ਜਤਿੰਦਰ ਪਨੂੰ
ਮੈਨੂੰ ਇਹ ਕਈ ਵਾਰ ਕਈ ਲੋਕਾਂ ਤੋਂ ਸੁਣਨਾ ਪਿਆ ਕਿ ਤੁਸੀਂ ਆਪਣੇ ਦੇਸ਼ ਲਈ ਭਾਰਤ ਅਤੇ ਇੰਡੀਆ ਦੀ ਬਜਾਏ ਜਿਹੜਾ ‘ਹਿੰਦੁਸਤਾਨ’ ਦਾ ਸ਼ਬਦ ਵਰਤਦੇ ਹੋ, ਇਹ ਵਰਤਣਾ ਬੰਦ ਕਰੋ। ਉਨ੍ਹਾਂ ਦੀ ਸਮਝ ਹੈ ਕਿ ਇਹ ਸ਼ਬਦ ਹਿੰਦੂਤਵ ਦਾ ਪ੍ਰਤੀਕ ਹੈ। ਮੇਰੇ ਲਈ ‘ਹਿੰਦੁਸਤਾਨ’ ਦਾ ਸ਼ਬਦ ਹਿੰਦੂਤਵ ਦਾ ਪ੍ਰਤੀਕ ਨਹੀਂ, ਸਾਡੀ ਵਿਰਾਸਤ ਦਾ ਪ੍ਰਤੀਕ ਹੈ। ਸਾਡੇ ਗ਼ਦਰ ਪਾਰਟੀ ਦੇ ਨਾਇਕ ਆਪਣੇ ਗੀਤਾਂ ਵਿਚ ਜਦੋਂ ‘ਹਿੰਦ ਵਾਸੀਓ ਅਤੇ ਹਿੰਦੀਓ’ ਲਫਜ਼ ਵਰਤਦੇ ਰਹੇ ਹਨ ਤਾਂ ਫਿਰ ਇਹ ਨਾਂ ਵਰਤਣ ’ਤੇ ਕਿੰਤੂ ਕਿਉਂ? ਉਨ੍ਹਾਂ ਤੋਂ ਵੀ ਪਹਿਲਾਂ ਇਹੋ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਵਿਚ ਵਰਤ ਕੇ ‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ’ (ਪੰਨਾ 360) ਤੇ ‘ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ’ (ਪੰਨਾ: 723) ਲਿਖਿਆ ਸੀ।
ਇਸ ਵੇਲੇ ਆਰਐੱਸਐੱਸ ਦੇ ਲੀਡਰ ਮੋਹਣ ਭਾਗਵਤ ਤੇ ਕੁਝ ਹੋਰ ਲੋਕ ਪੇਸ਼ ਕਰਨਾ ਚਾਹੁੰਦੇ ਹਨ। ਇਸ ਮੁਲਕ ਲਈ ਚਾਣਕਿਆ ਅਰਥ ਸ਼ਾਸਤਰ ਵਿਚ ਇਕ ਹੋਰ ਨਾਮ ‘ਜੰਬੂਦੀਪ’ ਵੀ ਵਰਤਿਆ ਗਿਆ ਹੈ, ਵਿਸ਼ਣੂੰ ਪੁਰਾਣ ਵਿਚ ‘ਭਾਰਤ ਵਰਸ਼’ ਅਤੇ ਦਸਵੀਂ ਸਦੀ ਵਿਚ ‘ਅਲ ਹਿੰਦ’ ਤੋਂ ਚੱਲਦਾ ਹੌਲੀ-ਹੌਲੀ ‘ਹਿੰਦੁਸਤਾਨ’ ਬਣਨ ਤਕ ਪਹੁੰਚ ਗਿਆ ਸੀ। ਇਸ ਦੇਸ਼ ਦੇ ਕਈ ਨਾਂ ਹੋਰ ਲੱਭ ਸਕਣ ਦੀ ਵੀ ਗੁੰਜਾਇਸ਼ ਹੈ ਅਤੇ ਹਰ ਨਾਂ ਪਿੱਛੇ ਕੋਈ ਕਾਰਨ ਤੇ ਖ਼ਾਸ ਸਮਾਂ ਸੀ, ਇਸ ਕਰ ਕੇ ਇਸ ਬਹਿਸ ਵਿਚ ਫਸਣ ਦੀ ਲੋੜ ਨਹੀਂ, ਅਸਲ ਮੁੱਦਾ ਇਸ ਦੀ ਅਨੇਕਤਾ ਵਿਚ ਏਕਤਾ ਦਾ ਹੈ, ਜਿਹੜੀ ਇਸ ਵਕਤ ਖ਼ਤਰੇ ਵਿਚ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਰਐੱਸਐੱਸ ਦੇ ਮੁਖੀ ਮੋਹਣ ਭਾਗਵਤ ਨੇ ‘ਅਖੰਡ ਭਾਰਤ’ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ‘ਅਖੰਡ ਭਾਰਤ’ ਹਿੰਦੂ ਧਰਮ ਦੇ ਉਭਾਰ ਨਾਲ ਹੀ ਬਣ ਸਕਦਾ ਹੈ। ਉਸ ਵੱਲੋਂ ਆਪਣੀ ਸੋਚ ਨਾਲ ਜੋੜੀ ਗਈ ਹਿੰਦੂ ਧਰਮ ਦੀ ਗੱਲ ਧਿਆਨ ਮੰਗਦੀ ਹੈ। ਪਿਛਲੇ ਦਿਨਾਂ ਦੀਆਂ ਘਟਨਾਵਾਂ ਇਸ ਦਾ ਮੁੱਢ ਸਮਝੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੌਰਾਨ ਕੁਝ ਸ਼ਹਿਰਾਂ ਦੇ ਨਾਂ ਬਦਲਣ ਦਾ ਚੱਕਰ ਚੱਲਦਾ ਅਸੀਂ ਵੇਖਿਆ ਹੈ। ਕੁਝ ਦਿਨ ਪਹਿਲਾਂ ਹੀ ਅਸੀਂ ਮੱਧ ਪ੍ਰਦੇਸ਼ ਸਰਕਾਰ ਨੂੰ ‘ਹੋਸ਼ੰਗਾਬਾਦ’ ਦਾ ਨਾਂ ਬਦਲ ਕੇ ‘ਨਰਮਦਾਪੁਰਮ’ ਰੱਖਦਾ ਵੇਖ ਚੁੱਕੇ ਹਾਂ। ਇਸ ਤੋਂ ਪਹਿਲਾਂ ਅਲਾਹਾਬਾਦ ਦਾ ਨਾਂ ਬਦਲ ਕੇ ‘ਪ੍ਰਯਾਗਰਾਜ’ ਅਤੇ ਮੁਗਲ ਸਰਾਏ ਦਾ ਨਾਂ ਬਦਲ ਕੇ ‘ਦੀਨ ਦਿਆਲ ਉਪਾਧਿਆਏ ਨਗਰ’ ਰੱਖਿਆ ਜਾ ਚੁੱਕਾ ਸੀ। ਇਹ ਖੇਡ ਅੱਗੇ ਚੱਲੀ ਤਾਂ ਮੁਜ਼ੱਫਰਨਗਰ ਤੋਂ ਚੱਲ ਕੇ ਕਿਸੇ ਦਿਨ ਲੁਧਿਆਣਾ ਤਕ ਪੁੱਜ ਸਕਦੀ ਹੈ, ਜਿਹੜਾ ਪੰਦਰਵੀਂ ਸਦੀ ਵਿਚ ਦਿੱਲੀ ਵਾਲੇ ਲੋਧੀ ਸੁਲਤਾਨ ਦੇ ਨਾਂ ਉੱਤੇ ਵੱਸਿਆ ਸੀ।
ਅਸੀਂ ਇਹ ਸਮਝਦੇ ਹਾਂ ਕਿ ਆਰਐੱਸਐੱਸ ਅਤੇ ਇਸ ਨਾਲ ਜੁੜੀ ਵਿਚਾਰਧਾਰਾ ਵਾਲੇ ਲੋਕ ਚੁਣ-ਚੁਣ ਕੇ ਕਈ ਸ਼ਬਦਾਂ ਉੱਤੇ ਇਤਰਾਜ਼ ਕਰਦੇ ਤੇ ਮੁੱਦਾ ਬਣਾਉਂਦੇ ਹਨ। ਪੰਜਾਬੀ ਭਾਸ਼ਾ ਵਿਚ ਅੱਜਕੱਲ੍ਹ ਚੱਲਦੇ ਬਹੁਤ ਸਾਰੇ ਸ਼ਬਦ ਹਿੰਦੀ ਜਾਂ ਸੰਸਕ੍ਰਿਤ ਵਿਚੋਂ, ਬਹੁਤ ਸਾਰੇ ਅਰਬੀ-ਫਾਰਸੀ ਅਤੇ ਅੰਗਰੇਜ਼ੀ ਵਿਚੋਂ ਆਏ ਹੋਏ ਹਨ। ਅਕਬਰ ਦੇ ਸਮੇਂ ਉਸ ਦੇ ਨੌਂ ਰਤਨਾਂ ਵਿਚੋਂ ਇਕ ਟੋਡਰ ਮੱਲ ਨੇ ਜਦੋਂ ਖੇਤਾਂ ਦੀ ਮਿਣਤੀ ਕਰਵਾਈ ਤਾਂ ਪਟਵਾਰੀ ਅਤੇ ਲੰਬੜਦਾਰ ਸ਼ਬਦ ਵਰਤੇ ਜਾਣੇ ਸ਼ੁਰੂ ਹੋਏ ਸਨ ਅਤੇ ਅੱਜ ਤਕ ਚੱਲ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੀ ਛਾਪੀ ਹੋਈ ‘ਅਰਬੀ-ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਵਿਚ ਦਰਜ ਹੈ ਕਿ ‘ਲੰਬੜਦਾਰ’ ਅਸਲ ਵਿਚ ਅਲਮ-ਬਰਦਾਰ ਹੁੰਦਾ ਸੀ, ਪਰ ਸਮਾਂ ਪਾ ਕੇ ਇਹ ‘ਅਲੰਬਰਦਾਰ’ ਤੋਂ ਹੁੰਦਾ ਹੋਇਆ ਆਖਰ ਨੂੰ ‘ਲੰਬੜਦਾਰ’ ਬਣ ਗਿਆ ਤੇ ਅੰਗਰੇਜ਼ੀ ਦੇ ਪ੍ਰਭਾਵ ਹੇਠ ਕਈ ਲੋਕ ਇਸ ਨੂੰ ਖੇਤਾਂ ਦੇ ਨੰਬਰਾਂ ਨਾਲ ਜੋੜ ਕੇ ‘ਨੰਬਰਦਾਰ’ ਵੀ ਕਹਿਣ ਲੱਗੇ ਹਨ। ਅਸੀਂ ਇਸ ਬਹਿਸ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਪਰ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਲੋਕ ਸਭਾ ਵਿਚ ਮੁੱਦਾ ਉਠਾ ਦਿੱਤਾ ਕਿ ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਹਨ ਤਾਂ ਇਹ ਗੱਲ ਜਾਣ ਲਵੋ ਕਿ ‘ਸ਼ਾਹ’ ਲਫਜ਼ ਵੀ ਭਾਰਤੀ ਸੰਸਕ੍ਰਿਤੀ ਵਿਚੋਂ ਨਹੀਂ ਉਪਜਿਆ, ਉਸੇ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਵੈਸੀ ਦੀ ਇਹ ਮਿਸਾਲ ਠੀਕ ਹੈ। ਇਹੀ ਨਹੀਂ, ਅਗਲੀ ਗੱਲ ਇਹ ਕਿ ਸੁਲਤਾਨਪੁਰ ਵਿਚ ਜਿਹੜਾ ‘ਮੋਦੀ-ਖਾਨਾ’ ਚੱਲਦਾ ਸੀ, ਉਸ ਵਿਚਲਾ ‘ਮੋਦੀ’ ਅਰਬੀ ਵਿਚੋਂ ਅਤੇ ਦੂਸਰਾ ਸ਼ਬਦ ‘ਖਾਨਾ’ ਫਾਰਸੀ ਵਿਚੋਂ ਆਇਆ ਹੈ। ਮੁਸਲਮਾਨਾਂ ਦੇ ਆਉਣ ਤਕ ਇਹ ਸ਼ਬਦ ਭਾਰਤੀ ਭਾਸ਼ਾ ਦਾ ਅੰਗ ਨਹੀਂ ਸਨ ਅਤੇ ਇਤਿਹਾਸ ਵਿਚ ਸਾਡੀ ਜਾਣਕਾਰੀ ਮੁਤਾਬਕ ਕਿਸੇ ਵੀ ਕਿਰਦਾਰ ਦਾ ਨਾਂ ਇਨ੍ਹਾਂ ਦੋ ਸ਼ਬਦਾਂ ਨਾਲ ਜੁੜਦਾ ਨਹੀਂ ਲੱਭਦਾ, ਜਿਸ ਦਾ ਸਬੰਧ ਹਿੰਦੂ ਧਰਮ ਜਾਂ ‘ਹਿੰਦੂਤਵ’ ਨਾਲ ਜੋੜਿਆ ਜਾ ਸਕੇ। ਜਦੋਂ ਇਸਲਾਮ ਭਾਰਤ ਵੱਲ ਆਇਆ ਤਾਂ ਜਿਹੜੇ ਦੇਸ਼ਾਂ ਤੋਂ ਹੁੰਦਾ ਹੋਇਆ ਇੱਥੇ ਆਇਆ ਸੀ, ਉਨ੍ਹਾਂ ਵਿਚ ਅਫ਼ਗਾਨਿਸਤਾਨ, ਬਲੋਚਸਤਾਨ ਤੇ ਕਈ ‘ਸਤਾਨ’ ਹੋਰ ਹੋਣ ਕਾਰਨ ਉਨ੍ਹਾਂ ਨੇ ਸਿੰਧੂ’, ਜਿਸ ਨੂੰ ਉਹ ਆਪਣੇ ਲਹਿਜੇ ਵਿਚ ‘ਹਿੰਦੂ’ ਬੋਲਦੇ ਸਨ, ਤੋਂ ਪਾਰਲੇ ਇਲਾਕੇ ਲਈ ‘ਹਿੰਦੁਸਤਾਨ’ ਦਾ ਸ਼ਬਦ ਵਰਤ ਲਿਆ ਅਤੇ ਹੌਲੀ-ਹੌਲੀ ਇਸ ਦੇਸ਼ ਦਾ ਇਸ ਤੋਂ ਪਹਿਲਾ ਨਾਂ ਲੋਕਾਂ ਦੇ ਚੇਤੇ ਤੋਂ ਨਿਕਲਣ ਲੱਗ ਪਿਆ ਸੀ। ਹਿੰਦੂ ਧਰਮ ਨਾਲ ਇਸ ਸ਼ਬਦ ਨੂੰ ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਜੋੜਿਆ ਗਿਆ ਸੀ।
ਇਸ ਵਕਤ ਜਿਹੜੇ ਮੋੜ ਉੱਤੇ ਭਾਰਤ ਖੜ੍ਹਾ ਹੈ ਜਿੱਥੋਂ ਦੀ ਸੱਤਾਧਾਰੀ ਪਾਰਟੀ ਦੇ ਪਿੱਛੇ ਖੜ੍ਹਾ ਆਰਐੱਸਐੱਸ ਦਾ ਮੁਖੀ ਮੋਹਣ ਭਾਗਵਤ ਇਸ ਦੇਸ਼ ਨੂੰ ‘ਅਖੰਡ ਭਾਰਤ’ ਬਣਾਉਣ ਦਾ ਸੁਫਨਾ ਲੈ ਰਿਹਾ ਹੈ, ਓਥੇ ਜਾ ਕੇ ਬਹੁਤ ਕੁਝ ਸੋਚਣ ਦੀ ਲੋੜ ਹੈ। ਇਸ ਵਕਤ ਇਸ ਤਰ੍ਹਾਂ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਨੂੰ ਕਈ ਲੋਕ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦੇ ਲੋਕ ਵੀ ਆ ਰਹੇ ਹਨ, ਜਿਹੜੇ ਕੁਝ ਸਮਾਂ ਪਹਿਲਾਂ ਤਕ ਇਸ ਵਿਚਾਰਧਾਰਾ ਵਿਚ ਕੋਈ ਕਾਣ ਨਹੀਂ ਸਨ ਵੇਖਦੇ। ਸਾਨੂੰ ਯਾਦ ਹੈ ਕਿ ਚੌਵੀ ਸਾਲ ਪਹਿਲਾਂ ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਦੀ ਪਹਿਲੀ ਸਾਂਝੀ ਸਰਕਾਰ ਬਣੀ ਤਾਂ ਲੁਧਿਆਣਾ ਵਿਚ ਆਰਐੱਸਐੱਸ ਦੇ ਇਕ ਪਰੇਡ ਜਲਸੇ ਵਿਚ ਅਕਾਲੀ ਦਲ ਦੇ ਓਦੋਂ ਦੇ ਤਿੰਨ ਵੱਡੇ ਲੀਡਰ ਉਚੇਚੇ ਸੱਦੇ ਉੱਤੇ ਪਹੁੰਚੇ ਸਨ। ਉਨ੍ਹਾਂ ਤਿੰਨਾਂ ਵਿਚੋਂ ਇਕ ਨੇ ਹੱਸ ਕੇ ਕਿਹਾ ਸੀ ਕਿ ਅਸੀਂ ਤੁਹਾਡੇ ਤੋਂ ਇੱਥੇ ਆ ਕੇ ਏਨਾ ਕੁਝ ਸਿੱਖਿਆ ਹੈ ਕਿ ਸਾਡੇ ਵਰਗਿਆਂ ਦਾ ਬੁੱਢੇ ਵਾਰੇ ਏਹੋ ਜਿਹੀ ਪਰੇਡ ਕਰਨ ਨੂੰ ਜੀਅ ਕਰਨ ਲੱਗ ਪਿਆ ਹੈ। ਇਹ ਖ਼ਬਰ ਉਸ ਵਕਤ ‘ਪੰਜਾਬੀ ਟ੍ਰਿਬਿਊਨ’ ਨੇ ਛਾਪੀ ਸੀ। ਉਸ ਤੋਂ ਬਾਅਦ ਆਰਐੱਸਐੱਸ ਵੱਲੋਂ ਪੰਜਾਬ ਵਿਚ ਕਈ ਵਾਰ ਇਸ ਤਰ੍ਹਾਂ ਦੇ ਖ਼ਾਸ ਜਲਸੇ ਕੀਤੇ ਗਏ ਅਤੇ ਜਦੋਂ ਮਾਨਸਾ ਦਾ ਜਲਸਾ ਹੋਇਆ ਤਾਂ ਅਕਾਲੀ-ਭਾਜਪਾ ਸਰਕਾਰ ਦੇ ਹੁੰਦਿਆਂ ਉਨ੍ਹਾਂ ਦੇ ਇਕ ਸਿੱਖ ਬੁਲਾਰੇ ਨੇ ਕਿਹਾ ਸੀ ਕਿ ਸਾਡਾ ਮਕਸਦ ਪੰਜਾਬ ਵਿਚ ਆਪਣੇ ਸਿਰ ਭਾਜਪਾ ਦੀ ਸਰਕਾਰ ਬਣਾਉਣਾ ਹੈ। ਇਸ ਦਾ ਨੋਟਿਸ ਨਹੀਂ ਸੀ ਲਿਆ ਗਿਆ ਤੇ ਗੱਲ ਵਧਦੀ ਇੱਥੋਂ ਤਕ ਵੀ ਪਹੁੰਚ ਗਈ ਸੀ ਕਿ ਕਿਸਾਨਾਂ ਦਾ ਚਲੰਤ ਸੰਘਰਸ਼ ਸ਼ੁਰੂ ਹੋਣ ਤਕ ਕਈ ਸਿਆਸੀ ਆਗੂ ਇਸ ਯਤਨ ਵਿਚ ਸਨ ਕਿ ਦੂਸਰਿਆਂ ਤੋਂ ਪਹਿਲਾਂ ਭਾਜਪਾ ਨਾਲ ਅਗਲੀ ਚੋਣ ਦਾ ਗੱਠਜੋੜ ਕਰ ਲਈਏ, ਪਰ ਕਿਸਾਨ ਸੰਘਰਸ਼ ਕਾਰਨ ਉਹ ਵਕਤੀ ਤੌਰ ਉੱਤੇ ਖਾਮੋਸ਼ ਹੋ ਗਏ ਹਨ।
ਸਾਨੂੰ ਓਦੋਂ ਹੈਰਾਨੀ ਹੋਈ, ਜਦੋਂ ਭਾਜਪਾ ਨਾਲ ਲੰਬਾ ਸਮਾਂ ਸਾਂਝ ਮਾਣ ਚੁੱਕੇ ਅਤੇ ਆਰਐੱਸਐੱਸ ਦੀਆਂ ਪਰੇਡਾਂ ਵਿਚ ਹਾਜ਼ਰੀ ਭਰ ਚੁੱਕੇ ਇਕ ਆਗੂ ਨੇ ਇਹ ਕਿਹਾ ਕਿ ਮੋਹਣ ਭਾਗਵਤ ਜਿਸ ‘ਅਖੰਡ ਭਾਰਤ’ ਦੀਆਂ ਗੱਲਾਂ ਕਰਦੇ ਹਨ, ਉਸ ਤੋਂ ਸਿੱਖਾਂ ਸਮੇਤ ਸਾਰੀਆਂ ਘੱਟ-ਗਿਣਤੀਆਂ ਨੂੰ ਖ਼ਤਰਾ ਹੈ। ਇਹ ਖ਼ਤਰਾ ਭਾਜਪਾ ਨਾਲ ਸਾਂਝ ਟੁੱਟਣ ਤੋਂ ਬਾਅਦ ਕਿਉਂ ਹੋਇਆ ਹੈ, ਉਸੇ ਵਕਤ ਹੋਣਾ ਚਾਹੀਦਾ ਸੀ, ਜਦੋਂ ਉਹ ਇਹ ਗੱਲ ਕਹਿੰਦੇ ਸਨ ਕਿ ਅਸੀਂ ਓਨਾ ਚਿਰ ਤਕ ਗੱਠਜੋੜ ਦਾ ਧਰਮ ਨਿਭਾਵਾਂਗੇ, ਜਦੋਂ ਤਕ ਸਾਡੇ ਕੋਲ ਆਪਣੀ ਬਹੁ-ਗਿਣਤੀ ਨਹੀਂ ਆ ਜਾਂਦੀ। ਜਿਸ ਵਿਚਾਰਧਾਰਾ ਨੂੰ ਇਸ ਪਾਸੇ ਵਧਦੀ ਵੇਖ ਕੇ ਉਹ ਖਾਮੋਸ਼ ਰਹੇ, ਉਸ ਦਾ ਸੁਫਨਾ ਮੋਹਣ ਭਾਗਵਤ ਨੇ ਅੱਜ ਜਦੋਂ ਪੇਸ਼ ਕੀਤਾ ਹੈ ਤਾਂ ਇਸ ਵਿਚ ਸਿਰਫ਼ ਭਾਜਪਾ ਨੂੰ ਭੰਡਣ ਦੀ ਬਜਾਏ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨਾ ਚਾਹੀਦਾ ਹੈ ਕਿ ਇਸ ਸਾਂਝ ਦੌਰਾਨ ਜਿੰਨਾ ਨੁਕਸਾਨ ਹੋ ਚੁੱਕਾ ਹੈ, ਉਸ ਦੀ ਜ਼ਿੰਮੇਵਾਰੀ ਕੀ ਉਨ੍ਹਾਂ ਲੋਕਾਂ ਦੀ ਨਹੀਂ ਬਣਦੀ, ਜਿਹੜੇ ਪਰੇਡਾਂ ਦਾ ਸ਼ਿੰਗਾਰ ਬਣੇ ਸਨ। ਸਿਰਫ਼ ਉਹ ਹੀ ਨਹੀਂ, ਜਿਹੜੇ ਸੱਜਣ ਅੱਜ ਵੀ ਏਨਾ ਕੁਝ ਹੁੰਦਾ ਵੇਖ ਕੇ ‘ਸਾਨੂੰ ਕੀ’ ਦੀ ਧਾਰਨਾ ਉੱਤੇ ਚੱਲ ਰਹੇ ਹਨ, ਸਮਾਂ ਪਾ ਕੇ ਉਹ ਵੀ ਕਦੇ ਨਾ ਕਦੇ ਇਸ ਮਹਾਨ ਮੁਲਕ ਦੀ ਵਿਰਾਸਤ ਨਾਲ ਹੋ ਰਹੇ ਖਿਲਵਾੜ ਦੇ ਦੋਸ਼ੀ ਠਹਿਰਾਏ ਜਾਣਗੇ। ਮੋਹਣ ਭਾਗਵਤ ਦੇ ਮਨ ਵਿਚ ਛੁਪੇ ਹੋਏ ਸੁਫਨੇ ਦੀ ਮਾਰ ਸਿਰਫ਼ ਭਾਰਤ ਤਕ ਨਹੀਂ ਰਹਿੰਦੀ, ਛੋਟੇ-ਛੋਟੇ ਗਵਾਂਢੀ ਦੇਸ਼ਾਂ ਤਕ ਵੀ ਜਾਂਦੀ ਹੈ, ਜਿਹੜੇ ਕਦੀ ਭਾਰਤ ਦਾ ਹਿੱਸਾ ਹੋਇਆ ਕਰਦੇ ਸਨ, ਪਰ ਅੱਜ ਉਹ ਇਸ ਵਿਚ ਨਹੀਂ। ਇਹ ਸੁਫਨਾ ਭਾਰਤ ਦੇ ਭਵਿੱਖ ਨੂੰ ਕਿਸ ਪਾਸੇ ਨੂੰ ਤੋਰਨ ਵਾਲਾ ਹੈ, ਇਸ ਦਾ ਜੇਕਰ ਕੋਈ ਅਨੁਮਾਨ ਲਾਉਣਾ ਚਾਹੇ, ਤਾਂ ਔਖਾ ਨਹੀਂ।