ਦੇਸ ਰਾਜ ਕਾਲੀ
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਨਾਲ ਜੁੜਿਆ ਅੱਖਰ ਬਾਬਾ ਸਾਹਿਬ, ਹੁਣ ਮਰਾਠੀ ਦਾ ਸ਼ਬਦ ਨਾ ਹੋ ਕੇ, ਪੂਰੇ ਭਾਰਤ ਦੇ ਸਤਿਕਾਰ ਦਾ ਵਾਹਕ ਬਣ ਗਿਆ ਹੈ। ਕਾਰਨ ਸਾਫ਼ ਹੈ ਕਿ ਜਦੋਂ ਅਸੀਂ ਇਸ ਮਹਾਨ ਸ਼ਖ਼ਸੀਅਤ ਦੇ ਦੇਸ਼ ਅਤੇ ਮਾਨਵਤਾ ਲਈ ਕੀਤੇ ਕਾਰਜਾਂ ਉੱਪਰ ਨਿਗਾਹ ਮਾਰਦੇ ਹਾਂ ਤਾਂ ਸਮਾਜਿਕ ਪੱਖ ਤੋਂ ਨਧਿਰਿਆਂ ਦੀ ਧਿਰ ਬਣਨਾ, ਔਰਤ ਦੇ ਹੱਕਾਂ ਦੀ ਰਾਖੀ ਲਈ ਆਪਣੇ ਮੰਤਰੀ ਪਦ ਤੱਕ ਦਾ ਤਿਆਗ ਕਰ ਦੇਣਾ, ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨਾ; ਰਾਜਨੀਤਿਕ ਪੱਖ ਤੋਂ ਦੇਸ਼ ਨੂੰ ਜਮਹੂਰੀ ਢਾਂਚਾ ਪ੍ਰਦਾਨ ਕਰਨਾ, ਉਹ ਕਾਲਜ ਖੋਲ੍ਹਣਾ ਜਿਨ੍ਹਾਂ ’ਚ ਰਾਜਨੀਤਿਕ ਵਿਸ਼ੇ ਉੱਤੇ ਸਿੱਖਿਆ ਦਿੱਤੀ ਜਾ ਸਕੇ, ਤਾਂ ਜੋ ਦੇਸ਼ ਨੂੰ ਕੁਸ਼ਲ ਪ੍ਰਸ਼ਾਸਕ ਦਿੱਤੇ ਜਾ ਸਕਣ, ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇਣਾ, ਦੇਸ਼ ਨੂੰ ਸੁਦ੍ਰਿੜ ਸੰਵਿਧਾਨ ਦੇਣਾ; ਇਸੇ ਤਰ੍ਹਾਂ ਧਾਰਮਿਕ ਪੱਖ ਤੋਂ ਸਰਬ ਧਰਮ ਸਤਿਕਾਰ ਵਾਲਾ ਪੱਖ ਉਨ੍ਹਾਂ ਦਾ ਬਹੁਤ ਗੂੜ੍ਹਾ ਹੈ, ਧਰਮ ਬਾਰੇ ਉਨ੍ਹਾਂ ਦਾ ਚਿੰਤਨ ਵਸੀਹ ਹੈ, ਉਨ੍ਹਾਂ ਨਾ ਕੇਵਲ ਬੁੱਧ ਧਰਮ ਉੱਪਰ ਖੋਜ ਭਰਪੂਰ ਕਾਰਜ ਕੀਤੇ ਸਗੋਂ ਸਿੱਖ ਧਰਮ ਦੀਆਂ ਸਿੱਖਿਆਵਾਂ ਤੇ ਸੰਤ ਪਰੰਪਰਾ ਨੂੰ ਵੀ ਪੂਰਨ ਸਤਿਕਾਰ ਨਾਲ ਸਵੀਕਾਰਿਆ। ਅਸੀਂ ਆਰਥਿਕ ਪੱਖ ਤੋਂ ਉਨ੍ਹਾਂ ਦੇ ਕਾਰਜਾਂ ਦੀ ਦੇਸ਼ ਨੂੰ ਦੇਣ ਬਾਰੇ ਵਿਚਾਰ ਕਰਦੇ ਹਾਂ ਤਾਂ ਦੇਸ਼ ਦੀ ਸਰਬ ਉੱਚ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਮਾਣ ਤੇ ਕਾਰਜ ਢਾਂਚੇ ਬਾਰੇ ਬਾਬਾ ਸਾਹਿਬ ਦੀ ਦੇਣ ਅਮੁੱਲੀ ਹੈ। ਇਉਂ ਹੀ ਦੇਸ਼ ਦੀ ਆਰਥਿਕਤਾ ਬਾਰੇ ਉਨ੍ਹਾਂ ਦੇ ਮੁੱਲਵਾਨ ਵਿਚਾਰਾਂ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਵੀ ਵਡਿਆਇਆ। ਦੇਸ਼ ਵਿੱਚ ਡੈਮਾਂ ਦੀ ਉਸਾਰੀ ’ਚ ਡਾ. ਅੰਬੇਡਕਰ ਦਾ ਨਜ਼ਰੀਆ ਆਜ਼ਾਦੀ ਤੋਂ ਪਹਿਲਾਂ ਦੀ ਯੋਜਨਾਬੰਦੀ ’ਚ ਵੀ ਨਜ਼ਰ ਆ ਜਾਂਦਾ ਹੈ। ਉਨ੍ਹਾਂ ਦੇ ਕਾਰਜਾਂ ਦਾ ਸੱਭਿਆਚਾਰਕ ਪੱਖ ਭਾਰਤੀ ਮਨੁੱਖ ਨੂੰ ਇੱਕ ਸੂਤਰ ’ਚ ਪਿਰੋ ਕੇ ਦੇਸ਼ ਦੀ ਤਰੱਕੀ ਲਈ ਦ੍ਰਿੜ ਨਿਸ਼ਚੇ ਵਾਲੇ ਬਣਾਉਣਾ ਹੈ। ਉਹ ਸਮਾਨਤਾ ਵਾਲੇ ਸਮਾਜ ਦੀ ਮਨੋ-ਚੇਤਨਾ ਵਾਲੇ ਆਗੂ ਸਨ।
ਮਜ਼ਦੂਰਾਂ, ਕਿਸਾਨਾਂ, ਔਰਤਾਂ, ਦਲਿਤਾਂ/ਦਮਿਤਾਂ ਲਈ ਉਮਰ ਭਰ ਸੰਘਰਸ਼ ਕਰਨ ਵਾਲੇ ਇਸ ਅਦੁੱਤੀ ਪ੍ਰਤਿਭਾ ਦੇ ਮਾਲਕ ਅਰਥਵੇਤਾ, ਵਿਦਿਆਵੇਤਾ, ਰਾਜਨੀਤੀਵਾਨ, ਵਿਜ਼ਨਰੀ ਵਿਅਕਤਿਤਵ ਦੇ ਨਿੱਜੀ ਜੀਵਨ ਬਾਰੇ ਅਸੀਂ ਪੜ੍ਹਦੇ/ਸੁਣਦੇ ਹਾਂ ਤਾਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਨੇ। ਉਸ ਵਕਤ ਦੇ ਨਾ-ਬਰਾਬਰੀ ਵਾਲੇ ਸਮਾਜ ਵਿੱਚ ਉਨ੍ਹਾਂ ਨੇ ਜਾਤੀ ਭੇਦ ਦੀਆਂ ਯਾਤਨਾਵਾਂ ਸਹਿਣ ਕੀਤੀਆਂ। ਉਸ ਸਮੇਂ ਸਕੂਲ ’ਚ ਦਾਖਲੇ ਉੱਪਰ ਵੀ ਪਾਬੰਦੀਆਂ, ਪਾਣੀ ਪੀਣ ਦੀ ਮਨਾਹੀ, ਛੂਤਛਾਤ ਦਾ ਭੇਦ ਆਦਿ ਕੁਰੀਤੀਆਂ ਸਨ, ਪਰ ਇਨ੍ਹਾਂ ਸਾਰੇ ਕਸ਼ਟਾਂ ਨੂੰ ਪਾਰ ਕਰਕੇ ਇਸ ਸ਼ਖ਼ਸੀਅਤ ਨੇ ਉਹ ਮੁਕਾਮ ਹਾਸਲ ਕੀਤਾ ਕਿ ਵਿੱਦਿਆ ਦੇ ਖੇਤਰ ਵਿੱਚ ਕੋਲੰਬੀਆ ਯੂਨੀਵਰਸਿਟੀ ਅਤੇ ਲੰਦਨ ਸਕੂਲ ਆਫ ਇਕਨਾਮਿਕਸ ਦੋਵਾਂ ਤੋਂ ਅਰਥ ਸ਼ਾਸਤਰ ਦੀ ਡਾਕਟ੍ਰੇਟ ਡਿਗਰੀਆਂ ਹਾਸਲ ਕੀਤੀਆਂ। ਉਨ੍ਹਾਂ ਰਾਜਨੀਤੀ ਸ਼ਾਸਤਰ ਤੇ ਹੋਰ ਅਨੇਕ ਵਿਸ਼ਿਆਂ ਉੱਪਰ ਅਣਗਿਣਤ ਖੋਜ ਕਾਰਜ ਕੀਤੇ। ਉਹ ਸ਼ੁਰੂਆਤੀ ਦੌਰ ਵਿੱਚ ਅਰਥ ਸਾਸਤਰ ਦੇ ਪ੍ਰੋਫ਼ੈਸਰ ਰਹੇ, ਪਰ ਬਾਅਦ ਦੀ ਜ਼ਿੰਦਗੀ ਸਿਆਸਤ ਵੱਲ ਮੋੜ ਕੱਟ ਗਈ ਅਤੇ ਉਹ ਭਾਰਤੀ ਲੋਕਾਂ ਦੇ ਰਾਜਨੀਤਿਕ ਹੱਕਾਂ ਦੇ ਪਹਿਰੇਦਾਰ ਬਣ ਗਏ। ਉਨ੍ਹਾਂ ਆਪਣੇ ਵਿਚਾਰਾਂ ਦੇ ਵਾਹਕ ‘ਮੂਕਨਾਇਕ’, ‘ਅਵਿਸ਼ਕ੍ਰਿਤ ਭਾਰਤ’, ‘ਸਮਤਾ’, ‘ਜਨਤਾ’ ਅਤੇ ‘ਪ੍ਰਬੁੱਧ ਭਾਰਤ’ ਵਰਗੀਆਂ ਪੱਤਰਕਾਵਾਂ ਨੂੰ ਬਣਾਇਆ। ਰਾਜਨੀਤਿਕ ਦਲ ਦੇ ਤੌਰ ’ਤੇ ਪਹਿਲਾਂ ਸ਼ਡਿਊਲਡ ਕਾਸਟ ਫੈਡਰੇਸ਼ਨ ਬਣਾਈ, ਫਿਰ ਸਵਤੰਤਰ ਲੇਬਰ ਪਾਰਟੀ ਅਤੇ ਬਾਅਦ ’ਚ ਜਾ ਕੇ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਗਠਨ ਕੀਤਾ। ਸਮਾਜਿਕ ਸੰਗਠਨਾਂ ਵਿੱਚ ‘ਬਹਿਸ਼ਕ੍ਰਿਤ ਹਿਤਕਾਰਣੀ ਸਭਾ’ ਦੇ ਕਾਰਜ ਮਹਾਨ ਹਨ। ਇਸੇ ਤਰ੍ਹਾਂ ‘ਸਮਿਤਾ ਸੈਨਿਕ ਦਲ’ ਦਾ ਗਠਨ ਵੀ ਉਚੇਚੇ ਧਿਆਨ ਦੀ ਮੰਗ ਕਰਦਾ ਹੈ। ਇਹ ਉਨ੍ਹਾਂ ਦੇ ਸਰਗਰਮ ਸਮਾਜਿਕ/ਰਾਜਨੀਤਿਕ ਕਾਰਜ ਦੀ ਗਵਾਹੀ ਨੇ। ਉਹ ਭਾਰਤ ਦੇ ਲੋਕਾਂ ਦੇ ਮਸਲਿਆਂ ਉੱਪਰ ਲਗਾਤਾਰ ਨਿਗਾਹ ਰੱਖਦੇ ਸਨ। ਵਿਸ਼ਵ ਵਿੱਚ ਵਾਪਰ ਰਹੇ ਦੀ ਸੂਝ ਉਨ੍ਹਾਂ ਕੋਲ ਸੀ। ਭਾਰਤ/ਬਰਤਾਨੀਆ ਦੀ ਉਸ ਵਕਤ ਦੀ ਰਾਜਨੀਤੀ, ਜਿਹਦੇ ਤਹਿਤ ਭਾਰਤ ’ਚ ਫ਼ੈਸਲੇ ਲਏ ਜਾਂਦੇ ਸਨ, ਉਪਰ ਬਾਬਾ ਸਾਹਿਬ ਦੀ ਪੈਨੀ ਨਜ਼ਰ ਸੀ। ਜਿਸ ਵਕਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੋਰਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਬਾਬਾ ਸਾਹਿਬ ਉਸਦੇ ਕਾਰਨਾਂ ਨੂੰ ਬਰਤਾਨੀਆ ’ਚ ਖੇਡੀ ਗਈ ਸਿਆਸਤ ਨਾਲ ਜੋੜ ਕੇ ਲਿਖਦੇ ਹਨ।
ਇਨ੍ਹਾਂ ਸ਼ਹਾਦਤਾਂ ਬਾਰੇ ਇਹ ਤੱਥ ਸਾਨੂੰ ਹੋਰ ਕਿਧਰੇ
ਵੀ ਨਹੀਂ ਮਿਲਦੇ।
ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਬਾਬਾ ਸਾਹਿਬ ਦਾ ਸਿਆਸੀ ਜੀਵਨ ਛੂਆਛਾਤ ਵਿਰੁੱਧ ਸੰਘਰਸ਼ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਛੂਆਛਾਤ ਗ਼ੁਲਾਮੀ ਤੋਂ ਵੀ ਵੱਧ ਜ਼ੁਲਮ ਹੈ। ਉਨ੍ਹਾਂ ਦੀ ਪੁਸਤਕ ‘ਵੇਟਿੰਗ ਫਾਰ ਅ ਵੀਜਾ’ ਪੜ੍ਹੋ ਤਾਂ ਤੁਹਾਨੂੰ ਦਿਲ ਕੰਬਾ ਦੇਣ ਵਾਲੇ ਵੇਰਵੇ ਦਿਖਾਈ ਦੇਣਗੇ। ਕਿਵੇਂ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਔਖਿਆਈਆਂ। ਤੰਗੀਆਂ। ਜਹਾਲਤ। ਕੀ ਨਹੀਂ ਸਹਿਣ ਕੀਤਾ ਉਨ੍ਹਾਂ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਹੀ ਉਨ੍ਹਾਂ ਏਨੇ ਤਿੱਖੇ ਰੌਂਅ ’ਚ ਕੀਤੀ ਕਿ ‘ਮੂਕਨਾਇਕ’ ਦੀ ਪ੍ਰਕਾਸ਼ਨਾ ਹੁੰਦਿਆਂ ਸਾਰ ਹੀ ਇਹ ਲੋਕਪ੍ਰਿਯ ਹੋ ਗਿਆ। ਉਨ੍ਹਾਂ ਦੇਸ਼ ’ਚ ਵਿਆਪੇ ਇਸ ਭਿਆਨਕ ਵਰਤਾਰੇ ਬਾਰੇ ਖੁੱਲ੍ਹ ਕੇ ਚਰਚਾ ਛੇੜੀ। ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਉਨ੍ਹਾਂ ਦੇ ਛੂਆਛੂਤ ਬਾਰੇ ਇੱਕ ਭਾਸ਼ਣ ਨੂੰ ਸੁਣ ਕੇ ਕੋਹਲਾਪੁਰ ਦੇ ਸਥਾਨਕ ਰਾਜੇ ਸ਼ਾਹੂ ਚਤੁਰਥ ਦਾ ਪ੍ਰਭਾਵਿਤ ਹੋਣਾ ਅਤੇ ਉਨ੍ਹਾਂ ਨੂੰ ਭੋਜਨ ਉੱਤੇ ਸੱਦਾ ਦੇਣਾ ਉਸ ਵਕਤ ਦੇ ਰੂੜੀਵਾਦੀਆਂ ਲਈ ਬਹੁਤ ਵੱਡਾ ਝਟਕਾ ਸੀ। ਇਸ ਤੋਂ ਬਾਅਦ ‘ਬਹਿਸ਼ਕ੍ਰਿਤ ਭਾਰਤ’ ਦੀ ਸੰਪਾਦਨਾ ਤੇ ਬਾਬਾ ਸਾਹਿਬ ਦੇ ਤਿੱਖੇ ਪ੍ਰਹਾਰ, ਸੰਘਰਸ਼ ਦੇ ਬਿਗਲ ਦੀ ਤਿੱਖੀ ਆਵਾਜ਼ ਆਖੇ ਜਾ ਸਕਦੇ ਹਨ। ਉਹ ਲਗਾਤਾਰ ਅੱਗੇ ਵਧ ਰਹੇ ਸਨ। ਦਲਿਤਾਂ ਦੇ ਉੱਥਾਨ, ਉਨ੍ਹਾਂ ਦੀ ਸਿੱਖਿਆ, ਵੋਟ ਦੇ ਅਧਿਕਾਰ ਵਾਸਤੇ ਅੰਬੇਡਕਰ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ। ਉਹ ਭਾਰਤ ’ਚ ਬਰਾਬਰੀ ਵਾਲਾ ਸਮਾਜ ਦੇਖਣਾ ਚਾਹੁੰਦੇ ਸਨ। ਇਸੇ ਕਰਕੇ ਉਹ ਸੰਵਿਧਾਨ ਘੜਦੇ ਸਮੇਂ ਸਿਹਤ ਵਿੱਚ ਲਗਾਤਾਰ ਨਿਘਾਰ ਆਉਣ ਦੇ ਬਾਵਜੂਦ ਏਨੀ ਕਰੜੀ ਮਿਹਨਤ ਕਰ ਰਹੇ ਸਨ ਕਿ ਦੁਨੀਆਂ ਭਰ ’ਚ ਅਜਿਹੀ ਕੁਰਬਾਨੀ ਵਾਲੀ ਕੋਈ ਮਿਸਾਲ ਨਹੀਂ ਮਿਲਦੀ। ਭਾਰਤ ਨੇ ਬਹੁਤ ਮਹਾਨ ਲੋਕ ਪੈਦਾ ਕੀਤੇ ਹਨ, ਪਰ ਜਦੋਂ ਸੰਘਰਸ਼ ਤੇ ਲੋਕਾਈ ਦੇ ਦਰਦ ਨਾਲ ਪਰੁੰਨੀ ਸ਼ਖ਼ਸੀਅਤ, ਸੰਵੇਦਨਾ ਦੇ ਵਾਹਕ, ਕਿਸੇ ਦ੍ਰਵਿਤ ਮਨ, ਲੋਕਾਂ ਦੀ ਆਵਾਜ਼ ਬਣ ਗਏ ਵਿਅਕਤਿਤਵ, ਲੋਕਾਂ ਦੇ ਹੰਝੂ ਖ਼ੁਦ ਰੋਣ ਵਾਲੇ ਸ਼ਖ਼ਸ, ਔਰਤ ਦੇ ਦੁੱਖ ਨੂੰ ਮਹਿਸੂਸ ਕਰਨ ਵਾਲੇ ਦਰਦੀ ਦੀ ਗੱਲ ਚੱਲੇਗੀ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਨਾਮ ਹੀ ਲਿਆ ਜਾਵੇਗਾ।
ਭਾਰਤ ਦੇ ਸੰਵਿਧਾਨ ਨਿਰਮਾਤਾ ਦੇ ਰੂਪ ’ਚ ਮਿਲਣ ਵਾਲੀ ਮਾਨਤਾ ਨੂੰ ਅਸੀਂ ਨਮਨ ਕਰਦੇ ਹਾਂ। ਇਹ ਉਨ੍ਹਾਂ ਦੀ ਦਰਿਆਦਿਲੀ, ਉਨ੍ਹਾਂ ਦੇ ਵਿਜ਼ਨ, ਲਗਨ, ਮਿਹਨਤ, ਭਾਰਤ ਪ੍ਰਤੀ ਅਥਾਹ ਪ੍ਰੇਮ, ਮਾਨਵੀ ਸਰੋਕਾਰਾਂ ਅਤੇ ਲੋਕਾਂ ਪ੍ਰਤੀ ਪ੍ਰੇਮ ਤੇ ਸਮਾਨਤਾ ਦੀ ਭਾਵਨਾ ਦਾ ਸਬੂਤ ਸੀ। ਇਸ ਕਾਰਜ ਵਾਸਤੇ ਉਨ੍ਹਾਂ ਨੂੰ ਜੋ ਸੰਘਰਸ਼ ਕਰਨੇ ਪਏ, ਇਤਿਹਾਸ ਦੇ ਪੰਨਿਆਂ ’ਤੇ ਅੰਕਿਤ ਨੇ। ਇਨ੍ਹਾਂ ਸੰਘਰਸ਼ਾਂ ਵਿੱਚੋਂ ਹਿੰਦੂ ਕੋਡ ਬਿੱਲ ਮੌਕੇ ਹੋਈ ਬਹਿਸ ’ਤੇ ਵਿਰੋਧ ਦੇ ਚੱਲਦਿਆਂ ਉਨ੍ਹਾਂ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਸੰਵਿਧਾਨ ਬਾਰੇ ਵਿਸ਼ਵ ਪ੍ਰਸਿੱਧ ਮਾਹਿਰ ਗ੍ਰੈਨਵਿਲੇ ਆਸਟਿਨ ਦਾ ਕਥਨ ਹੈ ਕਿ ਭਾਰਤੀ ਸੰਵਿਧਾਨ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਉਹ ਕ੍ਰਾਂਤੀ ਸੀ ਜਿਹਦਾ ਪ੍ਰਭਾਵ ਸਦੀਆਂ ਤੱਕ ਭਾਰਤ ਦੇ ਸਮਾਜ ਅਤੇ ਰਾਜਨੀਤੀ ਉੱਪਰ ਰਹੇਗਾ। ਸੰਵਿਧਾਨ ਨਿਰਮਾਤਾ ਦੇ ਮਨ ਦੀ ਦਵ੍ਰਿਤਾ ਹੀ ਕਹਿ ਸਕਦੇ ਹਾਂ ਕਿ ਨਿੱਜੀ ਜੀਵਨ ਵਿੱਚ ਜਦੋਂ ਉਹ ਆਪਣੀ ਪਤਨੀ ਦਾ ਵਿਯੋਗ ਸਹਿੰਦੇ ਨੇ ਤਾਂ ਉਹ ਸਾਧੂ ਲਬਿਾਸ ’ਚ ਵਿਚਰਨ ਲੱਗਦੇ ਨੇ। ਉਨ੍ਹਾਂ ਦੇ ਮਨ ਦੀ ਅਵਸਥਾ ਉਨ੍ਹਾਂ ਦੇ ਲਬਿਾਸ ਤੋਂ ਜ਼ਾਹਰ ਹੋਣ ਲੱਗਦੀ ਹੈ। ਮਹਾਨ ਲੋਕ ਇਸੇ ਕਰਕੇ ਮਹਾਨ ਹੁੰਦੇ ਨੇ ਕਿਉਂਕਿ ਉਹ ਸੰਵੇਦਨਸ਼ੀਲ ਹੁੰਦੇ ਨੇ, ਕੋਮਲਭਾਵੀ ਹੁੰਦੇ ਨੇ, ਵਿਸ਼ਵ ਦ੍ਰਿਸ਼ਟੀਕੋਣ ਤੋਂ ਸਪਸ਼ਟ ਤੇ ਅੰਤਰਮਨ ਤੋਂ ਨਿਰਮਲ ਲੋਕ। ਬਾਬਾ ਸਾਹਿਬ ਨਿਰਮਲ ਲੋਕ ਸਨ। ਬੁੱਧ ਪੁਰਸ਼ ਸਨ। ਉਨ੍ਹਾਂ ਦੀ ਭਾਰਤੀ ਸਮਾਜ/ਮਨੁੱਖ ਨੂੰ ਦੇਣ ਅਮੁੱਲ ਹੈ।
14 ਅਪਰੈਲ 1891 ਨੂੰ ਮਹੂ (ਮਹਾਰਾਸ਼ਟਰ) ਵਿਖੇ ਜਨਮ ਲੈਣ ਵਾਲਾ ਭਾਰਤ ਦਾ ਇਹ ਸਪੂਤ 6 ਦਸੰਬਰ 1956 ਨੂੰ ਦਿੱਲੀ ਵਿਖੇ ਨਿਰਵਾਣ ਪ੍ਰਾਪਤ ਕਰ ਗਿਆ। ਅੱਜ ਉਨ੍ਹਾਂ ਦਾ ਨਿਰਵਾਣ ਦਿਵਸ ਹੈ। ਉਨ੍ਹਾਂ ਦੀ ਮਹਾਨ ਦੇਣ ਨੂੰ ਨਮਨ ਕਰਦਿਆਂ ਅਸੀਂ ਆਪਣੇ ਆਪ ਨੂੰ ਧੰਨ ਸਮਝ ਰਹੇ ਹਾਂ ਕਿ ਜਿਸ ਧਰਤੀ ਉੱਪਰ ਇਹ ਬੁੱਧ ਪੁਰਸ਼
ਵਿਚਰੇ, ਲੰਬੇ ਸੰਘਰਸ਼ ਕਰਦੇ ਰਹੇ ਅਤੇ ਵਿਜ਼ਨ
ਨਾਲ ਵਿਸ਼ਵ ਜਿੱਤਦੇ ਰਹੇ ਨੇ, ਸਾਨੂੰ ਉਸ ਜ਼ਮੀਨ
ਉੱਪਰ ਸਾਹ ਲੈਣ ਦਾ ਮੌਕਾ ਮਿਲਿਆ ਹੈ। ਇਨ੍ਹਾਂ
ਦੇ ਦਰਸਾਏ ਰਾਹ ਸਾਡਾ ਭਵਿੱਖ ਰੌਸ਼ਨ ਕਰਦੇ ਨੇ।
ਆਓ ਉਨ੍ਹਾਂ ਨੂੰ ਨਤਮਸਤਕ ਹੋਈਏ!
ਸੰਪਰਕ: 79867-02493