ਰਾਮਚੰਦਰ ਗੁਹਾ
ਮੇਰੀ ਆਪਣੀ ਬਹੁਤੀ ਜ਼ਿੰਦਗੀ ਨਿੱਜੀ ਸਫ਼ਲਤਾਵਾਂ ਦਾ ਪੈਰਵੀ ਕਰਦਿਆਂ ਹੀ ਗੁਜ਼ਰੀ ਹੈ, ਸ਼ਾਇਦ ਇਸ ਕਰ ਕੇ ਦੂਜਿਆਂ ਲਈ ਜਿਊਣ ਵਾਲਿਆਂ ਦੀ ਸਿਫ਼ਤ ਕਰਨ ਵੇਲੇ ਮੈਂ ਅਕਸਰ ਅਪਰਾਧ ਬੋਧ ਨਾਲ ਭਰ ਜਾਂਦਾ ਹਾਂ। ਜਿਸ ਸਰਕਾਰੀ ਅਫਸਰ ਦਾ ਮੈਂ ਸਭ ਤੋਂ ਜ਼ਿਆਦਾ ਕਾਇਲ ਰਿਹਾ ਹਾਂ, ਉਹ ਲੰਘੇ ਐਤਵਾਰ 5 ਸਤੰਬਰ ਨੂੰ 66 ਸਾਲ ਦੀ ਉਮਰ ਵਿਚ ਫ਼ੌਤ ਹੋ ਗਿਆ। ਅਜੋਕੇ ਸਮਿਆਂ ਵਿਚ ਰੁਖ਼ਸਤ ਹੋਣ ਦੀ ਇਹ ਕੋਈ ਵੱਡੀ ਉਮਰ ਨਹੀਂ ਗਿਣੀ ਜਾਂਦੀ (ਉਂਝ ਵੀ ਉਹ ਕੋਵਿਡ-19 ਦੀ ਲਪੇਟ ਵਿਚ ਆਉਣ ਤੋਂ ਬਚੇ ਰਹੇ ਸਨ) ਅਤੇ ਉਨ੍ਹਾਂ ਅਜੇ ਸਮਾਜ ਅਤੇ ਗਿਆਨ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦੇਣਾ ਸੀ। ਬਹਰਹਾਲ, ਹੁਣ ਤੱਕ ਉਨ੍ਹਾਂ ਜੋ ਕੁਝ ਵੀ ਕੀਤਾ ਹੈ ਅਤੇ ਜਿਸ ਤਰ੍ਹਾਂ ਕੀਤਾ ਹੈ, ਉਸ ਦੇ ਮੱਦੇਨਜ਼ਰ ਮੈਂ ਉਨ੍ਹਾਂ ਦੇ ਬੇਵਕਤ ਵਿਛੋੜੇ ਤੇ ਵੀ ਸੋਗ ਨਹੀਂ ਮਨਾਉਣਾ ਚਾਹੁੰਦਾ ਸਗੋਂ ਅਜਿਹੀ ਜ਼ਿੰਦਗੀ ਦਾ ਜਸ਼ਨ ਮਨਾਉਣਾ ਚਾਹੁੰਦਾ ਹਾਂ ਜਿਸ ਨੇ ਸਾਰੇ ਪੱਖਾਂ ਤੋਂ ਕਮਾਲ ਕਰ ਕੇ ਦਿਖਾਇਆ ਹੈ।
ਕੇਸ਼ਵ ਦੇਸੀਰਾਜੂ ਨੂੰ ਮੈਂ ਪਹਿਲੀ ਵਾਰ ਸਾਲ 1988 ਵਿਚ ਮਿਲਿਆ ਸਾਂ। ਉਤਰਾਖੰਡ ਤੋਂ ਮੈਂ ਸਾਡੇ ਕੁਝ ਸਾਂਝੇ ਦੋਸਤਾਂ ਤੋਂ ਉਨ੍ਹਾਂ ਬਾਰੇ ਖੁਸ਼ੀ ਖੁਸ਼ੀ ਸੁਣਨ ਨੂੰ ਮਿਲਿਆ ਸੀ ਕਿ ਕਿਵੇਂ ਤੈਲਗੂ ਭਾਸ਼ੀ ਅਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਗ੍ਰੈਜੂਏਟ ਨੇ ਪਹਾੜਾਂ ਤੇ ਵਸਦੇ ਲੋਕਾਂ ਦਾ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਉਸ ਵੇਲੇ ਉਹ ਅਲਮੋੜਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ ਅਤੇ ਅਜਿਹੇ ਇਲਾਕੇ ਵਿਚ ਸੇਵਾ ਨਿਭਾਅ ਰਹੇ ਸਨ ਜਿਸ ਦਾ ਜ਼ਿਕਰ ਮੈਂ ਆਪਣੇ ਖੋਜ ਕਾਰਜ ਵਿਚ ਕੀਤਾ ਹੋਇਆ ਸੀ। ਮੈਂ ਜਦੋਂ ਉਨ੍ਹਾਂ ਨੂੰ ਕੰਮ ਕਰਦਿਆਂ ਦੇਖਣ ਗਿਆ ਤਾਂ ਉਨ੍ਹਾਂ ਦੀ ਹਿੰਦੀ ਤੇ ਪਕੜ, ਦੂਰ ਦਰਾਜ਼ ਦੇ ਇਲਾਕਿਆਂ ਤੱਕ ਪੈਦਲ ਰਸਾਈ ਅਤੇ ਪਹਾੜੀ ਖੇਤਰਾਂ ਵਿਚ ਟਿਕਾਊ ਵਿਕਾਸ ਦੀਆਂ ਚੁਣੌਤੀਆਂ ਦੀ ਸੂਝ-ਬੂਝ ਦੇਖ ਕੇ ਦੰਗ ਰਹਿ ਗਿਆ ਸਾਂ।
ਜਦੋਂ ਉੱਤਰ ਪ੍ਰਦੇਸ਼ ਦੀ ਵੰਡ ਹੋਈ ਤਾਂ ਕੇਸ਼ਵ ਨੇ ਆਈਏਐੱਸ ਦੇ ਉਤਰਾਖੰਡ ਕੇਡਰ ਦੀ ਚੋਣ ਕੀਤੀ। ਮੇਰਾ ਜਨਮ ਤੇ ਪਾਲਣ ਪੋਸ਼ਣ ਦੇਹਰਾਦੂਨ ਦਾ ਹੋਣ ਕਰ ਕੇ ਮੈਨੂੰ ਉੱਥੇ ਜਾਣ ਅਤੇ ਉਨ੍ਹਾਂ ਨੂੰ ਮਿਲਣ ਦਾ ਬੜਾ ਚਾਅ ਰਹਿੰਦਾ ਸੀ। ਟੀਹਰੀ ਕਸਬੇ ਦਾ ਸਫ਼ਰ ਮੈਨੂੰ ਕਦੇ ਨਹੀਂ ਭੁੱਲਦਾ ਜਿੱਥੋਂ ਮੈਂ ਜਲਦੀ ਹੀ ਜੁਦਾ ਹੋਣ ਵਾਲਾ ਸੀ ਅਤੇ ਰਾਹ ਵਿਚ ਉਹ ਜਗ੍ਹਾ ਵੀ ਜਿੱਥੇ ਸੁੰਦਰਲਾਲ ਬਹੁਗੁਣਾ ਨੇ ਟੀਹਰੀ ਡੈਮ ਖਿਲਾਫ਼ ਮਰਨ ਵਰਤ ਰੱਖਿਆ ਸੀ ਅਤੇ ਇਸ ਦੇ ਨੇੜੇ ਗੜਵਾਲ ਖੇਤਰ ਵਿਚ ਬਚੇ ਖੁਚੇ ਨੀਲੇ ਚੀੜ੍ਹ ਦਾ ਜੰਗਲ ਦੀ ਪੱਟੀ ਵੀ ਪੈਂਦੀ ਹੈ। ਦੇਹਰਾਦੂਨ ਵਿਚ ਦੇਸੀਰਾਜੂ ਦਾ ਆਦਰ ਸਤਿਕਾਰ ਮੈਂ ਅੱਖੀਂ ਤੱਕਿਆ ਸੀ ਜਦੋਂ ਉਹ ਸਕੱਤਰੇਤ ਵਿਚ ਆਪਣੇ ਖੇਤਰ ਦੇ ਮਾਹਿਰ ਅਫਸਰ ਵਜੋਂ ਤਾਇਨਾਤ ਸਨ, ਤੇ ਉਨ੍ਹਾਂ ਦੀ ਨਿੱਜੀ ਸਾਫ਼ਗੋਈ ਅਤੇ ਦੂਜਿਆਂ ਨਾਲ ਮੇਲ-ਜੋਲ ਵਿਚ ਸਭ ਨਾਲ ਇਕੋ ਜਿਹਾ ਵਿਹਾਰ ਕਰਦੇ ਸਨ।
1998 ਵਿਚ ਕੇਸ਼ਵ ਤੇ ਮੈਂ ਮੱਧ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਦੀ ਯਾਤਰਾ ਕੀਤੀ ਸੀ ਅਤੇ ਉਹ ਪਿੰਡ ਵੀ ਦੇਖਣ ਗਏ ਸੀ ਜਿੱਥੇ ਵੇਰੀਅਰ ਐਲਵਿਨ ਨੇ ਕੰਮ ਕੀਤਾ ਸੀ। ਅਖੀਰਲੀ ਰਾਤ ਅਸੀਂ ਅਮਰਕੰਟਕ ਵਿਚ ਇਕ ਸੜਕ ਕਿਨਾਰੇ ਬਣੇ ‘ਭੋਜਨਾਲਯ’ ਵਿਚ ਖਾਣਾ ਖਾਣ ਲਈ ਰੁਕੇ ਸੀ ਜਿੱਥੇ ਸਾਥੋਂ ਪਹਿਲਾਂ ਕੋਈ ਖਾਣਾ ਖਾ ਕੇ ਹਿੰਦੀ ਦਾ ਕੋਈ ਅਖ਼ਬਾਰ ਛੱਡ ਗਿਆ ਸੀ। ਕੇਸ਼ਵ ਦੇ ਨਜ਼ਰੀਂ ਖ਼ਬਰ ਪੈ ਗਈ ਕਿ ਐੱਮਐੱਸ ਸੁੱਬੂਲਕਸ਼ਮੀ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾ ਰਿਹਾ ਹੈ। ਅੰਨੂਪੁਰ ਤੋਂ ਦਿੱਲੀ ਤੱਕ ਲੰਬੇ ਰੇਲ ਸਫ਼ਰ ਦੌਰਾਨ ਉਨ੍ਹਾਂ ਐੱਮਐੱਸ ਸੁੱਬੂਲਕਸ਼ਮੀ ਦੇ ਇਕੱਲੇ ਇਕੱਲੇ ਸੰਗੀਤ ਸੰਮੇਲਨ ਦੀਆਂ ਖੂਬੀਆਂ ਗਿਣਾ ਦਿੱਤੀਆਂ (ਜਿਨ੍ਹਾਂ ਵਿਚੋਂ ਪਹਿਲਾ ਸੰਗੀਤ ਸੰਮੇਲਨ ਮੁੰਬਈ ਦੇ ਸ਼ਾਨਮੁਖਨੰਦ ਹਾਲ ਵਿਚ ਹੋਇਆ ਸੀ ਜਦੋਂ ਉਹ ਸਿਰਫ਼ ਅੱਠ ਸਾਲ ਦੇ ਸਨ) ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੰਗੀਤ ਦੀ ਇਕ ਇਕ ਬੋਲ ਯਾਦ ਸਨ।
ਉਤਰਾਖੰਡ ਵਿਚ ਕਈ ਸਾਲ ਬਿਤਾਉਣ ਮਗਰੋਂ ਕੇਸ਼ਵ ਦੇਸੀਰਾਜੂ ਨੂੰ ਦਿੱਲੀ ਵਿਚ ਸਿਹਤ ਮੰਤਰਾਲੇ ਵਿਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇੱਥੇ ਉਨ੍ਹਾਂ ਪੋਲੀਓ ਰੋਧੀ ਮੁਹਿੰਮ ਅਤੇ ਵਿਕਲਾਂਗਾਂ ਦੇ ਹੱਕਾਂ ਲਈ ਸ਼ਾਨਦਾਰ ਕੰਮ ਅੰਜਾਮ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਸਕੱਤਰ ਬਣ ਕੇ ਦੇਸ਼ ਭਰ ਵਿਚ ਮਾਨਸਿਕ ਸਿਹਤ ਸੰਭਾਲ ਦੀ ਵਿਵਸਥਾ ਕਰਵਾਉਣ ਵਿਚ ਯੋਗਦਾਨ ਪਾਇਆ ਸੀ। ਉਨ੍ਹਾਂ ਭਾਰਤੀ ਮੈਡੀਕਲ ਕੌਂਸਲ ਵਿਚ ਭ੍ਰਿਸ਼ਟ ਜੁੰਡਲੀ ਨਾਲ ਵੀ ਆਢਾ ਲਿਆ ਸੀ ਜਿਸ ਨੇ ਕਈ ਸਿਆਸਤਦਾਨ ਆਪਣੇ ਮੁੱਠੀ ਵਿਚ ਕੀਤੇ ਹੋਏ ਸਨ। ਇਸ ਮੁਹਿੰਮ ਅਤੇ ਤੰਬਾਕੂ ਲੌਬੀ ਦੇ ਵਿਰੋਧ ਕਰ ਕੇ ਉਸ ਵੇਲੇ ਦੀ ਯੂਪੀਏ ਸਰਕਾਰ ਨੇ ਸਿਹਤ ਮੰਤਰਾਲੇ ਵਿਚੋਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਸੀ। ਲੋਕ ਸਭਾ ਦੀਆਂ ਚੋਣਾਂ ਨੇੜੇ ਸਨ ਤੇ ਅਜਿਹੇ ਮੌਕੇ ਇਕ ਇਮਾਨਦਾਰ ਸਕੱਤਰ ਨਾਜਾਇਜ਼ ਢੰਗ ਤਰੀਕਿਆਂ ਰਾਹੀਂ ਚੋਣ ਫੰਡ ਇਕੱਠਾ ਕਰਨ ਦੇ ਰਾਹ ਦਾ ਰੋੜਾ ਬਣ ਰਿਹਾ ਸੀ।
ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਅਫਸਰ ਆਪਣੀ ਫੂੰ ਫਾਂ, ਆਪਣੇ ਸਿਆਸੀ ਆਕਾਵਾਂ ਨਾਲ ਨੇੜਤਾ ਅਤੇ ਪੁੱਠੇ ਸਿੱਧੇ ਤੌਰ ਤਰੀਕੇ ਅਪਣਾਉਣ ਲਈ ਜਾਣੇ ਜਾਣ ਲੱਗ ਪਏ ਹਨ। ਕੇਸ਼ਵ ਦੇਸੀਰਾਜੂ ਇਹੋ ਜਿਹੇ ਔਗੁਣਾਂ ਤੋਂ ਕੋਹਾਂ ਦੂਰ ਸੀ ਜਿਸ ਕਰ ਕੇ ਉਹ ਆਪਣੇ ਸਾਥੀ ਅਫਸਰਾਂ ਦੇ ਮੁਕਾਬਲੇ ਉਨ੍ਹਾਂ ਲੋਕਾਂ ਦੇ ਸਤਿਕਾਰ ਦਾ ਪਾਤਰ ਬਣਿਆ ਰਿਹਾ ਹੈ ਜਿਨ੍ਹਾਂ ਦੀ ਸੇਵਾ ਦਾ ਜ਼ਿੰਮਾ ਉਸ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਵਾਂਗ ਹੀ ਉਨ੍ਹਾਂ ਦੇ ਪੂਰਬਵਰਤੀ ਸ੍ਰੀਮਤੀ ਕੇ ਸੁਜਾਤਾ ਰਾਓ ਵੀ ਅਜਿਹੇ ਦੁਰਲੱਭ ਸਿਹਤ ਸਕੱਤਰ ਸਨ ਜਿਨ੍ਹਾਂ ਨੂੰ ਡਾਕਟਰਾਂ, ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਅਤੇ ਕਮਿਊਨਿਟੀ ਸਿਹਤ ਕਰਮੀ ਸਭ ਆਦਰ ਦੀ ਨਜ਼ਰ ਨਾਲ ਤੱਕਦੇ ਸਨ। ਯੂਪੀਏ ਸਰਕਾਰ ਵੇਲੇ ਉਨ੍ਹਾਂ ਦੇ ਤਬਾਦਲੇ ਦੀ ਦੇਸ਼ ਭਰ ਵਿਚ ਜਨਤਕ ਤੌਰ ਤੇ ਬਹੁਤ ਆਲੋਚਨਾ ਹੋਈ ਸੀ।
ਕੇਸ਼ਵ ਤੇ ਮੇਰੀ ਸਾਂਝ ਡੂੰਘੀ ਹੁੰਦੀ ਚਲੀ ਗਈ ਤੇ ਜਿਵੇਂ ਉਹ ਰਿਸ਼ਤੇ ਨਿਭਾਉਂਦੇ ਸਨ ਤੇ ਸ਼ਾਸਤਰੀ ਸੰਗੀਤ ਨਾਲ ਜੋ ਗਹਿਰਾ ਲਗਾਓ ਦੇਖ ਕੇ ਮੇਰੇ ਮਨ ਵਿਚ ਉਨ੍ਹਾਂ ਦਾ ਸਤਿਕਾਰ ਬਹੁਤ ਵਧ ਗਿਆ। ਮੱਧ ਭਾਰਤ ਦੇ ਰੇਲ ਸਫ਼ਰ ਦੌਰਾਨ ਉਨ੍ਹਾਂ ਮੈਨੂੰ ਦੱਸਿਆ ਸੀ ਕਿ ਉਹ ਐੱਮਐੱਸ ਸੁੱਬੂਲਕਸ਼ਮੀ ਦੀ ਸੰਗੀਤਕ ਜੀਵਨੀ ਲਿਖਣਾ ਚਾਹੁੰਦੇ ਹਨ।
ਸਿਹਤ ਮੰਤਰਾਲੇ ਵਿਚ ਕਈ ਕਈ ਘੰਟੇ ਕੰਮ ਕਰਨ ਮਗਰੋਂ ਉਹ ਆਪਣੇ ਸ਼ਨਿੱਚਰਵਾਰ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬਰੇਰੀ ਵਿਚ ਐੱਮਐੱਸ ਸੁੱਬੂਲਕਸ਼ਮੀ ਦੇ ਵੱਖ ਵੱਖ ਸਮਿਆਂ ਤੇ ਸਥਾਨਾਂ ਤੇ ਕਰਵਾਏ ਸੰਗੀਤ ਸੰਮੇਲਨ ਦੀਆਂ ਪੁਰਾਣੀ ਮਾਈਕਰੋ ਫ਼ਿਲਮਾਂ ਦੇਖਦੇ ਹੋਏ ਤੇ ਦਸਤਾਵੇਜ਼ ਇਕੱਤਰ ਕਰਦੇ ਹੋਏ ਬਿਤਾਉਣ ਲੱਗ ਪਏ। ਸਾਲ ਵਿਚ ਜਦੋਂ ਕੁਝ ਦਿਨਾਂ ਦੀ ਛੁੱਟੀ ਮਿਲਦੀ ਤਾਂ ਉਹ ਆਪਣੇ ਖਰਚੇ ਤੇ ਲੰਡਨ ਜਾ ਕੇ ਖੋਜ ਕਰਦੇ ਅਤੇ ਬ੍ਰਿਟਿਸ਼ ਲਾਇਬਰੇਰੀ ਵਿਚੋਂ ਸਮੱਗਰੀ ਹਾਸਲ ਕਰ ਕੇ ਲਿਆਉਂਦੇ ਜੋ ਭਾਰਤ ਵਿਚ ਉਪਲਬਧ ਨਹੀਂ ਹੁੰਦੀ ਸੀ।
