ ਪੁੱਤਰ ਦੁੱਲੇ ਨੂੰ ਇਕਸਾਰ ਪਿਆਰ ਦੁਲਾਰ ਨਾਲ ਪਾਲਣ ਲੱਗੀ। ਉਮਰ ਅਨੁਸਾਰ ਮਾਹਿਰ ਉਸਤਾਦਾਂ ਨੇ ਦੋਵਾਂ ਨੂੰ ਹਥਿਆਰਬਾਜ਼ੀ, ਘੋੜ ਸਵਾਰੀ ਆਦਿ ਦੀ ਸਿਖਲਾਈ ਦਿੱਤੀ। ਦੋਵੇਂ ਬਾਲ ਲੱਧੀ ਦਾ ਦੁੱਧ ਚੁੰਘਦੇ ਹੋਏ ਵੱਡੇ ਹੋਏ, ਪਰ ਦੁੱਲਾ ਸ਼ੇਖੂ ਨਾਲੋਂ ਦੋ ਰੱਤੀਆਂ ਉੱਤੇ ਹੀ ਰਿਹਾ। ਜੇਕਰ ਉਹ ਖੇਤ ਖੇਤ ਖੇਡਦੇ ਤਾਂ ਦੁੱਲਾ ਸ਼ੇਖੂ ਦੀ ਵੱਟ ਧੱਕ ਦਿੰਦਾ। ਜੇ ਕੁਸ਼ਤੀ ਕਰਦੇ ਤਾਂ ਵੀ ਦੁੱਲਾ ਸ਼ੇਖੂ ਨੂੰ ਢਾਹ ਲੈਂਦਾ। ਘੋੜ ਸਵਾਰੀ ਕਰਦਿਆਂ ਵੀ ਸ਼ੇਖੂ ਡਰਦਾ ਰਹਿੰਦਾ, ਪਰ ਦੁੱਲਾ ਘੋੜੇ ਨੂੰ ਸਰਪਟ ਦੌੜਾਉਂਦਾ। ਅਕਬਰ ਨੂੰ ਇਹ ਗੱਲ ਨਾ ਸੁਖਾਈ ਪਰ ਕੀ ਕਰ ਸਕਦਾ ਸੀ, ਅੰਦਰੋ ਅੰਦਰ ਪੀ ਗਿਆ।
ਅਕਬਰ ਨੂੰ ਡਰ ਸੀ ਕਿ ਦੁੱਲਾ ਆਪਣੇ ਵਡੇਰਿਆਂ ਦੇ ਰਾਹ ਨਾ ਚੱਲ ਪਵੇ। ਦੁੱਲੇ ਦੇ ਮਨ ਵਿਚੋਂ ਬਾਗ਼ੀ ਭਾਵਨਾਵਾਂ ਖਾਰਜ ਕਰ ਕੇ ਉਸ ਨੂੰ ਬਾਦਸ਼ਾਹ ਦਾ ਖੈਰ-ਖੁਆਹ ਬਣਾਉਣ ਲਈ ਉਸ ਨੇ ਦੁੱਲੇ ਨੂੰ ਸ਼ੇਖੂ ਦੇ ਨਾਲ ਕਾਜ਼ੀ ਕੋਲ ਪੜ੍ਹਨੇ ਪਾਇਆ। ਕਾਜ਼ੀ ਦੀ ਤਾਲੀਮ ਪੜ੍ਹਾਕੂਆਂ ਨੂੰ ਬਾਦਸ਼ਾਹੀ ਰਹਿਤਲ ਦੇ ਅਨੁਸਾਰੀ ਬਣਾਉਂਦੀ ਸੀ। ਦੁੱਲੇ ਦੇ ਸਰੀਰ ਵਿਚ ਵਗ ਰਹੇ ਵਡੇਰਿਆਂ ਦੇ ਖ਼ੂਨ ਨੂੰ ਇਹ ਪ੍ਰਵਾਨ ਨਹੀਂ ਸੀ। ਉਸ ਨੇ ਕਾਜ਼ੀ ਦੀ ਭੰਡ ਸੰਵਾਰੀ ਅਤੇ ਪਿੰਡੀ ਆ ਗਿਆ। ਤੀਰਅੰਦਾਜ਼ੀ ਉਸ ਦਾ ਸ਼ੌਕ ਸੀ। ਸ਼ਰਾਰਤ ਵਜੋਂ ਉਹ ਖੂਹ ਤੋਂ ਪਾਣੀ ਭਰ ਕੇ ਲੈ ਜਾਣ ਵਾਲੀਆਂ ਔਰਤਾਂ ਦੇ ਘੜੇ ਭੰਨਣ ਲੱਗਾ। ਇਕ ਦਿਨ, ਦੋ ਦਿਨ, ਔਰਤਾਂ ਨੇ ਸਹਿਣ ਕੀਤਾ, ਪਰ ਇਕ ਦਿਨ ਦੁਖੀ ਹੋਈ ਇਕ ਔਰਤ ਨੇ ਮਿਹਣਾ ਮਾਰ ਦਿੱਤਾ, ‘‘ਐਡਾ ਹੀ ਸੂਰਮਾ ਹੈਂ ਤਾਂ ਆਪਣੇ ਵਡਿੱਕਿਆਂ ਦੇ ਕਤਲਾਂ ਦਾ ਬਦਲਾ ਲੈ।’’ ਦੁੱਲੇ ਨੇ ਘਰ ਆ ਕੇ ਮਾਂ ਤੋਂ ਪੁੱਛਿਆ ਤਾਂ ਪੁੱਤਰ ਦੀ ਬਹਾਦਰੀ ਉੱਤੇ ਮਾਣਮੱਤੀ ਮਾਂ ਨੇ ਸਾਰੀ ਹੋਈ ਬੀਤੀ ਕਹਿ ਸੁਣਾਈ। ਉਸ ਨੇ ਦੁੱਲੇ ਨੂੰ ਘਰ ਵਿਚ ਸਾਂਭੇ ਪਏ ਹਥਿਆਰਾਂ ਦਾ ਭੰਡਾਰ ਵੀ ਵਿਖਾਇਆ। ਦੁੱਲੇ ਨੇ ਹਥਿਆਰ ਆਪਣੇ ਹਾਣੀਆਂ ਵਿਚ ਵੰਡ ਕੇ ਉਨ੍ਹਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ। ਉਸ ਨੇ ਆਪਣਾ ਰਾਹ ਚੁਣ ਲਿਆ। ਆਪਣੀ ਅਣਖ ਨੂੰ ਗਵਾ ਕੇ ਅਕਬਰ ਦੀ ਸਰਪ੍ਰਸਤੀ ਹੇਠ ਵਧਣ ਫੁੱਲਣ ਵਾਲੇ ਸ਼ਰੀਕ ਉਸ ਨੂੰ ਖਟਕਣ ਲੱਗੇ। ਉਸ ਨੇ ਪਹਿਲਾ ਵਾਰ ਅਕਬਰ ਦੀ ਅਧੀਨਗੀ ਮੰਨਣ ਵਾਲੇ ਆਪਣੇ ਨਾਨਕੇ ਪਰਿਵਾਰ ਉੱਤੇ ਕੀਤਾ ਅਤੇ ਉਨ੍ਹਾਂ ਦੀ ਦੌਲਤ ਲੁੱਟ ਕੇ ਗ਼ਰੀਬਾਂ ਵਿਚ ਵੰਡ ਦਿੱਤੀ। ਦੁੱਲੇ ਵਿਚ ਆਪਣੀ ਹੋਂਦ ਦਾ ਅਹਿਸਾਸ ਜਾਗ ਪਿਆ ਅਤੇ ਉਸ ਨੇ ਅਕਬਰ ਨੂੰ ਇਸ ਤੋਂ ਜਾਣੂੰ ਕਰਵਾਉਣ ਦੀ ਠਾਣ ਲਈ।
ਸਾਰੇ ਜਾਣਦੇ ਸਨ ਕਿ ਅਕਬਰ ਬਾਦਸ਼ਾਹ ਦੀ ਰਹਿਮਤ ਸਦਕਾ ਪਿੰਡੀ ਘੁੱਗ ਵਸੀ ਹੈ, ਇਸ ਲਈ ਅਕਬਰ ਵੱਲ ਜਾਣ ਵਾਲੇ ਅਤੇ ਉਸ ਕੋਲੋਂ ਆਉਣ ਵਾਲੇ ਵਣਜਕਾਰਾਂ ਦਾ ਪੜਾਅ ਪਿੰਡੀ ਵਿਚ ਹੁੰਦਾ ਸੀ। ਆਮ ਵਾਂਗ ਘੋੜਿਆਂ ਦਾ ਵਪਾਰੀ ਅਲੀ ਪੰਜ ਸੌ ਕੰਧਾਰੀ ਘੋੜੇ ਅਕਬਰ ਨੂੰ ਦੇਣ ਜਾਂਦਾ ਪਿੰਡੀ ਰੁਕਿਆ ਤਾਂ ਦੁੱਲੇ ਨੇ ਉਸ ਤੋਂ ਘੋੜੇ ਖੋਹ ਕੇ ਆਪਣੇ ਹਾਣੀਆਂ ਵਿਚ ਵੰਡ ਦਿੱਤੇ। ਮੇਧਾ ਵਪਾਰੀ ਲਾਹੌਰ ਤੋਂ ਚੱਲ ਕੇ ਬਲਖ ਬੁਖਾਰੇ ਨੂੰ ਜਾਂਦਿਆਂ ਪਿੰਡੀ ਰੁਕਿਆ ਤਾਂ ਦੁੱਲੇ ਨੇ ਖੱਚਰਾਂ ਉੱਤੇ ਲੱਦਿਆ ਉਸ ਦਾ ਧਨ ਆਪਣੇ ਕਬਜ਼ੇ ਵਿਚ ਲੈ ਕੇ ਨੰਗ ਮੇਧੇ ਨੂੰ ਵਾਪਸ ਮੋੜਿਆ।
ਅਕਬਰ ਨੂੰ ਦੁੱਲੇ ਖ਼ਿਲਾਫ਼ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ, ਪਰ ਸ਼ੇਖੂ ਦੁੱਲੇ ਨਾਲ ਅਪਣੱਤ ਭਾਵਨਾ ਕਾਰਨ ਬਾਦਸ਼ਾਹੀ ਗੁੱਸੇ ਨੂੰ ਹਮੇਸ਼ਾ ਠੰਢਾ ਕਰ ਦਿੰਦਾ। ਸੋ ਅਕਬਰ ਨੇ ਦੁੱਲੇ ਨੂੰ ਹਕੂਮਤ ਪ੍ਰਤੀ ਨਾਬਰੀ ਵਿਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਦੀ ਸਮਝੌਤੀ ਦੇਣ ਲਈ ਸ਼ੇਖੂ ਨੂੰ ਹੀ ਜ਼ਿੰਮੇਵਾਰੀ ਸੌਂਪੀ। ਸ਼ੇਖੂ ਪਿੰਡੀ ਗਿਆ ਅਤੇ ਦੁੱਲੇ ਨੂੰ ਅਕਬਰ ਦੇ ਦਰਬਾਰ ਵਿਚ ਹਾਜ਼ਰ ਹੋਣ ਲਈ ਮਨਾ ਲਿਆ। ਦੁੱਲੇ ਦੀ ਇਕੋ ਸ਼ਰਤ ਸੀ ਕਿ ਉਹ ਅਕਬਰ ਨੂੰ ਦੁੱਲਾ ਬਣ ਕੇ ਹੀ ਮਿਲੇਗਾ ਅਤੇ ਉਸ ਤੋਂ ਸ਼ਾਹੀ ਦਰਬਾਰੀਆਂ ਵਾਲੀ ਜੀ ਹਜ਼ੂਰੀ ਦੀ ਆਸ ਨਾ ਰੱਖੀ ਜਾਵੇ। ਦੁੱਲੇ ਨੂੰ ਕਿਸੇ ਵੀ ਤਰ੍ਹਾਂ ਅਕਬਰ ਸਾਹਮਣੇ ਪੇਸ਼ ਕਰਨ ਲਈ ਯਤਨਸ਼ੀਲ ਸ਼ੇਖੂ ਨੇ ਇਹ ਸ਼ਰਤ ਮੰਨ ਲਈ, ਪਰ ਦੁੱਲੇ ਨੂੰ ਅਕਬਰ ਸਾਹਮਣੇ ਸਿਰ ਝੁਕਾਉਂਦਾ ਵਿਖਾਉਣ ਲਈ ਉਸ ਨੇ ਇਕ ਤਰਕੀਬ ਸੋਚੀ। ਉਹ ਦੁੱਲੇ ਨੂੰ ਦਰਬਾਰ ਅੰਦਰ ਦਾਖ਼ਲ ਹੋਣ ਲਈ ਉਸ ਰਸਤੇ ਲੈ ਕੇ ਗਿਆ ਜਿਧਰੋਂ ਇਕ ਨੀਵੀਂ ਬਾਰੀ ਰਾਹੀਂ ਅੰਦਰ ਜਾਇਆ ਜਾ ਸਕਦਾ ਸੀ। ਦੁੱਲਾ ਸ਼ੇਖੂ ਦੀ ਚਾਲ ਨੂੰ ਤਾੜ ਗਿਆ। ਉਸ ਨੇ ਬਾਰੀ ਵਿਚਦੀ ਦਰਬਾਰ ਅੰਦਰ ਜਾਣ ਲਈ ਸਿਰ ਨੀਵਾਂ ਕਰ ਕੇ ਅੱਗੇ ਜਾਣ ਦੀ ਥਾਂ ਪਹਿਲਾਂ ਜੁੱਤੀ ਵਾਲਾ ਪੈਰ ਅੰਦਰ ਕੀਤਾ। ਤਖ਼ਤ ਉੱਤੇ ਬੈਠਾ ਅਕਬਰ ਇਹ ਵੇਖ ਕੇ ਸੜ ਬਲ ਗਿਆ, ਪਰ ਬੋਲ ਕੁਝ ਨਾ ਸਕਿਆ। ਪਿੰਡੀ ਨੂੰ ਵਾਪਸ ਮੁੜਨ ਤੋਂ ਪਹਿਲਾਂ ਦੁੱਲੇ ਨੇ ਸ਼ਹਿਰ ਵਿਚ ਗ਼ਰੀਬਾਂ ਦਾ ਰੱਤ ਚੂਸ ਕੇ ਬਣੇ ਧਨਾਢਾਂ ਨੂੰ ਲੁੱਟਿਆ। ਦੁੱਲੇ ਨੂੰ ਹਕੂਮਤੀ ਢਾਂਚੇ ਨੂੰ ਵੰਗਾਰਨ ਦੀ ਇਹ ਸ਼ਕਤੀ ਆਪਣੇ ਉਨ੍ਹਾਂ ਲੋਕਾਂ ਤੋਂ ਮਿਲਦੀ ਸੀ ਜਿਨ੍ਹਾਂ ਦੇ ਦੁੱਖ ਸੁੱਖ ਵਿਚ ਭਾਈਵਾਲ ਹੋਣ ਨੂੰ ਉਹ ਆਪਣਾ ਮੁੱਖ ਫਰਜ਼ ਸਮਝਦਾ ਸੀ। ਉਸ ਵੱਲੋਂ ਇਕ ਸ਼ਰੀਫ਼ਜ਼ਾਦੀ ਨੂੰ ਅਕਬਰ ਦੇ ਕਿਸੇ ਲਾਕੜੇ ਹੱਥੋਂ ਬੇਇੱਜ਼ਤ ਹੋਣ ਤੋਂ ਬਚਾਉਣ ਦੀ ਘਟਨਾ ਨੇ ਤਾਂ ਉਸ ਨੂੰ ਆਪਣੇ ਭਾਈਚਾਰੇ ਦੀਆਂ ਨਜ਼ਰਾਂ ਵਿਚ ਲੋਕ ਨਾਇਕ ਦਾ ਦਰਜਾ ਦਿਵਾ ਦਿੱਤਾ। ਉਸ ਨੇ ਨਾ ਕੇਵਲ ਉਸ ਜਾਬਰ ਨੂੰ ਸਬਕ ਹੀ ਸਿਖਾਇਆ ਸਗੋਂ ਪੀੜਿਤ ਲੜਕੀ ਨੂੰ ਧੀਆਂ ਵਰਗਾ ਮਾਣ ਸਨਮਾਣ ਦੇ ਕੇ ਉਸ ਦਾ ਘਰ ਵਸਾਇਆ। ਲੋਕ ਦੁੱਲੇ ਦੇ ਇਸ ਭਲੇ ਕਾਰਜ ਨੂੰ ਗੀਤ ਦੇ ਰੂਪ ਵਿਚ ਗਾਉਣ ਲੱਗੇ:
ਸੁੰਦਰ ਮੰਦਰੀਏ!
ਤੇਰਾ ਕੌਣ ਵਿਚਾਰਾ ਹੂ।
ਦੁੱਲਾ ਭੱਟੀ ਵਾਲਾ ਹੂ।
ਦੁੱਲੇ ਧੀ ਵਿਆਹੀ ਹੂ।
ਸੇਰ ਸ਼ੱਕਰ ਪਾਈ ਹੂ…
ਅਕਬਰ ਸ਼ਾਇਦ ਬੇਬੱਸੀ ਵਿਚ ਦੁੱਲੇ ਵਿਰੁੱਧ ਅਜੇ ਵੀ ਕੋਈ ਕਾਰਵਾਈ ਨਾ ਕਰਦਾ, ਪਰ ਜਦ ਦੁੱਲੇ ਨੇ ਹੱਜ ਉੱਤੇ ਜਾ ਰਹੀ ਉਸ ਦੀ ਬੇਗ਼ਮ ਦਾ ਨਾ ਕੇਵਲ ਮਾਲ-ਮੱਤਾ ਹਥਿਆ ਲਿਆ ਸਗੋਂ ਉਸ ਦੀ ਗੁੱਤ ਮੁੰਨ ਕੇ ਵਾਪਸ ਕੀਤਾ ਤਾਂ ਉਸ ਲਈ ਦੁੱਲੇ ਦਾ ਬਗ਼ਾਵਤੀ ਰੌਂਅ ਸਹਿਣਾ ਮੁਸ਼ਕਿਲ ਹੋ ਗਿਆ। ਅਕਬਰ ਨੇ ਦੁੱਲੇ ਨੂੰ ਬੰਦੀ ਬਣਾ ਕੇ ਲਿਆਉਣ ਲਈ ਆਪਣੇ ਸਿਪਾਹਸਲਾਰ ਮਿਰਜ਼ਾ ਨਿਜ਼ਾਮਦੀਨ ਨੂੰ ਕੁਮਕ ਦੇ ਕੇ ਪਿੰਡੀ ਭੇਜਿਆ। ਦੁੱਲੇ ਨੂੰ ਜਾਣਕਾਰੀ ਮਿਲੀ ਤਾਂ ਇਕ ਪੈਂਤੜੇ ਵਜੋਂ ਉਹ ਕੁਝ ਦਿਨਾਂ ਲਈ ਪਾਸੇ ਟਿੱਭ ਗਿਆ। ਦੁੱਲੇ ਦੀ ਗ਼ੈਰਹਾਜ਼ਰੀ ਵਿਚ ਮਿਰਜ਼ੇ ਨੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ, ਪਰ ਤਿੰਨ ਕੁ ਦਿਨ ਪਿੱਛੋਂ ਆ ਕੇ ਦੁੱਲੇ ਨੇ ਬਾਜ਼ੀ ਉਲਟਾ ਦਿੱਤੀ। ਮਿਰਜ਼ੇ ਨੇ ਲੱਧੀ ਨੂੰ ਵਾਸਤਾ ਪਾ ਕੇ ਜਾਨ ਬਖ਼ਸ਼ੀ ਕਰਵਾਈ ਅਤੇ ਦੁੱਲੇ ਨੂੰ ਧਰਮ ਦਾ ਭਰਾ ਬਣਾ ਲਿਆ। ਕੁਝ ਦਿਨ ਮਿੱਤਰਤਾ ਦਾ ਨਾਟਕ ਖੇਡਣ ਪਿੱਛੋਂ ਬੇਈਮਾਨ ਮਿਰਜ਼ੇ ਨੇ ਦੁੱਲੇ ਨੂੰ ਨਸ਼ਾ ਪਿਆ ਕੇ ਬੰਧਕ ਬਣਾਇਆ ਅਤੇ ਅਕਬਰ ਦੇ ਪੇਸ਼ ਕਰਨ ਵਾਸਤੇ ਲੈ ਤੁਰਿਆ। ਬਾਗ਼ੀ ਦੁੱਲੇ ਨੇ ਅਕਬਰ ਨੂੰ ਸਲਾਮ ਨਹੀਂ ਸੀ ਕਰਨੀ। ਇਸ ਲਈ ਉਸ ਨੂੰ ਮੌਤ ਦੀ ਸਜ਼ਾ ਨਿਸ਼ਚਿਤ ਸੀ, ਪਰ ਦੁੱਲੇ ਨੇ ਦੁਸ਼ਮਣ ਵੱਲੋਂ ਮਾਰੇ ਜਾਣ ਦੀ ਥਾਂ ਮੌਤ ਨੂੰ ਖ਼ੁਦ ਜੱਫੀ ਪਾਉਣ ਨੂੰ ਤਰਜੀਹ ਦਿੱਤੀ।
ਉਪਰੋਕਤ ਕਹਾਣੀ ਦੰਦ ਕਥਾਵਾਂ ’ਤੇ ਆਧਾਰਿਤ ਹੈ, ਪਰ ਪੰਜਾਬ ਦੇ ਲੋਕ-ਇਤਿਹਾਸਕਾਰ ਦੁੱਲੇ ਦੀ ਬਗ਼ਾਵਤ ਨੂੰ ਬਾਰ ਦੇ ਕਿਸਾਨਾਂ ਦੇ ਵਿਦਰੋਹ ਵਜੋਂ ਦੇਖਦੇ ਹਨ। ਉਨ੍ਹਾਂ ਮੁਤਾਬਿਕ ਇਸ ਦਾ ਕਾਰਨ
ਮੁਗ਼ਲ ਹਕੂਮਤ ਵੱਲੋਂ ਮਾਲੀਏ ਦੀ ਉਗਰਾਹੀ ਨਕਦ ਰੂਪ ਵਿਚ ਸ਼ੁਰੂ ਕਰਨਾ ਸੀ। ਮਾਲੀਆ ਉਗਰਾਹੁਣ ਖ਼ਾਤਰ ਜਾਗੀਰਦਾਰਾਂ ਅਤੇ ਅਹਿਲਕਾਰਾਂ ਨੇ ਲੋਕਾਂ
’ਤੇ ਜ਼ੁਲਮ ਕੀਤੇ। ਇਸ ਜ਼ੁਲਮ ਵਿਰੁੱਧ ਦੇਸ਼ ਵਿਚ ਥਾਂ ਥਾਂ ’ਤੇ ਬਗ਼ਾਵਤਾਂ ਹੋਈਆਂ ਜੋ ਸਦੀਆਂ ਤਕ ਚਲਦੀਆਂ ਰਹੀਆਂ।
