ਡਾ. ਬਲਜਿੰਦਰ
ਐੱਸਐੱਸਆਰਐੱਸ ਪਲੈਟਫਾਰਮ ਵੱਲੋਂ ਸੀਐੱਨਐੱਨ ਨੈੱਟਵਰਕ ਤੇ ਕੀਤੇ ਹਾਲੀਆ ਸਰਵੇਖਣ ਵਿਚ ਚਾਰ ਵਿਚੋਂ ਤਿੰਨ ਅਮਰੀਕੀ ਬਾਲਗਾਂ ਨੇ ਕਿਹਾ ਹੈ ਕਿ ਫੇਸਬੁੱਕ ਅਮਰੀਕੀ ਸਮਾਜ ਦਾ ਬੇੜਾ ਗਰਕ ਕਰ ਰਹੀ ਹੈ। ਇਸ ਦੇ ਕਾਰਨਾਂ ਵਿਚ ਜਾਂਦਿਆਂ 55% ਦਾ ਕਹਿਣਾ ਸੀ ਕਿ ਜੋ ਲੋਕ ਇਸ ਪਲੈਟਫਾਰਮ ਦੀ ਵਰਤੋਂ ਕਰਦੇ ਹਨ, ਉਹੀ ਇਸ ਦੇ ਦੋਸ਼ੀ ਹਨ ਜਦਕਿ 45% ਦਾ ਕਹਿਣਾ ਸੀ ਕਿ ਇਹ ਸਾਰਾ ਕੁਝ ਖ਼ੁਦ ਫੇਸਬੁੱਕ ਦਾ ਚੱਲਣ-ਢੰਗ ਦਾ ਹੀ ਨਤੀਜਾ ਹੈ। 49% ਅਮਰੀਕਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਾ ਕਿਸੇ ਅਜਿਹੇ ਸ਼ਖਸ ਨੂੰ ਜਾਣਦੇ ਹਨ ਜਿਹੜਾ ਫੇਸਬੁੱਕ ‘ਤੇ ਪਾਈ ਜਾਂਦੀ ਸਮੱਗਰੀ ਕਰਕੇ ਸਾਜਿ਼ਸ਼ੀ ਥਿਊਰੀ ਵਿਚ ਯਕੀਨ ਨਾ ਕਰਨ ਲੱਗ ਪਿਆ ਹੋਵੇ। ਅਜਿਹੀ ਸੋਚ ਰੱਖਣ ਵਾਲਿਆਂ ਵਿਚ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ। 35 ਸਾਲ ਤੋਂ ਘੱਟ ਉਮਰ ਦੇ 61% ਬਾਲਗਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪਛਾਣ ਦਾ ਕੋਈ ਨਾ ਕੋਈ ਜਣਾ ਫੇਸਬੁੱਕ ਤੇ ਪਰੋਸੀ ਜਾਂਦੀ ਸਮੱਗਰੀ ਕਰਕੇ ਅਜਿਹੀ ਸਾਜਿ਼ਸ਼ ਦਾ ਸਿ਼ਕਾਰ ਹੋਇਆ ਹੈ।
ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਨਾਲ ਨਾਲ ਫੇਸਬੁੱਕ ਅਤੇ ਇੰਸਟਾਗਰਾਮ ਨਾਂ ਦੇ ਦੋਵੇਂ ਸੂਚਨਾ ਤਕਨਾਲੋਜੀ ਪਲੈਟਫਾਰਮ ਕਿਸ ਹੱਦ ਤੱਕ ਲੋਕਾਂ ਦਰਮਿਆਨ ਨਫ਼ਰਤ, ਵੰਡੀਆਂ ਆਦਿ ਦਾ ਸੰਚਾਰ ਕਰਦੇ ਹਨ, ਲੋਕਾਂ ਖਾਸਕਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ- ਇਸ ਦਾ ਵੀ ਅਜਿਹਾ ਹੀ ਸਨਸਨੀਖ਼ੇਜ਼ ਖੁਲਾਸਾ ਸਾਹਮਣੇ ਆਇਆ ਹੈ।
ਸੰਚਾਰ ਤਕਨਾਲੋਜੀ ਦੇ ਇਹਨਾਂ ਪਲੈਟਫਾਰਮਾਂ ਨੇ ਆਪਣੇ ਮੁਨਾਫਿ਼ਆਂ ਨੂੰ ਮੁੱਖ ਰੱਖ ਕੇ ਲੋਕਾਂ ਦੀ ਜਿ਼ੰਦਗੀ ਦਾਅ ਤੇ ਲਾਈ ਹੋਈ ਹੈ। ਵਪਾਰ, ਵਿਗਿਆਨ ਅਤੇ ਆਵਾਜਾਈ (ਕਮਰਸ, ਸਾਇੰਸ ਐਂਡ ਟਰਾਂਸਪੋਰਟੇਸ਼ਨ) ਨਾਲ ਸਬੰਧਤ ਕੰਜਿਊਮਰ ਸੁਰੱਖਿਆ, ਪ੍ਰਾਡਕਟ ਸੁਰੱਖਿਆ ਅਤੇ ਡਾਟਾ ਸੁਰੱਖਿਆ ਬਾਰੇ ਬਣਾਈ ਅਮਰੀਕੀ ਸੈਨੈਟ ਦੀ ਸਬ ਕਮੇਟੀ ਸਾਹਮਣੇ ਅਕਤੂਬਰ 2021 ਵਿਚ ਵ੍ਹਾਈਟ ਹਾਊਸ ਵਿਚ ਹੋਈ ਸੁਣਵਾਈ ਵਿਚ ਹੋਏ ਖੁਲਾਸਿਆਂ ਨੇ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਇਨਸਾਫਪਸੰਦ ਅਤੇ ਹੋਰਨਾਂ ਸੁਹਿਰਦ ਲੋਕਾਂ ਵੱਲੋਂ ਜ਼ਾਹਰ ਕੀਤੇ ਉਹਨਾਂ ਹੀ ਸ਼ੰਕਿਆਂ ਤੇ ਮੁਹਰ ਲਾਈ ਹੈ ਜਿਹਨਾਂ ਦਾ ਉਹ ਪਿਛਲੇ ਕਾਫ਼ੀ ਅਰਸੇ ਤੋਂ ਹੀ ਲੋਕਾਂ ਵਿਚ ਲੈ ਕੇ ਜਾਂਦੇ ਰਹੇ ਹਨ।
ਇਸ ਸੁਣਵਾਈ ਵਿਚ ਸਬ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਫੇਸਬੁੱਕ ਦੀ ਸਾਬਕਾ ਡਾਟਾ ਵਿਗਿਆਨੀ ਫਰਾਂਸਿਸ ਹਾਗਨ ਨੇ ਦੱਸਿਆ ਕਿ ਫੇਸਬੁੱਕ ਨੇ ਆਪਣੇ ਮੁਨਾਫਿ਼ਆਂ ਨੂੰ ਜ਼ਰਬਾਂ ਦੇਣ ਨੂੰ ਅਹਿਮੀਅਤ ਦਿੱਤੀ, ਬਨਿਸਬਤ ਇਸ ਦੇ ਕਿ ਫੇਸਬੁੱਕ ਆਪਣੇ ਪਲੈਟਫਾਰਮਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਹੋਰ ਸੁਰੱਖਿਅਤ ਬਣਾਉਣ ਵੱਲ ਕਦਮ ਵਧਾਉਂਦੀ। ਫੇਸਬੁੱਕ ਨੇ ਆਪਣੀ ਉਸ ਅੰਦਰੂਨੀ ਖੋਜ ਨੂੰ ਵੀ ਕਾਨੂੰਨੀ ਰੂਪ ਵਿਚ ਸਥਾਪਤ ਸੰਸਥਾਵਾਂ ਤੋਂ ਵੀ ਲਕੋਈ ਰੱਖਿਆ ਜਿਹਨਾਂ ਵਿਚ ਇਹ ਖੁਲਾਸੇ ਹੋਏ ਸਨ ਕਿ ਫੇਸਬੁੱਕ ਦੇ ਉਤਪਾਦ (ਸਾਫਟਵੇਅਰ) ਕਿਵੇਂ ਨੁਕਸਾਨਦੇਹ ਹਨ। ਉਸ ਦਾ ਕਹਿਣਾ ਹੈ ਕਿ “ਫੇਸਬੁੱਕ ਵੱਲੋਂ ਅਜਿਹੇ ਢੰਗ-ਤਰੀਕੇ ਵਰਤੋਂ ਵਿਚ ਲਿਆਉਣ ਦੇ ਹੀ ਨਤੀਜੇ ਹਨ ਜਿਸ ਕਾਰਨ ਲੋਕਾਂ ਦਰਮਿਆਨ ਵੰਡੀਆਂ ਵਧੀਆਂ ਹਨ, ਬਖੇੜੇ ਵਧੇ ਹਨ, ਝੂਠ ਦਾ ਪਸਾਰਾ ਹੋਇਆ ਹੈ, ਹੋਰ ਵਧੇਰੇ ਧਮਕੀਆਂ ਦਿੱਤੀਆਂ ਗਈਆਂ ਹਨ ਅਤੇ ਹੋਰ ਵਧੇਰੇ ਟਕਰਾਅ ਹੋਏ ਹਨ। ਕਈ ਮਾਮਲਿਆਂ ਵਿਚ ਅਜਿਹੀ ਆਨਲਾਈਨ ਗੱਲਬਾਤ ਹਕੀਕੀ ਹਿੰਸਾ ਵਿਚ ਵੀ ਵਟ ਗਈ ਜਿਸ ਨੇ ਨੁਕਸਾਨ ਪਹੁੰਚਾਇਆ ਅਤੇ ਕਈ ਮਾਮਲਿਆਂ ਵਿਚ ਲੋਕਾਂ ਦੀ ਜਾਨ ਤੱਕ ਚਲੀ ਗਈ।”