ਜਦੋਂ ਕੇਸ਼ਵ ਨੌਕਰੀ ਤੋਂ ਸੇਵਾਮੁਕਤ ਹੋਏ ਤਾਂ ਐੱਮਐੱਸ ਸੁੱਬੂਲਕਸ਼ਮੀ ਦਾ ਪ੍ਰਾਜੈਕਟ ਉਨ੍ਹਾਂ ਦੇ ਦਿਮਾਗ ਵਿਚ ਪਨਪ ਰਿਹਾ ਸੀ ਤੇ ਆਖ਼ਰਕਾਰ ਇਸ ਸਾਲ ਦੇ ਸ਼ੁਰੂ ਵਿਚ ਹਾਰਪਰ ਕੌਲਿਨਜ਼ ਨੇ ਉਨ੍ਹਾਂ ਦੀ ਕਿਤਾਬ ‘ਆਫ ਗਿਫ਼ਟਡ ਲਾਈਫ: ਦਿ ਲਾਈਫ ਐਂਡ ਆਰਟ ਆਫ ਐੱਮਐੱਸ ਸੁੱਬੂਲਕਸ਼ਮੀ’ ਪ੍ਰਕਾਸ਼ਤ ਕੀਤੀ। ਵਿਦਵਤਾ ਦੇ ਲਿਹਾਜ਼ ਤੋਂ ਇਹ ਕਿਤਾਬ ਓਲਿਵਰ ਕ੍ਰਾਸਕੇ ਦੀ ਕਿਤਾਬ ‘ਇੰਡੀਅਨ ਸੰਨ: ਦਿ ਲਾਈਫ ਐਂਡ ਮਿਊਜ਼ਿਕ ਆਫ ਰਵੀ ਸ਼ੰਕਰ’ ਦੀ ਸਾਨੀ ਅਖਵਾਉਂਦੀ ਹੈ ਤੇ ਇਹ ਦੋਵੇਂ ਕਿਰਤਾਂ ਭਾਰਤੀ ਸੰਗੀਤਕਾਰਾਂ ਬਾਰੇ ਬਿਹਤਰੀਨ ਕਿਤਾਬਾਂ ਵਿਚ ਸ਼ੁਮਾਰ ਹਨ। ਸੇਵਾਮੁਕਤੀ ਤੋਂ ਬਾਅਦ ਕੇਸ਼ਵ ਨੇ ਆਪਣੇ ਪ੍ਰੋਫੈਸ਼ਨਲ ਹਿੱਤਾਂ ਬਾਰੇ ਖੋਜ ਲੇਖਾਂ ਦਾ ਸਹਿ ਸੰਪਾਦਨ ਵੀ ਕੀਤਾ ਸੀ ਜਿਸ ਦਾ ਨਾਂ ਹੈ ‘ਹੀਲਰਜ਼ ਓਰ ਪ੍ਰਿਡੇਟਰਜ਼? ਹੈਲਥਕੇਅਰ ਕਰੱਪਸ਼ਨ ਇਨ ਇੰਡੀਆ’ ਜੋ ਔਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਪ੍ਰਕਾਸ਼ਤ ਕੀਤੀ ਹੈ।
ਕੇਸ਼ਵ ਨੇ ਬਹੁਤ ਹੀ ਮਾਣਮੱਤਾ ਕੰਮ ਕੀਤਾ ਹੈ ਅਤੇ ਕਈ ਵਾਰ ਉਸ ਦੇ ਗਿਆਨ ਦਾ ਭੰਡਾਰ ਦੇਖ ਕੇ ਮੈਨੂੰ ਰਸ਼ਕ ਹੁੰਦਾ ਸੀ। ਅਸੀਂ ਦੋਵੇਂ ਆਪਣੇ ਆਪ ਨੂੰ ਸਰਬ ਸਾਂਝੇ ਤੇ ਸਭਿਆਚਾਰਕ ਤੌਰ ਤੇ ਬਹੁਭਾਂਤੇ ਭਾਰਤ ਦੇ ਹਮਾਇਤੀਆਂ ਵਜੋਂ ‘ਨਹਿਰੂਵਾਦੀ ਭਾਰਤੀ’ ਅਖਵਾਉਂਦੇ ਸਾਂ ਜਿਨ੍ਹਾਂ ਆਦਰਸ਼ਾਂ ਲਈ ਸਾਡੇ ਪਹਿਲੇ ਪ੍ਰਧਾਨ ਮੰਤਰੀ ਨੇ ਲੜਾਈ ਲੜੀ ਸੀ। ਉਂਝ, ਕੇਸ਼ਵ ਅਜਿਹਾ ਨਹਿਰੂਵਾਦੀ ਭਾਰਤੀ ਸੀ ਜਿਸ ਦੀ ਗਹਿਰਾਈ ਮੇਰੇ ਨਾਲੋਂ ਕਿਤੇ ਜ਼ਿਆਦਾ ਸੀ ਤੇ ਭਾਰਤ ਦੀ ਸਭਿਆਚਾਰਕ ਤੇ ਭਾਸ਼ਾਈ ਅਮੀਰੀ ਨਾਲ ਕਿਤੇ ਜ਼ਿਆਦਾ ਗੜੁੱਚ ਸੀ। ਭਾਰਤੀ ਸੰਗੀਤ ਦਾ ਜ਼ਬਰਦਸਤ ਗਿਆਨ ਹੋਣ ਸਦਕਾ ਉਨ੍ਹਾਂ ਦੀ ਸਾਡੇ ਕਲਾਸੀਕਲ ਸਾਹਿਤ ਵਿਚ ਵੀ ਗਹਿਰੀ ਦਿਲਚਸਪੀ ਸੀ। ਉਹ ਤੈਲਗੂ, ਤਾਮਿਲ, ਹਿੰਦੀ ਤੇ ਅੰਗਰੇਜ਼ੀ ਬਾਖ਼ੂਬੀ ਬੋਲਦੇ ਸਨ ਤੇ ਥੋੜ੍ਹੀ ਬਹੁਤ ਸੰਸਕ੍ਰਿਤ ਵੀ ਜਾਣਦੇ ਸਨ। ਉਹ ਤੈਲਗੂ ਤੋਂ ਇਲਾਵਾ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿਚ ਆਸਾਨੀ ਨਾਲ ਪੜ੍ਹ ਲੈਂਦੇ ਸਨ। ਅੰਤਲੇ ਵੇਲੇ ਉਹ ਸੰਗੀਤਕਾਰ ਤਿਆਗਰਾਜ ਬਾਰੇ ਇਕ ਕਿਤਾਬ ਦੇ ਖੋਜ ਕਾਰਜ ਦੇ ਸਬੰਧ ਵਿਚ ਆਪਣੀ ਮਾਤ ਭਾਸ਼ਾ ਲਿਖਣੀ ਸਿੱਖ ਰਹੇ ਸਨ ਪਰ ਹੁਣ ਇਹ ਕਾਰਜ ਅਧੂਰਾ ਰਹਿ ਗਿਆ ਹੈ।
ਕੇਸ਼ਵ ਦੇਸੀਰਾਜੂ ‘ਹਿੰਦੂਤਵ’ ਨੂੰ ਪਸੰਦ ਨਹੀਂ ਕਰਦੇ ਸਨ। ਉਹ ਜਿਹੜੇ ਹਿੰਦੂਵਾਦ ਨੂੰ ਸਮਝਦੇ ਤੇ ਮੰਨਦੇ ਸਨ, ਉਹ ਇਨਸਾਨੀਅਤ ਤੇ ਕਰੁਣਾ ਅਤੇ ਦਾਰਸ਼ਨਿਕ ਗਹਿਰਾਈ ਨਾਲ ਜੁੜਿਆ ਹੋਇਆ ਹੈ ਜੋ ਧਰਮ ਦੇ ਆਪੂੰ ਬਣੇ ਅਜਿਹੇ ਠੇਕੇਦਾਰਾਂ ਦੇ ਸਮਝ ਨਹੀਂ ਪੈਂਦਾ ਜੋ ਅੱਜ ਕੱਲ੍ਹ ਦੇਸ਼ ਦੀਆਂ ਗਲੀਆਂ ਕੋਨਿਆਂ ਵਿਚ ਹਿੰਸਾ ਦੀ ਬੋਲੀ ਬੋਲ ਰਹੇ ਹਨ। ਕੇਸ਼ਵ ਨੂੰ ਭਾਰਤ ਦੀਆਂ ਤਹਿਜ਼ੀਬੀ ਕਦਰਾਂ ਕੀਮਤਾਂ ਦੀ ਡੂੰਘੀ ਸਮਝ ਹੀ ਨਹੀਂ ਸੀ ਸਗੋਂ ਇਸ ਦੀਆਂ ਰਵਾਇਤਾਂ ਨੂੰ ਤੋੜ ਮਰੋੜਨ ਵਾਲੇ ਅਨਸਰਾਂ ਤੋਂ ਵੀ ਬਾਖ਼ਬਰ ਸਨ। ਇਕ ਯੁਵਾ ਭਾਰਤੀ ਨੇ ਉਨ੍ਹਾਂ ਬਾਰੇ ਲਿਖਿਆ ਹੈ ‘ਕੇਸ਼ਵ ਦੇਸੀਰਾਜੂ ਸੱਚੇ ਦੇਸ਼ਭਗਤ, ਅਜਿਹੇ ਸ਼ਖਸ ਸਨ ਜਿਨ੍ਹਾਂ ਦੇ ਹੱਡ ਮਾਸ ਵਿਚ ਸਾਡੇ ਗਣਰਾਜ ਦੇ ਉਚ ਆਦਰਸ਼ ਰਚੇ ਮਿਚੇ ਹੋਏ ਸਨ।’
ਜੋ ਚੋਪੜਾ ਨੇ ‘ਇੰਡੀਅਨ ਐਕਸਪ੍ਰੈਸ’ ਵਿਚ ਉਨ੍ਹਾਂ ਨਮਿਤ ਸ਼ਾਨਦਾਰ ਸ਼ਰਧਾਂਜਲੀ ਵਿਚ ਲਿਖਿਆ ਹੈ ਕਿ ਵਿਦਵਾਨ ਗੰਭੀਰ ਅਤੇ ਨੀਰਸ ਹੋ ਸਕਦੇ ਹਨ ਅਤੇ ਨੌਕਰਸ਼ਾਹ ਭੜਕੀਲੇ ਤੇ ਖੁਦਗਰਜ਼ ਹੋ ਸਕਦੇ ਹਨ ਪਰ ਇਕ ਵਿਦਵਾਨ-ਨੌਕਰਸ਼ਾਹ ਅਜਿਹਾ ਵੀ ਸੀ ਜਿਸ ਕੋਲ ਸ਼ਰਾਰਤ ਤੇ ਮੌਜ-ਮਸਤੀ ਦੇ ਗੁਣ ਵੀ ਸਨ। ਉਨ੍ਹਾਂ ਨੂੰ ਗਿਆਂ ਅਜੇ ਹਫ਼ਤਾ ਹੀ ਹੋਇਆ ਹੈ ਤੇ ਇਸ ਦੌਰਾਨ ਕਈ ਵਾਰ ਕੋਈ ਮਜ਼ਾਹੀਆ ਤੇ ਵਿਅੰਗਮਈ ਰਚਨਾ ਪੜ੍ਹਦਿਆਂ ਮਨ ਵਿਚ ਖਿਆਲ ਆਇਆ ਕਿ ‘ਕੇਸ਼ਵ ਹੁੰਦੇ ਤਾਂ ਮੈਂ ਇਹ ਉਨ੍ਹਾਂ ਨਾਲ ਸਾਂਝੀ ਕਰਦਾ।’ ਸੰਗੀਤ, ਭਾਸ਼ਾ, ਸ਼ਾਸਨ ਤੇ ਜਨਤਕ ਨੀਤੀ ਬਾਰੇ ਕੋਈ ਸਲਾਹ ਲੈਣ ਦੀ ਲੋੜ ਪੈਂਦੀ ਤਾਂ ਸਭ ਤੋਂ ਪਹਿਲੀ ਚੋਣ ਕੇਸ਼ਵ ਦੇਸੀਰਾਜੂ ਹੀ ਹੁੰਦੇ ਸਨ ਤੇ ਉਦੋਂ ਵੀ ਜਦੋਂ ਕੋਈ ਚੁਟਕਲਾ ਤੇ ਗੱਪਸ਼ਪ ਦਾ ਪੀਸ ਨਜ਼ਰੀਂ ਪੈਂਦਾ ਸੀ।
