ਪ੍ਰਿੰ. ਸਰਵਣ ਸਿੰਘ
ਕ੍ਰਿਕਟ ਕੋਚ ਰਾਜਿੰਦਰ ਸਿੰਘ ਬਿਸ਼ਨ ਸਿੰਘ ਬੇਦੀ ਤੋਂ ਬਾਰਾਂ ਸਾਲ ਵੱਡਾ ਹੈ। ਨਵਜੋਤ ਸਿੱਧੂ ਨੂੰ ਉਹ ਅੱਲ੍ਹੜ ਅਵਸਥਾ ਤੋਂ ਪੰਜਾਬ ਦੀ ਕ੍ਰਿਕਟ ਟੀਮ ਵਿਚ ਚੁਣਦਾ ਰਿਹਾ। ਰਾਜਿੰਦਰ ਸਿੰਘ ਉਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਜਾਇੰਟ ਸਕੱਤਰ ਤੇ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਸੀ। ਉਹਨੇ ਅੰਮ੍ਰਿਤਸਰੋਂ ਬੀਏ ਕਰ ਕੇ ਕੁਝ ਸਮਾਂ ਭਿੱਖੀਵਿੰਡ ਦੇ ਬੈਂਕ ਵਿਚ ਨੌਕਰੀ ਕੀਤੀ। 1965 ਤੋਂ 1995 ਤਕ ਡੀਏਵੀ ਕਾਲਜ ਜਲੰਧਰ ਵਿਚ ਕ੍ਰਿਕਟ ਕੋਚ ਰਿਹਾ। ਕੋਚਿੰਗ ਦੇਣ ਦੇ ਨਾਲ ਜਲੰਧਰ ਰੇਡੀਓ ਤੇ ਦੂਰਦਰਸ਼ਨ ਤੋਂ ਖੇਡਾਂ ਦੀ ਕੁਮੈਂਟਰੀ ਕਰਦਾ ਰਿਹਾ ਅਤੇ ਅਖ਼ਬਾਰਾਂ ’ਚ ਖੇਡ ਲੇਖ ਲਿਖਦਾ ਰਿਹਾ। ਉਸ ਦੀਆਂ ਖੇਡ ਪੁਸਤਕਾਂ ਦੇ ਨਾਂ ਹਨ: ਕ੍ਰਿਕਟ ਕਿਵੇਂ ਖੇਡੀਏ, ਵਾਲੀਬਾਲ ਕਿਵੇਂ ਖੇਡੀਏ, ਪੰਜਾਬ ਕ੍ਰਿਕਟ ਦੇ ਝਰੋਖੇ ’ਚੋਂ, ਕੁਸ਼ਤੀ ਦਾ ਮਹਾਂਬਲੀ ਪਹਿਲਵਾਨ ਕਰਤਾਰ ਸਿੰਘ, ਪੰਜਾਬ ਦੇ ਤਰਾਸ਼ੇ ਹੀਰੇ ਤੇ ਧਰਤੀ ਦਾ ਲਾਲ ਪਹਿਲਵਾਨ ਕਰਤਾਰ ਸਿੰਘ।
ਕ੍ਰਿਕਟ ਕੋਚ ਰਾਜਿੰਦਰ ਸਿੰਘ ਨੱਬਿਆਂ ਨੂੰ ਢੁੱਕਿਆ ਨੌਜੁਆਨ ਖੇਡ ਲੇਖਕ ਹੈ। ਕਸੂਰ, ਜਿ਼ਲ੍ਹਾ ਲਾਹੌਰ ਦਾ ਜੰਮਪਲ ਤੇ ਸੰਤਾਲੀ ਦੇ ਉਜਾੜੇ ਪਿੱਛੋਂ ਜਲੰਧਰ ਦਾ ਪੱਕਾ ਵਸਨੀਕ। ਉਸ ਨੇ ਕੋਚਿੰਗ ਵੀ ਦਿੱਤੀ, ਕੁਮੈਂਟੇਰੀ ਵੀ ਕੀਤੀ ਤੇ ਖੇਡ ਪੱਤਰਕਾਰ ਵੀ ਹੈ। ਉਸ ਦੇ ਸੈਂਕੜੇ ਲੇਖ ਛਪੇ ਹਨ ਤੇ ਅੱਧੀ ਦਰਜਨ ਖੇਡ ਪੁਸਤਕਾਂ। ਵੇਖਣ ਨੂੰ ਸਮੱਧਰ ਲੱਗਦਾ ਹੈ ਪਰ ਹੈ ਕੱਦਾਵਰ ਸ਼ਖ਼ਸੀਅਤ। ਬੁੱਢੇਵਾਰੇ ਵੀ ਨੌਜੁਆਨ ਵਿਖਾਈ ਦਿੰਦਾ ਹੈ। ਕਸਰਤਾਂ ਨਾਲ ਸਰੀਰ ਅਜੇ ਵੀ ਫਿੱਟ ਰੱਖਿਆ ਹੋਇਐ। ਉਮਰੋਂ ਉਹ ਬਿਸ਼ਨ ਸਿੰਘ ਬੇਦੀ ਤੋਂ ਬਾਰਾਂ ਸਾਲ ਵੱਡਾ ਹੈ। ਨਵਜੋਤ ਸਿੱਧੂ ਨੂੰ ਉਹ ਅੱਲ੍ਹੜ ਅਵੱਸਥਾ ਤੋਂ ਪੰਜਾਬ ਦੀ ਕ੍ਰਿਕਟ ਟੀਮ ਵਿਚ ਚੁਣਦਾ ਰਿਹਾ। ਉਸ ਸਮੇਂ ‘ਸ਼ੈਰੀ’ ਜੂਨੀਅਰ ਖਿਡਾਰੀ ਹੁੰਦਾ ਸੀ। ਰਾਜਿੰਦਰ ਸਿੰਘ ਉਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਜਾਇੰਟ ਸਕੱਤਰ ਤੇ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਸੀ। ਉਸ ਦਾ ਜਨਮ 27 ਜੂਨ 1935 ਨੂੰ ਸਾਈਂ ਬੁੱਲ੍ਹੇ ਸ਼ਾਹ ਦੇ ਮਜ਼ਾਰ ਨੇੜੇ ਕੋਟ ਆਦਮ ਖਾਂ ਦੇ ਮਹੱਲੇ ਵਿਚ ਕਾਨੂੰਗੋ ਅਮਰ ਸਿੰਘ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ ਸੀ। ਉਹ ਜੌੜੇ ਭਰਾ ਸਨ ਜਿਨ੍ਹਾਂ ਦੇ ਮੁਹਾਂਦਰਿਆਂ ਦੇ ਭੁਲੇਖੇ ਕਈਆਂ ਨੂੰ ਹੁਣ ਤਕ ਪਈ ਜਾਂਦੇ ਹਨ।
ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਕ੍ਰਿਕਟ ਟੀਮ ਜਲੰਧਰ ਮੈਚ ਖੇਡਣ ਆਈ। ਟੀਮ ਵਿਚ ਕ੍ਰਿਕਟ ਸਟਾਰ ਮੋਇਸਨ ਖ਼ਾਨ ਵੀ ਸੀ ਜਿਸ ਦੀ ਫਿਲਮੀ ਐਕਟਰੈੱਸ ਰੀਨਾ ਰਾਏ ਨਾਲ ਗੱਲਬਾਤ ਸੀ। ਰੀਨਾ ਰਾਏ ਬੰਬਈ ਤੋਂ ਜਲੰਧਰ ਆਈ ਜਿਸ ਨੂੰ ਰਾਜਿੰਦਰ ਸਿੰਘ ਦਾ ਜੌੜਾ ਭਰਾ ਮਹਿੰਦਰ ਸਿੰਘ ਟੈਕਸੀ ਵਿਚ ਲੈ ਕੇ ਹੋਟਲ ਪੁੱਜਾ। ਉਹਦੇ ਜਿ਼ੰਮੇ ਖ਼ਾਸ ਮਹਿਮਾਨਾਂ ਦੀ ਆਉ-ਭਗਤ ਕਰਨ ਦੀ ਡਿਊਟੀ ਸੀ। ਉਹੀ ਰੀਨਾ ਰਾਏ ਨੂੰ ਕ੍ਰਿਕਟ ਪਵੇਲੀਅਨ ਲੈ ਕੇ ਗਿਆ ਤੇ ਵੀਆਈਪੀ ਕੈਬਿਨ ਵਿਚ ਬਿਠਾਇਆ। ਮੈਚ ਮੁੱਕਿਆ ਤਾਂ ਉਹ ਮੁੜ ਹੋਟਲ ਜਾਣ ਲਈ ਮਹਿੰਦਰ ਸਿੰਘ ਦੀ ਉਡੀਕ ਕਰਨ ਲੱਗੀ। ਸਬੱਬੀਂ ਰਾਜਿੰਦਰ ਸਿੰਘ ਦਿਸਿਆ ਤਾਂ ਮਾਂ ਦੀ ਧੀ ਨੇ ਉਸ ਨੂੰ ਕੋਲ ਆਉਣ ਦਾ ਇਸ਼ਾਰਾ ਕੀਤਾ, ਅਖੇ ਮੈਨੂੰ ਹੋਟਲ ਲੈ ਚੱਲ। ਸੰਗਾਊ ਜਿਹਾ ਰਾਜਿੰਦਰ ਸਿੰਘ ਹੈਰਾਨ! ਕਿਥੇ ਫਿਲਮੀ ਐਕਟ੍ਰੈੱਸ, ਕਿਥੇ ਉਹ? ਏਨੇ ਨੂੰ ਮਹਿੰਦਰ ਸਿੰਘ ਵੀ ਆ ਗਿਆ। ਅਸਲੀਅਤ ਜਾਣ ਕੇ ਰੀਨਾ ਰਾਏ ਦਾ ਹਾਸਾ ਨਾ ਰੁਕੇ।
ਭਗਵਾਨ ਰਾਮ ਦੇ ਪੁੱਤਰ ਕੁਸ਼ ਦੇ ਵਸਾਏ ਕਸੂਰ ਨਾਲ ਜਿਥੇ ਬੁੱਲ੍ਹੇ ਸ਼ਾਹ ਦਾ ਨਾਂ ਜੁੜਿਆ ਆ ਰਿਹੈ ਉਥੇ ਕਸੂਰੀ ਮੇਥੀ ਤੇ ਕਸੂਰੀ ਜੁੱਤੀ ਵੀ ਜੁੜੀ ਹੋਈ ਹੈ: ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ, ਓਨ੍ਹੀਂ ਰਾਹੀਂ ਵੇ ਮੈਨੂੰ ਮੁੜਨਾ ਪਿਆ…।
ਮੈਨੂੰ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਗੁਰਪੁਰਬ ਤੇ ਕਸੂਰ ਵਿਚ ਦੀ ਨਨਕਾਣਾ ਸਾਹਿਬ ਜਾਣ ਦਾ ਚੇਤਾ ਆ ਗਿਐ। ਹੁਸੈਨੀਵਾਲੇ ਬਾਰਡਰ ਤੋਂ ਅੱਧੇ ਕੁ ਘੰਟੇ ਵਿਚ ਅਸੀਂ ਕਸੂਰ ਪਹੁੰਚ ਗਏ ਸਾਂ। ਮੈਨੂੰ ਬੁੱਲ੍ਹੇ ਸ਼ਾਹ ਤੋਂ ਸੋਹਣ ਸਿੰਘ ਸੀਤਲ ਤਕ ਕਿੰਨੇ ਹੀ ਕਸੂਰੀਏ ਯਾਦ ਆਏ। ਸੀਤਲ ਏਥੋਂ ਦੇ ਲਾਗਲੇ ਪਿੰਡ ਕਾਦੀਵਿੰਡ `ਚ ਹਲ ਵਾਹੁੰਦਾ ਢਾਡੀ ਬਣਿਆ ਸੀ। ਘਣੀਏ ਕੇ ਦੇ ਪਹਿਲਵਾਨ ਕਿੱਕਰ ਸਿੰਘ ਦਾ ਉਸਤਾਦ ਬੂਟਾ ਪਹਿਲਵਾਨ ਵੀ ਯਾਦ ਆਇਆ ਜੋ ਪਿਛੋਂ ਕਸੂਰ ਦਾ ਸੀ। ਜੁੱਤੀ ਕਸੂਰੀ… ਵਾਲਾ ਗੀਤ ਗਾਉਣ ਵਾਲੀ ਸੁਰਿੰਦਰ ਕੌਰ ਵੀ ਯਾਦ ਆਈ। ਮੈਂ ਦਿੱਲੀ ਪੜ੍ਹਦਿਆਂ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਦੇ ਘਰ ਜਾਂਦਾ ਤਾਂ ਉਸ ਦੀ ਪਤਨੀ ਸੁਰਿੰਦਰ ਕੌਰ ਦੀ ਬਣਾਈ ਚਾਹ ਪੀਂਦਾ। ਕਸੂਰ ਦੀ ਨਵੀਂ ਪੀੜ੍ਹੀ ਪੱਗ ਦਾੜ੍ਹੀਆਂ ਵਾਲੇ ਸਿੱਖ ਵੇਖ ਕੇ ਹੈਰਾਨ ਹੋ ਰਹੀ ਸੀ। ਜਦੋਂ ਅਸੀਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲ ਬਾਤ ਕਰਦੇ ਤਾਂ ਉਹ ਹੈਰਾਨ ਹੋ ਕੇ ਆਂਹਦੇ, “ਇਹ `ਤੇ ਸਾਡੇ ਵਾਂਗ ਈ ਬੋਲਦੇ ਨੇ!” ਅੱਗੋਂ ਅਸੀਂ ਵੀ ਆਖਦੇ, “ਤੁਸੀਂ ਵੀ ਤੇ ਸਾਡੇ ਵਾਂਗ ਈ ਬੋਲਦੇ ਜੇ।”
ਕਸੂਰ ਦੇ ਰੇਲਵੇ ਸਟੇਸ਼ਨ ਤੋਂ ਨਨਕਾਣਾ ਸਾਹਿਬ ਲਈ ਤਿੰਨ ਸਪੈਸ਼ਲ ਗੱਡੀਆਂ ਚੱਲਣੀਆਂ ਸਨ। ਇਕ ਖੂੰਜੇ ਰੇੜ੍ਹੀ ਵਾਲੇ ਨੇ ਮੱਛੀ ਤਲਣੀ ਸ਼ੁਰੂ ਕਰ ਲਈ ਸੀ। ਮੱਛੀ ਦੀ ਮਹਿਕ ਆਉਣ ਸਾਰ ਮਹਿਕਮੇ ਜੰਗਲਾਤ ਵਾਲਾ ਸਾਡਾ ਬੇਲੀ ਸਾਨੂੰ ਖਿੱਚ ਕੇ ਓਧਰ ਲੈ ਗਿਆ। ਅਸੀਂ ਮੱਛੀ ਦੇ ਪਕੌੜਿਆਂ ਦਾ ਸੁਆਦ ਚੱਖ ਰਹੇ ਸਾਂ ਕਿ ਇਕ ਮੁਸਾਫਿ਼ਰ ਰੇੜ੍ਹੀ ਵਾਲੇ ਤੋਂ ਕਿਸੇ ਲਾਗਲੇ ਪਿੰਡ ਦਾ ਰਾਹ ਪੁੱਛਣ ਆ ਗਿਆ। ਰੇੜ੍ਹੀ ਵਾਲਾ ਯੂਪੀ ਦਾ ਮਹਾਜਰ ਹੋਣ ਕਰਕੇ ਉਰਦੂ ਰਲੀ ਪੰਜਾਬੀ `ਚ ਪਿੰਡ ਦਾ ਰਾਹ ਦੱਸਣ ਲੱਗਾ ਤਾਂ ਲਾਗੇ ਹੀ ਖੜ੍ਹਾ ਇਕ ਸਿੱਖ ਬਜ਼ੁਰਗ ਬੋਲਿਆ, “ਇਹ ਰਾਹ `ਤੇ ਬੜਾ ਲੰਮਾ ਦੱਸਿਆ ਈ। ਮੈਂ ਤੈਨੂੰ ਸਿੱਧਾ ਰਾਹ ਦੱਸਦਾਂ। ਯੂਪੀ ਦੇ ਏਸ ਬੰਦੇ ਨੂੰ ਏਹਨਾਂ ਰਾਹਾਂ ਦਾ ਕੀ ਪਤਾ? ਮੈਂ ਦੱਸਦਾਂ ਸਿੱਧਾ ਰਾਹ। ਐਥੋਂ ਰੇਲ ਦੀ ਪਟੜੀ ਪਿਆ ਜਾਵੀਂ। ਜਿਥੇ ਪਹਿਲਾ ਫਾਟਕ ਆਇਆ ਓਥੋਂ ਸੱਜੇ ਹੱਥ ਮੁੜ ਪਈਂ। ਸਾਹਮਣੇ ਦੀਵੇ ਜਗਦੇ ਹੋਣਗੇ। ਓਹੀ ਪਿੰਡ ਐ ਜਿਥੇ ਤੂੰ ਜਾਣੈ। ਉਂਜ `ਤੇ ਸਿੱਧੀ ਡੰਡੀ ਜਾਂਦੀ ਏ ਪਰ ਹਨ੍ਹੇਰੇ `ਚ ਸੱਪ ਸਲੂਟੀ ਦਾ ਡਰ ਏ। ਮੈਂ ਏਥੇ ਡੰਗਰ ਚਾਰਦਾ ਰਿਹਾਂ, ਮੈਨੂੰ ਏਥੋਂ ਦੇ ਚੱਪੇ ਚੱਪੇ ਦਾ ਪਤੈ।”
ਕਮਾਲ ਸੀ! ਬਾਈ ਸਾਲਾਂ ਬਾਅਦ ਭਾਰਤ ਤੋਂ ਪਾਕਿਸਤਾਨ ਚੱਲਿਆ ਬਜ਼ੁਰਗ ਇਓਂ ਗੱਲਾਂ ਕਰ ਰਿਹਾ ਸੀ ਜਿਵੇਂ ਕਸੂਰ ਅਜੇ ਵੀ ਉਹਦਾ ਹੀ ਹੋਵੇ। ਬੜਾ ਹੰਮਾ ਸੀ ਉਸ ਨੂੰ ਆਪਣੇ ਕਸੂਰ ਦੇ ਇਲਾਕੇ ਉਤੇ। ਨਵੇਂ ਮਾਲਕਾਂ ਨੂੰ ਤਾਂ ਉਹ ਸਮਝਦਾ ਹੀ ਕੱਖ ਨਹੀਂ ਸੀ। ਰੇੜ੍ਹੀ ਵਾਲੇ ਕਸੂਰੀਏ ਨੂੰ ਉਹ ਅਜੇ ਵੀ ਯੂਪੀ ਦਾ ਬੰਦਾ ਕਹੀ ਜਾਂਦਾ ਸੀ। ਉਸ ਨੇ ਦੱਸਿਆ, ਉਹ ਪੰਤਾਲੀ ਸਾਲ ਇਸੇ ਇਲਾਕੇ `ਚ ਰਿਹਾ ਸੀ। ਉਹਦਾ ਪਿੰਡ ਸਟੇਸ਼ਨ ਤੋਂ ਸਿਰਫ਼ ਤਿੰਨ ਮੀਲਸੀ ਜਿਥੇ ਰੇਲ ਗੱਡੀ ਦੀ ਚੀਕ ਸੁਣ ਜਾਂਦੀ ਸੀ।
ਰਾਜਿੰਦਰ ਸਿੰਘ ਨੇ ਅੰਮ੍ਰਿਤਸਰੋਂ ਬੀਏ ਕਰ ਕੇ ਕੁਝ ਸਮਾਂ ਭਿੱਖੀਵਿੰਡ ਦੇ ਬੈਂਕ ਵਿਚ ਨੌਕਰੀ ਕੀਤੀ। 1965 ਤੋਂ 1995 ਤਕ ਡੀਏਵੀ ਕਾਲਜ ਜਲੰਧਰ ਵਿਚ ਕ੍ਰਿਕਟ ਕੋਚ ਰਿਹਾ। ਕੋਚਿੰਗ ਦੇਣ ਦੇ ਨਾਲ ਜਲੰਧਰ ਰੇਡੀਓ ਤੇ ਦੂਰਦਰਸ਼ਨ ਤੋਂ ਖੇਡਾਂ ਦੀ ਕੁਮੈਂਟਰੀ ਕਰਦਾ ਰਿਹਾ ਅਤੇ ਅਖ਼ਬਾਰਾਂ `ਚ ਖੇਡ ਲੇਖ ਲਿਖਦਾ ਰਿਹਾ। ਉਸ ਦੀਆਂ ਖੇਡ ਪੁਸਤਕਾਂ ਦੇ ਨਾਂ ਹਨ: ਕ੍ਰਿਕਟ ਕਿਵੇਂ ਖੇਡੀਏ, ਵਾਲੀਬਾਲ ਕਿਵੇਂ ਖੇਡੀਏ, ਪੰਜਾਬ ਕ੍ਰਿਕਟ ਦੇ ਝਰੋਖੇ `ਚੋਂ, ਕੁਸ਼ਤੀ ਦਾ ਮਹਾਂਬਲੀ ਪਹਿਲਵਾਨ ਕਰਤਾਰ ਸਿੰਘ, ਪੰਜਾਬ ਦੇ ਤਰਾਸ਼ੇ ਹੀਰੇ ਤੇ ਧਰਤੀ ਦਾ ਲਾਲ ਪਹਿਲਵਾਨ ਕਰਤਾਰ ਸਿੰਘ।
ਉਹ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਤੋਂ ਕ੍ਰਿਕਟ ਤੇ ਵਾਲੀਬਾਲ ਦਾ ਟਰੇਂਡ ਕੋਚ ਹੈ। ਉਸ ਨੇ ਨਾਰਥ ਜ਼ੋਨ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਵਿਚ ਓਪਨਰ ਬੱਲੇਬਾਜ਼ ਵਜੋਂ ਚਾਰ ਸਾਲ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ ਬਾਰਾਂ ਸਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਜਾਇੰਟ ਸਕੱਤਰ ਰਿਹਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਚੋਣ ਕਮੇਟੀ ਦਾ ਮੈਂਬਰ। ਪੈਂਤੀ ਸਾਲ ਰੇਡੀਓ ਤੇ ਦੂਰਦਰਸ਼ਨ ਜਲੰਧਰ ਤੋਂ ਕ੍ਰਿਕਟ, ਹਾਕੀ, ਕੁਸ਼ਤੀ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਮੈਚਾਂ ਦੀ ਕੁਮੈਂਟਰੀ ਕੀਤੀ। ਮੰਨਣਹਾਣੇ ਦੀਆਂ ਕੁਸ਼ਤੀਆਂ ਸਮੇਂ ਵੀ ਮਾਈਕ ਮੈਂ ਉਹਦੇ ਹੱਥ ਹੀ ਵੇਖਿਆ। ਉਸ ਨੇ ਲਿਖਿਆ: ਪੰਜਾਬ ਦੀ ਪਹਿਲਵਾਨੀ ਦੇ ਵਰਕੇ ਥੱਲੀਏ ਤਾਂ ਮੈਨੂੰ ਯਾਦ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਸ਼ਹਿਰ ਕਸੂਰ, ਗੌਰਮਿੰਟ ਹਾਈ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ। ਸਾਡੇ ਸਕੂਲ ਦੇ ਰਸਤੇ ਵਿਚ ਮੁਸਲਮਾਨ ਫ਼ਕੀਰਾਂ ਦਾ ਇੱਕ ਤਕੀਆ ਆਉਂਦਾ ਸੀ ਅਤੇ ਉਸ ਤਕੀਏ ਵਿਚ ਕੁਸ਼ਤੀ ਦਾ ਅਖਾੜਾ ਗੋਡਿਆ ਹੁੰਦਾ ਸੀ। ਅਕਸਰ ਇੱਥੇ ਮੱਸ-ਫੁੱਟ ਗੱਭਰੂ ਪਹਿਲਵਾਨੀ ਕਰਦੇ ਦਿਖਾਈ ਦਿੰਦੇ ਸਨ। ਪਹਿਲਵਾਨ ਇਨ੍ਹਾਂ ਅਖਾੜਿਆਂ ਦਾ ਧਰਮ ਸਥਾਨਾਂ ਵਾਂਗ ਸਤਿਕਾਰ ਕਰਿਆ ਕਰਦੇ ਸਨ।
ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਕੁਸ਼ਤੀ ਦੇ ਅਜਿਹੇ ਅਖਾੜੇ ਮੁਸਲਮਾਨ ਫ਼ਕੀਰਾਂ ਦੇ ਤਕੀਆਂ, ਨਾਥਾਂ ਦੇ ਡੇਰਿਆਂ, ਮਹੰਤਾਂ ਦੀਆਂ ਬਗ਼ੀਚੀਆਂ ਵਿਚ ਆਮ ਹੋਇਆ ਕਰਦੇ ਸਨ। ਪਿੰਡਾਂ ਵਿਚ ਤਾਂ ਉਸ ਸਮੇਂ ਦੋ ਹੀ ਖੇਡਾਂ, ਕੁਸ਼ਤੀ ਤੇ ਕਬੱਡੀ ਹੋਇਆ ਕਰਦੀਆਂ ਸਨ। ਮੈਨੂੰ ਯਾਦ ਹੈ ਕਿ ਕਸੂਰ ਇਲਾਕੇ ਦਾ ਨਾਮੀ ਪਹਿਲਵਾਨ ਮੰਗਲ ਸਿੰਘ ਦੀਆਂ ਧੁੰਮਾਂ ਸਾਰੇ ਪੰਜਾਬ ਵਿਚ ਹੁੰਦੀਆਂ ਸਨ। ਉਸ ਦਾ ਪਿੰਡ ਤਰਗਾ ਕਸੂਰ ਸ਼ਹਿਰ ਦੇ ਨੇੜੇ ਹੀ ਪੈਂਦਾ ਸੀ ਅਤੇ ਉਸ ਦੇ ਪਿੰਡ ਦਾ ਰਾਹ ਸਾਡੇ ਮੁਹੱਲੇ ਕੋਟ ਆਜ਼ਮ ਖ਼ਾਨ ਵਿਚੋਂ ਦੀ ਜਾਂਦਾ ਸੀ। ਮੰਗਲ ਸਿੰਘ ਉੱਚਾ, ਲੰਬਾ, ਚੌੜੀ ਛਾਤੀ ਤੇ ਸੁਡੌਲ ਜਿਸਮ ਦਾ ਮਾਲਕ ਸੀ। ਉਹ ਤੇੜ ਚਿੱਟਾ ਚਾਦਰਾ, ਚਿੱਟਾ ਕੁੜਤਾ ਤੇ ਸ਼ਮਲੇ ਵਾਲੀ ਪੱਗ ਨਾਲ ਆਪਣੀ ਸ਼ਿੰਗਾਰੀ ਹੋਈ ਘੋੜੀ ਤੇ ਬੈਠ ਕੇ ਜਦੋਂ ਸਾਡੇ ਕੋਲੋਂ ਦੀ ਲੰਘਦਾ ਸੀ ਤਾਂ ਅਸੀਂ ਉੱਥੇ ਖੇਡ ਰਹੇ ਮੁੰਡੇ ਖ਼ੁਸ਼ੀ ਵਿਚ ਉਸ ਵੱਲ ਇਸ਼ਾਰਾ ਕਰ ਕੇ ਉੱਚੀ ਉੱਚੀ ਇੱਕ ਦੂਜੇ ਨੂੰ ਆਖਦੇ, “ਅਹੁ ਪਹਿਲਵਾਨ ਮੰਗਲ ਸਿੰਘ ਜਾ ਰਿਹਾ ਜੇ।” ਪੇਸ਼ ਹੈ ਉਸ ਦੀ ਪੁਸਤਕ ‘ਪੰਜਾਬ ਦੇ ਤਰਾਸ਼ੇ ਹੀਰੇ’ ਵਿਚੋਂ ਨਵਜੋਤ ਸਿੱਧੂ ਬਾਰੇ ਲੇਖ:
ਨਵਜੋਤ ਸਿੰਘ ਸਿੱਧੂ ਉਰਫ਼ ਸ਼ੈਰੀ
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਨਵਜੋਤ ਸਿੰਘ ਸਿੱਧੂ ਮੇਰੀ ਤਾਰੀਫ਼ ਦੇ ਮੁਥਾਜ ਨਹੀਂ। ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਦੇ ਖੇਤਰ ਵਿਚ ਭਾਰਤ ਲਈ ਬਹੁਤ ਕੁਝ ਕੀਤਾ ਹੈ। ਨਵਜੋਤ ਸਿੰਘ ਨੂੰ ਮੈਂ 1975 ਤੋਂ ਇਸ ਕਰਕੇ ਜਾਣਦਾ ਹਾਂ ਕਿ ਇਹਨਾਂ ਦੇ ਪਿਤਾ ਜੀ ਭਗਵੰਤ ਸਿੰਘ ਸਿੱਧੂ ਉਸ ਵੇਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸਨ ਜਦਕਿ ਮੈਂ ਐਸੋਸੀਏਸ਼ਨ ਦਾ ਜਾਇੰਟ ਸਕੱਤਰ ਅਤੇ ਚੋਣ ਕਮੇਟੀ ਦਾ ਮੈਂਬਰ ਸੀ। ਸ. ਭਗਵੰਤ ਸਿੰਘ ਸਿੱਧੂ ਦੀ ਇਹ ਤੀਬਰ ਇਛਾ ਸੀ ਕਿ ਮੇਰਾ ਬੇਟਾ ਕ੍ਰਿਕਟ ਦੇ ਮੈਦਾਨ ਵਿਚ ਚੰਗੇ ਬੱਲੇਬਾਜ਼ ਦੇ ਰੂਪ ਵਿਚ ਉਭਰ ਕੇ ਭਾਰਤ ਦੇ ਸਾਹਮਣੇ ਆਵੇ। ਇਸ ਆਸ਼ੇ ਨੂੰ ਪੂਰਾ ਕਰਨ ਲਈ ਜਿਥੇ ਨਵਜੋਤ ਸਿੰਘ ਸਿੱਧੂ ਨੇ ਬਾਰਾਂਦਰੀ ਪਟਿਆਲਾ ਦੇ ਕ੍ਰਿਕਟ ਮੈਦਾਨ ਵਿਚ ਅਣਥੱਕ ਮਿਹਨਤ ਕੀਤੀ ਉਥੇ ਭਗਵੰਤ ਸਿੰਘ ਸਿੱਧੂ ਨੇ ਨਵਜੋਤ ਦੀ ਖੇਡ ਵਿਚ ਨਿਖਾਰ ਲਿਆਉਣ ਲਈ ਕ੍ਰਿਕਟ ਦੀਆਂ ਸਾਰੀਆਂ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਇਸ ਤੋਂ ਇਲਾਵਾ ਪੰਜਾਬ ਵਿਚ ਜਿਥੇ ਵੀ ਨਵਜੋਤ ਸਿੰਘ ਮੈਚ ਖੇਡਣ ਜਾਂਦਾ, ਭਗਵੰਤ ਸਿੰਘ, ਨਵਜੋਤ ਦੀ ਬੱਲੇਬਾਜ਼ੀ ਦੇਖਣ ਲਈ ਉਚੇਚੇ ਤੌਰ ਤੇ ਉਥੇ ਪੁੱਜਦੇ। ਉਹ ਮੈਚ ਭਾਵੇਂ ਜ਼ਿਲ੍ਹਾ ਪੱਧਰ ਦੇ ਹੁੰਦੇ ਜਾਂ ਫਿਰ ਸਟੇਟ ਪੱਧਰ ਦੇ।
ਭਗਵੰਤ ਸਿੰਘ ਸਿੱਧੂ ਨਾਮਵਰ ਐਡਵੋਕੇਟ ਦੇ ਤੌਰ ਤੇ ਜਾਣੇ ਜਾਂਦੇ ਸਨ। ਇਸ ਗੱਲ ਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਪੰਜਾਬ ਸਰਕਾਰ ਨੇ 1980 ਵਿਚ ਭਗਵੰਤ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਦੇ ਅਹੁਦੇ ਤੇ ਨਿਯੁਕਤ ਕਰ ਦਿਤਾ ਸੀ। ਮੈਨੂੰ ਯਾਦ ਹੈ ਕਿ 1981 `ਚ ਪੰਜਾਬ ਰਣਜੀ ਟਰਾਫੀ ਟੀਮ ਦੀ ਚੋਣ ਲਈ ਬਾਰਾਂਦਰੀ ਗਰਾਊਂਡ ਪਟਿਆਲਾ ਵਿਖੇ ਖਿਡਾਰੀਆਂ ਦੇ ਟ੍ਰਾਇਲ ਰੱਖੇ ਗਏ ਸਨ। ਨਵਜੋਤ ਸਿੰਘ ਸਿੱਧੂ ਉਦੋਂ ਭੋਲਾ-ਭਾਲਾ, ਦੁਬਲਾ-ਪਤਲਾ 18 ਕੁ ਸਾਲ ਦਾ ਹੋਵੇਗਾ। ਉਹ ਵੀ ਟ੍ਰਾਇਲ ਦੇਣ ਲਈ ਆਇਆ ਸੀ। ਉਸ ਸਮੇਂ ਬਿਸ਼ਨ ਸਿੰਘ ਬੇਦੀ, ਵਾਚਸਪਤੀ ਸ਼ਰਮਾ, ਸੁਰਿੰਦਰ ਵੈਦਿਆਏ, ਚਮਨ ਲਾਲ ਮਲਹੋਤਰਾ ਅਤੇ ਮੈਂ ਰਣਜੀ ਟਰਾਫੀ ਚੋਣ ਕਮੇਟੀ ਦੇ ਮੈਂਬਰ ਸਾਂ।
ਜਦ ਟੀਮ ਚੁਣਨ ਲੱਗੇ ਤਾਂ ਬਿਸ਼ਨ ਸਿੰਘ ਬੇਦੀ ਵੱਲੋਂ ਪਹਿਲਾ ਨਾਮ ਨਵਜੋਤ ਸਿੰਘ ਸਿੱਧੂ ਦਾ ਲਿਆ ਗਿਆ ਜਿਸ ਉਪਰ ਵਾਚਸਪਤੀ ਸ਼ਰਮਾ ਨੇ ਇਤਰਾਜ਼ ਜਤਾਇਆ ਕਿ ਇਹ ਅਜੇ ਬਹੁਤ ਛੋਟਾ ਹੈ, ਟੀਮ ਵਿਚ ਸ਼ਾਮਲ ਨਹੀਂ ਕਰਨਾ ਚਾਹੀਦਾ। ਬਾਕੀ ਸਾਰੇ ਮੈਂਬਰਾਂ ਨੇ ਇਕ ਆਵਾਜ਼ `ਚ ਕਿਹਾ ਕਿ ਸ਼ੈਰੀ ਭਾਵੇਂ ਉਮਰ ਦਾ ਛੋਟਾ ਹੈ ਪਰ ਬੱਲੇਬਾਜ਼ੀ ਦੇ ਪੱਖ ਤੋਂ ਬਹੁਤ ਵੱਡਾ ਹੈ। ਨਵਜੋਤ ਸਿੱਧੂ ਨੂੰ ਕ੍ਰਿਕਟ ਸਰਕਲ ਵਿਚ ਸਾਰੇ ਹੀ ਸ਼ੈਰੀ ਦੇ ਨਾਮ ਨਾਲ ਬਲਾਉਂਦੇ ਸਨ। ਉਸ ਨੇ ਰਣਜੀ ਟਰਾਫੀ ਮੁਕਾਬਲਿਆਂ ਵਿਚ ਬਤੌਰ ਅਰੰਭਕ ਬੱਲੇਬਾਜ਼ ਖੇਡਦਿਆਂ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਵੇਖ ਕੇ ਸ਼ੈਰੀ ਨੂੰ 1983 `ਚ ਨਾਰਥ ਜ਼ੋਨ ਦੀ ਕ੍ਰਿਕਟ ਵਿਚ ਸ਼ਾਮਲ ਕਰ ਲਿਆ ਗਿਆ ਸੀ। 1983 ਵਿਚ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਟੈੱਸਟ ਮੈਚਾਂ ਦੀ ਲੜੀ ਖੇਡਣ ਲਈ ਭਾਰਤ ਦੇ ਦੌਰੇ ਤੇ ਪੁੱਜੀ ਹੋਈ ਸੀ। ਟੈੱਸਟ ਮੈਚ ਤੋਂ ਪਹਿਲਾਂ ਤਿੰਨ ਦਿਨਾਂ ਮੈਚ ਨਾਰਥ ਜ਼ੋਨ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਾਲੇ ਗਾਂਧੀ ਗਰਾਊਂਡ ਅੰਮ੍ਰਿਤਸਰ ਵਿਚ ਖੇਡਿਆ ਗਿਆ ਸੀ। ਉਸ ਮੈਚ ਵਿਚ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਮੈਲਕਮ ਮਾਰਸ਼ਲ, ਐਂਡੀ ਰਾਬਟ ਅਤੇ ਹੋਲਡਰ ਸ਼ਾਮਲ ਸਨ। ਇਸ ਮੈਚ ਵਿਚ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਸ਼ੈਰੀ ਨੇ ਬੜੀ ਦਲੇਰੀ ਨਾਲ ਬੱਲੇਬਾਜ਼ੀ ਕੀਤੀ। ਵਿਕਟਾਂ ਦੇ ਚਾਰੋਂ ਪਾਸੇ ਸ਼ਾਟ ਮਾਰ ਕੇ ਸ਼ਾਨਦਾਰ 100 ਦੌੜਾਂ ਬਣਾਈਆਂ। ਇਸ ਦੀ ਸ਼ਾਨਦਾਰ ਬੱਲੇਬਾਜ਼ੀ ਦੇਖ ਕੇ ਸ਼ੈਰੀ ਨੂੰ ਭਾਰਤ ਦੀ ਕ੍ਰਿਕਟ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਇਸ ਤਰ੍ਹਾਂ ਸ਼ੈਰੀ 1983 ਤੋਂ ਲੈ ਕੇ 1999 ਤਕ ਭਾਰਤ ਵਲੋਂ ਟੈੱਸਟ ਮੈਚ ਬੜੀ ਕਾਮਯਾਬੀ ਨਾਲ ਖੇਡ ਦਾ ਰਿਹਾ। ਸਿੱਧੂ ਨੇ ਕੁੱਲ ਮਿਲਾ ਕੇ 51 ਟੈੱਸਟ ਮੈਚ ਖੇਡੇ। ਇਹਨਾਂ ਟੈੱਸਟ ਮੈਚਾਂ ਵਿਚ ਸ਼ੈਰੀ ਨੇ 3000 ਦੇ ਕਰੀਬ ਦੌੜਾਂ ਬਣਾਈਆਂ ਜਿਨ੍ਹਾਂ ਵਿਚ 9 ਸੈਂਕੜੇ ਅਤੇ 15 ਅਰਧ ਸੈਂਕੜੇ ਬਣਾ ਕੇ ਕ੍ਰਿਕਟ ਪ੍ਰੇਮੀਆਂ ਦਾ ਮਨਜ਼ੂਰੇ-ਨਜ਼ਰ ਬਣ ਗਿਆ।
