ਜਗਤਾਰ ਸਿੰਘ
ਪੁਸਤਕ ਪੜਚੋਲ
ਸਿੱਖਾਂ ਦੀ ਵੱਖਰੀ ਅਤੇ ਵਿਲੱਖਣ ਪਛਾਣ ਦਾ ਮੁੱਦਾ ਅੰਗਰੇਜ਼ਾਂ ਵੱਲੋਂ 1949 ਵਿਚ ਸਿੱਖ ਰਾਜ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾ ਲੈਣ ਤੋਂ ਬਾਅਦ ਉਭਰਿਆ ਸੀ, ਪਰ ਇਸ ਬਿਰਤਾਂਤ ਉੱਤੇ ਭਖਵੀਂ ਚਰਚਾ ਅਤੇ ਬਹਿਸ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਨਾਲ ਸ਼ੁਰੂ ਹੋਈ। ਇਸ ਬਿਰਤਾਂਤ ਵਿਚੋਂ ਹੀ ਇਕ ਸਮੇਂ ‘ਹਮ ਹਿੰਦੂ ਨਹੀਂ’ ਅਤੇ ‘ਹਮ ਹਿੰਦੂ ਹੈਂ’ ਦੇ ਪੈਂਤੜਿਆਂ ਨੇ ਜਨਮ ਲਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਅਤੇ ਮੁਸਲਿਮ ਧਰਮਾਂ ਤੋਂ ਬਿਲਕੁਲ ਹੀ ਵੱਖਰੀ ਜੀਵਨ ਜਾਚ ਵਾਲੇ ਧਰਮ ਦੀ ਸ਼ੁਰੂਆਤ ਕੀਤੀ ਜਿਸ ਦੀ ਨੀਂਹ ਉਨ੍ਹਾਂ ਨੇ ਜਾਤ-ਪਾਤ ਅਤੇ ਨਸਲੀ ਵਿਤਕਰੇ ਸਮੇਤ ਉਸ ਸਮੇਂ ਪ੍ਰਚੱਲਤ ਹਰ ਕਿਸਮ ਦੇ ਵਖਰੇਵਿਆਂ ਨੂੰ ਨਕਾਰ ਕੇ ਆਲਮੀ ਭਾਈਚਾਰੇ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤ ਉੱਤੇ ਰੱਖੀ। ਇਸ ਸਿੱਖੀ ਜੀਵਨ ਜਾਚ ਦੀ ਟਕਸਾਲ ਰਾਹੀਂ ਘੜੇ ਗਏ ਮਨੁੱਖ ਨੂੰ ਦਸਵੇਂ ਅਤੇ ਆਖ਼ਰੀ ਦੇਹਧਾਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੱਖਰੀ ਧਾਰਮਿਕ ਅਤੇ ਰਾਜਨੀਤਕ ਪਛਾਣ ਦਿੱਤੀ।
ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਹਿੰਦੋਸਤਾਨ ਦੀ ਵੰਡ ਤੋਂ ਬਾਅਦ ਇਕ ਵਾਰ ਫਿਰ ਉਭਰਿਆ ਤਾਂ ਸੀ, ਪਰ ਇਹ ਮਾਮਲਾ ਬਹੁਤੀ ਚਰਚਾ ਵਿਚ ਪੰਜਾਬ ਦੀ 1966 ਵਿਚ ਇਕ ਵਾਰੀ ਫਿਰ ਹੋਈ ਵੰਡ ਤੋਂ ਬਾਅਦ ਆਇਆ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੂਨ 1979 ਦੇ ਆਪਣੇ ਜਨਰਲ ਇਜਲਾਸ ਵਿਚ ਇਹ ਮਤਾ ਪਾਇਆ, ‘‘ਸਿੱਖ ਭਾਈਚਾਰੇ ਵੱਲੋਂ ਇਕ ਕੌਮ ਵਜੋਂ ਆਪਣੀ ਸਿਆਸੀ ਪਛਾਣ ਕਾਇਮ ਰੱਖਣ ਲਈ ਲੜੇ ਜਾ ਰਹੇ ਇਤਿਹਾਸਕ ਸੰਘਰਸ਼ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਕ ਅਗਵਾਈ ਮੁਹੱਈਆ ਕਰੇਗੀ। ਇਹ ਇਕ ਅਜਿਹੀ ਤਾਂਘ ਹੈ ਜਿਹੜੀ ਸਿੱਖ ਇਤਿਹਾਸ ਵਿਚ ਵੱਖ ਵੱਖ ਰੂਪਾਂ ਅਤੇ ਹਾਲਾਤ ਅਨੁਸਾਰ ਵੱਖ ਵੱਖ ਢੰਗ ਤਰੀਕਿਆਂ ਰਾਹੀਂ ਵਿਦਮਾਨ ਰਹੀ ਹੈ। ਅਜੋਕੇ ਹਾਲਾਤ ਦੇ ਪ੍ਰਸੰਗ ਵਿਚ ਇਸ ਤਾਂਘ ਨੇ ਸਾਡੀ ਇਸ ਮੰਗ ਦਾ ਰੂਪ ਧਾਰਨ ਕਰ ਲਿਆ ਹੈ ਕਿ ਫੈਡਰਲਿਜ਼ਮ ਦੇ ਰਾਜਸੀ ਢਾਂਚੇ ਵਿਚ ਸੂਬਿਆਂ ਨੂੰ ਖੁਦਮੁਖ਼ਤਿਆਰੀ ਦਿੱਤੀ ਜਾਵੇ ਜਿਹੜੀ ਬਹੁਕੌਮੀ ਹਿੰਦੋਸਤਾਨੀ ਸਮਾਜ ਦੇ ਤਾਣੇ ਬਾਣੇ ਭਾਵ ਇੱਥੇ ਵਸਦੀਆਂ ਕੌਮਾਂ, ਕੌਮੀਅਤਾਂ ਅਤੇ ਘੱਟ ਗਿਣਤੀਆਂ ਦੀ ਵੱਖਰੀ ਪਛਾਣ ਅਤੇ ਹੋਂਦ ਦੀ ਸਲਾਮਤੀ ਲਈ ਜ਼ਰੂਰੀ ਅਤੇ ਲਾਜ਼ਮੀ ਹੈ। ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਸਦਾ ਲਈ ਕਾਇਮ ਰੱਖਣ ਦਾ ਇਹ ਇੱਕੋ ਇੱਕ ਰਸਤਾ ਹੈ।’’ (ਗੁਰਦੁਆਰਾ ਗਜ਼ਟ ਜੁਲਾਈ 1979)
ਸਿੱਖ ਪਛਾਣ ਦੀਆਂ ਕਈ ਪਰਤਾਂ ਹਨ ਅਤੇ ਸਿੱਖ ਸਮਾਜ ਦੀ ਮੁੱਖ ਧਾਰਾ ਦੀ ਪਛਾਣ ਦੇ ਸਰੂਪ ਨੂੰ ਹੀ ਸਿੱਖ ਪਛਾਣ ਮੰਨਿਆ ਜਾਂਦਾ ਹੈ। ਇਸ ਵਰਤਾਰੇ ਵਿਚ ਮੁੱਖ ਧਾਰਾ ਤੋਂ ਬਾਹਰਲੇ ਸਿੱਖ ਨਜ਼ਰਅੰਦਾਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੱਖ ਵੱਖ ਸੂਬਿਆਂ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਪਰਦਾਵਾਂ ਵੱਲੋਂ ਅਪਣਾਈ ਜਾ ਰਹੀ ਸਿੱਖ ਰਹਿਤ ਮਰਿਯਾਦਾ ਦੇ ਵਖਰੇਵਿਆਂ ਨੂੰ ਵੀ ਇਹ ਪਰਤ ਸਪਸ਼ਟ ਕਰਦੀ ਹੈ। ਮਨਪ੍ਰੀਤ ਜੇ ਸਿੰਘ ਦੀ ਪੁਸਤਕ ‘ਦਿ ਸਿੱਖ ਨੈਕਸਟ ਡੋਰ- ਐਨ ਆਈਡੈਂਟੀ ਇਨ ਟਰਾਂਜੀਸ਼ਨ’ ਵਿਦਵਤਾ ਵਾਲਾ ਇਕ ਅਜਿਹਾ ਕਾਰਜ ਹੈ ਜਿਸ ਵਿਚ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਹੋਂਦ-ਹਸਤੀ ਦੀ ਸਲਾਮਤੀ ਵਰਗੇ ਗੰਭੀਰ ਮਾਮਲਿਆਂ ਬਾਰੇ ਬੜੀ ਸਾਰਥਿਕ ਚਰਚਾ ਕੀਤੀ ਗਈ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਤੇ ਰਾਜਨੀਤਕ ਇੱਛਾਵਾਂ ਨੂੰ ਅਮਲ ਵਿਚ ਲਿਆਉਣ ਲਈ ਸਿਰਜੀਆਂ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਵਿਦਵਾਨ ਲੇਖਕ ਦਾ ਇਹ ਸੋਚਣਾ ਬਿਲਕੁਲ ਠੀਕ ਹੈ ਕਿ ‘‘ਆਮ ਧਾਰਨਾ ਦੇ ਉਲਟ ਸਿੱਖ ਭਾਈਚਾਰਾ ਵੱਖੋ ਵੱਖਰੀਆਂ ਪਛਾਣਾਂ ਦਾ ਸਮੂਹ ਹੈ।’’ ਪਰ ਇਸ ਬਹੁਭਾਂਤੀ ਭਾਈਚਾਰੇ ਦਾ ਮੂਲ਼ ਆਧਾਰ ਮਾਨਵਵਾਦ ਅਤੇ ਬਰਾਬਰੀ ਦਾ ਸਿਧਾਂਤ ਹੈ। ਸਿੱਖ ਭਾਈਚਾਰੇ ਦੇ ਕਈ ਸਾਂਝੇ ਪਛਾਣ ਚਿੰਨ੍ਹਾਂ ਵਿਚੋਂ ਇਕ ਨਿਸ਼ਾਨ ਸਾਹਿਬ ਹੈ ਜਿਹੜਾ ਇਕ ਝੰਡੇ ਦੇ ਰੂਪ ਵਿਚ ਦੁਨੀਆਂ ਦੇ ਹਰ ਗੁਰਦੁਆਰੇ ਦੇ ਉਪਰ ਝੂਲਦਾ ਹੈ।
ਇਤਿਹਾਸਕਾਰਾਂ ਨੇ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਭੂਗੋਲਿਕ ਖਿੱਤੇ ਨੂੰ ਸਿੱਖਾਂ ਦੀ ਧਰਤੀ ਵਜੋਂ ਬਿਆਨਿਆ ਹੈ ਜਿੱਥੇ ਉਨ੍ਹਾਂ ਨੇ ਆਪਣੀ ਹੋਂਦ ਬਚਾਉਣ ਲਈ ਜੰਗਾਂ ਵੀ ਲੜੀਆਂ ਅਤੇ ਆਪਣੀ ਸਲਤਨਤ ਵੀ ਖੜ੍ਹੀ ਕੀਤੀ। ਇਹੀ ਕਾਰਨ ਹੈ ਕਿ ਮੁੱਖ ਸਿੱਖ ਬਿਰਤਾਂਤ ਇਸ ਖਿੱਤੇ ਨਾਲ ਜੁੜੀ ਹੋਈ ਸਿੱਖਾਂ ਦੀ ਮੁੱਖ ਧਾਰਾ ਦੇ ਆਲੇ-ਦੁਆਲੇ ਹੀ ਸਿਰਜਿਆ ਗਿਆ ਹੈ। ਲੇਖਕ ਕਹਿੰਦਾ ਹੈ, ‘‘ਸਿੱਖ ਭਾਈਚਾਰੇ ਦੁਆਲੇ ਸਿਰਜੇ ਗਏ ਬਿਰਤਾਂਤ ਨੂੰ ਮੁੜ ਲਿਖਣ ਦੀ ਇਸ ਲਈ ਲੋੜ ਹੈ ਤਾਂ ਕਿ ਇਸ ਦੇ ਵੱਖ ਵੱਖ ਅੰਗਾਂ ਨੂੰ ਢੁਕਵੀਂ ਥਾਂ ਦੇ ਕੇ ਭਾਈਚਾਰੇ ਦੀ ਅਜੋਕੀ ਪਛਾਣ ਦਾ ਪ੍ਰਮਾਣਿਕ ਰੂਪ ਘੜਿਆ ਜਾ ਸਕੇ।’’
ਸਿੱਖਾਂ ਦੀ ਮੁੱਖ ਧਾਰਾ ਨੇ ਸਿਕਲੀਗਰ ਅਤੇ ਅਜਿਹੇ ਕਈ ਸਿੱਖ ਸਮੂਹਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ ਅਤੇ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ ਵੱਖ ਪੱਧਰਾਂ ਉੱਤੇ ਕਈ ਵਾਰੀ ਉੱਠ ਚੁੱਕਿਆ ਹੈ। ਅਜਿਹੇ ਸਿੱਖ ਸਮੂਹਾਂ ਨੂੰ ਸਿੱਖ ਸਮਾਜ ਦੀ ਮੁੱਖ ਧਾਰਾ ਦਾ ਅੰਗ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਫੌਰੀ ਲੋੜ ਹੈ।
ਲੇਖਕ ਨੇ ਸਿੱਖ ਸਮਾਜ ਦੀ ਮੁੱਖ ਧਾਰਾ ਦੇ ਸਭਿਆਚਾਰ ਦੇ ਵੱਖ ਵੱਖ ਰੰਗਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਸਿੱਖ ਪਛਾਣ ਦੇ ਪ੍ਰਵਚਨ ਨੂੰ ਪ੍ਰਭਾਵਿਤ ਕਰਦੇ ਹਨ। ਇਹ ਰੰਗ ਸਿੱਖਾਂ ਦੇ ਵਪਾਰੀ ਅਤੇ ਕਿਸਾਨੀ ਜਾਂ ਸ਼ਹਿਰੀ ਅਤੇ ਪੇਂਡੂ ਵਰਗਾਂ ਦੇ ਰੂਪ ਵਿਚ ਵੇਖੇ ਜਾ ਸਕਦੇ ਹਨ। ਇਨ੍ਹਾਂ ਬਾਰੇ ਲੇਖਕ ਕਹਿੰਦਾ ਹੈ, ‘‘ਇਹ ਦੋਵੇਂ ਵਰਗਾਂ ਦੇ ਲੋਕ ਆਪਣੇ ਵਰਤ-ਵਰਤਾਉ, ਸੁਭਾਅ, ਰਵੱਈਏ, ਦਿੱਖ ਅਤੇ ਰਹਿਣ-ਸਹਿਣ ਪੱਖੋਂ ਅਕਸਰ ਹੀ ਵਿਰੋਧੀ ਅਤੇ ਭੰਬਲਭੂਸੇ ਵਾਲੀਆਂ ਸਥਿਤੀਆਂ ਵਿਚ ਵੇਖੇ ਜਾਂਦੇ ਹਨ।’’ ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰੂ ਸਾਹਿਬਾਨ ਵੀ ਸਿੱਖਾਂ ਦੇ ਵਪਾਰੀ ਵਰਗ ਵਿਚੋਂ ਹੀ ਸਨ। ਪਰ ਹੁਣ ਸਿੱਖ ਸਮਾਜ ਦੇ ਸਭਿਆਚਾਰ ਅਤੇ ਰਾਜਨੀਤਕ ਖੇਤਰਾਂ ਵਿਚ ਕਿਸਾਨੀ ਸਭਿਆਚਾਰ ਦੀ ਹੀ ਸਰਦਾਰੀ ਹੈ।
ਲੇਖਕ ਉੱਤਰ-ਪੂਰਬ ਦੇ ਅਸੋਮੀਆ ਅਤੇ ਹੈਦਰਾਬਾਦ ਦੇ ਦੱਖਣੀ ਸਿੱਖਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਨੂੰ ‘ਸਿੱਖਾਂ ਦੀ ਧਰਤੀ’ ਉੱਤੇ ਵਸਦੇ ਸਿੱਖਾਂ ਦੇ ਬਿਲਕੁਲ ਹੀ ਵਿਸਾਰਿਆ ਹੋਇਆ ਹੈ ਅਤੇ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ।
ਤਕਰੀਬਨ ਇੱਕ ਦਹਾਕਾ ਪਹਿਲਾਂ ਕੁਝ ਸਿੱਖ ਕਾਰਕੁਨਾਂ ਅਤੇ ਵਿਦਵਾਨਾਂ ਨੇ ਪੰਜਾਬੋਂ ਬਾਹਰਲੇ ਇਨ੍ਹਾਂ ਸਿੱਖਾਂ ਦਾ ਮੁੱਦਾ ਚੁੱਕਦਿਆਂ ਕਿਹਾ ਸੀ ਕਿ ਘੱਟੋ ਘੱਟ ਅਜਿਹੇ ਸਿੱਖਾਂ ਦੀ ਗਿਣਤੀ ਤਾਂ ਹੋਣੀ ਚਾਹੀਦੀ ਹੈ ਜਿਸ ਨਾਲ ਸਿੱਖਾਂ ਦੀ ਮੁਲਕ ਵਿਚ ਕੁੱਲ ਗਿਣਤੀ ਵਧਣ ਨਾਲ ਉਹ ਹੋਰ ਤਕੜੇ ਹੋਣਗੇ। ਪੂਰੀ ਦੁਨੀਆਂ ਵਿਚ ਵਸਦੇ ਹੋਣ ਕਾਰਨ ਸਿੱਖ ਹੁਣ ਇਕ ਆਲਮੀ ਭਾਈਚਾਰਾ ਬਣ ਗਿਆ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਪ੍ਰਸੰਗ ਵਿਚ ਲੇਖਕ ਦਾ ਵਿਚਾਰ ਹੈ, ‘‘ਪਛਾਣ ਵੀ ਆਪਣਾ ਸਰੂਪ ਬਦਲਦੀ ਰਹਿੰਦੀ ਹੈ, ਇਹ ਬਦਲਦੇ ਪ੍ਰਸੰਗਾਂ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਨਵੇਂ ਨਵੇਂ ਰੂਪਾਂ ਵਿਚ ਢਾਲਦੀ ਰਹਿੰਦੀ ਹੈ।’’ ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖ ਹੁਣ ‘ਸਿੱਖਾਂ ਦੀ ਧਰਤੀ – ਪੰਜਾਬ’ ਨਾਲ ਜੁੜੇ ਧਾਰਮਿਕ ਅਤੇ ਸਿਆਸੀ ਮਾਮਲਿਆਂ ਬਾਰੇ ਜ਼ਿਆਦਾ ਸਰੋਕਾਰ ਰੱਖਦੇ ਹਨ। ਤ੍ਰਾਸਦੀ ਇਹ ਹੈ ਕਿ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਤੇ ਸਿਆਸੀ ਆਗੂ ਪਿਛਲੇ ਸਾਲਾਂ ਵਿਚ ਇਕ ਵਾਰ ਵੀ ਬਾਹਰਲੇ ਮੁਲਕਾਂ ਦੇ ਉਨ੍ਹਾਂ ਸ਼ਹਿਰਾਂ ਵਿਚ ਨਹੀਂ ਗਏ ਜਾਂ ਜਾਣ ਜੋਗੇ ਨਹੀਂ ਰਹੇ ਜਿੱਥੇ ਸਿੱਖ ਵੱਡੀ ਗਿਣਤੀ ਵਿਚ ਵਸਦੇ ਹਨ। ਹਾਲਾਤ ਇਹ ਹਨ ਕਿ ਕੁਝ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਨੂੰ ਹੀ ਆਪਣੀਆਂ ਕੈਨੇਡਾ ਯਾਤਰਾਵਾਂ ਰੱਦ ਕਰਨੀਆਂ ਪਈਆਂ ਸਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ‘ਬਾਹਰਲੇ ਸਿੱਖ’, ਜਿਨ੍ਹਾਂ ਦੇ ਪੁਰਖ਼ਿਆਂ ਨੇ ਸਿੱਖ ਧਰਮ ਧਾਰਨ ਕੀਤਾ ਸੀ, ਆਪਣੇ ਸਭਿਆਚਾਰਕ ਰਸਮਾਂ-ਰਿਵਾਜਾਂ ਨੂੰ ਮੰਨਦੇ ਰਹੇ ਅਤੇ ਕੁਝ ਹਿੰਦੂ ਰਸਮ-ਰਿਵਾਜ ਉਨ੍ਹਾਂ ਦੇ ਧਾਰਮਿਕ ਰਸਮ-ਰਿਵਾਜਾਂ ਦਾ ਹਿੱਸਾ ਬਣ ਕੇ ਗੁਰਦੁਆਰਾ ਸਾਹਿਬਾਨ ਦੀ ਮਰਿਯਾਦਾ ਦਾ ਵੀ ਹਿੱਸਾ ਬਣ ਗਏ।
ਇਸ ਦੇ ਨਾਲ ਨਾਲ ਹੀ ਵੱਖਰੀ ਅਤੇ ਵਿਲੱਖਣ ਪਛਾਣ ਦਾ ਮੁੱਦਾ ਵੀ ਸਮੇਂ ਸਮੇਂ ਉੱਤੇ ਉਭਰਦਾ ਰਿਹਾ ਹੈ ਖ਼ਾਸ ਤੌਰ ਉੱਤੇ ਆਰ.ਐੱਸ.ਐੱਸ. ਦੇ ਇਸ ਵਿਚਾਰ ਦੇ ਪ੍ਰਸੰਗ ਵਿਚ ਕਿ ਸਿੱਖ ਦਰਅਸਲ ਹਿੰਦੂ ਧਰਮ ਦਾ ਇੱਕ ਅੰਗ ਹਨ। ਸਿੱਖ ਹਮੇਸ਼ਾ ਹੀ ਇਹ ਕਹਿੰਦੇ ਆਏ ਹਨ ਕਿ ਸਿੱਖ ਇਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਦੀ ਇਕ ਵੱਖਰੀ ਪਛਾਣ ਅਤੇ ਅੱਡਰੀ ਹੋਂਦ-ਹਸਤੀ ਹੈ।
ਖਾੜਕੂ ਲਹਿਰ ਦਾ ਕੇਂਦਰ ਬਿੰਦੂ ਵੀ ਵੱਖਰੀ ਅਤੇ ਵਿਲੱਖਣ ਸਿੱਖ ਪਛਾਣ ਹੀ ਸੀ, ਪਰ ਇਸ ਅਹਿਮ ਸਿਆਸੀ ਪਹਿਲੂ ਦਾ ਇਸ ਦੁਨੀਆਂ ਵਿਚ ਕੋਈ ਥਾਂ ਨਹੀਂ ਹੈ। ਲੇਖਕ ਇਸ ਬਿਰਤਾਂਤ ਨੂੰ ‘ਨਫ਼ਰਤ ਭਰੀ ਦਹਿਸ਼ਤਗਰਦੀ’ ਕਹਿ ਕੇ ਰੱਦ ਕਰਦਾ ਹੈ।
ਪੰਜਾਬੋਂ ਬਾਹਰਲੇ ਸਿੱਖਾਂ ਸਬੰਧੀ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਅਤੇ ਇਹ ਪੁਸਤਕ ਇਸ ਦਿਸ਼ਾ ਵਿਚ ਸਮੇਂ ਸਿਰ ਚੁੱਕਿਆ ਗਿਆ ਸਾਰਥਿਕ ਕਦਮ ਹੈ।
ਸੰਪਰਕ: 97797-11201