ਹਮੀਰ ਸਿੰਘ
ਲੋਕ ਇਤਿਹਾਸ ਲਿਖਣ ਦਾ ਰਿਵਾਜ ਅਜੇ ਤਕ ਬਹੁਤਾ ਪ੍ਰਚੱਲਿਤ ਨਹੀਂ ਹੋਇਆ। ਰਾਜਿਆਂ ਦੀਆਂ ਜਿੱਤਾਂ-ਹਾਰਾਂ, ਬਹਾਦਰੀ, ਕਾਬਲੀਅਤ ਜਾਂ ਫਿਰ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਆਗੂਆਂ ਦਾ ਨਾਇਕ ਵਜੋਂ ਸਨਮਾਨ ਇਤਿਹਾਸਕਾਰੀ ਦਾ ਅਨਿੱਖੜਵਾਂ ਅੰਗ ਹੈ। ਹਰ ਦੌਰ ਵਿਚ ਅਤੇ ਹਰ ਜੰਗ ਜਾਂ ਅੰਦੋਲਨ ਵਿਚ ਅਜਿਹੇ ਅਨੇਕਾਂ ਹੀ ਅਣਗੌਲੇ ਨਾਇਕ ਹੁੰਦੇ ਹਨ, ਜਿਨ੍ਹਾਂ ਉੱਤੇ ਇਤਿਹਾਸਕਾਰਾਂ, ਸਾਹਿਤਕਾਰਾਂ ਜਾਂ ਲੇਖਕਾਂ ਦਾ ਧਿਆਨ ਨਹੀਂ ਜਾਂਦਾ। ਆਪਣੇ ਮਿਸ਼ਨ ਲਈ ਬਿਨਾਂ ਕਿਸੇ ਸ਼ੋਹਰਤ, ਲਾਲਚ ਜਾਂ ਗਰਜ਼ ਤੋਂ ਆਪਾ ਵਾਰਨ ਤਕ ਦੇ ਕੀਤੇ ਕੌਲ ਨਿਭਾਉਣ ਵਾਲੇ ਅਜਿਹੇ ਨਾਇਕਾਂ ਲਈ ਇਤਿਹਾਸ ਵਿਚ ਨਾਮ ਦਰਜ ਕਰਵਾਉਣ ਦੀ ਕੋਈ ਤਮੰਨਾ ਵੀ ਨਹੀਂ ਹੁੰਦੀ। ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਦੀਆਂ ਬਰੂਹਾਂ ਤਕ ਪਹੁੰਚਣ ਵਾਲੇ ਕਿਸਾਨ ਅੰਦੋਲਨ ਲਈ ਦੇਸ਼-ਵਿਦੇਸ਼ ਅੰਦਰ ਕਈਆਂ ਨੂੰ ਨਾਇਕ ਵਜੋਂ ਉਭਾਰਨ ਲਈ ਅਨੇਕਾਂ ਲੋਕਾਂ ਦਾ ਤਾਣ ਲੱਗਿਆ ਹੋਇਆ ਹੈ।
ਅਜਿਹੇ ਲੋਕਾਂ ਵੱਲੋਂ ਆਪੋ ਆਪਣੀ ਪਿੱਠ ਖ਼ੁਦ ਥਾਪੜ ਕੇ ਟੀ.ਵੀ. ਚੈਨਲਾਂ ਉੱਤੇ ਇੰਟਰਵਿਊ’ਜ਼ ਦਾ ਪ੍ਰਬੰਧ ਕਰਕੇ ਖ਼ੁਦ ਨੂੰ ਅੰਦੋਲਨ ਦੀ ਰੂਹੇ ਰਵਾਂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਿਸਾਨ ਆਗੂਆਂ ਦੇ ਨਾਮ ਸਾਹਮਣੇ ਆਉਣੇ ਸੁਭਾਵਿਕ ਹੀ ਹਨ। ਗਾਇਕ, ਕਲਾਕਾਰ, ਲੇਖਕ, ਬੁੱਧੀਜੀਵੀ ਅਤੇ ਨਿੱਜੀ ਸਿਆਸੀ ਟੀਚੇ ਨੂੰ ਸਰ ਕਰਨ ਦੀ ਕੋਸ਼ਿਸ਼ ਵਾਲੇ ਕਈ ਵਾਰ ਆਪੋ ਆਪਣੀ ਲਛਮਣ ਰੇਖਾ ਉਲੰਘ ਕੇ ਵੀ ਨਾਇਕੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਕਾਹਲੇ ਹੋ ਜਾਂਦੇ ਹਨ। ਇਸੇ ਕਿਸਾਨ ਅੰਦੋਲਨ ਵਿਚ ਅਜਿਹੇ ਅਨੇਕ ਨਾਇਕ ਬੈਠੇ ਹਨ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਹ ਅੰਦੋਲਨ ਦੇ ਨੀਂਹ ਦੇ ਪੱਥਰ ਹੁੰਦੇ, ਜਿਨ੍ਹਾਂ ਉੱਤੇ ਮਜ਼ਬੂਤ ਇਮਾਰਤਾਂ ਉਸਰਦੀਆਂ ਹਨ, ਪਰ ਜ਼ਮੀਨ ਵਿਚ ਰਹਿ ਕੇ ਵੀ ਸਾਰੀ ਇਮਾਰਤ ਦਾ ਭਾਰ ਸਹਿਣ ਦੇ ਬਾਵਜੂਦ ਉਹ ਉਫ਼ ਤਕ ਨਹੀਂ ਕਰਦੇ। ਅਜਿਹੇ ਲੋਕਾਂ ਦੀ ਛੁਪੇ ਰਹਿਣ ਦੀ ਚਾਹ ਹੀ ਉਨ੍ਹਾਂ ਦੀ ਖ਼ੂਬਸੂੂਰਤੀ ਹੁੰਦੀ ਹੈ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੀ 80 ਸਾਲਾਂ ਨੂੰ ਢੁੱਕੀ ਬੇਬੇ ਹਰਭਜਨ ਕੌਰ ਆਪਣੀ ਇਸੇ ਪਿੰਡ ਦੀ ਸਾਥਣ ਰਮਿੰਦਰ ਕੌਰ ਨਾਲ ਟਿੱਕਰੀ ਹੱਦ ਉੱਤੇ ਪਹੁੰਚੀ। ਫ਼ੈਸਲਾ ਕਰਕੇ ਆਈ ਕਿ ਜਿੱਤ ਤੋਂ ਬਿਨਾਂ ਵਾਪਸ ਮੁੜਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਤਿੰਨ ਪੁੱਤਰਾਂ ਅਤੇ ਇਕ ਧੀਅ ਦੀ ਮਾਂ। ਆਰਥਿਕ ਤੌਰ ਉੱਤੇ ਖੁਸ਼ਹਾਲ ਪਰਿਵਾਰ। ਵੱਡਾ ਬੇਟਾ ਕੈਨੇਡਾ ਦਾ ਨਿਵਾਸੀ ਹੈ। ਹਰਭਜਨ ਕੌਰ ਦੋ ਵਾਰ ਕੈਨੇਡਾ ਵੀ ਦੇਖ ਚੁੱਕੀ ਹੈ। ਬੱਚਿਆਂ ਕੋਲ 15-15 ਕਿੱਲੇ ਜ਼ਮੀਨ ਹੈ। ਵਿਦੇਸ਼ੋਂ ਪੋਤਰਾ ਫੋਨ ਕਰਦਾ ਹੈ ਕਿ ਮਾਤਾ ਤੁਹਾਡੀ ਹਾਜ਼ਰੀ ਲੱਗ ਗਈ, ਹੁਣ ਪਿੰਡ ਚਲੀ ਜਾਹ। ਬੇਬੇ ਦਾ ਇਕ ਜਵਾਬ ਹੁੰਦਾ ਹੈ, ‘ਜਿਸ ਨੇ ਮਿਲਣਾ ਹੈ, ਇਸ ਨਵੇਂ ਬਣਾਏ ਪਿੰਡ ਵਿਚ ਹੀ ਮਿਲ ਜਾਵੇ।’ ਜ਼ਿਆਦਾ ਦਬਾਅ ਪੈਣ ਉੱਤੇ ਪੋਤਰੇ ਦੀ ਲੋਹੜੀ ਮੌਕੇ ਇਕ ਵਾਰ ਪਿੰਡ ਚਲੀ ਗਈ। ਕੁਝ ਦਿਨਾਂ ਵਾਸਤੇ ਘਰਵਾਲਿਆਂ ਨੇ ਡੱਕਣ ਦੀ ਕੋਸ਼ਿਸ਼ ਕੀਤੀ, ਪਰ ਬੇਬੇ ਦਸ ਹਜ਼ਾਰ ਰੁਪਏ ਦੇ ਭਾਂਡੇ ਅਤੇ ਹੋਰ ਵਸਤਾਂ ਲੈ ਕੇ ਪਰਤ ਆਈ। ਹਰਭਜਨ ਕੌਰ ਨੇ ਕਿਹਾ, ‘ਸਭ ਦੇ ਸਿਰ ਪਲੋਸ ਕੇ ਆਈ ਹਾਂ। ਅੰਦੋਲਨ ਜਿੱਤ ਗਿਆ ਤਾਂ ਸਨਮਾਨ ਕਰ ਦੇਣਾ, ਨਹੀਂ ਤਾਂ ਅਰਥੀ ਨੂੰ ਕੰਧਾ ਦੇ ਦੇਣਾ। ਜ਼ਿੰਦਗੀ ਵਿਚ ਬੇਹੱਦ ਮਿਹਨਤ ਕੀਤੀ ਹੈ। ਖੁਸ਼ਹਾਲ ਤੇ ਭਰਿਆ ਵਿਹੜਾ ਛੱਡ ਕੇ ਮੱਛਰ, ਠੰਢ ਅਤੇ ਅਤਿ ਦੀ ਗਰਮੀ ਵਿਚ ਰਹਿਣਾ ਸ਼ੌਕ ਨਹੀਂ ਹੈ, ਪਰ ਇਹ ਹੁਣ ਇੱਜ਼ਤ ਦਾ ਸੁਆਲ ਹੈ।’
ਇਨ੍ਹਾਂ ਬੀਬੀਆਂ ਮੁਤਾਬਿਕ ਮਹਿਲ ਖੁਰਦ ਵਿਚ ਰਹਿਣ ਵਾਲੇ ਮਾਸਟਰ ਦਰਸ਼ਨ ਸਿੰਘ ਬਾਅਦ ਵਿਚ ਮਹਿਲ ਕਲਾਂ ਰਹਿਣ ਲੱਗ ਗਏ ਸਨ। ਉਨ੍ਹਾਂ ਦੀ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਬੇਟੀ ਕਿਰਨਜੀਤ ਕੌਰ ਜੁਲਾਈ 1997 ਵਿਚ ਘਰੋਂ ਸਕੂਲ ਗਈ ਤਾਂ ਰਾਹ ਵਿਚ ਕੁਝ ਰਸੂਖਵਾਨ ਬਦਮਾਸ਼ਾਂ ਨੇ ਘੇਰ ਕੇ ਸਮੂਹਿਕ ਬਲਾਤਕਾਰ ਕਰਨ ਪਿੱਛੋਂ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰ ਦਿੱਤੀ ਸੀ। ਉਸ ਸਮੇਂ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਉੱਠੇ ਵੱਡੇ ਲੋਕ ਅੰਦੋਲਨ ਵਿਚ ਸ਼ਾਮਲ ਰਹੀਆਂ ਹਰਭਜਨ ਕੌਰ ਅਤੇ ਰਮਿੰਦਰ ਕੌਰ ਦੇ ਪੋਟਿਆਂ ਉੱਤੇ ਸਾਰੀਆਂ ਘਟਨਾਵਾਂ ਯਾਦ ਹਨ। ਰਮਿੰਦਰ ਕੌਰ ਤਾਂ 26 ਨਵੰਬਰ ਤੋਂ ਬਾਅਦ ਇਕ ਦਿਨ ਵੀ ਪਿੰਡ ਨਹੀਂ ਗਈ। ਰਮਿੰਦਰ ਕੌਰ ਰਾਮੇ ਵਿਆਹੀ ਸੀ, ਪਰ ਅੱਠਾਂ ਸਾਲਾਂ ਪਿੱਛੋਂ ਪਤੀ ਚੱਲ ਵਸਿਆ। ਸਹੁਰਿਆਂ ਨੇ ਹਿੱਸਾ ਦੇਣ ਤੋਂ ਇਨਕਾਰ ਕੀਤਾ ਤਾਂ ਆਪਣੇ ਪੇਕੇ ਹੀ ਆ ਕੇ ਰਹਿਣ ਲੱਗ ਗਈ। ਉਸ ਨੇ ਦੱਸਿਆ ਕਿ ਕਿਰਨਜੀਤ ਕੌਰ ਮਹਿਲ ਕਲਾਂ ਤਾਂ ਸਾਡੇ ਭਤੀਜੇ ਦੀ ਕੁੜੀ ਸੀ। ਦਸਵੀਂ ਤਕ ਤਾਂ ਮੇਰੀ ਬੇਟੀ ਮਨਜੀਤ ਨਾਲ ਹੀ ਪੜ੍ਹਦੀ ਰਹੀ ਸੀ। ਇਸ ਪਿੱਛੋਂ ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਇਕ ਆਗੂ ਮਨਜੀਤ ਧਨੇਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਵੀ ਸਾਰੇ ਦਿਨ ਬਰਨਾਲੇ ਕਚਹਿਰੀ ਅੱਗੇ ਬੈਠੀਆਂ ਰਹੀਆਂ। ਉਨ੍ਹਾਂ ਲਈ ਬਿਨਾਂ ਫ਼ੈਸਲਾ ਵਾਪਸ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਇਸ ਮੌਕੇ ਮਹਿਲ ਖੁਰਦ ਤੋਂ ਉਹ ਦੋ ਹੀ ਬੀਬੀਆਂ ਬੈਠੀਆਂ ਹਨ। ਕਣਕ ਸਾਂਭਣ ਲਈ ਵਾਪਸ ਆਏ ਮਰਦਾਂ ਵਿਚੋਂ ਅਜੇ ਕੋਈ ਵਾਪਸ ਨਹੀਂ ਸੀ ਗਿਆ। ਉਨ੍ਹਾਂ ਨਾਲ ਅਜਿਹਾ ਰਿਸ਼ਤਾ ਜੁੜਿਆ ਕਿ ਸੰਗਰੂਰ ਨੇੜਲੇ ਪਿੰਡ ਈਲਵਾਲ ਦਾ ਮੁੰਡਾ ਬਲਕਾਰ ਸਿੰਘ ਬੀਬੀਆਂ ਦੇ ਪਿੰਡੋਂ ਕਿਸੇ ਬੰਦੇ ਦੇ ਆਉਣ ਤਕ ਇਨ੍ਹਾਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੈ। ਭਾਵੇਂ ਹੋਰ ਬਹੁਤ ਲੋਕ ਨੇੜੇ ਤੇੜੇ ਹਨ, ਪਰ ਫਿਰ ਵੀ ਮਾਵਾਂ ਦੀ ਸੁਰੱਖਿਆ ਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਸ ਨੇ ਖ਼ੁਦ ਹੀ ਆਪਣੇ ਨਾਮ ਕਰ ਲਈ। ਇਕ ਮਹੀਨੇ ਤੋਂ ਦੋ ਬੱਚੇ, ਪਤਨੀ ਅਤੇ ਇਕ ਭਰਾ ਨੂੰ ਛੱਡ ਕੇ ਡਟਿਆ ਹੋਇਆ ਬਲਕਾਰ ਕਹਿੰਦਾ ਹੈ ਕਿ ਇੱਥੇ ਅਜੀਬ ਰਿਸ਼ਤੇ ਬਣ ਰਹੇ ਹਨ, ਜਿੰਨਾ ਸਕੂਨ ਇਨ੍ਹਾਂ ਵਿਚ ਹੈ, ਉਹ ਸਭ ਨੁਕਸਾਨ ਭੁਲਾ ਦਿੰਦਾ ਹੈ।
ਉਸ ਤੋਂ ਥੋੜ੍ਹਾ ਅੱਗੇ ਜਾਂਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਨਾਹਰ ਖੋਟੇ ਦਾ ਨੌਜਵਾਨ ਮਿਲ ਜਾਂਦਾ ਹੈ। ਇਸ ਅੰਦੋਲਨ ਵਿਚ ਭਾਵੇਂ ਭਾਈ ਘਨੱਈਆ ਦੀ ਰੂਹ ਪਹਿਲੇ ਦਿਨ ਤੋਂ ਹੀ ਪ੍ਰਵੇਸ਼ ਕਰਦੀ ਨਜ਼ਰ ਆਈ ਸੀ ਜਦੋਂ ਪਾਣੀ ਦੀਆਂ ਬੌਛਾੜਾਂ, ਅੱਥਰੂ ਗੈਸ ਦੇ ਗੋਲੇ ਛੱਡਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਵੀ ਨੌਜਵਾਨ ਪਾਣੀ ਅਤੇ ਲੰਗਰ ਛਕਾਉਂਦੇ ਦੇਖੇ ਗਏ ਸਨ, ਪਰ ਨੇੜਲੇ ਸਾਰੇ ਲੋਕ ਉਸ ਦੀ ਸੇਵਾ ਬਦਲੇ ਉਸ ਨੂੰ ਜੱਗਾ ਘਨੱਈਆ ਦੇ ਨਾਮ ਨਾਲ ਜਾਣਦੇ ਹਨ। ਉਂਜ ਨਾਮ ਜਗਤਾਰ ਸਿੰਘ ਹੈ। ਮਹਾਰਾਸ਼ਟਰ ਵਿਚ ਨਾਗਪੁਰ ਦੁਕਾਨ ਕਰਦਾ ਜਗਤਾਰ ਆਪਣੇ ਫ਼ੌਜੀ ਭਰਾ ਦੀ ਮੌਤ ਹੋ ਜਾਣ ਕਰਕੇ ਮਾਪਿਆਂ ਕੋਲ ਪਿੰਡ ਆ ਗਿਆ। ਉਸ ਪਿੱਛੋਂ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ। ਪਿੰਡ ਵਿਚ ਕਿਸੇ ਜਥੇਬੰਦੀ ਦੀ ਇਕਾਈ ਨਹੀਂ ਸੀ, ਪਰ ਹੁਣ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ, ਉਗਰਾਹਾਂ) ਦੀ ਇਕਾਈ ਬਣੀ ਹੈ। 26 ਨਵੰਬਰ ਤੋਂ ਬਾਅਦ ਅੰਦੋਲਨ ਦੌਰਾਨ ਬਹੁਤ ਕੁਝ ਵਾਪਰ ਗਿਆ, ਪਰ ਜਗਤਾਰ ਸਿੰਘ ਤੋਂ ਜੱਗੀ ਘਨੱਈਆ ਬਣਿਆ ਜੱਗੀ ਵਾਪਸ ਨਹੀਂ ਗਿਆ। ਜੀਜੇ, ਚਾਚੇ ਦੇ ਬੇਟੇ ਅਤੇ ਇਕ ਹੋਰ ਨੇੜਲੇ ਰਿਸ਼ਤੇਦਾਰ ਦੀ ਮੌਤ ਹੋ ਗਈ, ਪਰ ਉਹ ਅੰਦੋਲਨ ਛੱਡ ਕੇ ਜਾਣ ਲਈ ਤਿਆਰ ਨਹੀਂ। ਪਿਛਲੇ ਕੁਝ ਸਮੇਂ ਤੋਂ ਪਿੰਡੋਂ ਉਹ ਇਕੱਲਾ ਹੀ ਟਰਾਲੀ ਕੋਲ ਹੈ। ਜੱਗੀ ਨੇ ਕਿਹਾ ਕਿ ਬਸ ਹੁਣ ਸੇਵਾ ਹੀ ਉਸ ਦਾ ਮਿਸ਼ਨ ਬਣ ਗਿਆ ਹੈ। ਉਹ ਪਹਿਲੇ ਦਿਨ ਤੋਂ ਨੇੜਲੇ ਸਾਰੇ ਲੋਕਾਂ ਲਈ ਪਾਣੀ ਦਾ ਪ੍ਰਬੰਧ ਕਰ ਰਿਹਾ ਹੈ।
ਅੰਦੋਲਨ ਦੀ ਗੂੰਜ ਜਦੋਂ ਦੇਸ਼ ਦੀਆਂ ਹੱਦਾਂ-ਸਰਹੱਦਾਂ ਟੱਪ ਕੇ ਸੱਤ ਸਮੁੰਦਰੋਂ ਪਾਰ ਪਹੁੰਚ ਗਈ ਤਾਂ ਅਮਰੀਕਾ ਵਿਚ ਹਿਰਦੇ ਰੋਗ ਦੀ ਡਾਕਟਰੀ ਕਰਦਾ ਪੰਜਾਬੀ ਰੂਹ ਵਿਚ ਰੰਗਿਆ ਡਾ. ਸਵੈਮਾਨ ਅੰਦੋਲਨ ਵੱਲ ਰੁਖ਼ ਕਰਦਾ ਹੈ। ਉਸ ਨੇ ਟਿੱਕਰੀ ਹੱਦ ਉੱਤੇ ਆ ਕੇ ਬਹਾਦਰਗੜ੍ਹ ਦੇ ਉਸਾਰੀ ਅਧੀਨ ਬਸ ਸਟੈਂਡ ਨੂੰ ਕੈਲੇਫੋਰਨੀਆ ਪਿੰਡ ਵਿਚ ਤਬਦੀਲ ਕਰ ਦਿੱਤਾ। ਉਹ ਡਾਕਟਰੀ ਸੇਵਾ ਹੀ ਨਹੀਂ ਬਲਕਿ ਅੰਦੋਲਨਕਾਰੀਆਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਦੀ ਵਾਹ ਲਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ। ਟਰਾਲੀਆਂ ਦਾ ਮੌਸਮ ਚਲੇ ਜਾਣ ਕਰਕੇ ਉਹ ਲੋਹੇ ਦੇ ਇੰਗਲਾਰਨਾਂ ਜਾਂ ਬਾਂਸ ਨਾਲ ਬਣੇ 1100 ਘਰ ਬਣਾ ਕੇ ਦੇ ਚੁੱਕਾ ਹੈ ਅਤੇ ਚਾਰ ਸੌ ਜਲਦੀ ਹੀ ਬਣਾਏ ਜਾਣ ਦਾ ਟੀਚਾ ਰੱਖਿਆ ਹੈ। ਸਵੈਮਾਨ ਵੈਕਸੀਨ ਲਵਾਉਣ ਦੇ ਹੱਕ ਵਿਚ ਹੈ, ਪਰ ਕਰੋਨਾ ਦੇ ਟੈਸਟ ਕਰਵਾਉਣ ਦੇ ਹੱਕ ਵਿਚ ਨਹੀਂ। ਉਸ ਦਾ ਕਹਿਣਾ ਹੈ ਕਿ ਸਰਕਾਰ ਅੰਦੋਲਨਕਾਰੀਆਂ ਨੂੰ ਪਾਜ਼ੇਟਿਵ ਕਰਾਰ ਦੇ ਕੇ ਅੰਦੋਲਨ ਨੂੰ ਸਮੇਟਣਾ ਚਾਹੇਗੀ ਕਿਉਂਕਿ ਹਰ ਹੀਲੇ ਅੰਦੋਲਨ ਤੋਂ ਖਹਿੜਾ ਛੁਡਾਉਣ ਲਈ ਉਹ ਅਜਿਹਾ ਕਰ ਸਕਦੀ ਹੈ। ਜੇਕਰ ਵੈਕਸੀਨ ਲਗਾਉਣੀ ਹੈ ਤਾਂ ਉਹ ਸਾਡੇ ਸਪੁਰਦ ਕਰ ਦੇਣ, ਅਸੀਂ ਸ਼ੁਰੂ ਕਰ ਦੇਵਾਂਗੇ। ਵਾਪਸ ਅਮਰੀਕਾ ਜਾਣ ਬਾਰੇ ਪੁੱਛੇ ਜਾਣ ਉੱਤੇ ਸਵੈਮਾਨ ਨੇ ਕਿਹਾ, ‘ਹੁਣ ਤਾਂ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਨੇ ਲੋੜਵੰਦਾਂ ਨੂੰ ਛੱਡ ਕੇ ਕਿਵੇਂ ਵਾਪਸ ਜਾਇਆ ਜਾ ਸਕਦਾ ਹੈ। ਸਾਰੀ ਉਮਰ ਪਈ ਹੈ ਪਾਸਾ ਕਮਾਉਣ ਨੂੰ, ਅਜੇ ਸੇਵਾ ਕਰ ਲਈਏ।’
ਸਿੰਘੂ ਬਾਰਡਰ ਉੱਤੇ 25 ਫੁੱਟ ਲੰਬੇ ਅਤੇ 15 ਫੁੱਟ ਚੌੜੇ ਅਟੈਚ ਬਾਥਰੂਮ ਵਾਲੇ ਸਰਕੜੇ, ਪਰ ਅੰਦਰੋਂ ਮਿੱਟੀ ਨਾਲ ਲਿੱਪੇ ਖ਼ਾਸ ਘਰ ਦੀ ਚਰਚਾ ਹੈ। ਬਾਹਰ ਅਜਿਹੀ ਕਲਾਕਾਰੀ ਹੈ ਕਿ ਉਹ ਫੋਟੋਆਂ ਖਿਚਵਾਉਣ ਲਈ ਕੇਂਦਰ ਬਣਿਆ ਹੋਇਆ ਹੈ। ਨੌਜਵਾਨ ਜਤਿੰਦਰ ਸਿੰਘ ਰੁਜ਼ਗਾਰ ਦੀ ਤਲਾਸ਼ ਵਿਚ ਦਸ ਸਾਲ ਤੋਂ ਨਿਊਜ਼ੀਲੈਂਡ ਗਿਆ ਹੋਇਆ ਸੀ। ਅੰਦੋਲਨ ਚੱਲਿਆ, ਘਰ ਮਿਲਣ ਆਇਆ, ਪਰ ਅੰਦੋਲਨ ਦਾ ਹੀ ਹੋ ਕੇ ਰਹਿ ਗਿਆ। ਮੁਹਾਲੀ ਜ਼ਿਲ੍ਹੇ ਨਾਲ ਸਬੰਧਿਤ ਇਸ ਨੌਜਵਾਨ ਨੇ ਸ਼ੁਰੂਆਤੀ ਦੌਰ ਵਿਚ ਨੌਜਵਾਨਾਂ ਨੂੰ ਨਾਲ ਲੈ ਕੇ ਅੰਦੋਲਨ ਵਿਚ ਸੁਰੱਖਿਆ ਇੰਤਜ਼ਾਮਾਂ ਦੀ ਜ਼ਿੰਮੇਵਾਰੀ ਵੀ ਨਿਭਾਈ। ਜਤਿੰਦਰ ਨੇ ਕਿਹਾ ਕਿ ਅੰਦੋਲਨ ਲਈ ਸਿਰ ਧੜ ਦੀ ਲਗਾਉਣ ਦੀ ਭਾਵਨਾ ਨਾਲ ਹੀ ਆਏ ਹਾਂ। ਉਸ ਨੂੰ ਅੰਦੋਲਨ ਦੀ ਰਹਿਨੁਮਾਈ ਕਰਨ ਵਾਲਿਆਂ ਤੋਂ ਆਪਣੇ ਮੁਤਾਬਿਕ ਯੋਗ ਜ਼ਿੰਮੇਵਾਰੀ ਦੀ ਉਮੀਦ ਹੈ। ਅੰਦੋਲਨ ਦੀ ਜਿੱਤ ਤਕ ਵਾਪਸ ਜਾਣ ਦਾ ਇਰਾਦਾ ਬਣਾਈ ਬੈਠਾ ਇਹ ਨੌਜਵਾਨ ਹੋਰ ਬਹੁਤ ਸਾਰਿਆਂ ਲਈ ਵੀ ਪ੍ਰੇਰਨਾ ਸਰੋਤ ਹੈ।
ਅੰਦੋਲਨ ਵਿਚ ਆਉਣ ਵਾਲਿਆਂ ਲਈ ਬੌਧਿਕ ਖੁਰਾਕ ਦੇ ਰੂਪ ਵਿਚ ਥੋੜ੍ਹੀਆਂ ਜਿਹੀਆਂ ਕਿਤਾਬਾਂ ਤੋਂ ਸ਼ੁਰੂ ਕੀਤੀ ਲਾਇਬ੍ਰੇਰੀ ਵਿਚਾਰਕ ਚਰਚਾ ਦਾ ਕੇਂਦਰ ਬਣ ਗਈ ਹੈ। ਆਨੰਦਪੁਰ ਸਾਹਿਬ ਨੇੜਲੇ ਨੌਜਵਾਨ ਸੁਖਵਿੰਦਰ ਸਿੰਘ ਅਤੇ ਸਾਥੀਆਂ ਦੀ ਸਾਂਝੀ ਸੱਥ ਦੀਆਂ ਬਹਿਸਾਂ, ਕਿਸਾਨ ਆਗੂਆਂ ਵੱਲੋਂ ਦਿੱਤੀਆਂ ਅਤੇ ਬਾਖੂਬੀ ਨਿਭਾਈਆਂ ਜ਼ਿੰਮੇਵਾਰੀਆਂ ਅੰਦੋਲਨ ਵਿਚ ਨਿਵੇਕਲਾ ਰੰਗ ਭਰ ਰਹੀਆਂ ਹਨ। ਹਰ ਰਾਤ 8 ਵਜੇ ਤੋਂ ਲਗਪਗ ਡੇਢ ਘੰਟੇ ਤਕ ਕਿਸੇ ਇਕ ਮੁੱਦੇ ਉੱਤੇ ਵਿਚਾਰ ਅਤੇ ਇਸ ਤੋਂ ਬਿਨਾਂ ਦਿਨ ਦੇ ਸਮੇਂ ਵੀ ਵਿਚਾਰ ਚਰਚਾ ਦੀ ਖਾਹਿਸ਼ ਇਨ੍ਹਾਂ ਦੇ ਬੌਧਿਕ ਸਰੋਕਾਰਾਂ ਦੀ ਪ੍ਰਤੀਕ ਹੈ। ਸੁਖਵਿੰਦਰ ਦਾ ਕਹਿਣਾ ਹੈ ਕਿ ਕੋਈ ਵੀ ਬੁੱਧੀਜੀਵੀ ਖ਼ਾਸ ਵਿਸ਼ਿਆਂ ਉੱਤੇ ਆ ਕੇ ਆਪਣੀ ਗੱਲ ਕਹਿਣ ਲਈ ਸਮਾਂ ਦੇਣ ਤਾਂ ਉਸ ਦੇ ਹਿਸਾਬ ਨਾਲ ਉਹ ਲੋਕਾਂ ਅੰਦਰ ਪ੍ਰਚਾਰ ਕਰਦੇ ਹਨ। ਇਸ ਲੜੀ ਨੂੰ ਅੱਗੇ ਚਲਾਉਣ ਲਈ ਬੌਧਿਕ ਤਬਕੇ ਤੋਂ ਅਗਵਾਈ ਦੀ ਉਮੀਦ ਵੀ ਰੱਖਦੇ ਹਨ।
