ਪਾਕਿਸਤਾਨ ਵਿਚ ਕੋਵਿਡ-19 ਦੀ ਦੂਜੀ ਲਹਿਰ ਮੱਠੀ ਪੈਣ ਕਾਰਨ ਹਕੂਮਤ ਨੇ ਬੰਦਸ਼ਾਂ ਘਟਾਉਣ ਵਾਲੇ ਕਦਮ ਚੁੱਕੇ ਹਨ। ਪੂਰੇ ਮੁਲਕ ਵਿਚ ਐਤਵਾਰ ਤੋਂ ਅੰਤਰ-ਰਾਜੀ, ਅੰਤਰ-ਸ਼ਹਿਰੀ ਅਤੇ ਲੋਕ ਬੱਸ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਸੋਮਵਾਰ (ਅੱਜ) ਤੋਂ ਬਾਜ਼ਾਰ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ। ਬੱਸਾਂ ਵਿਚ 50 ਫ਼ੀਸਦੀ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂਕਿ ਰੇਲ ਗੱਡੀਆਂ 70 ਫ਼ੀਸਦੀ ਸੀਟਾਂ ਭਰ ਸਕਣਗੀਆਂ। ਕੋਵਿਡ-19 ਬਾਰੇ ਕੌਮੀ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਸਮੁੱਚੇ ਮੁਲਕ ਦੀ ਸਥਿਤੀ ਉਪਰ 19 ਮਈ ਨੂੰ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਉਸ ਆਧਾਰ ’ਤੇ ਭਵਿੱਖ ਸਬੰਧੀ ਫ਼ੈਸਲੇ ਲਏ ਜਾਣਗੇ।
ਅਜਿਹੇ ਆਸ਼ਾਵਾਦੀ ਕਦਮਾਂ ਤੋਂ ਉਲਟ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (ਪੀ.ਐਮ.ਏ.) ਨੇ ਫੈਡਰਲ ਤੇ ਸੂਬਾਈ ਸਰਕਾਰਾਂ ਨੂੰ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਐਸੋਸੀਏਸ਼ਨ ਨੇ ਫੈਡਰਲ ਸਰਕਾਰ ਦਾ ਧਿਆਨ ਇਸ ਹਕੀਕਤ ਵੱਲ ਦਿਵਾਇਆ ਹੈ ਕਿ ਈਦ ਦੇ ਮੱਦੇਨਜ਼ਰ ਮੁਲਕ ਵਿਚ ਕਰੋਨਾ ਸਬੰਧੀ ਟੈਸਟ ਬਹੁਤ ਘੱਟ ਕੀਤੇ ਗਏ। ਇਸੇ ਕਾਰਨ ਪੀੜਤਾਂ ਦੀ ਗਿਣਤੀ ਘੱਟ ਹੋਣ ਦੇ ਅੰਕੜੇ ਤਿੰਨ ਦਿਨਾਂ ਤੋਂ ਸਾਹਮਣੇ ਆਏ ਹਨ। ਸਰਕਾਰ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ ਸਗੋਂ ਜਿੱਥੇ ਕਿਤੇ ਵੀ ਲੋੜ ਹੈ, ਸਖ਼ਤੀ ਜਾਰੀ ਰੱਖਣੀ ਚਾਹੀਦੀ ਹੈ। ਇਸੇ ਦੌਰਾਨ ਐਤਵਾਰ ਨੂੰ ਮੁਲਕ ਵਿਚ 2379 ਨਵੇਂ ਕੇਸ ਸਾਹਮਣੇ ਆਏ ਅਤੇ 76 ਮੌਤਾਂ ਹੋਈਆਂ। ਪਹਿਲਾਂ ਸ਼ੁੱਕਰਵਾਰ ਨੂੰ 1531 ਨਵੇਂ ਕੇਸ ਅਤੇ 31 ਮੌਤਾਂ ਦਰਜ ਕੀਤੀਆਂ ਗਈਆਂ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਵਿਆਪਕ ਟੀਕਾਕਰਨ ਮੁਹਿੰਮਾਂ ਦੀ ਅਣਹੋਂਦ ਕਾਰਨ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਮੁੜ ਤੇਜ਼ੀ ਨਾਲ ਵਧਣ ਦੇ ਇਮਕਾਨਾਤ ਰੱਦ ਨਹੀਂ ਕੀਤੇ ਜਾ ਸਕਦੇ।
* * *
ਟੀਕਾਕਰਨ ਤੇ ਵਹਿਮ-ਭਰਮ
ਪਾਕਿਸਤਾਨ ਵਿਚ ਕੋਵਿਡ-19 ਦਾ ਪਸਾਰਾ ਰੋਕਣ ਲਈ ਸਿਰਫ਼ ਦੋ ਟੀਕੇ ਸਿਨੇਫਾਰਮ (ਚੀਨੀ) ਤੇ ਸਪੂਤਨਿਕ (ਰੂਸੀ) ਉਪਲਬਧ ਹਨ। ਚੀਨ ਸਰਕਾਰ ਨੇ ਅਪਰੈਲ ਦੇ ਮੁੱਢ ਵਿਚ ਪੰਜ ਲੱਖ ਖ਼ੁਰਾਕਾਂ ਦੀ ਖੇਪ ਪਾਕਿਸਤਾਨ ਨੂੰ ਮੁਫ਼ਤ ਮੁਹੱਈਆ ਕਰਵਾਈ ਸੀ। ਉਸ ਮਗਰੋਂ ਉਸ ਨੇ ਪੰਜ ਲੱਖ ਖ਼ੁਰਾਕਾਂ ਹੋਰ ਪ੍ਰਦਾਨ ਕੀਤੀਆਂ, ਪਰ ਮੁਫ਼ਤ ਨਹੀਂ। ਸਪੂਤਨਿਕ ਟੀਕਾ ਪਿਛਲੇ ਹਫ਼ਤੇ ਹੀ ਪਾਕਿਸਤਾਨ ਪੁੱਜਾ। ਲਿਹਾਜ਼ਾ, ਕੌਮੀ ਵਸੋਂ ਦੀ ਤੁਲਨਾ ਵਿਚ ਉਪਲਬਧ ਟੀਕਿਆਂ ਦੀ ਗਿਣਤੀ ਬਹੁਤ ਘੱਟ ਰਹੀ। ਤੌਖ਼ਲਾ ਤਾਂ ਇਹ ਸੀ ਕਿ ਟੀਕਾਕਰਨ ਕੇਂਦਰਾਂ ਵਿਚ ਭੀੜਾਂ ਉਮੜ੍ਹਨਗੀਆਂ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਟੀਕਾਕਰਨ ਪ੍ਰਤੀ ਜੋ ਝਿਜਕ ਇਸ ਮੁਲਕ ਵਿਚ ਦੇਖੀ ਜਾ ਰਹੀ ਹੈ, ਉਹ ਹੋਰ ਕਿਤੇ ਨਹੀਂ।
