ਸੁੱਚਾ ਸਿੰਘ ਗਿੱਲ
ਤਕਨਾਲੋਜੀ ਦੇ ਖੇਤਰ ਵਿੱਚ ਤੇਜ਼ ਰਫ਼ਤਾਰ ਤਬਦੀਲੀਆਂ ਨਾਲ ਅਨਿਸ਼ਚਿਤਤਾ ਵਧਦੀ ਹੈ ਅਤੇ ਆਰਥਿਕ ਤੇ ਸਮਾਜਿਕ ਸਮਤੋਲ ਵਿਗੜਦੇ ਹਨ। ਇਤਿਹਾਸ ਦੇ ਵੱਖ-ਵੱਖ ਪੜਾਵਾਂ ‘ਤੇ ਤਕਨਾਲੋਜੀ ਦੇ ਵਿਕਾਸ ਤੇ ਸਮਾਜਿਕ ਚੇਤਨਾ ਵਿਚਕਾਰ ਰਿਸ਼ਤੇ ਵੱਖ-ਵੱਖ ਤਰ੍ਹਾਂ ਦੇ ਰਹੇ ਹਨ। ਇਹ ਲੇਖ ਪਿਛਲੀਆਂ ਕੁਝ ਸਦੀਆਂ ਦੇ ਵਿਕਾਸ ਨੂੰ ਚਾਰ ਪੜਾਵਾਂ ਵਿੱਚ ਵੰਡ ਕੇ ਦੇਖਣ ਦੇ ਨਾਲ-ਨਾਲ ਸਮਾਜਿਕ ਚੇਤਨਾ ਉੱਤੇ ਇਸ ਪ੍ਰਭਾਵਾਂ ‘ਤੇ ਰੌਸ਼ਨੀ ਪਾਉਂਦਾ ਹੈ।
ਸਰਮਾਏਦਾਰੀ ਦੇ ਦੌਰ ਵਿੱਚ ਤਕਨਾਲੋਜੀ ਦੇ ਵਿਕਾਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵਾਧੇ ਨਾਲ ਉਤਪਾਦਨ ਦੇ ਸਾਧਨਾਂ ਖ਼ਾਸਕਰ ਪੂੰਜੀ ਦੀ ਮਿਕਦਾਰ ਅਤੇ ਗੁਣਵੱਤਾ ਵਿੱਚ ਗਿਣਨਯੋਗ ਇਜ਼ਾਫਾ ਹੋਇਆ ਹੈ। ਇਸ ਨਾਲ ਉਤਪਾਦਨ ਦਾ ਪੈਮਾਨਾ ਕਾਫ਼ੀ ਵਧ ਗਿਆ ਹੈ। ਪ੍ਰਤੀ ਕਿਰਤੀ ਉਤਪਾਦਕਤਾ ਕਈ ਗੁਣਾ ਵਧ ਗਈ ਅਤੇ ਉਤਪਾਦਕ ਇਕਾਈਆਂ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਨੋਟ ਕੀਤਾ ਗਿਆ ਹੈ। ਮੁੱਢਲੇ ਸਮੇਂ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਇੱਕ ਜਗ੍ਹਾ ‘ਤੇ ਕਿਰਤੀ ਕੰਮ ਕਰਨ ਲੱਗ ਪਏ ਤਾਂ ਇੱਕ ਦੂਜੇ ਨਾਲ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰਨ ਲੱਗੇ। ਇਸ ਵਿੱਚੋਂ ਟਰੇਡ ਯੂਨੀਅਨਾਂ ਪੈਦਾ ਹੋਈਆਂ ਅਤੇ ਮਜ਼ਦੂਰਾਂ ਦੇ ਸੰਘਰਸ਼ਾਂ ਦਾ ਦੌਰ ਸ਼ੁਰੂ ਹੋਇਆ। ਤਕਨਾਲੋਜੀ ਦੇ ਵਿਕਾਸ ਨਾਲ ਉਤਪਾਦਨ ਦਾ ਪੱਧਰ, ਗੁਣਵੱਤਾ ਅਤੇ ਮਿਕਦਾਰ ਬਦਲਦੇ ਗਏ, ਪਰ ਕਿਰਤੀਆਂ ਦੀ ਚੇਤਨਤਾ ਦਾ ਪੱਧਰ ਲੋੜੀਂਦੀ ਰਫ਼ਤਾਰ ਨਹੀਂ ਫੜ ਸਕਿਆ। ਇਸ ਦੇ ਉਲਟ ਸਰਮਾਏ ਦੇ ਮਾਲਕਾਂ ਵਿੱਚ ਵੱਧ ਚੇਤਨਤਾ ਪੈਦਾ ਹੋਈ ਹੈ ਅਤੇ ਉਨ੍ਹਾਂ ਦੇ ਹੱਥ ਵਿੱਚ ਨਵੀਂ ਤਕਨਾਲੋਜੀ ਕਿਰਤੀਆਂ ਨੂੰ ਕੰਟਰੋਲ ਵਾਸਤੇ ਇੱਕ ਹਥਿਆਰ ਬਣ ਕੇ ਉੱਭਰੀ ਹੈ। ਇਸ ਹਥਿਆਰ ਨੂੰ ਮਿਹਨਤਕਸ਼ ਲੋਕ ਵੀ ਆਪਣੇ ਸੰਘਰਸ਼ਾਂ ਵਿੱਚ ਵਰਤ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਵੱਲ ਵਧ ਸਕਦੇ ਹਨ ਬਸ਼ਰਤੇ ਉਹ ਚੇਤੰਨ ਹੋਣ। ਇਸ ਕਰਕੇ ਤਕਨਾਲੋਜੀ ਦੇ ਵਿਕਾਸ ਦੇ ਵੱਖ ਵੱਖ ਦੌਰਾਂ ਵਿੱਚ ਕਿਰਤੀਆਂ ਤੇ ਮਾਲਕਾਂ ਦੀ ਚੇਤਨਤਾ ਦੇ ਪੱਧਰ ਅਤੇ ਫ਼ਰਕ ਨੂੰ ਸਮਝਣ ਦੀ ਜ਼ਰੂਰਤ ਹੈ।
ਤਕਨਾਲੋਜੀ ਦੇ ਦੌਰ ਅਤੇ ਚੇਤਨਤਾ
ਤਕਨਾਲੋਜੀ ਦੇ ਵਿਕਾਸ ਨੂੰ ਸਰਮਾਏਦਾਰੀ ਸਿਸਟਮ ਵਿੱਚ ਚਾਰ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਨੂੰ ਅਰਥ ਸ਼ਾਸਤਰੀ ਚਾਰ ਸਨਅਤੀ ਇਨਕਲਾਬ ਵੀ ਆਖਦੇ ਹਨ। ਪਹਿਲਾ ਦੌਰ ਕੱਪੜਾ ਉਦਯੋਗ ਵਿੱਚ ਅਠਾਰਵੀਂ ਸਦੀ ਦੇ ਅਖੀਰ ਵਿੱਚ ਆਟੋਮੇਸ਼ਨ ਨਾਲ ਬਰਤਾਨੀਆ ਵਿੱਚ ਸ਼ੁਰੂ ਹੋਇਆ ਸੀ। ਇਸ ਨਾਲ ਵੱਡੀਆਂ ਵੱਡੀਆਂ ਉਦਯੋਗਿਕ ਇਕਾਈਆਂ ਹੋਂਦ ਵਿੱਚ ਆਈਆਂ। ਹਰੇਕ ਵੱਡੀ ਇਕਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਨ ਲੱਗੇ ਸਨ। ਕੰਮ ਦੇ ਕਠੋਰ ਹਾਲਾਤ, ਕੰਮ ਦੇ ਵੱਧ ਘੰਟੇ ਅਤੇ ਘੱਟ ਉਜ਼ਰਤਾਂ ਦੇ ਸਵਾਲਾਂ ਨੇ ਮਜ਼ਦੂਰਾਂ ਨੂੰ ਸੰਗਠਿਤ ਹੋਣ ਦੇ ਰਸਤੇ ਪਾਇਆ। ਇਸ ਨਾਲ ਕਿਰਤੀਆਂ ਵਿੱਚ ਟਰੇਡ ਯੂਨੀਅਨਾਂ ਬਾਰੇ ਚੇਤਨਤਾ ਅਤੇ ਲਹਿਰ ਤੇਜ਼ੀ ਨਾਲ ਫੈਲ ਗਈ। ਇਸ ਦੌਰ ਦਾ ਵਿਆਪਕ ਅਧਿਐਨ ਕਾਰਲ ਮਾਰਕਸ ਅਤੇ ਉਸ ਦੇ ਸਹਿਯੋਗੀ ਫਰੈਡਰਿਕ ਏਂਗਲਜ਼ ਨੇ ਕੀਤਾ ਸੀ। ਦੂਜਾ ਦੌਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਵਿੱਚ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਉਦਯੋਗਿਕ ਉਤਪਾਦਨ ਵਿੱਚ ਲੇਟਵੇਂ ਅਤੇ ਖੜ੍ਹਵੇਂ ਅਸੈਂਬਲੀ ਲਾੲਂਨ ਦੇ ਜੋੜ ਵਿੱਚ ਖੋਜਾਂ ਹੋਈਆਂ ਜਿਸ ਨਾਲ ਇੱਕ ਵੱਡੀ ਕੰਪਨੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਕਾਰੋਬਾਰ ਕਰਨ ਵਿੱਚ ਕਾਮਯਾਬ ਹੋਣ ਦੇ ਸਮਰੱਥ ਹੋ ਸਕਦੀ ਸੀ। ਇਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਦਿਓ ਕੱਦ ਕੰਪਨੀਆਂ ਹੋਂਦ ਵਿੱਚ ਆਈਆਂ। ਇਨ੍ਹਾਂ ਕੰਪਨੀਆਂ ਨੇ ਕਈ ਵਸਤਾਂ ਦੇ ਉਤਪਾਦਨ ਵਿੱਚ ਏਕਾਧਿਕਾਰ ਕਰ ਲਿਆ। ਇਹ ਸਮਾਂ ਅਜ਼ਾਰੇਦਾਰੀ ਸਰਮਾਏਦਾਰੀ ਦਾ ਸੀ ਜਿਸ ਦਾ ਅਧਿਐਨ ਲੈਨਿਨ ਨੇ ਕੀਤਾ ਸੀ। ਇਸ ਨੂੰ ਸਾਮਰਾਜਵਾਦ ਦਾ ਦੌਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਰੂਸ ਦਾ ਇਨਕਲਾਬ 1917 ਵਿੱਚ ਆਇਆ ਅਤੇ ਸੋਵੀਅਤ ਯੂਨੀਅਨ ਦੇ ਹੋਂਦ ਵਿੱਚ ਆਉਣ ਨਾਲ ਦੁਨੀਆਂ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇਸ ਦੌਰ ਵਿੱਚ ਬਸਤੀਵਾਦ ਖਿਲਾਫ਼ ਲਹਿਰਾਂ ਉੱਠੀਆਂ ਅਤੇ ਬਸਤੀਵਾਦ ਦਾ ਖ਼ਾਤਮਾ ਹੋ ਗਿਆ। ਤੀਜਾ ਦੌਰ ਵੀਹਵੀਂ ਸਦੀ ਦੇ ਅਖੀਰ ਵਿੱਚ ਦੂਰਸੰਚਾਰ ਤਕਨਾਲੋਜੀ ਦੇ ਵਿਕਾਸ ਨਾਲ ਜੁੜਿਆ ਹੈ। ਇਸ ਨਾਲ ਇੰਟਰਨੈੱਟ ਅਤੇ ਡਿਜੀਟਲ ਤਕਨਾਲੋਜੀ ਵਰਤ ਕੇ ਉਤਪਾਦਨ ਵਿੱਚ ਰੋਬੋਟ ਅਤੇ ਮਸਨੂਈ ਬੁੱਧੀ ਰਾਹੀਂ ਉਤਪਾਦਨ ਅਤੇ ਪ੍ਰਬੰਧ ਕਰਨਾ ਸੰਭਵ ਹੋ ਗਿਆ। ਇਸ ਸਮੇਂ ਦੌਰਾਨ ਸਰਮਾਏ ਦੇ ਵਿਸ਼ਵੀਕਰਨ ਵਿੱਚ ਚੋਖਾ ਇਜ਼ਾਫਾ ਹੋਇਆ ਹੈ। ਸੋਵੀਅਤ ਯੂਨੀਅਨ ਦੇ ਖ਼ਾਤਮੇ ਨਾਲ ਅਮਰੀਕਾ ਦੀ ਬੇਰੋਕ ਸਰਦਾਰੀ ਕਾਇਮ ਹੋਈ ਅਤੇ ਸਰਮਾਏਦਾਰੀ ਖਿਲਾਫ਼ ਲਹਿਰਾਂ ਦੀ ਚੇਤਨਤਾ ਵਿੱਚ ਖੜੋਤ ਤੇ ਥਿੜਕਣ ਪੈਦਾ ਹੋਣ ਲੱਗੀ ਸੀ।
