ਕੇਵਲ ਧਾਲੀਵਾਲ
ਸਾਲ 2022 ਵਿਚ ਵੀ ਪੰਜਾਬੀ ਰੰਗਮੰਚ ਨੇ ਆਪਣੇ ਇਕ ਸੌ ਪੰਝੀ ਸਾਲ ਦੇ ਸਫ਼ਰ ਦੀ ਨਿਰੰਤਰਤਾ ਫਿੱਕੀ ਨਹੀਂ ਹੋਣ ਦਿੱਤੀ। ਜਦੋਂ ਮੈਂ ਪਿਛਲੇ ਸਾਲ ਦੇ ਪੰਜਾਬੀ ਰੰਗਮੰਚ ਉੱਤੇ ਝਾਤ ਪਾਈ ਤਾਂ ਬਹੁਤ ਸਾਰੇ ਨੌਜਵਾਨ ਰੰਗਕਰਮੀਆਂ ਦੀਆਂ ਨਾਟ-ਸਕਰਿਪਟਾਂ, ਇਕ ਪਾਤਰੀ ਪੇਸ਼ਕਾਰੀਆਂ, ਨਾਟ ਨਿਰਦੇਸ਼ਨਾਂ ਅਤੇ ਨੌਜਵਾਨ ਰੰਗਕਰਮੀਆਂ ਵੱਲੋਂ ਆਯੋਜਿਤ ਨਾਟ ਮੇਲਿਆਂ ਨੇ ਫਖ਼ਰ ਮਹਿਸੂਸ ਕਰਵਾਇਆ ਹੈ। ਪੰਜਾਬੀ ਨਾਟਕ ਨੇ ਸਾਲ 2022 ਵਿਚ ਕਲਾਸੀਕਲ ਨਾਟਕਾਂ ਰਾਹੀਂ ਵੀ ਦਸਤਕ ਦਿੱਤੀ ਹੈ ਤੇ ਸਮਾਜਿਕ ਫ਼ਿਕਰਾਂ, ਵਿਚਾਰਾਂ ਨਾਲ ਕਿਰਤੀ ਕਾਮਿਆਂ ਦੇ ਵਿਹੜਿਆਂ ਵਿਚ ਵੀ ਨਾਟਕਾਂ ਰਾਹੀਂ ਦਸਤਕ ਦਿੱਤੀ ਹੈ। ਸਿਰਫ਼ ਪੰਜਾਬ ਵਿਚ ਹੀ ਪੰਜਾਬੀ ਰੰਗਮੰਚ ਨਹੀਂ, ਬਲਕਿ ਭਾਰਤ ਦੇ ਦੂਸਰੇ ਸੂਬਿਆਂ ਅਤੇ ਭਾਰਤ ਤੋਂ ਬਾਹਰ ਦੂਜੇ ਦੇਸ਼ਾਂ ਵਿਚ ਵੀ ਪੰਜਾਬੀ ਨਾਟਕ ਦੀ ਭਰਵੀਂ ਹਾਜ਼ਰੀ ਲੱਗੀ ਹੈ।
ਸਾਲ 2022 ਵਿਚ ਆਜ਼ਾਦ ਰੰਗਮੰਚ ਬਰਨਾਲਾ ਵੱਲੋਂ ਨੌਜਵਾਨ ਨਿਰਦੇਸ਼ਕ ਰਣਜੀਤ ਚੁਹਾਨ ਅਤੇ ਰੇਸ਼ਮਾ ਚੁਹਾਨ ਵੱਲੋਂ ਨਾਟਕ ‘ਲੋਕਡਾਊਨ’, ‘ਗੋਦੀ ਮੀਡੀਆ ਝੂਠ ਬੋਲਦਾ ਹੈ’, ‘ਕਰਲੋ ਦੁਨੀਆ ਮੁੱਠੀ ਮੇਂ’, ‘ਨਾਰਕੋ ਟੈਸਟ’, ‘ਧੁਖਦਾ ਪੰਜਾਬ’, ‘ਛਿਪਣ ਤੋਂ ਪਹਿਲਾਂ’, ‘ਮਿੱਟੀ ਰੁਦਨ ਕਰੇ’, ‘ਮੈਂ ਫੇਰ ਆਵਾਂਗਾ’, ‘ਉਮੀਦਾਂ ਦੀ ਅਰਥੀ’, ‘ਚੰਦਨ ਦੇ ਓਹਲੇ’, ‘ਸਰਦਲ ਦੇ ਆਰ ਪਾਰ’ ਅਤੇ ‘ਸਰਹੱਦਾਂ ਹੋਰ ਵੀ ਨੇ’ ਦੀਆਂ ਲਗਭਗ 300 ਪੇਸ਼ਕਾਰੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਕੀਤੀਆਂ ਗਈਆਂ। ਇਸੇ ਤਰ੍ਹਾਂ ਦਸਤਕ ਆਰਟ ਗਰੁੱਪ ਮਾਨਸਾ ਵੱਲੋਂ ਲੇਖਕ, ਨਿਰਦੇਸ਼ਕ ਅੰਮ੍ਰਿਤਪ੍ਰੀਤ ਦੀ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਦੇ ਸ਼ਹਿਰ, ਪਿੰਡਾਂ, ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਉਪਰ ਨਾਟਕ ‘ਕੁੱਤਾ ਰਾਜ ਬਿਠਾਲੀਏ’, ‘ਭਗਤ ਸਿੰਘ ਤੂੰ ਜ਼ਿੰਦਾ ਹੈਂ’, ‘ਹੋਕਾ’ ਅਤੇ ‘ਗਿਰਝਾਂ’ ਨੁੱਕੜ ਨਾਟਕਾਂ ਦੇ 100 ਦੇ ਕਰੀਬ ਸ਼ੋਅ ਕੀਤੇ ਗਏ। ਇਹ ਸਾਰੀਆਂ ਪੇਸ਼ਕਾਰੀਆਂ ਕਿਸੇ ਸਰਕਾਰੀ ਮਦਦ ਜਾਂ ਸੰਸਥਾ, ਜਥੇਬੰਦੀ ਆਦਿ ਦੀ ਮਦਦ ਤੋਂ ਬਿਨਾਂ, ਆਪਣੇ ਪੱਧਰ ‘ਤੇ ਲੋਕਾਂ ਦੇ ਸਹਿਯੋਗ ਨਾਲ ਕੀਤੀਆਂ ਗਈਆਂ। ਜੁਗਨੂੰ ਕਲਾ ਮੰਚ ਮਾਨਸਾ ਵੱਲੋਂ ਵੀ ਨਿਰਦੇਸ਼ਕ ਜਗਤਾਰ ਮਾਨ ਦੀ ਨਿਰਦੇਸ਼ਨਾ ਹੇਠ ਨਾਟਕ ‘ਸੁਲਘਦੀ ਧਰਤੀ’ ਦੇ ਪੰਜ ਸ਼ੋਅ ਕੀਤੇ ਗਏ। ਆਜ਼ਾਦ ਕਲਾ ਮੰਚ ਮਾਨਸਾ ਵੱਲੋਂ ਨਿਰਦੇਸ਼ਕ ਤਰਸੇਮ ਰਾਹੀ ਦੇ ਨਾਟਕ ‘ਕੁਰਸੀ ਨਾਚ ਨਚਾਏ’ ਦੀਆਂ 10 ਪੇਸ਼ਕਾਰੀਆਂ ਕੀਤੀਆਂ। ਸੁਖਵਿੰਦਰ ਚੀਦਾ ਭਗਤਾ (ਬਠਿੰਡਾ) ਨੇ ‘ਤਮਾਸ਼ਾ ਹਿੰਦੁਸਤਾਨ’ ਨਾਟਕ ਦੀਆਂ 5 ਪੇਸ਼ਕਾਰੀਆਂ ਕੀਤੀਆਂ। ਪ੍ਰੋ. ਅਜਮੇਰ ਔਲਖ ਦੇ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਅਤੇ ਕਲਾਕਾਰਾਂ ਨੇ ਔਲਖ ਦੇ ਨਾਟਕਾਂ ‘ਅਵੇਸਲੇ ਯੁੱਧਾਂ ਦੀ ਨਾਇਕਾ’, ‘ਬੇਗਾਨੇ ਬੋਹੜ ਦੀ ਛਾਂ’ ਤੇ ‘ਆਪਣਾ ਆਪਣਾ ਹਿੱਸਾ’ ਨੂੰ ਸਾਰਾ ਸਾਲ ਲਗਾਤਾਰ ਖੇਡ ਕੇ ਉਨ੍ਹਾਂ ਦੀ ਯਾਦ ਨੂੰ ਜ਼ਿੰਦਾ ਰੱਖਿਆ ਹੈ।
ਧਰਨੇ, ਕਿਸਾਨ ਮੋਰਚੇ ਵਾਲੀਆਂ ਬਹੁਤ ਸਾਰੀਆਂ ਥਾਵਾਂ ਉੱਤੇ ਵੀ ਇਕੱਤਰ ਸਿੰਘ ਵੱਲੋਂ ‘ਛਿਪਣ ਤੋਂ ਪਹਿਲਾਂ’, ‘ਇਸ਼ਕ ਰੀਮਿਕਸ’, ‘ਇਕ ਸੀ ਦਰਿਆ’ (ਚੰਡੀਗੜ੍ਹ ਸਕੂਲ ਆਫ਼ ਡਰਾਮਾ), ਸਤਪਾਲ ਬੰਗਾ (ਪੀਪਲਜ਼ ਆਰਟ ਪਟਿਆਲਾ), ਤੀਰਥ ਚੜਿਕ (ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿਕ), ਰਾਜਵਿੰਦਰ ਸਮਰਾਲਾ ਨੇ ਨਾਟਕ ‘ਇਕ ਸੀ ਜਲਪਰੀ’ ਅਤੇ ‘ਸੂਰਜ ਕਦੇ ਮਰਦੇ ਨਹੀਂ’ (ਅਕਸ ਰੰਗਮੰਚ ਸਮਰਾਲਾ) ਅਤੇ ਸੈਮੂਅਲ ਜੌਨ (ਪੀਪਲਜ਼ ਥੀਏਟਰ ਲਹਿਰਾਗਾਗਾ) ਨੇ ਆਪਣੇ ਨਾਟਕਾਂ ਰਾਹੀਂ ਲੋਕ ਸੰਘਰਸ਼ ਦਾ ਸੁਨੇਹਾ ਦਿੱਤਾ। ਪਟਿਆਲਾ ਵਾਲੇ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਨੇ ਉਮਰ ਦੇ 90 ਸਾਲ ਟੱਪਣ ਤੋਂ ਬਾਅਦ ਵੀ ਰੰਗਮੰਚ ਦਾ ਪੱਲਾ ਨਹੀਂ ਛੱਡਿਆ ਤੇ ਸਾਰਾ ਸਾਲ ਆਪਣੇ ਨਾਟ ਗਰੁੱਪ ‘ਨੈਸ਼ਨਲ ਥੀਏਟਰ ਆਰਟਸ ਸੁਸਾਇਟੀ’ ਵੱਲੋਂ ਨਾਟਕ ‘ਲੱਖੀ ਸ਼ਾਹ ਵਣਜਾਰਾ’, ‘ਸੁੱਕੀ ਕੁੱਖ’, ‘ਸੁਹਾਗ’, ‘ਸਬਜ ਬਾਗ’ ਅਤੇ ‘ਇਹ ਮੇਰਾ ਪੰਜਾਬ’ ਨਾਟ ਸਰਗਰਮੀਆਂ ਨਾਲ ਹਾਜ਼ਰੀ ਲਵਾਈ।
ਨਾਟ ਕਲਾ ਕੇਂਦਰ ਜਗਰਾਉਂ ਦੇ ਲੇਖਕ ਨਿਰਦੇਸ਼ਕ ਅਮਰਜੀਤ ਸੋਹੀ ਨੇ ਸਾਰਾ ਸਾਲ ਆਪਣੇ ਨਾਟਕ ਮੇਲਿਆਂ ਅਤੇ ਪੇਸ਼ਕਾਰੀਆਂ ਰਾਹੀਂ ਜਗਰਾਉਂ ਵਿਖੇ ਅਤੇ ਪੰਜਾਬ ਦੇ ਹੋਰ ਪਿੰਡਾਂ ਸ਼ਹਿਰਾਂ ਵਿਚ ਆਪਣੇ ਨਾਟਕਾਂ ‘ਦਿ ਗ੍ਰੇਟ ਅੰਬੇਦਕਰ’, ‘ਤਪੱਸਿਆ’ ਅਤੇ ‘ਮੁਕਤੀ’ ਰਾਹੀਂ ਸਾਰਥਕ ਸੁਨੇਹਾ ਦਿੱਤਾ। ਇਸੇ ਤਰ੍ਹਾਂ ਇਪਟਾ ਖੰਨਾ ਵੱਲੋਂ ਨਿਰਦੇਸ਼ਕ ਨਾਟਕਕਾਰ ਜਗਦੀਸ਼ ਖੰਨਾ ਦੀ ਨਿਰਦੇਸ਼ਨਾ ਹੇਠ ਨਾਟਕ ‘ਤਾਲਾਬੰਦੀ’ ਅਤੇ ‘ਅੰਤਹੀਣ’ ਦੀ ਪੇਸ਼ਕਾਰੀ ਨੇ ਖੰਨੇ ਵਰਗੇ ਖੇਤਰ ਨੂੰ ਇਕ ਵਾਰੀ ਫੇਰ ਰੰਗਮੰਚ ਦੀ ਧੜਕਣ ਦਿੱਤੀ ਹੈ।
ਫਰੀਦਕੋਟ, ਕੋਟਕਪੂਰਾ ਵਿਚ ਇਸ ਸਾਲ ਦੋ ਨਾਟ ਉਤਸਵ ਹੋਣੇ ਸ਼ੁਭ ਸ਼ਗਨ ਹੈ। ਰੰਗਮੰਚ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਨ ਵਾਲਾ ਰਜਿੰਦਰ ਬੁਲਟ ਨੌਜਵਾਨ ਨਾਟ-ਨਿਰਦੇਸ਼ਕ, ਅਦਾਕਾਰ ਤੇ ਨਾਟਕਕਾਰ ਹੈ। ਉਸ ਨੇ ਆਪਣੇ ਵਰਗੇ ਹਿੰਮਤੀ ਸਾਥੀਆਂ ਤੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਫਰੀਦਕੋਟ ਵਿਖੇ ਨਾਟ ਉਤਸਵ ਕਰਵਾਉਣੇ ਸ਼ੁਰੂ ਕੀਤੇ ਨੇ। ਇਸ ਸਾਲ ਵੀ ਉਸ ਨੇ ਆਪਣੇ ‘ਫਿਰਦੌਸ ਰੰਗਮੰਚ ਫਰੀਦਕੋਟ’ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਨਾਲ ਮਿਲ ਕੇ ਤੀਸਰੇ ਪੰਜ ਰੋਜ਼ਾ ਥੀਏਟਰ ਫੈਸਟੀਵਲ ਦੌਰਾਨ ਨਾਟਕ ‘ਫਾਰਮ ਨੰਬਰ 65940’ (ਦਿਲਪ੍ਰੀਤ ਚੌਹਾਨ), ‘ਭਾਸ਼ਾ ਵਹਿੰਦਾ ਦਰਿਆ’ (ਸੋਮਪਾਲ ਹੀਰਾ), ‘ਤੈਂ ਕੀ ਦਰਦ ਨਾ ਆਇਆ’ (ਰਜਿੰਦਰ ਬੁਲਟ), ‘ਬਾਬਾ ਬੰਤੂ’ (ਮੰਚਪ੍ਰੀਤ) ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ (ਵਿਸ਼ੂ ਸ਼ਰਮਾ) ਦੁਆਰਾ ਪੇਸ਼ ਕੀਤੇ। ਰਜਿੰਦਰ ਬੁਲਟ ਨੇ ਵਾਰਿਸ ਸ਼ਾਹ ਨੂੰ ਸਮਰਪਿਤ ਇਕ ਨਵਾਂ ਨਾਟਕ ਲਿਖਿਆ ਵੀ ਤੇ ਖੇਡਿਆ ਵੀ। ਇਹ ਨਾਟਕ ਉਸ ਨੇ ਕੋਟਕਪੂਰਾ ਵਿਖੇ ਪਹਿਲੇ ਤਿੰਨ ਰੋਜ਼ਾ ਨਾਟਕ ਉਤਸਵ ਦੌਰਾਨ ਪੇਸ਼ ਕੀਤਾ। ਨਾਟਕ ‘ਵਾਰਿਸ-ਏ-ਇਸ਼ਕ’ (ਰਜਿੰਦਰ ਬੁਲਟ), ‘ਭਾਸ਼ਾ ਵਹਿੰਦਾ ਦਰਿਆ’ (ਪ੍ਰੋ. ਕੰਵਲ ਢਿੱਲੋਂ) ਅਤੇ ‘ਛਿਪਣ ਤੋਂ ਪਹਿਲਾਂ’ (ਬਲਜੀਤ ਮੋਗਾ) ਖੇਡੇ ਗਏ।
ਇਸੇ ਤਰ੍ਹਾਂ ਦਾ ਇਕ ਸਿਰੜੀ ਨੌਜਵਾਨ ਰਣਜੀਤ ਬਾਂਸਲ ਉਰਫ਼ ਗਮਨੂੰ ਬਾਂਸਲ ਨੇ ਆਪਣੀ ਲਗਨ ਤੇ ਮਿਹਨਤ ਨਾਲ ਫਗਵਾੜਾ ਵਿਖੇ ਆਪਣੀਆਂ ਨਿੱਜੀ ਕੋਸ਼ਿਸ਼ਾਂ ਸਦਕਾ, ਦੁਸਾਂਝ ਖੁਰਦ ਰੋਡ ਉੱਤੇ ‘ਆਜ਼ਾਦ ਰੰਗਮੰਚ ਕਲਾ ਭਵਨ’ (ਆਡੀਟੋਰੀਅਮ) ਉਸਾਰਿਆ ਹੈ ਤੇ ਉਸ ਨੇ ਆਪਣੇ ਪਿੰਡ ਚੱਕ ਦੇਸ ਰਾਜ ਵਿਚ ‘ਆਜ਼ਾਦ ਰੰਗਮੰਚ ਪੰਜਾਬ ਨਾਟਕ ਵਿਹੜਾ’ (ਓਪਨ ਏਅਰ ਥੀਏਟਰ) ਬਣਾਇਆ ਹੈ। ਦੋਹਾਂ ਥਾਵਾਂ ਉੱਤੇ ਰਣਜੀਤ ਕੁਮਾਰ ਗਮਨੂੰ, ਆਪਣੀ ਪਤਨੀ, ਦੋ ਬੱਚੀਆਂ ਅਤੇ ਅਦਾਕਾਰਾ ਬੀਬਾ ਕੁਲਵੰਤ ਨਾਲ ਮਿਲ ਕੇ ਹਰ ਮਹੀਨੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਦਾ ਹੈ। ਰਣਜੀਤ ਦਾ ਸਾਥ ਨਵਾਂਸ਼ਹਿਰ ਵਾਲੇ ਨਾਟਕਕਾਰ ਡਾ. ਦਵਿੰਦਰ ਕੁਮਾਰ ਵੀ ਬੜੀ ਖੁਸ਼ਦਿਲੀ ਨਾਲ ਦੇ ਰਹੇ ਹਨ। ਇਸ ਨਾਲ ਰਣਜੀਤ ਨੇ ਆਪਣੇ ਪਿੰਡ, ਫਗਵਾੜੇ ਵਾਲੇ ਭਵਨ ਤੋਂ ਇਲਾਵਾ ਪੰਜਾਬ ਦੇ ਬਾਕੀ ਪਿੰਡਾਂ, ਸ਼ਹਿਰਾਂ ਵਿਚ ਵੀ ਨਾਟਕ ‘ਦਿ ਗ੍ਰੇਟ ਅੰਬੇਦਕਰ’, ‘ਇਕ ਸੀ ਚਿੜੀ ਤੇ ਇਕ ਸੀ ਕਾਂ’, ‘ਨ੍ਹੇਰ ਤੋਂ ਚਾਨਣ ਵੱਲ’, ‘ਵਾਰਿਸ’, ‘ਜ਼ਖ਼ਮੀਂ ਖੰਭਾਂ ਦੀ ਪਰਵਾਜ਼’, ‘ਕ੍ਰਾਂਤੀਜੋਤ ਮਾਤਾ ਸਵਿੱਤਰੀ ਬਾਈ ਫੂਲੇ’, ‘ਨ੍ਰਿਤ ਤੋਂ ਤਾਂਡਵ ਤੱਕ’ ਦੀਆਂ 100 ਦੇ ਕਰੀਬ ਪੇਸ਼ਕਾਰੀਆਂ ਕੀਤੀਆਂ। ਰੰਗਮੰਚ ਅਤੇ ਸੱਚੀ-ਸੁੱਚੀ ਤੇ ਉੱਚੀ ਕਲਾ ਨੂੰ ਪ੍ਰਨਾਏ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਵੱਲੋਂ ਮੁੱਲਾਂਪੁਰ (ਲੁਧਿਆਣਾ) ਵਿਖੇ ਭਾ’ਜੀ ਗੁਰਸ਼ਰਨ ਸਿੰਘ ਦੀ ਯਾਦ ‘ਚ ਬਣਾਏ ਆਡੀਟੋਰੀਅਮ (ਗੁਰਸ਼ਰਨ ਕਲਾ ਭਵਨ) ਵਿਚ ਸਾਰਾ ਸਾਲ ਨਾਟ ਸਰਗਰਮੀਆਂ ਜਾਰੀ ਰਹੀਆਂ। ਹਰਕੇਸ਼ ਚੌਧਰੀ ਨੇ ਇਸ ਕਲਾ ਭਵਨ ਤੋਂ ਬਾਹਰ ਪਿੰਡਾਂ ਸ਼ਹਿਰਾਂ ਵਿਚ ਵੀ ਅਤੇ ਕੈਨੇਡਾ ਦੀ ਧਰਤੀ ‘ਤੇ ਵੀ ਆਪਣੇ ਨਾਟਕਾਂ ਨਾਲ ਪੈੜਾਂ ਸਿਰਜੀਆਂ ਨੇ। ਉਸਦੇ ਨਾਟਕਾਂ ‘ਜਿਨਾਂ ਸਿਦਕ ਨਹੀਂ ਹਾਰਿਆ’, ‘ਵਿਦਰੋਹੀ’, ‘ਪਰਿੰਦੇ ਭਟਕ ਗਏ’, ‘ਬਾਗੀ ਸਰਾਭਾ’ ਅਤੇ ‘ਮਿੱਟੀ ਨਾ ਹੋਵੇ ਮਤਰੇਈ’ ਦੀ ਵੀ ਸਾਰਾ ਸਾਲ ਚਰਚਾ ਹੋਈ ਹੈ।
ਲੋਕ ਕਲਾ ਮੰਚ ਮਜੀਠਾ ਵੱਲੋਂ ਗੁਰਮੇਲ ਸ਼ਾਮਨਗਰ ਦੀ ਨਿਰਦੇਸ਼ਨਾ ਤੇ ਅਗਵਾਈ ਹੇਠ ਨਾਟਕ ‘ਮੇਰੀ ਸਰਘੀ’, ‘ਜੰਗੀ ਰਾਮ ਦੀ ਹਵੇਲੀ’, ‘ਕੂਕ ਆਜ਼ਾਦੀ ਦੀ’, ‘ਦੂਜਾ ਵਿਆਹ’, ‘ਮੈਂ ਇਥੇ ਹਾਂ’, ‘ਗਿੱਲੀ ਮਿੱਟੀ’, ‘ਸੁਕਰਾਤ’, ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ’, ‘ਗੁੱਡ ਟੱਚ ਬੈੱਡ ਟੱਚ’ ਬੱਚਿਆਂ ਨਾਲ ਖੇਡੇ ਗਏ।
ਜਲੰਧਰ ਵਾਲੇ ਯੁਵਾ ਥੀਏਟਰ ਦੇ ਨਿਰਦੇਸ਼ਕ ਅੰਕੁਰ ਸ਼ਰਮਾ ਦੀ ਅਗਵਾਈ ਵਿਚ ਯੁਵਾ ਉਤਸਵ ਜਲੰਧਰ ਦੇ ਨਾਟ ਮੇਲੇ ਦੌਰਾਨ ਨਾਟਕ ‘ਪੜੋਸਨ’ (ਪ੍ਰਿਯੰਕਾ ਸ਼ਰਮਾ), ‘ਐਡਵਰਟਾਈਜਮੈਂਟ’ (ਸਿਲੀ ਸਲੋਜ ਨਵੀਂ ਦਿੱਲੀ), ‘ਇਕ ਔਰਤ ਦੇ ਕਾਰਨਾਮੇ ਤੇ ਗਰੀਬ ਨਵਾਜ’ (ਡੀ.ਆਰ. ਅੰਕੁਰ), ‘ਦੁਸ਼ਮਣ’ (ਕੇਵਲ ਧਾਲੀਵਾਲ), ‘ਲਾਕਡਾਊਨ’ (ਲੱਖਾ ਲਹਿਰੀ), ‘ਸ਼ਹੀਦਸਾਜ’ (ਵਿਜੇ ਸਿੰਘ, ਨਵੀਂ ਦਿੱਲੀ), ‘ਬੌਬੀ ਬਰੇਕਰ’ (ਗੀਤਾ ਅਮਰਵਾਲੀ) ਅਤੇ ‘ਚਿੜੀਆਘਰ’ (ਅੰਕੁਰ ਸ਼ਰਮਾ) ਪੇਸ਼ ਕੀਤੇ ਗਏ।
ਚੰਡੀਗੜ੍ਹ ਵਾਲੀ ਸੰਗੀਤਾ ਗੁਪਤਾ ਨੇ ਵੀ ਆਪਣੀ ਨਾਟ ਸੰਸਥਾ ਰੂਪਕ ਕਲਾ ਮੰਚ ਵੱਲੋਂ ਲੰਮੇਂ ਅੰਤਰਾਲ ਤੋਂ ਬਾਅਦ ਨਾਟਕ ‘ਖ਼ਾਮੋਸ਼ ਅਦਾਲਤ ਜਾਰੀ ਹੈ’ ਰਾਹੀਂ ਹਾਜ਼ਰੀ ਇਸ ਸਾਲ ਲਵਾਈ। ਚੰਡੀਗੜ੍ਹ ਤੋਂ ਪ੍ਰੌਢ ਅਦਾਕਾਰ ਨਿਰਦੇਸ਼ਕ, ਨਾਟਕਕਾਰ ਬਲਕਾਰ ਸਿੱਧੂ ਦੇ ਨਾਟਕ ‘ਸੱਸੀ ਪੁੰਨੂੰ’ ਦਾ ਮੰਚਣ ਨਿਸ਼ਾ ਲੂਥਰਾ ਦੀ ਨਿਰਦੇਸ਼ਨਾ ਹੇਠ ਦੇਖਣਾ ਸੁਖਦ ਅਨੁਭਵ ਰਿਹਾ। ਚੰਡੀਗੜ੍ਹ ਤੋਂ ਹੀ ਨੌਜਵਾਨ ਅਦਾਕਾਰ, ਨਿਰਦੇਸ਼ਕ ਬਨਿੰਦਰ ਬੰਨੀ ਨੇ ਆਪਣੇ ਪੰਜ ਰੋਜ਼ਾ ਨਾਟ ਉਤਸਵ ਦੌਰਾਨ ਨਾਟਕ ‘ਇਸ਼ਕ ਰੀਮਿਕਸ’ (ਦਵਿੰਦਰ ਗਿੱਲ, ਇਕੱਤਰ ਸਿੰਘ), ‘ਦਾ ਪਾਰਕ’ (ਗੁਰੂ ਬਮਰਾਹ, ਗੁਰਿੰਦਰ ਕੁਮਾਰ, ਹਰਜਿੰਦਰ ਸਿੰਘ), ‘ਘਰ-ਘਰ’ (ਹੀਰਾ ਸਿੰਘ-ਸੰਜੇ ਕਸ਼ਿਅਪ), ‘ਅਭਿਸ਼ਪਤ ਗੰਧਾਰ’ (ਯਸ਼ਪਾਲ ਕੁਮਾਰ-ਮਿਯੰਕ ਸਿੰਘ), ‘ਟੈਕਸ ਫਰੀ’ (ਬਨਿੰਦਰਜੀਤ ਬੰਨੀ) ਪੇਸ਼ ਕੀਤੇ ਗਏ।
ਚੰਡੀਗੜ੍ਹ ਤੋਂ ਥੀਏਟਰ ਫਾਰ ਥੀਏਟਰ ਦੇ ਕਰਤਾ ਧਰਤਾ ਨਿਰਦੇਸ਼ਕ ਅਦਾਕਾਰ ਸੁਦੇਸ਼ ਸ਼ਰਮਾ ਵੱਲੋਂ ਆਪਣੇ ਨੈਸ਼ਨਲ ਨਾਟ ਉਤਸਵਾਂ ਦੌਰਾਨ ਨਾਟਕ ‘ਅੱਗ ਦੇ ਕਲੀਰੇ’ (ਗੁਰਪ੍ਰੀਤ ਬੈਂਸ), ‘ਅਦਾਕਾਰ ਆਦਿ ਅੰਤ ਕੀ ਸਾਖੀ’ (ਕੇਵਲ ਧਾਲੀਵਾਲ), ‘ਗਗਨ ਦਮਾਮਾ ਬਾਜਿਓ’ (ਵਰੁਨ ਸ਼ਰਮਾ), ‘ਦੁਸ਼ਮਣ’ (ਕੇਵਲ ਧਾਲੀਵਾਲ), ‘ਸ਼ਹੀਦ ਊਧਮ ਸਿੰਘ’, ‘ਵੀਰ ਰਾਜਾ ਨਾਹਰ ਸਿੰਘ’ (ਸੁਦੇਸ਼ ਸ਼ਰਮਾ), ‘ਚੋਰਾ ਚੋਰੀ ਸੰਗ੍ਰਾਮ’ (ਰਾਮ ਜੀ ਬਾਲੀ) ਅਤੇ ‘ਪਾਹਾਤਿਆ’ (ਡਾ. ਯੋਗੇਂਦਰ ਚੋਭੇ) ਦੀਆਂ ਪੇਸ਼ਕਾਰੀਆਂ ਬਹੁਤ ਚਰਚਿਤ ਰਹੀਆਂ।
ਸੁਚੇਤਕ ਰੰਗਮੰਚ ਮੁਹਾਲੀ ਵਲੋਂ ਹਰ ਸਾਲ ਦੀ ਤਰ੍ਹਾਂ ਅਨੀਤਾ ਸ਼ਬਦੀਸ਼ ਦੀ ਅਗਵਾਈ ਵਿਚ 19ਵਾਂ ਗੁਰਸ਼ਰਨ ਸਿੰਘ ਨਾਟ ਉਤਸਵ ਕੀਤਾ ਗਿਆ। ਇਸ ਵਿਚ ਪਹਿਲੇ ਦਿਨ ਯਾਂ ਪਾਲ ਸਾਰਤਰ ਦੇ ਨਾਟਕ ‘The Respectable Prostitute’ ਦਾ ਸ਼ਬਦੀਸ਼ ਵੱਲੋਂ ਕੀਤਾ ਪੰਜਾਬੀ ਰੂਪਾਂਤਰ ‘ਕੌਣ ਜਾਣੇ ਸਾਡੀ ਪੀੜ’ ਖੇਡਿਆ ਗਿਆ। ਇਸੇ ਟੀਮ ਨੇ ਨਾਟਕ ‘ਨਟੀ ਬਿਨੋਦਨੀ’, ਸੋਲੋ ਨਾਟਕ ‘ਦਿੱਲੀ ਰੋਡ ਤੇ ਇਕ ਹਾਦਸਾ’ ਅਤੇ ‘ਬੇਗਮੋ ਦੀ ਧੀ’ ਖੇਡੇ। ਇਸੇ ਟੀਮ ਵੱਲੋਂ ਸ਼ਾਹਿਦ ਨਦੀਮ ਦੇ ਨੁੱਕੜ ਨਾਟਕ ‘ਝੱਲੀ ਕਿੱਥੇ ਜਾਵੇ’, ‘ਚਿੜੀ ਦੀ ਅੰਬਰ ਵੱਲ ਉਡਾਣ’ ਅਤੇ ਅਮਰੀਕਾ ਤੇ ਕੈਨੇਡਾ ਵਿਚ ‘ਮਨ ਮਿੱਟੀ ਦਾ ਬੋਲਿਆ’ ਤੇ ‘ਦਿੱਲੀ ਰੋਡ ਤੇ ਇਕ ਹਾਦਸਾ’ ਦੇ ਸ਼ੋਅ ਕੀਤੇ।