ਇਸ ਝਿਜਕ ਦੀ ਦ੍ਰਿਸ਼ਾਵਲੀ ਨੂੰ ਕਰਾਚੀ ਰਹਿੰਦੀ ਖੋਜਕਾਰ ਤੇ ਅਕਾਦਮੀਸ਼ਨ ਸਾਰਾ ਨਿਜ਼ਾਮਣੀ ਨੇ ਬਾਰੀਕਬੀਨੀ ਨਾਲ ਚਿਤਰਿਆ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੇ 16 ਮਈ ਦੇ ਅੰਕ ਵਿਚ ਪ੍ਰਕਾਸ਼ਿਤ ਇਕ ਮਜ਼ਮੂਨ ਵਿਚ ਉਸ ਨੇ ਬ੍ਰਿਟਿਸ਼ ਡਾਕਟਰ ਤੇ ਰਸਾਇਣ ਸ਼ਾਸਤਰੀ ਐਡਵਰਡ ਜੈਨਰ ਦੇ ਹਸ਼ਰ ਦਾ ਹਵਾਲਾ ਦਿੱਤਾ ਹੈ। ਜੈਨਰ ਨੇ ਚੇਚਕ (ਸਮਾਲਪੌਕਸ) ਤੋਂ ਪੀੜਿਤ ਯੂਰੋਪ ਦੀ ਦਸ਼ਾ ਸੁਧਾਰਨ ਅਤੇ ਵਾਇਰਸ ਆਧਾਰਿਤ ਇਸ ਬਿਮਾਰੀ ਉਪਰ ਕਾਬੂ ਪਾਉਣ ਲਈ ‘ਕਾਊਪੌਕਸ’ ਟੀਕਾ ਤਿਆਰ ਕੀਤੇ ਜਾਣ ਦੀ ਵਕਾਲਤ ਕੀਤੀ ਸੀ। 1798 ਵਿਚ ਪ੍ਰਕਾਸ਼ਿਤ ਪੁਸਤਕ ‘ਐਨ ਇਨਕੁਆਇਰੀ ਇਨ-ਟੂ ਦਿ ਕਾਊਪੌਕਸ’ ਵਿਚ ਉਸ ਨੇ ਲਿਖਿਆ ਸੀ ਕਿ ਗਊਆਂ ਵਿਚ ਹੁੰਦੀ ‘ਕਾਊਪੌਕਸ’ ਬਿਮਾਰੀ ਵਾਲੇ ਵਾਇਰਸ ਦਾ ਟੀਕਾ ਲਾ ਕੇ ਮਨੁੱਖਤਾ ਨੂੰ ਚੇਚਕ ਤੋਂ ਬਚਾਇਆ ਜਾ ਸਕਦਾ ਹੈ। ਉਸ ਦੇ ਇਸ ਦਾਅਵੇ ਦਾ ਪੁਰਾਤਨ-ਪੰਥੀਆਂ ਤੇ ਰੂੜੀਵਾਦੀਆਂ ਨੇ ਤਾਂ ਵਿਰੋਧ ਕੀਤਾ ਹੀ, ਡਾਕਟਰ ਤੇ ਹੋਰ ਪੜ੍ਹੇ-ਲਿਖੇ ਤਬਕੇ ਵੀ ਇਸ ਖੋਜ ਤੇ ਖ਼ਿਆਲ ਦੀ ਉਪਯੋਗਤਾ ਪ੍ਰਤੀ ਉਦਾਸੀਨ ਰਹੇ। ਅਗਲੇ ਪੰਜਾਹ ਸਾਲਾਂ ਬਾਅਦ ਜਦੋਂ ਟੀਕਾਕਰਨ ਸਦਕਾ ਚੇਚਕ ਮਰੀਜ਼ਾਂ ਦੀ ਦਰ ਘਟਣ ਲੱਗੀ ਤਾਂ ਡਾਕਟਰਾਂ ਤੇ ਵਿਗਿਆਨੀਆਂ ਨੂੰ ਅਹਿਸਾਸ ਹੋਇਆ ਕਿ ਜੈਨਰ ਕਿੰਨਾ ਦਰੁਸਤ ਸੀ। ਜੇ ਅਜਿਹਾ ਵਿਸ਼ਵਾਸ ਮੁੱਢ ਤੋਂ ਹੀ ਦਰਸਾਇਆ ਜਾਂਦਾ ਤਾਂ ਚੇਚਕ ਦੇ ਖ਼ਾਤਮੇ ਨੂੰ ਡੇਢ ਸੌ ਵਰ੍ਹਿਆਂ ਤੋਂ ਵੱਧ ਸਮਾਂ ਨਹੀਂ ਸੀ ਲੱਗਣਾ। ਜਿਹੜੀ ਬਿਮਾਰੀ ਕਦੇ ਹਰ 12ਵੇਂ ਬੰਦੇ ਦੀ ਜਾਨ ਲੈ ਲੈਂਦੀ ਸੀ, ਉਸ ਦਾ 1970 ਵਿਚ ਸਾਡੇ ਜਹਾਨ ਤੋਂ ਸਫਾਇਆ ਹੋ ਗਿਆ। ਸਾਰਾ ਨਿਜ਼ਾਮਣੀ ਮੁਤਾਬਿਕ ਪਾਕਿਸਤਾਨ ਵਿਚ ਟੀਕਾਕਰਨ ਦੇ ਹੱਕ ਵਿਚ ਵਿਆਪਕ ਮੁਹਿੰਮ, ਉਚੇਚੇ ਤੌਰ ’ਤੇ ਜਥੇਬੰਦ ਕੀਤੇ ਜਾਣ ਦੀ ਲੋੜ ਹੈ। ਮੁਲਕ ਵਿਚ ਕੋਵਿਡ-19 ਅਜੇ ਮਹਾਂਮਾਰੀ ਦੇ ਰੂਪ ਵਿਚ ਪੂਰਾ ਸਰਗਰਮ ਤੇ ਸਕ੍ਰਿਅ ਹੈ। ਲਿਹਾਜ਼ਾ, ਸਮੁੱਚੀ ਕੌਮੀ ਵਸੋਂ ਦੇ ਟੀਕਾਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਪਾਕਿਸਤਾਨੀ ਹਕੂਮਤ ਕੋਲ ਨਹੀਂ ਬਚਿਆ। ਅਜਿਹਾ ਮਹਾਂ-ਕਾਰਜ ਸਿਆਸਤ ਤੇ ਜਹਾਲਤ ਦੀ ਭੇਟ ਨਹੀਂ ਚੜ੍ਹਨਾ ਚਾਹੀਦਾ।
* * *
ਅੰਕਲ ਸਰਗਮ ਦਾ ਚਲਾਣਾ
ਪੰਜ ਦਹਾਕਿਆਂ ਤੋਂ ਪੁਤਲੀਸਾਜ਼ੀ ਰਾਹੀਂ ਪਾਕਿਸਤਾਨੀ ਪੁਸ਼ਤਾਂ ਦਾ ਮਨੋਰੰਜਨ ਕਰਨ ਵਾਲੇ ਫ਼ਾਰੂਕ ਕੈਸਰ (75) ਦਾ ਸ਼ੁੱਕਰਵਾਰ ਰਾਤੀਂ ਇਸਲਾਮਾਬਾਦ ਵਿਚ ਇੰਤਕਾਲ ਹੋ ਗਿਆ। ਪੇਸ਼ੇ ਵਜੋਂ ਪੁਤਲੀਬਾਜ਼ ਹੋਣ ਦੇ ਨਾਲ ਨਾਲ ਉਹ ਅਖ਼ਬਾਰੀ ਕਾਲਮਨਵੀਸ, ਪਟਕਥਾ ਲੇਖਕ ਤੇ ਟੀ.ਵੀ. ਪ੍ਰੋਗਰਾਮਾਂ ਦੇ ਡਾਇਰੈਕਟਰ ਵੀ ਰਹੇ। ਉਹ ਬੱਚਿਆਂ ਤੋਂ ਲੈ ਕੇ 90ਵਿਆਂ ਵਿਚ ਪੁੱਜੇ ਬਜ਼ੁਰਗਾਂ ਤਕ ਦਾ ਮਨੋਰੰਜਨ, ਸਿਹਤਮੰਦ ਢੰਗ ਨਾਲ ਕਰਨਾ ਜਾਣਦੇ ਸਨ। ਸ਼ਿਮਲਾ ਵਿਚ ਜਨਮੇ ਅਤੇ ਸੰਤਾਲੀ ਵਾਲੇ ਬਟਵਾਰੇ ਮਗਰੋਂ ਲਾਹੌਰ ਵਿਚ ਪੜ੍ਹੇ ਫ਼ਾਰੂਕ ਕੈਸਰ ਨੇ ਪਹਿਲਾਂ ਨੈਸ਼ਨਲ ਕਾਲਜ ਆਫ਼ ਆਰਟਸ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਦੋ ਪੋਸਟ ਗ੍ਰੈਜੂਏਟ ਡਿਗਰੀਆਂ ਰੋਮਾਨੀਆ ਤੇ ਅਮਰੀਕਾ ਤੋਂ ਹਾਸਲ ਕੀਤੀਆਂ। 