ਚੌਥੇ ਦੌਰ ਦੀ ਸ਼ੁਰੂਆਤ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸ਼ੁਰੂ ਹੋ ਕੇ ਤੇਜ਼ੀ ਨਾਲ ਫੈਲ ਗਈ ਹੈ। ਇਸ ਸਮੇਂ ਵਿੱਚ ਡਿਜੀਟਲ ਤਕਨਾਲੋਜੀ ਨਾਲ ਆਮ ਲੋਕਾਂ ਦੇ ਰਹਿਣ-ਸਹਿਣ ਅਤੇ ਕੰਮ-ਕਾਰ ਨੂੰ ਬਦਲਿਆ ਜਾ ਰਿਹਾ ਹੈ। ਦੂਰ-ਦੁਰਾਡੇ ਬੈਠ ਕੇ ਕੰਮ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਪ੍ਰਬੰਧ ਵੀ ਦੂਰੋਂ ਹੀ ਵੇਖਿਆ ਜਾ ਸਕਦਾ ਹੈ। ਨਵੀਂ ਤਕਨਾਲੋਜੀ ਸਦਕਾ ਉਤਪਾਦਨ ਅਤੇ ਪ੍ਰਬੰਧ ਵਾਸਤੇ ਕਾਫ਼ੀ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਤਕਨਾਲੋਜੀ ਨੇ ਕਾਰੋਬਾਰ ਨੂੰ ਵਿਸ਼ਵ ਪੱਧਰ ‘ਤੇ ਬਹੁਤ ਤਾਕਤਵਰ ਬਣਾ ਦਿੱਤਾ ਹੈ। ਇਸ ਕਾਰਨ ਬਹੁਤ ਸਾਰੀਆਂ ਨੌਕਰੀਆਂ ਅਤੇ ਕੰਮਕਾਜ ਖ਼ਤਮ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਨੇ ਆਮ ਲੋਕਾਂ ਦੇ ਮਨਾਂ ਵਿੱਚ ਕਾਫ਼ੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਇਹ ਤਕਨਾਲੋਜੀ ਲੋਕਾਂ ਦੇ ਰਹਿਣ-ਸਹਿਣ ਤੇ ਕੰਮਕਾਜ ਦੇ ਤਰੀਕੇ ਨੂੰ ਬਦਲ ਰਹੀ ਹੈ। ਉਹ ਆਪਣੇ ਭਵਿੱਖ ਬਾਰੇ ਕਾਫ਼ੀ ਚਿੰਤਤ ਹਨ। ਇਸ ਤੋਂ ਵੀ ਜ਼ਿਆਦਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜ਼ਿਆਦਾ ਫ਼ਿਕਰਮੰਦ ਹਨ। ਵਿਕਸਿਤ ਦੇਸ਼ਾਂ ਵਿੱਚ ਇਸ ਤਕਨਾਲੋਜੀ ਦੀ ਵੱਧ ਵਰਤੋਂ ਕਾਰਨ ਕਾਫ਼ੀ ਕੰਮ ਮਨੁੱਖ ਰਹਿਤ ਮਸ਼ੀਨਾਂ ਕਰਨ ਲੱਗੀਆਂ ਹਨ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਦਾ ਅਸਰ ਬੈਂਕਾਂ ਅਤੇ ਵਿੱਤੀ ਸੇਵਾਵਾਂ ‘ਤੇ ਪਿਆ ਹੈ, ਪਰ ਖੇਤੀ ਅਤੇ ਹੋਰ ਖੇਤਰਾਂ ਵਿੱਚ ਮਸ਼ੀਨੀਕਰਨ ਨਾਲ ਰੁਜ਼ਗਾਰ ਦੇ ਮੌਕੇ ਬਹੁਤ ਘਟ ਗਏ ਹਨ। ਜ਼ਿਆਦਾ ਗੰਭੀਰ ਸਥਿਤੀ ਆਰਥਿਕ ਵਰਤਾਰੇ ਨੇ ਕਰ ਦਿੱਤੀ ਹੈ। ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਆਮਦਨ ਅਤੇ ਆਰਥਿਕ ਸਾਧਨਾਂ ਦੀ ਵੰਡ ਵਿੱਚ ਗ਼ੈਰ-ਬਰਾਬਰੀ ਅੰਬਰੀਂ ਚੜ੍ਹ ਗਈ ਹੈ। ਦੇਸ਼ਾਂ ਵਿੱਚ ਕਾਰਪੋਰੇਟ ਘਰਾਣਿਆਂ ਕੋਲ ਆਮਦਨ ਅਤੇ ਦੌਲਤ ਦੇ ਅਥਾਹ ਭੰਡਾਰ ਇਕੱਠੇ ਹੋ ਗਏ ਹਨ। ਸਰਮਾਏ ਦੇ ਮਾਲਕ ਵਿਸ਼ਵ ਦੀ ਆਬਾਦੀ ਦੇ ਇੱਕ ਫ਼ੀਸਦੀ ਤੋਂ ਵੀ ਘੱਟ ਹਨ, ਪਰ ਧਨ ਦੌਲਤ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਇਕੱਠਾ ਹੋ ਗਿਆ ਹੈ। ਇਸ ਦਾ ਖੁਲਾਸਾ ਥਾਮਸ ਪਿਕਟੀ ਦੀ ਕਿਤਾਬ (Capital in Twenty First Century, 2017) ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਪਿਕਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਰਲਡ ਇਨਇਕੁਐਲਿਟੀ ਰਿਪੋਰਟ 2022 ਵਿੱਚ ਇਹ ਖੁਲਾਸਾ ਕੀਤਾ ਕਿ ਵਿਸ਼ਵ ਦੀ ਸਮੂਹ ਆਰਥਿਕਤਾ ਵਿੱਚ ਉਪਰਲੇ 10 ਫ਼ੀਸਦੀ ਅਮੀਰ ਲੋਕਾਂ ਕੋਲ ਆਮਦਨ ਦਾ 52 ਫ਼ੀਸਦੀ ਅਤੇ ਧਨ ਦੌਲਤ ਦਾ 76 ਫ਼ੀਸਦੀ ਹਿੱਸਾ ਇਕੱਠਾ ਹੋ ਗਿਆ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਗ਼ਰੀਬ ਲੋਕਾਂ ਕੋਲ ਆਮਦਨ ਦਾ ਸਿਰਫ਼ 8.5 ਫ਼ੀਸਦੀ ਅਤੇ ਧਨ ਦੌਲਤ ਦਾ 2 ਫ਼ੀਸਦੀ ਹਿੱਸਾ ਹੀ ਰਹਿ ਗਿਆ ਹੈ। ਭਾਰਤ ਵਿੱਚ ਉਪਰਲੇ 10 ਫ਼ੀਸਦੀ ਅਮੀਰਾਂ ਕੋਲ ਕੁੱਲ ਆਮਦਨ ਦਾ 57.1 ਫ਼ੀਸਦੀ ਅਤੇ ਧਨ ਦੌਲਤ ਦਾ 64.1 ਫ਼ੀਸਦੀ ਇਕੱਠਾ ਹੋ ਗਿਆ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਗ਼ਰੀਬ ਲੋਕਾਂ ਕੋਲ ਆਮਦਨ ਦਾ 13.1 ਫ਼ੀਸਦੀ ਅਤੇ ਧਨ ਦੌਲਤ ਦਾ 5.9 ਫ਼ੀਸਦੀ ਹਿੱਸਾ ਰਹਿ ਗਿਆ ਹੈ। ਅਜਿਹੀ ਸਥਿਤੀ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਪੈਦਾ ਹੋ ਗਈ ਹੈ। ਇਸ ਗ਼ੈਰ-ਬਰਾਬਰੀ ਨੂੰ 1980ਵਿਆਂ ਤੋਂ ਬਾਅਦ ਨੀਤੀਘਾੜਿਆਂ ਨੇ ਕਾਰਪੋਰੇਟ ਪੱਖੀ ਟੈਕਸ ਵਿੱਚ ਕਟੌਤੀਆਂ ਕਾਰਨ ਜਾਣਬੁੱਝ ਕੇ ਵਧਾਇਆ ਹੈ। ਇਨ੍ਹਾਂ ਕੰਪਨੀਆਂ ਨੂੰ ਲਗਾਤਾਰ ਦਿੱਤੀਆਂ ਸਬਸਿਡੀਆਂ ਨੇ ਇਸ ਅਸਮਾਨਤਾ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰੀ ਖ਼ਰਚੇ ਪੂਰੇ ਕਰਨ ਵਾਸਤੇ ਆਮ ਲੋਕਾਂ ‘ਤੇ ਟੈਕਸ ਦਾ ਭਾਰ ਵਧਾਇਆ ਗਿਆ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੀਆਂ ਵਸਤਾਂ ਦੇ ਭਾਅ ਵੀ ਲਗਾਤਾਰ ਵਧਾਏ ਗਏ ਹਨ। ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਨਹੀਂ ਦਿੱਤੇ ਗਏ ਅਤੇ ਕਿਰਤੀਆਂ ਦੀਆਂ ਉਜਰਤਾਂ ਵਿੱਚ ਵੀ ਲੋੜੀਂਦੇ ਵਾਧੇ ਨਹੀਂ ਕੀਤੇ ਗਏ। ਨੋਬੇਲ ਇਨਾਮ ਜੇਤੂ ਭਾਰਤੀ ਮੂਲ ਦੇ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਦਾ ਖ਼ਿਆਲ ਹੈ ਕਿ ਇਸ ਵਧ ਰਹੀ ਆਰਥਿਕ ਨਾਬਰਾਬਰੀ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਹ ਆਵਾਜ਼ ਚਿੰਤਾ ਤਾਂ ਜ਼ਾਹਰ ਕਰਦੀ ਹੈ, ਪਰ ਦੇਸ਼ਾਂ ਵਿੱਚ ਇੱਕ ਜ਼ੋਰਦਾਰ ਏਜੰਡਾ ਨਹੀਂ ਬਣ ਰਹੀ। ਕਾਰਪੋਰੇਟ ਵਿਕਾਸ ਮਾਡਲ ਨੇ ਵਾਤਾਵਰਣ ਨੂੰ ਖ਼ਤਰਨਾਕ ਹੱਦ ਤੱਕ ਖਰਾਬ ਕਰ ਦਿੱਤਾ ਹੈ। ਹਵਾ, ਪਾਣੀ ਅਤੇ ਧਰਤੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਹਵਾ ਵਿੱਚ ਕਾਰਬਨ ਦੀ ਮਾਤਰਾ ਵਿੱਚ ਇਜ਼ਾਫਾ ਹੋਣ ਨਾਲ ਤਾਪਮਾਨ ਇੱਕ ਡਿਗਰੀ ਵਧ ਗਿਆ ਹੈ ਅਤੇ ਜਲਵਾਯੂ ਪਰਿਵਰਤਨ ਦੇਸ਼ਾਂ ਵਿੱਚ ਬੇਮੌਸਮੀਆਂ ਬਰਸਾਤਾਂ ਤੇ ਸੋਕੇ ਦਾ ਕਾਰਨ ਬਣ ਗਿਆ ਹੈ। ਇਸ ਨਾਲ ਲੋਕਾਂ ਅਤੇ ਕਿਸਾਨਾਂ ਦਾ ਸਾਹ ਸੁੱਕ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਪਰਮਾਣੂ ਜੰਗ ਕਾਰਲ ਮਾਰਕਸ ਅਤੇ ਲੈਨਿਨ ਦੇ ਸਮਿਆਂ ਵਿੱਚ ਮੁੱਖ ਮੁੱਦੇ ਵਜੋਂ ਨਹੀਂ ਸਨ ਉੱਭਰੇ। ਆਮ ਲੋਕਾਂ ਵਿੱਚ ਚੇਤਨਾ ਦੀ ਘਾਟ ਹੈ ਅਤੇ ਉਹ ਜਥੇਬੰਦ ਵੀ ਨਹੀਂ ਹੋ ਸਕੇ। ਇਸ ਦੇ ਉਲਟ ਕਾਰਪੋਰੇਟ ਘਰਾਣੇ ਬਹੁਤ ਚੇਤੰਨ ਅਤੇ ਸੰਗਠਿਤ ਹਨ। ਉਨ੍ਹਾਂ ਨੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਆਰਥਿਕ ਨੀਤੀਆਂ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੂੰ ਮਿਹਨਤਕਸ਼ ਲੋਕਾਂ ਤੋਂ ਅਜੇ ਵੀ ਕੋਈ ਚੁਣੌਤੀ ਨਜ਼ਰ ਨਹੀਂ ਆਉਂਦੀ।
ਚੇਤਨਤਾ ਅਤੇ ਜਮਾਤੀ ਸੰਘਰਸ਼
ਦਰਪੇਸ਼ ਮਸਲਿਆਂ ਅਤੇ ਮਾਮਲਿਆਂ ਬਾਰੇ ਜਾਣਕਾਰੀ ਤੇ ਸਮਝ ਜਮਾਤਾਂ/ਵਰਗਾਂ ਨੂੰ ਆਪਣੇ ਮਸਲੇ ਸੁਲਝਾਉਣ ਵਾਸਤੇ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਵੱਲ ਤੋਰਦੀ ਹੈ। ਚੇਤਨਤਾ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਨ, ਇਸ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦੇ ਹੱਲ ਬਾਰੇ ਸਮਝ ਨਾਲ ਸਬੰਧ ਰੱਖਦੀ ਹੈ। ਇਸ ਸਮਝ ਨੂੰ ਪ੍ਰਪੱਕ ਕਰਨ ਵਾਸਤੇ ਹਾਲਤਾਂ ਦੇ ਅਧਿਐਨ ਨੂੰ ਆਮ ਸੂਝ ਦਾ ਹਿੱਸਾ ਬਣਾਇਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਕਾਰਪੋਰੇਟ ਜਗਤ ਆਪਣੇ ਕਾਰੋਬਾਰ ਅਤੇ ਮੁਨਾਫ਼ੇ ਵਧਾਉਣ ਲਈ ਚੇਤੰਨ ਅਤੇ ਸਰਗਰਮ ਹੈ। ਉਹ ਆਪਣੀ ਸੂਝ ਨੂੰ ਵਰਤਦਿਆਂ ਦੇਸ਼ਾਂ ਵਿੱਚ ਆਮ ਪ੍ਰਵਾਨਗੀ ਅਤੇ ਸਹਿਮਤੀ ਬਣਾਈ ਰੱਖਣ ਵਿੱਚ ਸਫ਼ਲ ਨਜ਼ਰ ਆਉਂਦਾ ਹੈ, ਪਰ ਇਹ ਵਾਤਾਵਰਨ ਅਤੇ ਪਰਮਾਣੂ ਜੰਗ ਬਾਰੇ ਚੇਤੰਨ ਨਹੀਂ ਹੈ। ਇਸ ਦਾ ਸਰਕਾਰਾਂ ਉਪਰ ਰਾਜ ਕਰਨ ਵਾਲੀਆਂ ਪਾਰਟੀਆਂ ਰਾਹੀਂ ਕਬਜ਼ਾ ਵੀ ਹੋ ਗਿਆ ਹੈ। ਕਾਰਪੋਰੇਟ ਖੇਤਰ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਆਪਣੇ ਹਿੱਤ ਵਿੱਚ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਇਸ ਨੇ ਦੂਰ ਸੰਚਾਰ ਦੇ ਸਾਧਨਾਂ ਜਿਵੇਂ ਅਖ਼ਬਾਰ, ਟੀਵੀ ਚੈਨਲ ਅਤੇ ਇੰਟਰਨੈੱਟ ‘ਤੇ ਕਬਜ਼ਾ ਜਮਾ ਲਿਆ ਹੈ। ਇਸ ਤੋਂ ਇਲਾਵਾ ਹਾਕਮ ਪਾਰਟੀਆਂ ਵੱਲੋਂ ਆਈਟੀ ਸੈੱਲ ਬਣਾ ਕੇ ਕਾਰਪੋਰੇਟ ਜਗਤ ਅਤੇ ਕਾਰਪੋਰੇਟ ਹਿੱਤ ਵਾਲੀਆਂ ਨੀਤੀਆਂ ਬਾਰੇ ਲੋਕਾਂ ਵਿੱਚ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਧਰਮ, ਜਾਤ, ਰੰਗ ਅਤੇ ਨਸਲ ਆਧਾਰਿਤ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਕਾਰਜ ਵਿੱਚ ਕਾਰਪੋਰੇਟ ਖੇਤਰ ਲੋਕਾਂ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਵੀ ਜਾਪਦਾ ਹੈ। ਕਿਰਤੀਆਂ ਦੀਆਂ ਵੱਡੀਆਂ ਟਰੇਡ ਯੂਨੀਅਨਾਂ ‘ਤੇ ਵੀ ਹਾਕਮ ਪਾਰਟੀਆਂ ਕਾਬਜ਼ ਹੋ ਗਈਆਂ ਹਨ। ਲੋਕਾਂ ਦਾ ਅਸਲ ਮਸਲਿਆਂ ਤੋਂ ਧਿਆਨ ਹਟਾਉਣ ਵਿੱਚ ਕਾਫ਼ੀ ਹੱਦ ਤੱਕ ਕਾਰਪੋਰੇਟ ਖੇਤਰ ਸਫ਼ਲ ਹੈ। ਕਾਰਪੋਰੇਟ ਮੀਡੀਆ ਲੋਕਪੱਖੀ ਸਮਾਜਵਾਦੀ ਮਾਡਲ ਨੂੰ ਕਾਫ਼ੀ ਹੱਦ ਤੱਕ ਨਕਾਰਨ ਵਿੱਚ ਕਾਮਯਾਬ ਵੀ ਹੋਇਆ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਖੱਬੀਆਂ ਪਾਰਟੀਆਂ ਨੂੰ ਵੀ ਲੋਕਾਂ ਨੇ ਕਾਫ਼ੀ ਹੱਦ ਤੱਕ ਵਿਸਾਰ ਦਿੱਤਾ ਹੈ। ਇਸ ਹਾਲਤ ਵਿੱਚ ਲੋਕਾਂ ਦੇ ਮਸਲਿਆਂ ਅਤੇ ਮਾਮਲਿਆਂ ਬਾਰੇ ਜਾਣੂ ਕਰਾਉਣਾ ਅਤੇ ਲਾਮਬੰਦੀ ਕਰਨਾ ਔਖਾ ਕਾਰਜ ਹੈ। ਕਾਰਲ ਮਾਰਕਸ ਜਾਂ ਲੈਨਿਨ ਵਰਗੇ ਸਿਧਾਂਤਕਾਰਾਂ ਅਤੇ ਲੀਡਰਾਂ ਦੀ ਅਣਹੋਂਦ ਇਸ ਕਾਰਜ ਨੂੰ ਹੋਰ ਔਖਾ ਕਰ ਦਿੰਦੀ ਹੈ। ਵੱਡੀਆਂ ਉਤਪਾਦਨ ਇਕਾਈਆਂ ਨੂੰ ਤੋੜ ਕੇ ਸਬ ਕੰਟਰੈਕਟਿੰਗ/ਗਿੱਗ ਆਰਥਿਕਤਾ ਵੱਲ ਮੋੜਾ ਇਸ ਕਾਰਜ ਨੂੰ ਔਖਾ ਕਰਨ ਦਾ ਇੱਕ ਹੋਰ ਕਾਰਨ ਬਣ ਰਿਹਾ ਹੈ। ਇਸ ਕਰਕੇ ਲੋਕਪੱਖੀ ਸਰਗਰਮ ਆਗੂਆਂ ਨੂੰ ਇਹ ਕਾਰਜ ਅੱਗੇ ਤੋਰਨ ਲਈ ਕਾਫ਼ੀ ਸਮਝਦਾਰੀ ਅਤੇ ਧੀਰਜ ਦੀ ਵਰਤੋਂ ਕਰਨੀ ਪਵੇਗੀ। ਇਸ ਕੰਮ ਵਾਸਤੇ ਇੰਟਰਨੈੱਟ ਤਕਨਾਲੋਜੀ, ਸੋਸ਼ਲ ਮੀਡੀਆ ਅਤੇ ਯੂਟਿਊਬ ਚੈਨਲਾਂ ਦੀ ਵਰਤੋਂ ਕਾਫ਼ੀ ਮਦਦਗਾਰ ਹੋ ਸਕਦੀ ਹੈ। ਸਾਰੇ ਦੇਸ਼ਾਂ ਵਿੱਚ ਮੱਧਵਰਗ ਦੇ ਕੁਝ ਬੁੱਧੀਮਾਨ ਵਿਅਕਤੀ ਤੇ ਪੱਤਰਕਾਰ ਲੋਕਾਂ ਨਾਲ ਖੜ੍ਹਨ ਨੂੰ ਤਿਆਰ ਤੇ ਸਰਗਰਮ ਹਨ। ਭਾਰਤ ਵਿੱਚ ਇਸ ਸਮੇਂ 54 ਫ਼ੀਸਦੀ ਲੋਕਾਂ ਕੋਲ ਫੋਨ ਹਨ ਅਤੇ ਸਮਾਰਟ ਫੋਨ ਸਿਰਫ਼ 43.5 ਫ਼ੀਸਦੀ ਲੋਕਾਂ ਕੋਲ ਹੀ ਹਨ। ਇਸ ਕਰਕੇ ਬਹੁਗਿਣਤੀ ਲੋਕ ਸਿਆਸੀ ਪਾਰਟੀਆਂ ਦੇ ਧੂੰਆਂਧਾਰ ਪ੍ਰਚਾਰ ਅਤੇ ਨਫ਼ਰਤ ਤੋਂ ਬਚੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਵਿਅਕਤੀਗਤ ਤੌਰ ‘ਤੇ ਸੰਪਰਕ ਨਾਲ ਹੀ ਜਥੇਬੰਦ ਕੀਤਾ ਜਾ ਸਕਦਾ ਹੈ। ਇਹ ਕਾਰਜ ਆਮ ਲੋਕਾਂ ਵਿੱਚ ਸਰਗਰਮ ਲੋਕ ਲਹਿਰ ਦੇ ਆਗੂ ਹੀ ਕਰ ਸਕਦੇ ਹਨ। ਇਉਂ ਕਿਸਾਨਾਂ, ਕਿਰਤੀਆਂ ਅਤੇ ਮੱਧਵਰਗ ਦੇ ਸਰਗਰਮ ਵਰਕਰਾਂ ਨਾਲ ਸੰਪਰਕ ਕਰ ਕੇ ਨਵੇਂ ਪ੍ਰੋਗਰਾਮ, ਐਕਸ਼ਨ ਤੇ ਪ੍ਰਦਰਸ਼ਨ ਉਲੀਕੇ ਜਾ ਸਕਦੇ ਹਨ ਅਤੇ ਇਨ੍ਹਾਂ ਨੂੰ ਕਾਫ਼ੀ ਦੇਰ ਚਲਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਦਿੱਲੀ ਦੀਆਂ ਬਰੂਹਾਂ ‘ਤੇ ਹੋਏ ਸਫ਼ਲ ਕਿਸਾਨ ਅੰਦੋਲਨ (2021-22) ਨੇ ਅਗਲੇ ਅੰਦੋਲਨਾਂ ਵਾਸਤੇ ਰਸਤਾ ਨਿਰਧਾਰਿਤ ਕਰ ਦਿੱਤਾ ਹੈ। ਸ਼ਾਂਤਮਈ ਹੋਣਾ, ਜਥੇਬੰਦੀਆਂ ਦੀ ਸਾਂਝੀ ਸ਼ਕਤੀ ਤੇ ਅਗਵਾਈ, ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ, ਹੋਰ ਵਰਗਾਂ ਦੀ ਹਮਾਇਤ/ਹਮਦਰਦੀ ਅਤੇ ਧਰਮ-ਨਿਰਪੱਖਤਾ ਇਸ ਅੰਦੋਲਨ ਦੀ ਸਫ਼ਲਤਾ ਦੇ ਮੁੱਖ ਕਾਰਨ ਹਨ। ਇਹ ਤਜਰਬਾ ਹੁਣ ਜੰਤਰ ਮੰਤਰ ‘ਤੇ ਪਹਿਲਵਾਨ ਖਿਡਾਰੀਆਂ ਦੇ ਅੰਦੋਲਨ ਵਿੱਚ ਵੀ ਮਦਦਗਾਰ ਸਾਬਿਤ ਹੋ ਰਿਹਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਆਮ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਤਰਸਯੋਗ ਹੈ। ਤਕਨਾਲੋਜੀ ਨੇ ਆਟੋਮੇਸ਼ਨ ਨਾਲ ਖੇਤੀ ਵਿੱਚੋਂ ਰੁਜ਼ਗਾਰ ਘਟਾ ਦਿੱਤਾ ਹੈ ਅਤੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ। ਆਰਥਿਕ ਵਿਕਾਸ ਨਾਲ ਦੇਸ਼ ਵਿੱਚ ਰੁਜ਼ਗਾਰ ਘਟਣ ਲੱਗਿਆ ਹੈ। ਇਸ ਨੂੰ ਰੁਜ਼ਗਾਰ ਰਹਿਤ ਵਿਕਾਸ ਕਿਹਾ ਜਾ ਰਿਹਾ ਹੈ। ਹੁਣ ਇਹ ਰੁਜ਼ਗਾਰ ਰਹਿਤ ਤੋਂ ਰੁਜ਼ਗਾਰ ਮਾਰੂ ਵਿਕਾਸ ਵਿੱਚ ਬਦਲ ਗਿਆ ਹੈ। ਇਸ ਕਰਕੇ ਲੋਕਾਂ ਵਾਸਤੇ ਸੰਘਰਸ਼ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੈ। ਕਾਰਪੋਰੇਟ ਘਰਾਣੇ ਆਰਥਿਕ ਵਿਕਾਸ ਵਿੱਚ ਲੋਕਾਂ ਨੂੰ ਹਿੱਸੇਦਾਰ ਬਣਾਉਣ ਨੂੰ ਤਿਆਰ ਨਹੀਂ। ਦੂਜੇ ਪਾਸੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਹੈ। ਸੱਤਾ ਵਿੱਚ ਭਾਰੂ ਹਿੱਸੇ ਅਤੇ ਆਗੂਆਂ ਵੱਲੋਂ ਲੋਕਾਂ ਦਾ ਧਰਮ, ਜਾਤ, ਲਿੰਗ ਅਤੇ ਇਲਾਕੇ ਦੇ ਆਧਾਰ ‘ਤੇ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ। ਇਹ ਹਾਲਾਤ ਜਮਾਤੀ ਸੰਘਰਸ਼ ਲਈ ਔਖੇ ਪਰ ਸਾਜ਼ਗਾਰ ਹਨ।
ਨਵੀਂ ਅਤੇ ਸੁਚਾਰੂ ਸੋਚ
ਇਨ੍ਹਾਂ ਬਦਲਦੇ ਹਾਲਾਤ ਵਿੱਚ ਸੰਘਰਸ਼ ਉਲੀਕਣ ਲਈ ਸਰਗਰਮ ਆਗੂਆਂ ਨੂੰ ਉਸਾਰੂ ਸੋਚ ਨਾਲ ਚੱਲਣਾ ਪਵੇਗਾ। ਸੰਘਰਸ਼ ਦੇ ਨਾਲ ਨਾਲ ਨਿਰਮਾਣ ਦੇ ਕਾਰਜ ਬਾਰੇ ਸੋਚ ਕੇ ਇਸ ਨੂੰ ਆਪਣੇ ਏਜੰਡੇ ‘ਤੇ ਲਿਆਉਣਾ ਹੋਵੇਗਾ। ਇਸ ਨਿਰਮਾਣ ਦੇ ਕਾਰਜ ਤੋਂ ਕਾਰਪੋਰੇਟ ਵਿਕਾਸ ਮਾਡਲ ਦੇ ਬਦਲਵੇਂ ਮਾਡਲ ਦੇ ਝਲਕਾਰੇ ਮਿਲਣੇ ਚਾਹੀਦੇ ਹਨ। ਇਸ ਮੰਗ ਤੋਂ ਬਚਣਾ ਹੋਵੇਗਾ ਕਿ ਸਾਰਾ ਕੁਝ ਹੀ ਸਰਕਾਰ ਕਰੇ। ਸਮਾਜ ਨੂੰ ਨਵੇਂ ਤਰੀਕੇ ਨਾਲ ਨਿਰਮਾਣ ਦੇ ਰਸਤੇ ਤਲਾਸ਼ਣੇ ਪੈਣਗੇ। ਇਨ੍ਹਾਂ ਰਸਤਿਆਂ ‘ਤੇ ਚਲਦਿਆਂ ਵਾਤਾਵਰਨ ਨੂੰ ਬਚਾਉਣ ਵੱਲ ਖ਼ਾਸ ਧਿਆਨ ਦੇਣਾ ਪਵੇਗਾ। ਇਹ ਮਨੁੱਖਤਾ ਨੂੰ ਬਚਾਉਣ ਦਾ ਮਾਮਲਾ ਹੈ ਜਿਸ ਨੂੰ ਕਾਰਪੋਰੇਟ ਕੰਪਨੀਆਂ ਨੇ ਬਿਲਕੁਲ ਵਿਸਾਰ ਰੱਖਿਆ ਹੈ। ਦੇਸ਼ ਵਿੱਚ ਭਾਸ਼ਾ, ਸਭਿਆਚਾਰ ਅਤੇ ਭੂਗੋਲਿਕ ਹਾਲਤਾਂ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਵਖਰੇਵੇਂ ਹੋਂਦ ਵਿੱਚ ਆਏ ਹਨ। ਇਸ ਲਈ ਖੇਤਰੀ ਭਿੰਨਤਾਵਾਂ ਦੇ ਮੱਦੇਨਜ਼ਰ ਨਿਰਮਾਣ ਕਾਰਜ ਉਲੀਕੇ ਜਾਣ। ਇਸ ਕਾਰਜ ਵਾਸਤੇ ਸੰਕੀਰਨਤਾ ਵਾਲੀ ਸੋਚ ਨੂੰ ਛੱਡ ਕੇ ਸਾਂਝੇ ਮੁਹਾਜ਼ ਮਦਦਗਾਰ ਹੋ ਸਕਦੇ ਹਨ। ਇਸੇ ਨਾਲ ਸਮੂਹਿਕ ਲੀਡਰਸ਼ਿਪ ਦੇਸ਼ ਪੱਧਰ ‘ਤੇ ਕਾਰਪੋਰੇਟ ਮਾਡਲ ਨੂੰ ਸਫ਼ਲ ਚੁਣੌਤੀ ਦੇ ਸਕਦੀ ਹੈ। ਇਸ ਪ੍ਰਕਿਰਿਆ ਨਾਲ ਲੀਡਰਸ਼ਿਪ ਦੀ ਸੋਚ ਦਾ ਵਿਕਾਸ ਅਤੇ ਸਹੀ ਸਮਝ ਵੀ ਬਰਕਰਾਰ ਰੱਖੇ ਜਾ ਸਕਦੇ ਹਨ। ਮੌਜੂਦਾ ਸਮਾਜਿਕ, ਆਰਥਿਕ ਅਤੇ ਸਿਆਸੀ ਲਹਿਰ ਦੇ ਸਨਮੁੱਖ ਨਵੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਹਨ। ਇਨ੍ਹਾਂ ਨੂੰ ਬੌਧਿਕ ਅਤੇ ਵਿਹਾਰਕ ਪੱਧਰ ‘ਤੇ ਨਜਿੱਠਣ ਨਾਲ ਸਮਾਜਾਂ ਨੂੰ ਨਵੀਂ ਸਿਧਾਂਤਕ ਸੇਧ ਦਿੱਤੀ ਜਾ ਸਕਦੀ ਹੈ। ਵਿਚਾਰਧਾਰਕ ਜੱਦੋਜਹਿਦ ਨਾਲ ਨਵੇਂ ਲੋਕਪੱਖੀ ਸਿਧਾਂਤਕਾਰ ਪੈਦਾ ਹੁੰਦੇ ਹਨ। ਇਹ ਸਮੇਂ ਦੀ ਮੰਗ ਹੈ। ਕਾਰਪੋਰੇਟ ਮਾਡਲ ਖਿਲਾਫ਼ ਹਾਲੈਂਡ ਵਿੱਚ ਕਿਸਾਨਾਂ ਨੇ ਗਿਣਨਯੋਗ ਜਿੱਤ ਪ੍ਰਾਪਤ ਕੀਤੀ ਹੈ। ਫਰਾਂਸ ਅਤੇ ਬਰਤਾਨੀਆ ਦੇ ਡਾਕਟਰ, ਨਰਸਾਂ ਅਤੇ ਮਿਹਨਤਕਸ਼ ਲੋਕ ਮੁਜ਼ਾਹਰੇ ਕਰ ਰਹੇ ਹਨ। ਨਵੀਂ ਤਕਨਾਲੋਜੀ ਦੇ ਦੌਰ ਵਿੱਚ ਲੋਕ ਵਿਆਪਕ ਸਮਾਜਿਕ ਸੁਰੱਖਿਆ ਅਤੇ ਘੱਟੋ ਘੱਟ ਆਮਦਨ ਦੀ ਗਾਰੰਟੀ ਚਾਹੁੰਦੇ ਹਨ। ਭਾਰਤ ਵਿੱਚ ਇਹ ਮੁੱਦੇ ਸੰਘਰਸ਼ ਵਿੱਚ ਸ਼ਾਮਲ ਕਰਨਯੋਗ ਹਨ। ਸੰਘਰਸ਼ਾਂ ਨੂੰ ਆਰਥਿਕ ਮੁੱਦਿਆਂ ਦੇ ਨਾਲ ਨਾਲ ਸਿਆਸੀ ਵਿਚਾਰਧਾਰਾ ਨਾਲ ਜੋੜ ਕੇ ਲੋਕ-ਪੱਖੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਸਮਝ ਦਾ ਹਿੱਸਾ ਬਣਾਉਣਾ ਪਵੇਗਾ। ਜਮਹੂਰੀਅਤ ਨੂੰ ਡੂੰਘਾ ਅਤੇ ਵਿਸ਼ਾਲ ਕਰਨਾ, ਧਰਮ ਨਿਰਪੱਖਤਾ ਕਾਇਮ ਰੱਖਦਿਆਂ ਬੇਇਨਸਾਫ਼ੀ ਅਤੇ ਸ਼ੋਸ਼ਣ ਖਿਲਾਫ਼ ਸੰਘਰਸ਼ਾਂ ਨੂੰ ਸੇਧਣਾ ਲੋਕ ਲਹਿਰ ਨੂੰ ਮਜ਼ਬੂਤ ਕਰ ਸਕਦੇ ਹਨ। ਇਹ ਰਸਤਾ ਸਮਾਜਿਕ ਸੁਰੱਖਿਆ, ਨਿਆਂ, ਬਰਾਬਰੀ, ਸਾਂਝੀਵਾਲਤਾ ਅਤੇ ਵਾਤਾਵਰਣ ਦੀ ਸੰਭਾਲ ਵੱਲ ਜਾਂਦਾ ਹੈ। ਇਸ ਨੂੰ ਸਮਾਜਵਾਦ ਦੀ ਪ੍ਰਾਪਤੀ ਵਾਸਤੇ ਮੁੱਢਲਾ ਕਦਮ ਵੀ ਕਿਹਾ ਜਾ ਸਕਦਾ ਹੈ। ਇਸ ਕਰਕੇ ਸਮਾਜਿਕ ਲੋਕ ਲਹਿਰ ਨੂੰ ਵਿਹਾਰਕ ਮਸਲਿਆਂ ਨੂੰ ਨਜਿੱਠਦਿਆਂ ਵੱਡੀ ਵਿਚਾਰਧਾਰਕ ਲੜਾਈ ਕਾਰਪੋਰੇਟ ਸੋਚ ਨਾਲ ਵੀ ਲੜਨੀ ਪਵੇਗੀ। ਇਹ ਗੱਲ ਸਾਫ਼ ਹੈ ਕਿ ਆਮ ਲੋਕਾਂ ਨੂੰ ਕੰਟਰੋਲ ਕਰਨ ਵਾਸਤੇ ਕਾਰਪੋਰੇਟ ਜਗਤ ਵੱਲੋਂ ਵਰਤੀ ਜਾ ਰਹੀ ਤਕਨਾਲੋਜੀ ਸਮਾਜਿਕ ਲਹਿਰ ਲਈ ਵਰਤ ਕੇ ਸਮਾਜ ਦੇ ਵਿਕਾਸ ਦੀ ਦਿਸ਼ਾ ਲੋਕਾਂ ਦੇ ਹਿੱਤ ਵਿੱਚ ਮੋੜੀ ਜਾ ਸਕਦੀ ਹੈ।