ਗੁਰਚਰਨ ਸਿੰਘ ਨੂਰਪੁਰ
ਅਲਬਰਟ ਸ਼ਵਾਇਟਜ਼ਰ ਕਹਿੰਦੇ ਹਨ- ‘ਸੋਚ ਵਿਚਾਰ ਦਾ ਤਿਆਗ ਕਰਨਾ ਰੂਹਾਨੀ ਦਿਵਾਲੀਆਪਣ ਦਾ ਐਲਾਨ ਕਰਨਾ ਹੁੰਦਾ ਹੈ।’ ਇਸ ਬ੍ਰਹਿਮੰਡ ਦਾ ਹਰ ਜ਼ੱਰਾ ਆਪਣਾ ਰੂਪ ਵਟਾ ਰਿਹਾ ਹੈ। ਧਰਤੀ, ਸੂਰਜ, ਚੰਦ, ਤਾਰੇ ਹਰ ਪਲ ਬਦਲ ਰਹੇ ਹਨ। ਸਮੇਂ ਦੇ ਹਰ ਦੌਰ ਵਿਚ ਬਦਲਾਅ ਜਾਰੀ ਰਹਿੰਦਾ ਹੈ। ਦੁਨੀਆ ਦੀ ਹਰ ਸ਼ੈਅ ਬਦਲ ਰਹੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਦੁਨੀਆ ਅੱਜ ਵਰਗੀ ਨਹੀਂ ਸੀ। ਅੱਜ ਤੋਂ ਪੰਜਾਹ ਸਾਲ ਬਾਅਦ ਦੀ ਦੁਨੀਆ ਅੱਜ ਨਾਲੋਂ ਬਹੁਤ ਜਿ਼ਆਦਾ ਵੱਖਰੀ ਹੋਵੇਗੀ। ਪਲ ਪਲ ਬਦਲ ਰਹੇ ਸਮਾਜਿਕ ਵਰਤਾਰਿਆਂ ਨੂੰ ਸਮਝਣ ਲਈ ਜ਼ਰੂਰੀ ਹੈ, ਸਾਡੀ ਸੋਚ ਵਿਚਾਰ ਕਰਨ ਦੀ ਪ੍ਰਵਿਰਤੀ ਦਾ ਵੀ ਵਿਕਾਸ ਹੋਵੇ।
ਪੱਚੀ ਸੌ ਸਾਲ ਪਹਿਲਾਂ ਯੂਨਾਨ ਦੇ ਲੋਕ ਆਪਸ ਵਿਚ ਵੱਖ ਵੱਖ ਵਿਸ਼ਿਆਂ ’ਤੇ ਬਹਿਸ ਕਰਦੇ ਸਨ। ਏਥਨਜ਼ ਜਿੱਥੇ ਸੁਕਰਾਤ ਅਤੇ ਪਲੈਟੋ ਵਰਗੇ ਦਾਰਸ਼ਨਿਕ ਪੈਦਾ ਹੋਏ, ਬਾਰੇ ਕਿਹਾ ਜਾਂਦਾ ਹੈ ਕਿ ਏਥਨਜ਼ ਦੇ ਨੇੜੇ ਇੱਕ ਪਹਾੜੀ ਸੀ ਜਿਸ ਨੂੰ ਏਥਨਜ਼ ਦੀ ਛੱਤ ਕਿਹਾ ਜਾਂਦਾ ਸੀ। ਇਸ ਪਹਾੜੀ ’ਤੇ ਦਾਰਸ਼ਨਿਕਾਂ ਦੀਆਂ ਮਹਿਫਲਾਂ ਜੁੜਦੀਆਂ ਅਤੇ ਉਹ ਵੱਖ ਵੱਖ ਤਰ੍ਹਾਂ ਦੇ ਕੁਦਰਤੀ ਵਰਤਾਰਿਆਂ ਦੇ ਨਾਲ ਨਾਲ ਉਸ ਸਮੇਂ ਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕਰਦੇ। ਇਸ ਪਹਾੜੀ ’ਤੇ ਦਾਰਸ਼ਨਿਕਾਂ ਨੂੰ ਸੁਣਨ ਦੂਜੇ ਮੁਲਕਾਂ ਤੋਂ ਵੀ ਸਿਆਣੇ ਲੋਕ ਆਉਂਦੇ। ਸੁਕਰਾਤ ਦਾ ਮੰਨਣਾ ਸੀ ਕਿ ਕਿਸੇ ਇੱਕ ਨੁਕਤੇ ’ਤੇ ਲੰਮੀ ਗੱਲਬਾਤ ਕਰਕੇ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ। ਉਹ ਵੱਖ ਵੱਖ ਰੀਤੀ ਰਿਵਾਜਾਂ, ਰੂੜੀਵਾਦੀ ਪ੍ਰੰਪਰਾਵਾਂ ਅਤੇ ਬਹੁ-ਦੇਵਵਾਦ ਸਬੰਧੀ ਬੜੇ ਤਿੱਖੇ ਸਵਾਲ ਖੜ੍ਹੇ ਕਰਦਾ ਅਤੇ ਆਪਣੇ ਚੇਲਿਆਂ ਵਿਚ ਵੀ ਹਰ ਵਰਤਾਰੇ ’ਤੇ ਸਵਾਲ ਕਰਨ ਦੀ ਚੇਤਨਾ ਪੈਦਾ ਕਰਦਾ। ਇਸ ਦਾ ਨਤੀਜਾ ਇਹ ਹੋਇਆ ਕਿ ਯੂਨਾਨ ਵਿਚ ਸੁਕਰਾਤ ਤੋਂ ਅੱਗੇ ਪਲੈਟੋ ਅਤੇ ਅਰਸਤੂ ਵਰਗੇ ਅਗਲੀ ਪੀੜ੍ਹੀ ਦੇ ਦਾਰਸ਼ਨਿਕ ਪੈਦਾ ਹੋਏ ਅਤੇ ਉਨ੍ਹਾਂ ਦੀਆਂ ਲਿਖਤਾਂ ਨੇ ਮਨੁੱਖ ਦੀ ਸੋਚ ਵਿਚਾਰ ਕਰਨ ਦੀ ਸਮਰੱਥਾ ਦਾ ਫੈਲਾਅ ਕੀਤਾ। ਕਿਹਾ ਜਾਂਦਾ ਹੈ ਕਿ ਅੱਜ ਤੱਕ ਦੀ ਦੁਨੀਆ ਤੱਕ ਜਾਣ ਦਾ ਰਾਹ ਦੁਨੀਆ ਨੂੰ ਯੂਨਾਨ ਨੇ ਸੁਝਾਇਆ। ਯੂਨਾਨੀ ਦਾਰਸ਼ਨਿਕਾਂ ਅਤੇ ਉਨ੍ਹਾਂ ਦੇ ਫਲਸਫੇ ਦਾ ਹੀ ਨਤੀਜਾ ਸੀ ਕਿ ਯੂਰੋਪੀਅਨ ਮੁਲਕਾਂ ਵਿਚ ਗਿਆਨ ਵਿਗਿਆਨ ਦੇ ਫਲਸਫੇ ਦਾ ਮੁੱਢ ਬੱਝਾ। ਸਦੀਆਂ ਦੀਆਂ ਪ੍ਰੰਪਰਾਵਾਂ ਅਤੇ ਰੂੜੀਵਾਦੀ ਫਲਸਫੇ ’ਤੇ ਸਵਾਲ ਉੱਠਣੇ ਸ਼ੁਰੂ ਹੋਏ ਅਤੇ ਮਨੁੱਖ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੇ ਅੰਗੜਾਈ ਲਈ। ਇਹੋ ਕਾਰਨ ਹੀ ਸੀ ਕਿ ਯੂਰੋਪੀਅਨ ਮੁਲਕਾਂ ਵਿਚ ਦੁਨੀਆ ਨੂੰ ਬਦਲ ਦੇਣ ਵਾਲੀਆਂ ਖੋਜਾਂ ਕਰਨ ਵਾਲੇ ਵਿਗਿਆਨੀ ਪੈਦਾ ਹੋਏ। ਬਹੁਤ ਸਾਰਾ ਅਸੰਭਵ ਸੰਭਵ ਹੋ ਸਕਿਆ। ਮਨੁੱਖੀ ਸਭਿਅਤਾ ਦਾ ਇਤਿਹਾਸ ਗਵਾਹ ਹੈ ਕਿ ਸਮਾਂ ਬੀਤਣ ਨਾਲ ਗਿਆਨ ਵਿਗਿਆਨ ਦੇ ਖੇਤਰ ਵਿਚ ਆਏ ਇਨਕਲਾਬ ਨੇ ਬਹੁਤ ਸਾਰੇ ਤੱਥ ਜਿਨ੍ਹਾਂ ਨੂੰ ਸਦੀਵੀ ਮੰਨਿਆ ਜਾਂਦਾ ਸੀ, ਝੂਠੇ ਸਾਬਤ ਕਰ ਦਿੱਤਾ ਹੈ। ਇਸ ਦੇ ਉਲਟ ਦੁਨੀਆ ਦੇ ਜਿਹੜੇ ਖਿੱਤਿਆਂ ਵਿਚ ਰੂੜੀਵਾਦੀ ਪ੍ਰੰਪਰਾਵਾਂ ਦਾ ਹਨੇਰਾ ਸੰਘਣਾ ਸੀ, ਉੱਥੇ ਕਿਸਮਤਵਾਦੀ ਫਲਸਫੇ ਦੀ ਚੜ੍ਹਤ ਬਰਕਰਾਰ ਰਹੀ, ਵਹਿਮਾਂ-ਭਰਮਾਂ, ਜਾਤਾਂ, ਮਜ਼ਹਬਾਂ ਦੇ ਜਾਲ ਵਿਚ ਫਸੇ ਲੋਕ ਹਨੇਰਾ ਢੋਂਦੇ ਰਹੇ ਅਤੇ ਇਨ੍ਹਾਂ ਦੇ ਜਿਊਣ ਹਾਲਾਤ ਵਿਚ ਇੱਕੀਵੀ ਸਦੀ ਤੱਕ ਪਹੁੰਚਦਿਆਂ ਵੀ ਕੋਈ ਜਿ਼ਕਰਯੋਗ ਬਦਲਾਅ ਨਹੀਂ ਵਾਪਰਿਆ।
ਮਨੁੱਖੀ ਸਭਿਅਤਾ ਰੁੱਖਾਂ, ਜੰਗਲਾਂ, ਪਹਾੜੀ ਕੁੰਦਰਾਂ ਵਿਚੋਂ ਨਿਕਲ ਕੇ ਵਿਕਾਸ ਕਰਦੀ ਅੱਜ ਕੰਪਿਊਟਰ ਯੁੱਗ ਤਕ ਆਈ ਹੈ। ਹੁਣ ਤਕ ਧਰਤੀ ਤੇ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ, ਇਹ ਸਭ ਪੁਰਾਣੀਆਂ ਰੂੜੀਵਾਦੀ ਧਾਰਨਾਵਾਂ ਛੱਡਣ ਅਤੇ ਸੋਚ ਵਿਚਾਰ ਕਰਕੇ ਹੀ ਸੰਭਵ ਹੋ ਸਕਿਆ ਹੈ। ਅੱਜ ਮਨੁੱਖ ਪੁਲਾੜੀ ਬਸਤੀਆਂ ਬਣਾਉਣ ਲਈ ਯਤਨਸ਼ੀਲ ਹੈ, ਕਲੋਨ ਵਿਧੀ, ਨੈਨੋ-ਟੈਕਨਾਲੌਜੀ ਆਦਿ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਮਨੁੱਖ ਦੇ ਅਗਿਆਨ ਦਾ ਕੋਈ ਪਾਰਾਵਾਰ ਨਹੀਂ। ਅਜੇ ਵੀ ਅਸੀਂ ਬਿਮਾਰੀਆਂ ਦੇ ਬਚਾਅ ਲਈ ਰੁੱਖਾਂ ਦੇ ਮੁੱਢਾਂ ’ਤੇ ਕੱਚੀ ਲੱਸੀ ਪਾ ਰਹੇ ਹਾਂ। ਅਖੌਤੀ ਜੋਤਸ਼ੀ, ਤਾਂਤਰਿਕ, ਬਾਬੇ, ਸੰਤ, ਸੁਆਮੀ ਲੋਕਾਂ ਦੇ ਮਨਾਂ ਅੰਦਰ ਅਗਿਆਨਤਾ ਦੇ ਹਨੇਰ ਨੂੰ ਹੋਰ ਗਹਿਰਾ ਕਰਨ ਲੱਗੇ ਹੋਏ ਹਨ। ਖਲੀਲ ਜਬਿਰਾਨ ਨੇ ਕਿਹਾ ਹੈ- ‘ਗਿਆਨ ਮਨੁੱਖ ਦੀ ਤਰੱਕੀ ਦਾ ਸੂਚਕ ਹੈ ਅਤੇ ਅਗਿਆਨ ਵਿਨਾਸ਼ ਦਾ।’ ਅੱਜ ਵੀ ਜਦੋਂ ਵਿਗਿਆਨ ਵੱਲੋਂ ਕਈ ਸਾਲਾਂ ਦੀ ਮਿਹਨਤ ਮਗਰੋਂ ਕਿਸੇ ਖੋਜ ਕਾਰਜ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ ਤਾਂ ਇਹਦੀ ਮਿਹਨਤ ਦੀ ਖਿੱਲੀ ਉਡਾਉਣ ਲਈ ਕਿਹਾ ਜਾਂਦਾ ਹੈ ਕਿ ਇਹ ਕਿਹੜੀ ਨਵੀਂ ਗੱਲ ਏ, ਇਹਦੇ ਬਾਰੇ ਤਾਂ ਪਹਿਲਾਂ ਹੀ ਸਾਡੇ ਗ੍ਰੰਥਾਂ ਸ਼ਾਸਤਰਾਂ ਵਿਚ ਲਿਖਿਆ ਹੈ। ਵਿਗਿਆਨਕ ਸੋਚ ਪੁਰਾਤਨ ਰੂੜੀਵਾਦੀ ਧਾਰਨਾਵਾਂ ਦਾ ਤਿਆਗ ਕਰਦੀ ਹੈ।
ਅਸੀਂ ਵਿਗਿਆਨ ਵੱਲੋਂ ਮਹੱਈਆ ਕਰਾਈਆਂ ਵਸਤਾਂ ਤਾਂ ਚੌਵੀ ਘੰਟੇ ਵਰਤ ਰਹੇ ਹਾਂ ਪਰ ਅਸੀਂ ਆਪਣੀ ਸੋਚ ਵਿਗਿਆਨਕ ਨਹੀਂ ਬਣਾ ਸਕੇ। ਇਸ ਦੇ ਕਈ ਹੋਰ ਵੀ ਕਾਰਨ ਹੋਣਗੇ ਪਰ ਦੋ ਮੁੱਖ ਕਾਰਨਾਂ ਵਿਚੋਂ ਇੱਕ ਇਹ ਹੈ ਕਿ ਸਾਡੀ ਵਿਦਿਆ ਪ੍ਰਣਾਲੀ ਨੁਕਸਦਾਰ ਹੈ। ਇਸ ਵਿਚ 70% ਬੇਲੋੜਾ ਹੈ। ਇਹ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਵੱਲ ਸੇਧਤ ਨਹੀਂ। ਦੂਜਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿਚ ਸਦੀਆਂ ਤੋਂ ਲੋਕ ਮਨਾਂ ਵਿਚ ਪ੍ਰੰਪਰਾਗਤ ਰੂੜੀਵਾਦੀ ਧਾਰਨਾਵਾਂ ਦਾ ਪਸਾਰ ਹੈ। ਇਨ੍ਹਾਂ ਧਾਰਨਾਵਾਂ ਦਾ ਪ੍ਰਚਾਰ ਕਰਨ ਵਾਲਿਆਂ ਨੇ ਵਿਗਿਆਨਕ ਸੋਚ ਦੇ ਖਿਲਾਫ ਵਿਗਿਆਨਕ ਖੋਜਾਂ ਜਿਵੇਂ ਸਪੀਕਰ, ਟੇਪ ਰਿਕਾਰਡਰ, ਟੀਵੀ, ਰੇਡੀਓ, ਕੰਪਿਊਟਰ ਇੰਟਰਨੈੱਟ ਆਦਿ ਦੇ ਮਾਧਿਅਮ ਰਾਹੀਂ ਆਪਣੇ ਸਵਾਰਥਾਂ ਲਈ ਲੋਕਾਈ ਨੂੰ ਅੰਧਵਿਸ਼ਵਾਸ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਟੀਵੀ ਚੈਨਲਾਂ ਦੀ ਗਿਣਤੀ ਵਧਣ ਨਾਲ ਅੰਧਵਿਸ਼ਵਾਸ ਦਾ ਫ਼ੈਲਾਅ ਸਗੋਂ ਹੋਰ ਤੇਜ਼ੀ ਨਾਲ ਹੋਣਾ ਸ਼ੁਰੂ ਹੋ ਗਿਆ ਹੈ।
ਜਿੱਥੇ ਅਧਿਆਤਮਵਾਦ ਆਪਣੀ ਵਿਚਾਰਧਾਰਾ ਨੂੰ ਅੰਤਿਮ ਸੱਚ ਮੰਨ ਕੇ ਚਲਦਾ ਹੈ, ਉੱਥੇ ਵਿਗਿਆਨ ਅਜਿਹਾ ਦਾਅਵਾ ਨਹੀਂ ਕਰਦਾ। ਵਿਗਿਆਨ ਸੁਣੀਆਂ ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਕਰਨ ਦਾ ਨਾਮ ਨਹੀਂ। ਵਿਗਿਆਨ ਨੇ ਕਿਹਾ ਅਜੇ ਇੱਥੋਂ ਤੱਕ ਪਤਾ ਹੈ, ਇਸ ਤੋਂ ਅਗਾਂਹਂ ਜਦੋਂ ਪਤਾ ਕਰਾਂਗੇ ਦੱਸ ਦਿੱਤਾ ਜਾਵੇਗਾ। ਅਕਸਰ ਕਿਹਾ ਜਾਂਦਾ ਹੈ ਕਿ ਜਿੱਥੇ ਜਾ ਕੇ ਵਿਗਿਆਨ ਖਤਮ ਹੁੰਦਾ ਹੈ, ਉੱਥੋਂ ਧਰਮ ਦੀ ਖੋਜ ਸ਼ੁਰੂ ਹੁੰਦੀ ਹੈ। ਇਸ ਬਾਰੇ ਇਹੀ ਕਹਾਂਗੇ ਕਿ ਧਰਮ ਅਤੇ ਵਿਗਿਆਨ ਦੋ ਅਲੱਗ ਅਲੱਗ ਪਹਿਲੂ ਹਨ ਜੋ ਮਨੁੱਖ ਦੀ ਜਿ਼ੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਪਰ ਕਈ ਪੱਖਾਂ ਤੋਂ ਵਿਗਿਆਨ ਨੇ ਪੁਰਾਤਨ ਧਾਰਨਾਵਾਂ ਨੂੰ ਚੁਣੌਤੀ ਵੀ ਦਿੱਤੀ; ਜਿਵੇਂ ਪਹਿਲਾਂ ਜਦੋਂ ਕਦੇ ਵਕਤ ਤੋਂ ਪਹਿਲਾਂ ਬੱਚਾ ਪੈਦਾ ਹੋ ਜਾਂਦਾ ਤਾਂ ਉਹ ਕੁਝ ਸਮਾਂ ਜਿਊਂਦਾ ਰਹਿ ਕੇ ਮਰ ਜਾਂਦਾ। ਇੱਥੇ ਗ੍ਰੰਥਾਂ ਸ਼ਾਸਤਰਾਂ ਦਾ ਜਵਾਬ ਸੀ ਕਿ ਇਸ ਦੀ ਲਿਖੀ ਹੀ ਇੰਨੀ ਸੀ ਪਰ ਜਦੋਂ ਵਿਗਿਆਨ ਹਾਜ਼ਰ ਹੁੰਦਾ ਹੈ ਤਾਂ ਉਸ ਨੇ ਲਿਖੀ ਦੀ ਧਾਰਨਾ ਨੂੰ ਪਾਸੇ ਰੱਖ ਕੇ ਮਾਂ ਦੇ ਗਰਭ ਜਿਹੀ ਵਿਵਸਥਾ ਵਾਲੀ ਮਸ਼ੀਨ ਬਣਾ ਲਈ ਅਤੇ ਬੱਚੇ ਨੂੰ ਉਹਦੇ ਜਨਮ ਦਾ ਰਹਿੰਦਾ ਸਮਾਂ ਉਸ ਵਿਚ ਰੱਖ ਕੇ ਉਹਦੀ ਲਿਖੀ ਵਾਲੀ ਧਾਰਨਾ ਨੂੰ ਚੁਣੌਤੀ ਦਿੱਤੀ।
ਦਰਅਸਲ ਧਰਤੀ ਉੱਪਰ ਹੋਇਆ ਅੱਜ ਤਕ ਦਾ ਵਿਕਾਸ ਮਨੁੱਖ ਦੀ ਲਗਾਤਾਰ ਮਿਹਨਤ, ਸੋਚ ਵਿਚਾਰ ਅਤੇ ਪੁਰਾਤਨ ਰੂੜੀਵਾਦੀ ਧਾਰਨਾਵਾਂ ਨੂੰ ਤਿਆਗਣ ਦਾ ਸਿੱਟਾ ਹੈ। ਗ੍ਰੰਥਾਂ ਸ਼ਾਸਤਰਾਂ ਦੀਆਂ ਧਾਰਨਾਵਾਂ ਉਹੀ ਹਨ ਜੋ ਸਦੀਆਂ ਪਹਿਲਾਂ ਦੇ ਸਮਾਜ ਲਈ ਸਨ। ਇਨ੍ਹਾਂ ਵਿਚ ਬਦਲਾਅ ਦੀ ਗੱਲ ਤਾਂ ਛੱਡੋ, ਐਸਾ ਸੋਚਣਾ ਵੀ ਗੁਨਾਹ ਹੈ। ਉਂਜ, ਸਮਾਂ ਬੀਤਣ ਨਾਲ ਬਹੁਤ ਸਾਰੇ ਤੱਥ-ਸੱਚ ਐਸੇ ਹਨ ਜਿਨ੍ਹਾਂ ਨੂੰ ਅਸੀਂ ਪਹਿਲਾਂ ਕੁਦਰਤੀ ਕਰੋਪੀਆਂ ਹੀ ਸਮਝਦੇ ਰਹੇ; ਜਿਵੇਂ ਬਿਮਾਰੀਆਂ ਨੂੰ ਕਿਸੇ ਦੇਵੀ ਦੇਵਤੇ ਦਾ ਕਹਿਰ, ਪਸ਼ੂਆਂ ਦੀਆਂ ਬਿਮਾਰੀਆਂ ਲਈ ਜਾਦੂ-ਟੂਣੇ ਆਦਿ। ਅਸੀਂ ਕਿਸੇ ਗ੍ਰੰਥ ਤੋਂ ਸੇਧ ਲੈ ਕੇ ਉਸ ਸਮੇਂ ਜਾਂ ਬਾਅਦ ਵਿਚ ਵੀ ਬਹੁਤਾ ਕੁਝ ਨਹੀਂ ਕਰ ਸਕੇ। ਸਾਡੇ ਪਿੰਡਾਂ ਵਿਚ ਹੁਣ ਤਕ ਵੀ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਦੇ ਬਚਾ ਲਈ ਰੱਖਾਂ-ਧਾਗੇ ਬੰਨ੍ਹ ਕੇ ਹੇਠੋਂ ਪਸੂ਼ਆਂ ਨੂੰ ਲੰਘਾਇਆ ਜਾਂਦਾ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ਅਜਿਹੀਆਂ ਪ੍ਰਵਿਰਤੀ ਤੋਂ ਨਿਜਾਤ ਅਸੀਂ ਵਿਗਿਆਨ ਦੇ ਚਾਨਣ ਵਿਚ ਹੀ ਪਾਈ ਹੈ।
ਅਫਸੋਸ ਦੀ ਗੱਲ ਹੈ ਕਿ ਮੁਲਕ ਵਿਚ ਅੱਜ ਵੀ ਪੁਰਾਤਨ ਰੂੜੀਵਾਦੀ ਧਾਰਨਾਵਾਂ ਦਾ ਪ੍ਰਚਾਰ ਪ੍ਰਸਾਰ ਬੜੀ ਤੇਜ਼ੀ ਨਾਲ ਹੋਣ ਲੱਗਾ ਹੈ। ਲੋਕਾਂ ਦੇ ਹਕੀਕੀ ਮਸਲੇ ਹੱਲ ਕਰਨ ਦੀ ਬਜਾਇ ਪੁਰਾਤਨ ਰਸਮਾਂ ਰਿਵਾਜਾਂ ਅਤੇ ਜਾਤਾਂ ਪਾਤਾਂ ਦੇ ਨਾਮ ਤੇ ਲੜਾ ਭਿੜਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਉਣ ਵਾਲੀਆਂ ਨਸਲਾਂ ਸਵਾਲ ਕਰਨਗੀਆਂ ਕਿ ਜਦੋਂ ਦੁਨੀਆ ਦੇ ਬਹੁਤ ਸਾਰੇ ਮੁਲਕ ਵਿਕਾਸ ਤਰੱਕੀ ਕਰ ਰਹੇ ਸਨ, ਉਸ ਸਮੇਂ ਮੁਲਕ ਦੇ ਲੋਕਾਂ ਨੂੰ ਰੂੜੀਵਾਦੀ ਪ੍ਰੰਪਰਾਵਾਂ ਵਿਚ ਕਿਉਂ ਉਲਝਾਈ ਰੱਖਿਆ? ਸਾਨੂੰ ਅੰਧਵਿਸ਼ਵਾਸੀ ਮਨੋਬਿਰਤੀ ਤਿਆਗ ਕੇ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਹੈ। ਜਾਤ-ਪਾਤ, ਧਰਮ-ਮਜ਼ਹਬ ਅਤੇ ਫਿਰਕਿਆਂ ਤੋਂ ਉਪਰ ਉੱਠ ਕੇ ਮਾਨਵਵਾਦੀ ਸੋਚ ਨੂੰ ਤਰਜੀਹ ਦੇਣ ਦੀ ਲੋੜ ਹੈ। ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ, ਬੁੱਧੀਜੀਵੀਆਂ, ਅਖਬਾਰਾਂ, ਟੀਵੀ ਚੈਨਲਾਂ ਨੂੰ ਸਮਾਜ ਪ੍ਰਤੀ ਸਾਰਥਿਕ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਪਵੇਗਾ।
ਸਮਾਂ ਬਦਲਣ ਨਾਲ ਗਿਆਨ ਵਿਗਿਆਨ ਦੇ ਪ੍ਰਕਾਸ਼ ਵਿਚ ਪੁਰਾਤਨ ਧਾਰਨਾਵਾਂ ਟੁੱਟਦੀਆਂ ਰਹਿੰਦੀਆਂ ਹਨ। ਇਸ ਬਦਲਾਅ ਦੇ ਨਾਲ ਨਾਲ ਸਾਨੂੰ ਆਪਣੇ ਵਿਚਾਰਾਂ ਅਤੇ ਵਿਚਾਰਧਾਰਾ ਵਿਚ ਵਿਕਾਸ ਲਿਆਉਣ ਦੀ ਲੋੜ ਹਮੇਸ਼ਾ ਰਹਿੰਦੀ ਹੈ। ਵਿਲੀਅਮ ਬਲੇਕ ਲਿਖਦੇ ਹਨ- ਜਿਹੜਾ ਬੰਦਾ ਆਪਣਾ ਵਿਚਾਰ ਨਹੀਂ ਬਦਲਦਾ, ਉਹ ਖੜ੍ਹੇ ਪਾਣੀ ਵਾਂਗ ਹੈ। ਦੁਨੀਆ ਭਰ ਵਿਚ ਜਿਹੜੀਆਂ ਕੌਮਾਂ ਨੇ ਆਪਣੀ ਵਿਚਾਰਧਾਰਾ ਨੂੰ ਉਦਾਰਵਾਦੀ ਰੱਖਿਆ, ਉਨ੍ਹਾਂ ਨੇ ਕੱਟੜਵਾਦੀ ਕੌਮਾਂ ਦੇ ਮੁਕਾਬਲੇ ਵੱਧ ਤਰੱਕੀ ਕੀਤੀ। ਵਿਚਾਰਸ਼ੀਲ ਲੋਕ ਦੂਜਿਆਂ ਦੇ ਮੁਕਾਬਲੇ ਵਧੇਰੇ ਸ਼ਾਂਤ ਰਹਿੰਦੇ ਹਨ। ਚੀਨੀ ਫਿਲਾਸਫਰ ਕਨਫਿਊਸ਼ੀਅਸ ਦਾ ਕਥਨ ਹੈ- ‘ਅਗਿਆਨਤਾ ਮਨ ਦੀ ਰਾਤ ਹੈ, ਅਜਿਹੀ ਰਾਤ ਜਿਸ ਵਿਚ ਨਾ ਚੰਦ ਨਾ ਤਾਰੇ ਹਨ।’ ਸਾਡੇ ਸਮਾਜ ਨੂੰ ਹਰ ਤਰ੍ਹਾਂ ਦੇ ਹਨੇਰੇ ਤੋਂ ਬਾਹਰ ਕੱਢਣ ਲਈ ਵਿਵੇਕਸ਼ੀਲ ਅਤੇ ਤਰਕਸ਼ੀਲ ਹੋਣ ਦੀ ਲੋੜ ਹੈ। ਆਓ ਗਿਆਨ ਵਿਗਿਆਨ ਦਾ ਰਾਹ ਫੜਨ ਲਈ ਉਸਾਰੂ ਸਾਹਿਤ, ਚੰਗੇ ਅਖਬਾਰਾਂ ਅਤੇ ਕਿਤਾਬਾਂ ਨਾਲ ਜੁੜੀਏ।
ਸੰਪਰਕ: 98550-51099