ਸੁਖਦੇਵ ਸਿੰਘ ਭੁੱਲੜ
ਮਿਤੀ 22 ਦਸੰਬਰ 1704 ਨੂੰ ਚਮਕੌਰ ਵਿਖੇ ਅਨੋਖਾ ਯੁੱਧ ਸ਼ੁਰੂ ਹੋਇਆ। ਸ਼ਾਹੀ ਫ਼ੌਜ ’ਚ ਘਿਰੇ ਦਸਮੇਸ਼ ਗੁਰੂ ਜੀ ਤੇ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੂੰ ਮੌਤ ਦਾ ਫ਼ਿਕਰ ਨਹੀਂ ਸੀ, ਸਗੋਂ ਧਰਮ ਲਈ ਜ਼ੁਲਮ ਵਿਰੁੱਧ ਜੂਝਦਿਆਂ ਸ਼ਹਾਦਤ ਪਾਉਣ ਦੀ ਚਾਹ ਸੀ। ਏਡੇ ਵੱਡੇ ਘੇਰੇ ਵਿੱਚ ਘਿਰੇ ਹੋਏ ਦਸਮੇਸ਼ ਗੁਰੂ ਜੀ ਤੇ ਸਿੰਘ ਚੜ੍ਹਦੀ ਕਲਾ ਵਿੱਚ ਸਨ। ਇੱਕ ਪਾਸੇ ਭੁੱਖਣ-ਭਾਣੇ ਲੰਮੇ ਸਫ਼ਰ ਵਿੱਚ ਲੜਦੇ-ਭਿੜਦੇ, ਥੱਕੇ-ਟੁੱਟੇ ਚਾਲੀ ਸਿੱਖ ਹੋਣ, ਦੂਜੇ ਪਾਸੇ ਦਸ ਲੱਖ ਸ਼ਾਹੀ ਫ਼ੌਜ ਜਿਨ੍ਹਾਂ ਕੋਲ ਉਸ ਵਕਤ ਵਧੀਆ ਹਥਿਆਰ ਸਨ। ਜਿੱਥੇ ਯੁੱਧ ਵਿੱਚ ਲੜਨ ਉਪਰੰਤ ਮੌਤ ਯਕੀਨੀ ਹੋਵੇ। ਅਜਿਹੀ ਸਥਿਤੀ ਵਿੱਚ ਲੜਨ ਮਰਨ ਦਾ ਹੀਆ ਕੀਤਾ ਤਾਂ ਉਹ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਨੇ।
ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨਵਾਬ ਵਜ਼ੀਰ ਖਾਨ ਆਤਮ ਸਮਰਪਣ ਕਰਨ ਲਈ ਆਖਦਾ ਹੈ, ਪਰ ਦਸਮ ਪਿਤਾ ਜੀ ਜੰਗ ਕਰਨ ਲਈ ਤੀਰਾਂ ਦੀ ਬੁਛਾੜ ਕਰਦੇ ਹਨ। ਇਤਿਹਾਸਕਾਰ ਮੁਹੰਮਦ ਲਤੀਫ਼ ਲਿਖਦਾ ਹੈ ਕਿ ਖਵਾਜ਼ਾ ਮਹਿਮੂਦ ਅਲੀ ਨੇ ਇੱਕ ਏਲਚੀ ਗੜ੍ਹੀ ਵਿੱਚ ਭੇਜਿਆ ਕਿ ਗੁਰੂ ਜੀ ਆਪਣੇ ਆਪ ਨੂੰ ਸ਼ਾਹੀ ਫ਼ੌਜ ਦੇ ਹਵਾਲੇ ਕਰ ਦੇਣ, ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਏਲਚੀ ਨੇ ਪੈਗਾਮ ਦੇਣ ਉਪਰੰਤ ਕੁਝ ਕੁਬੋਲ ਗੁਰੂ ਜੀ ਦੀ ਸ਼ਾਨ ਵਿੱਚ ਬੋਲੇ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਤਲਵਾਰ ਕੱਢ ਕੇ ਕਿਹਾ, ‘ਜੇਕਰ ਗੁਰੂ ਪਿਤਾ ਦੀ ਸ਼ਾਨ ਦੇ ਖਿਲਾਫ਼ ਕੁਝ ਹੋਰ ਬੋਲਿਆ ਤਾਂ ਮੈਂ ਤੇਰੇ ਟੋਟੇ-ਟੋਟੇ ਕਰ ਦੇਵਾਂਗਾ।’
