ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਜਯ ਕਿਸ਼ਨ ਨੰਦਾ ਉਰਫ਼ ਜੇ. ਕੇ. ਨੰਦਾ ਦੀ ਪੈਦਾਇਸ਼ 20 ਸਤੰਬਰ 1904 ਨੂੰ ਜ਼ਿਲ੍ਹਾ ਜੇਹਲਮ ਦੇ ਪਿੰਡ ਭੌਂਣ ਦੇ ਸਰਦੇ-ਪੁੱਜਦੇ ਜ਼ਿਮੀਂਦਾਰ ਪੰਜਾਬੀ ਪਰਿਵਾਰ ਵਿਚ ਹੋਈ। ਨੰਦਾ ਨੇ 1926 ਵਿਚ ਗੌਰਡਨ ਕਾਲਜ ਰਾਵਲਪਿੰਡੀ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਫੁੱਟਬਾਲ ਨੰਦਾ ਦੀ ਪਸੰਦੀਦਾ ਖੇਡ ਰਹੀ ਹੈ, ਜਿਸ ਦੇ ਉਹ ਕਪਤਾਨ ਵੀ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਐੱਮ. ਏ. ਅਤੇ ਐੱਲ.ਐੱਲ.ਬੀ. ਦੀ ਪੜ੍ਹਾਈ ਕਰਨ ਲਈ ਦਾਖਲਾ ਲਿਆ ਅਤੇ ਫਿਰ ਇਕ ਸਾਲ ਬਾਅਦ ਯੂਨੀਵਰਸਿਟੀ ਛੱਡ ਦਿੱਤੀ।
ਨੰਦਾ ਸਭ ਤੋਂ ਪਹਿਲਾਂ ਇਕ ਅਦਾਕਾਰ ਵਜੋਂ ਕੋਹਿਨੂਰ ਕੰਪਨੀ ਵਿਚ ਸ਼ਾਮਲ ਹੋਏ। ਇਸਤੋਂ ਬਾਅਦ ਜਗਦੀਸ਼ ਫ਼ਿਲਮ ਕੰਪਨੀ ਅਤੇ ਫਿਰ ਇੰਡੀਅਨ ਆਰਟਸ ਵਿਚ ਸ਼ਾਮਲ ਹੋ ਗਏ। ਅਦਾਕਾਰ ਵਜੋਂ ਜੇ. ਕੇ. ਨੰਦਾ ਦੀ ਪਹਿਲੀ ਚੁੱਪ ਫ਼ਿਲਮ ਕੋਹਿਨੂਰ ਪਿਕਚਰਜ਼, ਬੰਬੇ ਦੀ ਨਰਾਇਣ ਦਿਵਾਰੇ ਨਿਰਦੇਸ਼ਿਤ ‘ਬੈਂਡਿਟ ਆਫ ਬਗਦਾਦ’ (1929) ਸੀ। ਦੂਜੀ ਕਲਾਸੀਕਲ ਚੁੱਪ ਫ਼ਿਲਮ ਇੰਡੀਅਨ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਐੱਮ. ਭਵਨਾਨੀ ਨਿਰਦੇਸ਼ਿਤ ‘ਵਸੰਤਸੈਨਾ’ ਉਰਫ਼ ‘ਮ੍ਰੀਚਕਾਟਿਕਾ’ (1930) ਸੀ। ਬਤੌਰ ਹਿਦਾਇਤਕਾਰ ਜੇ. ਕੇ. ਨੰਦਾ ਦੀ ਪਹਿਲੀ ਚੁੱਪ ਐਕਸ਼ਨ ਫ਼ਿਲਮ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ, ਲਾਹੌਰ ਦੀ ‘ਵਾਨਡੈਰਿੰਗ ਡਾਂਸਰ’ ਉਰਫ਼ ‘ਆਵਾਰਾ ਰਕਾਸਾ’ (1931) ਸੀ। ਫ਼ਿਲਮ ਵਿਚ ਰੁਕੱਈਆ ਖ਼ਾਤੂਨ, ਹੀਰਾ ਲਾਲ ਤੇ ਗੁਲ ਹਮੀਦ ਨੇ ਅਹਿਮ ਕਿਰਦਾਰ ਅਦਾ ਕੀਤੇ।
ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਵੱਡਾ ਕਰਨ ਦੀ ਚਾਹਤ ਨਾਲ ਯੂ. ਐੱਫ. ਏ. ਵਿਚ ਫੋਟੋਗ੍ਰਾਫ਼ੀ ਅਤੇ ਨਿਰਦੇਸ਼ਨ ਕਲਾ ਸਿੱਖਣ ਲਈ ਜਰਮਨੀ ਦਾ ਰੁਖ਼ ਕੀਤਾ। ਥੋੜ੍ਹਾ ਸਮਾਂ ਇੱਥੇ ਰਹਿਣ ਤੋਂ ਬਾਅਦ ਉਹ ਬ੍ਰਿਟਿਸ਼ ਇੰਟਰਨੈਸ਼ਨਲ ਸਟੂਡੀਓਜ਼ ਵਿਚ ਸਿਖਲਾਈ ਪ੍ਰਾਪਤ ਕਰਨ ਲਈ ਇੰਗਲੈਂਡ ਚਲੇ ਗਏ ਅਤੇ ਫਿਰ ਲੰਡਨ ਦੇ ਡੋਮੀਨੀਅਨ ਸਟੂਡੀਓਜ਼ ਅਤੇ ਅਲਸਟਰੀ ਸਟੂਡੀਓਜ਼ ਦਾਖਲ ਹੋ ਗਏ।
ਭਾਰਤ ਵਾਪਸ ਆਉਣ ’ਤੇ ਜੇ. ਕੇ. ਨੰਦਾ ਨੇ ਲਾਹੌਰ ਵਿਚ ਆਪਣੇ ਫ਼ਿਲਮਸਾਜ਼ ਅਦਾਰੇ ਓਰੀਐਂਟਲ ਪਿਕਚਰਜ਼, ਲਾਹੌਰ ਦੀ ਸਥਾਪਨਾ ਕੀਤੀ। ਇਸ ਦੇ ਬੈਨਰ ਹੇਠ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਪਵਿੱਤਰ ਗੰਗਾ’ ਉਰਫ਼ ‘ਸੈਕਰਡ ਗੰਗਾਜ਼’ (1932) ਬਣਾਈ। ਮੌਸੀਕੀ ਰਫ਼ੀਕ ਗਜ਼ਨਵੀ ਨੇ ਮੁਰੱਤਬਿ ਕੀਤੀ। ਅਦਾਕਾਰਾਂ ਵਿਚ ਨਲਿਨੀ ਤਰਖਡ, ਇੰਦਰ, ਨਾਮੀਬਯਾਰ ਤੇ ਹੀਰਾ ਲਾਲ ਮੌਜੂਦ ਸਨ। ਅਮਰ ਮੂਵੀਟੋਨ, ਬੰਬਈ ਦੇ ਬੈਨਰ ਜੇ. ਕੇ. ਨੰਦਾ ਨਿਰਦੇਸ਼ਿਤ ਦੂਜੀ ਫ਼ਿਲਮ ‘ਇੰਤਕਾਮ’ ਉਰਫ਼ ‘ਕਰਸਸ ਆਫ਼ ਕਿਊਪਡ’ (1933) ਸੀ। ਗੀਤ ਤੇ ਮੁਕਾਲਮੇ ਡੀ. ਐੱਨ. ਮਧੋਕ ਅਤੇ ਅਦਾਕਾਰਾਵਾਂ ਵਿਚ ਸੁਲਤਾਨਾ, ਰਾਜਕੁਮਾਰੀ, ਨੂਰਜਹਾਂ, ਮਿਸ ਗੰਗਾ, ਜਗਦੀਸ਼ ਸੇਠੀ ਸ਼ਾਮਲ ਸਨ। ਪ੍ਰੋਸਪੈਰਿਟੀ ਫ਼ਿਲਮ ਕੰਪਨੀ, ਬੰਬਈ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਤੀਜੀ ਫ਼ਿਲਮ ‘ਬਹਨ ਕਾ ਪ੍ਰੇਮ’ ਉਰਫ਼ ‘ਬੇਨੂਰ ਆਂਖੇਂ’ (1935) ਸੀ। ਸੰਗੀਤ ਰਫ਼ੀਕ ਗ਼ਜ਼ਨਵੀ ਤੇ ਅਦਾਕਾਰਾਂ ਵਿਚ ਪਦਮਾ ਦੇਵੀ, ਜ਼ੌਹਰਾ ਬਾਈ, ਅਜ਼ੂਰੀ, ਰਫ਼ੀਕ ਗ਼ਜ਼ਨਵੀ ਆਦਿ ਸ਼ਾਮਲ ਸਨ। ਤਾਜ਼ ਪ੍ਰੋਡਕਸਨਜ਼, ਲਾਹੌਰ ਦੀ ਜੇ. ਕੇ. ਨੰਦਾ ਨਿਰਦੇਸ਼ਿਤ ‘ਸੁਹਾਗ ਕਾ ਦਾਨ’ (1936) ਸੀ, ਜਿਸ ਵਿਚ ਬਿੱਬੋ ਤੇ ਦੇਵਿਕੀ ਨੰਦਨ ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਫ਼ਿਲਮਸਾਜ਼ ਅਤੇ ਕਹਾਣੀਨਵੀਸ ਸਈਅਦ ਇਮਤਿਆਜ਼ ਅਲੀ ਤਾਜ ਸਨ।
ਨੰਦਾ ਨੇ ਦੇਹਰਾਦੂਨ ਵਿਚ ਵੀ ਇਕ ਕੰਪਨੀ ਬਣਾਈ, ਪਰ ਉਹ ਸਾਈਨ ਬੋਰਡ ਕੰਪਨੀ ਹੀ ਬਣੀ ਰਹਿ ਗਈ। 1941 ਵਿਚ ਨੰਦਾ ਬੰਬੇ ਚਲੇ ਗਏ ਅਤੇ ਉੱਥੇ ਏ. ਆਰ. ਕਾਰਦਾਰ ਅਤੇ ਹੋਰਨਾਂ ਦੇ ਸਹਿਯੋਗ ਨਾਲ ਨਿਸ਼ਾਤ ਪ੍ਰੋਡਕਸ਼ਨਜ਼ ਕੰਪਨੀ ਦੀ ਸਥਾਪਨਾ ਕੀਤੀ। ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਏ. ਆਰ. ਕਾਰਦਾਰ ਦੀ ਫ਼ਿਲਮਸਾਜ਼ੀ ਅਤੇ ਆਪਣੀ ਹਿਦਾਇਤਕਾਰੀ ਵਿਚ ਜੇ. ਕੇ. ਨੰਦਾ ਨੇ ਪਹਿਲੀ ਪੰਜਾਬੀ ਫ਼ਿਲਮ ‘ਕੁੜਮਾਈ’ (1941) ਬਣਾਈ। ਕਹਾਣੀ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ, ਮੌਸੀਕੀ ਖਵਾਜਾ ਖੁਰਸ਼ੀਦ ਅਨਵਰ (ਪਹਿਲੀ ਫ਼ਿਲਮ) ਨੇ ਮੁਰੱਤਬਿ ਕੀਤੀ। ਫ਼ਿਲਮ ਵਿਚ ਵਾਸਤੀ ਤੇ ਰਾਧਾ ਰਾਣੀ ਮਰਕਜ਼ੀ ਕਿਰਦਾਰ ਤੇ ਦੀਗ਼ਰ ਫ਼ਨਕਾਰਾਂ ਵਿਚ ਸ਼ਾਂਤੀ, ਜਗਦੀਸ਼ ਸੇਠੀ, ਜੀਵਨ, ਗੁਲਾਬ, ਕੁੰਦਨਲਾਲ ਰਾਜਪਾਲ, ਅਲਾਊਦੀਨ ਆਦਿ ਨੁਮਾਇਆਂ ਸਨ। ਦਾਜ ਪ੍ਰਥਾ ’ਤੇ ਆਧਾਰਿਤ ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਲਾਹੌਰ ਤੋਂ ਇਲਾਵਾ ਕੈਪੀਟਲ ਤੇ ਪਿਕਚਰਜ਼, ਹਾਊਸ, ਪੇਸ਼ਾਵਰ ਅਤੇ ਰਿਆਲਟੋ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਇਸ ਫ਼ਿਲਮ ਨੇ ਇਤਿਹਾਸ ਸਿਰਜਿਆ ਤੇ ਤਕਨੀਕੀ ਮਿਆਰ ਪਾਰੋਂ ਇਹ ਕਾਮਯਾਬ ਫ਼ਿਲਮ ਕਰਾਰ ਪਾਈ।
ਇਸ ਤੋਂ ਬਾਅਦ ਊਨ੍ਹਾਂ ਨੇ ਫ਼ਿਲਮ ਸਲਾਹਕਾਰ ਬੋਰਡ ਲਈ ਇਕ ਛੋਟੀ ਰੀਲ੍ਹ ਦਾ ਨਿਰਮਾਣ ਕੀਤਾ। ਫਿਰ ਡੀ. ਆਰ. ਡੀ. ਪ੍ਰੋਡਕਸ਼ਨਜ਼, ਬੰਬਈ ਦੇ ਬੈਨਰ ਹੇਠ ਊਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਇਸ਼ਾਰਾ’ (1943) ਬਣਾਈ। ਕਹਾਣੀ ਦੀਵਾਨ ਸ਼ਰਰ, ਮੁਕਾਲਮੇ ਐੱਸ. ਗਜ਼ਨਵੀ, ਡੀ. ਐੱਨ. ਮਧੋਕ, ਡੀ. ਸ਼ਰਰ ਅਤੇ ਗੀਤ ਡੀ. ਐੱਨ. ਮਧੋਕ ਨੇ ਤਹਿਰੀਰ ਕੀਤੇ। ਅਦਾਕਾਰ ਪ੍ਰਿਥਵੀਰਾਜ ਕਪੂਰ, ਸਵਰਨ ਲਤਾ, ਸੁਰੱਈਆ, ਸਤੀਸ਼ ਛਾਬੜਾ ਆਦਿ ਨੁਮਾਇਆਂ ਸਨ। 4 ਜੂਨ 1943 ਨੂੰ ਸਵਾਸਤਿਕ ਸਿਨਮਾ, ਬੰਬੇ ’ਚ ਰਿਲੀਜ਼ ਇਹ ਫ਼ਿਲਮ ਨੰਦਾ ਦੇ ਫ਼ਿਲਮ ਨਿਰਦੇਸ਼ਨ ਕਲਾ ਦਾ ਮੀਲ ਪੱਥਰ ਸਾਬਤ ਹੋਈ। ਇਸ ਤੋਂ ਬਾਅਦ ਉਹ ਲਾਹੌਰ ਚਲੇ ਗਏ। ਉੱਥੇ ਚਿੱਤਰਾ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ‘ਝੁਮਕੇ’ (1946) ਬਣਾਈ। ਫ਼ਿਲਮਸਾਜ਼ ਸੀ. ਆਰ. ਗਵਾਲਾਨੀ, ਕਹਾਣੀ ਐੱਸ. ਐੱਚ. ਮਿੰਟੂ, ਮੁਕਾਲਮੇ ਇਮਤਿਆਜ਼ ਅਲੀ ਤਾਜ, ਗੀਤ ਸ਼ਰਮਾ, ਲਾਤੀਫ਼ ਅਤੇ ਸੰਗੀਤਕ ਤਰਜ਼ਾਂ ਪੰਡਤ ਅਮਰਨਾਥ ਨੇ ਮੁਰੱਤਬਿ ਕੀਤੀਆਂ। ਅਦਾਕਾਰਾਂ ’ਚ ਅਖ਼ਤਰ, ਸਤੀਸ਼ ਛਾਬੜਾ, ਜਾਗੀਰਦਾਰ, ਲਲਿਤਾ ਪਵਾਰ ਆਦਿ ਸ਼ਾਮਲ ਸਨ।
