ਪੰਜਾਬ ਦੇ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਜ਼ਿਲ੍ਹੇ ਵਿੱਚ ਦਾਨ ਦੇਣ ਦੀ ਇੱਕ ਮੁਹਿੰਮ ਚਲਾਈ। ਉਸ ਮੁਹਿੰਮ ਦਾ ਨਾਂ ਲੋੜਵੰਦਾਂ ਦੀ ਦੀਵਾਰ ਰੱਖਿਆ ਗਿਆ। ਉਸ ਦੀਵਾਰ ’ਤੇ ਲਿਖਿਆ ਗਿਆ ਸੀ ਕਿ ਜਨਿ੍ਹਾਂ ਕੋਲ ਵਰਤੋਂ ਦੀਆਂ ਚੀਜ਼ਾਂ ਲੋੜ ਤੋਂ ਵੱਧ ਹਨ, ਉਹ ਰੱਖ ਜਾਓ ਤੇ ਜਨਿ੍ਹਾਂ ਨੂੰ ਲੋੜ ਹੈ ਉਹ ਇੱਥੋਂ ਚੁੱਕ ਕੇ ਲੈ ਜਾਓ। ਜਿਸ ਡਿਪਟੀ ਕਮਿਸ਼ਨਰ ਨੇ ਉਸ ਮੁਹਿੰਮ ਦਾ ਆਗਾਜ਼ ਕੀਤਾ ਸੀ, ਉਸ ਨੂੰ ਖੁਸ਼ ਕਰਨ ਲਈ ਲੋਕਾਂ ਨੇ ਬਹੁਤ ਉਤਸ਼ਾਹ ਵਿਖਾਇਆ, ਪਰ ਹੌਲੀ ਹੌਲੀ ਉਹ ਮੁਹਿੰਮ ਮੱਠੀ ਪੈਂਦੀ ਗਈ। ਜਿਹੜੇ ਲੋਕ ਉੱਥੇ ਸਾਮਾਨ ਰੱਖ ਕੇ ਵੀ ਜਾਂਦੇ, ਉਹ ਵੀ ਬਹੁਤਾ ਵਰਤਣ ਜੋਗਾ ਨਹੀਂ ਹੁੰਦਾ। ਇੱਕ ਦਿਨ ਅਜਿਹਾ ਵੀ ਆਇਆ ਕਿ ਉਸ ਕੰਧ ਉੱਤੇ ਲਿਖਿਆ ਹੋਇਆ ਹੀ ਰਹਿ ਗਿਆ। ਮੁਹਿੰਮ ਬੰਦ ਹੋਣ ਦੇ ਬਰਾਬਰ ਪਹੁੰਚ ਗਈ। ਸਾਡੇ ਦੇਸ਼ ’ਚ ਕਈ ਸਮਾਜਿਕ ਸੰਸਥਾਵਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਚੰਗਾ ਕੰਮ ਕਰ ਰਹੀਆਂ ਹਨ। ਕੈਨੇਡਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਰਹਿੰਦਿਆਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਵੱਖਰਾ ਢੰਗ ਵੇਖਿਆ ਗਿਆ। ਕਿਸੇ ਵੇਲੇ ਕੈਨੇਡਾ ਸਰਕਾਰ ਵੱਲੋਂ ਵੱਡੇ ਵੱਡੇ ਹਾਲ ਬਣਾਏ ਗਏ ਸਨ, ਲੋਕ ਆਪਣੇ ਘਰਾਂ ਦਾ ਵਾਧੂ ਵਰਤਣਯੋਗ ਸਾਮਾਨ ਉਨ੍ਹਾਂ ਹਾਲਾਂ ਵਿੱਚ ਰੱਖ ਜਾਂਦੇ ਸਨ ਤੇ ਲੋੜਵੰਦ ਉਹ ਵਰਤਣ ਯੋਗ ਚੀਜ਼ਾਂ ਆਪਣੇ ਘਰ ਲੈ ਜਾਂਦੇ ਸਨ, ਪਰ ਸਰਕਾਰ ਵੱਲੋਂ ਬਣਾਏ ਗਏ ਹਾਲ ਲੋਕਾਂ ਦੇ ਘਰਾਂ ਤੋਂ ਦੂਰ ਹੋਣ ਕਾਰਨ ਲੋਕਾਂ ਨੂੰ ਸਾਮਾਨ ਲਿਆਉਣ ਛੱਡਣ ਵਿੱਚ ਔਕੜ ਆ ਰਹੀ ਸੀ ਕਿਉਂਕਿ ਟਰੱਕਾਂ ਦਾ ਭਾੜਾ ਬਹੁਤ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਸੀ। ਐਨੇ ਦਾ ਸਾਮਾਨ ਨਹੀਂ ਹੁੰਦਾ ਸੀ ਜਿੰਨਾ ਲੋਕਾਂ ਦਾ ਭਾੜਾ ਲੱਗ ਜਾਂਦਾ ਸੀ। ਸਾਮਾਨ ਲਿਆਉਣ ਵਾਲੇ ਨੂੰ ਤਾਂ ਫੇਰ ਵੀ ਕੁੱਝ ਨਾ ਕੁੱਝ ਲਾਭ ਹੀ ਜਾਂਦਾ ਸੀ, ਪਰ ਲੋਕਾਂ ਦੀ ਸਹਾਇਤਾ ਲਈ ਹਾਲ ਵਿੱਚ ਸਾਮਾਨ ਛੱਡਣ ਵਾਲੇ ਨੂੰ ਹੋਰ ਵੀ ਮਹਿੰਗਾ ਪੈਂਦਾ ਸੀ, ਪਰ ਇਸ ਦੇਸ਼ ਵਿੱਚ ਵਸਦੇ ਲੋਕਾਂ ਨੇ ਇਸ ਚੰਗੀ ਮੁਹਿੰਮ ਨੂੰ ਨਾ ਖਤਮ ਹੋਣ ਦਿੱਤਾ ਤੇ ਨਾ ਹੀ ਮੱਠੀ ਪੈਣ ਦਿੱਤਾ। ਲੋਕਾਂ ਨੇ ਆਪਣੀ ਔਕੜ ਦਾ ਹੱਲ ਆਪ ਹੀ ਕਰ ਲਿਆ। ਉਨ੍ਹਾਂ ਨੇ ਲੋੜਵੰਦਾਂ ਦੀ ਸਹਾਇਤਾ ਲਈ ਆਪਣੇ ਘਰ ਦੀਆਂ ਵਾਧੂ ਵਰਤਣਯੋਗ ਚੀਜ਼ਾਂ ਆਪਣੇ ਘਰ ਦੇ ਬਾਹਰ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਦੋਹਾਂ ਧਿਰਾਂ ਲਈ ਕੰਮ ਸੌਖਾ ਹੋ ਗਿਆ। ਲੋੜਵੰਦਾਂ ਲਈ ਲੋਕਾਂ ਦੇ ਘਰਾਂ ਬਾਹਰ ਪਈਆਂ ਚੀਜ਼ਾਂ ਬਹੁਤ ਚੰਗੀ ਹਾਲਤ ’ਚ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਹੁੰਦੀਆਂ ਹਨ। ਇਨ੍ਹਾਂ ਚੀਜ਼ਾਂ ’ਚ ਮਹਿੰਗੇ ਸੋਫ਼ੇ, ਗੱਦੇ, ਬੈੱਡ, ਸਾਈਕਲ, ਬੱਚਿਆਂ ਦੇ ਖਿਡੌਣੇ, ਸਟਰੋਲਰ, ਮੇਜ਼, ਕੁਰਸੀਆਂ, ਸ਼ੋਕੇਸ, ਰਸੋਈ ਦੀਆਂ ਚੀਜ਼ਾਂ, ਬੂਟਾਂ ਦੇ ਜੋੜੇ, ਬਾਥਰੂਮ ਦਾ ਸਾਮਾਨ, ਬੈਗ, ਅਟੈਚੀ ਤੇ ਮੈਟ। ਹੁਣ ਸਵਾਲ ਇਹ ਹੈ ਕਿ ਇੱਥੋਂ ਦੇ ਲੋਕ ਐਨਾ ਮਹਿੰਗਾ ਸਾਮਾਨ ਲੋੜਵੰਦਾਂ ਦੀ ਸਹਾਇਤਾ ਲਈ ਘਰਾਂ ਦੇ ਬਾਹਰ ਕਿਉਂ ਰੱਖ ਦਿੰਦੇ ਹਨ? ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਇਸ ਦੇਸ਼ ’ਚ ਡਾਲਰਾਂ ’ਚ ਤਨਖਾਹ ਹੋਣ ਕਾਰਨ ਲੋਕਾਂ ਦਾ ਜੀਵਨ ਪੱਧਰ ਕਾਫ਼ੀ ਚੰਗਾ ਹੈ। ਚੰਗੀ ਤਨਖਾਹ ਤੇ ਕਮਾਈ ਵਾਲੇ ਲੋਕ ਮਹਿੰਗੇ ਘਰਾਂ ਵਿੱਚ ਰਹਿੰਦੇ ਹਨ। ਉਹ ਆਪਣੇ ਘਰਾਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਛੇਤੀ ਹੀ ਬਦਲ ਦਿੰਦੇ ਹਨ। ਉਹ ਘਰ ਦੀ ਸ਼ਾਨੋ ਸ਼ੌਕਤ ਲਈ ਛੇਤੀ ਛੇਤੀ ਸਾਮਾਨ ਬਦਲਦੇ ਰਹਿੰਦੇ ਹਨ। ਨਵੇਂ ਫੈਸ਼ਨ ਦੀਆਂ ਆਈਆਂ ਚੀਜ਼ਾਂ ਨੂੰ ਖਰੀਦਣ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਤਰਜੀਹ ਦਿੰਦੇ ਹਨ। ਦੂਜਾ ਕਾਰਨ ਇਹ ਹੈ ਕਿ ਇਸ ਮੁਲਕ ’ਚ ਨਵੀਆਂ ਚੀਜ਼ਾਂ ਖਰੀਦਣ ਅਤੇ ਚੀਜ਼ਾਂ ਦੀ ਮੁਰੰਮਤ ਉੱਤੇ ਲੱਗਣ ਵਾਲੇ ਪੈਸਿਆਂ ’ਚ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ। ਇਸ ਲਈ ਲੋਕ ਚੀਜ਼ਾਂ ਦੀ ਮੁਰੰਮਤ ਕਰਾਉਣ ਨਾਲੋਂ ਨਵੀਆਂ ਚੀਜ਼ਾਂ ਖਰੀਦਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਇੱਥੇ ਘਰਾਂ ਦੀ ਬਣਤਰ ਇਹੋ ਜਿਹੀ ਹੈ ਕਿ ਪੁਰਾਣਾ ਸਾਮਾਨ ਰੱਖਣ ਲਈ ਘਰਾਂ ’ਚ ਥਾਂ ਨਹੀਂ ਹੁੰਦੀ। ਇਸ ਲਈ ਲੋਕ ਵਰਤਣਯੋਗ ਪੁਰਾਣਾ ਸਾਮਾਨ ਘਰਾਂ ਦੇ ਬਾਹਰ ਰੱਖ ਦਿੰਦੇ ਹਨ। ਸਾਡੇ ਦੇਸ਼ ਵਾਂਗ ਇੱਥੋਂ ਦੇ ਲੋਕ ਆਪਣੀ ਮਰਜ਼ੀ ਨਾਲ ਘਰਾਂ ਦੇ ਬਾਹਰ ਵਾਧੂ ਸਾਮਾਨ ਰੱਖਣ ਲਈ ਕਮਰਾ ਜਾਂ ਸਟੋਰ ਤਿਆਰ ਨਹੀਂ ਕਰ ਸਕਦੇ। ਇਸ ਦੇਸ਼ ਵਿੱਚ ਜੇਕਰ ਦਾਨ ਕਰਨ ਵਾਲੇ ਲੋਕ ਬਹੁਤ ਹਨ ਤਾਂ ਲੋੜਵੰਦਾਂ ਦੀ ਵੀ ਘਾਟ ਨਹੀਂ ਹੈ। ਕਿਰਾਏ ਦੇ ਘਰਾਂ ਵਿੱਚ ਤੇ ਬੇਸਮੈਂਟਾਂ ਵਿੱਚ ਰਹਿਣ ਵਾਲੇ ਦੂਜੇ ਦੇਸ਼ਾਂ ਤੋਂ ਆਏ ਲੋਕ ਤੇ ਪੜ੍ਹਨ ਆਏ ਕਈ ਬੱਚੇ ਲੋੜ ਅਨੁਸਾਰ ਇਹ ਵਰਤਣਯੋਗ ਚੀਜ਼ਾਂ ਲੈ ਜਾਂਦੇ ਹਨ ਤੇ ਘਰ ਤੇ ਬੇਸਮੈਂਟ ਛੱਡਣ ਵੇਲੇ ਉਹ ਸਾਮਾਨ ਉਸੇ ਥਾਂ ਲੱਗਿਆ ਲਗਾਇਆ ਛੱਡ ਜਾਂਦੇ ਹਨ। ਨਵੇਂ ਆਉਣ ਵਾਲੇ ਕਿਰਾਏਦਾਰ ਨੂੰ ਸੋਖ ਹੋ ਜਾਂਦੀ ਹੈ।