ਇਸ ਤੋਂ ਬਾਅਦ ਦੁਵੱਲੀ ਯੁੱਧ ਸ਼ੁਰੂ ਹੋ ਗਿਆ। ਦੋਹਾਂ ਪਾਸਿਆਂ ਤੋਂ ਤੀਰ ਤੇ ਗੋਲੀਆਂ ਦਾ ਮੀਂਹ ਵਰ੍ਹਨ ਲੱਗਾ। ਮੁਗਲ ਸਿਪਾਹੀ ਗੜ੍ਹੀ ਦੇ ਨੇੜੇ ਨਹੀਂ ਸੀ ਪਹੁੰਚ ਸਕੇ। ਨਵਾਬ ਵਜ਼ੀਰ ਖਾਂ ਨੇ ਫ਼ੌਜਾਂ ਨੂੰ ਇੱਕੋ ਵਾਰ ਹਮਲਾ ਕਰਨ ਦੀ ਹਦਾਇਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਮਲੇ ਨੂੰ ਪਛਾੜਨ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਾਹਰ ਭੇਜਣੇ ਸ਼ੁਰੂ ਕੀਤੇ। ਜਿਨ੍ਹਾਂ ਨੇ ਬਾਹਰ ਨਿਕਲ ਕੇ ਮੁਗਲ ਫ਼ੌਜਾਂ ਦੇ ਆਹੂ ਲਾਹ ਸੁੱਟੇ। ਗੜ੍ਹੀ ਉੱਪਰੋਂ ਗੁਰੂ ਜੀ ਤੇ ਸਿੰਘ ਤੀਰਾਂ ਦੀ ਵਰਖਾ ਕਰਨ ਲੱਗੇ।
ਜਦੋਂ ਸ਼ਾਹੀ ਫ਼ੌਜ ਦੇ ਤੂਫਾਨੀ ਹਮਲੇ ਨੂੰ ਸਿੰਘ ਰੋਕਣ ਤੋਂ ਅਸਮਰੱਥ ਦਿੱਸੇ ਤਾਂ ਕਲਗੀਧਰ ਪਿਤਾ ਜੀ ਆਪ ਗੜ੍ਹੀ ਤੋਂ ਬਾਹਰ ਨਿਕਲ ਕੇ ਮੁਗਲ ਫ਼ੌਜਾਂ ’ਤੇ ਟੁੱਟ ਕੇ ਪੈ ਗਏ। ਦਸਮ ਪਿਤਾ ਜੀ ਦੀ ਤਲਵਾਰ ਅੱਗੇ ਮੁਗਲ ਫ਼ੌਜਾਂ ਦੇ ਘਾਣ ਲੱਥ ਗਏ। ਇਸ ਤਰ੍ਹਾਂ ਮੈਦਾਨੇ ਜੰਗ ਵਿੱਚ ਹਫੜਾ ਦਫੜੀ ਮੱਚ ਗਈ। ਸਿੰਘ ਮੁਗਲ ਫ਼ੌਜ ’ਤੇ ਹਾਵੀ ਹੋ ਗਏ। ਮੁਗਲ ਫ਼ੌਜਾਂ ਦੇ ਹਮਲੇ ਨੂੰ ਸਿੰਘਾਂ ਨੇ ਜਾਨਾਂ ਵਾਰ ਕੇ ਰੋਕਿਆ। ਨਵਾਬ ਵਜ਼ੀਰ ਖਾਂ ਨੇ ਫਿਰ ਗੜ੍ਹੀ ’ਤੇ ਕਬਜ਼ਾ ਕਰਨ ਲਈ ਹਮਲਾ ਕੀਤਾ। ਹਮਲਾਵਰ ਗੜ੍ਹੀ ਵੱਲ ਵਧੇ, ਪਰ ਸਿੰਘਾਂ ਦੇ ਇਰਾਦਿਆਂ ਅੱਗੇ ਇਹ ਮਾਮੂਲੀ ਹਮਲਾ ਸੀ। ਇਸ ਹਮਲੇ ਨੂੰ ਰੋਕਣ ਲਈ ਗੁਰੂ ਜੀ ਨੇ ਆਪਣੇ ਜਿਗਰ ਦੇ ਟੁਕੜੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਚੁਣਿਆ। ਅਜੀਤ ਸਿੰਘ ਜੰਗ ਲਈ ਤਿਆਰ ਹੋਇਆ। ਨਾਲ ਅੱਠ ਸਿੰਘ ਤਿਆਰ ਕੀਤੇ। ਉਸ ਵਕਤ ਅਜੀਤ ਸਿੰਘ ਦੀ ਉਮਰ ਅਠਾਰਾਂ ਕੁ ਵਰ੍ਹਿਆਂ ਦੀ ਸੀ। ਅਜੀਤ ਸਿੰਘ ਦੀ ਅਗਵਾਈ ਹੇਠ ਸਿੰਘਾਂ ਦੇ ਜਥੇ ਨੇ ਗੜ੍ਹੀ ’ਚੋਂ ਬਾਹਰ ਨਿਕਲਦਿਆਂ ਹੀ ਜੈਕਾਰਾ ਛੱਡਿਆ। ਅਜੀਤ ਸਿੰਘ ਨੂੰ ਅੱਗੇ ਵਧਦਾ ਦੇਖ ਕੇ ਦੁਸ਼ਮਣ ਪਲ ਭਰ ਲਈ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਦੀਆਂ ਧਰਮ-ਪੁਸਤਕਾਂ ਵਿੱਚ ਕੋਈ ਅਜਿਹਾ ਪਿਤਾ ਮੌਜੂਦ ਨਹੀਂ ਸੀ, ਜੋ ਆਪਣੇ ਬੇਟੇ ਨੂੰ ਸ਼ਹੀਦ ਹੋਣ ਲਈ ਮੈਦਾਨੇ ਜੰਗ ਵਿੱਚ ਭੇਜੇ। ਅਜੀਤ ਸਿੰਘ ਦੇ ਤਿੱਖੇ ਤੀਰਾਂ ਨੇ ਦੁਸ਼ਮਣ ਦੀਆਂ ਛਾਤੀਆਂ ਵਿੰਨ੍ਹ ਸੁੱਟੀਆਂ। ਸਾਹਿਬਜ਼ਾਦੇ ਨੇ ਲਲਕਾਰ ਕੇ ਕਿਹਾ ਕਿ ਜਿਸਨੂੰ ਲੜਨ ਮਰਨ ਦਾ ਚਾਅ ਏ, ਉਹ ਸਾਹਮਣੇ ਆਵੇ। ਉਨ੍ਹਾਂ ਦੇ ਸਾਹਮਣੇ ਕਈ ਆਏ, ਪਰ ਵਾਪਸ ਨਾ ਗਏ। ਅਜੀਤ ਸਿੰਘ ਅਜਿਹਾ ਲੜਿਆ ਕਿ ਦੁਸ਼ਮਣ ‘ਖੁਦਾ! ਖੁਦਾ!’ ਕਰਨ ਲੱਗੇ। ਬੇਸ਼ੱਕ ਮੁਗਲ ਸੈਨਾ ਦਾ ਹਮਲਾ ਸਿੰਘਾਂ ਨੇ ਜੰਮ ਕੇ ਰੋਕਿਆ, ਪਰ ਇਹ ਮੁਕਾਬਲਾ ਕੋਈ ਬਰਾਬਰ ਦਾ ਨਹੀਂ ਸੀ। ਸਗੋਂ ਗਿਣਤੀ ਦੇ ਨੌਂ ਸੂਰਮਿਆਂ ਨਾਲ ਬੇਸ਼ੁਮਾਰ ਫ਼ੌਜ ਦਾ ਮੁਕਾਬਲਾ ਕੁਦਰਤੀ ਅਸੂਲਾਂ ਦੇ ਵਿਰੁੱਧ ਸੀ। ਇੱਕ ਪਾਸੇ ਗਿਣਤੀ ਦੀਆਂ ਨੌਂ ਜਿੰਦਾਂ, ਗਿਣਤੀ ਦੇ ਤੀਰ ਹਥਿਆਰ ਆਦਿ, ਪਰ ਦੂਜੇ ਪਾਸੇ ਅਣਗਿਣਤ ਫ਼ੌਜਾਂ। ਤੀਰ ਮੁੱਕੇ ਤੇ ਸਿੰਘਾਂ ਨੇ ਤਲਵਾਰਾਂ ਧੂਹ ਲਈਆਂ। ਅਜੀਤ ਸਿੰਘ ਕੋਲ ਨੇਜ਼ਾ ਸੀ। ਇੱਕ ਮੁਗਲ ਸਰਦਾਰ ਅਨਵਰ ਖਾਂ ਮਾਲੇਰਕੋਟਲੇ ਵਾਲਾ ਜਿਸ ਦਾ ਸਾਰਾ ਸਰੀਰ ਲੋਹੇ ਨਾਲ ਢਕਿਆ ਹੋਇਆ ਸੀ। ਸਾਹਿਬਜ਼ਾਦੇ ਨੇ ਰਕਾਬਾਂ ’ਤੇ ਖੜ੍ਹੇ ਹੋ ਕੇ ਪੂਰੇ ਜ਼ੋਰ ਨਾਲ ਨੇਜ਼ਾ ਅਨਵਰ ਖਾਂ ਦੀ ਛਾਤੀ ਵਿੱਚ ਮਾਰਿਆ, ਜਿਹੜਾ ਲੋਹੇ ਦੀ ਸੰਜੋਅ ਨੂੰ ਪਾੜ ਕੇ ਛਾਤੀ ਵਿੱਚ ਜਾ ਧਸਿਆ। ਲੜਦੇ-ਲੜਦੇ ਅੱਠ ਸਿੰਘ ਸ਼ਹੀਦ ਹੋ ਗਏ, ਪਰ ਅਜੀਤ ਸਿੰਘ ਇਕੱਲਾ ਹੀ ਲੜਦਾ ਰਿਹਾ। ਇੱਕ ਮੁਗਲ ਸਰਦਾਰ ਨੇ ਨੇਜ਼ਾ ਮਾਰਿਆ। ਅਜੀਤ ਸਿੰਘ ਨੇ ਵਾਰ ਬਚਾਇਆ, ਪਰ ਘੋੜਾ ਜ਼ਖ਼ਮੀ ਹੋ ਗਿਆ। ਫਿਰ ਸਾਹਿਬਜ਼ਾਦਾ ਅਜੀਤ ਸਿੰਘ ਪੈਦਲ ਹੋ ਕੇ ਤਲਵਾਰ ਦੇ ਕ੍ਰਿਸ਼ਮੇ ਦਿਖਾਉਣ ਲੱਗੇ। ਉਨ੍ਹਾਂ ਨੂੰ ਇਕੱਲੇ ਲੜਦੇ ਤੱਕ ਕੇ ਸ਼ਾਹੀ ਸੈਨਾ ਇੱਕੋ ਵਾਰ ਆ ਪਈ। ਹਰ ਇੱਕ ਫ਼ੌਜੀ ਦੀ ਇੱਛਾ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਉਸ ਦੇ ਵਾਰ ਨਾਲ ਮਰੇ। ਹੁਣ ਉਹ ਸ਼ਾਹੀ ਫ਼ੌਜਾਂ ਦੇ ਵਿਚਕਾਰ ਘਿਰ ਚੁੱਕੇ ਸਨ। ਚੁਫੇਰਿਓਂ ਵਾਰ ਹੋ ਰਹੇ ਸਨ। ਸਾਹਿਬਜ਼ਾਦੇ ਦੀ ਤਲਵਾਰ ਖੁੰਢੀ ਹੋ ਗਈ, ਪਰ ਲੜਨ ਦਾ ਚਾਅ ਮੱਠਾ ਨਹੀਂ ਸੀ ਹੋਇਆ। ਅਚਾਨਕ ਪਿੱਛੋਂ ਇੱਕ ਵਾਰ ਹੋਇਆ। ਪਿੱਛੋਂ ਵਾਰ ਕਰਨ ਵਾਲਾ ਸਈਅਦ ਜਲਾਲੂਦੀਨ ਦਾ ਪੁੱਤਰ ਸੀ, ਉਸ ਦਾ ਨੇਜ਼ਾ ਅਜੀਤ ਸਿੰਘ ਦੀ ਛਾਤੀ ਵਿੱਚੋਂ ਪਾਰ ਨਿਕਲ ਗਿਆ। ਚੁਫੇਰਿਓਂ ਹੋਏ ਅਣਗਿਣਤ ਵਾਰਾਂ ਨਾਲ ਅਜੀਤ ਸਿੰਘ ਸ਼ਹੀਦ ਹੋ ਗਿਆ।
ਦਸਮ ਪਿਤਾ ਜੀ ਇਹ ਯੁੱਧ ਅੱਖੀਂ ਦੇਖ ਰਹੇ ਸਨ। ਆਪਣੇ ਪੁੱਤਰ ਦੀ ਸ਼ਹਾਦਤ ’ਤੇ ਗੁਰੂ ਜੀ ਨੇ ਅਫ਼ਸੋਸ ਨਹੀਂ ਕੀਤਾ। ਅੱਖਾਂ ਵਿੱਚੋਂ ਹੰਝੂ ਨਹੀਂ ਵਹਾਏ। ਸਗੋਂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਜੈਕਾਰਾ ਛੱਡਿਆ।
ਅਜੀਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਿਬਜ਼ਾਦੇ ਜੁਝਾਰ ਸਿੰਘ ਦੇ ਜੋਸ਼ ਨੇ ਉਬਾਲਾ ਖਾਧਾ। ਉਹ ਗੁਰੂ ਪਿਤਾ ਜੀ ਕੋਲ ਆਏ ਤੇ ਸ਼ਹਾਦਤ ਪ੍ਰਾਪਤ ਕਰਨ ਲਈ ਆਪਾ ਪੇਸ਼ ਕੀਤਾ। ਗੁਰੂ ਪਿਤਾ ਜੀ ਨੇ ਜੁਝਾਰ ਸਿੰਘ ਦਾ ਮੱਥਾ ਚੁੰਮਿਆ। ਘੁੱਟ ਕੇ ਛਾਤੀ ਨਾਲ ਲਾਇਆ ਤੇ ਆਖਿਆ: ‘ਜਾਓ, ਮੇਰੇ ਲਾਲ! ਸੂਰਮੇ ਦਾ ਕਰਮ ਧਰਮ ਯੁੱਧ ਵਿੱਚ ਰੰਗ ਮਚਾਉਣਾ ਏਂ। ਧਰਮ ਲਈ ਮਰਨ ਵਾਲੇ ਬੰਦਿਆਂ ਦੀ ਏਥੇ ਉਸਤਤਿ ਤੇ ਦਰਗਾਹ ਵਿੱਚ ਮਾਨ ਸੁੱਖ ਮਿਲਦਾ ਹੈ।’
ਸਾਹਿਬਜ਼ਾਦਾ ਜੁਝਾਰ ਸਿੰਘ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਜੰਗ ਕਰਨ ਜਾ ਰਿਹਾ ਸੀ ਜਦੋਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਤਾਂ ਪਹਿਲਾਂ ਵੀ ਤਿੰਨ ਜੰਗਾਂ ਲੜ ਚੁੱਕਾ ਸੀ। ਲਾਡਾਂ ਨਾਲ ਪਲੇ ਸਾਹਿਬਜ਼ਾਦੇ ਨੂੰ ਗੁਰੂ ਪਿਤਾ ਜੀ ਨੇ ਆਪਣੇ ਕੋਲੋਂ ਇੱਕ ਖੰਜਰ ਦਿੰਦੇ ਹੋਏ ਹਦਾਇਤ ਕੀਤੀ:
ਹਮ ਦੇਤੇ ਹੈਂ ਖੰਜਰ ਉਸੇ ਸ਼ਮਸ਼ੀਰ ਸਮਝਨਾ।
ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੀਰ ਸਮਝਨਾ।
ਜਿਤਨੇ ਮਰੇ ਉਸ ਸੇ ਉਨ੍ਹੇ ਬੇਪੀਰ ਸਮਝਨਾ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ ਸਮਝਨਾ।
ਜਬ ਤੀਰ ਕਲੇਜੇ ਮੇਂ ਲਗੇ ‘ਸੀ’ ਨਹੀਂ ਕਰਨਾ।
ਉਫ! ਮੂੰਹ ਸੇ ਮਿਰੀ ਜਾਂ ਕਭੀ ਭੀ ਨਹੀਂ ਕਰਨਾ।
ਗੁਰੂ ਜੀ ਨੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਤੇ ਤਿੰਨ ਹੋਰ ਸਿੰਘਾਂ ਦੇ ਜਥੇ ਨਾਲ ਜੁਝਾਰ ਸਿੰਘ ਨੂੰ ਮੈਦਾਨ ’ਚ ਉਤਾਰਿਆ। ਸਾਹਿਬਜ਼ਾਦੇ ਦੀ ਉਸ ਵਕਤ ਉਮਰ 14 ਸਾਲ 8 ਮਹੀਨੇ ਤੇ 17 ਦਿਨ ਸੀ। ਮੈਦਾਨ ’ਚ ਆਉਣ ਸਾਰ ਤਰਥੱਲ ਮੱਚ ਗਿਆ। ਦੁਵੱਲੀ ਵਾਰ ਹੋਣ ਲੱਗੇ। ਲੋਥਾਂ ਡਿੱਗਣ ਲੱਗੀਆਂ। ਸ਼ਾਹੀ ਫ਼ੌਜ ਨੇ ਛੇ ਜਿੰਦਾਂ ਨੂੰ ਘੇਰ ਲਿਆ। ਛੇ ਸੂਰਮੇ ਤਨੋਂ ਮਨੋਂ ਹੋ ਕੇ ਲੜਨ ਲੱਗੇ। ਦਿਨ ਦਾ ਅਖੀਰਲਾ ਪਹਿਰ ਬੀਤ ਰਿਹਾ ਸੀ। ਜਦੋਂ ਮੁਗਲਾਂ ਨੇ ਸਾਹਿਬਜ਼ਾਦੇ ਨੂੰ ਘੇਰੇ ਵਿੱਚ ਲੈ ਲਿਆ ਤਾਂ ਗੁਰੂ ਪਿਤਾ ਜੀ ਨੇ ਗੜ੍ਹੀ ਵਿੱਚੋਂ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਪਿਤਾ ਗੁਰੂ ਜੀ ਦੇ ਤੀਰਾਂ ਦੀ ਛਾਂ ਹੇਠ ਜੁਝਾਰ ਸਿੰਘ ਲੜਦਾ ਰਿਹਾ ਤੇ ਸੈਨਾ ਦੇ ਆਹੂ ਲਾਹੁੰਦਾ ਰਿਹਾ। ਇੱਕ-ਇੱਕ ਕਰਕੇ ਸਿੰਘ ਸ਼ਹੀਦ ਹੁੰਦੇ ਗਏ। ਉਨ੍ਹਾਂ ਯੋਧਿਆਂ ਨੇ ਦੱਸ ਦਿੱਤਾ ਸੀ ਕਿ ਇੱਕ ਇੱਕ ਸਿੰਘ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰ ਸਕਦਾ ਹੈ। ਜੁਝਾਰ ਸਿੰਘ ਲੜਦਾ-ਲੜਦਾ ਉਸ ਜਗ੍ਹਾ ’ਤੇ ਪਹੁੰਚ ਗਿਆ, ਜਿੱਥੇ ਵੱਡੇ ਵੀਰ ਅਜੀਤ ਸਿੰਘ ਦੀ ਦੇਹ ਪਈ ਸੀ। ਉਸ ਥਾਂ ’ਤੇ ਅਚਾਨਕ ਇੱਕ ਤੀਰ ਜੁਝਾਰ ਸਿੰਘ ਦੀ ਛਾਤੀ ਵਿੱਚ ਆ ਕੇ ਵੱਜਾ। ਕਵੀ ਅੱਲ੍ਹਾ ਯਾਰ ਖਾਂ ਲਿਖਦਾ ਹੈ:
ਇਤਨੇ ਮੇਂ ਖਦੰਗ ਆ ਕੇ ਲਗਾ ਹਾਇ ਜਿਗਰ ਮੇਂ।
ਥਾ ਤੀਰ ਕਲੇਜੇ ਮੇਂ ਯਾ ਕਾਂਟਾ ਗੁਲਿ ਤਰ ਮੇਂ।
ਤਾਰੀਕ ਜ਼ਮਾਨਾ ਹੂਆ ਸਤਿਗੁਰ ਕੀ ਨਜ਼ਰ ਮੇਂ।
ਤੂਫਾਨ ਉਠਾ, ਖਾਕ ਉੜੀ, ਬਹਰ ਮੇਂ, ਬਰ ਮੇਂ।
ਇਸ ਤਰ੍ਹਾਂ ਸੈਆਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਬਹਾਦਰ ਯੋਧਾ ਜੁਝਾਰ ਸਿੰਘ ਸ਼ਹੀਦ ਹੋ ਗਿਆ। ਗੁਰੂ ਪਿਤਾ ਜੀ ਨੇ ਜੈਕਾਰਾ ਛੱਡ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ। ਇਹ ਯੁੱਧ ਪਿਆਰੇ ਮੋਹਕਮ ਸਿੰਘ ਦੀ ਸ਼ਹੀਦੀ ਤੋਂ ਸ਼ੁਰੂ ਹੋਇਆ ਸੀ ਤੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਸ਼ਹੀਦੀ ਨਾਲ ਸਮਾਪਤ ਹੋ ਗਿਆ।
ਸੰਪਰਕ: 94170-46117