ਗੁਰਦੀਪ ਸਿੰਘ ਭੁੱਲਰ
ਅੱਜ ਦਾ ਮਨੁੱਖ ਸਮਾਜਿਕ ਵਾਤਾਵਰਨ ਵਿੱਚ ਰਹਿ ਰਿਹਾ ਹੈ ਤੇ ਸਮਾਜ ਦੇ ਇਸ ਪੂਰੇ ਤਾਣੇ ਬਾਣੇ ਵਿੱਚ ਪਰੋਇਆ ਹੋਇਆ ਹੈ। ਮਨੁੱਖ ਦੀ ਹੋਂਦ ਨਾਲ ਹੀ ਸਮਾਜ ਦੀ ਉੱਤਪਤੀ ਹੋਈ ਤੇ ਫਿਰ ਅਸੀਂ ਸਾਰੇ ਇਸ ਸਮਾਜ ਦਾ ਹਿੱਸਾ ਬਣੇ। ਸਮਾਜ ਦੇ ਇਸ ਪੂਰੇ ਢਾਂਚੇ ਵਿੱਚ ਸਮੇਂ ਦੇ ਨਾਲ ਨਾਲ ਹੋਣ ਵਾਲੀਆਂ ਤਬਦੀਲੀਆਂ ਨੇ ਸਾਨੂੰ ਪ੍ਰਭਾਵਿਤ ਕੀਤਾ ਤੇ ਇਸ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੇ ਆਪਣੇ ਆਪ ਨੂੰ ਇਸ ਦੇ ਅਨੁਸਾਰ ਢਾਲ਼ ਲਿਆ। ਕੁਦਰਤ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਦਾ ਮਨੁੱਖ ਦੇ ਦਿਮਾਗ ’ਤੇ ਡੂੰਘਾ ਅਸਰ ਹੋਇਆ ਤੇ ਫਿਰ ਇਸ ਨੂੰ ਅੰਦਰੋ ਅੰਦਰੀ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਦਾ ਡਰ ਅਤੇ ਸਹਿਮ ਸਤਾਉਣ ਲੱਗ ਪਿਆ।
ਕੁਦਰਤ ਦੇ ਨਿਯਮਾਂ ਤੋਂ ਅਣਜਾਣ ਇਨਸਾਨ ਇੰਝ ਸਹਿਜ ਜਾਂ ਅਚਨਚੇਤੀ ਵਾਪਰਨ ਵਾਲੇ ਇਸ ਸਭ ਵਰਤਾਰਿਆਂ ਨੂੰ ਕਿਸੇ ਚੰਦਰੀ ਆਤਮਾ ਜਾਂ ਗੈਬੀ ਸ਼ਕਤੀ ਦਾ ਹੀ ਪ੍ਰਕੋਪ ਮੰਨਣ ਲੱਗਾ। ਫਿਰ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਇਸ ਨੇ ਪੂਜਾ-ਪਾਠ ਤੇ ਫ਼ਜ਼ੂਲ ਕਰਮ-ਕਾਂਡਾਂ ਦੀਆਂ ਅਨੇਕਾਂ ਵਿਧੀਆਂ ਨੂੰ ਅਪਣਾਇਆ, ਜਿਸ ਵਿੱਚੋਂ ਕਈ ਤਰ੍ਹਾਂ ਦੇ ਅੰਧਵਿਸ਼ਵਾ ਤੇ ਵਹਿਮਾਂ-ਭਰਮਾਂ ਨੇ ਜਨਮ ਲਿਆ। ਕੁਝ ਚਲਾਕ ਤੇ ਸ਼ਾਤਰ ਲੋਕਾਂ ਨੇ ਇਨਸਾਨ ਦੇ ਇਸ ਡਰ ਤੇ ਮਾਨਸਿਕ ਕਮਜ਼ੋਰੀ ਨੂੰ ਹੋਰ ਹੱਲਾਸ਼ੇਰੀ ਦਿੱਤੀ ਤੇ ਉਸ ਦੇ ਵਹਿਮਾਂ-ਭਰਮਾਂ ਨੂੰ ਪੱਕੇ ਕੀਤਾ।
ਬੇਸ਼ੱਕ ਇਸ ਇੱਕਵੀਂ ਸਦੀ ਦੇ ਯੁੱਗ ਵਿੱਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅੱਜ ਵੀ ਬਹੁਗਿਣਤੀ ਇਨਸਾਨ ਇਨ੍ਹਾਂ ਅੰਧਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਦੇ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਅੱਜ ਸਾਡੀ ਨਿੱਜੀ ਜ਼ਿੰਦਗੀ ਵਿੱਚ ਇਨ੍ਹਾਂ ਵਹਿਮਾਂ-ਭਰਮਾਂ ਦੇ ਅਜਿਹੇ ਕਈ ਪੱਖ ਹਨ ਜਿਨ੍ਹਾਂ ਨੂੰ ਅਸੀਂ ਸ਼ਗਨ ਅਤੇ ਬਦਸ਼ਗਨੀ ਵਜੋਂ ਆਪਣੇ ਨਾਲ ਜੋੜਦੇ ਹਾਂ ਤੇ ਹਰ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਦੇ ਹਾਂ ਤਾਂ ਜੋ ਸਾਡਾ ਹੋਣ ਵਾਲਾ ਕੰਮ ਪੂਰਨ ਤੌਰ ’ਤੇ ਸਿੱਧ ਹੋ ਸਕੇ। ਅਕਸਰ ਵਹਿਮੀ ਲੋਕ ਬੁੱਧਵਾਰ ਤੇ ਸ਼ਨਿੱਚਰਵਾਰ ਨੂੰ ਨਵਾਂ ਕੱਪੜਾ ਪਹਿਨਣਾ, ਐਤਵਾਰ ਨੂੰ ਨਵੇਂ ਗਹਿਣੇ ਪਹਿਨਣਾ, ਸੂਰਜ ਨੂੰ ਪਾਣੀ ਦੇਣਾ, ਤੁਲਸੀ ਦੀ ਪੂਜਾ, ਅਕਾਸ਼ ਵਿੱਚ ਤਾਰਾ ਟੁੱਟਦਾ ਦੇਖਣਾ ਆਦਿ ਨੂੰ ਸ਼ੁਭ ਅਤੇ ਘਰੋਂ ਬਾਹਰ ਜਾਣ ਵੇਲੇ ਖਾਲੀ ਭਾਂਡਾ ਮੱਥੇ ਲੱਗਣਾ, ਬਿੱਲੀ ਦੇ ਰਸਤਾ ਕੱਟਣਾ, ਮੰਗਲ ਜਾਂ ਸ਼ਨਿੱਚਰਵਾਰ ਨੂੰ ਸਿਰ ਨਹਾਉਣਾ, ਵਿਆਹਾਂ ਵਿੱਚ ਕਾਲੇ ਕੱਪੜੇ ਦੀ ਵਰਤੋਂ, ਕੋਈ ਕੰਮ ਸ਼ੁਰੂ ਕਰਨ ਸਮੇਂ ਕਿਸੇ ਦੇ ਛਿੱਕ ਦੇਣ ਆਦਿ ਸਭ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
ਅਜਿਹੇ ਅਣਗਿਣਤ ਅੰਧਵਿਸ਼ਵਾਸ ਹਨ ਜੋ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਚੱਲਦੇ ਹਨ। ਇਨ੍ਹਾਂ ਵਹਿਮਾਂ-ਭਰਮਾਂ ਦੇ ਪ੍ਰਫੁੱਲਤ ਹੋਣ ਦਾ ਅੱਜ ਇੱਕੋ ਇੱਕ ਮੂਲ ਕਾਰਨ ਇਹ ਹੈ ਕਿ ਸਾਡੇ ਵਿੱਚ ਅੱਜ ਵੀ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਅਗਿਆਨਤਾ ਦੇ ਹਨੇਰੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬੌਧਿਕ ਪੱਧਰ ਤੋਂ ਕਮਜ਼ੋਰ ਹੋਣ ਕਾਰਨ ਇਹ ਲੋਕ ਭਰਮ-ਭੁਲੇਖਿਆਂ ’ਤੇ ਆਪਣਾ ਵਿਸ਼ਵਾਸ ਅਡੋਲ ਰੱਖਦੇ ਹਨ ਤੇ ਅੰਧਵਿਸ਼ਵਾਸ ਨੂੰ ਉੱਚ ਪੱਧਰ ਤੱਕ ਫੈਲਾਉਣ ਵਿੱਚ ਸਹਾਈ ਹੁੰਦੇ ਹਨ। ਹੋਰ ਤਾਂ ਹੋਰ ਬਹੁਤ ਸਾਰੇ ਪੜ੍ਹੇ-ਲਿਖੇ ਅਤੇ ਵਿਗਿਆਨੀ ਤੇ ਡਾਕਟਰ ਆਦਿ ਤੱਕ ਇਨ੍ਹਾਂ ਵਹਿਮਾਂ-ਭਰਮਾਂ ਨੂੰ ਮੰਨਦੇ ਹਨ। ਦੂਜੇ ਪਾਸੇ ਸਾਡੇ ਪ੍ਰਸਾਰਨ ਮਾਧਿਅਮ ਵੀ ਇਨ੍ਹਾਂ ਅੰਧਵਿਸ਼ਵਾਸਾ ਨੂੰ ਦਿਨ-ਰਾਤ ਵੱਡੇ ਪੱਧਰ ’ਤੇ ਪ੍ਰਚਾਰਨ ਲੱਗੇ ਹੋਏ ਹਨ। ਇਕ ਪਾਸੇ ਜਿੱਥੇ ਡਿਸਕਵਰੀ ਸਾਇੰਸ ਜਿਹੇ ਚੈਨਲ ਇਨ੍ਹਾਂ ਵਹਿਮਾਂ-ਭਰਮਾਂ ਦਾ ਮੁੱਢ ਤੋਂ ਖੰਡਨ ਕਰ ਕੇ ਅਤੇ ਵਿਗਿਆਨ ਦਾ ਪੂਰਾ ਤਰਕ ਦੱਸਦੇ ਹੋਏ ਇਸ ਦੀ ਸਿੱਖਿਆ ਪ੍ਰਤੀ ਜਾਗਰੂਕ ਕਰ ਰਹੇ ਹਨ, ਉੱਥੇ ਜ਼ਿਆਦਾਤਰ ਚੈਨਲ ਸਾਰਾ ਦਿਨ ਰਾਸ਼ੀਫਲ, ਗ੍ਰਹਿ, ਤਾਰਾ ਮੰਡਲ ਤੇ ਸ਼ਨੀ-ਰਾਹੂ-ਕੇਤੂ ਦੀਆਂ ਕਰੋਪੀਆਂ ਤੋਂ ਬਚਣ ਦੇ ਉਪਾਅ ਦੱਸ ਕੇ ਸਾਨੂੰ ਇਨ੍ਹਾਂ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਧਕੇਲ ਰਹੇ ਹਨ।
ਮਾਨਸਿਕ ਤੌਰ ’ਤੇ ਕਮਜ਼ੋਰ ਵਿਅਕਤੀ ਆਪਣੇ ਆਪ ਨੂੰ ਕਸ਼ਟਾਂ ਤੇ ਕਰੋਪੀਆਂ ਦਾ ਸ਼ਿਕਾਰ ਹੋਇਆ ਮੰਨਦਾ ਹੈ ਤੇ ਇਨ੍ਹਾਂ ਵਿੱਚੋਂ ਬਾਹਰ ਨਿਕਲਣ ਲਈ ਜੋਤਸ਼ੀ, ਤਾਂਤਰਿਕਾਂ ਤੇ ਢੋਂਗੀ ਬਾਬਿਆਂ ਦਾ ਸਹਾਰਾ ਲੈਂਦਾ ਹੈ। ਇਨ੍ਹਾਂ ਜੋਤਸ਼ੀਆਂ ਵੱਲੋਂ ਉਪਾਅ ਦੇ ਰੂਪ ਵਿੱਚ ਕਾਗਜ਼ ’ਤੇ ਲਿਖੇ ਮੰਤਰ ਨੂੰ ਘੋਲ ਕੇ ਪੀਣਾ, ਵੰਨਸੁਵੰਨੇ ਤਵੀਤਾਂ ਨੂੰ ਸਰੀਰ ਦੇ ਅੰਗਾਂ ਨਾਲ ਬੰਨ੍ਹਣਾ, ਰੰਗ-ਬਰੰਗੇ ਧਾਗਿਆਂ ਨੂੰ ਗੰਢਾਂ ਦੇ ਕੇ ਗੁੱਟਾਂ ’ਤੇ ਬੰਨਣਾ, ਸੰਧੂਰ-ਪਤਾਸੇ-ਮਿਰਚਾਂ-ਨਾਰੀਅਲ ਆਦਿ ਦੀ ਸਮੱਗਰੀ ਨੂੰ ਚੁਰਸਤੇ ਵਿੱਚ ਰੱਖਣਾ (ਟੂਣਾ ਕਰਨਾ) ਤੇ ਨਾਰੀਅਲ ਨੂੰ ਵਗਦੇ ਪਾਣੀ ਵਿੱਚ ਰੋੜ੍ਹਨਾ ਕਈ ਤਰ੍ਹਾਂ ਦੇ ਢਕਵੰਜ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚ ਫਸ ਕੇ ਵਿਅਕਤੀ ਮਾਨਸਿਕ ਰੋਗੀ ਹੋਣ ਦੇ ਨਾਲ-ਨਾਲ ਆਪਣੀ ਆਰਥਿਕ ਲੁੱਟ ਵੀ ਕਰਵਾ ਬੈਠਦਾ ਹੈ। ਕਪਟ ਨਾਲ ਭਰੇ ਇਹ ਤਾਂਤਰਿਕ ਬਾਬੇ ਅਜਿਹੀ ਸਥਿਤੀ ਵਿੱਚ ਫਸੇ ਗਿਆਨ ਤੋਂ ਹੀਣੇ, ਪੜ੍ਹੇ-ਲਿਖੇ ਮੂਰਖ ਤੇ ਭੋਲੇ ਭਾਲੇ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ’ਚੋਂ ਕੱਢ ਕੇ ਤੇ ਸੁੱਖ-ਸ਼ਾਂਤੀ ਦੀਆਂ ਦਾਤਾਂ ਦੇਣ ਦੇ ਇਵਜ਼ ਵਿੱਚ ਉਨ੍ਹਾਂ ਦੇ ਧਨ ਦੀ ਖੂਬ ਲੁੱਟ ਕਰਦੇ ਹਨ। ਸੜਕਾਂ ਕੰਢੇ ਖ਼ੁਦ ਕੰਗਾਲੀ ਦੀ ਹਾਲਤ ਵਿਚ ਬੈਠ ਕੇ ਜਨਤਾ ਦਾ ਭਵਿੱਖ ਦੱਸਣ ਵਾਲਾ, ਉਨ੍ਹਾਂ ਨੂੰ ਕੁਬੇਰ ਦੇ ਖ਼ਜ਼ਾਨਿਆਂ ਦੀ ਦੱਸ ਪਾਉਣ ਵਾਲਾ ਇਹ ਜੋਤਸ਼ੀ ਲਾਣਾ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਦੀ ਉਲਟਾ ਮਿਹਨਤ ਦੀ ਕਮਾਈ ਨੂੰ ਦਿਨੋ-ਦਿਨ ਖੂਬ ਲੁੱਟ ਰਿਹਾ ਹੈ। ਜਨਤਾ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਇਸ ਪਖੰਡੀ ਲਾਣੇ ਨੇ ਆਪਣੇ ਕਾਰੋਬਾਰ ਨੂੰ ਏਨਾ ਵਧਾਇਆ ਕਿ ਦੁੱਖ ਤਕਲੀਫਾਂ ਤੋਂ ਨਿਜਾਤ ਪਾਉਣ ਦੇ ਤਰੀਕੇ ਦੱਸਣ ਲਈ ਅੱਜ ਇਹ ਆਪੋ ਆਪਣੇ ਸ਼ੋ ਰੂਮ ਦਫਤਰ ਖੋਲ ਕੇ ਬੈਠੇ ਹੋਏ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲੋਕ ਅੱਜ ਵੀ ਆਪਣੀਆਂ ਛੋਟੀਆਂ ਮੋਟੀਆਂ ਤਕਲੀਫਾਂ ਤੋਂ ਮੁਕਤ ਹੋਣ ਲਈ ਇਨ੍ਹਾਂ ਦਫਤਰਾਂ ਅੱਗੇ ਕਤਾਰਾਂ ਬਣਾ ਕੇ ਆਪਣਾ ਸਰਮਾਇਆ ਲੁਟਾ ਰਹੇ ਹਨ।
ਜੇ ਵਹਿਮਾਂ-ਭਰਮਾਂ ਦੇ ਮੂਲ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਆਪਣੀ ਕੋਈ ਰੂਪ-ਰੇਖਾ ਨਹੀਂ ਤੇ ਇਹ ਮੁੱਢ ਤੋਂ ਅੰਤ ਤੱਕ ਸਭ ਬੇਬੁਨਿਆਦ ਹਨ। ਸਾਡੇ ਧਾਰਮਿਕ ਗ੍ਰੰਥ ਇਨ੍ਹਾਂ ਅੰਧਵਿਸ਼ਵਾਸਾਂ ਦਾ ਮੁੱਢ ਤੋਂ ਹੀ ਖੰਡਨ ਕਰਦੇ ਹਨ ਤੇ ਸਾਨੂੰ ਇਨ੍ਹਾਂ ਵਿੱਚੋਂ ਬਾਹਰ ਨਿਕਲ ਕੇ ਉੱਚਾ ਸੁੱਚਾ ਜੀਵਨ ਬਤੀਤ ਕਰਨ ਲਈ ਪ੍ਰੇਰਦੇ ਹਨ। ਅੱਜ ਸਾਡੀ ਇਹ ਵੱਡੀ ਬਦਕਿਸਮਤੀ ਹੈ ਕਿ ਅਸੀਂ ਧਾਰਮਿਕ ਗ੍ਰੰਥਾਂ ਨੂੰ ਤਾਂ ਬੜੀ ਸ਼ਰਧਾ ਨਾਲ ਮੰਨਦੇ ਹਾਂ ਪਰ ਇਨ੍ਹਾਂ ਦੀ ਵਿਚਾਰਧਾਰਾ ਨੂੰ ਕਦੇ ਵੀ ਦਿਲੋਂ ਨਹੀਂ ਸਵੀਕਾਰਦੇ। ਜਦ ਤੱਕ ਅਸੀਂ ਇਸ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਨਹੀਂ ਆ ਜਾਂਦੇ, ਅਸੀਂ ਤਰੱਕੀ ਦੇ ਰਾਹ ’ਤੇ ਨਹੀਂ ਚੱਲ ਸਕਦੇ ਕਿਉਂਕਿ ਇਸ ਤਰ੍ਹਾਂ ਦਾ ਪਖੰਡਵਾਦ ਕਰਨ ਨਾਲ ਸਾਡੀ ਦੌਲਤ ਤੇ ਵਕਤ ਦੋਵੇਂ ਖਰਾਬ ਹੁੰਦੇ ਹਨ, ਜੋ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਨੂੰ ਉਸਾਰੂ ਕਰੀਏ ਤੇ ਵਹਿਮਾਂ-ਭਰਮਾਂ ਦੇ ਮਾਨਸਿਕ ਤੌਰ ’ਤੇ ਗੁਲਾਮ ਨਾ ਹੋ ਕੇ ਇਨ੍ਹਾਂ ਪ੍ਰਤੀ ਜਾਗਰੂਕ ਹੋਈਏ। ਆਪਣੇ ਜੀਵਨ ਵਿੱਚ ਆਉਣ ਵਾਲੇ ਛੋਟੇ ਮੋਟੇ ਦੁੱਖਾਂ ਨੂੰ ਜ਼ਿੰਦਗੀ ਦਾ ਇੱਕ ਹਿੱਸਾ ਮੰਨ ਕੇ ਉਨ੍ਹਾਂ ਦਾ ਖਿੜੇ ਮੱਥੇ ਸਾਹਮਣਾ ਕਰੀਏ ਅਤੇ ਵਿਗਿਆਨਕ ਤਰੀਕੇ ਨਾਲ ਹਰ ਸਮੱਸਿਆ ਦਾ ਰਲਮਿਲ ਕੇ ਹੱਲ ਲੱਭੀਏ। ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਫਰਜ਼ ਪਛਾਣਦੇ ਹੋਏ ਜ਼ਿਲ੍ਹਾ ਪੱਧਰ ਜਾਂ ਬਲਾਕ ਪੱਧਰ ’ਤੇ ਅਜਿਹੇ ਸੈਮੀਨਾਰ ਕਰਵਾਉਣ ਜਿਨ੍ਹਾਂ ਵਿੱਚ ਵਿਗਿਆਨ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ, ਬਾਰੇ ਉਚੇਚੇ ਤੌਰ ’ਤੇ ਵਿਸ਼ੇਸ਼ ਜਾਣਕਾਰੀ ਤਫ਼ਸੀਲ ਨਾਲ ਤੇ ਰੌਚਕ ਢੰਗ ਨਾਲ ਦਿੱਤੀ ਜਾਵੇ। ਇਸ ਤਰ੍ਹਾਂ ਨਾਲ ਸਾਡੀ ਸੋਚ ਦਾ ਢੰਗ ਬਦਲ ਜਾਵੇਗਾ ਤੇ ਮਨ ਅੰਦਰ ਇੱਕ ਨਵੀਂ ਚੇਤਨਾ ਪੈਦਾ ਹੋਵੇਗੀ। ਜਦੋਂ ਅਸੀਂ ਪੂਰਨ ਤੌਰ ’ਤੇ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਸੁਚੇਤ ਹੋ ਗਏ ਤਦ ਹੀ ਸਾਡਾ ਸਮਾਜ ਇੱਕੀਵੀਂ ਸਦੀ ਦਾ ਯੁੱਗ ਕਹਾਉਣ ਦਾ ਅਸਲ ਹੱਕਦਾਰ ਹੋਏਗਾ..!!
ਸੰਪਰਕ: 94172-41037