ਆਪਣੇ ਇਸ ਹਮਵਤਨੀ ਦੀਆਂ ਮੇਰੇ ਕੋਲ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਪੁਰਾਣੀਆਂ ਸਭ ਤੋਂ ਵੱਧ ਦਿਲਚਸਪ ਹਨ। 1988 ਦੀ ਉਸ ਅਲਮੋੜਾ ਯਾਤਰਾ ਮੌਕੇ ਸਮਾਜਿਕ ਕਾਰਕੁਨ ਅਸਿਤ ਮਿਤਰਾ, ਲਲਿਤ ਪਾਂਡੇ, ਕੇਸ਼ਵ ਤੇ ਮੈਂ ਇਕ ਐਤਵਾਰ ਨੂੰ ਬਾਨਰੀ ਦੇਵੀ ਮੰਦਰ ਦੀ ਪਵਿੱਤਰ ਗੁਫ਼ਾ ਦੇਖਣ ਚਲੇ ਗਏ। ਕੇਸ਼ਵ ਦੀ ਸਲਾਹ ਤੇ ਅਸੀਂ ਡੀਸੀ ਦੀ ਲਾਲ ਬੱਤੀ ਵਾਲੀ ਗੱਡੀ ਦੀ ਬਜਾਇ ਅਸਿਤ ਦੀ ਖਟਾਰਾ ਜੀਪ ਵਿਚ ਸਵਾਰ ਹੋ ਗਏ। ਇਹ ਇਕ ਯਾਦਗਾਰ ਫੇਰੀ ਬਣ ਗਈ ਤੇ ਜਦੋਂ ਅਸੀਂ ਪਹਾੜੀ ਚੋਟੀ ਤੇ ਸਥਿਤ ਮੰਦਰ ਵੱਲ ਸੰਘਣੇ ਜੰਗਲ ਵਿਚੋਂ ਤੁਰੇ ਜਾ ਰਹੇ ਸਾਂ ਤਾਂ ਜ਼ਿਲ੍ਹੇ ਦਾ ਸਭ ਤੋਂ ਤਾਕਤਵਾਰ ਸ਼ਖਸ ਆਪਣੇ ਦੋਸਤਾਂ ਦੀ ਸੰਗਤ ਵਿਚ ਤਸੱਲੀ ਮਾਣ ਰਿਹਾ ਸੀ।
ਤੀਹ ਸਾਲਾਂ ਬਾਅਦ ਕੁਮਾਓਂ ਵਿਚ ਵੀ ਮੈਨੂੰ ਇਹ ਅਨੁਭਵ ਹੋਇਆ ਤੇ ਇਹ ਕਹਾਣੀ ਮੈਂ ਸਮਕਾਲੀ ਭਾਰਤ ਦੀ ਗਾਂਧੀਵਾਦੀ ਲਹਿਰ ਦੀ ਉੱਘੀ ਹਸਤੀ ਰਾਧਾ ਭੱਟ ਨਾਲ ਸਾਂਝੀ ਕੀਤੀ ਸੀ। ਰਾਧਾ ਭੈਣ ਨੇ ਵੀ ਆਪਣੀ ਇਕ ਯਾਦ ਸਾਂਝੀ ਕੀਤੀ ਸੀ। ਅਲਮੋੜਾ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਉਹ ਜਦੋਂ ਵੀ ਕਦੇ ਕੌਸਾਨੀ ਵਿਚ ਹੁੰਦੇ ਸਨ ਤਾਂ ਉਹ ਆਪਣੇ ਡਰਾਈਵਰ ਨੂੰ ਛੱਡ ਕੇ ਪੈਦਲ ਪਹਾੜੀ ਚੋਟੀ ਵੱਲ ਹੋ ਤੁਰਦੇ ਜਿੱਥੇ ਲਕਸ਼ਮੀ ਆਸ਼ਰਮ ਸਥਿਤ ਹੈ ਅਤੇ ਉੱਥੇ ਉਹ ਪਹਾੜਾਂ ਤੇ ਇਸ ਦੇ ਬਾਸ਼ਿੰਦਿਆਂ ਨੂੰ ਜਾਣਨ ਵਾਲੇ ਇਕ ਸ਼ਖਸ ਨਾਲ ਘੰਟਾ-ਦੋ ਘੰਟੇ ਬਿਤਾਉਂਦੇ ਸਨ। ਕੇਸ਼ਵ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਯਕੀਨਨ ਕਿਸੇ ਡੀਸੀ ਨੇ ਦੂਰ-ਦਰਾਜ਼ ਖੇਤਰਾਂ ਨਾਲ ਸਾਂਝ ਪੈਦਾ ਕਰਨ ਦੀ ਇਹੋ ਜਿਹੀ ਹਿੰਮਤ ਨਹੀਂ ਦਿਖਾਈ ਹੋਵੇਗੀ।