ਕਈ ਹਜ਼ਾਰ ਸਫਿ਼ਆਂ ਦੇ ਅੰਦਰੂਨੀ ਖੋਜ ਪੱਤਰਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਦਿੰਦਿਆਂ, ਜਿਹਨਾਂ ਨੂੰ ‘ਦਿ ਵਾਲ ਸਟ੍ਰੀਟ ਜਰਨਲ’ ਨੇ ਫੇਸਬੁੱਕ ਫਾਈਲਜ਼ ਦੇ ਸਿਰਲੇਖ ਤਹਿਤ ਛਾਪਿਆ ਹੈ, ਹਾਗਨ ਦਾ ਕਹਿਣਾ ਹੈ ਕਿ “ਫੇਸਬੁੱਕ ਵਿਚ ਕੰਮ ਕਰਦਿਆਂ ਮੈਨੂੰ ਭਿਅੰਕਰ ਹਕੀਕਤ ਦਾ ਇਲਮ ਹੋਇਆ ਕਿ ਫੇਸਬੁੱਕ ਤੋਂ ਬਾਹਰ ਲਗਭਗ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਿ ਫੇਸਬੁੱਕ ਦੇ ਅੰਦਰ ਕੀ ਚੱਲ ਰਿਹਾ ਹੈ। ਕੰਪਨੀ ਆਪਣੀ ਅਤਿ ਅਹਿਮ ਜਾਣਕਾਰੀ ਨੂੰ ਮੁਲਕ ਦੀ ਜਨਤਾ, ਅਮਰੀਕੀ ਸਰਕਾਰ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਜਾਣਬੁੱਝ ਕੇ ਲਕੋ ਕੇ ਰੱਖਦੀ ਹੈ।”
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕਦੇ ਅਸੀਂ ਫੇਸਬੁੱਕ ਤੇ ਆਪਣੀ ਪ੍ਰੋਫਾਈਲ ਨੂੰ ਕਲਿੱਕ ਕਰਦੇ ਹਾਂ ਤਾਂ ਸਾਡੇ ਮਨਪਸੰਦ/ਨਾਪਸੰਦ ਦੀ ਗੱਲ ਕੀ ਉਸ ਸਾਰੇ ਕੁਝ ਦੀ ਲਿਸਟ ਜੋ ਕੰਪਨੀ ਦੇ ਡੇਟਾਬੇਸ ਵਿਚ ਜਮ੍ਹਾਂ ਪਈ ਹੋਈ ਹੈ, ਜਿੱਥੋਂ ਉਹ ਡੇਟਾਬੇਸ ਸਾਨੂੰ ਆਪਣੇ ਗਣਿਤ ਫਾਰਮੂਲਿਆਂ ਰਾਹੀਂ ਉਸੇ ਹੀ ਚੁਰਾਸੀ ਦੇ ਗੇੜ ਵਿਚ ਪਾਈ ਰੱਖਦਾ ਹੈ ਅਤੇ ਵਾਰ ਵਾਰ ਉਹੀ ਕੁਝ ਸਾਡੇ ਸਾਹਮਣੇ ਪ੍ਰਗਟ ਹੁੰਦਾ ਰਹਿੰਦਾ ਹੈ। ਜਦ ਕਦੀ ਵੀ ਅਸੀਂ ਜਾਣੇ-ਅਣਜਾਣੇ ਫੇਸਬੁੱਕ ਤੇ ਕਿਸੇ ਵੀ ਵਸਤ ਦੇ ਇਸ਼ਤਿਹਾਰ ਤੇ ਕਲਿੱਕ ਕਰਦੇ ਹਾਂ ਤਾਂ ਉਹੀ ਇਸ਼ਤਿਹਾਰ ਸਾਨੂੰ ਹਰ ਵਕਤ ਦਿਖਾਈ ਦਿੰਦੀ ਹੈ। ਇੱਕ ਹੋਰ ਗੱਲ ਇਹ ਧਿਆਨ ਦੇਣ ਵਾਲੀ ਹੈ ਕਿ ਭਾਵੇਂ ਸਾਡੀ ਫਰੈਂਡਸਿ਼ਪ ਲਿਸਟ ਨੂੰ 5000 ਤੱਕ ਦੀ ਸੰਖਿਆ ਤੱਕ ਸੀਮਤ ਕੀਤਾ ਹੋਇਆ ਹੈ ਪਰ ਸਾਡੀ ਕਿਸੇ ਵੀ ਪੋਸਟ ਨੂੰ ਵੱਧ ਤੋਂ ਵੱਧ ਸਿਰਫ 50-60 ਮਿੱਤਰ ਹੀ ਦੇਖ ਸਕਦੇ ਹਨ, ਬਾਕੀਆਂ ਤੱਕ ਉਹ ਪੋਸਟ ਪਹੁੰਚਦੀ ਹੀ ਨਹੀਂ। ਆਪਣੀ ਹੀ ਸੋਚ ਨੂੰ ਅਗਾਂਹ ਪ੍ਰਚਾਰਨ ਅਤੇ ਆਪਣੇ ਗਾਹਕਾਂ ਦੀਆਂ ਵਸਤਾਂ ਵੇਚਣ ਲਈ ਅਜਿਹੇ ਅਲਗਾਰਿਦਮ (ਗਣਿਤ ਫਾਰਮੂਲੇ) ਘੜੇ ਗਏ ਹਨ ਜਿਹੜੇ ਅਜਿਹਾ ਕਾਰਜ ਬਾਖੂਬੀ ਨਿਭਾਉਂਦੇ ਹਨ।
