ਈਸ਼ਮਧੂ ਤਲਵਾਰ
ਸਰਦੀਆਂ ਦੀ ਇੱਕ ਸਵੇਰ ਨੂੰ ਨੀਲਕਾਂਤ ਧੁੱਪ ਸੇਕਣ ਬਾਹਰ ਲਾਅਨ ਵਿਚ ਆ ਗਿਆ। ਉਸੇ ਵੇਲੇ ਉਸ ਨੂੰ ਬਾਹਰਲਾ ਗੇਟ ਖੁੱਲ੍ਹਣ ਦੀ ਆਵਾਜ਼ ਆਈ। ਕੁਝ ਦੇਰ ਬਾਅਦ ਇੱਕ ਆਦਮੀ ਉਹਦੇ ਸਾਹਮਣੇ ਖੜ੍ਹਾ ਸੀ। ਨੀਲਕਾਂਤ ਨੇ ਉਹਨੂੰ ਆਪਣੇ ਸਾਹਮਣੇ ਪਈ ਬੈਂਤ ਦੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਨੀਲਕਾਂਤ ਨੂੰ ਲੱਗਿਆ ਕਿ ਇਹ ਕੋਈ ਪਾਠਕ ਹੈ ਜੋ ਉਹਦੀ ਕਹਾਣੀ ਪੜ੍ਹ ਕੇ ਉਹਦਾ ਪ੍ਰਸ਼ੰਸਕ ਬਣ ਗਿਆ ਅਤੇ ਘਰ ਮਿਲਣ ਆ ਗਿਆ। ਨੀਲਕਾਂਤ ਨੇ ਆਪਣੇ ਨੌਕਰ ਡੇਵਿਡ ਨੂੰ ਆਵਾਜ਼ ਦਿੱਤੀ ਅਤੇ ਚਾਹ ਲਈ ਕਿਹਾ। ਚਾਹ ਆਉਣ ਤੱਕ ਇਹ ਸਾਫ਼ ਹੋ ਚੁੱਕਿਆ ਸੀ ਕਿ ਆਇਆ ਆਦਮੀ ਉਹਦਾ ਕੋਈ ਪ੍ਰਸ਼ੰਸਕ ਨਹੀਂ ਸਗੋਂ ਉਹ ਨੀਲਕਾਂਤ ਦੀ ਬੀਤੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਆਪਣੇ ਨਾਲ ਲੈ ਕੇ ਆਇਆ ਸੀ।
‘‘ਕਿਹੋ ਜਿਹੀ ਲੱਗੀ ਤੁਹਾਨੂੰ ਕਹਾਣੀ?’’ ਨੀਲਕਾਂਤ ਨੇ ਪੁੱਛਿਆ। ‘‘ਜੀ, ਕਹਾਣੀ ਤਾਂ ਮੈਂ ਅਜੇ ਪੜ੍ਹੀ ਨਹੀਂ। ਦਰਅਸਲ ਮੇਰਾ ਨਾਮ ਅਭੈ ਬੈਨਰਜੀ ਹੈ। ਮੈਂ ਇੰਡੀਅਨ ਬੈਂਕ ਵਿੱਚ ਅਸਿਸਟੈਂਟ ਮੈਨੇਜਰ ਹਾਂ। ਤੁਸੀਂ ਸਾਡੇ ਬੈਂਕ ਵਿੱਚ ਵੀਹ ਸਾਲ ਪਹਿਲਾਂ ਇਕ ਲਾਕਰ ਲਿਆ ਸੀ। ਅੱਜ ਤੱਕ ਤੁਸੀਂ ਇੱਕ ਵਾਰ ਵੀ ਉਹਨੂੰ ਅਪਰੇਟ ਨਹੀਂ ਕੀਤਾ ਅਤੇ ਨਾ ਹੀ ਉਹਦਾ ਕਿਰਾਇਆ ਜਮ੍ਹਾ ਕਰਵਾਇਆ ਹੈ।’’ ਉਸ ਆਦਮੀ ਦੀ ਆਵਾਜ਼ ਸੁਣੀ ਤਾਂ ਜਿਵੇਂ ਵਕਤ ਦੀਆਂ ਤਹਿਆਂ ਨੂੰ ਲੰਘਦਿਆਂ ਨੀਲਕਾਂਤ ਨੀਂਦ ’ਚੋਂ ਜਾਗਿਆ। ਵੀਹ ਸਾਲ ਪਿੱਛੋਂ ਜਿਵੇਂ ਅੱਖਾਂ ਖੁੱਲ੍ਹੀਆਂ ਹੋਣ। ਉਹ ਆਦਮੀ ਬੋਲੀ ਜਾ ਰਿਹਾ ਸੀ, ‘‘ਬੈਂਕ ਵਿੱਚ ਤੁਸੀਂ ਜੋ ਪਤਾ ਦਿੱਤਾ ਸੀ, ਉਹ ਬਦਲ ਗਿਆ। ਤੁਹਾਡਾ ਨਵਾਂ ਪਤਾ ਕਿਤੋਂ ਵੀ ਨਹੀਂ ਮਿਲਿਆ। ਅਚਾਨਕ ਮੈਗਜ਼ੀਨ ਵਿੱਚ ਛਪੀ ਕਹਾਣੀ ਨਾਲ ਤੁਹਾਡਾ ਪਤਾ ਵੇਖਿਆ। ਮੈਗਜ਼ੀਨ ਵਿਚ ਤੁਹਾਡਾ ਮੋਬਾਈਲ ਨੰਬਰ ਵੀ ਸੀ, ਪਰ ਮੈਂ ਸੋਚਿਆ ਤੁਹਾਡੇ ਨਾਲ ਮੁਲਾਕਾਤ ਵੀ ਹੋ ਜਾਵੇਗੀ। ਇਸ ਲਈ ਆ ਗਿਆ। ਤੁਸੀਂ ਲਾਕਰ ਦਾ ਕਿਰਾਇਆ ਜਮ੍ਹਾਂ ਕਰਵਾ ਦਿਓ। ‘‘ਠੀਕ ਹੈ, ਤੁਸੀਂ ਦੱਸੋ, ਕਿੰਨੇ ਪੈਸੇ ਦੇਣੇ ਹਨ, ਮੈਂ ਜਮ੍ਹਾਂ ਕਰਵਾ ਦੇਵਾਂਗਾ।’’ ‘‘ਤੁਹਾਡੇ ਕੋਲ ਲਾਕਰ ਦੀ ਚਾਬੀ ਤਾਂ ਹੋਵੇਗੀ?’’ ‘‘ਚਾਬੀ? ਹੁਣ ਚਾਬੀ ਕਿੱਥੇ?’’
ਨੀਲਕਾਂਤ ਸੋਚ ਰਿਹਾ ਸੀ, ‘ਕਾਸ਼! ਕੋਈ ਅਜਿਹੀ ਚਾਬੀ ਹੁੰਦੀ ਜਿਸ ਨਾਲ ਬੀਤੇ ਹੋਏ ਵਕਤ ਦੇ ਦਰਵਾਜ਼ੇ ਖੋਲ੍ਹੇ ਜਾ ਸਕਦੇ!’ ‘‘ਤਾਂ ਫਿਰ ਲਾਕਰ ਦਾ ਤਾਲਾ ਤੋੜਨਾ ਪਵੇਗਾ। ਉਹਦੇ ਪੈਸੇ ਤੁਹਾਨੂੰ ਵੱਖਰੇ ਦੇਣੇ ਪੈਣਗੇ। ਜਦੋਂ ਲਾਕਰ ਤੋੜਿਆ ਜਾਵੇਗਾ ਤਾਂ ਮੈਂ ਤੁਹਾਨੂੰ ਸੂਚਿਤ ਕਰ ਦੇਵਾਂਗਾ। ਉਸ ਵੇਲੇ ਤੁਹਾਨੂੰ ਮੌਜੂਦ ਰਹਿਣਾ ਪਵੇਗਾ।’’
ਨੀਲਕਾਂਤ ਸੋਚਣ ਲੱਗਿਆ- ਬੈਂਕ ਦੇ ਲਾਕਰ ਵਿੱਚ ਲੋਕ ਪਤਾ ਨਹੀਂ ਕੀ-ਕੀ ਰੱਖਦੇ ਨੇ। ਜ਼ੇਵਰਾਤ ਰੱਖਦੇ ਨੇ, ਨੋਟਾਂ ਦੀਆਂ ਥੱਦੀਆਂ ਵੀ ਰੱਖਦੇ ਹੋਣਗੇ। ਪਰ ਮੇਰੇ ਲਾਕਰ ਵਿੱਚ ਕੀ ਸੀ? ਕੁਝ ਵੀ ਤਾਂ ਨਹੀਂ। ਸਨ ਤਾਂ ਕੇਵਲ ਸੁਪਨੇ। ਉਸ ਨੇ ਕਿਹਾ, ‘‘ਠੀਕ ਹੈ, ਤੁਸੀਂ ਦੱਸ ਦੇਣਾ ਕਿ ਕਦੋਂ ਤੋੜੋਗੇ ਲਾਕਰ। ਮੈਂ ਆ ਜਾਵਾਂਗਾ।’’
ਇਹਦੇ ਨਾਲ ਹੀ ਉਹ ਆਦਮੀ ਚਲਾ ਗਿਆ, ਪਰ ਦਿਲ ਅਤੇ ਦਿਮਾਗ਼ ਵਿੱਚ ਇੱਕ ਤੂਫ਼ਾਨ ਜਿਹਾ ਖੜ੍ਹਾ ਕਰ ਗਿਆ। ਨੀਲਕਾਂਤ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਬਣ ਚੁੱਕਿਆ ਸੀ। ਸਾਰਾ ਦਿਨ ਉਹ ਬੇਚੈਨ ਜਿਹਾ ਰਿਹਾ ਅਤੇ ਕਿਸੇ ਕੰਮ ਵਿੱਚ ਜੀਅ ਨਹੀਂ ਲੱਗਿਆ।
* * *
ਯੂਨੀਵਰਸਿਟੀ ਕੈਂਪਸ ਵਿੱਚ ਨੀਲਕਾਂਤ ਅਤੇ ਅੰਜਲੀ ਦੇ ਮਿਲਣ ਦੀਆਂ ਦੋ ਥਾਂ ਲਗਪਗ ਪੱਕੀਆਂ ਸਨ। ਇਕ ਸੈਂਟਰਲ ਲਾਇਬ੍ਰੇਰੀ ਅਤੇ ਦੂਜਾ ਸਪੋਰਟਸ ਕੰਪਲੈਕਸ ਦੇ ਨੇੜੇ ਪਿੱਪਲ ਦੇ ਸੰਘਣੇ ਰੁੱਖ ਦੀ ਛਾਂ। ਅਕਸਰ ਇਸ ਰੁੱਖ ਦੇ ਹੇਠਾਂ ਹੀ ਨੀਲਕਾਂਤ ਅਤੇ ਅੰਜਲੀ ਸੁਪਨੇ ਬੁਣਦੇ ਰਹਿੰਦੇ। ਇੱਕ ਦਿਨ ਉਹ ਇਸੇ ਦਰਖਤ ਹੇਠਾਂ ਬੈਠਾ ਸੀ। ਸਾਹਮਣੇ ਤੋਂ ਅੰਜਲੀ ਆਉਂਦੀ ਦਿਖਾਈ ਦਿੱਤੀ। ਉਹਦੇ ਹੱਥ ਵਿੱਚ ਗੁਲਾਬ ਦੇ ਫੁੱਲ ਸਨ। ਉਹ ਫੁੱਲ ਵੇਖ ਕੇ ਤ੍ਰਭਕਿਆ। ਉਦੋਂ ਹੀ ਨੇੜੇ ਆ ਕੇ ਅੰਜਲੀ ਨੇ ਨੀਲਕਾਂਤ ਦੇ ਹੱਥ ਵਿੱਚ ਫੁੱਲਾਂ ਦਾ ਗੁੱਛਾ ਫੜਾਇਆ ਅਤੇ ਕਿਹਾ- ‘‘ਹੈਪੀ ਬਰਥਡੇਅ।’’ ਨੀਲਕਾਂਤ ਮੂੰਹੋਂ ਇੰਨਾ ਹੀ ਨਿਕਲਿਆ- ‘‘ਮੈਂ ਤਾਂ ਭੁੱਲ ਹੀ ਗਿਆ ਸੀ।’’ ‘‘ਤੁਹਾਨੂੰ ਆਪਣਾ ਵੀ ਜਨਮਦਿਨ ਯਾਦ ਨਹੀਂ ਰਹਿੰਦਾ!’’ ‘‘ਮੈਨੂੰ ਜੀਵਨ ਵਿਚ ਅੱਜ ਪਹਿਲੀ ਵਾਰ ਕਿਸੇ ਨੇ ਜਨਮ ਦਿਨ ’ਤੇ ਵਿਸ਼ ਕੀਤਾ ਹੈ।’’ ਇਹ ਕਹਿੰਦਿਆਂ ਉਹਦੀਆਂ ਅੱਖਾਂ ਵਿਚ ਹੰਝੂ ਭਰ ਆਏ। ਅੰਜਲੀ ਹੱਸ ਪਈ- ‘‘ਇਉਂ ਕਿਉਂ ਕਹਿੰਦੇ ਹੋ? ਚਲੋ, ਅੱਜ ਤੁਹਾਡਾ ਜਨਮਦਿਨ ਮਨਾਵਾਂਗੇ।’’
ਨੀਲਕਾਂਤ ਕੁਝ ਚੁੱਪ ਬੈਠਾ ਰਿਹਾ। ਫਿਰ ਅਚਾਨਕ ਉਹਦਾ ਧਿਆਨ ਗੁਲਾਬ ਦੇ ਫੁੱਲਾਂ ਦੀ ਗਿਣਤੀ ’ਤੇ ਗਿਆ। ਗੁੱਛੇ ਵਿੱਚ ਸਿਰਫ਼ ਚਾਰ ਗੁਲਾਬ ਸਨ। ਨੀਲਕਾਂਤ ਨੇ ਪੁੱਛਿਆ- ‘‘ਇਹ ਚਾਰ ਗੁਲਾਬ ਹੀ ਕਿਉਂ? ਘੱਟ ਵੱਧ ਵੀ ਹੋ ਸਕਦੇ ਸਨ?’’ ਉਹ ਖਿੜਖਿੜਾ ਕੇ ਹੱਸੀ ਅਤੇ ਬੋਲੀ- ‘‘ਮੈਨੂੰ ਪਤਾ ਹੈ, ਤੁਹਾਨੂੰ ਚਾਰ ਦਾ ਅੰਕ ਪਸੰਦ ਹੈ, ਇਸ ਲਈ ਚਾਰ ਹੀ ਗੁਲਾਬ ਲੈ ਕੇ ਆਈ ਹਾਂ।’’
ਫਿਰ ਅਚਾਨਕ ਬੋਲੀ- ‘‘ਚਲੋ, ਅੱਜ ਆਊਟਿੰਗ ’ਤੇ ਚਲਦੇ ਹਾਂ!’’ ਨੀਲਕਾਂਤ ਨੇ ਕਿਹਾ- ‘‘ਆਊਟਿੰਗ ਤੇ? ਕਿਵੇਂ ਚੱਲਾਂਗੇ? ਬੱਸ ਰਾਹੀਂ?’’
