ਔਨਿੰਦਿਓ ਚਕਰਵਰਤੀ
ਵੀਹ ਸਾਲ ਪਹਿਲਾਂ ਅਮਰੀਕਾ ਨੇ ਅਫ਼ਗ਼ਾਨਿਸਤਾਨ ਉੱਤੇ ਹਮਲਾ ਕੀਤਾ ਤਾਂ ਉਦੋਂ ਸਪੱਸ਼ਟ ਹੀ ਸੀ ਕਿ ਇਹ ਮਹਿਜ਼ ‘ਦਹਿਸ਼ਤਗਰਦੀ ਖ਼ਿਲਾਫ਼ ਜੰਗ’ ਤੋਂ ਵੱਧ ਹੋਰ ਕੁਝ ਵੀ ਸੀ। ਆਖ਼ਰ 9/11 ਹਮਲੇ ਦੇ 19 ਵਿਚੋਂ 15 ਮੁਜ਼ਰਿਮ ਸਾਊਦੀ ਅਰਬ ਦੇ ਨਾਗਰਿਕ ਸਨ। ਓਸਾਮਾ ਬਿਨ ਲਾਦੇਨ ਨੇ ਹਮਲੇ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਅਮਰੀਕਾ ਨੇ ਵੀ ਕਦੇ ਰਸਮੀ ਤੌਰ ’ਤੇ ਉਸ ’ਤੇ ਦੋਸ਼ ਨਹੀਂ ਲਾਏ। ਤਾਲਿਬਾਨ ਨੇ ਵੀ ਅਮਰੀਕਾ ਦੀ ਬੰਬਾਰੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਲਾਦੇਨ ਨੂੰ ਕਿਸੇ ਤੀਜੇ ਮੁਲਕ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਸੀ। ਸਾਫ਼ ਹੈ ਕਿ ਜੰਗ ਦੇ ਦੋ ਮਕਸਦ ਸਨ। ਪਹਿਲਾ ਸੀ ਆਮ ਅਮਰੀਕੀਆਂ ਦੀ ਬਦਲਾ ਲੈਣ ਦੀ ਖ਼ੁਆਹਿਸ਼ ਨੂੰ ਪੂਰਾ ਕਰਨਾ। ਦੂਜਾ ਮਕਸਦ ਭੂ-ਸਿਆਸੀ ਅਰਥਚਾਰੇ ਨਾਲ ਸਬੰਧਤ ਸੀ।
ਅਫ਼ਗ਼ਾਨਿਸਤਾਨ ਕਦੇ ਵੀ ਆਲਮੀ ਤਾਕਤਾਂ ਦੀ ਮੰਜ਼ਿਲ ਨਹੀਂ ਰਿਹਾ, ਉਨ੍ਹਾਂ ਲਈ ਰਸਤਾ ਹੀ ਰਿਹਾ ਹੈ। ਇੱਥੋਂ ਤੱਕ ਕਿ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਵੀ ਇਸ ਨਾਲ ਇਕ ਰਸਤੇ ਵਾਂਗ ਹੀ ਵਿਹਾਰ ਕੀਤਾ ਜਿਸ ਉੱਤੇ ਬੀਤੀਆਂ ਦੋ ਸਦੀਆਂ ਤੋਂ ਇਕ ‘ਵੱਡੀ ਖੇਡ’ ਖੇਡੀ ਜਾ ਰਹੀ ਸੀ। ਅਫ਼ਗ਼ਾਨਿਸਤਾਨ ਦੀ ਭੂਗੋਲਿਕ ਸਥਿਤੀ ਇਸ ਨੂੰ ਮੱਧ ਏਸ਼ੀਆ, ਖਾੜੀ ਅਤੇ ਦੱਖਣੀ ਏਸ਼ੀਆ ਦਰਮਿਆਨ ਇਕ ਪੁਲ਼ ਵਾਂਗ ਬਣਾਉਂਦੀ ਹੈ। ਇਹ ਸਮੁੰਦਰੀ ਕਿਨਾਰੇ ਰਹਿਤ ਤੇ ਚਾਰੇ ਪਾਸਿਉਂ ਜ਼ਮੀਨ ਨਾਲ ਘਿਰਿਆ ਮੁਲਕ ਹੈ। ਦੱਖਣ ਵਿਚ ਇਸ ਦੀ ਪਾਕਿਸਤਾਨ ਨਾਲ ਬੜੀ ਲੰਬੀ ਸਰਹੱਦ ਹੈ। ਪੱਛਮ ਵਿਚ ਇਸ ਦੀ ਸਰਹੱਦ ਇਰਾਨ ਨਾਲ, ਉੱਤਰ ਵਿਚ ਤੁਰਕਮੇਨਿਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਨਾਲ ਅਤੇ ਉੱਤਰ-ਪੂਰਬ ਵਿਚ 76 ਕਿਲੋਮੀਟਰ ਸਰਹੱਦ ਚੀਨ ਨਾਲ ਸਾਂਝੀ ਹੈ।
ਇਸ ਦੀ ਇਸ ਸਥਿਤੀ ਨੇ ਅਫ਼ਗ਼ਾਨਿਸਤਾਨ ਨੂੰ ਵਪਾਰ ਤੇ ਆਵਾਜਾਈ ਦੇ ਰਸਤੇ ਵਜੋਂ ਬੇਸ਼ਕੀਮਤੀ ਟਿਕਾਣਾ ਬਣਾ ਦਿੱਤਾ ਹੈ। ਬਰਤਾਨੀਆ ਇਸ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਤਾਂ ਕਿ ਆਪਣੀ ਬਸਤੀ ਹਿੰਦੋਸਤਾਨ ਨੂੰ ਦੂਜੇ ਸਾਮਰਾਜਾਂ ਖ਼ਾਸਕਰ ਜ਼ਾਰ ਦੀ ਹਕੂਮਤ ਵਾਲੇ ਰੂਸ ਦੇ ਹੱਥਾਂ ਵਿਚ ਜਾਣ ਤੋਂ ਬਚਾ ਸਕੇ। ਅੰਗਰੇਜ਼ਾਂ ਨੇ ਵੱਖੋ-ਵੱਖ ‘ਐਂਗਲੋ-ਅਫ਼ਗ਼ਾਨ’ ਜੰਗਾਂ ਰਾਹੀਂ ਗਿਣ-ਮਿਥ ਕੇ ਅਫ਼ਗ਼ਾਨ ਸ਼ਹਿਰਾਂ ਤੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਇਸ ਦੇ ਅਰਥਚਾਰੇ ਦਾ ਲੱਕ ਤੋੜ ਦਿੱਤਾ ਤੇ ਇਸ ਦੇ ਕੁਲੀਨ ਵਰਗ ਨੂੰ ਕੰਗਾਲ ਬਣਾ ਦਿੱਤਾ। ਬਰਤਾਨੀਆ ਨੇ 1879 ਤੋਂ ਲੈ ਕੇ 1919 ਵਿਚ ‘ਅਫ਼ਗਾਨ ਜੰਗ-ਏ-ਆਜ਼ਾਦੀ’ ਤੱਕ ਦੇ 40 ਸਾਲਾਂ ਦੌਰਾਨ ਅਫ਼ਗਾਨਿਸਤਾਨ ਦੇ ਅਹਿਮ ਸ਼ਹਿਰਾਂ ਉੱਤੇ ਕਬਜ਼ਾ ਕਰ ਕੇ ਇਸ ਦਾ ਪਸ਼ਤੋ ਭਾਸ਼ੀ ਖ਼ਿੱਤਾ ਹਥਿਆ ਲਿਆ। ਅਫ਼ਗ਼ਾਨਿਸਤਾਨ ਭਾਵੇਂ ਹੋਰ 60 ਸਾਲਾਂ ਤੱਕ ਆਜ਼ਾਦ ਮੁਲਕ ਰਿਹਾ, ਪਰ 1893 ਵਿਚ ਖਿੱਚੀ ਗਈ ਡੂਰੰਡ ਰੇਖਾ ਨੇ ਬਹੁਗਿਣਤੀ ਪਖ਼ਤੂਨ ਲੋਕਾਂ ਨੂੰ ਦੋ ਸਾਮਰਾਜਾਂ (ਅੰਗਰੇਜ਼ਾਂ ਦਾ ਹਿੰਦੋਸਤਾਨੀ ਸਾਮਰਾਜ ਤੇ ਅਫ਼ਗ਼ਾਨਿਸਤਾਨ) ਵਿਚ ਵੰਡ ਦਿੱਤਾ।
ਹਿੰਸਕ ਸਿਆਸੀ ਉਥਲਾਂ-ਪੁਥਲਾਂ ਦੇ ਬਾਵਜੂਦ ਅਫ਼ਗ਼ਾਨਿਸਤਾਨ ਦੇ ਬਹੁਤੇ ਹਾਕਮ – ਅਮਾਨਉੱਲਾ ਖ਼ਾਨ, ਜ਼ਹੀਰ ਸ਼ਾਹ, ਦਾਉਦ ਖ਼ਾਨ, ਮੁਹੰਮਦ ਤਰਕੀ ਅਤੇ ਹਫ਼ੀਜ਼ੁੱਲਾ ਅਮੀਨ – ‘ਆਧੁਨਿਕਤਾਵਾਦੀ’ ਸਨ। ਇਸ ਦੇ ਬਾਵਜੂਦ ਇਕ ਆਧੁਨਿਕ ਰਾਸ਼ਟਰ ਤੇ ਅਰਥਚਾਰਾ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਮੁਲਕ ਵਿਚ ‘ਮੱਧ ਵਰਗ’ ਦੀ ਅਣਹੋਂਦ ਕਾਰਨ ਪੂਰੀਆਂ ਨਾ ਹੋ ਸਕੀਆਂ। ਬਰਤਾਨੀਆ ਨੇ ਜੰਗ ਦੇ ਸਾਲਾਂ ਦੌਰਾਨ ਵੱਖੋ-ਵੱਖ ਕਬੀਲਿਆਂ ਵਿਚ ਰੂੜ੍ਹੀਵਾਦੀ ਤੱਤਾਂ ਨੂੰ ਉਭਾਰਿਆ ਜਿਸ ਨੇ ਇਹ ਯਕੀਨੀ ਬਣਾ ਦਿੱਤਾ ਕਿ ਅਫ਼ਗ਼ਾਨਿਸਤਾਨ ਵਿਚ ਕਦੇ ਵੀ ਜ਼ਮੀਨੀ ਪੱਧਰ ਤੋਂ ਇਕ ਸਵਦੇਸ਼ੀ ਆਧੁਨਿਕੀਕਰਨ ਮੁਹਿੰਮ ਖੜ੍ਹੀ ਹੀ ਨਹੀਂ ਹੋ ਸਕੀ।
