ਗੁਰਬਿੰਦਰ ਸਿੰਘ ਮਾਣਕ
ਸਮਾਂ ਬਦਲਣ ਨਾਲ ਮਨੁੱਖੀ ਜੀਵਨ ਵਿਚ ਤਬਦੀਲੀ ਆਉਣੀ ਸੁਭਾਵਿਕ ਵਰਤਾਰਾ ਹੈ। ਸਿਖਿਆ ਤੇ ਵਿਗਿਆਨ ਦੀ ਪ੍ਰਗਤੀ ਦੇ ਸਿੱਟੇ ਵਜੋਂ ਮਨੁੱਖੀ ਰਹਿਣ-ਸਹਿਣ ਬਹੁਤ ਹੱਦ ਤੱਕ ਬਦਲ ਰਿਹਾ ਹੈ। ਮਨੁੱਖੀ ਬੁੱਧੀ ਦੀ ਬਦੌਲਤ ਅਨੇਕਾਂ ਖੋਜਾਂ ਨੇ ਮਾਨਵੀ ਜੀਵਨ ਨੂੰ ਮੁੱਢੋਂ ਬਦਲ ਕੇ ਰੱਖ ਦਿੱਤਾ ਹੈ। ਵਿਗਿਆਨਕ ਕਾਢਾਂ ਨੇ ਅਜੋਕੇ ਮਨੁੱਖ ਦੇ ਜੀਵਨ ਨੂੰ ਅਨੇਕਾਂ ਸੁਖ-ਸਹੂਲਤਾਂ ਨਾਲ ਮਾਲਾ-ਮਾਲ ਕੀਤਾ ਹੋਇਆ ਹੈ ਤੇ ਲਗਾਤਾਰ ਕਰ ਰਿਹਾ ਹੈ। ਤਕਨਾਲੋਜੀ ਅਤੇ ਵਿਗਿਆਨ ਦੇ ਹੈਰਾਨਕੁਨ ਵਰਤਾਰੇ ਨੇ ਦੁਨੀਆ ਨੂੰ ਚਲਾ ਰਹੀ ਕਿਸੇ ਅਦਿਖ ਸ਼ਕਤੀ ਬਾਰੇ ਸਦੀਆਂ ਤੋਂ ਪ੍ਰਚੱਲਿਤ ਧਾਰਨਾਵਾਂ ਬਾਰੇ ਕੁਝ ਲੋਕਾਂ ਨੂੰ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਵਾਜਾਈ ਦੇ ਤੇਜ਼ ਰਫਤਾਰ ਸਾਧਨਾਂ ਨੇ ਵਿਸ਼ਾਲ ਸੰਸਾਰ ਦੀਆਂ ਮੀਲਾਂ ਦੀਆਂ ਦੂਰੀਆਂ ਮੇਟ ਦਿੱਤੀਆਂ ਹਨ। ਸੰਚਾਰ ਸਾਧਨਾਂ ਦੇ ਖੇਤਰ ਵਿਚ ਹੋਈ ਹੈਰਾਨੀਜਨਕ ਪ੍ਰਗਤੀ ਨਾਲ ਤਾਂ ਪੂਰਾ ਸੰਸਾਰ ਸਿਮਟ ਕੇ ਪਿੰਡ ਬਣ ਗਿਆ ਹੈ। ਜੀਵਨ ਵਿਚ ਅਨੇਕਾਂ ਸੁੱਖ-ਸਹੂਲਤਾਂ ਪੈਦਾ ਕਰਨ ਪਿੱਛੇ ਵਿਗਿਆਨਕ ਪ੍ਰਾਪਤੀਆਂ ਤੋਂ ਕੋਈ ਮਨੁੱਖ ਇਨਕਾਰੀ ਨਹੀਂ ਹੋ ਸਕਦਾ। ਨਵੀਂ ਤਰ੍ਹਾਂ ਦੀ ਸਿਖਿਆ ਨੇ ਵਰ੍ਹਿਆਂ ਤੋਂ ਲੋਕਾਂ ਦੇ ਮਨ ਵਿਚ ਵਸੀਆਂ ਰੂੜੀਵਾਦੀ ਧਾਰਨਾਵਾਂ ਨੂੰ ਨਵੇਂ ਯੁੱਗ ਦੀਆਂ ਸੋਚਾਂ ਦੀ ਜਾਗ ਲਾਈ ਹੈ।
ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਵੱਲ ਗਹੁ ਨਾਲ ਨਜ਼ਰ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਮਨੁੱਖ ਦੇ ਬਹੁਤੇ ਕਾਰਜ ਵਿਗਿਆਨ ਤੇ ਤਕਨਾਲੋਜੀ ਨਾਲ ਜੁੜੇ ਹੋਏ ਹਨ। ਹਰ ਮਨੁੱਖ ਆਪਣੇ ਘਰ, ਦਫਤਰ, ਸਕੂਲ, ਕਾਲਜ, ਯੂਨੀਵਰਸਿਟੀ, ਬਾਜ਼ਾਰ, ਉਦਯੋਗਿਕ ਕੇਂਦਰ ਤੇ ਹੋਰ ਆਲੇ-ਦੁਆਲੇ ਵਿਚ ਵਿਚਰਦਿਆਂ ਵਿਗਿਆਨ ਦੀਆਂ ਖੋਜਾਂ ਦੇ ਅੰਗ-ਸੰਗ ਜੁੜਿਆ ਹੋਇਆ ਹੈ। ਸੂਚਨਾ ਦੇ ਤੇਜ਼-ਤਰਾਰ ਮਾਧਿਅਮਾਂ ਨੇ ਮਨੁੱਖੀ ਜਾਣਕਾਰੀ ਵਿਚ ਬੇਸ਼ੁਮਾਰ ਵਾਧਾ ਕੀਤਾ ਹੈ। ਦੁਨੀਆ ਦੇ ਕਿਸੇ ਕੋਨੇ ਵਿਚ ਵਾਪਰੇ ਹਰ ਵਰਤਾਰੇ ਦੀ ਖਬਰ ਹੁਣ ਪਲਾਂ-ਛਿਣਾਂ ਵਿਚ ਹੀ ਪ੍ਰਾਪਤ ਹੋ ਜਾਂਦੀ ਹੈ। ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਕੇ ਜੀਵਨ ਦੀ ਤੋਰ ਨੂੰ ਅਸਲੋਂ ਹੀ ਬਦਲ ਕੇ ਰੱਖ ਦਿੱਤਾ ਹੈ।
ਇਸ ਸਥਿਤੀ ਦੇ ਬਾਵਜੂਦ ਜੇ ਸਮਾਜਿਕ ਵਰਤਾਰੇ ਵਲ ਗਹੁ ਨਾਲ ਨਜ਼ਰ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਵਿਗਿਆਨਕ ਯੁਗ ਵਿਚ ਵਿਚਰਦਿਆਂ ਹੋਇਆਂ ਵੀ ਸਾਡੀ ਸੋਚ ਸਹੀ ਅਰਥਾਂ ਵਿਚ ਵਿਗਿਆਨਕ ਨਹੀਂ ਬਣ ਸਕੀ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਵਿਗਿਆਨਕ ਕਾਢਾਂ ਤੇ ਖੋਜਾਂ ਦਾ ਆਨੰਦ ਤਾਂ ਮਾਣਦੇ ਹਾਂ ਤੇ ਇਨ੍ਹਾਂ ਤੋਂ ਬਿਨਾ ਸਾਨੂੰ ਜ਼ਿੰਦਗੀ ਨੀਰਸ ਲਗਦੀ ਹੈ ਪਰ ਬਹੁਗਿਣਤੀ ਦੀ ਸੋਚ ਦਾ ਦਾਇਰਾ ਅੱਜ ਦੀ ਤਰੀਕ ਵਿਚ ਵੀ ਗੈਰ-ਵਿਗਿਆਨਕ ਤੇ ਤਰਕਹੀਣ ਕਿਹਾ ਜਾ ਸਕਦਾ ਹੈ। ਕੋਈ ਅਨਪ੍ਹੜ ਵਿਅਕਤੀ ਅਗਿਆਨਤਾ ਦੇ ਹਨੇਰੇ ਵਿਚ ਵਿਚਰੇ ਤਾਂ ਗੱਲ ਸਮਝ ਪੈਂਦੀ ਹੈ ਪਰ ਜਦੋਂ ਪ੍ਹੜੇ ਲਿਖੇ ਲੋਕ ਵੀ ਅਜਿਹੀ ਸੋਚ ਦੇ ਧਾਰਨੀ ਬਣ ਜਾਣ ਤਾਂ ਸਥਿਤੀ ਚਿੰਤਾਜਨਕ ਬਣ ਜਾਂਦੀ ਹੈ।
ਅਸੀਂ ਆਪਣੀ ਸੋਚ ਨੂੰ ਤਰਕਸ਼ੀਲਤਾ ਦੀ ਕਸਵੱਟੀ ’ਤੇ ਨਹੀਂ ਪਰਖਦੇ। ਸਾਡਾ ਸਮਾਜ ਭੇਡ ਚਾਲ ਦਾ ਆਦੀ ਹੈ। ਬਿਨਾ ਸੋਚੇ ਸਮਝੇ ਕਿਸੇ ਦੂਜੇ ਦੇ ਮਗਰ ਲੱਗ ਤੁਰਨਾ ਸਾਡੀ ਫਿਤਰਤ ਬਣ ਗਈ ਹੈ। ਅਨੇਕਾਂ ਵਹਿਮ-ਭਰਮ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਨ। ਵਿਗਿਆਨਕ ਖੋਜਾਂ ਦੀ ਬਦੌਲਤ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਸੰਭਵ ਹੋ ਸਕੇ ਹਨ। ਹੈਰਾਨਕੁਨ ਯੰਤਰਾਂ ਤੇ ਦਵਾਈਆਂ ਨਾਲ ਲਾ-ਇਲਾਜ ਬਿਮਾਰੀਆਂ ’ਤੇ ਵੀ ਕਾਬੂ ਪਾ ਸਕਣਾ ਸੰਭਵ ਹੋਗਿਆ ਹੈ। ਇਸ ਦੇ ਬਾਵਜੂਦ ਅਜੇ ਵੀ ਲੱਖਾਂ ਲੋਕ, ਅਗਿਆਨਤਾ ਦੇ ਹਨੇਰੇ ਵਿਚ ਭਟਕਦੇ ਬਿਮਾਰੀ ਦੀ ਰੋਕਥਾਮ ਲਈ ਸਾਧਾਂ ਸੰਤਾਂ, ਬਾਬਿਆਂ ਤੇ ਨੀਮ-ਹਕੀਮਾਂ ਦੇ ਡੇਰਿਆਂ ’ਤੇ ਟੱਕਰਾਂ ਮਾਰਦੇ ਫਿਰਦੇ ਹਨ। ਅਜਿਹੇ ਡੇਰੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਰਾਹ ਤੋਰ ਕੇ ਉਨ੍ਹਾਂ ਦੀ ਹਰ ਪੱਖ ਤੋਂ ਅੰਨ੍ਹੀ ਲੁੱਟ ਕਰ ਰਹੇ ਹਨ।
ਵਿਗਿਆਨ ਦੇ ਇਸ ਅਚੰਭਿਤ ਵਰਤਾਰੇ ਦੇ ਬਾਵਜੂਦ ਅੱਜ ਵੀ ਅਨੇਕਾਂ ਲੋਕ ਔਲਾਦ ਖ਼ਾਤਿਰ ਬਾਬਿਆਂ ਤੇ ਤਾਂਤਰਿਕਾਂ ਦੇ ਡੇਰਿਆਂ ਦੇਖੇ ਜਾ ਸਕਦੇ ਹਨ। ਜਿਸ ਦੇ ਘਰ ਲੜਕਾ ਨਾ ਹੋਵੇ, ਉਸ ਨੂੰ ਮੁੰਡਾ ਹੋਣ ਦੀ ‘ਸ਼ਰਤੀਆ’ ਦਵਾਈ ਦੇ ਚੱਕਰ ਵਿਚ ਉਲਝਾ ਕੇ ਖੂਬ ਲੁੱਟਿਆ ਜਾਂਦਾ ਹੈ। ਜੇ ਕੁਦਰਤੀ ਮੁੰਡਾ ਹੋ ਜਾਵੇ ਤਾਂ ਬਾਬਿਆਂ ਦੀ ਬੱਲੇ ਬੱਲੇ ਹੋ ਜਾਂਦੀ ਹੈ। ਕੁੜੀ ਹੋਣ ਦੀ ਸੂਰਤ ਵਿਚ ਘਰ ਵਾਲਿਆਂ ਨੂੰ ਕੋਸਿਆ ਜਾਂਦਾ ਹੈ ਕਿ ਤੁਸੀਂ ‘ਦਵਾਈ’ ਚੰਗੀ ਤਰ੍ਹਾਂ ਨਹੀਂ ਖਾਧੀ। ਅਨੇਕਾਂ ਪੜ੍ਹੇ ਲਿਖੇ ਲੋਕ ਵੀ ਅਜਿਹੀ ਭਟਕਣ ਦਾ ਸ਼ਿਕਾਰ ਹੋਏ ਪਏ ਹਨ। ਮਨੁੱਖੀ ਸਿਹਤ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਵਿਗਿਆਨ ਵਿਚ ਬੇਹੱਦ ਤਰੱਕੀ ਹੋਈ ਹੈ ਤੇ ਲਗਾਤਾਰ ਹੋ ਰਹੀ ਹੈ। ਇਸ ਦੇ ਬਾਵਜੂਦ ਅਜੇ ਵੀ ਅਗਿਆਨਤਾ ਦੇ ਹਨੇਰੇ ਵਿਚ ਵਿਚਰਦੇ ਅਨੇਕਾਂ ਲੋਕ ਬਿਮਾਰੀ ਦੀ ਸੂਰਤ ਵਿਚ ਨੀਮ-ਹਕੀਮਾਂ ਤੇ ਬਾਬਿਆਂ ਦੇ ਡੇਰਿਆਂ ’ਤੇ ਟੱਕਰਾਂ ਮਾਰਦੇ ਫਿਰਦੇ ਹਨ। ਬਿਮਾਰੀਆਂ ਤੋਂ ਬਚਾਅ ਲਈ ਧਾਗੇ ਤਵੀਤ ਕਰਾ ਕੇ ਪਾਏ ਜਾਂਦੇ ਹਨ। ਸਾਧਾਂ ਦੇ ਡੇਰਿਆਂ ਦੀਆਂ ਚੌਂਕੀਆਂ ਭਰੀਆਂ ਜਾਂਦੀਆਂ ਹਨ। ਅਜਿਹੇ ਬਾਬੇ ਹਰ ਬਿਮਾਰੀ ਦੇ ਇਲਾਜ ਦੇ ਵੱਡੇ ਵੱਡੇ ਦਾਅਵੇ ਕਰਕੇ ਅਗਿਆਨੀ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ ਤੇ ਖੂਬ ਸ਼ੋਸ਼ਣ ਕਰਦੇ ਹਨ।
ਅਸੀਂ ਗੱਲੀਂ-ਬਾਤੀਂ ਤਾਂ ਬਹੁਤ ਅਗਾਂਹਵਧੂ ਹਾਂ ਪਰ ਜੀਵਨ ਦੇ ਹਕੀਕੀ ਕਾਰਾਂ-ਵਿਹਾਰਾਂ ਵਿਚ ਅਸੀਂ ਆਦਰਸ਼ਵਾਦੀ ਹਾਂ। ਕਿਸੇ ਦੂਸਰੇ ਦੇ ਕਹੇ-ਕਹਾਏ ਕਿਸੇ ਦੇ ਮਗਰ ਲੱਗ ਤੁਰਨਾ ਸਾਡੀ ਫਿਤਰਤ ਬਣ ਗਈ ਹੈ। ਅਨੇਕਾਂ ਵਹਿਮ-ਭਰਮ ਅੱਜ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਨ। ਪਰਿਵਾਰਾਂ ਵਿਚ ਅਕਸਰ ਹੀ ਕਦੇ ਕੋਈ ਝਗੜਾ ਜਾਂ ਬੋਲ-ਬੁਲਾਰਾ ਹੋ ਜਾਣਾ ਸੁਭਾਵਿਕ ਗੱਲ ਹੈ। ਸਿਆਣੇ ਕਿਹਾ ਕਰਦੇ ਸਨ ਕਿ ਜਿੱਥੇ ਦੋ ਭਾਂਡੇ ਹੋਣ ਖੜਕ ਹੀ ਪੈਂਦੇ ਹਨ। ਕਈ ਵਾਰ ਆਰਥਿਕ ਸਮੱਸਿਆਵਾਂ ਹੁੰਦੀਆਂ ਹਨ ਜਾਂ ਕਈ ਵਾਰ ਵਿਚਾਰਾਂ ਦਾ ਵਖਰੇਵਾਂ ਲੜਾਈ ਦਾ ਕਾਰਨ ਬਣ ਜਾਂਦਾ ਹੈ। ਕਈ ਲੋਕ ਇਹੋ ਜਿਹੇ ਘਰੇਲੂ ਮਸਲਿਆਂ ਨੂੰ ਵੀ ਹੱਲ ਕਰਾਉਣ ਲਈ ਬਾਬਿਆਂ ਤੇ ਤਾਂਤਰਿਕਾਂ ਦੇ ਚੱਕਰ ਵਿਚ ਫਸ ਜਾਂਦੇ ਹਨ। ਪਰਿਵਾਰ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਜਾਂਦੀ ਹੈ ਕਿ ਕਿਸੇ ਦਾ ਕੁਝ ‘ਕੀਤਾ ਕਰਾਇਆ’ ਹੈ,ਇਸ ਕਾਰਨ ਪਰਿਵਾਰ ਵਿਚ ਕਲੇਸ਼ ਹੋ ਰਿਹਾ ਹੈ।
