ਚਮਨ ਲਾਲ
ਹਿੰਦੋਸਤਾਨ ਦੇ ਸਭ ਤੋਂ ਵੱਧ ਮਕਬੂਲ ਇਨਕਲਾਬੀ ਨਾਇਕ ਭਗਤ ਸਿੰਘ ਦੇ ਚਾਚਾ ਅਤੇ ਆਦਰਸ਼ ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਚ ਹੋਇਆ ਸੀ। ਅਜੀਤ ਸਿੰਘ ਦੇ ਪੁਰਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਾਰਲੀ ਤੋਂ ਇਥੇ ਆ ਕੇ ਵਸੇ ਸਨ ਜਿਸ ਦੀ ਆਪਣੀ ਦਿਲਚਸਪ ਕਹਾਣੀ ਹੈ। ਉਨ੍ਹਾਂ ਦੇ ਪੁਰਖਿਆਂ ਵਿਚੋਂ ਇੱਕ ਜਵਾਨ ਮੁੰਡਾ ਆਪਣੇ ਸਵਰਗੀ ਰਿਸ਼ਤੇਦਾਰ ਦੇ ਫੁੱਲ ਪਾਉਣ ਲਈ ਪਿੰਡ ਤੋਂ ਪੈਦਲ ਹਰਿਦਵਾਰ ਜਾ ਰਿਹਾ ਸੀ। ਰਸਤੇ ਵਿਚ ਜਦੋਂ ਸ਼ਾਮ ਹੋਈ ਤਾਂ ਇੱਕ ਹਵੇਲੀ ਸਾਹਮਣੇ ਰੁਕ ਕੇ ਉਸ ਨੇ ਕਿਸੇ ਵਿਅਕਤੀ ਨੂੰ ਪੁੱਛਿਆ ਕਿ ਉਸ ਨੂੰ ਰਾਤ ਰੁਕਣ ਦੀ ਜਗ੍ਹਾ ਮਿਲ ਸਕਦੀ ਹੈ? ਵਿਅਕਤੀ ਨੇ ਹਵੇਲੀ ਦੇ ਮਾਲਿਕ ਤੋਂ ਪੁੱਛ ਕੇ ਉਸ ਜਵਾਨ ਨੂੰ ਅੰਦਰ ਸੱਦ ਲਿਆ। ਹਵੇਲੀ ਦੇ ਮਾਲਿਕ ਨੇ ਉਸ ਨੂੰ ਦੇਖ ਕੇ ਚੰਗੀ ਮਹਿਮਾਨ ਨਵਾਜ਼ੀ ਕੀਤੀ, ਉਨ੍ਹਾਂ ਦੀ ਇੱਕੋ ਇੱਕ ਧੀ ਨੂੰ ਇਹ ਜਵਾਨ ਚੰਗਾ ਲੱਗਿਆ। ਹਵੇਲੀ ਵਾਲਿਆਂ ਪੁੱਛਿਆ ਕਿ ਉਹ ਵਿਆਹਿਆ ਹੋਇਆ ਹੈ? ਜਵਾਨ ਦੇ ਇਨਕਾਰ ਕਰਨ ਤੇ ਹਵੇਲੀ ਵਾਲਿਆਂ ਉਸ ਨੂੰ ਵਾਪਸੀ ਤੇ ਵੀ ਰੁਕਣ ਦਾ ਸੱਦਾ ਦਿੱਤਾ ਅਤੇ ਵਾਪਸੀ ਤੇ ਜਵਾਨ ਨੂੰ ਆਪਣੀ ਧੀ ਵਿਆਹੁਣ ਦੀ ਪੇਸ਼ਕਸ਼ ਕੀਤੀ ਪਰ ਇਸ ਸ਼ਰਤ ਤੇ ਕਿ ਵਿਆਹ ਬਾਅਦ ਇਸੇ ਪਿੰਡ ਦੀ ਹਵੇਲੀ ਜਿਸ ਨੂੰ ਗੜ੍ਹ (ਕਿਲ੍ਹਾ) ਕਲਾਂ ਕਿਹਾ ਜਾਂਦਾ ਸੀ, ਆ ਕੇ ਰਹੇ। ਜਵਾਨ ਨੇ ਸ਼ਰਤ ਮਨਜ਼ੂਰ ਕੀਤੀ ਅਤੇ ਉਸ ਨੂੰ ਰਿਵਾਜ ਮੁਤਾਬਕ ਖੱਟ ਯਾਨੀ ਦਾਜ ਵਿਚ ਹਵੇਲੀ ਦਿੱਤੀ ਗਈ ਜਿਸ ਤੋਂ ਬਾਅਦ ਪਿੰਡ ਦਾ ਨਾਂ ਹੀ ਖੱਟ ਗੜ੍ਹ ਤੇ ਫਿਰ ਪੱਕ ਕੇ ਖਟਕੜ ਕਲਾਂ ਪੈ ਗਿਆ। ਇਹ ਵੇਰਵੇ ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ‘ਜ਼ਿੰਦਾ ਦਫ਼ਨ’ (Buried Alive) ਵਿਚ ਦਿੱਤੇ ਹਨ।