1976 ਵਿਚ ਪੀਟੀਵੀ, ਲਾਹੌਰ ’ਚ ਨੌਕਰੀ ਸ਼ੁਰੂ ਕੀਤੀ। ਬੱਚਿਆਂ ਲਈ ਪ੍ਰੋਗਰਾਮ ‘ਕਲੀਆਂ’ ਰਾਹੀਂ ਉਨ੍ਹਾਂ ਨੇ ਅੰਕਲ ਸਰਗਮ ਨਾਮੀ ਪੁਤਲੇ ਦਾ ਦਰਸ਼ਕਾਂ ਨਾਲ ਤੁਆਰੁਫ਼ ਕਰਵਾਇਆ ਜੋ ਪਹਿਲੀ ਹੀ ਮੁਲਾਕਾਤ ਤੋਂ ਸਥਾਈ ਰਿਸ਼ਤੇ ਵਿਚ ਬਦਲ ਗਿਆ। ‘ਕਲੀਆਂ’ ਤੋਂ ਇਲਾਵਾ ਸਰਗਮ ਟਾਈਮ ਅਤੇ ਪੁਤਲੀ ਤਮਾਸ਼ਾ ਪ੍ਰੋਗਰਾਮ ਵੀ ਪਾਕਿਸਤਾਨੀ ਟੀ.ਵੀ. ਚੈਨਲਾਂ ਦਾ ਸਥਾਈ ਫੀਚਰ ਬਣੇ ਰਹੇ। ਉਨ੍ਹਾਂ ਵੱਲੋਂ ਰਚੇ ਗਏ ਹੋਰਨਾਂ ਪੁਤਲੀ ਕਿਰਦਾਰਾਂ ਵਿਚੋਂ ਮਾਸੀ ਮੁਸੀਬਤੋ ਨੂੰ ਵੀ ਚੋਖ਼ੀ ਮਕਬੂਲੀਅਤ ਮਿਲੀ। ਅੰਕਲ ਸਰਗਮ ਨੇ ਆਪਣੇ ਜੀਵਨ ਕਾਲ ਦੌਰਾਨ ਦਰਜਨਾਂ ਇਨਾਮ-ਸਨਮਾਨ ਹਾਸਲ ਕੀਤੇ। ਸਭ ਤੋਂ ਵੱਡਾ ਐਜਾਜ਼ ‘ਸਿਤਾਰਾ-ਇ-ਪਾਿਕਸਤਾਨ’ ਸੀ ਜੋ ਕਿ ਇਸੇ ਸਾਲ ਪਾਕਿਸਤਾਨ ਸਰਕਾਰ ਵੱਲੋਂ ਦਿੱਤਾ ਗਿਆ। ਫ਼ਾਰੂਕ ਕੈਸਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਪਾਕਿਸਤਾਨੀ ਸਦਰ ਆਰਿਫ਼ ਅਲਵੀ, ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਤੇ ਸਾਬਕਾ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਤੋਂ ਇਲਾਵਾ ਸੈਂਕੜੇ ਫਿਲਮ ਤੇ ਟੀਵੀ ਕਲਾਕਾਰ ਸ਼ਾਮਲ ਹਨ। ਭਾਰਤ ਤੋਂ ਗਾਇਕ ਅਦਨਾਨ ਸਾਮੀ, ਅਦਾਕਾਰ ਨਸੀਰੂਦੀਨ ਸ਼ਾਹ ਤੇ ਰਾਜ ਬੱਬਰ ਦੇ ਟਵੀਟ-ਸੁਨੇਹਿਆਂ ਨੂੰ ਪਾਕਿਸਤਾਨੀ ਮੀਡੀਆ ਵੱਲੋਂ ਮੁਨਾਸਬਿ ਥਾਂ ਦਿੱਤੀ ਗਈ ਹੈ।
* * *
ਕਣਕ ਅਤੇ ਖ਼ੁਰਾਕੀ ਸੰਕਟ