ਮਸਲਾ ਤਾਂ ਕੀ ਹੱਲ ਹੋਣਾ ਹੁੰਦਾ ਹੈ, ਬੁਰੀ ਤਰ੍ਹਾਂ ਆਰਥਿਕ ਤੌਰ ’ਤੇ ਲੁੱਟ-ਖਸੁੱਟ ਹੋਣ ਦੇ ਨਾਲ ਨਾਲ ਪੂਰਾ ਪਰਿਵਾਰ ਮਾਨਸਿਕ ਪੀੜਾ ਵਿਚੋਂ ਵੀ ਗੁਜ਼ਰਦਾ ਹੈ। ਕਿਸੇ ਬਿਮਾਰੀ, ਨੌਕਰੀ, ਰਿਸ਼ਤੇ ਜਾਂ ਹੋਰ ਕਿਸੇ ਪ੍ਰੇਸ਼ਾਨੀ ਵਿਚ ਕਿਸੇ ਬਾਬੇ ਤੋਂ ਪੁੱਛ ਪੁਆਉਣੀ ਗੈਰ-ਵਿਗਿਆਨਕ ਸੋਚ ਦੀ ਸਪੱਸ਼ਟ ਉਦਾਹਰਨ ਹੈ। ਅਜਿਹੇ ਲੋਕਾਂ ਵਿਚ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਜ਼ਿੰਦਗੀ ਦੀਆਂ ਮੁਸ਼ਕਿਲਾਂ ਜਾਂ ਹੋਰ ਸਮੱਸਿਆਵਾਂ ਦਾ ਮੁਕਾਬਲਾ ਕਰਨ ਦੀ ਥਾਂ ਇਹ ਲੋਕ ਪਾਖੰਡੀ ਤਾਂਤਰਿਕਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ। ਔਲਾਦ ਦੇ ਚਾਹਵਾਨਾਂ ਤੋਂ ਤਾਂ ਇਹ ਤਾਂਤਰਿਕ ਕਿਸੇ ਗੁਆਂਢੀ ਦੇ ਮਸੂਮ ਬੱਚੇ ਦੀ ਬਲੀ ਦੇਣ ਵਰਗੀ ਹਰਕਤ ਵੀ ਕਰਵਾ ਦਿੰਦੇ ਹਨ। ਅਜਿਹੀਆਂ ਦਰਦਨਾਕ ਘਟਨਾਵਾਂ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਸਭ ਤੋਂ ਦੁਖਦਾਈ ਸਥਿਤੀ ਇਹ ਹੈ ਕਿ ਨਵੀਂ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਦੇ ਮਨਾਂ ਵਿਚ ਅੰਧਵਿਸ਼ਵਾਸਾਂ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ। ਸਵੇਰ ਸਮੇਂ ਬਹੁਤੇ ਚੈਨਲਾਂ ’ਤੇ ਕੰਪਿਊਟਰ ਦੁਆਰਾ, ਲੋਕਾਂ ਦਾ ਭਵਿੱਖ, ਵਿਆਹ-ਸ਼ਾਦੀ, ਰੁਜ਼ਗਾਰ, ਬਿਮਾਰੀ ਤੋਂ ਨਿਜਾਤ, ਇਸ਼ਕ ਵਿਚ ਕਾਮਯਾਬੀ, ਕਿਸੇ ਨੂੰ ਵੱਸ ਵਿਚ ਕਰਨ ਦੇ ਮੰਤਰ, ਵਿਦੇਸ਼ ਜਾਣ ਵਿਚ ਰੁਕਾਵਟ ਦੂਰ ਕਰਨ ਆਦਿ ਅਨੇਕਾਂ ਮੁਸੀਬਤਾਂ ਵਿਚੋਂ ਨਿਕਲਣ ਦੇ ਹੱਲ ਦੱਸ ਕੇ ਲੋਕਾਂ ਦੇ ਮਨਾਂ ਵਿਚ ਵਹਿਮਾਂ-ਭਰਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਬਹੁਤੇ ਲੋਕ ਅਖਬਾਰ ਵਿਚੋਂ ਰਾਸ਼ੀ ਪੜ੍ਹ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਟੂਣੇ-ਟਾਮਣਾਂ ਦਾ ਰਿਵਾਜ਼ ਵੀ ਬਿਮਾਰ ਤੇ ਗੈਰ-ਵਿਗਿਆਨਕ ਸੋਚਣੀ ਦਾ ਪ੍ਰਤੀਕ ਹੈ। ਸਾਧਾਂ ਤੇ ਤਾਂਤਰਿਕਾਂ ਦੇ ਡੇਰੇ ਲੋਕਾਂ ਨੂੰ ਇਹੋ ਜਿਹੇ ਪਾਖੰਡਾਂ ਲਈ ਮਾਨਸਿਕ ਤੌਰ ’ਤੇ ਤਿਆਰ ਕਰ ਲੈਂਦੇ ਹਨ। ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਨਾਲ ਟੂਣੇ ਕੀਤੇ ਜਾਂਦੇ ਹਨ। ਮਾਨਸਿਕ ਤੌਰ ’ਤੇ ਕਮਜ਼ੋਰ ਲੋਕ ਅਜਿਹੇ ਟੂਣਿਆਂ ਤੋਂ ਡਰ ਜਾਂਦੇ ਹਨ ਤੇ ਉਹ ਵੀ ਟੂਣੇ ਦੇ ਕਹਿਰ ਤੋਂ ਬਚਣ ਲਈ ਕਿਸੇ ਬਾਬੇ ਦੀ ਸ਼ਰਨ ਵਿਚ ਚਲੇ ਜਾਂਦੇ ਹਨ। ਪੜ੍ਹੇ ਲਿਖੇ ਲੋਕਾਂ ਨੇ ਵੀ ਅਨੇਕਾਂ ਵਹਿਮ-ਭਰਮ ਪਾਲੇ ਹੋਏ ਹਨ। ਕਿਸੇ ਅਨਪੜ੍ਹ ਦਾ ਵਰਗਲਾਇਆ ਜਾਣਾ ਤਾਂ ਮੰਨਿਆ ਜਾ ਸਕਦਾ ਹੈ ਪਰ ਕਿਸੇ ਪੜ੍ਹੇ ਲਿਖੇ ਵਿਅਕਤੀ ਦਾ ਅੰਧਵਿਸ਼ਵਾਸੀ ਹੋ ਜਾਣਾ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ।
ਮੌਜੂਦਾ ਕੇਂਦਰੀ ਸਰਕਾਰ ਤਾਂ ਜੋਤਿਸ਼ ਤੇ ਹੋਰ ਤਰਕਹੀਣ ਗੱਲਾਂ ਨੂੰ ਵਿਗਿਆਨ ਸਿੱਧ ਕਰਨ ’ਤੇ ਤੁਲੀ ਹੋਈ ਹੈ ਅਤੇ ਵਿਗਿਆਨਕ ਖੋਜਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਬਦਲ ਰਹੇ ਸਮਿਆਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਤੇ ਵਿਗਿਆਨਕ ਹੋਣਾ ਜ਼ਰੂਰੀ ਹੈ। ਜਦੋਂ ਤੱਕ ਲੋਕਾਂ ਦੀ ਚੇਤਨਾ ਵਿਚ ਪਰਿਵਰਤਨ ਨਹੀਂ ਆਉਂਦਾ ਉਦੋਂ ਤੱਕ ਉਹ ਵਹਿਮਾਂ ਭਰਮਾਂ ਤੇ ਗੈਰ-ਵਿਗਿਆਨਕ ਸੋਚਾਂ ਦਾ ਸ਼ਿਕਾਰ ਹੁੰਦੇ ਰਹਿਣਗੇ। ਜੀਵਨ ਦੇ ਹਰ ਵਰਤਾਰੇ ਬਾਰੇ ਵਿਗਿਆਨਕ ਨਜ਼ਰੀਆ ਅਪਣਾਉਣਾ ਸਮੇਂ ਦੀ ਲੋੜ ਹੈ।
ਸੰਪਰਕ: 98153-56086