ਅਜੀਤ ਸਿੰਘ ਦੇ ਪੁਰਖਿਆਂ ਨੇ ਖਾਲਸਾ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਸੇਵਾ ਨਿਭਾਈ ਅਤੇ ਉਨ੍ਹਾਂ ਦੇ ਖੁੱਲ੍ਹੇ ਵਿਹੜੇ ਵਿਚ ਸਿੱਖ ਕੌਮੀ ਝੰਡਾ ਝੂਲਦਾ ਸੀ, ਉਸ ਜਗ੍ਹਾ ਨੂੰ ਹੀ ਝੰਡਾ ਜੀ ਕਿਹਾ ਜਾਂਦਾ ਸੀ। ਕੁਝ ਪੀੜ੍ਹੀਆਂ ਮਗਰੋਂ ਜਦ ਨਾਰਲੀ ਪਿੰਡ ਵਾਲਿਆਂ ਮੁੜ ਪਿੰਡ ਆਉਣ ਲਈ ਗੁਜ਼ਾਰਿਸ਼ ਕੀਤੀ ਤਾਂ ਪੁਰਖਿਆਂ ਨੇ ਝੰਡਾ ਜੀ ਸਥਾਪਤ ਕਰਨ ਕਰ ਕੇ ਮਨਾ ਕਰ ਦਿੱਤਾ। ਅਜੀਤ ਸਿੰਘ ਦੇ ਪਿਤਾ ਅਰਜਨ ਸਿੰਘ ਅਤੇ ਉਨ੍ਹਾਂ ਤੋਂ ਵੱਡੇ ਭਰਾ ਕਿਸ਼ਨ ਸਿੰਘ ਅਤੇ ਸਵਰਨ ਸਿੰਘ ਪੱਕੇ ਕੌਮ ਪ੍ਰਸਤ ਸਨ।
ਤਿੰਨਾਂ ਭਰਾਵਾਂ ਨੇ ਸਾਈਂ ਦਾਸ ਏਂਗਲੋ ਸਕੂਲ ਜਲੰਧਰ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਅਜੀਤ ਸਿੰਘ ਨੇ ਲਾਹੌਰ ਦੇ ਡੀਏਵੀ ਕਾਲਜ ਅਤੇ ਉਸ ਤੋਂ ਬਾਅਦ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਥੇ ਰਹਿੰਦੇ ਹੀ ਉਹ ਤੇ ਕਿਸ਼ਨ ਸਿੰਘ 1903 ਵਿਚ ਲਾਰਡ ਕਰਜ਼ਨ ਦੇ ਬੁਲਾਏ ਦਿੱਲੀ ਦਰਬਾਰ ਵਿਚ ਭਾਰਤੀ ਰਾਜਿਆਂ ਨੂੰ ਮਿਲਣ ਗਏ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਹੋਣ ਲਈ ਪ੍ਰੇਰਿਆ। 1903 ਵਿਚ ਹੀ ਉਨ੍ਹਾਂ ਕਸੂਰ ਦੇ ਸੂਫੀ ਮਤ ਧਾਰਨੀ ਧਨਪਤ ਰਾਇ ਦੀ ਪਾਲੀ ਹੋਈ ਧੀ ਹਰਨਾਮ ਕੌਰ ਨਾਲ ਸ਼ਾਦੀ ਕੀਤੀ।
1906 ਵਿਚ ਦੋਵਾਂ ਭਰਾਵਾਂ ਨੇ ਕਲਕੱਤਾ ਕਾਂਗਰਸ ਵਿਚ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਦਾਦਾ ਭਾਈ ਨਾਰੋਜੀ ਨੇ ਕੀਤੀ ਸੀ। ਉਹ ਕਾਂਗਰਸੀ ਆਗੂਆਂ ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਤੋਂ ਪ੍ਰਭਾਵਿਤ ਹੋਏ। ਬਿਪਨ ਚੰਦਰ ਪਾਲ ਬਾਰੇ ਅਜੀਤ ਸਿੰਘ ਨੇ ਬੜਾ ਭਾਵੁਕ ਲੇਖ ਲਿਖਿਆ ਸੀ। 1907 ਵਿਚ ਅੰਗਰੇਜ਼ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਬਣਾਏ, ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਗਰਦਾਨਿਆ।
ਤਿੰਨ ਕਾਲੇ ਕਾਨੂੰਨਾਂ ਵਿਚ 1906 ਦਾ ਪੰਜਾਬ ਲੈਂਡ ਕਾਲੋਨਾਇਜੇਸ਼ਨ ਬਿੱਲ, ਜਿਸ ਰਾਹੀਂ ਕਿਸਾਨਾਂ ਦੀ ਜ਼ਮੀਨ ਤੱਕ ਜ਼ਬਤ ਕੀਤੀ ਜਾ ਸਕਦੀ ਸੀ, 25% ਮਾਲੀਆ ਵਧਾਉਣਾ ਅਤੇ ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣਾ ਸ਼ਾਮਿਲ ਸਨ। ਅਜੀਤ ਸਿੰਘ ਨੇ ਇਨ੍ਹਾਂ ਕਾਨੂੰਨਾਂ ਖਿਲਾਫ਼ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸ ਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਲਾਲਾ ਲਾਜਪਤ ਰਾਇ ਨੂੰ ਵੀ ਇਨ੍ਹਾਂ ਮੀਟਿੰਗਾਂ ਵਿਚ ਬੁਲਾਰੇ ਵਜੋਂ ਸੱਦਿਆ ਗਿਆ ਅਤੇ 22 ਮਾਰਚ ਦੀ ਲਾਇਲਪੁਰ ਦੀ ਭਰਵੀਂ ਮੀਟਿੰਗ ਵਿਚ ਝੰਗ ਸਿਆਲ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ’ ਨਾਂ ਦੀ ਕਵਿਤਾ ਪੜ੍ਹੀ ਜਿਸ ਦਾ ਇੰਨਾ ਜ਼ਬਰਦਸਤ ਅਸਰ ਹੋਇਆ ਕਿ ਲਹਿਰ ਦਾ ਨਾਂ ਹੀ ‘ਪਗੜੀ ਸੰਭਾਲ ਜੱਟਾ ਲਹਿਰ’ ਪੈ ਗਿਆ। ਇਸ ਲਹਿਰ ਨੇ ਅੰਗਰੇਜ਼ ਹਾਕਮਾਂ ਵਿਚ ਖਲਬਲੀ ਮਚਾ ਦਿੱਤੀ ਅਤੇ ਅੰਗਰੇਜ਼ ਫੌਜ ਡੇ ਮੁਖੀ ਲਾਰਡ ਕਿਚਨਰ ਨੂੰ ਇਹ ਡਰ ਹੋ ਗਿਆ ਕਿ ਇਸ ਲਹਿਰ ਦਾ ਅਸਰ ਫੌਜ ਤੇ ਪੁਲੀਸ ਦੇ ਜਵਾਨਾਂ ਤੇ ਹੋ ਸਕਦਾ ਹੈ ਅਤੇ ਉਹ 1857 ਵਾਂਗ ਬਗ਼ਾਵਤ ਵੀ ਕਰ ਸਕਦੇ ਹਨ। ਭਾਰਤੀ ਮਾਮਲਿਆਂ ਦੇ ਮੰਤਰੀ ਲਾਰਡ ਜੌਹਨ ਮਾਰਲੇ ਨੇ ਬਰਤਾਨਵੀ ਪਾਰਲੀਮੈਂਟ ਵਿਚ ਦੱਸਿਆ ਕਿ ਇਸ ਦੌਰਾਨ ਪੰਜਾਬ ਵਿਚ ਵੱਖ ਵੱਖ ਸ਼ਹਿਰਾਂ ਵਿਚ ਕੁਲ 33 ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚੋਂ 19 ਵਿਚ ਅਜੀਤ ਸਿੰਘ ਹੀ ਮੁੱਖ ਬੁਲਾਰਾ ਸੀ। ਅਜੀਤ ਸਿੰਘ ਦੀ ਤਕਰੀਰ ਜ਼ਬਰਦਸਤ ਜੋਸ਼ ਪੈਦਾ ਕਰਨ ਵਾਲੀ ਹੁੰਦੀ ਸੀ ਅਤੇ 21 ਅਪਰੈਲ 1907 ਨੂੰ ਰਾਵਲਪਿੰਡੀ ਦੀ ਉਸ ਦੀ ਤਕਰੀਰ ਨੂੰ ਬੇਹੱਦ ਬਾਗ਼ੀ ਜਾਂ ਦੇਸ਼-ਧ੍ਰੋਹੀ ਕਰਾਰ ਦੇ ਕੇ ਉਸ ਤੇ ਅੱਜ ਵਾਂਗ ਦਫ਼ਾ 124 ਏ ਵਿਚ ਮੁਲਕ ਤੋਂ ਬਾਹਰ ਜਾਣ ਬਾਅਦ ਵੀ ਕੇਸ ਦਰਜ ਕੀਤਾ ਗਿਆ। ਅੰਗਰੇਜ਼ ਸਰਕਾਰ ਨੇ ਕਿਸਾਨ ਲਹਿਰ ਦੇ ਲੋਕ ਲਹਿਰ ਵਿਚ ਬਦਲਣ ਦੇ ਡਰੋਂ ਤਿੰਨੇ ਕਾਨੂੰਨ ਮਈ ਵਿਚ ਹੀ ਵਾਪਿਸ ਲੈ ਲਏ ਪਰ ਲਾਲਾ ਲਾਜਪਤ ਰਾਇ ਨੂੰ 9 ਮਈ ਅਤੇ ਅਜੀਤ ਸਿੰਘ ਨੂੰ 2 ਜੂਨ ਨੂੰ ਗ੍ਰਿਫਤਾਰ ਕਰ ਕੇ ਰੈਗੂਲੇਸ਼ਨ 1818 ਤਹਿਤ ਛੇ ਮਹੀਨੇ ਲਈ ਬਰਮਾ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ ਜਿਥੋਂ 11 ਨਵੰਬਰ 1907 ਨੂੰ ਦੋਵਾਂ ਨੂੰ ਰਿਹਾਅ ਕੀਤਾ ਗਿਆ। ਲਾਲਾ ਲਾਜਪਤ ਰਾਇ ਨੇ ਅੰਗਰੇਜ਼ ਸਰਕਾਰ ਨੂੰ ਪਟੀਸ਼ਨ ਦੇ ਕੇ ਕਿਹਾ ਕਿ ਉਸ ਨੇ ਕੋਈ ਗੈਰ-ਕਾਨੂੰਨੀ ਜਾਂ ਹਿੰਸਕ ਕਾਰਵਾਈ ਨਹੀਂ ਕੀਤੀ ਪਰ ਅਜੀਤ ਸਿੰਘ ਨੇ ਕੋਈ ਪਟੀਸ਼ਨ ਨਹੀਂ ਦਿੱਤੀ। ਕਿਸ਼ਨ ਸਿੰਘ ਅਤੇ ਸਵਰਨ ਸਿੰਘ ਨੂੰ ਵੀ ਸਜ਼ਾਵਾਂ ਦੇ ਕੇ ਜੇਲ੍ਹ ਭੇਜਿਆ ਗਿਆ।
ਇਸੇ ਦੌਰਾਨ 28 ਸਤੰਬਰ 1907 ਨੂੰ ਚੱਕ ਨੰਬਰ 105, ਬੰਗੇ ਭਗਤ ਸਿੰਘ ਦਾ ਜਨਮ ਹੋਇਆ। ਇਸ ਤਾਰੀਖ਼ ਦੇ ਨੇੜੇ ਤੇੜੇ ਤਿੰਨੇ ਭਰਾ ਜੇਲ੍ਹੋਂ ਬਾਹਰ ਆਏ, ਇਸ ਲਈ ਦਾਦੀ ਨੇ ਨਵਜੰਮੇ ਬੱਚੇ ਨੂੰ ਭਾਗਾਂ ਵਾਲਾਂ ਕਹਿ ਕੇ ਉਸ ਦਾ ਨਾਂ ਭਗਤ ਸਿੰਘ ਰੱਖਿਆ।
ਦਸੰਬਰ 1907 ਵਿਚ ਕਾਂਗਰਸ ਦਾ ਇਜਲਾਸ ਸੂਰਤ ਵਿਚ ਹੋਇਆ, ਉਥੇ ਅਜੀਤ ਸਿੰਘ ਗਏ ਤਾਂ ਤਿਲਕ ਨੇ ਉਨ੍ਹਾਂ ਨੂੰ ‘ਕਿਸਾਨਾਂ ਦਾ ਰਾਜਾ’ ਕਹਿ ਕੇ ਤਾਜ ਪਹਿਨਾਇਆ ਜੋ ਅੱਜ ਵੀ ਸੰਭਾਲਿਆ ਹੋਇਆ ਹੈ। ਪੰਜਾਬ ਵਾਪਿਸ ਆ ਕੇ ਉਨ੍ਹਾਂ ਤਿਲਕ ਆਸ਼ਰਮ ਦੀ ਸਥਾਪਨਾ ਕੀਤੀ। ਲਾਹੌਰ ਅਤੇ ਲਾਇਲਪੁਰ ਵਿਚ ਮਾਰਚ 1908 ਤੋਂ ਜੁਲਾਈ 1909 ਦੌਰਾਨ ਉਨ੍ਹਾਂ ਕਈ ਭਾਸ਼ਣ ਦਿੱਤੇ, ਜਿਨ੍ਹਾਂ ਵਿਚ ਜਾਤ ਪਾਤ ਆਦਿ ਬੁਰਾਈਆਂ ਦੀ ਆਲੋਚਨਾ ਕੀਤੀ, ਭਗਤ ਸਿੰਘ ਦੇ ਲੇਖ ਅਛੂਤ ਸਮੱਸਿਆ ਦੇ ਤਰਕ ਇਸ ਮਸਲੇ ਬਾਰੇ ਆਪਣੇ ਚਾਚਾ ਅਜੀਤ ਸਿੰਘ ਤੋਂ ਪ੍ਰਭਾਵਿਤ ਹਨ। ਅਲਾਹਾਬਾਦ ਤੋਂ ਉਨ੍ਹਾਂ ਸਵਰਾਜ ਨਾਂ ਦਾ ਪਰਚਾ ਵੀ ਸ਼ੁਰੂ ਕੀਤਾ ਜਿਸ ਦੇ 9 ਸੰਪਾਦਕਾਂ ਤੇ ਮੁਕੱਦਮੇ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ ਪੰਜ ਪੰਜਾਬੀ ਸਨ।
ਅੰਗਰੇਜ਼ ਸਰਕਾਰ ਦਾ ਦਬਾਅ ਵਧਣ ਕਾਰਨ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ ਅਤੇ ਕੁਝ ਹੋਰ ਸਾਥੀਆਂ ਨਾਲ ਅਗਸਤ-ਸਤੰਬਰ 1909 ਵਿਚ ਕਰਾਚੀ ਤੋਂ ਸਮੁੰਦਰੀ ਜਹਾਜ਼ ਰਾਹੀਂ ਇਰਾਨ ਚਲੇ ਗਏ। ਹੁਣ ਉਨ੍ਹਾਂ ਆਪਣਾ ਨਾਂ ਮਿਰਜ਼ਾ ਹਸਨ ਖਾਨ ਰੱਖ ਲਿਆ ਸੀ ਜਿਸ ਨਾਂ ਨਾਲ ਉਨ੍ਹਾਂ ਬ੍ਰਾਜ਼ੀਲ ਦਾ ਪਾਸਪੋਰਟ ਵੀ ਬਣਾ ਲਿਆ ਸੀ। (ਪਰਿਵਾਰ ਨੂੰ ਉਨ੍ਹਾਂ ਦੀ ਪਹਿਲੀ ਖ਼ਬਰ 1912 ਵਿਚ ਅਜੀਤ ਸਿੰਘ ਵੱਲੋਂ ਆਪਣੇ ਸਹੁਰੇ ਧਨਪਤ ਰਾਇ ਨੂੰ ਲਿਖੀ ਚਿੱਠੀ ਤੋਂ ਮਿਲੀ, ਜਾਂ ਫਿਰ ਭਗਤ ਸਿੰਘ ਦੀਆਂ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਜੋਂ 1928 ਵਿਚ ਪ੍ਰਸਿੱਧ ਲੇਖਕਾ ਅਤੇ ਭਾਰਤੀ ਤੇ ਚੀਨੀ ਇਨਕਲਾਬੀਆਂ ਦੀ ਹਮਦਰਦ ਅਗਨੇਸ ਸਮੇਡਲੇ ਵੱਲੋਂ ਭਗਤ ਸਿੰਘ ਨੂੰ ਭੇਜੇ ਉਨ੍ਹਾਂ ਦੇ ਬ੍ਰਾਜ਼ੀਲ ਦੇ ਪਤੇ ਤੋਂ। ਭਗਤ ਸਿੰਘ ਅਤੇ ਅਜੀਤ ਸਿੰਘ ਇੱਕ ਦੂਜੇ ਬਾਰੇ ਹਮੇਸ਼ਾ ਫਿਕਰਮੰਦ ਰਹੇ ਅਤੇ ਅਜੀਤ ਸਿੰਘ ਨੇ ਭਗਤ ਸਿੰਘ ਨੂੰ ਭਾਰਤ ਤੋਂ ਆਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ)।
ਇਰਾਨ ਤੋਂ ਉਹ ਤੁਰਕੀ ਗਏ ਜਿਥੇ ਉਨ੍ਹਾਂ ਪ੍ਰਗਤੀਸ਼ੀਲ ਤੁਰਕੀ ਆਗੂ ਕਮਾਲ ਪਾਸ਼ਾ ਨਾਲ ਮੁਲਾਕਾਤ ਕੀਤੀ। ਤੁਰਕੀ ਤੋਂ ਅਜੀਤ ਸਿੰਘ ਪੈਰਿਸ ਆਏ ਜਿਥੇ ਇਨ੍ਹੀਂ ਦਿਨੀਂ ਰਹਿ ਰਹੇ ਭਾਰਤੀ ਇਨਕਲਾਬੀਆਂ- ਮਦਾਮ ਕਾਮਾ, ਸ਼ਿਆਮਜੀ ਕ੍ਰਿਸ਼ਨ ਵਰਮਾ, ਵੀਰੇਂਦਰ ਨਾਥ ਚਟੋਪਾਧਿਆਏ ਆਦਿ ਨਾਲ ਮੁਲਾਕਾਤ ਕੀਤੀ। ਪੈਰਿਸ ਤੋਂ ਉਹ ਸਵਿਟਜ਼ਰਲੈਂਡ ਚਲੇ ਗਏ ਜਿਥੇ ਉਨ੍ਹਾਂ ਨੂੰ ਲਾਲਾ ਹਰਦਿਆਲ ਅਤੇ ਚੰਪਕ ਰਮਨ ਪਿੱਲੇ ਵਰਗੇ ਗਦਰੀ ਇਨਕਲਾਬੀ ਮਿਲੇ। ਇਥੇ ਹੀ ਉਨ੍ਹਾਂ ਦੀ ਮੁਲਾਕਾਤ ਲੈਨਿਨ ਅਤੇ ਟਰਾਟਸਕੀ ਨਾਲ ਹੋਈ ਅਤੇ ਮੁਸੋਲਿਨੀ ਨਾਲ ਵੀ। ਸਵਿਟਜ਼ਰਲੈਂਡ ਵਿਚ ਦੁਨੀਆ ਭਰ ਦੇ ਫ਼ਰਾਰ ਇਨਕਲਾਬੀ ਰਹਿੰਦੇ ਸਨ। 