ਰੂਪ ਸਤਵੰਤ
ਬੜੀ ਮਿੱਠੀ ਤੇ ਸ਼ੀਰੀ ਜ਼ਬਾਨ ਹੈ ਤੇ ਬੜੀ ਤਾਰਕਿਕ ਵੀ। ਸੂਰਿਆਂ ਦੇ ਰੱਤ ਨਾਲ ਸਿੰਜੀ ਤੇ ਗੁਰਬਾਣੀ ਨਾਲ ਮੌਲੀ ਤੇ ਵੰਝਲੀ ਦੇ ਮੇਰੂਆਂ ਥਾਣੀ ਇਸ਼ਕ ਦੀਆਂ ਫੂਕਾਂ ਨਾਲ ਜ਼ਰਖੇਜ਼ ਹੋਈ ਇਸ ਧਰਤ ਦੀ ਬੋਲੀ ਨੂੰ ਗੁੜ੍ਹਤੀ ਤਾਂ ਚਾਹੇ ਗੋਰਖ਼ਨਾਥ ਦੀ ਦੱਸਦੇ ਨੇ, ਪਰ ਗੁਰੂ, ਬਾਬਿਆਂ ਤੇ ਲਿਖਾਰੀਆਂ ਨੇ ‘ਪੰਜਾਬੀ’ ਦੇ ਨਕਸ਼ ਸ਼ਿੰਗਾਰਨ ਤੇ ਸੰਵਾਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਪਹਿਲਾਂ ਆਦਿ ਸੀ, ਅਨਾਦਿ ਸੀ ਤੇ ਫਿਰ ਅੱਖਰ ਉੱਤਰਿਆ। ਉੱਤਰਿਆ ਕਾਹਦਾ ਤੁਰਦਾ ਗਿਆ, ਤੁਰਦਾ ਗਿਆ ਤੇ ਜੁੜਦੇ-ਜੁੜਦੇ ਸ਼ਬਦ ਹੋ ਗਿਆ। ਫੇਰ ਸ਼ਬਦ ਹੀ ਸਭ ਹੋ ਗਿਆ। ਇਸੇ ਤਰ੍ਹਾਂ ਸ਼ਬਦਾਂ ਤੋਂ ਵਾਕ ਹੋਏ ਤੇ ਵਾਕਾਂ ਤੋਂ ਪੈਰ੍ਹੇ।
ਹੈਰਾਨੀਜਨਕ ਗੱਲ ਇਹ ਹੈ ਕਿ ਕਿਸੇ ਵਾਕ ਵਿੱਚ ਸਾਰਾ ਤਾਣ ਅੱਖਰ ਦਾ ਹੁੰਦਾ ਹੈ, ਪਰ ਅਸੀਂ ਵਾਕਾਂ ‘ਚੋਂ ਤਾਕਤ ਜਾਂ ਅਸਰ ਲੱਭਣ ਦੇ ਚੱਕਰ ਵਿੱਚ ਫਸੇ ਰਹਿੰਦੇ ਹਾਂ। ਜਿਵੇਂ ਚੰਨ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ, ਪਰ ਸੂਰਜ ਦੀ ਰੌਸ਼ਨੀ ਜਦ ਉਹਦੇ ਪਿੰਡੇ ‘ਤੇ ਪੈਂਦੀ ਹੈ ਤਾਂ ਚੰਨ ਨੂੰ ਲਿਸ਼ਕਣ ਲਾ ਦਿੰਦੀ ਹੈ। ਇਵੇਂ-ਜਿਵੇਂ ਸਾਡੀ ਬੋਲੀ ਜਾਂ ਜ਼ਬਾਨ ਦਾ ਅਸਰ, ਅਸਲੋਂ ਅੱਖਰ ਦੀ ਲਿਸ਼ਕ ਹੁੰਦੀ ਹੈ ਜੋ ਸਾਡੇ ਵਾਕਾਂ ਨੂੰ ਚਮਕਣ ਲਾ ਦਿੰਦੀ ਹੈ। ਇਸ ਚਮਕ ਨੂੰ ਬਰਕਰਾਰ ਰੱਖਣ ਲਈ ਜ਼ਿਹਨ ਦੀ ਗੜਵੀ ਨੂੰ ਨਰੋਏ ਵਿਚਾਰਾਂ ਦੀ ਕੱਕੀ ਬਰੇਤੀ ਨਾਲ ਮਾਂਜ ਕੇ ਰੱਖਣਾ ਪੈਂਦਾ ਹੈ, ਪਰ ਵਿਚਾਰਾਂ ਨੂੰ ਤਾਂ ਉੱਲੀ ਲੱਗੀ ਪਈ ਆ… ਜਿਉਂ ਖੜ੍ਹੇ ਪਾਣੀ ਨੂੰ ਜਿਲ਼ਬ ਲੱਗ ਜਾਂਦੀ ਹੈ। ਗੱਲ ਸਮਝਣ ਵਾਲੀ ਹੈ। ਕਿਸੇ ਵਸਤ ਨੂੰ ਉੱਲੀ ਉਦੋਂ ਲੱਗਦੀ ਆ ਜਦੋਂ ਲੰਮਾਂ ਸਮਾਂ ਇਸਤੇਮਾਲ ਵਿੱਚ ਨਾ ਲਿਆਂਦੀ ਜਾਵੇ। ਅਸੀਂ ਦੋ ਵਕਤ ਦੰਦਾਂ ‘ਤੇ ਮੰਜਨ ਮਲ਼ਦੇ ਅਤੇ ਜੀਭ ਨੂੰ ਟੰਗ-ਕਲੀਨਰ ਨਾਲ ਰਗੜਦੇ ਹਾਂ, ਪਰ ਨਿੱਗਰ ਵਿਚਾਰਾਂ ਦੀ ਅਣਹੋਂਦ ਤੇ ਸਵੈ-ਪੜਚੋਲ ਦੀ ਤੋਟ ਸਾਡੀ ਜ਼ੁਬਾਨ ਨੂੰ ਉੱਲੀ ਲੱਗਣ ਤੋਂ ਨਹੀਂ ਰੋਕ ਪਾਉਂਦੀ।
ਪਰ… ਉਹ ਕਹਿੰਦੇ, ”ਇਹ ਉਜੱਡਾਂ ਦੀ ਬੋਲੀ ਆ, ਪਿੰਡਾਂ ਦੀ ਭਾਸ਼ਾ, ਵਿਹਲੜਾਂ ਦੀ ਬੋਲੀ ਏ। ਨੰਗੇ ਜਹੇ ਅੱਖਰਾਂ ਵਾਲੀ, ਬਸ ਗਾਲ੍ਹਾਂ ਕੱਢਣ ਨੂੰ …।” ਇੰਨੀਂ ਸਿੱਧੀ, ਭਾਵਪੂਰਨ ਤੇ ਸਟੀਕ ਬੋਲੀ ਸਾਦਾ-ਦਿਲ ਤੇ ਸਿੱਧ-ਪਧਰੇ ਲੋਕਾਂ ਦੀ ਤਾਂ ਹੋ ਸਕਦੀ ਹੈ, ਪਰ… ਉਜੱਡਾਂ ਦੀ ਨਹੀਂ। ਇੱਥੇ ਹਰ ਧੁਨੀ ਲਈ ਅੱਡ ਅੱਖਰ ਹੈ। ਕਮਾਲ ਹੈ…। ਜੇਕਰ ਕੋਈ ਹੋਰ ਬੋਲੀ ਐਡੀ ਅਮੀਰ ਹੋਵੇ ਤਾਂ ਦੱਸੋ। ਅਖੇ… ਲੱਚਰ…। ਲੱਚਰ…, ‘ਅੱਖਰ’ ਨਹੀਂ, ਜ਼ਹਿਨੀਅਤ ਹੁੰਦੀ ਹੈ। ਹਲ਼ਕੀਆਂ ਅੱਖਾਂ ‘ਚੋਂ ਤੁਪਕਾ-ਤੁਪਕਾ ਚੋਂਦੇ ਠਰਕ ਨੂੰ ਤੁਸੀਂ ਕਿਹੜੇ ਅੱਖਰ ਨਾਲ ਲਿਖਦੇ ਹੋ। ਖ਼ਿਆਲ ਇਹ ਵੀ ਆਉਂਦਾ ਹੈ ਕਿ ਕਿਤੇ ਉਹ ਸੱਚ ਹੀ ਨਾ ਕਹਿੰਦੇ ਹੋਣ। ਕਿਉਂਕਿ ਮੈਂ ਸੁਣਿਆ ਹੋਇਆ ਏ, ਕਿਸੇ ਵੇਲੇ ਜੀਭ ‘ਤੇ ਸਰਸਵਤੀ ਦਾ ਪਹਿਰਾ ਹੁੰਦਾ ਏ। ਪੁੱਠਾ-ਸਿੱਧਾ ਜੋ ਵੀ ਆਖੋ… ਪਾਰ। ਨਾਲੇ ਜੇ ਕਰਨ ਆਲਾ ਚਾਹੇ ਤਾਂ ਕੀ ਨਹੀਂ ਕਰ ਸਕਦਾ। ਉਹ ਚਾਹੇ ਪੌਣਾਂ ਨੂੰ ਠੱਲ੍ਹ ਦੇਵੇ ਤੇ ਚਾਹੇ ਕਣੀਆਂ ਘੱਲ ਦੇਵੇ। ਸੱਚ ਆਪਾਂ ਤਾਂ ਅੱਖਰ… ਦੀ ਗੱਲ ਕਰਦੇ ਸਾਂ, ਆਹ ਕਿਹੜੇ ਰਾਹ ਪੈ ਗਏ। ਚਲੋ, ਨਵੀਂ ਲੀਹੇ ਤੁਰਦੇ ਹਾਂ ਤੇ ਫਿਰ ਅੱਖਰ ਵੱਲ ਮੁੜਦੇ ਹਾਂ।
ਮੈਨੂੰ ਪੂਰਾ ਚੇਤੇ ਹੈ ਕਿ ਨਿੱਕੇ ਹੁੰਦਿਆਂ ਜਦੋਂ ਸਕੂਲੋਂ ਆਉਣਾ ਤਾਂ ਬਸਤਾ ਵਗਾਹ ਮਾਰਨਾ ਤੇ ਭੱਜ ਜਾਣਾ ਬੀਹੀ ‘ਚ ਬੰਟੇ ਖੇਡਣ ਜਾਂ ਫੇਰ ਬਾਂਦਰ ਕੀਲਾ। ਨਾ ਵਰਦੀ ਲਾਹੁਣੀ ਨਾ ਜੁੱਤੀ ਪਾਉਣੀ… ਬੱਸ ਬੇਫ਼ਿਕਰੇ ਹੋਏ ਦੁੜੰਗੇ ਲਾਉਂਦੇ ਫਿਰਨਾ।
ਮੇਰੀ ਬੇਬੇ ਤੇ ਦਾਦੀ ਕਿਹਾ ਕਰਦੀਆਂ, ”ਮੁੰਡਿਆ, ਅੱਖਰ ਉਠਾਉਣਾ ਸਿੱਖ ਲੈ… ਕੰਮ ਆਊਗਾ ਤੇਰੇ। ਨਹੀਂ ਆਹ… ਲੋਕਾਂ ਵਾਂਗ ਮੱਝਾਂ ਚਾਰਦਾ ਰਹਿਜੇਂਗਾ।”