ਮੈਂ ਜਦੋਂ ਇਹ ਲੇਖ ਲਿਖ ਰਿਹਾ ਹਾਂ ਕੇਸ਼ਵ ਦੇਸੀਰਾਜੂ ਦੇ ਇਕ ਸ਼ਾਗਿਰਦ ਵਿਦਵਾਨ ਨੇ ਮੈਨੂੰ ਕੇਸ਼ਵ ਦੇਸੀਰਾਜੂ ਦੇ ਦੇਹਾਂਤ ਤੇ ਵਿਲਕਦੇ ਹੋਏ ਅਲਮੋੜਾ ਦੇ ਲੋਕਾਂ ਦੀ ਇਕ ਸਮਾਚਾਰ ਕਲਿਪ ਭਿਜਵਾਈ। ਕੇਸ਼ਵ ਤਿੰਨ ਦਹਾਕੇ ਪਹਿਲਾਂ ਉਸ ਜ਼ਿਲ੍ਹੇ ਵਿਚ ਤਾਇਨਾਤ ਰਹੇ ਸਨ ਪਰ ਅੱਜ ਤੱਕ ਉੱਥੋਂ ਦੇ ਲੋਕ ਉਨ੍ਹਾਂ ਨੂੰ ਆਦਰ ਤੇ ਮੋਹ ਨਾਲ ਯਾਦ ਕਰਦੇ ਹਨ। ਜ਼ਿਲ੍ਹਾ, ਸੂਬਾਈ ਸਕੱਤਰੇਤ ਅਤੇ ਫਿਰ ਕੇਂਦਰ ਸਰਕਾਰ ਦੇ ਪੱਧਰ ਤੇ ਕੀਤੇ ਆਪਣੇ ਵੱਖ ਵੱਖ ਕਾਰਜਾਂ ਜ਼ਰੀਏ ਕੇਸ਼ਵ ਨੇ ਸ਼ਾਇਦ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਨੇੜਿਓਂ ਛੂਹਿਆ ਸੀ ਤੇ ਇਸ ਮਾਮਲੇ ਵਿਚ ਉਹ ਆਪਣੀ ਪੀੜ੍ਹੀ ਦੇ ਅਫਸਰਾਂ ਲਈ ਮਿਸਾਲ ਸਨ।
ਕੇਸ਼ਵ ਦੇਸੀਰਾਜੂ ਦੇ ਨਾਨਾ ਸਰਵਪੱਲੀ ਰਾਧਾਕ੍ਰਿਸ਼ਨਨ ਦਾਰਸ਼ਨਿਕ ਸਨ ਤੇ ਭਾਰਤ ਗਣਰਾਜ ਦੇ ਦੂਜੇ ਰਾਸ਼ਟਰਪਤੀ ਸਨ। ਕੇਸ਼ਵ ਨੇ ਕਦੇ ਵੀ ਆਪਣੀ ਖ਼ਾਨਦਾਨੀ ਵਿਰਾਸਤ ਬਾਰੇ ਹੁੱਬ ਹੁੱਬ ਕੇ ਗੱਲਾਂ ਨਹੀਂ ਕੀਤੀਆਂ ਤੇ ਇਸ ਤੋਂ ਵੀ ਉਨ੍ਹਾਂ ਦੇ ਕਿਰਦਾਰ ਦੀ ਝਲਕ ਮਿਲਦੀ ਸੀ। ਉਨ੍ਹਾਂ ਨੂੰ ਜਾਣਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਕਿਸ ਦੇ ਦੋਹਤੇ ਸਨ। ਉਂਝ, ਇਹ ਵੀ ਇਕ ਸਬਬ ਹੀ ਸੀ ਕਿ ਉਹ 5 ਸਤੰਬਰ ਦੇ ਦਿਨ ਫ਼ੌਤ ਹੋਏ ਜਿਸ ਦਿਨ ਉਨ੍ਹਾਂ ਦੇ ਨਾਨੇ ਦੀ ਜਨਮ ਵਰ੍ਹੇਗੰਢ ਤੇ ਦੇਸ਼ ਵਿਚ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਆਪਣੇ ਸਮੁੱਚੇ ਕਾਰਜ ਅਤੇ ਆਚਾਰ ਵਿਹਾਰ ਜ਼ਰੀਏ ਕੇਸ਼ਵ ਹੁਰਾਂ ਨੇ ਆਪਣੇ ਜਾਣਨ ਵਾਲਿਆਂ ਨੂੰ ਮਾਣਮੱਤੇ ਢੰਗ ਨਾਲ ਜ਼ਿੰਦਗੀ ਜਿਊਣ ਦਾ ਵੱਲ ਸਿਖਾਇਆ ਹੈ। ਮੇਰੀ ਜਾਣ ਪਛਾਣ ਦੇ ਦਾਇਰੇ ਵਿਚੋਂ ਉਹ ਸਭ ਤੋਂ ਵੱਧ ਬੇਮਿਸਾਲ ਭਾਰਤੀ ਸਨ- ਬੇਮਿਸਾਲ ਸਰਕਾਰੀ ਅਫਸਰ, ਵਿਦਵਾਨ, ਅਧਿਆਪਕ, ਪਰਿਵਾਰ ਦੇ ਜੀਅ ਤੇ ਦੋਸਤ।