ਸੰਸਾਰ ਨੂੰ ਤੇਲ ਦੀ ਭਾਰੀ ਲੋੜ ਮਹਿਸੂਸ ਹੋਣ ’ਤੇ ਮੱਧ-ਪੂਰਬ ਉੱਤੇ ਕਬਜ਼ਾ ਕਰਨਾ ਵੱਡੀਆਂ ਤਾਕਤਾਂ ਲਈ ਜ਼ਿਆਦਾ ਅਹਿਮ ਬਣ ਗਿਆ। ਅਮਰੀਕਾ ਤੇ ਸੋਵੀਅਤ ਸੰਘ ਨੇ 1960ਵਿਆਂ ਤੋਂ ਹੀ ਅਫ਼ਗ਼ਾਨਿਸਤਾਨ ਨੂੰ ਚੋਗਾ ਪਾਉਣ ਦੇ ਵੱਖੋ-ਵੱਖ ਤਰੀਕੇ ਅਪਣਾਏ। ਇਕ ਪਾਸੇ ਸੋਵੀਅਤ ਸੰਘ, ਜਿਸ ਨੂੰ ਨਵੇਂ ਆਜ਼ਾਦ ਹੋਏ ਮੁਲਕਾਂ ਦੀ ਹਮਾਇਤ ਹਾਸਲ ਹੋ ਰਹੀ ਸੀ, ਨੇ ਆਧੁਨਿਕਤਾਵਾਦੀ ਤਾਕਤਾਂ ਦੀ ਪਿੱਠ ਥਾਪੜੀ। ਦੂਜੇ ਪਾਸੇ ਅਮਰੀਕਾ ਨੇ ਇਸਲਾਮੀ ਕੱਟੜਪੰਥੀਆਂ ਅਤੇ ਕਬਾਇਲੀ ਜੰਗਜੂ ਸਰਦਾਰਾਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। 1979 ਵਿਚ ਸੋਵੀਅਤ ਫ਼ੌਜਾਂ ਅਫ਼ਗ਼ਾਨਿਸਤਾਨ ਵਿਚ ਦਾਖ਼ਲ ਹੋਈਆਂ ਤਾਂ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਪਹਿਲਾਂ ਹੀ ਪਰਦੇ ਪਿੱਛੇ ਕੰਮ ਕਰ ਰਹੀ ਸੀ। ਇਸ ਦਸ ਸਾਲ ਲੰਬੀ ਜੰਗ ਦਾ ਨਤੀਜਾ ਇਹੋ ਨਿਕਲਿਆ ਕਿ ਆਧੁਨਿਕਤਾਵਾਦੀ ਏਜੰਡੇ ਦੇ ਵਿਰੋਧੀ ਬਹੁਤ ਸਾਰੇ ਜ਼ਾਲਮ ਸਰਦਾਰ ਮੁਲਕ ਉੱਤੇ ਕਾਬਜ਼ ਹੋ ਗਏ।
ਪੱਛਮੀ ਪ੍ਰੈਸ ਤੇ ਹੌਲੀਵੁੱਡ ਨੇ ਮੁਜਾਹਿਦੀਨ ਨੂੰ ਖ਼ੂੰਖ਼ਾਰ ਵਜੋਂ ਤਾਂ ਪੇਸ਼ ਕੀਤਾ, ਪਰ ਨਾਲ ਹੀ ਦੋਸਤਾਨਾ ਨਾਇਕ ਵੀ ਦਿਖਾਇਆ ਜਿਹੜੇ ਖ਼ਤਰਨਾਕ ਸੋਵੀਅਤ ਸਾਮਰਾਜ ਖ਼ਿਲਾਫ਼ ਆਜ਼ਾਦੀ ਦੀ ਲੜਾਈ ਲੜ ਰਹੇ ਸਨ। ਪਰ ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਉਹ ਦਮਨਕਾਰੀਆਂ ਤੋਂ ਸਿਵਾ ਹੋਰ ਕੁਝ ਨਹੀਂ ਸਨ। ਇੱਥੋਂ ਤੱਕ ਕਿ ਪਾਕਿਸਤਾਨ ਦੇ ਟਰੱਕ ਮਾਫ਼ੀਆ, ਜਿਹੜਾ ਮੱਧ ਏਸ਼ੀਆ ਵਿਚ ਸਾਮਾਨ ਤੇ ਨਸ਼ੀਲੀਆਂ ਵਸਤਾਂ ਤਸਕਰੀ ਕਰ ਕੇ ਲਿਜਾਂਦਾ ਤੇ ਲਿਆਉਂਦਾ ਹੈ, ਨੂੰ ਵੀ ਤਾਲਿਬਾਨ ਨੇ ਬਖ਼ਸ਼ਿਆ ਨਹੀਂ। ਇਨ੍ਹਾਂ ਜੰਗਜੂ ਸਰਦਾਰਾਂ ਵੱਲੋਂ ਵਪਾਰ ਰੂਟਾਂ ਉੱਤੇ ਗ਼ੈਰਕਾਨੂੰਨੀ ਨਾਕੇਬੰਦੀਆਂ ਰਾਹੀਂ ਰਾਹਦਾਰੀਆਂ ਵਸੂਲੀਆਂ ਜਾਂਦੀਆਂ ਸਨ ਅਤੇ ਇਸ ਮਕਸਦ ਲਈ ਟਰੱਕਾਂ ਵਾਲਿਆਂ ਨੂੰ ਅਗਵਾ ਕਰ ਲਿਆ ਤੇ ਮਾਰ ਤੱਕ ਦਿੱਤਾ ਜਾਂਦਾ ਸੀ।
ਜਿਵੇਂ ਅਹਿਮਦ ਰਸ਼ੀਦ ਨੇ ਆਪਣੀ ਲਿਖਤ ‘ਤਾਲਿਬਾਨ: ਜੰਗਜੂ ਇਸਲਾਮ, ਤੇਲ ਤੇ ਮੱਧ ਏਸ਼ੀਆ ਵਿਚ ਬੁਨਿਆਦਪ੍ਰਸਤੀ’ ਵਿਚ ਦਿਖਾਇਆ ਹੈ ਕਿ ਤਾਲਿਬਾਨ ਦੀ ਸਿਰਜਣਾ ਤੇ ਇਸ ਨੂੰ ਮਾਲੀ ਇਮਦਾਦ ਪਾਕਿਸਤਾਨੀ ਸਰਕਾਰ, ਸ਼ੁਰੂ ਵਿਚ ਬੇਨਜ਼ੀਰ ਭੁੱਟੋ ਤੇ ਫਿਰ ਆਈਐੱਸਆਈ, ਨੇ ਅਤੇ ਨਾਲ ਹੀ ਟਰੱਕ ਮਾਫ਼ੀਆ ਨੇ ਦਿੱਤੀ ਤਾਂ ਕਿ ਅਫ਼ਗ਼ਾਨਿਸਤਾਨ ਵਿਚ ਵਪਾਰ ਰੂਟਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਬਾਅਦ ਵਿਚ ਵੱਡੀ ਤੇਲ ਕੰਪਨੀ ਯੂਨੋਕਲ (ਨਾਲ ਹੀ ਇਸ ਦੀ ਮੁਕਾਬਲੇਬਾਜ਼ ਅਰਜਨਟੀਨਾ ਦੀ ਬ੍ਰਾਈਡਸ) ਵੱਲੋਂ ਪੂਰੇ ਅਫ਼ਗਾਨਿਸਤਾਨ ਵਿਚ ਤੇਲ ਪਾਈਪ ਲਾਈਨ ਵਿਛਾਉਣ ਲਈ ਤਾਲਿਬਾਨ ਨੂੰ ਇਕ ਵਧੀਆ ਦਾਅ ਵਜੋਂ ਦੇਖਿਆ ਗਿਆ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਹਕੂਮਤ ਵੱਲੋਂ ਯੂਨੋਕਲ ਨੂੰ ਥਾਪੜਾ ਦਿੱਤਾ ਜਾ ਰਿਹਾ ਸੀ ਅਤੇ ਨਾਲ ਹੀ ਇਸ ਨੇ ਤਾਲਿਬਾਨ ਨੂੰ ਨਾਜਾਇਜ਼ ਢੰਗ ਨਾਲ ਫੰਡ ਮੁਹੱਈਆ ਕਰਾਉਣੇ ਸ਼ੁਰੂ ਕਰ ਦਿੱਤੇ। ਇਕ ਅਮਰੀਕੀ ਸਫ਼ੀਰ ਨੇ ਅਹਿਮਦ ਰਸ਼ੀਦ ਨੂੰ ਦੱਸਿਆ ਸੀ, ‘‘ਸੰਭਵ ਤੌਰ ’ਤੇ ਤਾਲਿਬਾਨ ਵੀ ਸਾਊਦੀਆਂ ਵਾਂਗ ਵਿਕਸਤ ਹੋਣਗੇ। ਇਸ ਪਿੱਛੋਂ ਇੱਥੇ ਅਰਾਮਕੋ ਹੋਵੇਗੀ (ਜੋ ਸਾਊਦੀ ਤੇਲ ਕੰਪਨੀ ਹੈ, ਪਰ ਮੂਲ ਰੂਪ ਵਿਚ ਇਹ ਅਮਰੀਕਾ ਦੀਆਂ ਵੱਡੀਆਂ ਤੇਲ ਕੰਪਨੀਆਂ ਦੇ ਸੰਘ ਵਜੋਂ ਵਿਕਸਤ ਹੋਈ ਸੀ), ਪਾਈਪ ਲਾਈਨਾਂ ਹੋਣਗੀਆਂ, ਇਕ ਅਮੀਰ (ਤਾਨਾਸ਼ਾਹ ਹਾਕਮ) ਹੋਵੇਗਾ, ਕੋਈ ਸੰਸਦ ਨਹੀਂ ਹੋਵੇਗੀ ਅਤੇ ਸ਼ਰੀਅਤ ਕਾਨੂੰਨ ਵੱਡੇ ਪੱਧਰ ’ਤੇ ਲਾਗੂ ਹੋਣਗੇ। ਅਸੀਂ ਇਹ ਸਹਿ ਸਕਦੇ ਹਾਂ।’’
ਆਖ਼ਰ ਜਦੋਂ ਅਮਰੀਕਾ ਨੂੰ ਅਹਿਸਾਸ ਹੋ ਗਿਆ ਕਿ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੇ ਉੱਤਰੀ ਖ਼ਿੱਤੇ ਦਾ ਪੂਰਾ ਕੰਟਰੋਲ ਮਿਲਣ ਦੇ ਆਸਾਰ ਨਹੀਂ ਹਨ ਤਾਂ ਉਸ ਨੇ ਅਫ਼ਗ਼ਾਨਿਸਤਾਨ ਦੇ ਹਿੱਤਾਂ ਨੂੰ ਲਾਂਭੇ ਕਰ ਕੇ ਪਾਈਪ ਲਾਈਨਾਂ ਵਿਛਾਉਣ ਲਈ ਨਵੇਂ ਸਿਰੇ ਤੋਂ ਯੋਜਨਾਬੰਦੀਆਂ ਸ਼ੁਰੂ ਕਰ ਦਿੱਤੀਆਂ। ਜ਼ਾਹਰ ਹੈ, ਇਸ ਦਾ ਇਹੋ ਮਤਲਬ ਸੀ ਕਿ ਅਮਰੀਕਾ ਦੀ ਉਸ ਮੁਲਕ ਵਿਚ ਦਿਲਚਸਪੀ ਆਰਜ਼ੀ ਤੌਰ ’ਤੇ ਖ਼ਤਮ ਹੋ ਗਈ ਜਿਸ ਉੱਤੇ ਇਸ ਦਾ ਬੜੇ ਸਾਲਾਂ ਤੋਂ ਕੰਟਰੋਲ ਸੀ। ਸੰਸਾਰ ਭਰ ਵਿਚ ਅਮਰੀਕੀ ਟਿਕਾਣਿਆਂ ਉੱਤੇ ਦਹਿਸ਼ਤੀ ਹਮਲੇ ਕਰਨ ਵਾਲੇ ਲਾਦੇਨ ਨੂੰ ਪਨਾਹ ਦੇਣ ਕਾਰਨ ਅਮਰੀਕਾ ਉਲਟਾ ਤਾਲਿਬਾਨ ਦਾ ਦੁਸ਼ਮਣ ਬਣ ਗਿਆ। ਇਸ ਸੂਰਤ ਵਿਚ ਅਫ਼ਗ਼ਾਨ ਅਰਥਚਾਰਾ ਪਾਕਿਸਤਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ, ਜਿਨ੍ਹਾਂ ਤਿੰਨ ਮੁਲਕਾਂ ਨੇ ਤਾਲਿਬਾਨ ਨੂੰ ਇਕ ਵਾਜਬ ਸਰਕਾਰ ਵਜੋਂ ਮਾਨਤਾ ਦਿੱਤੀ ਸੀ, ਦੀ ਇਮਦਾਦ ਉੱਤੇ ਹੀ ਨਿਰਭਰ ਸੀ।
ਜਦੋਂ 2001 ਦੇ ਅਖ਼ੀਰ ਵਿਚ ਅਮਰੀਕਾ ਨੇ ਤਾਲਿਬਾਨ ਉੱਤੇ ਹਮਲਾ ਕੀਤਾ, ਅਫ਼ਗ਼ਾਨਿਸਤਾਨ ਦੁਨੀਆਂ ਦੇ ਸਭ ਤੋਂ ਗ਼ਰੀਬ ਮੁਲਕਾਂ ਵਿਚ ਸ਼ੁਮਾਰ ਹੋ ਗਿਆ। ਅਮਰੀਕਾ ਨੇ ਅਫ਼ਗ਼ਾਨਿਸਤਾਨ ਦੀ ਮੁੜਉਸਾਰੀ ਦਾ ਵਾਅਦਾ ਕੀਤਾ, ਪਰ 2001 ਤੋਂ ਬਾਅਦ ਇਸ ਮੁਲਕ ਨੂੰ ਮਿਲਣ ਵਾਲੀ ਕੌਮਾਂਤਰੀ ਮਾਲੀ ਇਮਦਾਦ ਦਾ ਬਹੁਤ ਵੱਡਾ ਹਿੱਸਾ ਤਾਂ ਫ਼ੌਜ, ਨਿੱਜੀ ਸੁਰੱਖਿਆ ਠੇਕੇਦਾਰਾਂ, ਅਮਰੀਕੀ ਪ੍ਰਸ਼ਾਸਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਡੀਆਂ ਤਨਖ਼ਾਹਾਂ ਤੇ ਪੱਛਮੀ ਐਨਜੀਓਜ਼ ਉੱਤੇ ਹੀ ਖ਼ਰਚ ਹੋ ਰਿਹਾ ਸੀ। ਸ਼ੁਰੂਆਤੀ ਸਾਲਾਂ ਦੇ ਇਕ ਅੰਦਾਜ਼ੇ ਮੁਤਾਬਿਕ ਅਫ਼ਗ਼ਾਨਿਸਤਾਨ ਨੂੰ ਮਿਲਣ ਵਾਲੀ ਕੌਮਾਂਤਰੀ ਇਮਦਾਦ ਦਾ ਮਹਿਜ਼ 3 ਫ਼ੀਸਦੀ ਹਿੱਸਾ ਹੀ ਮੁੜ-ਉਸਾਰੀ ਦੇ ਲੇਖੇ ਲਾਇਆ ਜਾ ਰਿਹਾ ਸੀ। ਇਨ੍ਹਾਂ ਬੀਤੇ ਵੀਹ ਸਾਲਾਂ ਦੌਰਾਨ ਅਮਰੀਕਾ ਦੀਆਂ ਤੇਲ, ਉਸਾਰੀ, ਹਥਿਆਰ ਤੇ ਸੁਰੱਖਿਆ ਕੰਪਨੀਆਂ ਆਦਿ ਨੇ ਅਰਬਾਂ ਡਾਲਰਾਂ ਦੀ ਕਮਾਈ ਕੀਤੀ ਹੈ।