ਉਹ ਜ਼ੋਰ ਨਾਲ਼ ਹੱਸੀ- ‘‘ਓ ਯਾਰ, ਆਊਟਿੰਗ ਬੱਸ ਰਾਹੀਂ ਥੋੜ੍ਹਾ ਹੁੰਦੀ ਹੈ! ਮੇਰੀ ਹੁਣ ਕਲਾਸ ਹੈ। ਮੈਂ ਅਟੈਂਡ ਕਰ ਕੇ ਆਉਂਦੀ ਹਾਂ। ਫਿਰ ਸੋਚਦੇ ਹਾਂ।’’
ਉਹ ਚਲੀ ਗਈ। ਨੀਲਕਾਂਤ ਹਿੰਦੀ ਵਿੱਚ ਐਮ ਏ ਕਰ ਰਿਹਾ ਸੀ ਅਤੇ ਅੰਜਲੀ ਅੰਗਰੇਜ਼ੀ ਵਿੱਚ। ਹਵਾਵਾਂ ਨੀਲਕਾਂਤ ਨੂੰ ਉਡਾ ਕੇ ਉਹਦੇ ਪਿੰਡ ਲੈ ਗਈਆਂ ਜਿੱਥੇ ਉਹਦੀ ਮਾਂ ਗਾਵਾਂ-ਮੱਝਾਂ ਦੇ ਚਾਰੇ ਤੋਂ ਲੈ ਕੇ ਗੋਹਾ ਤੱਕ ਸੰਭਾਲਦੀ ਸੀ। ਵੱਡਾ ਭਰਾ ਪੜ੍ਹ ਨਹੀਂ ਸੀ ਸਕਿਆ ਜੋ ਪਿਤਾ ਜੀ ਨਾਲ ਖੇਤੀ ਵਿੱਚ ਮਦਦ ਕਰਦਾ ਸੀ। ਖੇਤੀ ਘੱਟ ਸੀ। ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਉਨ੍ਹਾਂ ਦੀ ਉਮੀਦ ਨੀਲਕਾਂਤ ’ਤੇ ਟਿਕੀ ਸੀ ਕਿ ਪੜ੍ਹ-ਲਿਖ ਕੇ ਉਹ ਕੁਝ ਬਣ ਜਾਵੇ ਤਾਂ ਉਨ੍ਹਾਂ ਦੀ ਮਦਦ ਕਰੇ। ਨੀਲਕਾਂਤ ਸੋਚ ਰਿਹਾ ਸੀ- ‘ਕਿੱਥੇ ਗੋਹਾ, ਪਾਥੀਆਂ, ਗਾਂ, ਮੱਝ, ਖੇਤ ਅਤੇ ਕਿੱਥੇ ਅੰਜਲੀ ਵਰਗਾ ਗੁਲਾਬ ਦਾ ਫੁੱਲ! ਕੀ ਇਹ ਗੁਲਾਬ ਦਾ ਫੁੱਲ ਉੱਥੇ ਖਿੜ ਸਕੇਗਾ?’ ਫਿਰ ਖ਼ੁਦ ਨੂੰ ਤਸੱਲੀ ਦਿੰਦਾ- ‘ਮੈਂ ਕਿਹੜਾ ਹੁਣ ਪਿੰਡ ਜਾਵਾਂਗਾ। ਇੱਥੇ ਹੀ ਸ਼ਹਿਰ ਵਿੱਚ ਕੋਈ ਛੋਟੀ ਜਿਹੀ ਕੁਟੀਆ ਬਣਾਵਾਂਗਾ। ਫੁੱਲਾਂ ਦਾ ਬਗੀਚਾ ਸਜਾਵਾਂਗਾ।’ ਉਹ ਅਜਿਹੇ ਹੀ ਖਿਆਲਾਂ ਵਿੱਚ ਡੁੱਬਿਆ ਰਿਹਾ ਅਤੇ ਰੁੱਖ ਦੀ ਠੰਢੀ ਛਾਂ ਵਿੱਚ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਪਿੱਛੋਂ ਅੰਜਲੀ ਨੇ ਆ ਕੇ ਉਹਨੂੰ ਜਗਾਇਆ। ਅੰਜਲੀ ਨਾਲ ਇਕ ਮੁੰਡਾ ਹੋਰ ਸੀ। ਉਹਨੇ ਨੇ ਉਹਦੀ ਜਾਣ-ਪਛਾਣ ਕਰਵਾਈ- ‘‘ਇਹ ਮੇਰਾ ਕਲਾਸਮੇਟ ਹੈ ਰੂਪੇਸ਼। ਆਪਾਂ ਰੂਪੇਸ਼ ਦੀ ਕਾਰ ’ਤੇ ਰਾਮਗੜ੍ਹ ਬੰਨ੍ਹ ਤੱਕ ਚੱਲਾਂਗੇ ਅਤੇ ਓਥੇ ਜਨਮਦਿਨ ਸੈਲੀਬ੍ਰੇਟ ਕਰਾਂਗੇ।’’
ਨੀਲਕਾਂਤ ਨੇ ਕਿਹਾ- ‘‘ਬਈ, ਇੰਨਾ ਸਭ ਕਰਨ ਦੀ ਕੀ ਲੋੜ ਹੈ? ਯੂਨੀਵਰਸਿਟੀ ਦਾ ਕੈਂਪਸ ਵੇਖੋ, ਕਿੰਨਾ ਹਰਾ-ਭਰਾ ਹੈ। ਇੱਥੇ ਹੀ ਕਿਤੇ ਕਿਸੇ ਰੁੱਖ ਹੇਠਾਂ ਬਹਿ ਕੇ ਸੈਲੀਬ੍ਰੇਟ ਕਰ ਲੈਂਦੇ ਹਾਂ। ਮੈਂ ਖਾਣ ਲਈ ਕੁਝ ਲੈ ਆਉਂਦਾ ਹਾਂ।’’
‘‘ਬਈ, ਨਹੀਂ ਯਾਰ ਨੀਲ!’’ ਅੰਜਲੀ ਬੋਲੀ- ‘‘ਤੂੰ ਬਸ ਖੜ੍ਹਾ ਹੋ ਜਾ। ਤੈਨੂੰ ਕੁਝ ਕਰਨ ਦੀ ਲੋੜ ਨਹੀਂ।’’ ਨੀਲਕਾਂਤ ਉਨ੍ਹਾਂ ਨਾਲ ਚੱਲ ਪਿਆ। ਪਿਛਲੇ ਇਕ ਸਾਲ ਤੋਂ ਨੀਲਕਾਂਤ ਅਤੇ ਅੰਜਲੀ ਦੋਵੇਂ ਹਮੇਸ਼ਾ ਇਕੱਲੇ ਹੀ ਮਿਲਿਆ ਕਰਦੇ ਸਨ। ਅੱਜ ਪਹਿਲਾ ਮੌਕਾ ਸੀ ਜਦੋਂ ਇੱਕ ਅਣਜਾਣ ਲੜਕਾ ਵੀ ਉਨ੍ਹਾਂ ਦੇ ਨਾਲ ਸੀ। ਨੀਲਕਾਂਤ ਸੰਕੋਚ ਕਰ ਰਿਹਾ ਸੀ। ਅੰਜਲੀ ਨੂੰ ਇਸ ਨਾਲ ਜਿਵੇਂ ਕੋਈ ਫ਼ਰਕ ਹੀ ਨਹੀਂ ਸੀ ਪੈ ਰਿਹਾ। ਉਹ ਹਮੇਸ਼ਾ ਵਾਂਗ ਖਿੜਖਿੜਾ ਰਹੀ ਸੀ। ਰਾਹ ਵਿਚ ਰੂਪੇਸ਼ ਨੇ ਇਕ ਵਾਰ ਫਿਰ ਕਾਰ ਰੋਕੀ। ਇਸ ਵਾਰੀ ਉਹ ਗੱਤੇ ਦੇ ਇੱਕ ਡੱਬੇ ਵਿਚ ਬੀਅਰ ਦੀਆਂ ਬੋਤਲਾਂ ਲੈ ਕੇ ਆਇਆ ਜੋ ਪਿਛਲੀ ਸੀਟ ’ਤੇ ਨੀਲਕਾਂਤ ਨੇੜੇ ਰੱਖ ਦਿੱਤੀਆਂ। ਉਹ ਇੱਕ ਵਾਰ ਫੇਰ ਦੁਕਾਨਾਂ ਵੱਲ ਗਿਆ। ਇਸ ਵਾਰ ਉਹ ਖਾਣ ਲਈ ਕੁਝ ਪੈਕੇਟ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਨੀਲਕਾਂਤ ਨੇੜੇ ਸੀਟ ’ਤੇ ਰੱਖ ਦਿੱਤਾ।
ਕੁਝ ਹੀ ਸਮੇਂ ਵਿੱਚ ਕਾਰ ਰਾਮਗੜ੍ਹ ਪੁਲ਼ ’ਤੇ ਜਾ ਪਹੁੰਚੀ। ਰੂਪੇਸ਼ ਕਾਰ ਦੀ ਡਿੱਗੀ ’ਚੋਂ ਇਕ ਦਰੀ ਕੱਢ ਕੇ ਲਿਆਇਆ ਜਿਸ ਨੂੰ ਵਿਛਾ ਕੇ ਸਾਰੇ ਪੁਲ ’ਤੇ ਬਹਿ ਗਏ। ਕੇਕ ਕੱਟਣ ਮਗਰੋਂ ਬੀਅਰ ਦਾ ਦੌਰ ਸ਼ੁਰੂ ਹੋ ਗਿਆ। ਅੰਜਲੀ ਨੇ ਕੋਲਡ ਡਰਿੰਕ ਨੂੰ ਹੀ ਟਕਰਾ ਕੇ ਚੀਅਰਜ਼ ਕੀਤਾ। ਨੀਲਕਾਂਤ ਨੂੰ ਹੁਣ ਤਕ ਨਸ਼ਾ ਚੜ੍ਹ ਚੁੱਕਾ ਸੀ। ਨੀਲਕਾਂਤ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ ਅਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਅੰਜਲੀ ਅਤੇ ਰੂਪੇਸ਼ ਤ੍ਰਭਕ ਗਏ। ਉਨ੍ਹਾਂ ਨੇ ਪੁੱਛਿਆ- ‘‘ਇਹ ਅਚਾਨਕ ਕੀ ਹੋ ਗਿਆ?’’ ਸ਼ਾਮ ਢਲ ਚੁੱਕੀ ਸੀ ਅਤੇ ਪੁਲ ’ਤੇ ਸੰਨਾਟੇ ਵਿੱਚ ਨੀਲਕਾਂਤ ਦਾ ਰੋਣਾ ਗੂੰਜ ਰਿਹਾ ਸੀ। ਸਹਿਜ ਹੋਣ ਵਿੱਚ ਉਹਨੂੰ ਕਾਫ਼ੀ ਵਕਤ ਲੱਗਿਆ। ਫਿਰ ਉਹਨੇ ਕਿਹਾ- ‘‘ਮੈਨੂੰ ਅੱਜ ਅਹਿਸਾਸ ਹੋਇਆ ਕਿ ਮੈਂ ਕਦੇ ਪੈਦਾ ਵੀ ਹੋਇਆ ਸਾਂ, ਨਹੀਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਇਉਂ ਹੀ ਅਸਮਾਨ ਤੋਂ ਟਪਕ ਪਿਆ ਸਾਂ।’’
ਮਾਹੌਲ ਕੁਝ ਸਮੇਂ ਲਈ ਗ਼ਮਗੀਨ ਜਿਹਾ ਹੋ ਗਿਆ ਸੀ। ਰੂਪੇਸ਼ ਸਮਾਨ ਸਮੇਟ ਕੇ ਕਾਰ ਵਿਚ ਰੱਖਣ ਲੱਗਿਆ।
ਜਦੋਂ ਮੁੜਨ ਲੱਗੇ ਤਾਂ ਕਾਫ਼ੀ ਹਨੇਰਾ ਹੋ ਚੁੱਕਿਆ ਸੀ। ਪਿੱਛੇ ਦੀ ਸੀਟ ’ਤੇ ਬੈਠਾ ਨੀਲਕਾਂਤ ਕੰਬਦੀ ਆਵਾਜ਼ ਵਿੱਚ ਗਾ ਰਿਹਾ ਸੀ- ‘‘ਨਾਇਕ ਨਹੀਂ, ਖਲਨਾਇਕ ਹੂੰ ਮੈਂ…।’’ ਅੱਗੇ ਬੈਠੀ ਅੰਜਲੀ ਨੇ ਕਿਹਾ- ‘‘ਨੀਲ, ਕੀ ਹੋਇਆ?’’
‘‘ਕੁਝ ਨਹੀਂ, ਐਵੇਂ ਹੀ ਗੁਣਗੁਣਾ ਰਿਹਾ ਹਾਂ। ਉਹਦੀ ਜ਼ੁਬਾਨ ਅਜੇ ਵੀ ਲੜਖੜਾ ਰਹੀ ਸੀ।’’ ਬੋਲਿਆ- ‘‘ਮੈਂ ਤਾਂ ਨਾਇਕ ਵੀ ਨਹੀਂ ਹਾਂ, ਖਲਨਾਇਕ ਵੀ ਨਹੀਂ ਹਾਂ, ਪਤਾ ਨਹੀਂ ਕੀ ਹਾਂ?’’
‘‘ਕੁਝ ਨਹੀਂ ਨੀਲ, ਤੂੰ ਚੰਗਾ ਭਲਾ ਆਦਮੀ ਹੈਂ।’’
‘‘ਪਤਾ ਨਹੀਂ, ਮੈਂ ਆਦਮੀ ਦੀ ਜੂਨ ਵਿੱਚ ਹਾਂ ਵੀ ਜਾਂ ਨਹੀਂ। ਮੈਨੂੰ ਤਾਂ ਕੁਝ ਵੀ ਪਤਾ ਨਹੀਂ।’’ ਉਹ ਨੇ ਇਕ ਲੰਮੀ ਉਬਾਸੀ ਲਈ।
‘‘ਤੈਨੂੰ ਨੀਂਦ ਆ ਰਹੀ ਹੈ। ਕੁਝ ਚਿਰ ਪਿੱਛੇ ਦੀ ਸੀਟ ’ਤੇ ਸਿਰ ਟਿਕਾ ਕੇ ਸੌਂ ਜਾ। ਹੋਸਟਲ ਪਹੁੰਚ ਕੇ ਅਸੀਂ ਤੈਨੂੰ ਜਗਾ ਦੇਵਾਂਗੇ।’’
‘‘ਚੰਗਾ!’’ ਉਹਨੇ ਇੰਨਾ ਹੀ ਕਿਹਾ ਅਤੇ ਪਿੱਛੇ ਢੋਅ ਲਾ ਕੇ ਪੈ ਗਿਆ।
ਹੋਸਟਲ ਪਹੁੰਚ ਕੇ ਰੂਪੇਸ਼ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਨੀਲਕਾਂਤ ਨੂੰ ਜਗਾਇਆ। ਉਹ ਉੱਠ ਕੇ ਕਾਰ ਤੋਂ ਬਾਹਰ ਨਿਕਲਿਆ ਤਾਂ ਉਸ ਤੋਂ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋਇਆ ਸੀ ਜਾ ਰਿਹਾ। ਉਸ ਨੇ ਰੂਪੇਸ਼ ਤੇ ਮੋਢੇ ’ਤੇ ਹੱਥ ਰੱਖਿਆ ਅਤੇ ਕਿਹਾ- ‘‘ਅੱਛਾ ਖਲਨਾਇਕ ਭਾਈ, ਫਿਰ ਮਿਲਾਂਗੇ।’’ ਇਸ ’ਤੇ ਅੰਜਲੀ ਅਤੇ ਰੂਪੇਸ਼ ਦੋਵਾਂ ਨੂੰ ਹਾਸਾ ਆ ਗਿਆ। ਨੀਲਕਾਂਤ ਨੇ ਜਾਣ ਲਈ ਅੱਗੇ ਕਦਮ ਵਧਾਏ ਤਾਂ ਉਹ ਲੜਖੜਾ ਕੇ ਹੇਠਾਂ ਡਿੱਗਣ ਲੱਗਿਆ। ਨੇੜੇ ਹੀ ਅੰਜਲੀ ਖੜ੍ਹੀ ਸੀ। ਉਹਨੇ ਨੀਲਕਾਂਤ ਨੂੰ ਸੰਭਾਲਿਆ ਅਤੇ ਸਹਾਰਾ ਦੇ ਕੇ ਅੱਗੇ ਲਿਜਾਣ ਲੱਗੀ। ਉਦੋਂ ਹੀ ਸਾਹਮਣੇ ਤੋਂ ਇਕ ਮੁੰਡਾ ਆਇਆ। ਉਹਨੇ ਕਿਹਾ- ‘‘ਮੈਂ ਅਭਿਸ਼ੇਕ ਹਾਂ, ਇਹਦਾ ਰੂਮਮੇਟ। ਮੈਂ ਇਹਨੂੰ ਕਮਰੇ ਵਿੱਚ ਲੈ ਜਾਵਾਂਗਾ। ਤੁਸੀਂ ਨਿਸ਼ਚਿੰਤ ਰਹੋ। ਤੁਸੀਂ ਇਹਨੂੰ ਛੱਡ ਜਾਓ।’’ ਤਾਂ ਅੰਜਲੀ ਅਤੇ ਰੂਪੇਸ਼ ਮੁੜ ਗਏ।
ਅਭਿਸ਼ੇਕ ਆਪਣੇ ਹੱਥਾਂ ਨਾਲ ਨੀਲਕਾਂਤ ਨੂੰ ਸਹਾਰਾ ਦੇ ਕੇ ਹੋਸਟਲ ਵੱਲ ਚੱਲ ਪਿਆ। ਉਹਨੇ ਰਾਹ ਵਿੱਚ ਨੀਲਕਾਂਤ ਤੋਂ ਪੁੱਛਿਆ- ‘‘ਕੌਣ ਸੀ ਇਹ?’’ ਇਸ ’ਤੇ ਨੀਲਕਾਂਤ ਚਲਦਾ-ਚਲਦਾ ਰੁਕ ਗਿਆ। ਉਹਨੇ ਅਭਿਸ਼ੇਕ ਦੀਆਂ ਅੱਖਾਂ ਵਿੱਚ ਘੂਰ ਕੇ ਵੇਖਿਆ ਅਤੇ ਚੀਕਿਆ- ‘‘ਓਏ, ਉਹਦੇ ਵੱਲ ਅੱਖ ਚੁੱਕ ਕੇ ਵੀ ਨਾ ਵੇਖੀਂ।’’
‘‘ਠੀਕ ਹੈ, ਨਹੀਂ ਵੇਖਾਂਗਾ। ਤੂੰ ਚੱਲ।’’ ਅਭਿਸ਼ੇਕ ਨੇ ਕਿਹਾ ਅਤੇ ਨੀਲਕਾਂਤ ਨੂੰ ਆਪਣੇ ਮੋਢੇ ਨਾਲ ਸਹਾਰਾ ਦੇ ਕੇ ਲਗਪਗ ਉਹਨੂੰ ਘੜੀਸਦਾ ਹੋਇਆ ਚੱਲਦਾ ਰਿਹਾ।
* * *
ਸਵੇਰੇ ਦੋਵੇਂ ਹੀ ਲੇਟ ਉੱਠੇ। ਸੂਰਜ ਕਾਫ਼ੀ ਚੜ੍ਹ ਆਇਆ ਸੀ।
ਨੀਲਕਾਂਤ ਨੇ ਅਭਿਸ਼ੇਕ ਨੂੰ ਕਿਹਾ- ‘‘ਯਾਰ, ਉੱਠਣ ਵਿੱਚ ਬੜੀ ਦੇਰ ਹੋ ਗਈ।’’
‘‘ਦੇਰ ਤਾਂ ਹੋਣੀ ਹੀ ਸੀ। ਤੂੰ ਰਾਤ ਨੂੰ ਨਾ ਆਪ ਸੁੱਤਾ ਨਾ ਸੌਣ ਦਿੱਤਾ।’’
‘‘ਕੀ ਕੀਤਾ ਮੈਂ?’’
‘‘ਹੁਣ ਤੈਨੂੰ ਕੀ ਪਤਾ, ਤੂੰ ਕੀ ਕੀਤਾ। ਉਲਟੀ ਤੱਕ ਕਰ ਦਿੱਤੀ, ਜੀਹਨੂੰ ਮੈਂ ਸਾਫ਼ ਕੀਤਾ। ਕਿਸੇ ਖਲਨਾਇਕ ਦੇ ਬੱਚੇ ਨੂੰ ਗਾਲ੍ਹਾਂ ਕੱਢਦਾ ਰਿਹਾ। ਲਗਾਤਾਰ ਬੁੜਬੁੜਾਉਂਦਾ ਰਿਹਾ। ਮੈਂ ਵੀ ਕਿਵੇਂ ਸੌਂਦਾ।’’
‘‘ਸੌਰੀ ਯਾਰ, ਗਲਤੀ ਹੋ ਗਈ। ਫਿਰ ਨਹੀਂ ਹੋਵੇਗੀ। ਚੱਲ ਨ੍ਹਾ-ਧੋ ਕੇ ਤਿਆਰ ਹੋ ਜਾ।’’
ਦੋਵੇਂ ਜਣੇ ਤਿਆਰ ਹੋ ਕੇ ਮੈੱਸ ਵਿਚ ਪਹੁੰਚੇ ਤਾਂ ਨਾਸ਼ਤੇ ਦਾ ਸਮਾਂ ਖ਼ਤਮ ਹੋ ਚੁੱਕਿਆ ਸੀ ਅਤੇ ਮੈੱਸ ਬੰਦ ਹੋ ਗਈ ਸੀ। ਦੋਵੇਂ ਬਾਹਰ ਨਿਕਲੇ। ਨੀਲਕਾਂਤ ਨੇ ਕਿਹਾ- ‘‘ਚੱਲ ਕੰਟੀਨ ਚਲਦੇ ਹਾਂ।’’
ਰਾਹ ਵਿੱਚ ਉਨ੍ਹਾਂ ਨੂੰ ਇੱਕ ਦਰਖਤ ਹੇਠਾਂ ਬੈਠਾ ਰਾਮਲਾਲ ਦਿਸਿਆ। ਰਾਮਲਾਲ ਅਠਾਰਾਂ-ਵੀਹ ਸਾਲ ਦਾ ਮੁੰਡਾ ਸੀ ਅਤੇ ਮੈੱਸ ਵਿੱਚ ਵੇਟਰ ਦਾ ਕੰਮ ਕਰਦਾ ਸੀ। ਇੱਕ ਵੱਡੇ ਸਾਰੇ ਪੱਥਰ ’ਤੇ ਉਹ ਆਪਣੇ ਮੱਥੇ ’ਤੇ ਹੱਥ ਰੱਖ ਕੇ ਬੈਠਾ ਸੀ। ਕੋਲ ਗਏ ਤਾਂ ਨੀਲਕਾਂਤ ਨੂੰ ਉਹਦੀਆਂ ਅੱਖਾਂ ਵਿੱਚ ਹੰਝੂ ਵਿਖਾਈ ਦਿੱਤੇ। ਨੀਲਕਾਂਤ ਨੇ ਪੁੱਛਿਆ- ‘‘ਕੀ ਹੋਇਆ ਰਾਮਲਾਲ?’’
ਇੰਨਾ ਪੁੱਛਦਿਆਂ ਹੀ ਜਿਵੇਂ ਰਾਮਲਾਲ ਦੇ ਦੁੱਖ ਦੇ ਬੱਦਲ ਫਟ ਗਏ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਿਆ।
ਨੀਲਕਾਂਤ ਨੇ ਕੋਲ ਜਾ ਕੇ ਰਾਮਲਾਲ ਦੇ ਸਿਰ ’ਤੇ ਹੱਥ ਰੱਖਿਆ ਅਤੇ ਪੁਚਕਾਰ ਕੇ ਪੁੱਛਿਆ- ‘‘ਕੀ ਹੋਇਆ ਰਾਮਲਾਲ, ਕੁਝ ਦੱਸ ਤਾਂ ਸਹੀ!’’
ਰਾਮਲਾਲ ਬੋਲਿਆ- ‘‘ਉਹ ਉਹਨੂੰ ਲੈ ਗਿਆ।’’ ‘‘ਕੌਣ ਲੈ ਗਿਆ, ਕੀ ਲੈ ਗਿਆ?’’
‘‘ਕਨ੍ਹੱਈਆ ਰਤਨਾ ਨੂੰ ਆਪਣੀ ਸਾਈਕਲ ’ਤੇ ਬਿਠਾ ਕੇ ਲੈ ਗਿਆ।’’
‘‘ਤਾਂ ਕੀ ਹੋਇਆ?’’