ਨੌਜਵਾਨ ਨਿਰਦੇਸ਼ਕ, ਅਦਾਕਾਰ ਸੁੱਖੀ ਪਾਤੜਾਂ ਵੱਲੋਂ ਬੀਤੇ ਵਰ੍ਹੇ ਨਾਟਕ ‘ਨਾਦਾਨ ਪਰਿੰਦੇ’, ‘ਮੈਂ ਭਗਤ ਸਿੰਘ’, ‘ਖੇਤਾਂ ਦੇ ਜਾਏ’, ‘ਨਮੋਲੀਆਂ’, ‘ਆਜ਼ਾਦੀ ਕਿੱਥੇ ਹੈ’ ਅਤੇ ‘ਯਾਰ ਚਲੇ ਬਾਹਰ’ ਦੀਆਂ ਪੇਸ਼ਕਾਰੀਆਂ ਬਹੁਤ ਥਾਵਾਂ ‘ਤੇ ਕੀਤੀਆਂ ਗਈਆਂ। ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਤੇ ਅਗਵਾਈ ਹੇਠ ਨਾਟਕ ‘ਲੌਕਡਾਊਨ (ਇਕ ਪ੍ਰੇਮ ਕਹਾਣੀ)’, ‘ਤਲਾਕ’, ਅਤੇ ‘ਟੂੰਮਾਂ’ ਖੇਡੇ ਗਏ ਅਤੇ ਸੱਤ ਰੋਜ਼ਾ ਨੋਰਾ ਰਿਚਰਡਜ਼ ਥੀਏਟਰ ਫੈਸਟੀਵਲ ਵੀ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਅੰਮ੍ਰਿਤਸਰ ਦੇ ਦਸਤਕ ਥੀਏਟਰ ਗਰੁੱਪ ਵੱਲੋਂ ਰਜਿੰਦਰ ਸਿੰਘ ਦੀ ਨਿਰਦੇਸ਼ਨਾ ਅਤੇ ਅਮਿਤ ਸ਼ਰਮਾ ਦੀ ਅਗਵਾਈ ਵਿਚ ਨੁੱਕੜ ਨਾਟਕ ‘ਖ਼ੂਨ ਦਾਨ ਮਹਾਂ ਦਾਨ’, ‘ਵਲਭ ਭਾਈ ਪਟੇਲ’ ਅਤੇ ‘ਕੋਰੋਨਾ ਸਵਾਹਾ’ ਦੇ 650 ਸ਼ੋਅ ਪਿੰਡਾਂ, ਸ਼ਹਿਰਾਂ ‘ਚ ਕੀਤੇ ਗਏ। ਇਸੇ ਗਰੁੱਪ ਵੱਲੋਂ ਨਾਟਕ ‘ਭੁੱਖ ਅੱਗ ਹੈ’, ‘ਹੌਰਲਾ’, ‘ਲੋਹ ਪੁਰਸ਼’, ‘ਮਿੱਟੀ ਰੁਦਨ ਕਰੇ’, ‘ਸਰਾਭੇ ਦੀ ਰਾਹ’ ਅਤੇ ‘ਸ਼ਹੀਦਾਂ ਦੀ ਰਾਹ’ ਦੇ ਬਹੁਤ ਸਾਰੇ ਸ਼ੋਅ ਰਾਜ ਪੱਧਰੀ ਤੇ ਰਾਸ਼ਟਰੀ ਨਾਟ ਉਤਸਵਾਂ ਵਿਚ ਕੀਤੇ ਗਏ। ਦਸਤਕ ਥੀਏਟਰ ਗਰੁੱਪ ਵੱਲੋਂ ਚਾਰ ਥੀਏਟਰ ਵਰਕਸ਼ਾਪਾਂ ਦਾ ਅਯੋਜਨ ਵੀ ਇਸੇ ਸਾਲ ਕੀਤਾ ਗਿਆ।
ਪਠਾਨਕੋਟ ਖੇਤਰ ਵਿਚ ਡਾ. ਸੁਰੇਸ਼ ਮਹਿਤਾ ਦੀ ਅਗਵਾਈ ਵਿਚ ਪੰਜਾਬ ਇਪਟਾ ਲਹਿਰ ਦੇ ਪ੍ਰਸਿੱਧ ਅਤੇ ਮੁੱਢਲੇ ਨਾਟਕਕਾਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਚਾਰ ਗੋਸ਼ਟੀ ਅਤੇ ਨਾਟਕ ਪੇਸ਼ਕਾਰੀਆਂ ਕਰਵਾਈਆਂ ਗਈਆਂ। ਵਿਸ਼ਵ ਰੰਗਮੰਚ ਦਿਵਸ ਮੌਕੇ ਇਕ ਦਿਨ ਵਿਚ ਤਿੰਨ ਥਾਵਾਂ ‘ਤੇ ਨਾਟ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਪ੍ਰੋ. ਆਈ.ਸੀ. ਨੰਦਾ ਦੇ ਜਨਮ ਦਿਹਾੜੇ ‘ਤੇ ਇਕ ਦਿਨ ਵਿਚ ਇਕ ਥਾਂ ‘ਤੇ ਨਾਟ ਪੇਸ਼ਕਾਰੀ ਅਤੇ ਇਕ ਥਾਂ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਨਾਟਕਕਾਰ ਰਾਜਿੰਦਰ ਭੋਗਲ ਨੂੰ ਸਮਰਪਿਤ 17 ਦਿਨ ਲਗਾਤਾਰ ਨਾਟਕ ਪੇਸ਼ਕਾਰੀਆਂ ਕਰਵਾਈਆਂ ਗਈਆਂ। ਪਠਾਨਕੋਟ ਵਿਖੇ ਉਨ੍ਹਾਂ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਅਤੇ 2 ਅਕਤੂਬਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਜੀਵਨ ਅਤੇ ਰਚਨਾ ਬਾਰੇ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ।