ਗਾਂਧੀ ਗਰਾਊਂਡ ਅੰਮ੍ਰਿਤਸਰ ਵਿਚ ਜਦ ਨਵਜੋਤ ਨੇ 100 ਦੌੜਾਂ ਬਣਾਈਆਂ ਤਾਂ ਭਗਵੰਤ ਸਿੰਘ ਸਿੱਧੂ ਵੀ ਉਥੇ ਮੌਜੂਦ ਸਨ। ਮੈਂ ਉਸ ਮੈਚ ਦੀ ਆਲ ਇੰਡੀਆ ਰੇਡੀਓ ਤੋਂ ਕੁਮੈਂਟਰੀ ਕਰ ਰਿਹਾ ਸਾਂ। ਨਵਜੋਤ ਨੂੰ ਰੇਡੀਓ ਤੇ ਕੁਝ ਕਹਿਣ ਲਈ ਮੈਂ ਪਵੇਲੀਅਨ ਵਿਚੋਂ ਉਸ ਨੂੰ ਲੈਣ ਲਈ ਗਿਆ ਤਾਂ ਭਗਵੰਤ ਸਿੰਘ ਪਵੇਲੀਅਨ ਦੇ ਬਾਹਰ ਖੜੇ੍ਹ ਸਨ। ਉਹਨਾਂ ਨਾਲ ਬਾਬਾ ਰਾਮ ਕਿਸ਼ਨ ਕ੍ਰਿਕਟ ਕੋਚ ਵੀ ਖੜੇ੍ਹ ਸਨ। ਮੈਂ ਸਰਦਾਰ ਜੀ ਨੂੰ ਮੁਬਾਰਕ ਦਿਤੀ ਤਾਂ ਖ਼ੁਸ਼ੀ ਵਿਚ ਉਹਨਾਂ ਦੀਆਂ ਅੱਖਾਂ ਭਰ ਆਈਆਂ ਅਤੇ ਉਹਨਾਂ ਨੇ ਮੈਨੂੰ ਗਲੇ ਨਾਲ ਲਾ ਲਿਆ। ਸਰਦਾਰ ਸਾਹਿਬ ਵੀ ਮੇਰੇ ਨਾਲ ਅੰਦਰ ਚਲੇ ਗਏ। ਜਦ ਮੈਂ ਨਵਜੋਤ ਨੂੰ ਕੁਮੈਂਟੇਟਰ ਬਾਕਸ ਵਿਚ ਆਉਣ ਲਈ ਕਿਹਾ ਤਾਂ ਉਹ ਕਹਿਣ ਲੱਗਾ, ‘ਸਰ, ਮੇਰੇ ਕੋਲੋਂ ਬੋਲਿਆ ਨਹੀਂ ਜਾਣਾ। ‘ਸਰਦਾਰ ਸਾਹਿਬ ਦੇ ਕਹਿਣ ਤੇ ਵੀ ਉਹ ਮੇਰੇ ਨਾਲ ਕੁਮੈਂਟਰੀ ਬਾਕਸ ਵਿਚ ਨਾ ਆਇਆ। ਭਾਵ ਉਸ ਵੇਲੇ ਉਹ ਗੱਲ ਕਰਨ ਤੋਂ ਬਹੁਤ ਝਿਜਕ ਦਾ ਸੀ ਪਰ ਹੁਣ ਤਾਂ ਉਹ ਏਨਾ ਹਾਜ਼ਰ ਜਵਾਬ ਹੈ ਕਿ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ।
ਕ੍ਰਿਕਟ ਪ੍ਰੇਮੀਆਂ ਨੂੰ ਯਾਦ ਹੋਵੇਗਾ ਕਿ ਲਖਨਊ ਵਿਖੇ ਹਰ ਸਾਲ ਸ਼ੀਸ਼ ਮਹੱਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਸੀ। ਉਸ ਟੂਰਨਾਮੈਂਟ ਵਿਚ ਭਾਰਤ ਦੇ ਟੈੱਸਟ ਸਟਾਰ ਅਤੇ ਹੋਰ ਉਚ ਕੋਟੀ ਦੇ ਖਿਡਾਰੀ ਹਿੱਸਾ ਲੈਂਦੇ ਸਨ। ਉਸ ਟੂਰਨਾਮੈਂਟ ਵਿਚ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਦੀ ਕਿਸੇ ਕਲੱਬ ਵੱਲੋਂ ਖੇਡ ਦਾ ਸੀ। ਉਸ ਟੂਰਨਾਮੈਂਟ ਵਿਚ ਇਸ ਦੇ ਚੌਕੇ, ਛਿੱਕਿਆਂ ਦੀ ਬੁਛਾੜ ਦੇਖ ਕੇ ਕ੍ਰਿਕਟ ਕੰਟਰੋਲ ਬੋਰਡ ਆਫ਼ ਇੰਡੀਆ ਦੀਆਂ ਨਜ਼ਰਾਂ ਸਿੱਧੂ ਤੇ ਪਈਆਂ ਅਤੇ ਉਸ ਨੂੰ1987 ਵਿਚ ਇੱਕ ਰੋਜ਼ਾ ਮੈਚਾਂ ਲਈ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਉੱਚੇ ਲੰਬੇ ਸਿੱਧੂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਪਾਕਿਸਤਾਨ, ਸ੍ਰੀਲੰਕਾ ਆਦਿ ਦੇਸ਼ਾਂ ਵਿਰੁਧ ਖੇਡਦਿਆਂ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਹਨਾਂ ਦੇਸ਼ਾਂ ਦੇ ਖਿਲਾਫ ਬੱਲੇਬਾਜ਼ੀ ਕਰਦਿਆਂ ਬੜੀ ਦਲੇਰੀ ਨਾਲ ਆਪਣੇ ਕਦਮਾਂ ਦਾ ਇਸਤੇਮਾਲ ਕਰਕੇ ਤੇ ਕਰੀਜ਼ ਚੋਂ ਬਾਹਰ ਨਿਕਲ ਕੇ ਉੱਚੇ ਲੰਬੇ ਛੱਕੇ ਮਾਰ ਕੇ ਦਰਸ਼ਕਾਂ ਦੀ ਸ਼ਲਾਘਾ ਦਾ ਕੇਂਦਰ ਬਣ ਦਾ ਰਿਹਾ।
ਬੱਲੇਬਾਜ਼ੀ ਦੇ ਨਾਲ ਸ਼ੈਰੀ ਦੀ ਫੀਲਡਿੰਗ ਵੀ ਦੇਖਣ ਵਾਲੀ ਸੀ। ਉਹ ਕਮਾਦੀ ਚਿੜੇ ਜਿੰਨੀ ਫੁਰਤੀ ਨਾਲ ਗੇਂਦ ਉਪਰ ਝਪਟ ਪੈਂਦਾ ਅਤੇ ਆਪਣੇ ਖੱਬੇ ਜਾਂ ਸੱਜੇ ਪਾਸੇ ਡਾਈਵ ਕਰਕੇ ਗੇਂਦ ਨੂੰ ਜਾਣ ਨਹੀਂ ਸੀ ਦਿੰਦਾ। ਉਸ ਦੀ ਫੀਲਡਿੰਗ ਨੂੰ ਦੇਖ ਕੇ ਸਿੱਧੂ ਨੂੰ ਦਰਸ਼ਕ ਜਾਊਂਟੀ ਸਿੰਘ ਕਹਿਣ ਲੱਗ ਪਏ ਸਨ। ਸ਼ੈਰੀ ਨੇ ਕੁਲ ਮਿਲਾ ਕੇ 136 ਇੱਕ ਰੋਜ਼ਾ ਮੈਚ ਖੇਡੇ ਤੇ 4413 ਦੌੜਾਂ ਬਣਾਈਆਂ। ਇਹਨਾਂ ਵਿਚ 6 ਸੈਂਚਰੀਆਂ ਤੇ 33 ਅਰਧ ਸੈਂਚਰੀਆਂ ਬਣਾ ਕੇ ਭਾਰਤ ਨੂੰ ਜਿੱਤ ਦੇ ਰਾਹ ਪਾਉਂਦਾ ਰਿਹਾ। ਟੈੱਸਟ ਮੈਚਾਂ ਵਿਚ ਵੱਧ ਤੋਂ ਵੱਧ 201 ਦੌੜਾਂ ਅਤੇ ਇਕ ਦਿਨਾਂ ਮੈਚ ਵਿਚ ਸਿੱਧੂ ਨੇ 202 ਸ਼ਾਨਦਾਰ ਦੌੜਾਂ ਬਣਾਈਆਂ। ਨਵਜੋਤ ਸਿੰਘ ਸਿੱਧੂ ਜੰਮਿਆਂ ਪਟਿਆਲੇ, ਪੜ੍ਹਿਆ ਪਟਿਆਲੇ ਅਤੇ 15 ਸਾਲ, 19 ਸਾਲ, 22 ਸਾਲ ਤੋਂ ਘੱਟ ਉਮਰ ਦੇ ਮੈਚਾਂ ਅਤੇ ਰਣਜੀ ਟਰਾਫੀ ਮੁਕਾਬਲੇ ਪਟਿਆਲੇ ਵੱਲੋਂ ਖੇਡ ਦਾ ਰਿਹਾ ਪਰ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਸ ਨੂੰ ਬੜੀ ਰਾਸ ਆਈ। ਗੁਰੂ ਨੇ ਉਸ ਉਪਰ ਅਪਾਰ ਕ੍ਰਿਪਾ ਕੀਤੀ। ਸਿੱਧੂ ਦਾ ਜਿਥੇ ਟੈੱਸਟ ਕੈਰੀਅਰ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਉਥੇ ਉਸ ਦਾ ਸਿਆਸੀ ਜੀਵਨ ਵੀ ਅੰਮ੍ਰਿਤਸਰ ਤੋਂ ਹੀ ਆਰੰਭ ਹੋਇਆ। ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਕੇ ਉਹ ਦੋ ਵਾਰ ਐਮਪੀ ਬਣਿਆ, ਇੱਕ ਵਾਰ ਐੱਮਐੱਲਏ ਬਣਿਆ ਅਤੇ ਉਸ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਵੀ ਏਥੋਂ ਹੀ ਚੋਣ ਲੜਕੇ ਐੱਮਐੱਲਏ ਬਣੀ ਸੀ। ਨਵਜੋਤ ਸਿੱਧੂ ਜਿਥੇ ਭਾਰਤ ਦਾ ਚੋਟੀ ਦਾ ਬੱਲੇਬਾਜ਼ ਤੇ ਫੀਲਡਰ ਰਿਹਾ ਉਥੇ ਸਰਗਰਮ ਕ੍ਰਿਕਟ ਤੋਂ ਸੰਨਿਆਸ ਲੈ ਕੇ ਟੀਵੀ ਚੈਨਲਾਂ ਦਾ ਪ੍ਰਭਾਵਸ਼ਾਲੀ ਕ੍ਰਿਕਟ ਕੁਮੈਂਟੇਟਰ ਵੀ ਰਿਹਾ। ਉਸ ਦੇ ਮੁਹਾਵਰੇਦਾਰ ਅਤੇ ਲੱਛੇਦਾਰ ਕੁਮੈਂਟ ਸੁਣ ਕੇ ਕ੍ਰਿਕਟ ਪ੍ਰੇਮੀ ਬੜਾ ਅਨੰਦ ਮਾਣਦੇ ਰਹੇ। ਅਖ਼ੀਰ ਵਿਚ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਇਹੋ ਹੀ ਕਹਾਂਗਾ ਕਿ ਕੋਲਿਆਂ ਦੀਆਂ ਖਾਨਾਂ, ਪੱਥਰ ਦੀਆਂ ਖਾਨਾਂ ਜਾਂ ਫਿਰ ਲੋਹੇ ਦੀਆਂ ਖਾਨਾਂ ਤਾਂ ਬਹੁਤ ਮਿਲ ਜਾਣਗੀਆਂ ਪਰ ਲਾਲਾਂ ਦੀਆਂ ਖਾਨਾਂ ਨਹੀਂ ਹੋਇਆ ਕਰਦੀਆਂ।
ਮੈਂ ਫਖ਼ਰ ਨਾਲ ਆਖ ਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਲਾਲ ਹੀ ਨਹੀਂ ਸਗੋਂ ਪੰਜਾਬ ਦਾ ਇਕ ਤਰਾਸ਼ਿਆ ਹੋਇਆ ਹੀਰਾ ਹੈ।
ਸੰਪਰਕ: principalsarwansingh@gmail.com