‘‘ਮੈਂ ਰਤਨਾ ਨੂੰ ਪਿਆਰ ਕਰਦਾ ਸਾਂ ਪਰ ਮੇਰੇ ਕੋਲ ਸਾਈਕਲ ਨਹੀਂ ਸੀ, ਇਸ ਲਈ ਮੈਂ ਹਾਰ ਗਿਆ ਅਤੇ ਕਨ੍ਹੱਈਆ ਜਿੱਤ ਗਿਆ।’’ ਇਸ ’ਤੇ ਨੀਲਕਾਂਤ ਅਤੇ ਅਭਿਸ਼ੇਕ ਹੱਸ ਪਏ।
ਗੱਲਬਾਤ ਵਿੱਚ ਪਤਾ ਲੱਗਿਆ ਕਿ ਰਤਨਾ ਇੱਕ ਮਾਲੀ ਦੀ ਕੁੜੀ ਸੀ ਜੋ ਮੈੱਸ ਦੇ ਪਿੱਛੇ ਬੱਕਰੀਆਂ ਲਈ ਘਾਹ ਲੈਣ ਆਉਂਦੀ ਸੀ ਅਤੇ ਆਪਣੇ ਪਿਤਾ ਦੇ ਕੰਮ ਵਿੱਚ ਮਦਦ ਕਰਦੀ ਸੀ।
ਉਦੋਂ ਹੀ ਰਾਮਲਾਲ ਨੀਲਕਾਂਤ ਨੂੰ ਬੋਲਿਆ- ‘‘ਸਾਬ ਜੀ, ਮੈਨੂੰ ਇੱਕ ਸਾਈਕਲ ਉਧਾਰ ਦਿਵਾ ਦਿਓ। ਮੈਂ ਤਨਖ਼ਾਹ ਤੋਂ ਪੈਸੇ ਕਟਵਾ ਲਵਾਂਗਾ।’’
ਉਹਦੀ ਗੱਲ ਸੁਣ ਕੇ ਨੀਲਕਾਂਤ ਅਤੇ ਅਭਿਸ਼ੇਕ ਫਿਰ ਹੱਸ ਪਏ। ਪਿੱਛੋਂ ਨੀਲਕਾਂਤ ਨੇ ਉਹਨੂੰ ਤਸੱਲੀ ਦਿੱਤੀ- ‘‘ਚਿੰਤਾ ਨਾ ਕਰ। ਮੈਂ ਤੈਨੂੰ ਸਾਈਕਲ ਦਿਵਾ ਦੇਵਾਂਗਾ।’’ ਇਹਦੇ ਨਾਲ ਹੀ ਦੋਵੇਂ ਕੰਨਟੀਨ ਵੱਲ ਵਧ ਗਏ।
* * *
ਨੀਲਕਾਂਤ ਨੂੰ ਅੰਜਲੀ ਨਾਲ ਮਿਲਿਆ ਤਿੰਨ-ਚਾਰ ਦਿਨ ਹੋ ਗਏ ਸਨ। ਅੰਜਲੀ ਲਈ ਉਹ ਬੇਚੈਨ ਹੋ ਉੱਠਿਆ ਸੀ। ਉਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਕੋਲ ਲੱਗੇ ਪੀਸੀਓ ਤੱਕ ਗਿਆ ਜਿੱਥੇ ਟੈਲੀਫੋਨ ਵਿੱਚ ਸਿੱਕਾ ਪਾ ਕੇ ਗੱਲ ਹੁੰਦੀ ਸੀ। ਨੀਲਕਾਂਤ ਨੇ ਅੰਜਲੀ ਦੇ ਟੈਲੀਫੋਨ ਦਾ ਨੰਬਰ ਡਾਇਲ ਕਰਕੇ ਚਾਰ ਵਾਰ ਘੰਟੀ ਵਜਾ ਦਿੱਤੀ ਅਤੇ ਫੋਨ ਕੱਟ ਦਿੱਤਾ। ਕੁਝ ਚਿਰ ਪਿੱਛੋਂ ਫਿਰ ਫੋਨ ਕੀਤਾ ਤਾਂ ਅੰਜਲੀ ਨਾਲ ਗੱਲ ਹੋ ਗਈ। ਅੰਜਲੀ ਦੀ ਆਵਾਜ਼ ਸੁਣ ਕੇ ਉਹਦੇ ਚਿਹਰੇ ’ਤੇ ਮੁਸਕਾਨ ਆ ਗਈ। ਜਿਵੇਂ ਸੁੱਕਿਆ ਤਣਾ ਬਰਸਾਤ ਦੀਆਂ ਬੂੰਦਾਂ ਪੈਂਦਿਆਂ ਹੀ ਹਰਾ ਹੋ ਜਾਂਦਾ ਹੈ। ਫੋਨ ’ਤੇ ਤੈਅ ਹੋਇਆ ਕਿ ਅੰਜਲੀ ਬਾਰਾਂ ਵਜੇ ਸੈਂਟਰਲ ਲਾਇਬ੍ਰੇਰੀ ਆਵੇਗੀ। ਘਰੋਂ ਟਿਫਨ ਨਾਲ ਲੈ ਕੇ ਆਵੇਗੀ ਅਤੇ ਲੰਚ ਦੋਵੇਂ ਇਕੱਠੇ ਕਰਨਗੇ।
ਨੀਲਕਾਂਤ ਸੈਂਟਰਲ ਲਾਇਬ੍ਰੇਰੀ ਵਿੱਚ ਆ ਕੇ ਬਹਿ ਗਿਆ। ਸਾਢੇ ਬਾਰਾਂ ਵੱਜ ਗਏ ਸਨ, ਪਰ ਅੰਜਲੀ ਅਜੇ ਤੱਕ ਨਹੀਂ ਸੀ ਆਈ। ਉਹ ਆਪਣੀ ਸੀਟ ਤੋਂ ਉੱਠਣ ਲੱਗਿਆ, ਉਦੋਂ ਹੀ ਸਾਹਮਣੇ ਤੋਂ ਅੰਜਲੀ ਆਉਂਦੀ ਦਿਖਾਈ ਦਿੱਤੀ। ਨੀਲਕਾਂਤ ਦੇ ਚਿਹਰੇ ’ਤੇ ਰੌਣਕ ਆ ਗਈ। ਅੰਜਲੀ ਉਹਦੇ ਕੋਲ ਆ ਕੇ ਬਹਿ ਗਈ। ਉਹਦੇ ਆਉਂਦਿਆਂ ਹੀ ਉਹ ਬੋਲਿਆ- ‘‘ਅੱਜ ਤੇਰੀ ਉਡੀਕ ਕਰਦੇ-ਕਰਦੇ ਮੈਂ ਅਜੀਬ ਜਿਹੀਆਂ ਗੱਲਾਂ ਸੋਚ ਰਿਹਾ ਸਾਂ।’’
‘‘ਕੀ?’’
‘‘ਮੈਂ ਸੋਚ ਰਿਹਾ ਸਾਂ ਕਿ ਸਾਡੀ ਸ਼ਾਦੀ ਦਾ ਕਾਰਡ ਕਿਹੋ ਜਿਹਾ ਹੋਵੇਗਾ?’’
ਇਸ ’ਤੇ ਅੰਜਲੀ ਜ਼ੋਰ ਨਾਲ ਹੱਸੀ। ਫਿਰ ਕਿਹਾ- ‘‘ਸ਼ਾਦੀ ਦੀ ਹੁਣੇ ਕੀ ਕਾਹਲੀ ਹੈ?’’
‘‘ਹਾਂ, ਕਾਹਲੀ ਤਾਂ ਨਹੀਂ ਹੈ। ਫਿਰ ਵੀ ਪਤਾ ਨਹੀਂ ਕਿਉਂ ਮੈਂ ਸੋਚ ਰਿਹਾ ਸਾਂ ਕਿ ਸਾਡੀ ਸ਼ਾਦੀ ਦਾ ਕਾਰਡ ਪਰੰਪਰਾਗਤ ਨਹੀਂ ਹੋਵੇਗਾ, ਜਿਵੇਂ ਲੋਕ ਅੱਜਕੱਲ੍ਹ ਛਪਵਾਉਂਦੇ ਹਨ।’’
‘‘ਓ ਬਈ, ਇਹ ਸਭ ਤਾਂ ਠੀਕ ਹੈ, ਪਰ ਕੀ ਸ਼ਾਦੀ ਦੀ ਤਰੀਕ ਵੀ ਤੈਅ ਕਰ ਲਈ?’’
‘‘ਨਹੀਂ ਨਹੀਂ, ਅਜੇ ਤਰੀਕ-ਤਰੂਕ ਕੁਝ ਨਹੀਂ। ਇਹ ਤਾਂ ਬਸ ਐਵੇਂ ਹੀ ਦਿਲ ਵਿੱਚ ਫਤੂਰ ਆ ਗਿਆ ਸੀ।’’
‘‘ਤਾਂ ਛੱਡ ਫਿਰ। ਇਸ ਨੂੰ ਬਾਅਦ ਵਿੱਚ ਵੇਖਾਂਗੇ।’’
ਅੰਜਲੀ ਨੇ ਨੀਲਕਾਂਤ ਨੂੰ ਪਹਿਲਾਂ ਘੂਰ ਕੇ ਵੇਖਿਆ ਅਤੇ ਫਿਰ ਖਿੜਖਿੜਾ ਕੇ ਹੱਸ ਪਈ। ਕਿਹਾ- ‘‘ਅੱਜ ਹੀ ਸ਼ਾਦੀ ਕਰਨੀ ਹੈ?’’
‘‘ਓ ਬਈ, ਸ਼ਾਦੀ ਤਾਂ ਬਾਅਦ ਵਿੱਚ ਕਰਾਂਗੇ। ਅਜੇ ਤਾਂ ਸੋਚ ਰਹੇ ਹਾਂ।’’
‘‘ਤੈਨੂੰ ਅੱਜ ਅਚਾਨਕ ਇਹ ਸ਼ਾਦੀ ਦੀ ਕਿਵੇਂ ਸੁੱਝੀ?’’
‘‘ਯਾਰ, ਸ਼ਾਦੀ ਤਾਂ ਕਰਨੀ ਹੀ ਹੈ ਨਾ! ਅੱਜ ਐਵੇਂ ਹੀ ਕਾਰਡ ਦੇ ਡਿਜ਼ਾਈਨ ਦਾ ਆਈਡੀਆ ਦਿਲ ਵਿਚ ਆਇਆ ਅਤੇ ਮੈਂ ਤੈਨੂੰ ਦੱਸ ਦਿੱਤਾ।’’
‘‘ਹੁਣ ਸ਼ਾਦੀ-ਸ਼ੂਦੀ ਛੱਡ। ਚੱਲ, ਲੰਚ ਕਰਦੇ ਆਂ। ਤੈਨੂੰ ਗੁਆਰੇ ਦੀਆਂ ਫਲੀਆਂ ਬਹੁਤ ਪਸੰਦ ਹਨ ਨਾ! ਮੈਂ ਖ਼ੁਦ ਆਪਣੇ ਹੱਥੀਂ ਬਣਾ ਕੇ ਲਿਆਈ ਆਂ।’’
* * *
ਨੀਲਕਾਂਤ ਇੱਕ ਦਿਨ ਦੁਪਹਿਰੇ ਜਦੋਂ ਹੋਸਟਲ ਮੁੜ ਰਿਹਾ ਸੀ ਤਾਂ ਉਹਦੇ ਕਦਮ ਪਿੱਪਲ ਦੇ ਰੁੱਖ ਵੱਲ ਵਧ ਗਏ। ਰੁੱਖ ਕੋਲ ਪਹੁੰਚਦੇ ਹੀ ਉਹਦੀ ਪੈਰ ਰੁਕ ਗਏ। ਰੁੱਖ ਹੇਠਾਂ ਅੰਜਲੀ ਅਤੇ ਰੂਪੇਸ਼ ਬੈਠੇ ਹੋਏ ਸਨ। ਉਹ ਤੁਰੰਤ ਵਾਪਸ ਹੋ ਗਿਆ। ਇਸ ਦੌਰਾਨ ਅੰਜਲੀ ਨੇ ਉਹਨੂੰ ਵੇਖ ਲਿਆ। ਉਹਨੂੰ ਕਈ ਆਵਾਜ਼ਾਂ ਮਾਰੀਆਂ, ਪਰ ਉਹ ਰੁਕਿਆ ਨਹੀਂ। ਉਹ ਉੱਚੀ-ਉੱਚੀ ਬੁਲਾਉਂਦੀ ਰਹੀ- ‘‘ਓ ਨੀਲ, ਸੁਣ ਤਾਂ ਸਹੀ। ਏਧਰ ਤਾਂ ਆ।’’ ਪਰ ਉਹ ਅਣਸੁਣੀ ਕਰ ਗਿਆ। ਉਹ ਸਿੱਧਾ ਆਪਣੇ ਹੋਸਟਲ ਆਇਆ ਅਤੇ ਪਲੰਘ ’ਤੇ ਮੂਧੇ ਮੂੰਹ ਡਿੱਗ ਪਿਆ। ਅੱਖਾਂ ’ਚੋਂ ਹੰਝੂ ਵਹਿ ਨਿਕਲੇ। ਸਿਰਹਾਣਾ ਭਿੱਜ ਗਿਆ, ਪਰ ਕੁਝ ਚਿਰ ਉਹ ਏਸੇ ਤਰ੍ਹਾਂ ਪਿਆ ਰਿਹਾ। ਉਹ ਉਦੋਂ ਹੀ ਉੱਠਿਆ ਜਦੋਂ ਅਭਿਸ਼ੇਕ ਕਮਰੇ ਵਿਚ ਆਇਆ।
ਅਭਿਸ਼ੇਕ ਨੀਲਕਾਂਤ ਦਾ ਰੋਣਹਾਕਾ ਚਿਹਰਾ ਵੇਖਦੇ ਹੀ ਬੋਲਿਆ- ‘‘ਕੀ ਹੋਇਆ, ਮੇਰੇ ਵੀਰ?’’
‘‘ਕੁਝ ਨਹੀਂ ਯਾਰ!’’ ਨੀਲਕਾਂਤ ਨੇ ਕਿਹਾ, ਪਰ ਫਿਰ ਉਸ ਨੇ ਅਭਿਸ਼ੇਕ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਇਸ ’ਤੇ ਅਭਿਸ਼ੇਕ ਨੇ ਉਹਨੂੰ ਡਾਂਟਿਆ- ‘‘ਰੁਪੇਸ਼ ਅੰਜਲੀ ਦਾ ਜਮਾਤੀ ਹੈ। ਉਹਦੇ ਨਾਲ ਉਹ ਕਿਤੇ ਵੀ ਉੱਠ-ਬੈਠ ਸਕਦੀ ਹੈ। ਉਹਨੇ ਬੁਲਾਇਆ ਤਾਂ ਤੈਨੂੰ ਜ਼ਰੂਰ ਜਾਣਾ ਚਾਹੀਦਾ ਸੀ। ਪਰ ਦਿੱਕਤ ਇਹੀ ਹੈ ਕਿ ਆਪਾਂ ਪਿੰਡ ਦੇ ਲੋਕ ਕਿੰਨਾ ਵੀ ਪੜ੍ਹ-ਲਿਖ ਜਾਈਏ, ਪਰ ਇਹ ਖੁੱਲ੍ਹਾਪਣ ਬਰਦਾਸ਼ਤ ਨਹੀਂ ਕਰ ਸਕਦੇ। ਤੂੰ ਕੀ ਉਹਨੂੰ ਬੰਨ੍ਹ ਕੇ ਰੱਖੇਂਗਾ ਜੋ ਉਹ ਕਿਸੇ ਨਾਲ ਉੱਠੇਗੀ-ਬੈਠੇਗੀ ਵੀ ਨਹੀਂ?’’