ਮੈਨੂੰ ਲੱਗਦਾ ਸੀ ਜਿਵੇਂ ਬੇਬੇ ਨੂੰ ਮੇਰੇ ਆੜੀ ਪਸੰਦ ਨਹੀਂ ਜਾਂ ਸ਼ਾਇਦ ਉਨ੍ਹਾਂ ਦੀ ਜ਼ਾਤ ਤੋਂ ਕੋਈ ਅਲਰਜੀ ਹੋਊ ਉਹਨੂੰ ਤਾਹੀਓਂ ਖੇਡਣ ਤੋਂ ਰੋਕਦੀ ਰਹਿੰਦੀ ਹੈ। ਇਹ ਅਨਪੜ੍ਹਤਾ ਵੀ ਨਾ… ਬਸ।
ਪਰ ਬਾਂਦਰ ਕੀ ਜਾਣੇ ਅਦਰਕ ਦਾ ਸੁਆਦ, ਨਾਲੇ ਨਿਆਣੇ ਦੀ ਨਿਆਣੀ ਮੱਤ। ਬੇਬੇ ਦੇ ਝੁਰੜੀਦਾਰ ਮੁਹਾਂਦਰੇ ‘ਚੋਂ ਨਿਕਲੇ ਤਜਰਬੇਕਾਰ ਅੱਖਰਾਂ ਦਾ ਉਲੱਥਾ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਸੀ ਤੇ ਹੁਣ ਵੀ ਨਹੀਂ ਹੈ। ਮੈਂ ਬੜਾ ਚਿਰ ਸੋਚਦਾ ਰਿਹਾ ਕਿ ਬੇਬੇ ਕੁਝ ਨਹੀਂ ਜਾਣਦੀ ਤੇ ਕਹਿੰਦੀ ਰਹਿੰਦੀ ਹੈ ‘ਅੱਖਰ ਉਠਾ ਲੈ- ਅੱਖਰ ਉਠਾ ਲੈ।’ ਜਿਵੇਂ ਅੱਖਰ ਕਿਤੇ ਸੁੱਤੇ ਪਏ ਹੋਣ। ਪਰ ਮੈਨੂੰ ਝੱਲੇ ਨੂੰ ਕੀ ਪਤਾ ਸੀ ਕਿ ਜੇਕਰ ਚੇਤਨਾ ਦਾ ਹੂਰਾ ਨਾ ਮਾਰਿਆ ਜਾਵੇ ਤਾਂ ਅੱਖਰ ਸੱਚੀਓਂ ਸੁੱਤੇ ਰਹਿ ਜਾਂਦੇ ਨੇ ਤੇ ਸੁੱਤੇ ਅੱਖਰ ਨਾ ਬਾਂਗ ਦਿੰਦੇ ਹਨ ਤੇ ਨਾ ਹੋਕਾ… ਬਸ ਸੁੱਤੇ ਹੀ ਰਹਿੰਦੇ ਨੇ। ਅੱਖਰਾਂ ਨੂੰ ਜਿਉਂਦੇ-ਜਾਗਦੇ ਰੱਖਣ ਲਈ ਸਿਰਾਂ ਦਾ ਜਾਗਣਾ ਲਾਜ਼ਮੀ ਹੁੰਦਾ ਹੈ। ਸੁੱਤੇ ਸਿਰ ਅੱਖਰਾਂ ਨੂੰ ਨਹੀਂ ਜਗਾ ਸਕਦੇ, ਪਰ ਜਾਗਦੇ ਜਾਂ ਉੱਠ ਖਲੋਤੇ ਅੱਖਰ ਨਾ ਸਿਰਫ਼ ਸਿਰਾਂ ਨੂੰ ਸਗੋਂ ਕੌਮਾਂ, ਨਸਲਾਂ ਤੇ ਮੁਲਕਾਂ ਤੱਕ ਨੂੰ ਜਗਾ ਸਕਦੇ ਹਨ। ਪਤਾਲਪੁਰੀਆਂ ਗਾਹ ਸਕਦੇ ਨੇ, ਬ੍ਰਹਿਮੰਡ ਤੱਕ ਜਾ ਸਕਦੇ ਨੇ…, ਕੱਖ ਨੂੰ ਲੱਖ ਕਰ ਸਕਦੇ ਨੇ, ਮੱਤ ਨੂੰ ਸੁਮੱਤ ਕਰ ਸਕਦੇ ਨੇ। ਤਾਹੀਓਂ ਬੇਬੇ ਅੱਖਰ ਨੂੰ ਉਠਾਉਣ ਦੀ ਗੱਲ ਕਰਦੀ ਹੁੰਦੀ ਸੀ।