1947 ਦੀ ਵੰਡ ਦੌਰਾਨ ਉਹ ਬੰਬਈ ਆਣ ਵੱਸੇ। ਇੱਥੇ ਉਨ੍ਹਾਂ ਨੇ ਜੀਤ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਪਰਵਾਨਾ’ (1947) ਬਣਾਈ। ਫ਼ਿਲਮਸਾਜ਼ ਆਰ. ਬੀ. ਹਲਦੀਆ, ਕਹਾਣੀ ਤੇ ਗੀਤ ਡੀ. ਐੱਨ. ਮਧੋਕ ਅਤੇ ਸੰਗੀਤਕ ਧੁੰਨਾਂ ਖੁਰਸ਼ੀਦ ਅਨਵਰ ਨੇ ਤਰਤੀਬ ਕੀਤੀਆਂ। ਇਹ ਫ਼ਿਲਮ ਅਦਾਕਾਰ ਤੇ ਗੁਲੂਕਾਰ ਕੁੰਦਨਲਾਲ ਸਹਿਗਲ ਦੀ ਆਖ਼ਰੀ ਫ਼ਿਲਮ ਸੀ। ਹਲਦੀਆ ਨੰਦਾ ਪ੍ਰੋਡਕਸ਼ਨਜ਼, ਬੰਬਈ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਸਿੰਗਾਰ’ (1949) ਵਿਚ ਸੁਰੱਈਆ, ਜਯ ਰਾਜ ਤੇ ਮਧੂਬਾਲਾ ਨੇ ਮਰਕਜ਼ੀ ਕਿਰਦਾਰ ਨਿਭਾਏ। ਗੀਤ ਡੀ. ਐੱਨ. ਮਧੋਕ, ਸ਼ਕੀਲ ਬਦਾਯੂੰਨੀ, ਨਖ਼ਸ਼ਬ ਜਾਰਚਵੀ, ਸੰਗੀਤ ਖੁਰਸ਼ੀਦ ਅਨਵਰ (ਸਹਾਇਕ ਰੌਸ਼ਨ ਲਾਲ) ਨੇ ਤਾਮੀਰ ਕੀਤਾ। ਨੈਸ਼ਨਲ ਫ਼ਿਲਮ ਸਰਕਟ, ਬੰਬਈ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਚਮਕੀ’ (1952) ਦੇ ਫ਼ਿਲਮਸਾਜ਼ ਮਗਨਲਾਲ ਜੀ. ਦੇਸਾਈ, ਗੀਤ ਕਵੀ ਪ੍ਰਦੀਪ ਅਤੇ ਸੰਗੀਤਕਾਰ ਮੰਨਾ ਡੇਅ (ਗਾਇਕ) ਸਨ। ਫ਼ਿਲਮ ਦਾ ਟਾਈਟਲ ਕਿਰਦਾਰ ਰਾਗਿਨੀ ਨੇ ਨਿਭਾਇਆ, ਜਿਸ ਨੂੰ ਲਾਹੌਰ ਤੋਂ ਨੰਦਾ ਨੇ ਵਿਸ਼ੇਸ਼ ਤੌਰ ’ਤੇ ਬੁਲਾਇਆ ਸੀ। ਹੀਰੋ ਸ਼ੇਖਰ ਸਨ ਤੇ ਦੀਗਰ ਫਨਕਾਰਾਂ ਵਿਚ ਰੂਪਮਾਲਾ, ਉਲਹਾਸ, ਮੁਰਾਦ, ਕੁੱਕੂ (ਡਾਂਸਰ), ਜੀਵਨ, ਮੁਮਤਾਜ਼ ਬੇਗਮ ਆਦਿ ਨੁਮਾਇਆਂ ਸਨ। ਜੇ. ਕੇ. ਨੰਦਾ ਦੀ ਲਿਖੀ ਤੇ ਨਿਰਦੇਸ਼ਿਤ ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੀ ਮਜ਼ਾਹੀਆ ਫ਼ਿਲਮ ‘ਬਰਾਤੀ’ (1954) ’ਚ ਚਾਂਦ ਉਸਮਾਨੀ, ਦਰਪਣ (ਅਸਲ ਨਾਮ ਇਸ਼ਰਤ/ਪਾਕਿਸਤਾਨੀ ਅਦਾਕਾਰ), ਪੀਸ ਕੰਵਲ, ਆਗਾ, ਓਮ ਪ੍ਰਕਾਸ਼, ਜਾਨੀ ਵਾਕਰ, ਰਾਜਨ ਹਕਸਰ ਆਦਿ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਇਹ ਫ਼ਿਲਮ ਪੰਜਾਬੀ ਫ਼ਿਲਮ ‘ਕੁੜਮਾਈ’ (1941) ਦਾ ਹਿੰਦੀ ਰੀਮੇਕ ਸੀ।