ਪਾਕਿਸਤਾਨ ਵਿਚ ਇਸ ਵਾਰ ਭਾਵੇਂ ਕਣਕ ਦੀ ਭਰਵੀਂ ਪੈਦਾਵਾਰ ਹੋਈ ਹੈ, ਫਿਰ ਵੀ ਖ਼ੁਰਾਕੀ ਸੰਕਟ ਮੁੱਕਣ ਵਾਲਾ ਨਹੀਂ ਜਾਪਦਾ। ਮੁਲਕ ਵਿਚ 1.94 ਕਰੋੜ ਟਨ ਕਣਕ ਪੈਦਾ ਹੋਣ ਦਾ ਅੰਦਾਜ਼ਾ ਸੀ, ਪਰ ਹੁਣ ਤਕ ਦੋ ਕਰੋੜ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ। ਖ਼ਰੀਦ ਸੀਜ਼ਨ ਤਕਰੀਬਨ ਮੁਕੰਮਲ ਹੋ ਗਿਆ ਹੈ। ਅਨੁਮਾਨਾਂ ਅਨੁਸਾਰ ਕੁੱਲ ਖ਼ਰੀਦ 2.05 ਕਰੋੜ ਟਨ ਦੇ ਆਸ-ਪਾਸ ਰਹੇਗੀ। ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੇ ਸੰਪਾਦਕੀ ਅਨੁਸਾਰ ਕਣਕ ਦੀ ਪੈਦਾਵਾਰ ਵਿਚ ਵਾਧੇ ਦੀਆਂ ਤਿੰਨ ਵਜੂਹਾਤ ਹਨ: ਇਸ ਵਾਰ ਕਣਕ ਦੀ ਕਾਸ਼ਤ ਵਾਲਾ ਰਕਬਾ 3.5 ਫ਼ੀਸਦੀ ਵਧਿਆ; ਮੌਸਮ ਸੁਖਾਵਾਂ ਰਿਹਾ ਅਤੇ ਘੱਟੋ-ਘੱਟ ਖ਼ਰੀਦ ਮੁੱਲ (ਐਮ.ਐੱਸ.ਪੀ.) 28 ਫ਼ੀਸਦੀ ਵਧਾ ਕੇ 1800 ਰੁਪਏ ਪ੍ਰਤੀ ਮਣ (40 ਕਿਲੋ) ਕੀਤੇ ਜਾਣ ਨੇ ਵੀ ਕਾਸ਼ਤਕਾਰਾਂ ਨੂੰ ਫ਼ਸਲ ਦੇ ਬਿਹਤਰ ਪ੍ਰਬੰਧ ਦੇ ਰਾਹ ਪਾਇਆ। ਪਰ ਅਜਿਹੇ ਯਤਨਾਂ ਦੇ ਬਾਵਜੂਦ ਕਣਕ ਦੀ ਕਮੀ ਵਾਲਾ ਸੰਕਟ ਦੂਰ ਹੋਣਾ ਮੁਮਕਿਨ ਨਹੀਂ ਜਾਪਦਾ। ਮੁਲਕ ਦੀ ਔਸਤ ਖ਼ਪਤ 2.75 ਕਰੋੜ ਟਨ ਦੀ ਹੈ। ਪੈਦਾਵਾਰ ਦੋ ਕਰੋੜ ਟਨ ਹੋਣ ਤੋਂ ਭਾਵ ਹੈ ਕਿ ਮੰਗ ਤੇ ਸਪਲਾਈ ਵਿਚ ਕਰੀਬ 70 ਲੱਖ ਟਨ ਦਾ ਪਾੜਾ ਅਜੇ ਵੀ ਬਣਿਆ ਰਹੇਗਾ। ਇਹ ਪਾੜਾ ਭਾਰਤ ਤੋਂ ਕਣਕ ਦਰਾਮਦ ਕਰਵਾ ਕੇ ਪੂਰਿਆ ਜਾ ਸਕਦਾ ਹੈ, ਪਰ ਕੀ ਸਿਆਸੀ ਹਾਲਾਤ ਅਜਿਹੀ ਅਮਲੀ ਪਹੁੰਚ ਸੰਭਵ ਹੋਣ ਦੇਣਗੇ?
– ਪੰਜਾਬੀ ਟ੍ਰਿਬਿਊਨ ਫੀਚਰ