ਬਾਬਾ ਨਾਨਕ, ਫ਼ਰੀਦ, ਸ਼ੀਰਾਜ਼ੀ ਹੋਵੇ ਜਾਂ ਨਿਊਟਨ, ਡਾਰਵਿਨ ਜਾਂ ਐਲਫਰੈੱਡ ਨੋਬਲ ਵਰਗੇ ਹੋਣ। ਸ਼ਿਵ ਕੁਮਾਰ, ਹਮਜ਼ਾਤੋਵ ਜਾਂ ਚੈਖੋਵ ਹੋਵੇ ਜਾਂ ਫੇਰ ਸੁਕਰਾਤ, ਬੈਜ਼ੀਦ ਜਾਂ ਹੋਤੇਈ। ਜਿਸ ਕਿਸੇ ਨੇ ਵੀ ਅੱਖਰ ਨੂੰ ਉਠਾਉਣਾ ਸਿੱਖ ਲਿਆ, ਅੱਖਰ ਨੇ ਉਸ ਨੂੰ ਬੁੱਕਲ ਵਿੱਚ ਸਮਾ ਲਿਆ ਤੇ ਸ਼ਬਦ ਬਣਾ ਦਿੱਤਾ ਤੇ ਮਗਰ ਕੀ ਰਹਿ ਗਿਆ ਫੇਰ?
‘ਅੱਖਰ’ ਨੇ ਅੱਖਰ ਉਠਾਉਣ ਵਾਲਿਆਂ ਨੂੰ ਇੰਨਾ ਉੱਚਾ ਉਠਾ ਦਿੱਤਾ ਕਿ ਅੱਜ ਤੱਕ ਅਜਿਹਿਆਂ ਦੀ ਹਸਤੀ ਮਾਪਣ ਵਾਲਾ ਕੋਈ ਮੀਟਰ ਈਜਾਦ ਨਹੀਂਹੋ ਸਕਿਆ। ਅੱਖਰ ਨੂੰ ਜੇਕਰ ਕੋਈ ਜਾਣ, ਭਾਂਪ, ਤੋਲ, ਮਾਪ ਸਕਦਾ ਹੈ …ਤਾਂ ਉਹ ਹੈ ਸਿਰਫ਼ ਅੱਖਰ। ਹੋਰ ਕੋਈ ਨਹੀਂ।
ਵਾਣ ਦੀ ਛੋਟੀ ਜਿਹੀ ਮੰਜੀ ‘ਤੇ ਬੈਠੀ ਇਕਹਿਰੇ ਹੱਡ ਦੀ ਓਸ ਮਧਰੀ ਜਹੀ ਮਾਈ ਦੀਆਂ ਰਮਜ਼ਾਂ ਮੈਨੂੰ 21 ਪੜ੍ਹੇ ਨੂੰ ਪੜ੍ਹਨੀਆਂ ਨਾ ਆਈਆਂ। ਉਹ ਅੱਖਰ ਉਠਾ ਚੁੱਕੀ ਸੀ ਤੇ ਸ਼ਬਦ ਬਣਾ ਚੁੱਕੀ ਸੀ… ਪਰ ਮੈਂ ਤੇ ਮੇਰੇ ਅੱਖਰ ਘੋੜੇ ਵੇਚ ਕੇ ਸੁੱਤੇ ਰਹੇ ਤੇ ਸ਼ਾਇਦ ਹਾਲੇ ਤੱਕ ਵੀ ਨਹੀਂ ਉੱਠੇ।
ਸੰਪਰਕ: 81968-21300