ਤੁਸੀਂ ਸਭ ਨੇ ਕਦੇ ਨਾ ਕਦੇ, ਕਿਤੇ ਨਾ ਕਿਤੇ ਇਹ ਪੜ੍ਹਿਆ ਹੀ ਹੋਵੇਗਾ ਕਿ ਫਲਾਣੇ ਇੰਜਨੀਅਰਿੰਗ ਕਾਲਜ/ਸੰਸਥਾ ਦੇ ਫਲਾਂ ਫਲਾਂ ਵਿਦਿਆਰਥੀ ਨੂੰ ਫੇਸਬੁੱਕ ਨੇ ਕਰੋੜ ਰੁਪਏ ਸਾਲਾਨਾ ਦੀ ਨੌਕਰੀ ਲਈ ਚੁਣਿਆ ਹੈ। ਇਸ ਵਿਚ ਉਸ ਵਿਦਿਆਰਥੀ ਨੂੰ ਭਾਗਾਂ ਵਾਲਾ ਦਿਖਾ ਕੇ ਬਾਕੀਆਂ ਨੂੰ ਨਖਿੱਧ ਸਾਬਤ ਕਰਨ ਦੀ ਮਨਸ਼ਾ ਤਾਂ ਛੁਪੀ ਹੀ ਪਈ ਹੈ, ਇਸ ਤੋਂ ਵੀ ਅੱਗੇ ਇਹ ਫੇਸਬੁੱਕ ਅਦਾਰਾ ਐਵੇਂ ਹੀ ਉਸ ‘ਹੋਣਹਾਰ’ ਵਿਦਿਆਰਥੀ ਨੂੰ ਐਨੇ ਪੈਸੈ ਨਹੀਂ ਦੇ ਰਿਹਾ, ਉਹ ਕੰਪਨੀ ਉਸ ਤੋਂ ਅਜਿਹੇ ਫਾਰਮੂਲੇ ਤਿਆਰ ਕਰਵਾਉਂਦੀ ਹੈ ਜਿਹੜੇ ਉਸ ਨਾਲ ਸੰਬੰਧਤ ਵਪਾਰਕ ਅਤੇ ਹੋਰ ਭਾਗੀਦਾਰਾਂ ਦੇ ਮਨਸਿ਼ਆਂ ਦੀ ਬਾਖੂਬੀ ਪੂਰਤੀ ਕਰਦੇ ਹਨ।
ਫੇਸਬੁੱਕ ਦੇ ਅੰਦਰੂਨੀ ਅਧਿਐਨ ਪਰਚੇ ਹੀ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਇੰਸਟਾਗਰਾਮ ਤੇ ਆਉਣ ਤੋਂ ਬਾਅਦ ਯੂਨਾਈਟਡ ਕਿੰਗਡਮ ਦੀਆਂ ਗਭਰੇਟ (ਟੀਨਏਜ) ਕੁੜੀਆਂ ਅੰਦਰ ਆਤਮ-ਹੱਤਿਆ ਕਰਨ ਦੇ ਰੁਝਾਨ ਵਿਚ 13.5 ਫੀਸਦੀ ਵਾਧਾ ਨੋਟ ਕੀਤਾ ਗਿਆ। ਇੱਕ ਹੋਰ ਅਧਿਐਨ ਵਿਚ ਇਹ ਸਾਹਮਣੇ ਆਇਆ ਕਿ ਇੰਸਟਾਗਰਾਮ ਨਾਲ ਜੁੜਨ ਤੋਂ ਬਾਅਦ 17 ਫੀਸਦੀ ਕੁੜੀਆਂ ਦਾ ਕਹਿਣਾ ਸੀ ਕਿ ਉਹਨਾਂ ਅੰਦਰ ਚੱਲ ਰਹੀ ਨਾ ਖਾਣ ਦੀ ਜਾਂ ਘੱਟ ਖਾਣ ਦੀ ਬਿਮਾਰੀ ਵਿਚ ਵਾਧਾ ਹੋਇਆ ਹੈ। 32 ਫੀਸਦੀ ਕੁੜੀਆਂ ਦਾ ਕਹਿਣਾ ਸੀ ਕਿ ਜਦ ਵੀ ਕਦੀ ਉਹ ਆਪਣੇ ਸਰੀਰ ਦੀ ਬਣਤਰ ਨੂੰ ਲੈ ਕੇ ਪ੍ਰੇਸ਼ਾਨ ਹੁੰਦੀਆਂ ਸਨ ਤਾਂ ਫਿਰ ਜੇ ਉਹ ਇੰਸਟਾਗਰਾਮ ਤੇ ਚਲੀਆਂ ਜਾਂਦੀਆਂ ਤਾਂ ਉਹਨਾਂ ਦੀਆਂ ਉਹ ਅਲਾਮਤਾਂ ਹੋਰ ਵਧੇਰੇ ਵਧ ਜਾਂਦੀਆਂ। ਇਸ ਉਮਰ ਦੀਆਂ ਕੁੜੀਆਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਗਿਆ ਜਦਕਿ ਐਪ 13 ਸਾਲ ਤੋਂ ਉੱਪਰ ਦੇ ਬੱਚਿਆਂ ਲਈ ਪ੍ਰਵਾਨਤ ਹੈ। ਇਹ ਗੱਲਾਂ ਸਾਹਮਣੇ ਲਿਆਉਂਦੀਆਂ ਹਨ ਕਿ ਫੇਸਬੁੱਕ ਨੇ ਆਪਣੇ ਮੁਨਾਫਿ਼ਆਂ ਨੂੰ ਹਰ ਸਮੇਂ ਸਾਹਮਣੇ ਰੱਖਿਆ ਅਤੇ ਬੱਚਿਆਂ ਅਤੇ ਐਪ ਵਰਤਣ ਵਾਲਿਆਂ ਦੀ ਖ਼ੈਰੀਅਤ ਨੂੰ ਨਜ਼ਰ ਅੰਦਾਜ਼ ਕੀਤਾ। ਇਸ ਤੋਂ ਵੀ ਅੱਗੇ ਫੇਸਬੁੱਕ, ਇੰਸਟਾਗਰਾਮ ਦਾ ਇੱਕ ਹੋਰ ਰੂਪ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਸਟਾਗਰਾਮ ਨਾਂ ਦਾ ਪਲੈਟਫਾਰਮ ਲਾਂਚ ਕਰਨ ਦੀ ਫਿ਼ਰਾਕ ਵਿਚ ਹੈ ਜਿਸ ਦੇ ਨਤੀਜੇ ਕਿਤੇ ਖ਼ਤਰਨਾਕ ਹੋਣੇ ਹਨ।
ਇੱਕ ਹੋਰ ਇੰਕਸ਼ਾਫ ਵਿਚ ਇਹ ਦੱਸਿਆ ਗਿਆ ਕਿ ਫੇਸਬੁੱਕ ਅਜਿਹੇ ਗਣਿਤ ਫਾਰਮੂਲੇ ਘੜਦੀ ਹੈ ਜਿਸ ਦੇ ਵਿਚ ਕਿਸੇ ਪੋਸਟ ਨੂੰ ਕੋਈ ਕੁਮੈਂਟ, ਲਾਈਕਸ ਜਾਂ ਕੋਈ ਹੋਰ ਟਿੱਪਣੀਆਂ ਦਰਿਆਫ਼ਤ ਹੁੰਦੀਆਂ ਹਨ ਤਾਂ ਉਸ ਪੋਸਟ ਨੂੰ ਪੂਰੀ ਤੇਜ਼ੀ ਨਾਲ ਜੰਗਲ ਦੀ ਅੱਗ ਦੀ ਰਫ਼ਤਾਰ ਨਾਲ ਉਹ ਗਣਿਤ ਫਾਰਮੂਲੇ ਫੈਲਾਉਂਦੇ ਹਨ ਅਤੇ ਉਸ ਪੋਸਟ ਨੂੰ ਪੂਰੀ ਅਹਿਮ ਜਗ੍ਹਾ ਮੁਹੱਈਆ ਕੀਤੀ ਜਾਂਦੀ ਹੈ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਪੋਸਟਾਂ ਦੇ ਮਾਮਲੇ ਵਿਚ ਕਿਸੇ ਕਰੋਨੋਲੋਜੀਕਲ ਆਰਡਰ (ਸਮੇਂ ਅਨੁਸਾਰ ਅੱਗੜ-ਪਿੱਛੜ ਕਰਨ ਦਾ ਕਾਰਜ) ਨੂੰ ਬੇਰਹਿਮੀ ਨਾਲ ਉਲੰਘਿਆ ਜਾਂਦਾ ਹੈ। ਇਸ ਫਾਰਮੂਲੇ ਤਹਿਤ ਸਨਸਨੀਖੇਜ਼ ਮਸਾਲਾ ਰੌਸ਼ਨੀ ਦੀ ਰਫ਼ਤਾਰ ਨਾਲ ਪਲੈਟਫਾਰਮ ਰਾਹੀਂ ਸਬੰਧਤ ਭਾਈਚਾਰਿਆਂ ਅੰਦਰ ਫੈਲਦਾ ਹੈ ਅਤੇ ਇਹ ਘ੍ਰਿਣਾ, ਨਫ਼ਰਤ ਅਤੇ ਗਲਤ-ਮਲਤ ਜਾਣਕਾਰੀ ਫੈਲਾਉਣ ਦਾ ਜ਼ਰੀਆ ਮਾਤਰ ਬਣ ਕੇ ਰਹਿ ਜਾਂਦਾ ਹੈ ਜਿਵੇਂ ਜਦੋਂ ਵੀ ਕਿਸੇ ਸਥਾਨ ਤੇ ਫਿਰਕੂ, ਨਸਲੀ, ਭਾਸ਼ਾਈ, ਰੰਗਭੇਦੀ, ਇਲਾਕਾਈ ਆਦਿ ਦੰਗੇ ਭੜਕੇ ਹਨ ਤਾਂ ਉਹਨਾਂ ਦੀ ਪਿੱਠਭੂਮੀ ਵਿਚ ਅਜਿਹੇ ਪਲੈਟਫਾਰਮਾਂ ‘ਤੇ ਉਗਲੀ ਜ਼ਹਿਰ ਦਾ ਬਹੁਤ ਅਹਿਮ ਰੋਲ ਨੋਟ ਕੀਤਾ ਗਿਆ। ਨਾਗਰਿਕਤਾ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦਿੱਲੀ ਦੇ ਫਿਰਕੂ ਦੰਗਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਹਨਾਂ ਦੌਰਾਨ ਅਤੇ ਇਹਨਾਂ ਦੰਗਿਆਂ ਤੋਂ ਪਹਿਲਾਂ ਮੁਸਲਿਮ ਵਿਰੋਧੀ ਪ੍ਰਚਾਰ ਪੂਰੇ ਜ਼ੋਰਾਂ ਤੇ ਸੀ।
