ਰਾਜਿੰਦਰ ਪਾਲ ਸਿੰਘ ਬਰਾੜ
ਕਰੋਨਾ ਦੇ ਬੁਖ਼ਾਰ ਕਾਰਨ ਮੇਰੀ ਪਤਨੀ (ਪ੍ਰੋ.ਚਰਨਜੀਤ ਕੌਰ) ਬੁੜਬੁੜਾਉਂਦੀ ਹੈ, ‘‘ਮੈਡਮ (ਦਲੀਪ ਕੌਰ ਟਿਵਾਣਾ) ਘਰ ਚੱਲ ਕੇ ਆ ਗਏ ਨੇ, ਕਿਸਾਨ ਸੰਘਰਸ਼ ਲਈ ਦਿੱਲੀ ਜਾਣ ਲਈ। ਤੂੰ ਮੈਨੂੰ ਜਗਾਇਆ ਈ ਨਹੀਂ। ਹੁਣ ਏਨੀ ਛੇਤੀ ਤਿਆਰ ਕਿਵੇਂ ਹੋਊਂ। ਚਲੋ ਹੁਣ ਐਂ ਹੀ ਚਲਦੇ ਆਂ।’’ ਮੈਂ ਉਸ ਨੂੰ ਨੀਂਦ ਦੀ ਘੂਕੀ ਵਿਚੋਂ ਜਗਾਉਂਦਾ ਹਾਂ, ‘‘ਚਰਨਜੀਤ ਹੋਸ਼ ਕਰ। ਮੈਡਮ ਇਸ ਦੁਨੀਆਂ ਵਿਚ ਕਿੱਥੇ! ਤੈਨੂੰ ਬੁਖ਼ਾਰ ਦੀਆਂ ਗੋਲੀਆਂ ਦੀ ਘੂਕੀ ਹੈ। ਤੂੰ ਠੀਕ ਹੋ, ਆਪਾਂ ਦਿੱਲੀ ਚੱਲਾਂਗੇ।’’ ਉਸ ਦੀ ਸੁਰਤ ਪਰਤਣ ’ਤੇ ਸੁਪਨੇ ਨੂੰ ਸਮਝਣ ਲੱਗਦੇ ਹਾਂ। ਮੈਂ ਵਿਆਖਿਆ ਕਰਨ ਲੱਗਦਾ ਹਾਂ, ‘‘ਅਸਲ ਵਿਚ ਤੈਨੂੰ ਉਹ ਵੇਲਾ ਯਾਦ ਆ ਗਿਆ ਜਦੋਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਵਧੀਆਂ ਫੀਸਾਂ ਵਿਰੁੱਧ ਘੋਲ ਚੱਲ ਰਿਹਾ ਸੀ। ਕੁੜੀਆਂ ਨੂੰ ਹੋਸਟਲਾਂ ’ਚੋਂ ਬਾਹਰ ਕੱਢ ਕੇ ਬੰਦ ਕਰ ਦਿੱਤਾ ਸੀ ਅਤੇ ਘਰਾਂ ਨੂੰ ਜਾਣ ਲਈ ਕਹਿ ਦਿੱਤਾ ਸੀ।’’ ਉਸ ਵੇਲੇ ਮੈਡਮ ਨੇ ਕਿਹਾ ਸੀ, ‘‘ਚੱਲ ਮੈਂ ਨਾਲ ਚਲਦੀ ਹਾਂ ਧਰਨੇ ਵਿਚ। ਯੂਨੀਵਰਸਿਟੀ ਕਿਸੇ ਦੇ ਬਾਪ ਦੀ ਨਹੀਂ, ਸਾਡੀ ਸਭ ਦੀ ਹੈ। ਅਸੀਂ ਰਲ ਮਿਲ ਕੇ ਬਚਾਉਣੀ ਐ।’’ ਅੱਜ ਕਿਸਾਨੀ ਨੂੰ, ਪੰਜਾਬ ਨੂੰ, ਦੇਸ਼ ਅਤੇ ਇਸ ਦੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਲੋੜ ਸੀ ਤਾਂ ਕਿਤੇ ਪੁਰਾਣੀਆਂ ਯਾਦਾਂ ਨਵੇਂ ਸੰਘਰਸ਼ੀ ਦਿਨਾਂ ਵਿਚ ਬੁਖ਼ਾਰ ਦੀ ਘੂਕੀ ਵਿਚ ਆ ਗਈਆਂ।
ਮੈਡਮ ਦਲੀਪ ਕੌਰ ਟਿਵਾਣਾ ਨੂੰ ਇਸ ਸੰਸਾਰ ਤੋਂ ਗਿਆਂ ਸਾਲ ਹੋਣ ਵਾਲਾ (31 ਜਨਵਰੀ 2020) ਹੈ। ਯਕੀਨ ਨਹੀਂ ਆਉਂਦਾ। ਅਜੇ ਵੀ ਲੱਗਦਾ ਹੈ ਕਿ ਉਹ ਬੀ-13 ਵਾਲੇ ਘਰ ਵਿਚ ਮੌਜੂਦ ਹਨ। ਅਸਲ ਵਿਚ ਉਹ ਆਪਣੇ ਸ਼ਬਦਾਂ, ਆਪਣੇ ਵਾਕਾਂ, ਆਪਣੀਆਂ ਲਿਖਤਾਂ, ਆਪਣੇ ਅਮਲਾਂ ਕਰਕੇ ਸੱਚਮੁੱਚ ਮੌਜੂਦ ਹਨ। ਲਿਖਾਰੀ ਕਿਤੇ ਨਹੀਂ ਜਾਂਦੇ। ਉਹ ਸ਼ਬਦਾਂ ਵਿਚ ਢਲ ਜਾਂਦੇ ਹਨ, ਜਦੋਂ ਵੀ ਕੋਈ ਪੜ੍ਹੇ ਤਾਂ ਮੁੜ ਜਾਗ੍ਰਿਤ ਹੋ ਜਾਂਦੇ ਹਨ। ਦੇਸ਼ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਸੀ। ਗੌਰੀ ਲੰਕੇਸ਼ ਅਤੇ ਐੱਮ.ਐੱਮ. ਕਲਬੁਰਗੀ ਵਰਗੇ ਹੱਕ ਸੱਚ ਲਈ ਖੜ੍ਹਨ ਵਾਲੇ ਸੰਵੇਦਨਸ਼ੀਲ ਸੁਹਿਰਦ ਬੁੱਧੀਜੀਵੀਆਂ ਦੇ ਕਤਲ ਹੋ ਰਹੇ ਸਨ ਜਾਂ ਉਨ੍ਹਾਂ ਨੂੰ ਕੇਸਾਂ ਵਿਚ ਉਲਝਾਇਆ ਜਾ ਰਿਹਾ ਸੀ। ਅਜਿਹੇ ਸਮੇਂ ਜਦੋਂ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਪ੍ਰਾਪਤ ਸਾਹਿਤਕਾਰਾਂ ਦੀ ਵੀ ਕਿਤੇ ਵੀ ਸੁਣੀ ਨਹੀਂ ਜਾ ਰਹੀ ਸੀ ਤਾਂ ਉਨ੍ਹਾਂ ਨੇ ਭਾਰਤੀ ਸਾਹਿਤ ਅਕਾਦਮੀ ਅਤੇ ਹੋਰ ਸਰਕਾਰੀ ਸਨਮਾਨ ਰੋਸ ਵਜੋਂ ਮੋੜਨ ਦਾ ਫ਼ੈਸਲਾ ਕੀਤਾ। ਉਸ ਸਮੇਂ ਦਲੀਪ ਕੌਰ ਟਿਵਾਣਾ ਨੇ ਪਦਮ ਸ਼੍ਰੀ ਵਾਪਸ ਕਰਦਿਆਂ ਲਿਖਿਆ ਸੀ:
‘ਬੁੱਧ ਅਤੇ ਨਾਨਕ ਦੇ ਦੇਸ਼ ਵਿਚ ਫ਼ਿਰਕਾਪ੍ਰਸਤੀ ਕਾਰਨ 1984 ਵਿਚ ਸਿੱਖਾਂ ਉਪਰ ਹੋਏ ਜ਼ੁਲਮ ਅਤੇ ਹੁਣ ਮੁਸਲਿਮ ਅਤੇ ਹੋਰ ਘੱਟਗਿਣਤੀਆਂ ’ਤੇ ਹੋ ਰਹੇ ਜ਼ੁਲਮ ਸਰਕਾਰ ਅਤੇ ਸਮਾਜ ਲਈ ਫ਼ਿਟਕਾਰ ਹਨ। ਹੱਕ ਅਤੇ ਸੱਚ ਦੀ ਆਵਾਜ਼ ਉਠਾਉਣ ਵਾਲੇ ਲੇਖਕਾਂ ਨੂੰ ਮਾਰ ਦੇਣਾ ਸਾਨੂੰ ਸੰਸਾਰ ਅਤੇ ਰੱਬ ਅੱਗੇ ਸ਼ਰਮਸਾਰ ਕਰਦਾ ਹੈ। ਇਸ ਲਈ ਮੈਂ ਰੋਸ ਵਜੋਂ ਭਾਰਤ ਸਰਕਾਰ ਵੱਲੋਂ 2004 ’ਚ ਮੈਨੂੰ ਦਿੱਤੇ ਗਏ ਪਦਮ ਸ਼੍ਰੀ ਐਵਾਰਡ ਨੂੰ ਵਾਪਸ ਕਰਦੀ ਹਾਂ। ਨਾਲ ਹੀ ਨਯਨਤਰਾ ਸਹਿਗਲ ਅਤੇ ਹੋਰ ਸਾਰੇ ਲੇਖਕ ਜੋ ਰੋਸ ਪ੍ਰਗਟਾ ਰਹੇ ਹਨ, ਮੈਂ ਉਨ੍ਹਾਂ ਨਾਲ ਇਕਮੁੱਠਤਾ ਪ੍ਰਗਟ ਕਰਦੀ ਹਾਂ।’
ਉਹ ਹਰ ਸਮੇਂ ਆਪਣੇ ਲੋਕਾਂ ਨਾਲ ਖੜ੍ਹੇ ਸਨ। ਉਹ ਆਪਣੇ ਨਾਵਲਾਂ ਵਿਚ ਬੜਬੋਲੇ ਨਹੀਂ ਸੀ ਅਤੇ ਬਿਆਨ (ਸਟੇਟਮੈਂਟ) ਦੀ ਪੱਧਰ ’ਤੇ ਬਹੁਤ ਘੱਟ ਲਿਖਦੇ ਸਨ। ਉਹ ਵਿਚਾਰ ਨੂੰ ਸਭਿਆਚਾਰਕ ਧਰਾਤਲ ’ਤੇ ਗਲਪੀ ਬਿੰਬ ਵਿਚ ਢਾਲ ਕੇ ਪੇਸ਼ ਕਰਦੇ ਸਨ।
ਉਨ੍ਹਾਂ ਦਾ ਜਨਮ ਮਾਤਾ ਚੰਦ ਕੌਰ, ਪਿਤਾ ਸ. ਕਾਕਾ ਸਿੰਘ ਦੇ ਘਰ 4 ਮਈ 1932 (ਅਸਲ ਵਿਚ 1935) ਨੂੰ ਪਿੰਡ ਰੱਬੋਂ ਉੱਚੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਪਾਲਣਾ ਪੋਸ਼ਣਾ ਭੂਆ ਫੁੱਫੜ ਕੋਲ ਉਸ ਸਮੇਂ ਦੇ ਰਾਜਾਸ਼ਾਹੀ, ਜਾਗੀਰਦਾਰੀ ਮਾਹੌਲ ਵਿਚ ਪਟਿਆਲੇ ਵਿਚ ਹੋਈ, ਪਰ ਉਨ੍ਹਾਂ ਦਾ ਮਨ ਅਤੇ ਲਿਖਤਾਂ ਹਮੇਸ਼ਾਂ ਹੀ ਇਨ੍ਹਾਂ ਵਲਗਣਾਂ ਨੂੰ ਪਾਰ ਕਰਦੀਆਂ ਰਹੀਆਂ। ਉਨ੍ਹਾਂ ਵਿਚ ਇਕ ਪਾਸੇ ਟੁੱਟ ਰਹੀ ਜਾਗ਼ੀਰਦਾਰੀ ਦੇ ਹਾਰ ਰਹੇ ਬੇਵੱਸ ਸਰਦਾਰਾਂ ਪ੍ਰਤੀ ਹਮਦਰਦੀ ਸੀ ਤਾਂ ਦੂਜੇ ਪਾਸੇ ਉਨ੍ਹਾਂ ਦੇ ਘਰਾਂ ਵਿਚ ਕੰਮ ਕਰਦੇ ਕੰਮੀਆਂ ਨਾਲ ਓਸ ਤੋਂ ਕਿਤੇ ਵੱਧ ਹਮਦਰਦੀ ਸੀ। ਉਨ੍ਹਾਂ ਦੇ ਆਪਣੇ ਘਰੇਲੂ ਕੰਮ ਕਰਨ ਵਾਲੇ ਕੰਮੀਆਂ ਨਾਲ ਵੀ ਰਿਸ਼ਤੇਦਾਰੀ ਵਰਗਾ ਰਿਸ਼ਤਾ ਸੀ। ਉਹ ਸਭ ਦੀ ਭੂਆ ਸਨ, ਕੰਮ ਸੰਵਾਰਨ ਵਾਲੀ। ਉਨ੍ਹਾਂ ਦੇ ਘਰ ਜਾਤ ਦੀ ਭਿੱਟ ਨਹੀਂ ਮੰਨੀ ਜਾਂਦੀ ਸੀ। ਅੱਜ ਇਹ ਗੱਲ ਕੁਝ ਵੀ ਨਹੀਂ ਮੰਨੀ ਜਾਂਦੀ, ਪਰ ਅੱਧੀ ਸਦੀ ਪਹਿਲਾਂ ਇਹ ਗੱਲਾਂ ਵੱਡੀਆਂ ਸਨ।
ਉਹ ਮਹਿੰਦਰਾ ਕਾਲਜ ਪਟਿਆਲੇ ਪੜ੍ਹੇ ਹੀ ਨਹੀਂ ਸਗੋਂ ਉਸ ਸਮੇਂ ਪੜ੍ਹਾਉਂਦੇ ਰਹੇ ਜਦੋਂ ਪੰਜਾਬ ਦਾ ਇਕ ਬੌਧਿਕ ਟੋਲਾ ਭੂਤਵਾੜਾ ਪਨਪਿਆ ਸੀ ਜਿਸ ਦੇ ਜਾਣ ਨਾਲ ਇਕ ਯੁੱਗ ਚਲਾ ਗਿਆ। ਪ੍ਰੋ. ਪ੍ਰੀਤਮ ਸਿੰਘ, ਗੁਰਭਗਤ ਸਿੰਘ, ਸਤਿੰਦਰ ਸਿੰਘ ਨੂਰ, ਹਰਦਿਲਜੀਤ ਸਿੰਘ ਉਰਫ਼ ਲਾਲੀ ਬਾਬਾ, ਹਰਿੰਦਰ ਮਹਬਿੂਬ ਅਤੇ ਦਲੀਪ ਕੌਰ ਟਿਵਾਣਾ ਵਰਗੇ ਚਲੇ ਗਏ, ਪਰ ਨਵਤੇਜ ਭਾਰਤੀ, ਦਰਬਾਰਾ ਸਿੰਘ, ਕੁਲਵੰਤ ਗਰੇਵਾਲ ਹੀ ਹਾਜ਼ਰ ਹਨ। ਉਸ ਤੋਂ ਬਾਅਦ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੀ ਪੌਦ ਸੁਰਜੀਤ ਪਾਤਰ, ਜਸਵਿੰਦਰ ਸਿੰਘ ਵਰਗੇ ਵੀ ਹਿੱਸਾ ਪਾ ਰਹੇ ਹਨ ਜਾਂ ਅਜਮੇਰ ਔਲਖ ਵਾਂਗ ਆਪਣਾ ਹਿੱਸਾ ਪਾ ਗਏ ਹਨ। ਭੂਤਵਾੜਾ ਪੰਜਾਬ ਦਾ ਬੌਧਿਕ ਸੁਪਨਾ ਸੀ। ਪੰਜਾਬ ਦੀ ਬੌਧਿਕ ਚੇਤਨਾ ਇਤਿਹਾਸਕ ਮੋੜਾਂ ਘੋੜਾਂ ਨਕਸਲਬਾੜੀ ਲਹਿਰ, ਖਾੜਕੂ ਲਹਿਰ ਰਾਹੀਂ ਪੰਜਾਬ ਦੇ ਮੌਜੂਦਾ ਮੁਕਾਮ ’ਤੇ ਪਹੁੰਚੀ ਹੈ। ਇਸ ਸਮੇਂ ਦਲੀਪ ਕੌਰ ਟਿਵਾਣਾ ਦੀ ਯਾਦ ਆਉਣੀ ਸੁਭਾਵਿਕ ਹੈ।
ਉਨ੍ਹਾਂ ਨੇ ਪਹਿਲਾਂ ਕਹਾਣੀਆਂ ਲਿਖੀਆਂ, ਫੇਰ ਨਾਵਲ ਲੇਖਣ ਵੱਲ ਆਏ। ਪਹਿਲਾ ਨਾਵਲ ਅਗਨੀ ਪ੍ਰੀਖਿਆ (1968) ਵਿੱਚ ਛਪਿਆ, ਦੂਜਾ ਨਾਵਲ ਏਹੁ ਹਮਾਰਾ ਜੀਵਣਾ ਅਗਲੇ ਸਾਲ ਛਪਿਆ ਜਿਸ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਵੀ ਮਿਲਿਆ। ਫਿਰ ਵਾਟ ਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦਾ ਦੇਸ਼, ਸਭ ਦੇਸੁ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ ਚਾਲ, ਐਰ ਵੈਰ ਮਿਲਦਿਆਂ, ਰਿਣ ਪਿੱਤਰਾਂ ਦਾ, ਲੰਘ ਗਏ ਦਰਿਆ, ਜਿਮੀਂ ਪੁੱਛੇ ਅਸਮਾਨ, ਕਥਾ ਕੁਕਨਸ ਦੀ, ਦੁਨੀ ਸੁਹਾਵਾ ਬਾਗ਼, ਕਥਾ ਕਹੋ ਉਰਵਸ਼ੀ, ਉਹ ਤਾਂ ਪਰੀ ਸੀ, ਭਉਜਲ, ਜਨਮ ਜੂਏ ਹਾਰਿਆ, ਖੜ੍ਹਾ ਪੁਕਾਰੇ ਪਾਤਣੀ, ਪੌਣਾ ਦੀ ਜਿੰਦ ਮੇਰੀ, ਖਿਤਿਜ ਤੋਂ ਪਾਰ, ਤੀਨ ਲੋਕ ਸੇ ਨਿਆਰੀ, ਤੁਮਰੀ ਕਥਾ ਕਹੀ ਨਾ ਜਾਇ, ਵਾਵਰੋਲਾ, ਕਲਯੁੱਗ ਰੱਥ ਅਗਨਿ ਕਾ, ਜਿਨ ਲੋਇਣ ਜਗੁ ਮੋਹਿਆ, ਚਿੜੀਆਂ ਦਾ ਮਰਨ, ਇੱਕ ਛੋਟੀ ਜਿਹੀ ਖ਼ਬਰ, ਗੱਲ ਜੁਗਨੂੰਆਂ ਦੀ, ਸ਼ਾਇਦ, ਤਖ਼ਤ ਹਜ਼ਾਰਾ ਦੂਰ ਕੁੜੇ, ਵਿਛੜੇ ਸੱਭੋ ਵਾਰੋ ਵਾਰੀ, ਮਾਤਾ ਧਰਤਿ ਮਹਤੁ, ਜੇ ਕਿਧਰੇ ਰੱਬ ਟੱਕਰ ਜੇ, ਭਰਿ ਸਰਵਰੁ, ਅਗਲੀ ਤਾਰੀਖ ਤੱਕ, ਗਫੂਰ ਸੀ ਉਸਦਾ ਨਾਓਂ, ਇਹੀ ਸੱਚ ਹੈ ਲਿਖੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵੈ ਜੀਵਨੀਆਂ, ਆਲੋਚਨਾ ਅਤੇ ਹੋਰ ਵਾਰਤਕ ਵੀ ਲਿਖੀ। ਉਨ੍ਹਾਂ 7 ਕਹਾਣੀ ਸੰਗ੍ਰਹਿ, 40 ਤੋਂ ਵੱਧ ਨਾਵਲ, ਚਾਰ ਸਵੈ ਜੀਵਨੀਆਂ, 3 ਬੱਚਿਆਂ ਲਈ ਪੁਸਤਕਾਂ, 4 ਆਲੋਚਨਾ ਪੁਸਤਕਾਂ ਅਤੇ 7 ਅੰਗਰੇਜ਼ੀ ਭਾਸ਼ਾ ਤੋਂ ਅਨੁਵਾਦਤ ਪੁਸਤਕਾਂ ਲਿਖੀਆਂ ਹਨ।
ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦੇ ਵਿਸ਼ਾ ਵਸਤੂ ਅਤੇ ਪਰਿਵੇਸ਼ ਪੱਖੋਂ ਕਈ ਪੜਾਅ ਹਨ। ਪਹਿਲਾ ਪੇਂਡੂ ਮਾਹੌਲ ਦੇ ਨਾਵਲ ਜਿਵੇਂ ਦੂਸਰੀ ਸੀਤਾ, ਏਹੁ ਹਮਾਰਾ ਜੀਵਣਾ; ਪਟਿਆਲੇ ਦਾ ਸ਼ਾਹੀ ਮਾਹੌਲ ਜਿਵੇਂ ਲੰਘ ਗਏ ਦਰਿਆ, ਤੀਜਾ ਯੂਨੀਵਰਸਿਟੀ ਅਤੇ ਸ਼ਹਿਰੀ ਮਾਹੌਲ ਜਿਵੇਂ ਹਸਤਾਖਰ ਅਤੇ ਪੈੜਚਾਲ, ਚੌਥਾ ਗੁਰੂ ਮਹਿਲਾਂ ਬਾਰੇ ਜਿਵੇਂ ਤੀਨ ਲੋਕ ਸੇ ਨਿਆਰੀ। ਉਨ੍ਹਾਂ ਦੇ ਨਾਵਲਾਂ ਦਾ ਮੁੱਖ ਸਰੋਕਾਰ ਸਮਾਜਿਕ ਸਭਿਆਚਾਰਕ ਧਰਾਤਲ ਉਪਰ ਮਾਨਵੀ ਰਿਸ਼ਤਿਆਂ ਦੇ ਅੰਤਰ-ਦਵੰਦਾਂ ਨੂੰ ਪੇਸ਼ ਕਰਨਾ ਰਿਹਾ ਹੈ, ਖ਼ਾਸ ਕਰਕੇ ਔਰਤ ਵੇਦਨਾ ਵੱਲ ਉਨ੍ਹਾਂ ਨੇ ਵਧੇਰੇ ਤਵੱਜੋ ਦਿੱਤੀ। ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਦਾ ਕਲਾਸੀਕਲ ਨਾਵਲ ਹੋਣ ਦਾ ਦਰਜਾ ਪ੍ਰਾਪਤ ਏਹੁ ਹਮਾਰਾ ਜੀਵਣਾ ਦੀ ਮੁੱਖ ਪਾਤਰ ਭਾਨੋ ਨਾਵਲ ਦੇ ਅਖੀਰ ਵਿਚ ਸਮਾਜਿਕ ਦਾਇਰਿਆਂ ਨੂੰ ਤੋੜਦੀ ਬਗ਼ਾਵਤ ਵਜੋਂ ਘੁੰਡ ਛੱਡ ਪਿੰਡ ਦੀ ਸੱਥ ਵਿਚੋਂ ਲੰਘਦੀ ਹੈ। ਅੱਜ ਪੰਜਾਬ ਦੀਆਂ ਬਹਾਦਰ ਔਰਤਾਂ ਘਰਾਂ ਖੇਤਾਂ ਤੋਂ ਬਾਹਰ ਨਾ ਕੇਵਲ ਪੰਜਾਬ ਦੀਆਂ ਸੜਕਾਂ ’ਤੇ ਹੀ ਨਿਕਲੀਆਂ ਹਨ ਸਗੋਂ ਹਰੀਆਂ ਖੱਟੀਆਂ ਚੁੰਨੀਆਂ ਲੈ ਦਿੱਲੀ ਦੀ ਸਰਹੱਦ ’ਤੇ ਖੜ੍ਹੀਆਂ ਸਰਕਾਰ ਨੂੰ ਲਲਕਾਰ ਰਹੀਆਂ ਹਨ। ਅੱਜ ਲੱਖਾਂ ਭਾਨੋਆਂ ਨੰਗੇ ਮੂੰਹ ਬਗ਼ਾਵਤ ਕਰ ਰਹੀਆਂ ਹਨ। ਹਜ਼ਾਰਾਂ ਸਿਮਰਨਾਂ ਘੁਟ ਘੁਟ ਕੇ ਮਰਨ ਨਾਲੋਂ ਰਣਤੱਤੇ ਵਿਚ ਜੂਝ ਰਹੀਆਂ ਹਨ। ਅੱਜ ਉਨ੍ਹਾਂ ਦਾ ਸਰਸਵਤੀ ਇਨਾਮ ਜੇਤੂ ਨਾਵਲ ਕਥਾ ਕਹੋ ਉਰਵਸ਼ੀ ਯਾਦ ਆਉਂਦਾ ਹੈ ਜਿਸ ਦਾ ਮੁੱਖ ਪਾਤਰ ਖ਼ੁਦਕੁਸ਼ੀ ਕਰ ਲੈਂਦਾ ਹੈ। ਬਾਅਦ ਵਿਚ ਨਾ ਕੇਵਲ ਪਰੇਤ ਬਣ ਭਟਕਦਾ ਹੈ ਸਗੋਂ ਆਪਣੀ ਦੇਹੀ ਗੁਆ ਲੈਣ ਦੇ ਸੰਤਾਪ ਨੂੰ ਭੋਗਦਾ ਹੈ। ਨਾਵਲ ਦਾ ਸਾਰਾ ਵਿਵੇਕ ਖ਼ੁਦਕੁਸ਼ੀ ਦੇ ਵਿਰੁੱਧ ਭੁਗਤਦਾ ਹੈ। ਉਸ ਨਾਵਲ ਦਾ ਸੰਦੇਸ਼ ਅੱਜ ਖ਼ੁਦਕੁਸ਼ੀ ਕਰ ਰਹੇ ਇਨਸਾਨਾਂ ’ਤੇ ਵੀ ਢੁਕਦਾ ਹੈ ਕਿ ਮਨੁੱਖੀ ਦੇਹ ਬਗੈਰ ਕਰਮ ਨਹੀਂ ਹੁੰਦਾ ਅਤੇ ਕਰਮ ਬਗੈਰ ਮੁਕਤੀ ਨਹੀਂ। ਸੋ ਇਸ ਦੇਹ ਨਾਲ ਸੰਘਰਸ਼ ਕਰਨਾ ਹੀ ਜ਼ਿੰਦਗੀ ਹੈ। ਸੋ ਅੱਜ ਦੇ ਸੰਘਰਸ਼ੀ ਦਿਨਾਂ ਵਿਚ ਦਲੀਪ ਕੌਰ ਟਿਵਾਣਾ ਨੂੰ ਯਾਦ ਕਰਨਾ ਪ੍ਰਸੰਗਿਕ ਹੈ।
* ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ,ਪਟਿਆਲਾ।
ਸੰਪਰਕ: 98150-50617