ਡਾ. ਸ਼ਿਆਮ ਸੁੰਦਰ ਦੀਪਤੀ*
ਗੱਲ ਅਜੇ ਵੀ ਉਸੇ ਮੁੱਦੇ ’ਤੇ ਖੜ੍ਹੀ ਹੈ ਕਿ ਤੁਸੀਂ ਬਿਮਾਰ ਤਾਂ ਕੌਣ ਜ਼ਿੰਮੇਵਾਰ? ਕਿਉਂਕਿ ਬਿਮਾਰ ਹੋਣ ਮਗਰੋਂ, ਇਲਾਜ ਕਰਵਾਉਣਾ ਹੈ ਤੇ ਠੀਕ ਵੀ ਹੋਣਾ ਹੈ।
ਡਾਕਟਰ, ਖਾਸ ਕਰ ਸਾਡੇ ਅਜੋਕੇ ਐਲੋਪੈਥੀ ਦੇ ਡਾਕਟਰ ਵੀ ਪੜ੍ਹੇ-ਲਿਖੇ ਪਰਿਵਾਰਾਂ ਦੇ ਖਾਸ ਅੰਦਾਜ਼ ਵਿਚ ਗੱਲ ਸ਼ੁਰੂੁ ਕਰਦੇ ਹਨ, ‘ਤੁਸੀਂ ਚੱਜ ਦਾ ਖਾਂਦੇ ਨਹੀਂ, ਪੀਂਦੇ ਨਹੀਂ, ਸਮੇਂ ਸਿਰ ਆ ਕੇ ਦਿਖਾਊਂਦੇ ਨਹੀਂ, ਬਿਮਾਰੀ ਸਿਰ ਤੋਂ ਟੱਪ ਜਾਵੇ, ਫਿਰ ਤੁਹਾਡੀ ਜਾਗ ਖੁੱਲ੍ਹਦੀ ਹੈ, ਦਵਾਈ ਪੂਰੀ ਨਹੀਂ ਲੈਂਦੇ… ਵਗੈਰਾ-ਵਗੈਰਾ।’ ਮਤਲਬ ਇਲਾਜ ਬਾਰੇ ਗੱਲਬਾਤ ਬਾਅਦ ਵਿਚ ਪਹਿਲਾਂ ਤੁਹਾਨੂੰ ਕਸੂਰਵਾਰ ਠਹਿਰਾਉਣਾ ਸ਼ੁਰੂ। ਖੈਰ! ਇਹ ਡਾਕਟਰ ਜਿਨ੍ਹਾਂ ਪਰਿਵਾਰਾਂ ਤੋਂ ਆ ਰਹੇ ਹਨ, ਉਨ੍ਹਾਂ ਨੂੰ ਆਪਣੇ ਘਰ ਦੀ ਚਾਰ-ਦੀਵਾਰੀ ਦੀ ਇੱਕ ਸੀਮਤ ਦੁਨੀਆਂ ਤੋਂ ਬਾਹਰ ਦਾ ਪਤਾ ਹੀ ਨਹੀਂ ਜਾਂ ਉਨ੍ਹਾਂ ਨਾਲ ਇਨ੍ਹਾਂ ਨੌਜਵਾਨਾਂ ਨੂੰ ਜੋੜਿਆ ਹੀ ਨਹੀਂ ਜਾਂਦਾ।
ਬਿਮਾਰੀ ਅਤੇ ਆਦਮੀ, ਡਾਕਟਰ ਅਤੇ ਇਲਾਜ ਨਾਲ ਠੀਕ ਹੋਣਾ, ਇਹ ਇੱਥੋਂ ਤੱਕ ਹੀ ਮਹਿਦੂਦ ਨਹੀਂ ਹੈ। ਗੱਲ ਕਾਫ਼ੀ ਵਿਸ਼ਾਲ ਅਤੇ ਅਨੇਕਾਂ ਪਸਾਰਾਂ ਵਾਲੀ ਹੈ। ਬਿਮਾਰੀ ਦਾ ਸਬੱਬ ਕਿਸੇ ਵੀ ਤਰ੍ਹਾਂ ਸਿੱਧ-ਪੱਧਰਾ ਨਹੀਂ ਹੈ, ਹੁਣ ਕਰੋਨਾ ਤੋਂ ਤੁਸੀਂ ਵਾਕਿਫ਼ ਹੋ। ਕੌਮਾਂਤਰੀ ਪੱਧਰ ’ਤੇ ਸ਼ੁਰੂ ਹੋਈ ਇਹ ਬਿਮਾਰੀ ਵਿਸ਼ਾਣੂ ਰੋਗ ਹੈ। ਇਹ ਸਾਹ ਪ੍ਰਣਾਲੀ ’ਤੇ ਅਸਰ ਕਰਦਾ ਹੈ, ਪਰ ਅਸੀਂ ਦੇਖਿਆ ਹੈ ਕਿ ਇਸ ਦੀ ਆਮਦ ਤੇ ਫੈਲਾਅ ਪਿੱਛੇ ਕਿੰਨੇ ਸਮਾਜਿਕ, ਆਰਥਿਕ ਪੱਖ ਹਨ। ਅਗਲੇ ਦੋ ਮਹੀਨੇ ਮਲੇਰੀਏ ਅਤੇ ਡੇਂਗੂ ਦੇ ਹਨ। ਬੁਖ਼ਾਰ ਹੋਣਾ ਹੈ ਤੇ ਤੁਸੀਂ ਡਾਕਟਰ ਕੋਲ ਜਾਣਾ ਹੈ। ਉਹ ਟੈਸਟ ਕਰਵਾਏਗਾ, ਮਲੇਰੀਆ ਪੈਰਾਸਾਈਟ ਦਾ ਅਤੇ ਪਲੈਟਲੈੱਟਸ ਦਾ ਤੇ ਇਲਾਜ ਸ਼ੁਰੂ। ਕਿਸੇ ਨੇ ਨਹੀਂ ਪੁੱਛਣਾ ਕਿ ਇਲਾਕੇ ਵਿਚ ਮੱਛਰ ਤਾਂ ਨਹੀਂ, ਮੱਛਰ ਦੇ ਪੈਦਾ ਹੋਣ ਦੀ ਥਾਂ ਪਾਣੀ ਤਾਂ ਨਹੀਂ ਖੜ੍ਹਾ। ਕਿਸੇ ਨੇ ਨਹੀਂ ਪੁੱਛਣਾ ਕਿ ਉਹ ਟੋਭਾ ਕਿਉਂ ਹੈ, ਪੂਰਿਆ ਕਿਉਂ ਨਹੀਂ, ਕਿਸ ਨੇ ਪੂਰਨਾ ਹੈ? ਦਰਵਾਜ਼ੇ-ਖਿੜਕੀਆਂ ਤੇ ਜਾਲੀ ਹੈ, ਜੇ ਨਹੀਂ ਤਾਂ ਮੱਛਰਦਾਨੀ ਕਿਉਂ ਨਹੀਂ ਵਰਤਦੇ? ਜੇਕਰ ਤੁਸੀਂ ਕਹਿ ਦੇਵੋ ਕਿ ਮੇਰੇ ਕੋਲ ਪੈਸੇ ਨਹੀਂ ਮੱਛਰਦਾਨੀ ਲਈ ਤਾਂ ਵੀ ਕਿਸੇ ਨੇ ਨਹੀਂ ਪੁੱਛਣਾ ਕਿ ਤੁਹਾਡਾ ਕੰਮ ਕੀ ਹੈ, ਦਿਹਾੜੀ ਕਿੰਨੀ ਹੈ? ਹਾਲਾਂਕਿ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਕੌਮੀ ਸਿਹਤ ਪ੍ਰੋਗਰਾਮ ਹੈ ਤੇ ਅਨੇਕਾਂ ਹੀ ਸਵਾਲ ਉਸ ਨਾਲ ਜੁੜੇ ਹਨ। ਇਸੇ ਤਰ੍ਹਾਂ ਹੀ ਸ਼ੂਗਰ ਰੋਗ, ਬਲੱਡ ਪ੍ਰੈਸ਼ਰ, ਕੈਂਸਰ ਆਦਿ ਬਿਮਾਰੀਆਂ ਦੇ ਕਈ ਪਸਾਰ ਹਨ; ਜਿਵੇਂ ਡੇਂਗੂੂ-ਮਲੇਰੀਆ ਦੇ ਹਨ। ਇੱਥੇ ਅਸੀਂ ਗਿਣ ਸਕਦੇ ਹਾਂ, ਮੱਛਰ ਆਲਾ-ਦੁਆਲਾ, ਗ਼ਰੀਬੀ, ਕੱਚਾ ਘਰ, ਸਿਹਤ ਸੇਵਾਵਾਂ ਦੀ ਪਹੁੰਚ। ਬਿਮਾਰੀ ਕੋਈ ਵੀ ਹੋਵੇ, ਮਲੇਰੀਆ, ਟੀ.