ਸੁਧੀਂਦਰ ਕੁਲਕਰਨੀ
ਇਸ ਵੇਲੇ ਮੁਸਲਿਮ ਵਿਰੋਧੀ ਨਫ਼ਰਤ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ ਤੇ ਇਹ ਲਹਿਰ ਮੋਦੀ ਸਰਕਾਰ ਦੀ ਹਮਾਇਤ ਕਰਨ ਵਾਲੇ ਸੰਘ ਪਰਿਵਾਰ ਦੇ ਲੁੰਗ ਲਾਣੇ ਵੱਲੋਂ ਗਿਣ ਮਿਥ ਕੇ ਪੈਦਾ ਕੀਤੀ ਗਈ ਹੈ। ਪਰੇਸ਼ਾਨੀ ਦਾ ਸਬੱਬ ਇਹ ਹੈ ਕਿ ਹਿੰਦੂਆਂ ਦਾ ਇੱਕ ਵੱਡਾ ਹਿੱਸਾ ਇਸ ਦੀ ਲਪੇਟ ਵਿੱਚ ਆ ਗਿਆ ਹੈ। ਇਸ ਲਹਿਰ ਨੂੰ ਡੱਕਣਾ ਤੇ ਪੁੱਠੇ ਪੈਰੀਂ ਮੋੜਨਾ ਜ਼ਰੂਰੀ ਹੈ। ਉਂਜ, ਇਹ ਕੰਮ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਧਰਮ ਨਿਰਪੱਖ ਤਾਕਤਾਂ ਅਤੇ ਮੁਸਲਿਮ ਆਗੂਆਂ ਵੱਲੋਂ ਇਸਲਾਮੀ ਧਿਰ ਵੱਲੋਂ ਅਤੀਤ ਤੇ ਸਮਕਾਲੀ ਸਮਿਆਂ ਵਿੱਚ ਕੀਤੇ ਗ਼ਲਤ ਕੰਮਾਂ ਬਾਰੇ ਆਪਣੀ ਖ਼ਾਮੋਸ਼ੀ ਨਹੀਂ ਤੋੜੀ ਜਾਂਦੀ। ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਤੋਂ ਮੈਨੂੰ ਇਸ ਦਾ ਖਿਆਲ ਆਇਆ।
ਇੱਕੀ ਅਪਰੈਲ ਨੂੰ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਲਾਲ ਕਿਲ੍ਹੇ ਤੋਂ ਰਾਸ਼ਟਰ ਦੇ ਨਾਂ ਇੱਕ ਤਕਰੀਰ ਕੀਤੀ। ਕੁਝ ਮੁਸਲਿਮ ਹਾਕਮਾਂ ਵੱਲੋਂ ਕੀਤੀਆਂ ਗਈਆਂ ਫਿਰਕੂ ਵਧੀਕੀਆਂ ਦਾ ਚੇਤਾ ਕਰਨ ਦਾ ਇਹ ਇੱਕ ਮੌਕਾ ਸੀ। ਸਭ ਜਾਣਦੇ ਹਨ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ’ਤੇ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਗੁਰੂ ਸਾਹਿਬ ਦੇ ਕਈ ਹੋਰ ਸਾਥੀਆਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਸਾਹਮਣੇ ਦੋ ਰਾਹ ਪੇਸ਼ ਕੀਤੇ ਸਨ -ਇਸਲਾਮ ਧਾਰਨ ਕਰ ਲਓ ਜਾਂ ਫਿਰ ਮੌਤ ਦਾ ਸਾਹਮਣਾ ਕਰੋ। ਗੁਰੂ ਸਾਹਿਬ ਨੇ ਸ਼ਹਾਦਤ ਦਾ ਰਾਹ ਚੁਣਿਆ।
ਮੁਗ਼ਲ ਸ਼ਾਸਨ ਕਾਲ ਦੌਰਾਨ ਅੰਤਾਂ ਦੀ ਅਸਹਿਣਸ਼ੀਲਤਾ ਅਤੇ ਹਿੰਸਾ ਦੀ ਇਹ ਕੋਈ ਇਕੱਲੀ ਇਕਹਿਰੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ 1606 ਵਿੱਚ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ’ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਧਾਰਮਿਕ ਸਹਿਣਸ਼ੀਲਤਾ ਤੇ ਬਹੁਵਾਦ ਦੀ ਡਟ ਕੇ ਪੈਰਵੀ ਕਰਦੇ ਸਨ। ਔਰੰਗਜ਼ੇਬ ਨੇ ਤਾਂ ਆਪਣੇ ਛੋਟੇ ਭਰਾ ਦਾਰਾ ਸ਼ਿਕੋਹ ਦਾ ਉਸ ਦੇ ਪੁੱਤਰ ਸਾਹਮਣੇ ਸਿਰ ਕਲਮ ਕਰਵਾ ਦਿੱਤਾ ਸੀ ਕਿਉਂਕਿ ਔਰੰਗਜ਼ੇਬ ਇਸ ਗੱਲੋਂ ਖਫ਼ਾ ਸੀ ਕਿ ਦਾਰਾ ਸ਼ਿਕੋਹ ਨੇ ਇਸਲਾਮ ਤੇ ਹਿੰਦੂਮਤ ਵਿਚਕਾਰ ਯਕਯਹਿਤੀ ਦੀ ਪੈਰਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦਾਰਚਿੱਤ ਦਾਰਾ ਸ਼ਿਕੋਹ ਨੇ ‘ਮਜਮਾ-ਏ-ਬਹਿਰਾਇਨ’ ਦੀ ਰਚਨਾ ਕੀਤੀ ਸੀ ਜਿਸ ਵਿੱਚ ਸੂਫੀਵਾਦ ਅਤੇ ਵੇਦਾਂਤ ਵਿਚਕਾਰ ਰੂਹਾਨੀ ਸਾਂਝ ਦੀ ਪੜਚੋਲ ਕੀਤੀ ਗਈ ਹੈ। ਔਰੰਗਜ਼ੇਬ ਕੱਟੜ ਇਸਲਾਮੀ ਸ਼ਰ੍ਹਾ-ਪਸੰਦ ਹੋਣ ਕਰ ਕੇ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ। ਹਿੰਦੋਸਤਾਨ ਦੇ ਇਤਿਹਾਸ ਵਿੱਚ ਮਜ਼ਹਬੀ ਕੱਟੜਪੁਣੇ ਦੇ ਇਨ੍ਹਾਂ ਕਾਰਿਆਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ ਸਗੋਂ ਇਨ੍ਹਾਂ ਤੋਂ ਸਬਕ ਸਿੱਖਣ ਦੀ ਲੋੜ ਹੈ।
ਬਹਰਹਾਲ, ਪ੍ਰਕਾਸ਼ ਪੁਰਬ ਤੋਂ ਅਗਲੇ ਦਿਨ ਟਵਿੱਟਰ ’ਤੇ ਕੁਝ ਧਰਮ ਨਿਰਪੱਖ ਵਿਅਕਤੀਆਂ ਦੀਆਂ ਟਿੱਪਣੀਆਂ ਪੜ੍ਹ ਕੇ ਮੈਨੂੰ ਕਾਫ਼ੀ ਹੈਰਾਨੀ ਤੇ ਪਰੇਸ਼ਾਨੀ ਹੋਈ। ਉਨ੍ਹਾਂ ਸਵਾਲ ਕੀਤਾ ਸੀ, ‘‘ਚਾਰ ਸੌ ਸਾਲ ਪਹਿਲਾਂ ਹੋਈ ਕਿਸੇ ਘਟਨਾ ’ਤੇ ਮੋਦੀ ਕਿਉਂ ਚੀਕ ਚਿਹਾੜਾ ਪਾ ਰਹੇ ਹਨ?’’ ਜਦੋਂ ਵੀ ਕਦੇ ਕੱਟੜਪੰਥੀ ਮੁਸਲਮਾਨਾਂ ਵੱਲੋਂ ਭਾਰਤ ਜਾਂ ਦੁਨੀਆ ਦੇ ਹੋਰਨਾਂ ਹਿੱਸਿਆਂ ਅੰਦਰ ਮੱਧਕਾਲ ਜਾਂ ਸਮਕਾਲ ਵਿੱਚ ਕੀਤੀਆਂ ਗਈਆਂ ਬੇਇਨਸਾਫ਼ੀਆਂ ਤੇ ਵਹਿਸ਼ੀਆਨਾ ਕਾਰਵਾਈਆਂ ’ਤੇ ਬਹਿਸ ਹੁੰਦੀ ਹੈ ਤਾਂ ਜ਼ਿਆਦਾਤਰ ਧਰਮ ਨਿਰਪੱਖਵਾਦੀਆਂ ਵੱਲੋਂ ਅਕਸਰ ਇਸੇ ਕਿਸਮ ਦੀ ਪ੍ਰਤੀਕਿਰਿਆ ਜ਼ਾਹਰ ਕੀਤੀ ਜਾਂਦੀ ਹੈ। ਸੰਭਵ ਹੈ ਕਿ 21 ਅਪਰੈਲ ਦੇ ਸਮਾਗਮ ਦੀ ਵਰਤੋਂ ਸਿਆਸੀ ਮਕਸਦ ਲਈ ਕੀਤੀ ਗਈ ਹੋਵੇ, ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਨ੍ਹਾਂ ਜ਼ਾਲਿਮਾਨਾ ਕਾਰਵਾਈਆਂ ਦੀ ਇਬਾਰਤ ਸਿੱਖਾਂ ਤੇ ਹਿੰਦੂਆਂ ਦੇ ਮਨਾਂ ਅੰਦਰ ਗਹਿਰੀ ਉੱਕਰੀ ਹੋਈ ਹੈ। ਬਿਨਾਂ ਸ਼ੱਕ ਅਤੀਤ ਵਿੱਚ ਕੁਝ ਕੱਟੜਪੰਥੀਆਂ ਵੱਲੋਂ ਕੀਤੇ ਗਏ ਕਾਰਿਆਂ ਲਈ ਅੱਜ ਦੇ ਮੁਸਲਮਾਨਾਂ ਨੂੰ ਦੋਸ਼ ਦੇਣਾ ਗ਼ਲਤ ਹੈ, ਪਰ ਇਸ ਤਰ੍ਹਾਂ ਦੇ ਇਤਿਹਾਸ ਨੂੰ ਭੁਲਾ ਦੇਣਾ ਚਾਹੀਦਾ ਹੈ, ਇਹ ਕਹਿਣਾ ਵੀ ਸਹੀ ਨਹੀਂ ਹੈ। ਬੀਤੇ ਸਮਿਆਂ ਦੌਰਾਨ ਕੀਤੇ ਗਏ ਘਿਨਾਉਣੇ ਅਪਰਾਧ ਫਿਰਕਿਆਂ ਦੀ ਸਮੂਹਿਕ ਯਾਦਾਸ਼ਤ ਦਾ ਹਿੱਸਾ ਬਣ ਜਾਂਦੇ ਹਨ। ਜੇ ਇਸ ਯਾਦਾਸ਼ਤ ਨੂੰ ਦਬਾ ਦਿੱਤਾ ਜਾਵੇ ਤਾਂ ਇਸ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸ ਨੂੰ ਇਮਾਨਦਾਰਾਨਾ ਆਤਮਝਾਤ, ਸੱਚੇ ਸੁੱਚੇ ਸੰਵਾਦ ਅਤੇ ਆਪਸੀ ਸੁਲ੍ਹਾ ਦੇ ਭਾਵ ਨਾਲ ਸਾਫ਼ ਕਰਨ ਦੀ ਲੋੜ ਹੈ।
ਧਰਮਨਿਰਪੱਖਵਾਦੀ ਅਕਸਰ ਹਿੰਦੂ ਫਿਰਕਾਪ੍ਰਸਤੀ ਖਿਲਾਫ਼ ਆਵਾਜ਼ ਉਠਾਉਂਦੇ ਹਨ ਜੋ ਜ਼ਰੂਰੀ ਵੀ ਹੈ, ਪਰ ਉਹ ਕੱਟੜਪੰਥੀ ਮੁਸਲਿਮ ਹਾਕਮਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਤੋਂ ਮੁਨਕਰ ਹੋਣ ਦਾ ਯਤਨ ਕਰਦੇ ਹਨ ਜਾਂ ਫਿਰ ਉਨ੍ਹਾਂ ਨੂੰ ਘਟਾ ਕੇ ਵੇਖਦੇ ਹਨ। ਸਿਆਸੀ ਰੂਪ ਵਿੱਚ ਸਹੀ ਦਿਸਣ ਦੇ ਚੱਕਰ ਵਿੱਚ ਉਹ ਇਸਲਾਮਿਕ ਕੱਟੜਪੁਣੇ ’ਤੇ ਉਂਗਲ ਰੱਖਣ ਦਾ ਹੀਆ ਨਹੀਂ ਕਰਦੇ। ਇਸੇ ਤਰ੍ਹਾਂ ਅਤੀਤ ਵਿੱਚ ਹਿੰਦੂ ਮੰਦਰ ਤੇ ਬੁੱਤ ਤੋੜੇ ਜਾਣ ਤੋਂ ਸਭ ਜਾਤੀਆਂ ਦੇ ਹਿੰਦੂਆਂ ਦੇ ਮਨਾਂ ਅੰਦਰ ਨਿਰੰਤਰ ਰੋਸ ਪੈਦਾ ਹੁੰਦਾ ਰਿਹਾ ਹੈ ਤੇ ਇਸ ’ਤੇ ਵੀ ਅਕਸਰ ਲੀਪਾ ਪੋਤੀ ਕੀਤੀ ਜਾਂਦੀ ਹੈ ਜਾਂ ਫਿਰ ਧਾਰਮਿਕ ਅਸਹਿਣਸ਼ੀਲਤਾ ਦੀ ਬਜਾਇ ਹੋਰਨਾਂ ਕਾਰਨਾਂ ਦਾ ਵਰਣਨ ਕੀਤਾ ਜਾਂਦਾ ਹੈ। ਜੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੂੰ ਅੱਜ ਦੇ ਆਲਮੀ ਟੈਲੀਵਿਜ਼ਨ ਦੇ ਯੁੱਗ ਅੰਦਰ ਵੀ ਬਾਮਿਆਨ ਵਿੱਚ ਮਹਾਤਮਾ ਬੁੱਧ ਦੇ ਬੁੱਤਾਂ ਨੂੰ ਮਲੀਆਮੇਟ ਕਰਨ ਵਿੱਚ ਕੋਈ ਝਿਜਕ ਨਹੀਂ ਹੁੰਦੀ ਕਿਉਂਕਿ ਉਹ ਇਸ ਨੂੰ ਕਾਫ਼ਰਾਂ ਦੇ ਬੁੱਤਾਂ ਦੀ ਨਜ਼ਰ ਨਾਲ ਦੇਖਦੇ ਹਨ, ਤਾਂ ਫਿਰ ਕੋਈ ਇਸ ਗੱਲ ਤੋਂ ਕਿਵੇਂ ਮੁਨਕਰ ਹੋ ਸਕਦਾ ਹੈ ਕਿ ਮੱਧਕਾਲ ਦੌਰਾਨ ਧਰਮ ਤੋਂ ਪ੍ਰੇਰਿਤ ਹੋ ਕੇ ਬੁੱਤ ਤੋੜਨ ਦੀਆਂ ਕਾਰਵਾਈਆਂ ਨਹੀਂ ਵਾਪਰੀਆਂ ਹੋਣਗੀਆਂ? ਹੁਣ ਵੀ ਪਾਕਿਸਤਾਨ ਅੰਦਰ ਘੱਟਗਿਣਤੀ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਤੇ ਹਿੰਦੂ ਲੜਕੀਆਂ ਦੀ ਜਬਰੀ ਸ਼ਾਦੀ ਕਰਵਾ ਦਿੱਤੀ ਜਾਂਦੀ ਹੈ ਤੇ ਬੰਗਲਾਦੇਸ਼ ਵਿੱਚ ਛੋਟੇ ਪੈਮਾਨੇ ’ਤੇ ਇਹ ਘਟਨਾਵਾਂ ਵਾਪਰਦੀਆਂ ਹਨ। ਤਾਂ ਫਿਰ ਕੋਈ ਇਹ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਮੱਧਕਾਲ ਦੌਰਾਨ ਰੂੜੀਵਾਦੀ ਮੁਸਲਿਮ ਹਾਕਮਾਂ ਦੇ ਸ਼ਾਸਨ ਅਧੀਨ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਹੋਣਗੀਆਂ?
ਭਾਰਤ ਦਾ ਧਰਮ ਨਿਰਪੱਖ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਧਾਰਮਿਕ ਵਿਤਕਰੇ ਤੋਂ ਕਾਨੂੰਨ ਸਾਹਮਣੇ ਸਮਾਨਤਾ ਦੀ ਗਾਰੰਟੀ ਦਿੰਦਾ ਹੈ। ਇਸ ਦੇ ਉਲਟ ਮੁਸਲਿਮ ਦੇਸ਼ਾਂ ਅੰਦਰ ਘੱਟਗਿਣਤੀਆਂ ਨੂੰ ਬਰਾਬਰ ਹੱਕਾਂ ਤੋਂ ਵਿਰਵੇ ਰੱਖਿਆ ਜਾਂਦਾ ਹੈ ਅਤੇ ਧਰਮ ਨਿਰਪੱਖ ਸ਼ਬਦ ਨੂੰ ਗ਼ੈਰ-ਇਸਲਾਮੀ ਸਮਝਿਆ ਜਾਂਦਾ ਹੈ। ਮੁਸਲਿਮ ਦਾਨਿਸ਼ਵਰਾਂ ਤੇ ਗ਼ੈਰ-ਮੁਸਲਿਮ ਧਰਮ ਨਿਰਪੱਖਵਾਦੀਆਂ ਵੱਲੋਂ ਇਸ ਕਿਸਮ ਦੇ ਵਿਤਕਰੇ ’ਤੇ ਕਿੰਤੂ ਨਹੀਂ ਕੀਤਾ ਜਾਂਦਾ।
ਧਰਮ ਨਿਰਪੱਖਵਾਦੀਆਂ ਵੱਲੋਂ ਹਿੰਦੂ ਸਮਾਜ ਅੰਦਰ ਪ੍ਰਚੱਲਤ ਛੂਤ-ਛਾਤ ਅਤੇ ਜਾਤੀ ਭੇਦਭਾਵ ਜਿਹੀਆਂ ਨਾਵਾਜਬ ਤੇ ਅਣਮਨੁੱਖੀ ਪਿਰਤਾਂ ਖਿਲਾਫ਼ ਆਵਾਜ਼ ਚੁੱਕੀ ਜਾਂਦੀ ਰਹੀ ਹੈ, ਪਰ ਜਦੋਂ ਮੁਸਲਿਮ ਸਮਾਜ ਅੰਦਰ ਲੋੜੀਂਦੇ ਸੁਧਾਰਾਂ ਦਾ ਸਵਾਲ ਆਉਂਦਾ ਹੈ ਤਾਂ ਉਹ ਅਕਸਰ ਖਾਮੋਸ਼ ਹੋ ਜਾਂਦੇ ਹਨ ਜਾਂ ਸੁਰ ਮੱਠਾ ਕਰ ਲੈਂਦੇ ਹਨ। ਮਿਸਾਲ ਦੇ ਤੌਰ ’ਤੇ ਧਰਮ ਨਿਰਪੱਖ ਪਾਰਟੀਆਂ ਨੇ ‘ਤਿੰਨ ਤਲਾਕ’ ਦੀ ਅਣਮਨੁੱਖੀ ਪਰੰਪਰਾ ’ਤੇ ਪਾਬੰਦੀ ਦੀ ਮੰਗ ਦੀ ਹਮਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੀਆਂ ਮੁਸਲਿਮ ਔਰਤਾਂ ਦੇ ਗਰੁੱਪਾਂ ਵੱਲੋਂ ਇਸ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਸੀ। ਜਦੋਂ ਮੋਦੀ ਸਰਕਾਰ ਨੇ 2019 ਵਿੱਚ ਇਸ ਪਰੰਪਰਾ ’ਤੇ ਪਾਬੰਦੀ ਲਈ ਕਾਨੂੰਨ ਲਿਆਂਦਾ ਸੀ ਤਾਂ ਇਸ ਦਾ ਹਿੰਦੂਆਂ ਵੱਲੋਂ ਹੀ ਨਹੀਂ ਸਗੋਂ ਮੁਸਲਿਮ ਔਰਤਾਂ ਦੇ ਇੱਕ ਹਿੱਸੇ ਵੱਲੋਂ ਵੀ ਸਵਾਗਤ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਵਿਚਲੇ ਆਪਣੇ ਦੋਸਤਾਂ ਤੋਂ ਮੈਨੂੰ ਪਤਾ ਚੱਲਿਆ ਕਿ ਤਿੰਨ ਤਲਾਕ ਵਿਰੋਧੀ ਕਾਨੂੰਨ ਕਰ ਕੇ ਹੀ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੁਸਲਿਮ ਔਰਤਾਂ ਦੇ ਇੱਕ ਹਿੱਸੇ ਵੱਲੋਂ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਈਆਂ ਗਈਆਂ ਸਨ। ਦੂਜੇ ਪਾਸੇ, ਲੋਕ ਸਭਾ ਦੀਆਂ 415 ਸੀਟਾਂ ਲੈ ਕੇ ਸੱਤਾ ਵਿੱਚ ਆਈ ਰਾਜੀਵ ਗਾਂਧੀ ਸਰਕਾਰ ਨੇ 1980ਵਿਆਂ ਵਿੱਚ ਸ਼ਾਹ ਬਾਨੋ ਕੇਸ ਵਿੱਚ ਮੁਸਲਿਮ ਕੱਟੜਪੰਥੀਆਂ ਅੱਗੇ ਝੁਕਦਿਆਂ ਵਿਧਵਾ ਮੁਸਲਿਮ ਔਰਤਾਂ ਨੂੰ ਗੁਜ਼ਾਰਾ ਭੱਤਾ ਦਿਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਰਾਜੀਵ ਗਾਂਧੀ ਦੀ ਇਹ ਗੋਡੇ ਟੇਕੂ ਕਾਰਵਾਈ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਇੱਕ ਵੱਡਾ ਮੋੜ ਸਾਬਤ ਹੋਈ ਜੋ ਭਾਜਪਾ ਦੀ ਚੜ੍ਹਤ ਦਾ ਇੱਕ ਅਹਿਮ ਕਾਰਨ ਬਣੀ ਸੀ। ਇਹ ਉਨ੍ਹਾਂ ਮੁੱਦਿਆਂ ਦੀ ਮਹਿਜ਼ ਛੋਟੀ ਜਿਹੀ ਸੂਚੀ ਹੈ ਜਿਨ੍ਹਾਂ ’ਤੇ ਧਰਮ ਨਿਰਪੱਖ ਤਾਕਤਾਂ ਦੀ ਪੱਖਪਾਤੀ ਪਹੁੰਚ ਕਰ ਕੇ ਧਰਮ ਨਿਰਪੱਖਤਾ ਵੀ ਬਦਨਾਮ ਹੋ ਗਈ। ਇਸ ਨਾਲ ਹਿੰਦੁਤਵ ਹਮਾਇਤੀਆਂ ਨੂੰ ਧਰਮ ਨਿਰਪੱਖਤਾ ਨੂੰ ਇੱਕ ਹਿੰਦੂ ਵਿਰੋਧੀ ਤੇ ਮੁਸਲਮਾਨਾਂ ਦੇ ਤੁਸ਼ਟੀਕਰਨ ਦੇ ਸੰਕਲਪ ਵਜੋਂ ਭੰਡਣ ਦਾ ਮੌਕਾ ਮਿਲ ਗਿਆ। ਹਾਲਾਂਕਿ ਭਾਜਪਾ ਹਿੰਦੂਆਂ ਦਾ ਰੱਜ ਕੇ ਤੁਸ਼ਟੀਕਰਨ ਕਰਦੀ ਹੈ, ਪਰ ਹਿੰਦੂਆਂ ਦੇ ਇੱਕ ਵੱਡੇ ਤਬਕੇ ਨੂੰ ਇਸ ’ਚ ਕੋਈ ਗ਼ਲਤ ਗੱਲ ਨਜ਼ਰ ਨਹੀਂ ਆਉਂਦੀ। ਧਰਮ ਨਿਰਪੱਖਤਾ ਭਾਰਤੀ ਸੰਵਿਧਾਨ ਦਾ ਮੂਲ ਸਿਧਾਂਤ ਹੈ ਜਿਸ ਕਰ ਕੇ ਇਸ ਦੀ ਰਾਖੀ ਕੀਤੀ ਜਾਣੀ ਜ਼ਰੂਰੀ ਹੈ। ਇਸ ਤੋਂ ਬਿਨਾਂ ਭਾਰਤ ਦੀ ਕੌਮੀ ਏਕਤਾ, ਅਖੰਡਤਾ ਤੇ ਸਮਾਜਿਕ ਇਕਸੁਰਤਾ ਖ਼ਤਰੇ ਵਿੱਚ ਪੈ ਜਾਵੇਗੀ। ਉਂਜ, ਜਦੋਂ ਕੋਈ ਪੱਖਪਾਤ ਜਾਂ ਮੁਤੱਸਬੀ ਬਣ ਜਾਂਦਾ ਹੈ ਤਾਂ ਧਰਮ ਨਿਰਪੱਖਤਾ ਦੀ ਰਾਖੀ ਦਾ ਸਭ ਤੋਂ ਮਾੜਾ ਰਾਹ ਇਹ ਹੁੰਦਾ ਹੈ, ਫਿਰ ਭਾਵੇਂ ਉਹ ਕੋਈ ਹਿੰਦੂ ਹੋਵੇ ਜਾਂ ਫਿਰ ਮੁਸਲਮਾਨ।