ਇਸ ਦੇ ਨਾਲ ਹੀ ਇਹ ਗੱਲ ਵੀ ਬਹੁਤ ਅਹਿਮ ਹੈ ਕਿ ਫੇਸਬੁੱਕ ਕੋਲ ਜਿਸ ਪੱਧਰ ਦੀ ਜਾਣਕਾਰੀ ਫੇਸਬੁੱਕ ਯੂਜਰਜ਼ ਬਾਰੇ ਜਮ੍ਹਾਂ ਪਈ ਹੈ, ਉਸ ਦੀ ਨਾਜਾਇਜ਼ ਢੰਗ ਨਾਲ ਵਰਤੋਂ ਕੀਤੇ ਜਾਣ ਬਾਰੇ ਵੀ ਖ਼ਦਸ਼ੇ ਹਨ। ਵ੍ਹੱਟਸਐਪ ਬਾਰੇ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਇਸ ਪਲੈਟਫਾਰਮ ਤੇ ਕੀਤੀ ਗੱਲਬਾਤ ਅਤੇ ਜਾਣਕਾਰੀ ਦਾ ਆਦਾਨ-ਪ੍ਰਦਾਨ ਬਿੱਲਕੁੱਲ ਹੀ ਫੂਲਪਰੂਫ (ਕਿਸੇ ਹੋਰ ਨਾਲ ਸਾਂਝਾ ਕੀਤੇ ਜਾਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ) ਪਰ ਨਾਲ ਹੀ ਇਹ ਕਿ ਜਦ ਵੀ ਸਰਕਾਰ ਕਿਸੇ ਵੀ ਸ਼ਖਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਚਾਹੇ, ਉਹ ਮੁਹੱਈਆ ਕੀਤੀ ਜਾਂਦੀ ਹੈ। ਫੇਸਬੁੱਕ ਤੇ ਯੂਜਰਜ਼ ਬਾਰੇ ਜਾਣਕਾਰੀ ਓਪਨ ਹੀ ਹੈ, ਭਾਵ ਖੁੱਲ੍ਹੀ ਕਿਤਾਬ ਵਾਂਗ ਨਸ਼ਰ ਹੈ। ਮਿਸਾਲ ਵਜੋਂ ਜਦ ਵੀ ਅਸੀਂ ਕਿਸੇ ਵੀ ਪ੍ਰਾਡਕਟ ਦੀ ਐਡ ਤੇ ਕਲਿੱਕ ਕਰਦੇ ਹਾਂ ਤਾਂ ਉਸ ਪ੍ਰਾਡਕਟ ਦੀ ਉਹੀ ਜਾਂ ਉਹਦੇ ਨਾਲ ਮਿਲਦੀਆਂ-ਜੁਲਦੀਆਂ ਐਡ ਸਾਡਾ ਖਹਿੜਾ ਨਹੀਂ ਛੱਡਦੀਆਂ; ਭਾਵ ਉਸ ਡਾਟਾ ਨੂੰ ਇਸ ਫੇਸਬੁੱਕ ਪਲੈਟਫਾਰਮ ਨੇ ਆਪਣੇ ਵਪਾਰਕ ਮੁਫ਼ਾਦਾਂ ਨੂੰ ਮੁੱਖ ਰੱਖਦਿਆਂ ਉਹਨਾਂ ਵਪਾਰਕ ਅਦਾਰਿਆਂ ਨਾਲ ਸਾਂਝਾ ਕੀਤਾ ਹੋਇਆ ਹੈ। ਫੇਸਬੁੱਕ ਨੂੰ ਯੂਜਰਜ਼ ਦੇ ਸਿਆਸੀ ਝੁਕਾਵਾਂ, ਉਸ ਦੀ ਪਸੰਦ-ਨਾਪਸੰਦ, ਉਸ ਦੀ ਮਿੱਤਰ ਮੰਡਲੀ, ਯੂਜਰਜ਼ ਦੀ ਲੋਕੇਸ਼ਨ, ਉਹਨਾਂ ਦੀ ਇੱਕ ਥਾਂ ਤੋਂ ਦੂਜੇ ਸਥਾਨ ਵੱਲ ਜਾਣ ਦੀ ਜਾਣਕਾਰੀ, ਕਿਸ ਨਾਲ ਕਿਹੋ ਜਿਹੀਆਂ ਗੱਲਾਂ, ਵਿਚਾਰ ਸਾਂਝਾ ਕਰਦਾ ਹੈ, ਬਾਰੇ ਪੂਰਨ ਸਟੀਕ ਜਾਣਕਾਰੀ ਫੇਸਬੁੱਕ ਕੋਲ ਪਈ ਹੈ ਜਿਸ ਨੂੰ ਸਰਕਾਰਾਂ ਅਤੇ ਸਵਾਰਥੀ ਅਨਸਰ ਅਕਸਰ ਹੀ ਆਪਣੇ ਮੁਫ਼ਾਦਾਂ ਲਈ ਵਰਤੋਂ ਵਿਚ ਲਿਆਉਂਦੇ ਹਨ।