ਨੀਲਕਾਂਤ ਕੁਝ ਨਹੀਂ ਬੋਲਿਆ। ਉਹ ਖ਼ਿਆਲਾਂ ਵਿੱਚ ਗੁਆਚ ਗਿਆ। ਉਹਨੂੰ ਅੰਜਲੀ ਦਾ ਪ੍ਰੇਮ ਇੱਕ ਫ਼ਿਲਮੀ ਕਹਾਣੀ ਵਰਗਾ ਲੱਗਿਆ। ਇਹ ਖਿਆਲ ਆਉਂਦਿਆਂ ਹੀ ਉਹਨੇ ਫਿਰ ਖ਼ੁਦ ਦਿਲ ਹੀ ਦਿਲ ਨੂੰ ਤਸੱਲੀ ਦਿੱਤੀ- ਖਲਨਾਇਕ ਆ ਗਿਆ ਤਾਂ ਕੀ ਹੋਇਆ? ਖਲਨਾਇਕ ਕਿੰਨਾ ਵੀ ਅਮੀਰ ਹੋਵੇ, ਫ਼ਿਲਮਾਂ ਵਿੱਚ ਆਖ਼ਰ ਨਾਇਕ ਦੀ ਹੀ ਜਿੱਤ ਹੁੰਦੀ ਹੈ। ਉਹ ਹੌਲੀ-ਹੌਲੀ ਸਹਿਜ ਹੋਣ ਲੱਗਿਆ।
* * *
ਅਚਾਨਕ ਹੀ ਪਿਛਲੇ ਕੁਝ ਦਿਨਾਂ ਵਿਚ ਨੀਲਕਾਂਤ ਦਾ ਅੰਜਲੀ ਨਾਲ ਮਿਲਣਾ-ਜੁਲਣਾ ਘੱਟ ਹੋ ਗਿਆ। ਇੱਕ ਦਿਨ ਉਹ ਕੈਂਪਸ ਵਿੱਚ ਮਿਲੀ ਤਾਂ ਕਾਹਲੀ ਵਿੱਚ ਸੀ। ਬੋਲੀ- ‘‘ਮੇਰੀ ਜ਼ਰੂਰੀ ਕਲਾਸ ਹੈ। ਅਟੈਂਡ ਕਰਕੇ ਆਉਂਦੀ ਹਾਂ।’’ ਉਸ ਪਿੱਛੋਂ ਉਹ ਫਿਰ ਨਹੀਂ ਮਿਲੀ। ਪਹਿਲਾਂ ਤਾਂ ਉਹਦੇ ਲਈ ਉਹ ਕਲਾਸ ਵੀ ਛੱਡ ਦਿੰਦੀ ਸੀ। ਸ਼ੱਕ ਦੇ ਬੱਦਲ ਦਿਮਾਗ ਵਿੱਚ ਘੁੰਮਣ ਲੱਗੇ।
ਇੱਕ ਦਿਨ ਉਹ ਸੈਂਟਰਲ ਲਾਇਬ੍ਰੇਰੀ ਤੋਂ ਬਾਹਰ ਨਿਕਲਿਆ ਤਾਂ ਵੇਖਿਆ ਕਿ ਰੂਪੇਸ਼ ਦੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਜਲੀ ਅੰਦਰ ਬੈਠ ਰਹੀ ਸੀ। ਉਹਨੇ ਵੇਖ ਵੀ ਲਿਆ ਸੀ, ਪਰ ਸਿਰਫ਼ ਹੱਥ ਹਿਲਾ ਕੇ ਬਾਏ-ਬਾਏ ਕੀਤਾ ਅਤੇ ਕਾਰ ਦਾ ਦਰਵਾਜ਼ਾ ਬੰਦ ਕਰ ਲਿਆ। ਧੂੰਆਂ ਸੁੱਟਦੀ ਕਾਰ ਅੱਗੇ ਵਧ ਗਈ। ਉਹਨੂੰ ਰੂਪੇਸ਼ ਵਿੱਚ ਕਨ੍ਹੱਈਆ ਦੀ ਸ਼ਕਲ ਨਜ਼ਰ ਆਈ।
* * *
ਨੀਲਕਾਂਤ ਇੱਕ ਦਿਨ ਪਿੱਪਲ ਦੇ ਰੁੱਖ ਹੇਠਾਂ ਆ ਕੇ ਬਹਿ ਗਿਆ। ਅੰਜਲੀ ਨੇ ਕਦੇ ਤੋਹਫ਼ੇ ਵਜੋਂ ਉਹਨੂੰ ਇੱਕ ਕਿਤਾਬ ਕੀਤੀ ਸੀ- ‘ਵੁਦਰਿੰਗ ਹਾਈਟਸ।’ ਉਹ ਕਿਤਾਬ ਵੀ ਆਪਣੇ ਨਾਲ ਲੈ ਕੇ ਆਇਆ। ਰੁੱਖ ਹੇਠਾਂ ਉਹ ਘਾਹ ’ਤੇ ਬੈਠ ਕੇ ਕਿਤਾਬ ਪੜ੍ਹਨ ਲੱਗਿਆ। ਕਿਤਾਬ ਦੇ ਪਹਿਲੇ ਪੰਨੇ ’ਤੇ ਲਿਖਿਆ ਸੀ- ‘ਟੂ ਮਾਈ ਲਵਲੀ ਫਰੈਂਡ ਨੀਲ!’ ਨੀਲਕਾਂਤ ਅਚਾਨਕ ਕਿਤਾਬ ਇੱਕ ਪਾਸੇ ਰੱਖ ਕੇ ਸੋਚਣ ਲੱਗਿਆ। ਉਹ ਯਾਦ ਕਰ ਰਿਹਾ ਸੀ ਕਿ ਅੰਜਲੀ ਅਕਸਰ ਕੀਟਸ, ਸ਼ੈਲੀ, ਲੋਰਕਾ, ਐਮਿਲੀ ਬਰਾਂਟੀ ਆਦਿ ਦੀ ਗੱਲ ਕਰਦੀ ਸੀ ਅਤੇ ਉਹ ਨਿਰਾਲਾ, ਸੁਮਿਤਰਾ ਨੰਦਨ ਪੰਤ ਦੀਆਂ ਗੱਲਾਂ। ਉਹ ਹਿੰਦੀ ਅਤੇ ਅੰਗਰੇਜ਼ੀ ਦੇ ਇਸ ਫਿਊਜ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਸੋਚਣ ਲੱਗਿਆ, ਅੰਜਲੀ ਆਏਗੀ ਤਾਂ ਉਹ ਕੀ ਕਹੇਗੀ? ਅੰਜਲੀ ਨੂੰ ਉਹ ਕੀ ਕਹੇਗਾ? ਵਿਚਾਲੇ ਜਿਹੇ ਅੰਜਲੀ ਨੇ ਜੋ ਬੇਰੁਖ਼ੀ ਦਿਖਾਈ ਸੀ, ਉਹਨੂੰ ਲੈ ਕੇ ਉਹ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਿਵੇਂ ਕਰੇਗਾ? ਉਹ ਵਾਕ-ਦਰ-ਵਾਕ ਮਨ ਹੀ ਮਨ ਸੋਚਣ ਲੱਗਿਆ। ਇੰਨੇ ਨੂੰ ਸਾਹਮਣੇ ਤੋਂ ਅੰਜਲੀ ਆਉਂਦੀ ਦਿਸੀ। ਉਹਦੇ ਕੋਲ ਆ ਕੇ ਬਹਿ ਗਈ। ਗੱਲ ਅੰਜਲੀ ਨੇ ਹੀ ਸ਼ੁਰੂ ਕੀਤੀ-
‘‘ਕਿਵੇਂ ਹੈਂ ਨੀਲ?’’
‘‘ਠੀਕ ਹਾਂ। ਤੈਨੂੰ ਵੇਖ ਕੇ ਹੋਰ ਜ਼ਿਆਦਾ ਠੀਕ ਹੋ ਜਾਂਦਾ ਹਾਂ।’’ ਉਹ ਮੁਸਕਰਾਇਆ।
‘‘ਨੀਲ, ਕਈ ਦਿਨਾਂ ਤੋਂ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਸਾਂ, ਪਰ ਕੋਈ ਮੌਕਾ ਹੀ ਨਹੀਂ ਮਿਲਿਆ।’’
‘‘ਕੀ ਗੱਲ ਕਰਨੀ ਸੀ?’’ ‘‘ਵੇਖ ਨੀਲ, ਆਪਾਂ ਚੰਗੇ ਦੋਸਤ ਸਾਂ, ਅੱਜ ਵੀ ਚੰਗੇ ਦੋਸਤ ਹਾਂ ਅਤੇ ਅੱਗੋਂ ਵੀ ਰਹਾਂਗੇ। ਪਰ… ਤੈਨੂੰ ਕੁਝ ਬ੍ਰਾਡ-ਮਾਈਂਡਿਡ ਹੋਣਾ ਪਵੇਗਾ।’’ ‘‘ਕਿਵੇਂ?’’
‘‘ਮੈਂ ਉਸ ਦਿਨ ਤੈਨੂੰ ਬੁਲਾਇਆ ਤਾਂ ਤੂੰ ਆਇਆ ਕਿਉਂ ਨਹੀਂ? ਮੈਂ ਤੇਰੇ ਲਈ ਹੀ ਤਾਂ ਏਥੇ ਆਈ ਸਾਂ। ਸੋਚਿਆ, ਸ਼ਾਇਦ ਆਉਂਦਾ-ਜਾਂਦਾ ਤੂੰ ਦਿਸ ਪਵੇਂਗਾ। ਮੈਂ ਜਦੋਂ ਬੈਠੀ ਸਾਂ ਤਾਂ ਅਚਾਨਕ ਏਧਰੋਂ ਲੰਘਦੇ ਰੂਪੇਸ਼ ਨੇ ਮੈਨੂੰ ਵੇਖ ਲਿਆ ਅਤੇ ਮੇਰੇ ਕੋਲ ਆ ਗਿਆ। ਇਸ ਨਾਲ ਕੀ ਹੋ ਗਿਆ?’’
‘‘ਸੌਰੀ, ਮੈਂ ਗਲਤ ਸਮਝਿਆ।’’
‘‘ਵੇਖ ਨੀਲ, ਆਪਾਂ ਚੰਗੇ ਦੋਸਤ ਹਾਂ। ਸ਼ਾਦੀ ਹੋਵੇ ਜਾਂ ਨਾ ਹੋਵੇ ਇਹ ਪਿੱਛੋਂ ਦੀ ਗੱਲ ਹੈ। ਆਪਾਂ ਸ਼ਾਦੀ ਨਾ ਵੀ ਕਰੀਏ ਤਾਂ ਵੀ ਚੰਗੇ ਦੋਸਤ ਤਾਂ ਰਹਿ ਸਕਦੇ ਹਾਂ, ਜਾਂ ਨਹੀਂ?’’
‘‘ਕਿਉਂ, ਸ਼ਾਦੀ ਕਿਉਂ ਨਹੀਂ ਹੋ ਸਕਦੀ?’’
‘‘ਮੈਂ ਕਦੋਂ ਕਹਿ ਰਹੀ ਹਾਂ ਕਿ ਨਹੀਂ ਹੋ ਸਕਦੀ। ਹੋ ਵੀ ਸਕਦੀ ਹੈ। ਮੇਰਾ ਮਤਲਬ ਸਿਰਫ਼ ਇੰਨਾ ਸੀ ਕਿ ਮੈਂ ਹਮੇਸ਼ਾ ਤੇਰੀ ਦੋਸਤ ਬਣੀ ਰਹਿਣਾ ਚਾਹਾਂਗੀ, ਉਵੇਂ ਹੀ, ਜਿਵੇਂ ਤੇਰੇ ਕੁਝ ਚੰਗੇ ਮਰਦ ਦੋਸਤ ਵੀ ਹੋਣਗੇ ਜਿਨ੍ਹਾਂ ਨਾਲ ਤੂੰ ਸ਼ਾਦੀ ਨਹੀਂ ਕਰ ਸਕਦਾ।’’
‘‘ਪਤਾ ਨਹੀਂ ਕਿਉਂ, ਮੈਨੂੰ ਸ਼ੱਕ ਜਿਹਾ ਹੋ ਰਿਹਾ ਹੈ ਕਿ ਤੂੰ ਮੇਰੇ ਨਾਲ ਸ਼ਾਦੀ ਕਰਨਾ ਨਹੀਂ ਚਾਹੁੰਦੀ।’’
‘‘ਕਿਉਂ ਹੋ ਰਿਹਾ ਹੈ?’’
‘‘ਇਸ ਲਈ ਕਿ ਮੇਰੇ ਕੋਲ ਕਾਰ ਨਹੀਂ ਹੈ।’’
‘‘ਨੀਲ, ਤੂੰ ਫਿਰ ਛੋਟੀ ਗੱਲ ਕਰ ਦਿੱਤੀ ਨਾ! ਮੈਂ ਇਸੇ ਲਈ ਸ਼ੁਰੂ ਵਿਚ ਤੈਨੂੰ ਕਿਹਾ ਸੀ ਕਿ ਤੈਨੂੰ ਬ੍ਰਾਡ-ਮਾਈਂਡਿਡ ਹੋਣਾ ਪਵੇਗਾ।’’
‘‘ਤਾਂ ਉਸ ਦਿਨ ਸੈਂਟਰਲ ਲਾਇਬਰੇਰੀ ਦੇ ਸਾਹਮਣੇ ਤੂੰ ਰੁਕੀ ਕਿਉਂ ਨਹੀਂ? ਮੈਂ ਅੱਗੇ ਵੀ ਵਧਿਆ, ਪਰ ਤੂੰ ਹੱਥ ਨਾਲ ਬਾਏ-ਬਾਏ ਕਰ ਕੇ ਰੂਪੇਸ਼ ਦੀ ਕਾਰ ਵਿੱਚ ਬੈਠ ਕੇ ਚਲੀ ਗਈ।’’
‘‘ਉਸ ਦਿਨ ਮੈਂ ਮੇਰੀ ਇੱਕ ਸਹੇਲੀ ਨੂੰ ਰੇਲਵੇ ਸਟੇਸ਼ਨ ’ਤੇ ਰਿਸੀਵ ਕਰਨਾ ਸੀ। ਮੈਂ ਇਹਦੇ ਲਈ ਰੂਪੇਸ਼ ਤੋਂ ਲਿਫਟ ਮੰਗੀ ਸੀ। ਟਰੇਨ ਆਉਣ ਦਾ ਵੇਲਾ ਹੋ ਰਿਹਾ ਸੀ ਅਤੇ ਮੈਂ ਲੇਟ ਹੋ ਚੁੱਕੀ ਸਾਂ। ਕਾਹਲੀ ਵਿਚ ਸਾਂ, ਇਸ ਲਈ ਚਲੀ ਗਈ। ਪਰ ਬਾਏ-ਬਾਏ ਤਾਂ ਕੀਤੀ ਸੀ ਨਾ! ਕੋਈ ਮੂੰਹ ਫੇਰ ਕੇ ਤਾਂ ਨਹੀਂ ਚਲੀ ਗਈ ਸਾਂ?’’
‘‘ਸੌਰੀ, ਫਿਰ ਮੇਰੀ ਹੀ ਗ਼ਲ਼ਤੀ ਰਹੀ। ਸ਼ਾਇਦ ਮੈਂ ਹੀ ਗ਼ਲਤ ਢੰਗ ਨਾਲ ਸੋਚਣ ਲੱਗਿਆ ਸਾਂ।’’
‘‘ਮੇਰੇ ਹਮਨਸ਼ੀਂ, ਮੇਰੇ ਹਮਨਵਾ, ਹੁਣ ਤਾਂ ਅਜਿਹਾ ਨਹੀਂ ਸੋਚੇਂਗਾ ਨਾ!’’
‘‘ਨਹੀਂ, ਹੁਣ ਨਹੀਂ ਸੋਚਾਂਗਾ,’’ ਨੀਲਕਾਂਤ ਦੀਆਂ ਅੱਖਾਂ ਨਮ ਹੋ ਗਈਆਂ। ਅੰਜਲੀ ਤੇਜ਼ੀ ਨਾਲ ਉਹਦੇ ਚਿਹਰੇ ਵੱਲ ਝੁਕੀ ਅਤੇ ਨੀਲਕਾਂਤ ਨੂੰ ਲੱਗਿਆ ਜਿਵੇਂ ਅੰਜਲੀ ਦੀਆਂ ਨੀਲੀਆਂ ਅੱਖਾਂ ਨੇ ਉਹਨੂੰ ਚੁੰਮ ਲਿਆ ਹੋਵੇ। ਨੀਲਕਾਂਤ ਅੰਦਰ ਤਕ ਲਰਜ਼ ਉੱਠਿਆ।
ਅੰਜਲੀ ਨੇ ਕਿਹਾ- ‘‘ਹੁਣ ਮੈਂ ਚਲਦੀ ਹਾਂ। ਪਰਸੋਂ ਸਵੇਰੇ ਦਸ ਵਜੇ ਮਿਲਾਂਗੇ। ਓਕੇ, ਆਪਣਾ ਖਿਆਲ ਰੱਖਣਾ। ਏਧਰ-ਓਧਰ ਦੀਆਂ ਗੱਲਾਂ ਦਿਮਾਗ ਵਿੱਚ ਨਾ ਲਿਆਉਣਾ। ਆਈ ਲਵ ਯੂ।’’
ਅੰਜਲੀ ਚਲੀ ਗਈ। ਨੀਲਕਾਂਤ ਥੱਕੇ ਹੋਏ ਕਦਮਾਂ ਨਾਲ ਹੋਸਟਲ ਵੱਲ ਚੱਲ ਪਿਆ।
* * *
ਨੀਲਕਾਂਤ ਦਾ ਮਨ ਹੁਣ ਸ਼ਾਂਤ ਸੀ। ਉਸ ਨੂੰ ਅੰਜਲੀ ਦੇ ਵਤੀਰੇ ਤੋਂ ਲੱਗਿਆ ਕਿ ਉਹਨੇ ਕੋਈ ਗੁਆਚੀ ਹੋਈ ਚੀਜ਼ ਵਾਪਸ ਪ੍ਰਾਪਤ ਕਰ ਲਈ ਹੈ। ਇਸੇ ਖ਼ੁਸ਼ੀ ਵਿੱਚ ਰਾਤ ਨੂੰ ਹੋਸਟਲ ਵਿੱਚ ਉਸ ਨੇ ਦੋਸਤਾਂ ਨੂੰ ਪਾਰਟੀ ਵੀ ਦੇ ਦਿੱਤੀ।
ਸਵੇਰੇ ਉੱਠ ਕੇ ਹੋਸਟਲ ਤੋਂ ਨਿਕਲਿਆ ਤਾਂ ਉਹਨੂੰ ਸੜਕਾਂ ਦੇ ਦੋਹਾਂ ਪਾਸੇ ਲੱਗੇ ਦਰਖਤ ਬੜੇ ਖੁਸ਼ ਨਜ਼ਰ ਆਏ। ਉਹਨੇ ਜ਼ੋਰ ਨਾਲ ਸਾਹ ਲਿਆ। ਉਹ ਸੋਚ ਵਿੱਚ ਡੁੱਬਿਆ ਸੀ, ਉਦੋਂ ਹੀ ਅਚਾਨਕ ਉਸ ਦੇ ਸਾਹਮਣੇ ਇਕ ਬਾਈਕ ਆ ਕੇ ਰੁਕੀ। ਬਾਈਕ ’ਤੇ ਉਸਦੇ ਪਿੰਡ ਦਾ ਪੁਰਾਣਾ ਦੋਸਤ ਸੀ- ਮੰਗਲ ਰਾਮ। ਅਚਾਨਕ ਨੀਲਕਾਂਤ ਦੇ ਮੂੰਹੋਂ ਨਿਕਲਿਆ- ‘‘ਓਹ ਤੂੰ! ਬੜੇ ਦਿਨਾਂ ਬਾਅਦ ਮਿਲਿਆ ਹੈਂ! ਮੰਗਲ ਰਾਮ ਇਕ ਸਰਕਾਰੀ ਦਫ਼ਤਰ ਵਿੱਚ ਬਾਬੂ ਸੀ। ਉਹਨੇ ਦੱਸਿਆ- ‘‘ਇੰਥੇ ਯੂਨੀਵਰਸਿਟੀ ’ਚ ਇੱਕ ਕੰਮ ਲਈ ਆਇਆ ਸਾਂ। ਅਚਾਨਕ ਤੂੰ ਨਜ਼ਰ ਆ ਗਿਆ।’’
ਨੀਲਕਾਂਤ ਨੇ ਸੁਝਾਅ ਦਿੱਤਾ- ‘‘ਬੜੇ ਦਿਨ ਹੋ ਗਏ, ਚੱਲ ਸ਼ਹਿਰ ਘੁੰਮ ਕੇ ਆਉਂਦੇ ਹਾਂ। ਤੈਨੂੰ ਮਸ਼ਹੂਰ ਲੱਸੀ ਵਾਲੇ ਦੀ ਲੱਸੀ ਪਿਆ ਕੇ ਲਿਆਉਂਦਾ ਹਾਂ।’’ ਮੰਗਲ ਮੰਨ ਗਿਆ।
ਦੋਵੇਂ ਉੱਥੇ ਪਹੁੰਚ ਕੇ ਜਦੋਂ ਲੱਸੀ ਪੀ ਰਹੇ ਸਨ ਤਾਂ ਅਚਾਨਕ ਨੀਲਕਾਂਤ ਦੀ ਨਜ਼ਰ ਸੜਕ ਦੇ ਦੂਜੇ ਪਾਸੇ ਸਾਹਮਣੇ ਇੱਕ ਆਈਸਕ੍ਰੀਮ ਪਾਰਲਰ ’ਤੇ ਪਈ। ਉੱਥੇ ਫੁੱਟਪਾਥ ’ਤੇ ਖੜ੍ਹੇ ਅੰਜਲੀ ਅਤੇ ਰੂਪੇਸ਼ ਦੋਵੇਂ ਆਈਸਕ੍ਰੀਮ ਖਾ ਰਹੇ ਸਨ, ਖਿੜਖਿੜਾ ਰਹੇ ਸਨ। ਅਚਾਨਕ ਰੂਪੇਸ਼ ਨੇ ਜ਼ੋਰ ਨਾਲ ਠਹਾਕਾ ਲਾਇਆ। ਇਹਦੇ ਨਾਲ ਹੀ ਅੰਜਲੀ ਨੇ ਉਹਦੀ ਪਿੱਠ ’ਤੇ ਜ਼ੋਰ ਨਾਲ਼ ਧੱਫਾ ਮਾਰਿਆ। ਨੀਲਕਾਂਤ ਨੂੰ ਲੱਗਿਆ ਕਿ ਅੰਜਲੀ ਦਾ ਇਹ ਹੱਥ ਨੀਲਕਾਂਤ ਦੀ ਪਿੱਠ ’ਤੇ ਨਹੀਂ, ਉਹਦੀ ਗੱਲ੍ਹ ’ਤੇ ਵੱਜਿਆ ਹੈ। ਉਹਨੇ ਸੋਚਿਆ- ‘ਓਹ, ਹੁਣ ਸਮਝ ਵਿੱਚ ਆਇਆ! ਕੱਲ੍ਹ ਅੰਜਲੀ ਨੇ ਇਹ ਕਿਉਂ ਕਿਹਾ ਸੀ ਕਿ ਉਹ ਘਰ ਦੇ ਕੰਮਾਂ ਵਿਚ ਬਿਜ਼ੀ ਹੈ ਅਤੇ ਕੱਲ੍ਹ ਨਹੀਂ ਆਵੇਗੀ! ਤਾਂ ਇਹ ਗੱਲ ਸੀ! ਉਹਦਾ ਰੁਝੇਵਾਂ ਇੱਥੇ ਸੀ!’
ਇਹਦੇ ਨਾਲ ਹੀ ਉਹ ਖ਼ਿਆਲਾਂ ਵਿੱਚ ਕਿਤੇ ਗੁੰਮ ਗਿਆ। ਉਹਨੂੰ ਲੱਗਿਆ, ਉਸ ਦਿਨ ਅੰਜਲੀ ਸਿਰਫ਼ ਉਹਦੇ ਪਾਟੇ ਦਿਲ ਦੀ ਸਿਲਾਈ ਕਰਨ ਆਈ ਸੀ। ਉਹਨੂੰ ਆਪਣੀਆਂ ਅੱਖਾਂ ਸਾਹਮਣੇ ਪਾਟੇ ਹੋਏ ਰਿਸ਼ਤਿਆਂ ਦਾ ਇੱਕ ਵੱਡਾ ਢੇਰ ਨਜ਼ਰ ਆਇਆ। ਹੌਲੀ-ਹੌਲੀ ਨਮ ਅੱਖਾਂ ਨਾਲ ਢੇਰ ਗਿੱਲਾ ਹੋਣ ਲੱਗਿਆ।
‘‘ਕਿੱਥੇ ਗੁਆਚ ਗਿਆ ਯਾਰ!’’ ਅਚਾਨਕ ਉਸ ਨੂੰ ਮੰਗਲ ਰਾਮ ਦੀ ਆਵਾਜ਼ ਸੁਣਾਈ ਦਿੱਤੀ, ‘‘ਕੀ ਸੋਚ ਰਿਹਾ ਸੀ?’’
‘‘ਸੋਚ ਰਿਹਾ ਹਾਂ ਕਿ ਇਹ ਕੈਸਾ ਸੰਸਾਰ ਹੈ! ਦਰਅਸਲ, ਇੱਕ ਕਾਰ ਲੈਣ ਬਾਰੇ ਸੋਚ ਰਿਹਾ ਹਾਂ।’’
‘‘ਬੜੀ ਵਧੀਆ ਗੱਲ ਹੈ। ਹੁਣ ਤਾਂ ਨਵੀਂ ਗੱਡੀ ਮਾਰੂਤੀ ਬਾਜ਼ਾਰ ਵਿੱਚ ਆ ਗਈ ਹੈ। ਇੱਥੇ ਨੇੜੇ ਹੀ ਉਸਦਾ ਸ਼ੋਅਰੂਮ ਹੈ। ਹਾਲਾਂਕਿ ਬੁਕਿੰਗ ਵਿਚ ਲੰਮੀ ਲਾਈਨ ਚੱਲ ਰਹੀ ਹੈ। ਅੱਠ ਦਸ ਮਹੀਨੇ ਦੀ ਬੁਕਿੰਗ ਹੈ। ਮੈਂ ਵੀ ਬੁੱਕ ਕਰਾਈ ਹੈ। ਅੱਜਕੱਲ੍ਹ ਤਾਂ ਲੋਨ ਮਿਲ ਜਾਂਦਾ ਹੈ। ਤੂੰ ਵੀ ਲੈ ਲੈ।’’ ਮੰਗਲ ਰਾਮ ਇੱਕ ਹੀ ਸਾਹ ਵਿਚ ਸਾਰਾ ਕੁਝ ਕਹਿ ਗਿਆ।
‘‘ਤਾਂ ਚੱਲ ਫਿਰ, ਸ਼ੋਅਰੂਮ ਵਿੱਚ ਚਲਦੇ ਹਾਂ।’’ ਨੀਲਕਾਂਤ ਨੇ ਕਿਹਾ ਅਤੇ ਦੋਵੇਂ ਚਲੇ ਗਏ।
ਨੀਲਕਾਂਤ ਨੇ ਸ਼ੋਅਰੂਮ ਵਿਚ ਪਹਿਲੀ ਵਾਰ ਮਾਰੂਤੀ-800 ਵੇਖੀ। ਉਸ ਨੂੰ ਉੱਥੇ ਲਾਲ ਰੰਗ ਦੀ ਇੱਕ ਮਾਰੂਤੀ ਨਜ਼ਰ ਆਈ। ਉਹਨੂੰ ਯਾਦ ਆਇਆ- ਅੰਜਲੀ ਨੂੰ ਲਾਲ ਰੰਗ ਬਹੁਤ ਪਸੰਦ ਹੈ।
ਮੰਗਲ ਰਾਮ ਨੇ ਆਪਣੀ ਬਾਈਕ ’ਤੇ ਨੀਲਕਾਂਤ ਨੂੰ ਹੋਸਟਲ ਛੱਡ ਦਿੱਤਾ। ਹੋਸਟਲ ਪਹੁੰਚ ਕੇ ਉਹਦੇ ਦਿਮਾਗ ਵਿਚ ਆਈਸਕ੍ਰੀਮ ਪਾਰਲਰ ਦੇ ਦ੍ਰਿਸ਼ ਘੁੰਮਣ ਲੱਗੇ। ਉਹਨੂੰ ਅੰਜਲੀ ਦੀ ਬਹੁਤ ਯਾਦ ਆਈ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਿਆ।
* * *
ਅਭਿਸ਼ੇਕ ਹੋਸਟਲ ਦੇ ਕਮਰੇ ਵਿਚ ਮੁੜਿਆ ਤਾਂ ਨੀਲਕਾਂਤ ਸਿਰ ’ਤੇ ਹੱਥ ਰੱਖ ਕੇ ਬੈਠਾ ਸੀ। ਅਭਿਸ਼ੇਕ ਨੂੰ ਸਮਝਦਿਆਂ ਦੇਰ ਨਾ ਲੱਗੀ। ਉਹਨੇ ਕਿਹਾ- ‘‘ਕੀ ਹੋਇਆ ਨੀਲਕਾਂਤ? ਕੀ ਫਿਰ ਉਹੀ ਰਾਮ ਲਾਲ ਦੀ ਕਹਾਣੀ?’’
‘‘ਹਾਂ’’ ਨੀਲਕਾਂਤ ਨੇ ਇੰਨਾ ਹੀ ਕਿਹਾ ਅਤੇ ਅੱਖਾਂ ਵਿਚ ਹੰਝੂ ਭਰ ਆਏ। ਅਭਿਸ਼ੇਕ ਉਹਦੀ ਪਿੱਠ ਥਪਥਪਾਉਂਦਾ ਰਿਹਾ। ਨੀਲਕਾਂਤ ਕੁਝ ਸਹਿਜ ਹੋਣ ਲੱਗਿਆ ਤਾਂ ਅਭਿਸ਼ੇਕ ਨੇ ਕਿਹਾ- ‘‘ਮੇਰੇ ਭਰਾਵਾ, ਦਿਲ ਛੋਟਾ ਨਾ ਕਰ। ਇਹ ਦੁਨੀਆਂ ਹੀ ਅਜਿਹੀ ਹੈ। ਇਸ ਯੂਨੀਵਰਸਿਟੀ ਵਿੱਚ ਪਤਾ ਨਹੀਂ ਕਿੰਨੇ ਰਾਮ ਲਾਲ, ਨੀਲਕਾਂਤ ਆਏ ਅਤੇ ਚਲੇ ਗਏ। ਅੱਗੇ ਵੀ ਚਲੇ ਜਾਣਗੇ, ਪਰ ਉਨ੍ਹਾਂ ਨੂੰ ਪਿਆਰ ਨਸੀਬ ਨਹੀਂ ਹੋਵੇਗਾ। ਇਹ ਦੁਨੀਆਂ ਕਨ੍ਹੱਈਆ ਅਤੇ ਰੂਪੇਸ਼ ਜਿਹਿਆਂ ਦੀ ਹੈ। ਗ਼ਰੀਬਾਂ ਦੀ ਨਹੀਂ, ਪੈਸੇ ਵਾਲਿਆਂ ਦੀ ਹੈ।’’
ਨੀਲਕਾਂਤ ਹੁਣ ਵੀ ਡੁਸਕ ਰਿਹਾ ਸੀ।
* * *
ਅਗਲੇ ਦਿਨ ਸਵੇਰੇ ਉੱਠਦਿਆਂ ਹੀ ਨੀਲਕਾਂਤ ਫਿਰ ਪੈਸੇ ਦੇ ਜੋੜ-ਘਟਾਓ ਵਿੱਚ ਲੱਗ ਗਿਆ। ਉਹਨੂੰ ਪਿਛਲੇ ਦਿਨੀਂ ਆਕਾਸ਼ਵਾਣੀ ਤੋਂ ਚੈੱਕ ਮਿਲਿਆ ਸੀ। ਉਹਦੇ ਕੋਲ ਕੁੱਲ ਅੱਠ ਸੌ ਰੁਪਏ ਸਨ। ਉਸ ਨੇ ਅਭਿਸ਼ੇਕ ਨੂੰ ਪੁੱਛਿਆ- ‘‘ਤੇਰੇ ਕੋਲ ਕਿੰਨੇ ਪੈਸੇ ਨੇ?’’ ਉਹਨੇ ਆਪਣੀ ਜੇਬ ਫਰੋਲ ਕੇ ਦੋ ਸੌ ਰੁਪਏ ਕੱਢੇ। ਨੀਲਕਾਂਤ ਨੇ ਕਿਹਾ- ‘‘ਤੂੰ ਰਾਮ ਲਾਲ ਨੂੰ ਜਾ ਕੇ ਸਾਈਕਲ ਦਿਵਾ ਦੇ। ਆਪਣੀ ਕਾਰ ਬਾਰੇ ਫਿਰ ਸੋਚਾਂਗੇ। ਇੱਕ ਗ਼ਰੀਬ ਆਦਮੀ ਦਾ ਤਾਂ ਭਲਾ ਹੋਵੇ।’’ ਅਭਿਸ਼ੇਕ ਨੇ ਕਿਹਾ- ‘‘ਠੀਕ ਹੈ, ਅੱਜ ਉਹਨੂੰ ਸਾਈਕਲ ਦਿਵਾ ਦੇਵਾਂਗਾ। ਪਰ ਮੈਂ ਅੱਜ ਵੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਾਈਕਲਾਂ, ਕਾਰਾਂ ਨਾਲ ਕੁੜੀਆਂ ਦੋਸਤ ਬਣ ਜਾਂਦੀਆਂ ਹਨ।’’
‘‘ਕੋਈ ਗੱਲ ਨਹੀਂ, ਨਾ ਬਣੇ ਦੋਸਤ। ਉਸਨੂੰ ਸਾਈਕਲ ਤਾਂ ਲੈ ਹੀ ਦੇ।’’
ਅੰਜਲੀ ਤੈਅ ਸਮੇਂ ਅਨੁਸਾਰ ਸਵੇਰੇ ਦਸ ਵਜੇ ਪਿੱਪਲ ਦੇ ਰੁੱਖ ਦੇ ਹੇਠਾਂ ਬਣੇ ਚਬੂਤਰੇ ’ਤੇ ਜਾ ਕੇ ਬਹਿ ਗਈ, ਪਰ ਨੀਲਕਾਂਤ ਉੱਥੇ ਨਹੀਂ ਪਹੁੰਚਿਆ। ਨੀਲਕਾਂਤ ਨੇ ਦੂਰੋਂ ਹੀ ਰੁੱਖ ਨੂੰ ਵੇਖਿਆ ਅਤੇ ਉਹਦੇ ਕੰਨਾਂ ਵਿੱਚ ਪੱਤਿਆਂ ਦੀ ਸਰਸਰਾਹਟ ਦੀ ਆਵਾਜ਼ ਆਈ, ਪਰ ਉਸਦੇ ਸਖ਼ਤ ਕਦਮਾਂ ਨੇ ਜਿਵੇਂ ਕੋਮਲ ਪੱਤਿਆਂ ਨੂੰ ਕੁਚਲ ਦਿੱਤਾ। ਲੰਮੀ ਉਡੀਕ ਪਿੱਛੋਂ ਅੰਜਲੀ ਵੀ ਉੱਥੋਂ ਚਲੀ ਗਈ।
ਇਸ ਦੌਰਾਨ ਅੰਜਲੀ ਪਿੱਪਲ ਦੇ ਉਸ ਰੁੱਖ ਕੋਲੋਂ ਕਈ ਵਾਰੀ ਲੰਘੀ, ਪਰ ਹਰ ਵਾਰ ਹਵਾ ਸੰਨਾਟੇ ਨੂੰ ਚੀਰ ਕੇ ਚਲੀ ਗਈ। ਇੱਕ ਦਿਨ ਨੀਲਕਾਂਤ ਅਤੇ ਅਭਿਸ਼ੇਕ ਹੋਸਟਲ ਦੀ ਮੈੱਸ ਤੋਂ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਅਚਾਨਕ ਕੋਲੋਂ ਰਾਮਨਾਥ ਸਾਈਕਲ ਦੀ ਘੰਟੀ ਵਜਾਉਂਦਾ ਹੋਇਆ ਲੰਘਿਆ। ਉਹ ਸਿਰ ਹਿਲਾ-ਹਿਲਾ ਕੇ ਕੁਝ ਗੁਣਗੁਣਾ ਰਿਹਾ ਸੀ, ਖਿੜਖਿੜਾ ਰਿਹਾ ਸੀ ਅਤੇ ਪਿੱਛੇ ਕੈਰੀਅਰ ’ਤੇ ਇੱਕ ਲੜਕੀ ਬੈਠੀ ਸੀ। ਨੀਲਕਾਂਤ ਨੇ ਅਭਿਸ਼ੇਕ ਨੂੰ ਕਿਹਾ- ‘‘ਵੇਖ, ਸਾਈਕਲ ਕੰਮ ਕਰ ਰਹੀ ਹੈ!’’
‘‘ਸਾਈਕਲ ਤਾਂ ਕੰਮ ਕਰ ਰਹੀ ਹੈ, ਪਰ ਤੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਨ੍ਹਾਂ ਉਦਾਹਰਣਾਂ ਤੋਂ ਤੂੰ ਉਹ ਸਥਾਪਤ ਨਹੀਂ ਕਰ ਸਕਦਾ, ਜੋ ਕਰਨਾ ਚਾਹੁੰਦਾ ਹੈਂ।’’
* * *
ਰਾਈਟਿੰਗ ਟੇਬਲ ’ਤੇ ਬੈਠਾ ਨੀਲਕਾਂਤ ਜਿਵੇਂ ਨੀਂਦ ’ਚੋਂ ਜਾਗਿਆ। ਉਹਦੇ ਚਿਹਰੇ ’ਤੇ ਉਹੋ ਜਿਹੀ ਹੀ ਥਕਾਵਟ ਸਾਫ਼ ਨਜ਼ਰ ਆ ਰਹੀ ਸੀ, ਜਿਹੋ ਜਿਹੀ ਇਕ ਲੰਮੀ ਯਾਤਰਾ ਪਿੱਛੋਂ ਮਹਿਸੂਸ ਹੁੰਦੀ ਹੈ। ਘਰੋਂ ਨਿਕਲ ਕੇ ਬਾਹਰ ਆਇਆ। ਲਾਅਨ ਵਿਚ ਹੁਣ ਸੂਰਜ ਦੀ ਰੌਸ਼ਨੀ ਚਮਕ ਰਹੀ ਸੀ। ਉਹਨੇ ਪਿੱਛੇ ਬਣੇ ਗੈਰਾਜ ’ਤੇ ਨਜ਼ਰ ਮਾਰੀ। ਲਾਲ ਰੰਗ ਦੀ ਮਾਰੂਤੀ ਕਾਰ ਖੜ੍ਹੀ ਸੀ। ਕਾਰ ਦਾ ਨੰਬਰ ਉਹਨੇ ਆਪਣੀ ਪਸੰਦ ਦਾ ਲਿਆ ਸੀ- ਚਾਰ ਚੌਕੇ, ਯਾਨੀ 4444. ਉਹਨੇ ਸੋਚਿਆ- ਕਿਹੋ ਜਿਹੀ ਤ੍ਰਾਸਦੀ ਹੈ। ਹੁਣ ਕਾਰ ਤਾਂ ਹੈ, ਪਰ ਕਾਰ ਵਿੱਚ ਬੈਠਣ ਵਾਲੀ ਨਹੀਂ ਹੈ।
ਨੀਲਕਾਂਤ ਆਪਣੇ ਕਮਰੇ ਵਿੱਚ ਆਇਆ ਤੇ ਟੇਬਲ ’ਚੋਂ ਇਕ ਚਿੱਠੀ ਚੁੱਕੀ, ਜਿਸ ਵਿਚ ਕੇਂਦਰੀ ਯੂਨੀਵਰਸਿਟੀ ਦੇ ਸੈਮੀਨਾਰ ਵਿੱਚ ਆਉਣ ਦਾ ਸੱਦਾ ਸੀ। ਗੋਸ਼ਟੀ ਦਾ ਵਿਸ਼ਾ ਸੀ- ‘‘ਸਮਾਂ, ਸਾਹਿਤ ਅਤੇ ਸਮਾਜਿਕ ਸਰੋਕਾਰ।’’ ਨੀਲਕਾਂਤ ਨੇ ਫ਼ੈਸਲਾ ਕੀਤਾ ਕਿ ਉਹ ਇਸ ਸੈਮੀਨਾਰ ਵਿਚ ਜਾਵੇਗਾ।
* * *
ਕੇਂਦਰੀ ਯੂਨੀਵਰਸਿਟੀ ਦੀ ਸ਼ਾਨਦਾਰ ਬਿਲਡਿੰਗ ਸੀ। ਨੀਲਕਾਂਤ ਦੇ ਪਹੁੰਚਣ ’ਤੇ ਲੜਕੀਆਂ ਨੇ ਉਹਨੂੰ ਤਿਲਕ ਲਾਇਆ ਅਤੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ।
ਵਾਈਸ ਚਾਂਸਲਰ ਦੇ ਦਫ਼ਤਰ ਵਿੱਚ ਚਾਹ-ਪਾਣੀ ਪਿੱਛੋਂ ਨੀਲਕਾਂਤ ਸੈਮੀਨਾਰ ਹਾਲ ਵਿੱਚ ਪਹੁੰਚਿਆ। ਉਹਨੂੰ ਡਾਇਸ ’ਤੇ ਸੱਦਿਆ ਗਿਆ। ਡਾਇਸ ’ਤੇ ਬੈਠਿਆਂ ਕੁਝ ਸਮਾਂ ਹੀ ਹੋਇਆ ਸੀ ਕਿ ਉਸ ਨੂੰ ਪੱਤਿਆਂ ਦੀ ਸਰਸਰਾਹਟ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਨਾਲ ਦੇ ਦਰਵਾਜ਼ੇ ਵੱਲ ਵੇਖਿਆ। ਦਰਵਾਜ਼ੇ ਵਿਚੋਂ ਇੱਕ ਔਰਤ ਨੇ ਪ੍ਰਵੇਸ਼ ਕੀਤਾ ਸੀ। ਉਹ ਅੰਜਲੀ ਦੇ ਕੱਪੜਿਆਂ ਦੀ ਸਰਸਰਾਹਟ ਸੀ। ਨੀਲਕਾਂਤ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਹਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅੰਜਲੀ ਕਦੇ ਜ਼ਿੰਦਗੀ ਦੇ ਇਸ ਮੋੜ ’ਤੇ ਇਸ ਤਰ੍ਹਾਂ ਮਿਲੇਗੀ!