ਨਾਬਰੀ ਅਤੇ ਸਵੈਮਾਣ ਦੇ ਪ੍ਰਤੀਕ ਦੁੱਲੇ ਵਰਗੇ ਪੰਜਾਬੀ ਗੱਭਰੂ ਹਿੰਦੋਸਤਾਨ ਸਰਕਾਰ ਵੱਲੋਂ ਘੜੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਨੂੰ ਘੇਰਾ ਘੱਤੀ ਬੈਠੇ ਹਨ। ਇਹ ਉਨ੍ਹਾਂ ਸ਼ਕਤੀਆਂ ਨਾਲ ਦੋ ਹੱਥ ਕਰਨ ਉੱਤੇ ਤੁਲੇ ਹੋਏ ਹਨ ਜਿਹੜੀਆਂ ਅਜਿਹਾ ਵਾਤਾਵਰਨ ਸਿਰਜਨ ਦੇ ਰਾਹ ਪਈਆਂ ਹਨ ਜਿਸ ਵਿਚ ਮਨੁੱਖ ਦਾ ਸਾਹ ਲੈਣਾ ਦੁੱਭਰ ਹੋ ਜਾਵੇ। ਜਿਵੇਂ ਦੁੱਲਾ ਸ਼ਾਹੀ ਦਰਬਾਰ ਵਿਚ ਸਿਰ ਨਿਵਾਉਣ ਤੋਂ ਇਨਕਾਰੀ ਸੀ ਉਵੇਂ ਹੀ ਕਿਸਾਨਾਂ ਮਜ਼ਦੂਰਾਂ ਦੀ
ਸਾਂਝੀ ਤਾਕਤ ਕੇਂਦਰੀ ਹਾਕਮਾਂ ਅੱਗੇ ਝੁਕਣ ਦੀ ਥਾਂ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮਸਲੇ ਦੇ ਹੱਲ ਲਈ ਵੰਗਾਰਦੀ ਹੈ।
ਰੁੱਤਾਂ ਤੇ ਤਿਉਹਾਰ
ਰੁੱਤਾਂ ਗਿੜਦੀਆਂ ਤੇ ਬਦਲਦੀਆਂ ਨੇ। ਲੋਹੜੀ, ਹੋਲੀ, ਵਿਸਾਖੀ, ਦੀਵਾਲੀ ਤੇ ਹੋਰ ਕਈ ਤਿਉਹਾਰ, ਰੁੱਤਾਂ, ਲੋਕ ਸੰਘਰਸ਼ਾਂ ਅਤੇ ਪਰੰਪਰਾਵਾਂ ਨਾਲ ਬੱਝੇ ਹੋਏ ਹਨ। ਰੁੱਤਾਂ ਬੰਦਿਆਂ ਦੇ ਇਮਤਿਹਾਨ ਲੈਂਦੀਆਂ ਨੇ। ਨਜਮ ਹੁਸੈਨ ਸੱਯਦ ਨੇ ਲਿਖਿਆ ਹੈ:
ਰੁੱਤ ਕਰਦੀ ਨਿੱਤ ਲੇਖਾ
ਰੁੱਤ ਪੜ੍ਹਦੀ ਆਪ ਪਹਾੜੇ
ਰੁੱਤ ਗਿਣਦੀ ਪੌਨ ਸਵਾਏ
ਮੋਟੇ ਛਿੱਲੜ ਇਕੋ ਹੱਥ ਬੁਹਾਰਦੀ
ਰੁੱਤ ਲੇਸ ਘੇਸ ਸਭ ਕਰਦੀ ਢੇਰੀਆਂ
ਨੰਗੇ ਬੰਦੇ ਕੱਢ ਕੱਢ ਪਾਲ ਖਲ੍ਹਾਰਦੀ
ਨੰਗਿਆਂ ਬੰਦਿਆਂ ਉੱਤੋਂ ਪਾਣੀ ਵਾਰਦੀ
ਸੰਪਰਕ: 94170-49417