2022 ਵਿਚ ਯੁਵਕ ਮੇਲਿਆਂ ਦੇ ਰੰਗਮੰਚ ਨੇ ਵੀ ਨਾਟਕਾਂ ਰਾਹੀਂ ਭਰਵੀਂ ਹਾਜ਼ਰੀ ਲਵਾਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਯੁਵਕ ਮੇਲਿਆਂ ਵਿਚ ਨਵੇਂ ਨਾਟਕਕਾਰਾਂ ਅਤੇ ਨਿਰਦੇਸ਼ਕਾਂ ਨੇ ਨਾਟਕ ‘ਇਸ ਜਗ੍ਹਾ ਇਕ ਪਿੰਡ ਸੀ’, ‘ਨਾਲੇ ਦਾਦੇ ਦੀਆਂ-ਨਾਲੇ ਪੋਤੇ ਦੀਆਂ’, ‘ਨਤੀਜਾ ਫੂਲ’, ‘ਪਰਿੰਦਿਆਂ ਦਾ ਦੇਸ਼ ਕਿਹੜਾ’, ‘ਵਾਹ ਨ ਰੁੱਤ ਸੁਹਾਵਣੀਏ’, ‘ਉਦੜੀ ਹੋਈ ਗੁੱਡੀ’, ‘ਵਹਿੰਗੀ’, ‘ਕੰਡਿਆਲੀ ਥੋਰ’, ‘ਪਿੰਜਰ’, ‘ਸਰਹੱਦਾਂ ਹੋਰ ਵੀ ਨੇ’, ‘ਚੰਨੋ ਬਾਜੀਗਰਨੀ’, ‘ਆਰਟੀਫੀਸ਼ੀਅਲ ਇੰਟੈਲੀਜੈਂਟ’, ‘ਧੀਆਂ ਦਾ ਕੋਈ ਦੋਸ਼ ਨਹੀਂ’, ‘ਮਿੱਟੀ ਤੇ ਮਾਇਆ’, ‘ਫਾਰਮ ਨੰ 65940’, ‘ਪਿੰਜਰਾ’, ‘ਅੰਨ੍ਹੀ ਮਾਈ ਦਾ ਸੁਪਨਾ’, ‘ਕੁਦਰਤ ਬੋਲਦੀ ਹੈ’, ‘ਧੀਆਂ ਤੇ ਕਹਾਣੀਆਂ’, ‘ਦੁੱਖ ਦਰਿਆ’, ‘ਲੋਹਾ ਕੁੱਟ’ ਪੇਸ਼ ਕੀਤੇ ਗਏ।
ਅੰਮ੍ਰਿਤਸਰ ਦੇ ਰੰਗਕਰਮੀ ਥੀਏਟਰ ਗਰੁੱਪ ਵੱਲੋਂ ਵੀ ਸਾਰਾ ਸਾਲ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਨਾਟਕ ‘ਬਾਬਾ ਸੰਤੂ’, ‘ਲੋਹਾ ਕੁੱਟ’, ‘ਉਧਾਰਾ ਪਤੀ’, ‘ਬਲਦੇ ਟਿੱਬੇ’ ਅਤੇ ‘ਜਿਨ ਸੱਚ ਪਲੇ ਹੋਇ’ ਖੇਡੇ ਗਏ। ਇਸੇ ਤਰ੍ਹਾਂ ਨੌਜਵਾਨ ਨਿਰਦੇਸ਼ਕ ਸਾਜਨ ਕਪੂਰ ਵੱਲੋਂ ਨਾਟਕ ‘ਇਸ਼ਕ ਰੀਮਿਕਸ’, ਗੁਰਿੰਦਰ ਸਿੰਘ ਰੇਡੀਅੰਸ ਵੱਲੋਂ ਨਾਟਕ ‘ਮਾਈ ਹਾਊਸ ਇਨ ਟਰਬਲ’ ਅਤੇ ‘ਪਿਆਸਾ ਕਾਂ’ ਰਾਹੀਂ ਭਰਵੀਂ ਹਾਜ਼ਰੀ ਲਵਾਈ ਗਈ। ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵੱਲੋਂ ਜਤਿੰਦਰ ਬਰਾੜ ਦੀ ਅਗਵਾਈ ਹੇਠ ਆਪਣੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਦਰਸ਼ਕਾਂ ਨੂੰ ਟਿਕਟਾਂ ਖਰਚ ਕੇ ਨਾਟਕ ਦੇਖਣ ਦੀ ਰਵਾਇਤ ਕਾਇਮ ਰੱਖੀ ਅਤੇ ਨਾਟਕ ‘ਫਾਸਲੇ’, ‘ਸੌਂਕਣ’ (ਨਿਰਦੇਸ਼ਕ ਇਮੈਨੂਅਲ ਸਿੰਘ), ‘ਵਿਦ ਲਵ-ਸਈਆਰਾ’ (ਜੂਹੀ ਬੱਬਰ ਸੋਨੀ), ‘ਸਾਕਾ ਜਲ੍ਹਿਆਂ ਵਾਲਾ’ (ਨਿਰਦੇਸ਼ਕ ਜਸਵੰਤ ਮਿੰਟੂ), ‘ਮੈਂ ਰੋ ਨਾ ਲਵਾਂ ਇਕ ਵਾਰ’, ‘ਦੁਸ਼ਮਣ’ (ਨਿਰਦੇਸ਼ਕ ਕੇਵਲ ਧਾਲੀਵਾਲ), ‘ਬਾਲੀ ਤੇ ਸੰਭੂ’ (ਸ਼ਿਵਮ ਰਾਏ) ਰਾਹੀਂ ਲਗਾਤਾਰਤਾ ਜਾਰੀ ਰੱਖੀ। ਨੌਜਵਾਨ ਰੰਗਮੰਚ ਜੋੜੀ ਕੰਵਲ ਰੰਧੇਅ ਅਤੇ ਨਵਨੀਤ ਰੰਧੇਅ ਨੇ ਆਪਣੀ ਨਾਟ ਸੰਸਥਾ ਰਾਹੀਂ ਨਾਟਕ ‘ਕਹਾਣੀ ਵਾਲੀ ਅੰਮ੍ਰਿਤਾ’ ਅਤੇ ‘ਰਾਂਗ ਨੰਬਰ’ ਪੇਸ਼ ਕੀਤੇ। ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਵੱਲੋਂ ਨਿਰਦੇਸ਼ਕ, ਲੇਖਕ ਦਲਜੀਤ ਸੋਨਾ ਨੇ ਆਪਣੇ ਘਰ ਦੀ ਛੱਤ ਉੱਤੇ ‘ਸਾਡਾ ਨਾਟ ਘਰ’ ਬਣਾਕੇ ਰੰਗਮੰਚ ਸਰਗਰਮੀਆਂ ਦੀ ਹਰ ਹਫ਼ਤੇ ਪੇਸ਼ਕਾਰੀ ਕਰਕੇ ਰੰਗਮੰਚ ਨੂੰ ਗਤੀ ਦਿੱਤੀ ਹੈ। ਉਸਨੇ ਨਾਟਕ ‘ਨਾਇਕ’, ‘ਸੁਹਾਗ’, ‘ਦੁਖ ਦਰਿਆ’, ‘ਕੇਸਰੋ’, ‘ਸਾਡਾ ਜਗੋਂ’, ‘ਮਦਨ ਲਾਲ ਢੀਂਗਰਾ’, ‘ਮਿੱਟੀ ਰੁਦਨ ਕਰੇ’, ‘ਇੰਡੀਆ ਗੇਟ’, ‘ਹਿੰਦ ਦਾ ਰਾਖਾ’, ‘ਦੁੱਲਾ ਭੱਟੀ’, ‘ਮੁਕਤੀਧਾਮ’, ‘ਚੰਦਨ ਦੇ ਓਹਲੇ’, ‘ਕੁਝ ਤਾਂ ਕਰੋ ਯਾਰੋ’ ਅਤੇ ‘ਫੀਕੋ’ ਜਿਹੇ ਨਾਟਕਾਂ ਨਾਲ ਦਰਸ਼ਕਾਂ ਵਿਚ ਇਕ ਖ਼ਾਸ ਜਗ੍ਹਾ ਬਣਾਈ। ਅਦਾਕਾਰ ਅਮਨ ਭਾਰਦਵਾਜ ਦੀ ਨਿਰਦੇਸ਼ਨਾ ਹੇਠ ਨਾਟਕ ‘ਮੈਂ ਕੀ ਕਰਾਂ’ ਅਤੇ ‘ਗੱਬਰ ਦਾ ਭੂਤ’ ਨਾਟਕਾਂ ਦੀ ਪੇਸ਼ਕਾਰੀ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕੀਤੀ ਗਈ।
ਪੰਜਾਬ ਨਾਟਸ਼ਾਲਾ ਅਤੇ ਆਰਟ ਗੈਲਰੀ ਅੰਮ੍ਰਿਤਸਰ ਵਿਖੇ ਡਾ. ਅਰਵਿੰਦਰ ਸਿੰਘ ਚਮਕ ਅਤੇ ਅਦਾਕਾਰਾ ਨਿਰਦੇਸ਼ਕਾ ਸੁਵਿਧਾ ਦੁੱਗਲ ਵੱਲੋਂ ਨਾਟਕ ‘ਖਵਾਬਗਾਹ’, ‘ਲਵਗੁਰੂ’, ‘ਕੈਂਸਲਡ ਹਨੀਮੂਨ’, ‘ਫਿਰਦੌਸ’ ਅਤੇ ‘ਚਪੇੜ’ ਦੀ ਪੇਸ਼ਕਾਰੀ ਫੁਲਕਾਰੀ ਗਰੁੱਪ, ਡਰਾਮਾ ਕਲੈਪ ਅਤੇ ਸਾਈਂ ਕ੍ਰੀਏਸ਼ਨ ਨਾਲ ਮਿਲ ਕੇ ਕੀਤੀ ਗਈ। ਸਿਫਰ ਥੀਏਟਰ ਅੰਮ੍ਰਿਤਸਰ ਵੱਲੋਂ ਨੌਜਵਾਨ ਨਿਰਦੇਸ਼ਕ ਵਿਸ਼ਾਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਕੰਜੂਸ ਮਖੀਚੂਸ’, ‘ਦਿਗਦਰਸ਼ਕ’ ਅਤੇ ‘ਪਗਲਾ ਘੋੜਾ’ ਪੇਸ਼ ਕੀਤੇ ਗਏ। ਦਿ ਥੀਏਟਰ ਵਰਲਡ ਅੰਮ੍ਰਿਤਸਰ ਵੱਲੋਂ ਪਵੇਲ ਸੰਧੂ ਦੀ ਨਿਰਦੇਸ਼ਨਾ ਹੇਠ ਨਾਟਕ ‘ਇਕ ਹੋਰ ਦਰੋਨਾਚਾਰੀਆ’ ਦੀ ਪੇਸ਼ਕਾਰੀ ਵਿਰਸਾ ਵਿਹਾਰ ਵਿਖੇ ਕੀਤੀ ਗਈ। ਕਮੇਡੀਅਨ ਰਜੀਵ ਠਾਕੁਰ ਦੀ ਅਦਾਕਾਰੀ ਵਾਲੀ ਨਾਟਕੀ ਹਾਸਵਿਅੰਗ ਪੇਸ਼ਕਾਰੀ ਗੁਰਤੇਜ ਮਾਨ ਦੀ ਨਿਰਦੇਸ਼ਨਾ ਹੇਠ ਪੰਜਾਬ ਨਾਟਸ਼ਾਲਾ ਵਿਖੇ ਕੀਤੀ ਗਈ।
(ਬਾਕੀ ਅਗਲੇ ਅੰਕ ਵਿਚ)
ਸੰਪਰਕ: 98142-99422