ਬੀ., ਸ਼ੂਗਰ, ਕਰੋਨਾ, ਇਸ ਦੇ ਲੱਛਣ ਸਿਰਫ਼ ਸਰੀਰ ਤੱਕ ਹੀ ਸੀਮਤ ਨਹੀਂ ਰਹਿੰਦੇ, ਇਹ ਤੁਹਾਡੀ ਪੂਰੀ ਸਿਹਤ ਨੂੰ ਡੱਬ-ਖੜੱਬਾ ਕਰ ਦਿੰਦੇ ਹਨ। ਜੇ ਬੱਚਾ ਬਿਮਾਰ ਹੈ ਤਾਂ ਹੋਰ ਤਰ੍ਹਾਂ ਦੀ ਚਿੰਤਾ, ਸੁਆਣੀ ਨੂੰ ਤਰਲੀਫ਼ ਤਾਂ ਘਰ ਦੀ ਪੂਰੀ ਵਿਵਸਥਾ ਖੇਰੂੰ-ਖੇਰੂੰ, ਜੇਕਰ ਘਰ ਦਾ ਕਮਾਊ ਸ਼ਖ਼ਸ ਢਿੱਲਾ-ਮੱਠਾ ਹੋ ਗਿਆ ਤਾਂ ਇਸ ਦੇ ਅਸਰ ਹੋਰ ਢੰਗ ਦੇ ਹਨ।
ਸਰੀਰ ਦਾ ਦਰਦ, ਮਨ ਦੀ ਤਕਲੀਫ਼, ਜੇਬ ਦੀ ਮੰਦੀ ਹਾਲਤ ਨਾਲ ਚੁੱਲ੍ਹੇ ਦੀ ਹਾਲਤ ਵੀ ਖ਼ਸਤਾ, ਕੋਈ ਉਧਾਰ ਨਹੀਂ ਦਿੰਦਾ, ਸਗੋਂ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਅਤੇ ਮਨ ਦੀ ਪ੍ਰੇਸ਼ਾਨੀ, ਨਿਰਾਸ਼ਾ-ਉਦਾਸੀ …ਤੇ ਅਸੀਂ ਦੇਖਦੇ ਹਾਂ, ਖੁਦਕੁਸ਼ੀਆਂ ਵੱਲ ਵਧਦੇ ਲੋਕ।
ਤੁਹਾਨੂੰ ਲਗਦਾ ਹੋਵੇਗਾ, ਮੈਂ ਗੱਲ ਵਧਾ-ਚੜ੍ਹਾ ਕੇ ਕਹਿ ਰਿਹਾਂ, ਪਰ ਸੱਚ ਇਹ ਹੈ ਕਿ ਬਿਮਾਰੀ ਦੇ ਸਾਰੇ ਪੱਖਾਂ ਅਤੇ ਸਿਹਤ ਦੇ ਪਸਾਰ ਦਾ ਪੂਰਾ ਵਿਸਥਾਰ ਇੱਥੇ ਪੇਸ਼ ਕਰਨ ਲਈ ਮੇਰੇ ਕੋਲ ਸ਼ਬਦ ਵੀ ਨਹੀਂ। ਇਹ ਗੱਲ ਵੱਖਰੀ ਹੈ ਕਿ ਤੁਹਾਡੀ ਦਿਲਚਸਪੀ ਸਿਰਫ਼ ਦਵਾਈ ਲੈਣ ਦੀ, ਰਾਜ਼ੀ ਹੋ ਕੇ ਕੰਮ ਕਰਨ ਤੱਕ ਹੀ ਹੈ, ਪਰ ਇਹ ਹਾਲਤ ਤੁਸੀਂ ਸਾਲ ਵਿਚ ਕਈ ਵਾਰ ਹੰਢਾਉਂਦੇ ਹੋ ਤੇ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਇਹ ਜ਼ਿੰਦਗੀ ਦਾ ਹਿੱਸਾ ਹੈ, ਪਰ ਨਹੀਂ, ਬਿਮਾਰੀ ਕਿਸੇ ਵੀ ਤਰ੍ਹਾਂ ਮਨੁੱਖੀ ਜ਼ਿੰਦਗੀ ਦਾ ਹਿੱਸਾ ਨਹੀਂ, ਇਹ ਸਾਡੀਆਂ ਨਾ-ਸਮਝੀਆਂ ਤੇ ਸਾਡੇ ਯਤਨਾਂ ਵਿਚ ਖੋਟ ਦਾ ਨਤੀਜਾ ਹਨ।
*ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
ਸੰਪਰਕ: 98158-08506