ਜ਼ਿਆਦਾਤਰ ਦਾਨ ਕਰਨ ਦੀ ਭਾਵਨਾ ਅੰਗਰੇਜ਼ਾਂ ਵਿੱਚ ਵੇਖਣ ਨੂੰ ਮਿਲਦੀ ਹੈ। ਹੁਣ ਦੂਜੇ ਦੇਸ਼ਾਂ ਦੇ ਲੋਕ ਵੀ ਇਸ ਚੰਗੀ ਭਾਵਨਾ ਨੂੰ ਅਪਣਾਉਣ ਲੱਗ ਪਏ ਹਨ। ਅੰਗਰੇਜ਼ਾਂ ਦੇ ਦਾਨੀ ਸੁਭਾਅ ਹੋਣ ਦਾ ਕਾਰਨ ਇਹ ਹੈ ਕਿ ਉਹ ਜ਼ਿੰਦਗੀ ਨੂੰ ਦਿਲ ਨਾਲ ਜਿਉਂਦੇ ਹਨ ਕੱਟਦੇ ਨਹੀਂ। ਉਹ ਸਮਾਂ ਨਹੀਂ ਲੰਘਾਉਂਦੇ ਸਗੋਂ ਜ਼ਿੰਦਗੀ ਦਾ ਲੁਤਫ਼ ਲੈਂਦੇ ਹਨ। ਉਹ ਵਰਤਮਾਨ ਨੂੰ ਜਿਉਂਦੇ ਹਨ, ਭਵਿੱਖ ਨੂੰ ਨਹੀਂ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕੱਠਾ ਨਹੀਂ ਕਰਦੇ। ਉਹ ਆਪਣੀ ਕਮਾਈ ਨਾਲ ਮਿਆਰੀ ਜ਼ਿੰਦਗੀ ਜਿਉਂਦੇ ਹਨ। ਉਹ ਘਰ ਦੇ ਪੁਰਾਣੇ ਸਾਮਾਨ ਨੂੰ ਛੇਤੀ ਹੀ ਦੂਜਿਆਂ ਨੂੰ ਦਾਨ ਕਰਕੇ ਨਵਾਂ ਸਾਮਾਨ ਲੈ ਆਉਂਦੇ ਹਨ।
ਇੱਕ ਅੰਗਰੇਜ਼ ਪਰਿਵਾਰ ਨੇ ਇੱਕ ਪੰਜਾਬੀ ਪਰਿਵਾਰ ਨੂੰ ਆਪਣਾ ਮਕਾਨ ਵੇਚਿਆ। ਮਕਾਨ ਦਾ ਕਬਜ਼ਾ ਲੈਣ ਤੋਂ ਬਾਅਦ ਪੰਜਾਬੀ ਪਰਿਵਾਰ ਮਕਾਨ ਲਈ ਨਵਾਂ ਫਰਨੀਚਰ ਖਰੀਦਣ ਦੀ ਤਿਆਰੀ ਕਰ ਰਿਹਾ ਸੀ, ਪਰ ਉਸ ਪੰਜਾਬੀ ਪਰਿਵਾਰ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਸ ਅੰਗਰੇਜ਼ ਪਰਿਵਾਰ ਨੇ ਦੋ-ਤਿੰਨ ਲੱਖ ਰੁਪਏ ਦਾ ਫਰਨੀਚਰ ਚੁੱਕਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਨਵਾਂ ਫਰਨੀਚਰ ਖਰੀਦਣਾ ਸੀ। ਸਾਡੇ ਮੁਲਕ ’ਚ ਦੂਜੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਦਾਨੀਆਂ ਦੀ ਗਿਣਤੀ ਬਹੁਤ ਘੱਟ ਹੈ। ਸਾਡੇ ਮੁਲਕ ਦੇ ਲੋਕਾਂ ਦੇ ਘਰਾਂ ’ਚ ਪਿਆ ਸਾਮਾਨ ਖ਼ਰਾਬ ਤਾਂ ਹੋ ਜਾਵੇਗਾ, ਪਰ ਉਹ ਕਿਸੇ ਲੋੜਵੰਦ ਵਿਅਕਤੀ ਨੂੰ ਨਹੀਂ ਦੇਣਗੇ। ਆਪਣੇ ਘਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਉਹ ਸਾਮਾਨ ਦੇਣਗੇ ਜੋ ਵਰਤਣ ਯੋਗ ਨਹੀਂ ਹੋਵੇਗਾ। ਅਸੀਂ ਆਪਣੇ ਪੁਰਾਣੇ ਕੱਪੜੇ ਆਪਣੇ ਉਨ੍ਹਾਂ ਬਜ਼ੁਰਗਾਂ ਨੂੰ ਪੁਆ ਦਿੰਦੇ ਹਾਂ ਜਨਿ੍ਹਾਂ ਨੇ ਸਾਨੂੰ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣ ਜੋਗੇ ਕੀਤਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਕੇਵਲ ਆਪਣੇ ਲਈ ਜਿਉਂਦੇ ਹਨ, ਦੂਜਿਆਂ ਲਈ ਨਹੀਂ। ਸਾਡੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਜੋੜਦਿਆਂ ਦੀ ਲੰਘ ਜਾਂਦੀ ਹੈ। ਨਾ ਤਾਂ
ਅਸੀਂ ਖ਼ੁਦ ਚੰਗਾ ਜੀਵਨ ਜਿਉਂਦੇ ਹਾਂ ਤੇ ਨਾ ਹੀ ਕਿਸੇ ਦੂਜੇ ਦੇ ਕੰਮ ਆਉਂਦੇ ਹਾਂ। ਕੈਨੇਡਾ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਨੇਕ ਦਿਲ ਸੱਜਣ ਕੋਲ ਲੋਕ ਬੱਚਿਆਂ ਤੇ ਵੱਡਿਆਂ ਦੇ ਥੋੜ੍ਹੇ ਬਹੁਤ ਖ਼ਰਾਬ ਸਾਈਕਲ, ਸਿਟਰੋਲਰ ਤੇ ਸਾਈਕਲੀਆਂ ਰੱਖ ਜਾਂਦੇ ਹਨ। ਉਹ ਸੱਜਣ ਉਨ੍ਹਾਂ ਨੂੰ ਠੀਕ ਕਰਕੇ ਅਤੇ ਆਪਣੇ ਕੋਲੋਂ ਥੋੜ੍ਹਾ ਸਾਮਾਨ ਪਾ ਕੇ ਲੋੜਵੰਦਾਂ ਨੂੰ ਦੇ ਦਿੰਦਾ ਹੈ। ਆਪਣੇ ਲਈ ਹਰ ਕੋਈ ਜੀ ਸਕਦਾ ਹੈ, ਪਰ ਜੋ ਲੋਕ ਦੂਜਿਆਂ ਦੇ ਕੰਮ ਆ ਕੇ ਜ਼ਿੰਦਗੀ ਜਿਉਂਦੇ ਹਨ, ਉਹ ਲੋਕ ਮਹਾਨ ਹੁੰਦੇ ਹਨ। ਉਨ੍ਹਾਂ ਨੂੰ ਧਾਰਮਿਕ ਸਥਾਨਾਂ ’ਤੇ ਜਾਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਰੱਬ ਦੇ ਬਣਾਏ ਹੋਏ ਬੰਦਿਆਂ ਦੇ ਦਿਲਾਂ ਨੂੰ ਖੁਸ਼ ਕਰ ਲੈਂਦੇ ਹਨ।
ਸੰਪਰਕ: 98726-27136