ਆਪਣੇ ਫ਼ਿਲਮਸਾਜ਼ ਅਦਾਰੇ ਨੰਦਾ ਫ਼ਿਲਮਜ਼, ਬੰਬਈ ਦੀ ਜੇ. ਕੇ. ਨੰਦਾ ਨੇ ਪਹਿਲੀ ਫ਼ਿਲਮ ‘ਢਾਕੇ ਕੀ ਮਲਮਲ’ (1956) ਬਣਾਈ ਜੋ ਉਨ੍ਹਾਂ ਦੇ ਫ਼ਿਲਮ ਸਫ਼ਰ ਦੀ ਆਖ਼ਰੀ ਫ਼ਿਲਮ ਸੀ। ਫ਼ਿਲਮ ਵਿਚ ਮਧੂਬਾਲਾ ਤੇ ਕਿਸ਼ੋਰ ਕੁਮਾਰ ਨੇ ਮੁੱਖ ਕਿਰਦਾਰ ਨਿਭਾਏ ਸਨ। ਗੀਤਕਾਰ ਜਾਂਨਿਸਾਰ ਅਖ਼ਤਰ, ਸਰੋਜ ਮੋਹਿਨੀ ਨਈਅਰ, ਡੀ. ਐੱਨ. ਮਧੋਕ ਅਤੇ ਸੰਗੀਤਕਾਰ ਓ. ਪੀ. ਨਈਅਰ ਤੇ ਰਾਬਿਨ ਚੈਟਰਜੀ (ਸਹਾਇਕ ਸੇਬੇਸਟੀਅਨ, ਕੋਹਲੀ) ਸਨ। ਜੇ. ਕੇ. ਨੰਦਾ ਨੇ ਆਪਣੇ ਜ਼ਾਤੀ ਬੈਨਰ ਹੇਠ ਆਪਣੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ਵਿਚ ਦੂਸਰੀ ਹਿੰਦੀ ਫ਼ਿਲਮ ‘ਚਲਾਕ’ ਵੀ ਬਣਾਈ ਸੀ, ਜਿਸਦਾ ਸੰਗੀਤ ਸ਼ੰਕਰ-ਜਯਕਿਸ਼ਨ ਨੇ ਮੁਰੱਤਬਿ ਕੀਤਾ ਸੀ। ਫ਼ਿਲਮ ਦੀ ਹੀਰੋਇਨ ਮਧੂਬਾਲਾ ਸੀ, ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਇਸ ਤੋਂ ਇਲਾਵਾ ਮਿਨਰਵਾ ਮੂਵੀਟੋਨ, ਬੰਬਈ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਫ਼ਿਲਮ ‘ਮਿਰਜ਼ਾ ਗਾਲਬਿ’ (1954) ਦਾ ਮੰਜ਼ਰਨਾਮਾ ਨੰਦਾ ਨੇ ਲਿਖਿਆ। ਮਿਨਰਵਾ ਮੂਵੀਟੋਨ ਦੀ ਹੀ ਸੋਹਰਾਬ ਮੋਦੀ ਨਿਰਦੇਸ਼ਿਤ ਫ਼ਿਲਮ ‘ਜੇਲਰ’ (1958) ਦੇ ਸੋਧੇ ਹੋਏ ਮੁਕਲਾਮੇ ਵੀ ਜੇ. ਕੇ. ਨੰਦਾ ਨੇ ਲਿਖੇ ਸਨ। ਭਾਰਤੀ ਫ਼ਿਲਮਾਂ ਦਾ ਇਹ ਅਜ਼ੀਮ ਪੰਜਾਬੀ ਹਿਦਾਇਤਕਾਰ, ਫ਼ਿਲਮਸਾਜ਼, ਮੁਕਾਲਮਾਨਿਗਾਰ 1 ਜਨਵਰੀ 1983 ਨੂੰ 79 ਸਾਲਾਂ ਦੀ ਉਮਰ ਵਿਚ ਬੰਬਈ ਵਿਖੇ ਜਹਾਨੋਂ ਰੁਖ਼ਸਤ ਹੋ ਗਿਆ।
ਸੰਪਰਕ: 97805-09545