ਨੀਲਕਾਂਤ ਕਾਫ਼ੀ ਦੇਰ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਦਾ ਰਿਹਾ। ਆਖ਼ਰਕਾਰ ਮੁੱਖ ਵਕਤਾ ਦੇ ਰੂਪ ਵਿੱਚ ਉਹਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਹਦੇ ਬੋਲਣ ਦਾ ਅੰਦਾਜ਼, ਵਿਚ-ਵਿਚ ਪਾਜ਼ ਦੇਣਾ ਅਤੇ ਹੱਥ ਦੀਆਂ ਹਰਕਤਾਂ ਨਾਲ ਆਪਣੀ ਗੱਲ ਨੂੰ ਵਜ਼ਨਦਾਰ ਢੰਗ ਨਾਲ ਰੱਖਣਾ- ਲੋਕਾਂ ਨੂੰ ਬੜਾ ਪਸੰਦ ਆਇਆ। ਹਾਲ ਵਿਚ ਖ਼ੂਬ ਤਾੜੀਆਂ ਵੱਜਦੀਆਂ ਰਹੀਆਂ।
ਗੋਸ਼ਟੀ ਦੀ ਸਮਾਪਤੀ ਪਿੱਛੋਂ ਚਾਹ-ਪਾਣੀ ਦਾ ਪ੍ਰਬੰਧ ਸੀ ਤਾਂ ਨੀਲਕਾਂਤ ਨੇ ਅੰਜਲੀ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ। ਅੰਜਲੀ ਸਾੜ੍ਹੀ ਵਿਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ! ਉਹ ਨੇੜੇ ਆਈ ਤਾਂ ਉਸਦੇ ਲਬਿਾਸ ਦੀ ਸਰਸਰਾਹਟ ਜਿਵੇਂ ਨੀਲਕਾਂਤ ਦੇ ਪੂਰੇ ਸਰੀਰ ਨਾਲ ਲਿਪਟ ਗਈ। ਦੋਵੇਂ ਭੀੜ ਤੋਂ ਇੱਕ ਪਾਸੇ ਹਟ ਕੇ ਗੱਲਬਾਤ ਕਰਨ ਲੱਗੇ।
ਨੀਲਕਾਂਤ ਚੁੱਪਚਾਪ ਖੜ੍ਹਾ ਸੀ। ਸੋਚਣ ਤੋਂ ਅਸਮਰੱਥ ਸੀ ਕਿ ਕਿਵੇਂ, ਕੀ ਗੱਲ ਕਰੇ। ਗੱਲ ਅੰਜਲੀ ਨੇ ਹੀ ਸ਼ੁਰੂ ਕੀਤੀ- ‘‘ਤੁਸੀਂ ਤਾਂ ਮਹਿਫ਼ਲ ਹੀ ਲੁੱਟ ਲਈ।’’ ਨੀਲਕਾਂਤ ਦਾ ਜਿਵੇਂ ਸਾਹ ਵਿੱਚ ਸਾਹ ਆਇਆ। ਉਹਦਾ ਸਵੈ-ਵਿਸ਼ਵਾਸ ਮੁੜ ਆਇਆ। ਉਹ ਬੋਲਿਆ- ‘‘ਅੰਜਲੀ, ਜ਼ਿੰਦਗੀ ਵਿੱਚ ਮਹਿਫ਼ਲਾਂ ਤਾਂ ਬਹੁਤ ਲੁੱਟੀਆਂ, ਪਰ ਜੀਹਨੂੰ ਲੁੱਟਣਾ ਚਾਹੁੰਦਾ ਸੀ, ਉਹਨੂੰ ਨਹੀਂ ਲੁੱਟ ਸਕਿਆ। ਇਹੀ ਮਲਾਲ ਮੈਨੂੰ ਜ਼ਿੰਦਗੀ ਭਰ ਸਤਾਉਂਦਾ ਰਹੇਗਾ।’’
‘‘ਕਿਤੇ ਕੁਝ ਤਾਂ ਕਮੀ ਰਹੀ ਹੋਵੇਗੀ!’’
‘‘ਹਾਂ, ਜ਼ਰੂਰ ਰਹੀ ਹੋਵੇਗੀ। ਅੱਛਾ ਛੱਡ, ਇਹ ਦੱਸ, ਤੂੰ ਇੱਥੇ ਕਿਵੇਂ?’’
‘‘ਮੈਂ ਏਥੇ ਅਸਿਸਟੈਂਟ ਪ੍ਰੋਫ਼ੈਸਰ ਹਾਂ।’’
‘‘ਅਤੇ ਪਰਿਵਾਰ ਵਿੱਚ…?’’
‘‘ਕੋਈ ਨਹੀਂ, ਇਕੱਲੀ।’’
ਨੀਲਕਾਂਤ ਨੂੰ ਜਿਵੇਂ ਧੱਕਾ ਜਿਹਾ ਵੱਜਿਆ। ਉਹ ਕੁਝ ਸੋਚਣ ਲੱਗਿਆ।
ਇਸੇ ਦੌਰਾਨ ਕੇਂਦਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਆ ਗਏ ਅਤੇ ਨੀਲਕਾਂਤ ਨੂੰ ਉਨ੍ਹਾਂ ਨਾਲ ਗੱਲਬਾਤ ਵਿੱਚ ਰੁੱਝਣਾ ਪਿਆ। ਉਦੋਂ ਤੱਕ ਅੰਜਲੀ ਅੱਖਾਂ ਤੋਂ ਓਝਲ ਹੋ ਚੁੱਕੀ ਸੀ। ਉਹ ਫਿਰ ਨਹੀਂ ਦਿਸੀ। ਬਾਹਰ ਨੀਲਕਾਂਤ ਦੀ ਕਾਰ ਆ ਗਈ ਸੀ। ਉਹ ਕਾਰ ਵਿੱਚ ਬੈਠਾ ਅਤੇ ਚੱਲ ਪਿਆ। ਜਾਂਦੇ-ਜਾਂਦੇ ਚਾਰੇ ਪਾਸੇ ਨਜ਼ਰਾਂ ਦੌੜਾਈਆਂ, ਪਰ ਅੰਜਲੀ ਕਿਤੇ ਨਹੀਂ ਦਿਸੀ। ਯਾਦਾਂ ਦੇ ਪੱਤੇ ਹਵਾ ਵਿੱਚ ਪਿੱਛੇ ਉੱਡਦੇ ਨਜ਼ਰ ਆਏ। ਉਹ ਅੱਗੇ ਵਧ ਗਿਆ।
ਅਚਾਨਕ ਉਹਨੂੰ ਖ਼ਿਆਲ ਆਇਆ ਕਿ ਉਹ ਘਰ ਮੁੜ ਰਿਹਾ ਹੈ, ਪਰ ਉਹਦਾ ਘਰੇ ਇੰਤਜ਼ਾਰ ਕਰਨ ਵਾਲਾ ਕੋਈ ਨਹੀਂ ਹੈ।
* * *
ਨੀਲਕੰਠ ਘਰ ਪਹੁੰਚਿਆ ਹੀ ਸੀ ਕਿ ਉਸ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਆਵਾਜ਼ ਆਈ- ‘‘ਮੈਂ ਅਭਿਨੈ ਬੈਨਰਜੀ ਬੋਲ ਰਿਹਾ ਹਾਂ, ਅਸਿਸਟੈਂਟ ਮੈਨੇਜਰ, ਇੰਡੀਅਨ ਬੈਂਕ।’’
‘‘ਜੀ!’’
‘‘ਸਰ, ਤੁਹਾਡਾ ਲੌਕਰ ਕੱਲ੍ਹ ਤੋੜਿਆ ਜਾਵੇਗਾ। ਕੱਲ੍ਹ ਸਵੇਰੇ ਗਿਆਰਾਂ ਵਜੇ ਤੁਸੀਂ ਬੈਂਕ ਆ ਜਾਓ।’’
‘‘ਠੀਕ ਹੈ, ਆ ਜਾਵਾਂਗਾ।’’ ਅਤੇ ਨੀਲਕਾਂਤ ਨੇ ਫੋਨ ਕੱਟ ਦਿੱਤਾ।
ਹੁਣ ਇੰਨੇ ਸਾਲਾਂ ਪਿੱਛੋਂ ਇਹ ਲਾਕਰ ਖੁੱਲ੍ਹਣ ਵਾਲਾ ਸੀ। ਨੀਲਕਾਂਤ ਬੈਂਕ ਪਹੁੰਚਿਆ ਤਾਂ ਲੌਕਰ ਤੋੜਨ ਵਾਲਾ ਮਕੈਨਿਕ ਆ ਚੁੱਕਿਆ ਸੀ।
ਮਕੈਨਿਕ ਨੇ ਆਪਣੇ ਬਰੀਫਕੇਸ ਵਿੱਚੋਂ ਔਜ਼ਾਰ ਕੱਢੇ ਅਤੇ ਆਪਣੇ ਕੰਮ ਵਿੱਚ ਜੁਟ ਗਿਆ।
ਨੀਲਕਾਂਤ ਨੇ ਖੁੱਲ੍ਹ ਚੁੱਕੇ ਲੌਕਰ ਦੇ ਅੰਦਰ ਹੱਥ ਮਾਰਿਆ। ਸਭ ਤੋਂ ਪਹਿਲਾਂ ਹੱਥ ਵਿੱਚ ਜੋ ਆਇਆ, ਉਹ ਸੁੱਕੇ ਹੋਏ ਗੁਲਾਬ ਦੇ ਫੁੱਲ ਸਨ ਜੋ ਝੜ ਕੇ ਡੰਡੀ ਤੋਂ ਵੱਖ ਹੋ ਚੁੱਕੇ ਸਨ। ਫਿਰ ਗੁਲਾਬ ਦੀ ਡੰਡੀ ਬਾਹਰ ਕੱਢੀ। ਇਸ ਤੋਂ ਬਾਅਦ ਫਿਰ ਅੰਦਰ ਹੱਥ ਪਾਇਆ ਤਾਂ ਇਕ ਬੰਦ ਲਿਫ਼ਾਫ਼ਾ ਹੱਥ ਵਿੱਚ ਆਇਆ। ਬੈਂਕ ਤੋਂ ਬਾਹਰ ਆ ਕੇ ਉਹਨੇ ਲਿਫ਼ਾਫ਼ਾ ਖੋਲ੍ਹਿਆ। ਉਸ ’ਚੋਂ ਕਾਗਜ਼ ਕੱਢਿਆ। ਨੀਲਕਾਂਤ ਦੀਆਂ ਅੱਖਾਂ ਵਿੱਚੋਂ ਹੰਝੂ ਕਾਗਜ਼ ’ਤੇ ਡਿੱਗੇ। ਇਹ ‘ਅੰਜਲੀ-ਨੀਲਕਾਂਤ’ ਦੇ ਵਿਆਹ ਦੇ ਸੱਦੇ ਦਾ ਕੱਚਾ ਡ੍ਰਾਫਟ ਸੀ।
ਨੀਲਕਾਂਤ ਨੇ ਆਪਣੇ ਹੱਥ ਵਿੱਚ ਰੱਖੇ ਗੁਲਾਬ ਦੇ ਸੁੱਕੇ ਪੱਤਿਆਂ ਨੂੰ ਚੁੰਮਿਆ। ਉਸ ਨੇ ਆਪਣੇ ਹੱਥਾਂ ਦੀਆਂ ਦੋਵਾਂ ਹਥੇਲੀਆਂ ਨੂੰ ਖੋਲ੍ਹਿਆ ਅਤੇ ਹੰਝੂਆਂ ਦੇ ਪਰਦੇ ਰਾਹੀਂ ਸੁੱਕੇ ਫੁੱਲਾਂ ਨੂੰ ਧਿਆਨ ਨਾਲ ਵੇਖਿਆ। ਉਦੋਂ ਹੀ ਅਚਾਨਕ ਤੇਜ਼ ਹਵਾ ਆਈ ਅਤੇ ਹਥੇਲੀਆਂ ਦੇ ਪੱਤੇ ਉੱਡ ਕੇ ਇੱਧਰ-ਉੱਧਰ ਖਿੱਲਰ ਗਏ। ਧਰਤੀ ’ਤੇ ਪੱਤਿਆਂ ਦੇ ਖੜਖੜਾਉਣ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ। ਉਸ ਦੇ ਦਿਲ ਵਿੱਚ ਵੀ ਯਾਦਾਂ ਦੇ ਪੱਤੇ ਤੇਜ਼ੀ ਨਾਲ ਖੜਖੜਾ ਰਹੇ ਸਨ।
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015