ਇਸ ਦੇ ਨਾਲ ਹੀ ਸਰਕਾਰ ਦੀ ਆਲੋਚਨਾ ਨੂੰ ਮੁੱਢ ਵਿਚ ਹੀ ਨੱਪ ਦੇਣ ਦਾ ਪੂਰਾ ਬੰਦੋਬਸਤ ਵੀ ਫੇਸਬੁੱਕ ਨੇ ਬਾਖੂਬੀ ਕੀਤਾ ਹੋਇਆ ਹੈ। ਪਿਛਲਾ ਤਜਰਬਾ ਦਿਖਾਉਂਦਾ ਹੈ ਕਿ ਕਿਵੇਂ ਸਰਕਾਰ ਦੀ ਕਿਸੇ ਵੀ ਟੀਕਾ-ਟਿੱਪਣੀ ਨੂੰ ਉੱਥੇ ਹੀ ਦੱਬ ਦਿੱਤਾ ਜਾਂਦਾ ਹੈ, ਉਸ ਯੂਜਰ ਨੂੰ ਪੂਰਨ ਰੂਪ ਵਿਚ ਮਹੀਨੇ ਲਈ ਬਲਾਕ ਕਰ ਦਿੱਤਾ ਜਾਂਦਾ ਹੈ, ਇਹ ਕਹਿਕੇ ਕਿ ਉਸ ਦੀ ਇਹ ਟਿੱਪਣੀ ਸਮਾਜਿਕ, ਭਾਈਚਾਰਕ ਮਿਆਰਾਂ ਅਨੁਸਾਰ ਨਹੀਂ ਹੈ; ਲਿਹਾਜਾ ਇਹ ਸਮਾਜ ਲਈ ਘਾਤਕ ਹੈ, ਕਿ ਇਹ ਪੋਸਟ ਬਿਨਾ ਤੱਥਾਂ ਤੋਂ ਹੈ ਆਦਿ। ਫੇਸਬੁੱਕ ਰਾਹੀਂ ਫੈਲਾਏ ਜਾ ਰਹੇ ਝੂਠ ਤੂਫ਼ਾਨ ਦਾ ਖੁਰਾ-ਖੋਜ ਲੱਭਣ ਲਈ ਕੇਰਲ ਵਿਚ ਫੇਸਬੁੱਕ ਦੇ ਇੱਕ ਖੋਜਾਰਥੀ ਨੇ ਫੇਸਬੁੱਕ ਤੇ ਆਪਣਾ ਨਵਾਂ ਖਾਤਾ ਖੋਲ੍ਹ ਕੇ ਕੇਰਲ ਦੇ ਇੱਕ ਯੂਜਰ ਦਾ ਤਜਰਬਾ ਹੱਡੀਂ ਹੰਢਾਉਣ ਦੀ ਵਿਉਂਤ ਬਣਾਈ। ਉਸ ਨੇ ਆਪਣੇ ਇਸ ਖਾਤੇ ਨੂੰ ਫੇਸਬੁੱਕ ਵੱਲੋਂ ਸੁਝਾਏ ਗਏ ਸਾਰੇ ਫੇਸਬੁੱਕ ਰੇਂਜਾਂ ਨੂੰ ਆਪਣੀਆਂ ਗੁਜ਼ਾਰਿਸ਼ਾਂ ਭੇਜੀਆਂ। ਇਸ ਉਪਰੰਤ ਉਸ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਕਿ ਜਦੋਂ ਉਸ ਨੇ ਜੋ ਨੋਟ ਕੀਤਾ ਕਿ ਕਿਵੇਂ ਉਸ ਨੇ ਆਪਣੀ ਨਿਊਜ਼ ਫੀਡ ਵਿਚ ਮੋਇਆਂ ਦੀਆਂ ਐਨੀਆਂ ਨਿਊਜ਼ ਦੇਖੀਆਂ ਜਿੰਨੇ ਮੋਇਆਂ ਨੂੰ ਕਿ ਉਸ ਨੇ ਆਪਣੀ ਸਾਰੀ ਜਿ਼ੰਦਗੀ ਵਿਚ ਦੇਖਿਆ ਹੀ ਨਹੀਂ ਸੀ ਕਿਉਂਕਿ ਅਜਿਹੀਆਂ ਜਾਅਲੀ ਆਈਡੀਜ਼ ਦੀ ਭਰਮਾਰ ਫੇਸਬੁੱਕ ਤੇ ਮੌਜੂਦ ਪਈ ਹੈ। 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਦੇ ਅਰਸੇ ਵਿਚ ਫੇਸਬੁੱਕ ਦੇ ਗਣਿਤ ਫਾਰਮੂਲੇ ਸਿਆਸੀ ਅਤੇ ਫ਼ੌਜੀ ਸਮੱਗਰੀ ਵਾਲੇ ਪੇਜਾਂ ਦੇ ਸੁਝਾਵਾਂ ਨਾਲ ਭਰਪੂਰ ਰਹੇ। ਵਾਚ ਅਤੇ ਲਾਈਵ ਟੈਬਾਂ ਨੂੰ ਕਲਿੱਕ ਕਰਨ ਤੇ ਉਹਨੂੰ ਪੋਰਨ (ਲੱਚਰ, ਅਸ਼ਲੀਲ) ਸਮੱਗਰੀ ਅਲਗਾਰਿਦਮ ਨੇ ਪਰੋਸੀ।