ਦਿੱਲੀ ਵੱਲ ਨੂੰ ਜਾਂਦਿਆਂ ਜੀ.ਟੀ. ਰੋਡ ਉੱਤੇ ਲੱਗੇ ਪਾਣੀਪਤ ਦੇ ਟੌਲ ਪਲਾਜ਼ੇ ਦੇ ਨਾਲ 27 ਨਵੰਬਰ ਤੋਂ ਇਕ ਲੰਗਰ ਚੱਲ ਰਿਹਾ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਇਕ ਦਿਨ ਪੁਲੀਸ ਨੇ ਬੰਦ ਕਰਵਾ ਦਿੱਤਾ ਸੀ, ਪਰ ਅਗਲੇ ਹੀ ਦਿਨ ਤੋਂ ਮੁੜ ਸ਼ੁਰੂ ਕਰ ਦਿੱਤਾ ਗਿਆ। ਨੇੜਲੇ ਪਿੰਡ ਫਰੀਦਪੁਰ ਦੇ ਬਲਵੀਰ ਸਿੰਘ ਅੱਠ ਕਿੱਲੇ ਜ਼ਮੀਨ ਦਾ ਮਾਲਕ ਹੈ, ਉਹ ਹਰ ਰੋਜ਼ ਲੰਗਰ ਵਿਚ ਹੀ ਸੇਵਾ ਨਿਭਾ ਰਿਹਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਲੌਕਡਾਊਨ ਪਿੱਛੋਂ ਲੋਕਾਂ ਦਾ ਵਹਾਅ ਘਟਿਆ ਹੈ। ਇਕ ਸਮੇਂ ਤਾਂ 2500 ਲੋਕਾਂ ਨੇ ਵੀ ਲੰਗਰ ਛਕਿਆ ਹੈ। ਮੁਖਤਿਆਰ ਸਿੰਘ ਵੜੈਚ, ਮੁਖਤਿਆਰ ਸਿੰਘ ਵਿਰਕ ਅਤੇ ਜੋਗਿੰਦਰ ਸਿੰਘ ਵੜੈਚ ਵਰਗੇ ਗੁਰੂ ਦੇ ਪ੍ਰੇਮੀਆਂ ਵੱਲੋਂ ਉਠਾਈ ਜ਼ਿੰਮੇਵਾਰੀ ਕਰਕੇ ਕੋਈ ਤੋਟ ਨਹੀਂ ਹੈ। ਕਣਕ ਦੇ ਇਸ ਸੀਜ਼ਨ ਵਿਚ ਅਗਲੇ ਸਾਲ ਭਰ ਦੀ ਕਣਕ ਇਕੱਠੀ ਹੋ ਗਈ ਹੈ। ਸਾਰੀ ਇਲਾਕੇ ਦੇ ਕਿਸਾਨਾਂ ਨੇ ਦਾਨ ਦਿੱਤੀ ਹੈ। ਜੇਕਰ ਫਿਰ ਵੀ ਕੋਈ ਲੋੜ ਹੋਵੇ ਤਾਂ ਨਨਕਾਣਾ ਸਾਹਿਬ ਤੋਂ 1947 ਤੋਂ ਆਏ ਸ਼ਾਹ ਪਰਿਵਾਰ ਨੇ ਖੁੱਲ੍ਹੀ ਛੋਟ ਦੇ ਰੱਖੀ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਆਮ ਤੌਰ ਉੱਤੇ ਲੋੜ ਨਹੀਂ ਪੈਂਦੀ, ਪਰ ਇਕ ਵਾਰ 83 ਹਜ਼ਾਰ ਦਾ ਸੌਦਾ ਉਨ੍ਹਾਂ ਦੇ ਨਾਮ ਉੱਤੇ ਲਿਆਂਦਾ ਗਿਆ ਸੀ। ਬੁੱਲੇ ਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਚੌਧਰੀ ਵਰਿੰਦਰ ਸ਼ਾਹ ਦੇ ਪਿਤਾ ਪੰਜ ਬਾਰ ਵਿਧਾਇਕ ਰਹੇ। ਵੱਡਾ ਭਰਾ ਵੀ ਵਿਧਾਇਕ ਰਿਹਾ। ਬੁੱਲੇ ਸ਼ਾਹ ਕਹਿੰਦੇ ਹਨ ਕਿ ਬਾਬਾ ਨਾਨਕ ਦਾ ਦਿੱਤਾ ਸਭ ਕੁਝ ਹੈ। ਉਹ ਖ਼ੁਦ ਕੁਝ ਕਰਨ ਜੋਗੇ ਨਹੀਂ ਹਨ, ਪਰ ਉਹ ਇਨ੍ਹਾਂ ਜ਼ਰੀਏ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਧਰੇ ਕੋਈ ਬੈਨਰ ਨਹੀਂ ਲਗਾਇਆ ਅਤੇ ਨਾ ਹੀ ਕਿਤੇ ਮਸ਼ਹੂਰੀ ਲਈ ਫੋਟੋ ਲਗਾਈ ਹੈ।