1914 ਤੋਂ ਉਹ ਲੰਮੇ ਸਮੇਂ, 18 ਸਾਲ ਲਈ ਬ੍ਰਾਜ਼ੀਲ ਚਲੇ ਗਏ ਜਿਥੇ ਉਨ੍ਹਾਂ ਨਾਲ ਗਦਰੀ ਰਤਨ ਸਿੰਘ ਅਤੇ ਭਗਤ ਸਿੰਘ ਬਿਲਗਾ ਸੰਪਰਕ ਵਿਚ ਰਹੇ। ਖ਼ਰਾਬ ਸਿਹਤ ਕਰਨ ਕੁਝ ਸਮਾਂ ਉਨ੍ਹਾਂ ਨੂੰ ਅਰਜਨਟੀਨਾ ਵਿਚ ਵੀ ਰਹਿਣਾ ਪਿਆ। 1932 ਤੋਂ 1938 ਤੱਕ ਅਜੀਤ ਸਿੰਘ ਨੇ ਯੂਰੋਪ ਦੇ ਦੇਸ਼ਾਂ- ਜਰਮਨੀ, ਫਰਾਂਸ ਤੇ ਸਵਿਟਜ਼ਰਲੈਂਡ ਵਿਚ ਕੰਮ ਕੀਤਾ। ਇਸੇ ਸਮੇਂ ਦੌਰਾਨ ਉਨ੍ਹਾਂ ਭਾਰਤ ਮੁੜਨ ਦੇ ਯਤਨ ਸ਼ੁਰੂ ਕੀਤੇ। ਭਾਰਤ ਮੁੜਨ ਦੀ ਇੱਕ ਅਰਜ਼ੀ ਪੰਡਿਤ ਨਹਿਰੂ ਦੀ ਸਿਫ਼ਾਰਿਸ਼ ਲਾ ਕੇ 1938 ਵਿਚ ਭੇਜੀ। ਦੂਜੀ ਸੰਸਾਰ ਜੰਗ ਸਮੇਂ ਉਹ ਇਟਲੀ ਆ ਗਏ। ਇਥੇ ਉਹ ਨੇਤਾਜੀ ਸੁਭਾਸ਼ ਬੋਸ ਨੂੰ ਵੀ ਮਿਲੇ ਅਤੇ ਰੋਮ ਰੇਡਿਓ ਤੋਂ ਉਰਦੂ ਵਿਚ ਹਿੰਦੋਸਤਾਨੀਆਂ ਨੂੰ ਸੰਬੋਧਿਤ ਹੁੰਦੇ ਰਹੇ। 11000 ਫੌਜੀਆਂ ਤੇ ਆਧਾਰਿਤ ਉਨ੍ਹਾਂ ਆਜ਼ਾਦ ਹਿੰਦ ਲਸ਼ਕਰ ਵੀ ਬਣਾਇਆ ਸੀ ਪਰ ਇਟਲੀ ਵਾਲੇ ਨਾ ਕਰ ਸਕੇ।
ਜੰਗ ਖਤਮ ਹੋਣ ਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਜਰਮਨੀ ਦੀ ਕੈਂਪ ਜੇਲ੍ਹ ਵਿਚ ਰੱਖਿਆ ਗਿਆ ਜਿਥੋਂ ਦੇ ਸਖ਼ਤ ਹਾਲਾਤ ਵਿਚ ਉਨ੍ਹਾਂ ਦੀ ਸਿਹਤ ਇੰਨੀ ਖ਼ਰਾਬ ਹੋਈ ਕਿ ਉਨ੍ਹਾਂ ਨੂੰ ਜਿਊਂਦੇ ਜੀ ਭਾਰਤ ਮੁੜਨ ਦਾ ਵੀ ਭਰੋਸਾ ਨਹੀਂ ਸੀ। ਅਖੀਰ ਪੰਡਿਤ ਨਹਿਰੂ ਜੋ ਉਦੋਂ ਤੱਕ ਭਾਰਤ ਦੇ ਅੰਤਰਿਮ ਪ੍ਰਧਾਨ ਮੰਤਰੀ ਬਣ ਚੁਕੇ ਸਨ, ਦੇ ਦਖਲ ਨਾਲ ਉਨ੍ਹਾਂ ਦੀ ਰਿਹਾਈ ਹੋਈ ਅਤੇ ਉਹ ਦੋ ਮਹੀਨੇ ਲੰਡਨ ਵਿਚ ਭਾਰਤੀ ਕਾਰਕੁਨਾਂ ਕੋਲ ਰਹੇ ਅਤੇ ਸਿਹਤ ਕੁਝ ਠੀਕ ਕਰ ਕੇ ਮਾਰਚ 1947 ਵਿਚ ਭਾਰਤ ਮੁੜੇ। ਦਿੱਲੀ ਵਿਚ ਉਹ ਜਵਾਹਰ ਲਾਲ ਨਹਿਰੂ ਦੇ ਨਿਜੀ ਮਹਿਮਾਨ ਰਹੇ। ਨਹਿਰੂ ਨੇ ਉਨ੍ਹਾਂ ਨੂੰ ਏਸ਼ਿਆਈ ਦੇਸ਼ਾਂ ਦੀ ਕਾਨਫਰੰਸ ਵਿਚ ਵੀ ਸ਼ਾਮਿਲ ਕੀਤਾ ਜਿਸ ਤੋਂ ਬਾਅਦ ਉਹ 9 ਅਪਰੈਲ ਨੂੰ ਲਾਹੌਰ ਪਹੁੰਚੇ ਜਿਥੇ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਹੋਇਆ। ਉਨ੍ਹਾਂ ਦੀ ਪੋਤੀ ਵੀਰੇਂਦਰ ਸੰਧੂ ਅਨੁਸਾਰ 38 ਸਾਲਾਂ ਬਾਅਦ ਦੇਸ਼ ਪਰਤਣ ਤੇ ਉਨ੍ਹਾਂ ਦੀ ਪਤਨੀ ਹਰਨਾਮ ਕੌਰ ਨੂੰ ਸ਼ੱਕ ਸੀ ਕਿ ਕੋਈ ਹੋਰ ਬੰਦਾ ਹੀ ਅਜੀਤ ਸਿੰਘ ਬਣ ਕੇ ਨਾ ਆ ਗਿਆ ਹੋਵੇ। ਸੋ ਉਸ ਨੇ ਅਜੀਤ ਸਿੰਘ ਤੋਂ ਕਈ ਪਛਾਣ ਚਿੰਨ੍ਹ ਪੁੱਛ ਕੇ ਹੀ ਯਕੀਨ ਕੀਤਾ। ਸਿਹਤ ਦੀ ਖ਼ਰਾਬੀ ਕਰ ਕੇ ਉਹ ਪਿੰਡ ਤੱਕ ਨਹੀਂ ਜਾ ਸਕੇ ਅਤੇ ਜੁਲਾਈ 1947 ਵਿਚ ਪਤਨੀ ਹਰਨਾਮ ਕੌਰ ਅਤੇ ਭਤੀਜਿਆਂ ਕੁਲਬੀਰ ਤੇ ਕੁਲਤਾਰ ਨਾਲ ਡਲਹੌਜੀ ਆ ਗਏ ਜਿਥੇ ਉਨ੍ਹਾਂ ਸਤੰਬਰ ਤੱਕ ਠਹਿਰ ਕੇ ਵਾਪਿਸ ਮੁੜਨਾ ਸੀ ਪਰ 14 ਅਗਸਤ ਦੀ ਅੱਧੀ ਰਾਤ ਪੰਡਿਤ ਨਹਿਰੂ ਦਾ ਆਜ਼ਾਦੀ ਮਿਲਣ ਦਾ ਭਾਸ਼ਣ ਸੁਣ ਕੇ ਉਨ੍ਹਾਂ 15 ਅਗਸਤ ਨੁੰ ਸਵੇਰੇ ਕਰੀਬ 3.30 ਵਜੇ ਜੈ ਹਿੰਦ ਕਹਿ ਕੇ ਸਦਾ ਲਈ ਅੱਖਾਂ ਮੀਟ ਲਈਆਂ। ਡਲਹੌਜੀ ਵਿਚ ਹੀ ਪੰਜਪੁਲਾ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਜਿਥੇ ਅੱਜ ਉਨ੍ਹਾਂ ਦੀ ਯਾਦਗਾਰ ਤੇ ਹਜ਼ਾਰਾਂ ਲੋਕ ਜਾਂਦੇ ਹਨ। ਇੰਜ ਦੇਸ਼ ਭਗਤੀ ਦੀ ਬਲਦੀ ਮਸ਼ਾਲ ਆਜ਼ਾਦੀ ਦੀ ਤਾਜ਼ੀ ਹਵਾ ਦੇ ਝੌਂਕੇ ਨਾਲ ਅੰਤ ਨੂੰ ਪ੍ਰਾਪਤ ਹੋਈ।
*ਲੇਖਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਸੇਵਾਮੁਕਤ ਪ੍ਰੋਫ਼ੈਸਰ ਅਤੇ ਭਗਤ ਸਿੰਘ ਅਰਕਾਈਵਸ ਅਤੇ ਸੰਸਾਧਨ ਕੇਂਦਰ ਦਿੱਲੀ ਦੇ ਆਨਰੇਰੀ ਸਲਾਹਕਾਰ ਹਨ।
ਸੰਪਰਕ: 98687-74820
18 ਦਸੰਬਰ 1907 ਨੂੰ ਕਾਂਗਰਸ ਦੇ ਸੂਰਤ ਕੌਮੀ ਸੰਮੇਲਨ ’ਚ ਸਨਮਾਨ ਸਮਾਰੋਹ ਮੌਕੇ ਤਕਰੀਰ
ਕੌਮੀ ਸਪਿਰਟ ਨੂੰ ਮਹਿਫੂਜ਼ ਕਰੋ
ਮਾਨਯੋਗ ਦੇਸ਼ ਵਾਸੀਓ !