ਇੱਥੇ ਇੱਕ ਹੋਰ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਫੇਸਬੁੱਕ ਨੂੰ ਹੋਣ ਵਾਲੀ 2021 ਦੀ ਪਹਿਲੀ ਚੌਥਾਈ ਦੀ ਆਮਦਨੀ ਦਾ 52.5% ਹਿੱਸਾ ਅਮਰੀਕਾ ਅਤੇ ਕੈਨੇਡਾ ਤੋਂ ਬਾਹਰ ਤੋਂ ਪ੍ਰਾਪਤ ਹੋਇਆ ਹੈ ਪਰ ਅਜਿਹੀਆਂ ਗਲਤ-ਮਲਤ ਸੂਚਨਾਵਾਂ ਦੇਣ ਲਈ ਕੀਤੇ ਜਾਣ ਵਾਲੇ ਕੁੱਲ ਆਲਮੀ ਖ਼ਰਚੇ ਦਾ 87% ਸਿਰਫ ਅਮਰੀਕਾ ਵਿਚ ਹੀ ਖ਼ਰਚਿਆ ਜਾਂਦਾ ਹੈ ਅਤੇ ਬਾਕੀ ਦਾ ਨਿਗੂਣਾ ਸਾਰੇ ਸੰਸਾਰ ਲਈ ਰੱਖਿਆ ਗਿਆ ਹੈ।
ਵਿਗਿਆਨ ਦੀਆਂ ਹੋਰਨਾਂ ਪ੍ਰਾਪਤੀਆਂ ਵਾਂਗ ਸੂਚਨਾ ਤਕਨਾਲੋਜੀ ਵਿਚ ਹੋਈ ਲਾਜਵਾਬ ਤਰੱਕੀ ਆਸਰੇ ਵੀ ਮਨੁੱਖ ਨੇ ਅਗਾਂਹ ਵੱਲ ਛਲਾਂਗ ਪੁੱਟਣ ਦੀ ਦਿਸ਼ਾ ਵਿਚ ਕਦਮ ਵਧਾਏ ਹਨ। ਇਸ ਨੇ ਹਰ ਯੂਜਰ ਨੂੰ ਲੱਗਦਾ ਹੈ ਕਿ ਫੇਸਬੁੱਕ ਵਰਗਾ ਪਲੈਟਫਾਰਮ ਉਸ ਨੂੰ ਲਗਭਗ ਹਰ ਮਾਮਲੇ ਤੇ ਹੀ ਆਪਣੇ ਨਿੱਜੀ ਵਿਚਾਰ ਪ੍ਰਗਟ ਕਰਨ ਲਈ ਮੁਹੱਈਆ ਕੀਤਾ ਹੋਇਆ ਹੈ ਪਰ ਉਸ ਯੂਜਰ ਦੀ ਖੁਸ਼ਫਹਿਮੀ ਉਦੋਂ ਕਾਫ਼ੂਰ ਹੋ ਜਾਂਦੀ ਹੈ ਜਦੋਂ ਉਹਦੇ ਵਿਚਾਰਾਂ ਨੂੰ ‘ਭਾਈਚਾਰੇ ਦੇ ਮਾਨਕਾਂ ‘ਤੇ ਪੂਰੇ ਨਾ ਉਤਰਦੇ ਹੋਣ’ ਕਰਕੇ ਬਲਾਕ ਕਰਕੇ ਉਸ ਦਾ ਖਾਤਾ ਸਸਪੈਂਡ ਕਰ ਦਿੱਤਾ ਜਾਂਦਾ ਹੈ।
ਸਾਮਰਾਜੀ ਸਰਮਾਏਦਾਰਾਨਾ ਯੁੱਗ ਵਿਚ ਵਿਗਿਆਨ ਦੀ ਹਰ ਤਰੱਕੀ ਨੂੰ ਆਪਣੇ ਨਿੱਜੀ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਲਗਾਤਾਰ ਵਰਤੇ ਜਾਣਾ ਆਮ ਗੱਲ ਹੈ। ਲੋੜ ਹੈ ਹਾਕਮ ਜਮਾਤਾਂ ਵੱਲੋਂ ਆਪਣੇ ਹੱਕ ਵਿਚ ਵਰਤੀ ਜਾਂਦੀ ਵਿਗਿਆਨ ਦੀ ਹਰ ਤਰਕੀਬ ਨੂੰ ਡੂੰਘਾਈ ਨਾਲ ਸਮਝਣ ਦੀ ਅਤੇ ਵਿਸ਼ਾਲ ਲੋਕਾਈ ਨੂੰ ਇਸ ਬਾਰੇ ਜਾਗਰੂਕ ਕਰਦਿਆਂ ਵਿਗਿਆਨ ਦੀ ਅਜਿਹੀ ਲੋਕ ਦੋਖੀ ਵਰਤੋਂ ਨੂੰ ਬੰਨ੍ਹ ਮਾਰਨ ਦੀ, ਫੇਸਬੁੱਕ ਵਰਗੇ ਸੋਸ਼ਲ ਪਲੈਟਫਾਰਮਾਂ ਦੀ ਵਰਤੋਂ ਵਿਚ ਪਾਰਦਰਸ਼ਤਾ ਲਿਆਉਣ ਲਈ ਆਵਾਜ਼ ਬੁਲੰਦ ਕਰਨ ਦੀ, ਸਰਕਾਰ ਅਤੇ ਕਾਰਪੋਰੇਟ ਜਗਤ ਦਰਮਿਆਨ ਪੱਕੇ ਰਿਸ਼ਤੇ ਨੂੰ ਉਜਾਗਰ ਕਰਨ ਦੀ, ਜੱਗ ਜ਼ਾਹਿਰ ਕਰਨ ਦੀ ਤਾਂ ਜੋ ਵਿਗਿਆਨ ਦੀ ਅਜਿਹੀ ਤਰੱਕੀ ਨੂੰ ਵਿਸ਼ਾਲ ਲੋਕਾਈ ਦੇ ਹਿੱਤਾਂ ਵਿਚ ਵਰਤੋਂ ਵਿਚ ਲਿਆਂਦਾ ਜਾ ਸਕੇ ਅਤੇ ਵਧੀਆ ਉਸਾਰੂ ਸਮਾਜ ਸਿਰਜਿਆ ਜਾ ਸਕੇ।
ਸੰਪਰਕ: 94170-79720