ਅੱਜ ਅਫ਼ਗ਼ਾਨਿਸਤਾਨ ਨਸ਼ੀਲੇ ਪਦਾਰਥਾਂ ਦਾ ਗੜ੍ਹ ਬਣ ਚੁੱਕਾ ਹੈ ਜਿਹੜਾ ਸੰਸਾਰ ਦੀ ਕੁੱਲ ਅਫ਼ੀਮ ਪੈਦਾਵਾਰ ਦਾ 90 ਫ਼ੀਸਦੀ ਹਿੱਸਾ ਮੁਹੱਈਆ ਕਰਦਾ ਹੈ। ਇਸ ਵਿਚ ਲਿਥੀਅਮ ਸਮੇਤ ਹੋਰ ਖਣਿਜਾਂ ਦੇ ਵੱਡੇ ਜ਼ਖੀਰੇ ਹਨ, ਪਰ ਇਨ੍ਹਾਂ ਦਾ ਹਾਲੇ ਤੱਕ ਜ਼ਿਆਦਾ ਖਣਨ ਅਤੇ ਵਿਕਰੀ ਨਹੀਂ ਕੀਤੀ ਜਾ ਸਕੀ। ਅਮਰੀਕਾ ਨੇ ਇੱਥੋਂ ਆਪਣੀਆਂ ਫ਼ੌਜਾਂ ਵਾਪਸ ਸੱਦੀਆਂ ਹਨ ਤਾਂ ਇਸ ਦਾ ਕੁਝ ਹੱਦ ਤੱਕ ਕਾਰਨ ਇਹ ਵੀ ਹੈ ਕਿ ਹੁਣ ਚੀਨ ਨਵੀਂ ਸਾਮਰਾਜੀ ਤਾਕਤ ਵਜੋਂ ਉੱਭਰ ਚੁੱਕਾ ਹੈ। ਵੀਹ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਪਾਕਿਸਤਾਨ ਨੂੰ ਦਬਕਾ ਤੇ ਝੁਕਾਅ ਲਿਆ ਸੀ, ਪਰ ਹੁਣ ਪਾਕਿਸਤਾਨ ਤਸੱਲੀ ਨਾਲ ਚੀਨ ਦੇ ਹੱਥਾਂ ਵਿਚ ਖੇਡਦਾ ਹੈ। ਸੰਭਵ ਤੌਰ ’ਤੇ ਅਮਰੀਕਾ ਨੂੰ ਜ਼ਰੂਰਤ ਹੈ ਕਿ ਪਾਕਿਸਤਾਨ ਨੂੰ ਆਪਣੇ ਨਾਲ ਰਲਾਉਣ ਲਈ ਅਫ਼ਗ਼ਾਨਿਸਤਾਨ ਵਿਚ ਉਸ ਦੇ ਹੱਥ-ਠੋਕੇ ਤਾਲਿਬਾਨ ਨੂੰ ਸੱਤਾ ’ਤੇ ਕਬਜ਼ਾ ਕਰਨ ਦੇਵੇ। ਇਹ ਚੀਨ ਨਾਲ ਸ਼ੀਤ ਜੰਗ ਦੀ ਤਿਆਰੀ ਕਰਨ ਲਈ ਪਾਕਿਸਤਾਨ ਨੂੰ ਦਿੱਤੀ ਗਈ ਇਕ ਮਾਮੂਲੀ ਛੋਟ ਹੋ ਸਕਦੀ ਹੈ।
*ਲੇਖਕ ਸੀਨੀਅਰ ਆਰਥਿਕ ਵਿਸ਼ਲੇਸ਼ਕ ਹੈ।