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਇਸ ਸਨਮਾਨ ਦਾ ਹੱਕਦਾਰ ਨਹੀਂ ਹਾਂ ਜੋ ਮੈਨੂੰ ਦਿੱਤਾ ਗਿਆ ਹੈ ਪਰ ਜਨਤਾ ਵਿਚ ਰੱਬ ਵਸਦਾ ਹੈ ਅਤੇ ਰੱਬ ਜਨਤਾ ਦੀ ਇੱਛਾ ਦਾ ਹੀ ਦੂਸਰਾ ਰੂਪ ਹੈ। ਇਸ ਲਈ ਜੋ ਵੀ ਤੁਸੀਂ ਕਰੋ, ਮੇਰੇ ਲਈ ਰੱਬ ਦੀ ਦੇਣ ਹੈ। ਇਸ ਕਰ ਕੇ ਵਫ਼ਾਦਾਰ ਵਾਂਗ ਤੁਹਾਡੇ ਅੱਗੇ ਸਿਰ ਝੁਕਾਉਂਦਾ ਹਾਂ। ਮੇਰੇ ਲਈ ਇਹ ਤਾਜ ਨਹੀਂ ਹੈ, ਇਹ ਤਾਂ ਮੇਰੇ ਸਿਰ ਦੀ ਅਗਾਊਂ ਕੀਮਤ ਹੈ, ਉਸ ਸਿਰ ਦੀ ਜੋ ਪਹਿਲਾਂ ਹੀ ਕੌਮ ਦੀ ਅਮਾਨਤ ਹੈ। ਤਾਜ ’ਤੇ ਪੈਸੇ ਖ਼ਰਚਣੇ ਫ਼ਜ਼ੂਲ ਸਨ, ਇਹ ਕਿਸੇ ਹੋਰ ਲੋੜਵੰਦ ਨੂੰ ਦੇਣੇ ਚਾਹੀਦੇ ਸਨ। ਖ਼ੈਰ, ਮੈਂ ਤਹਿ ਦਿਲੋਂ ਤੁਹਾਡੇ ਪਿਆਰ ਤੇ ਸੱਚੇ ਦਿਲ ਦੀ ਕਦਰ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਹੋ ਕਿ ਅਸੀਂ ਆਪਣੇ ਦਿਮਾਗ ਨੂੰ ਸੰਭਾਲ ਕੇ ਰੱਖੀਏ ਕਿਉਂਕਿ ਤਾਜ ਜਾਂ ਟੋਪੀ ਸਿਰ ਸੰਭਾਲਣ ਲਈ ਹੁੰਦੀ ਹੈ। ਸਾਡੇ ਦੇਸ਼ ਵਿਚ ਹੁੱਕੇ ਦੀ ਚਿਲਮ ਨੂੰ ਵੀ ਟੋਪੀ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਉਹ ਅੱਗ ਨੂੰ ਆਪਣੇ ਅੰਦਰ ਸੰਭਾਲਦੀ ਹੈ। ਇਸ ਕਰ ਕੇ ਸਾਨੂੰ ਕੌਮੀ ਅੱਗ (ਸਪਿਰਟ) ਨੂੰ ਸੰਭਾਲ ਕੇ ਰੱਖਣਾ ਹੈ, ਭੜਕਣ ਤੋਂ ਬਚਾਉਣਾ ਹੈ। ਟੋਪੀ ਰਾਇਫਲ ਨਾਲ ਵੀ ਸਬੰਧਤ ਹੈ ਜਿਸ ਰਾਹੀਂ ਰਾਇਫਲ ਦੀ ਤਾਕਤ ਮਹਿਫ਼ੂਜ਼ ਹੁੰਦੀ ਹੈ ਤੇ ਵਕਤ ਪੈਣ ’ਤੇ ਉਸ ਤਾਕਤ ਦੀ ਵਰਤੋਂ ਵਿਚ ਮਦਦਗਾਰ ਹੁੰਦੀ ਹੈ। ਇਸ ਕਰਕੇ ਕੌਮੀ ਤਾਕਤ ਨੂੰ ਪੂਰੀ ਦ੍ਰਿਸ਼ਟੀ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਵਿਦੇਸ਼ੀ ਸਲ੍ਹਾਬਾ ਇਸ ਵਿਚ ਆਲਸ ਨਾ ਪੈਦਾ ਕਰ ਸਕੇ ਅਤੇ ਵਕਤ ਪੈਣ ’ਤੇ ਵਰਤੋਂ ਲਈ ਤਿਆਰ ਰਹੇ। ਟੋਪੀਆਂ ਦਾ ਅਸਲ ਕੰਮ, ਸਾਡੇ ਦਿਮਾਗ, ਸਾਡੀ ਕੌਮੀ ਸਪਿਰਟ, ਕੌਮੀ ਤਾਕਤ ਨੂੰ ਸੰਭਾਲਣਾ ਹੋਣਾ ਚਾਹੀਦਾ ਹੈ ਤਾਂ ਕਿ ਵਕਤ ਪੈਣ ’ਤੇ ਇਸਤੇਮਾਲ ਕੀਤਾ ਜਾ ਸਕੇ। ਮੈਨੂੰ ਆਸ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ।
– ਅਜੀਤ ਸਿੰਘ
(ਪੇਸ਼ਕਸ਼: ਪ੍ਰੋ. ਜਗਮੋਹਨ ਸਿੰਘ)
“ਕਾਂਗਰਸ ਦੇ 1907 ਦੇ ਸੂਰਤ ਕੌਮੀ ਸੰਮੇਲਨ ਸਮੇਂ ਬਾਲ ਗੰਗਾਧਰ ਤਿਲਕ ਜੀ ਨੇ ਸਰਦਾਰ ਅਜੀਤ ਸਿੰਘ ਜੀ ਦੀਆਂ ਕੌਮੀ ਸੇਵਾਵਾਂ ਵਾਸਤੇ ਤਾਜ ਭੇਟ ਕਰਦੇ ਹੋਏ ਕਿਹਾ,
ਸਰਦਾਰ ਅਜੀਤ ਸਿੰਘ ਅਨੋਖੀ ਸ਼ਖ਼ਸੀਅਤ ਹਨ ਅਤੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣਨ ਦੇ ਪਾਤਰ ਹਨ।