ਵਿਜੈ ਬੰਬੇਲੀ
ਬੱਬਰ ਅਕਾਲੀ ਲਹਿਰ ਵਿਚ ਬਹੁਤੇ ਜੱਟ-ਸਿੱਖ ਤਬਕੇ ਨੇ ਵੱਧ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਵੱਡੀ ਗਿਣਤੀ ਅੰਮ੍ਰਿਤਧਾਰੀ ਸਨ। ਬੱਬਰਾਂ ਵਿਚ ਇਕ ਗਿਣਨਯੋਗ/ਮਹੱਤਵਪੂਰਨ ਗਿਣਤੀ ਸ਼ਿਲਪੀ ਤਬਕਿਆਂ ਵੀ ਸੀ ਜਿਨ੍ਹਾਂ ਵਿਚ ਤਰਖਾਣ-ਲੁਹਾਰ, ਬੁਣਕਰ ਅਤੇ ਸੁਨਿਆਰ ਆਦਿ ਸ਼ਾਮਿਲ ਸਨ। ਬੱਬਰਾਂ ਵਿਚ ਹਿੰਦੂ-ਮੁਸਲਿਮਾਂ ਦੀ ਸ਼ਮੂਲੀਅਤ ਵੀ ਸੀ। ਇਉਂ ਇਹ ਪੰਜਾਬੀਆਂ ਦੀ ਸਾਂਝ ਦਾ ਪ੍ਰਤੀਕ ਸੀ।
ਬੱਬਰ ਅਕਾਲੀ ਲਹਿਰ ਦੇ ਪੰਜਾਬੀ ਸੂਰਮਿਆਂ ਨੇ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਦ੍ਰਿੜ੍ਹਤਾ ਨਾਲ ਅਪਣਾਉਂਦਿਆਂ ਗ਼ੁਲਾਮੀ ਵਿਰੁੱਧ ਰੱਤ-ਡੋਲ੍ਹਵੀਂ ਜੰਗ ਲੜੀ। ਉਨ੍ਹਾਂ ਨੇ ਬਗ਼ੈਰ ਕਿਸੇ ਜਾਤੀ-ਧਰਮ ਆਦਿ ਦੇ ਵਿਤਕਰੇ ਦੇ ਸਭ ਧਿਰਾਂ ਨੂੰ ਇਸ ਹਥਿਆਰਬੰਦ ਘੋਲ ਵਿਚ ਸ਼ਮੂਲੀਅਤ ਕਰਨ ਲਈ ਵੰਗਾਰਿਆ। ਕੁਝ ਵਿਸ਼ੇਸ ਕਾਰਨਾਂ ਕਰਕੇ ਇਸ ਲਹਿਰ ਵਿਚ ਬਹੁਤੇ ਜੱਟ-ਸਿੱਖ ਤਬਕੇ ਨੇ ਵੱਧ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਵੱਡੀ ਗਿਣਤੀ ਅੰਮ੍ਰਿਤਧਾਰੀ ਸਨ, ਸਿੱਖੀ ਦੇ ਮੂਲ ਸਰੋਕਾਰਾਂ ਨੂੰ ਪ੍ਰਣਾਏ ਹੋਏ। ਬੱਬਰਾਂ ਵਿਚ ਇਕ ਗਿਣਨਯੋਗ/ਮਹੱਤਵਪੂਰਨ ਗਿਣਤੀ ਸ਼ਿਲਪੀ ਤਬਕਿਆਂ ਵੀ ਸੀ ਜਿਨ੍ਹਾਂ ਵਿਚ ਤਰਖਾਣ-ਲੁਹਾਰ, ਬੁਣਕਰ ਅਤੇ ਸੁਨਿਆਰ ਆਦਿ ਸ਼ਾਮਿਲ ਸਨ (ਜਿਹੜੇ ਕਰੀਬ-ਕਰੀਬ ਸਾਰੇ ਹੀ ਅੰਮ੍ਰਿਤਧਾਰੀ ਸਨ)। ਬੱਬਰਾਂ ਵਿਚ ਹਿੰਦੂ-ਮੁਸਲਿਮਾਂ ਦੀ ਸ਼ਮੂਲੀਅਤ ਵੀ ਸੀ, ਪਰ ਬਹੁਤ ਥੋੜ੍ਹੀ। ਇਨ੍ਹਾਂ ਵਿਚੋਂ ਕੁਝ ਦੇ ਨਾਂ ਗਿਣਾਏ ਜਾ ਸਕਦੇ ਹਨ:
ਸੁੰਦਰ ਬਾਹਮਣ: ਸੁੰਦਰ ਸਿੰਘ ਭਨੋਟ ਸਿੱਖ ਬ੍ਰਾਹਮਣ ਪੁੱਤਰ ਨੰਦ ਲਾਲ ਉਰਫ਼ ਨੰਦੂ ਬਾਹਮਣ ਸਾਕਨ ਕੋਟ ਫਤੂਹੀ (ਮਾਹਿਲਪੁਰ) ਨੂੰ ਸਾਰੇ ਸੁੰਦਰ ਬਾਹਮਣ ਆਖਦੇ ਸਨ। ਉਸ ਦਾ ਨਾਂ ‘ਦੂਜਾ ਬੱਬਰ ਸਾਜ਼ਿਸ਼ ਕੇਸ’ (ਮੁਕੱਦਮਾ ਨੰਬਰ 2, 1925, ਬਰਤਾਨਵੀ ਸਮਰਾਟ ਬਨਾਮ ਬੱਬਰ ਕਿਸ਼ਨ ਸਿੰਘ ਗੜਗੱਜ ਆਦਿ, ਜਿਸ ਵਿਚ 91 ਬੱਬਰ ਸ਼ੁਮਾਰ ਸਨ, ਜਿਹੜਾ ਲਾਹੌਰ ਵਿਖੇ ਚੱਲਿਆ) ਵਿਚ ਲੜੀ ਨੰਬਰ 32 ਉੱਤੇ ਦਰਜ ਸੀ। ਇਹ ਦੇਸ਼ ਭਗਤ ਪਹਿਲਾਂ ਪਿੰਡ ਦੇ ਗ਼ਦਰੀਆਂ-ਬੱਬਰਾਂ ਦੀ ਬਦੌਲਤ ਮਾਸਟਰ ਮੋਤਾ ਸਿੰਘ ਪਤਾਰਾ ਮਗਰੋਂ ਬੱਬਰ ਲਹਿਰ ਦੀ ਚੜ੍ਹਤ ਵੇਲੇ ਬੱਬਰ ਊਦੇ ਸਿੰਘ ਝੂੰਗੀਆਂ ਆਦਿ ਦਾ ਬੇਹੱਦ ਭਰੋਸੇਯੋਗ ਅਤੇ ਭੁਜੰਗੀ ਦਲੀਪ ਸਿੰਘ ਧਾਮੀਆਂ ਦਾ ਨੇੜਲਾ ਰਿਹਾ ਸੀ। ਤੀਹ ਵਰ੍ਹਿਆਂ ਦੀ ਉਮਰ ਵਿਚ ਉਹ ਬੇਹੱਦ ਸਰਗਰਮ ਹੋ ਕੇ ਬੱਬਰ ਅਕਾਲੀ ਲਹਿਰ ਵਿਚ ਸ਼ਾਮਿਲ ਹੋ ਗਿਆ। ਉਹ ਬੱਬਰਾਂ ਦੀ ਚੀਫ ਕੋਰਟ ਮੌਜਾ ਕੋਟ ਫਤੂਹੀ ਦੇ ਦੇਸ਼ਭਗਤਾਂ ਖ਼ਾਸਕਰ ਬੱਬਰ ਲਹਿਰ ਦੇ ਹਮਜੋਲੀਆਂ ਵਿਚੋਂ ਹਰਦਿੱਤ ਸਿੰਘ (ਜਿਸ ਦੇ ਵਾੜੇ ਵਿਚ ਇਸ ਦੀ ਸਰਗਰਮ ਮਦਦ ਨਾਲ ‘ਪਰਚਾ ਬੱਬਰ ਅਕਾਲੀ-ਦੋਆਬਾ’ ਛਪਦਾ ਰਿਹਾ) ਦਾ ਨੇੜਲਾ ਸਾਥੀ ਸੀ। ਖਿੱਤੇ ਦੇ ਬੱਬਰ ਦੀਵਾਨਾਂ, ਖ਼ਾਸਕਰ 1922 ਦੀ ਕੋਟ ਫਤੂਹੀ ਪੁਲੀਟੀਕਲ ਕਾਨਫਰੰਸ, ਵਿਚ ਸਰਗਰਮ ਭੂਮਿਕਾ ਨਿਭਾਉਣ ਸਦਕਾ ਉਹ ਬੇਹੱਦ ਮਕਬੂਲ ਹੋਇਆ। ਪੰਡਤ ਸੁੰਦਰ ਸਿੰਘ ਨੇ ਭਾਵੇਂ ਝੋਲੀ-ਚੁੱਕਾਂ ਜਾਂ ਸਰਕਾਰੀ ਅਹਿਲਕਾਰਾਂ ਦੇ ‘ਸੁਧਾਰ’ ਵਿਚ ਸਿੱਧਾ ਹਿੱਸਾ ਨਹੀਂ ਸੀ ਲਿਆ, ਪਰ ਅੰਗਰੇਜ਼ ਤੇ ਸਰਕਾਰੀ ਮਸ਼ੀਨਰੀ ਉਸ ਨੂੰ ਦੂਜਿਆਂ ਲਈ ਦਹਿਸ਼ਤ ‘ਟੈਰਰ ਟੂ ਅਦਰਜ਼’ ਮੰਨਦੀ ਸੀ। ਬੇਹੱਦ ਤਸ਼ੱਦਦ, ਕੈਦ, ਤਨਹਾਈ ਅਤੇ ਲਾਲਚ ਵੀ ਉਸ ਨੂੰ ਆਪਣੇ ਅਕੀਦੇ ਤੋਂ ਡੁਲਾ ਨਾ ਸਕੇ। ਬੱਬਰ ਸੁੰਦਰ ਦੀ ਅਡੋਲਤਾ, ਸਿਦਕਦਿਲੀ, ਹਰਮਨ ਪਿਆਰਤਾ ਅਤੇ ਸਰਕਾਰੀ ਮਸ਼ੀਨਰੀ ’ਤੇ ਦਹਿਸ਼ਤ ਸਦਕਾ ਹੀ ਕੋਈ ਵੀ ਖੁੱਲ੍ਹ ਕੇ ਉਸ ਦੇ ਵਿਰੁੱਧ ਭੁਗਤ ਨਾ ਸਕਿਆ। ਅੰਤ, ਜੱਜ ਲੂਇਸ ਏ. ਬੁਲ ਨੇ ਉਸ ਨੂੰ ‘ਬੇਹੱਦ ਖ਼ਤਰਨਾਕ’ ਕਰਾਰ ਦੇ ਕੇ ਜੂਹਬੰਦ ਕਰ ਦਿੱਤਾ।
ਪੰਡਿਤ ਊਧੋ: ਪੰਡਿਤ ਊਧੋ ਉਰਫ਼ ਊਧਮ ਸਿੰਘ ਬੱਬਰ ਪੁੱਤਰ ਲੱਭੂ ਰਾਮ ਪਿੰਡ ਨੂਸੀ ਜ਼ਿਲ੍ਹਾ ਜਲੰਧਰ ਦਾ ਵਾਸੀ ਸੀ। 37 ਬੱਬਰਾਂ ਵਿਰੁੱਧ ਲਾਹੌਰ ਦੇ ਐਡੀਸ਼ਨਲ ਸੈਸ਼ਨ ਜੱਜ ਐੱਸ.ਐੱਸ. ਹੋਰੀਸਨ ਦੀ ਅਦਾਲਤ ਵਿਚ ਚੱਲੇ ਤੀਜੇ ਬੱਬਰ ਸਾਜ਼ਿਸ਼ ਕੇਸ, ਟਰਾਇਲ ਨੰਬਰ 3, 1925, ਵਿਚ ਲੜੀ ਨੰਬਰ 20 ’ਤੇ ਇਸ ਦਾ ਨਾਂ ਦਰਜ ਸੀ। ਸ਼ੁਰੂ ਤੋਂ ਹੀ ਦਲੇਰ ਇਹ ਸੂਰਮਾ ਆਪਣੇ ਚਾਚੇ ਚੰਨਣ ਤੋਂ ਬੜਾ ਪ੍ਰਭਾਵਿਤ ਸੀ ਜਿਹੜਾ ਦੇਸ਼ਭਗਤੀ ਦੀਆਂ ਸ਼ਾਂਤਮਈ ਕਾਰਵਾਈਆਂ ’ਚ ਸ਼ਾਮਲ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਉਹੀ ਚਾਚਾ ਊਧੋ ਦੇ ਬੱਬਰ ਅਕਾਲੀਆਂ ਵਿਚ ਸਰਗਰਮ ਹੋ ਜਾਣ ਉਪਰੰਤ ਖ਼ੁਦ ਵੀ ਗਰਮ-ਖਿਆਲੀ ਬੱਬਰ ਲਹਿਰ ਵਿਚ ਸ਼ਾਮਿਲ ਹੋ ਗਿਆ। ਮਗਰੋਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਣ ਵਾਲੇ ਇਸ ਸੂਰਮੇ ਦਾ ਨਾਂ ਕਈ ਬੱਬਰ ਸਰਗਰਮੀਆਂ ’ਚ ਬੋਲਦਾ ਹੈ। ਲਾਲਚੀ ਤੇ ਅੰਗਰੇਜ਼-ਪੱਖੀ ਸ਼ਾਹੂਕਾਰ (ਸੁਨਿਆਰ) ਫਰਮ ਮੈਸਰਜ਼ ਪ੍ਰਭ ਦਿਆਲ-ਚਾਨਣ ਰਾਮ ਨਗਰ ਬੱਲਾਂ (ਕਰਤਾਰਪੁਰ) ਦਾ ਡਾਕਾ ਸਭ ਤੋਂ ਚਰਚਿਤ ਸੀ। ਢੇਰ ਚਿਰ ਮਗਰੋਂ ਫੜੇ ਜਾਣ ਉਪਰੰਤ ਫਰਵਰੀ 1926 ਨੂੰ ਆਏ ਫ਼ੈਸਲੇ ਵਿਚ (ਇਸ ਵਿਚ ਊਧੋ ਦਾ ਨਾਂ ਪਹਿਲੇ ਨੰਬਰ ’ਤੇ ਸੀ) ਉਸ ਨੂੰ 20 ਸਾਲ ਕੈਦ-ਬਾਮੁਸ਼ੱਕਤ ਅਤੇ ਘਰ-ਘਾਟ ਜ਼ਬਤੀ ਦੀ ਸਜ਼ਾ ਸੁਣਾਈ ਗਈ।
ਚੰਨਣ ਪੰਡਿਤ: ਚੰਨਣ ਪੰਡਿਤ ਉਰਫ਼ ਚੰਨਣ ਸਿੰਘ ਪੁੱਤਰ ਰਾਧਾ ਰਾਮ ਸਾਕਨ ਨੂਸੀ ਬੱਬਰ ਊਧਮ ਸਿੰਘ ਦਾ ਚਾਚਾ ਸੀ। ਗਭਰੇਟ ਉਮਰ ਤੋਂ ਹੀ ਸਰਗਰਮ ਆਜ਼ਾਦੀ ਘੁਲਾਟੀਆ ਇਹ ਯੋਧਾ ਅੱਲ੍ਹੜ ਉਮਰੇ ਬੇਪਰਵਾਹ, ਅਲਬੇਲਾ ਅਤੇ ਕਵੀ ਮਨ ਵਾਲਾ ਸੀ। ਪਹਿਲਾਂ ਪਹਿਲਾਂ ਸ਼ਾਂਤਮਈ ਜੰਗ-ਏ-ਆਜ਼ਾਦੀ ’ਚ ਹਿੱਸਾ ਲੈਂਦਾ ਰਿਹਾ ਅਤੇ ਮਗਰੋਂ ਹਥਿਆਰਬੰਦ ਬੱਬਰ ਅਕਾਲੀ ਤਹਿਰੀਕ ’ਚ ਸਰਗਰਮ ਹੋ ਗਿਆ। ਗੋਰਾਸ਼ਾਹੀ ਦੀ ਨਜ਼ਰ ਵਿਚ ‘ਐਕਟਿਵ ਫਰੀਡਮ ਫਾਈਟਰ’ ਵਜੋਂ ਜਾਣਿਆ ਜਾਂਦਾ ਪੰਡਿਤ ਚੰਨਣ ਸਿੰਘ ਬਚਪਨ ਤੋਂ ਬੇਹੱਦ ਚੇਤੰਨ ਅਤੇ ਜਗਿਆਸੂ ਤਾਂ ਹੈ ਹੀ ਸੀ, ਅੰਮ੍ਰਿਤ ਛਕਣ ਉਪਰੰਤ ਗੁਰਬਾਣੀ ਦਾ ਵੀ ਵੱਡਾ ਗਿਆਤਾ ਹੋ ਨਬਿੜਿਆ। ਕਈ ਦਲੇਰਾਨਾ ਕਾਰਵਾਈਆਂ ਸਮੇਤ ਉਸ ਨੇ ਵੀ ਬੱਲਾਂ ਵਾਲੇ ਡਾਕੇ (ਫਰਵਰੀ 1925, ਜਿਸ ਵਿਚ ਬੜਾ ਧਨ ਅਤੇ ਸੋਨਾ-ਚਾਂਦੀ ਦੇਸ਼ ਭਗਤਾਂ ਦੇ ਹੱਥ ਲੱਗਿਆ ਸੀ) ਵਿਚ ਸਰਗਰਮ ਹਿੱਸਾ ਪਾਇਆ। ਅਖੀਰਲੇ ਮਾਮਲੇ ’ਚ ਦੋਸ਼ੀ ਨੰਬਰ 10 ਵਜੋਂ ਦਰਜ ਇਹ ਯੋਧਾ ਤੋੜ ਆਜ਼ਾਦੀ ਤੱਕ ਪੁਲੀਸ ਦੇ ਹੱਥ ਨਾ ਆਇਆ।
ਜੀਵਾ ਘੁਮਿਆਰ: ਬੱਬਰਾਂ ਦੇ ਬੇਹੱਦ ਨੇੜਲੇ ਜੀਵਾ ਘੁਮਿਆਰ ਉਰਫ਼ ਜੀਵਨ ਸਿੰਘ ਵਾਲਿਦ ਗੁਲਾਬਾ ਮੌਜਾ ਧਾਮੀਆਂ ਕਲਾਂ (ਬੱਬਰਾਂ ਦੀਆਂ ਧਾਮੀਆਂ) ਦੀ ਬੱਬਰਾਂ ਵਿਚ ਪੂਰੀ ਪੈਂਠ ਸੀ। ਉਹ ਉਨ੍ਹਾਂ ਦਾ ਭਰੋਸੇਯੋਗ ਸੂਹੀਆ ਸੀ। ਹੋਰ ਤਾਂ ਹੋਰ, ਉਸ ਨੇ ਬਾਗ਼ੀ ਫ਼ੌਜੀਆਂ ਦੀ ਵੀ ਬੜੀ ਸੇਵਾ ਕੀਤੀ। ਫੜ੍ਹਿਆ ਗਿਆ ਤਾਂ ਕੱਚੇ-ਭਾਂਡੇ ਬਣਾਉਣ, ਪਕਾਉਣ ਅਤੇ ਦਰ-ਦਰ ਵੇਚਣ ਵਾਲੇ ਇਸ ਗਰੀਬੜੇ ਬੰਦੇ ਨੇ ਲਾਲਚਵੱਸ ਆ ਕੇ ਗਦਾਰੀ ਕਰਨ ਦੀ ਬਜਾਏ ਦੋ ਸਾਲ ਦੀ ਕੈਦ ਭੁਗਤਣੀ ਮਨਜ਼ੂਰ ਕਰ ਲਈ ਜੋ ਅੰਬਾਲਾ ਜੇਲ੍ਹ ਵਿਚ ਕੱਟੀ। ਮਾਪਿਆਂ ਦਾ ’ਕੱਲਾ-’ਕਹਿਰਾ ਪੁੱਤ ਜੇਲ੍ਹੋਂ ਮੁੜਿਆ ਤਾਂ ਵਿਆਹੁਣ-ਵਰਨ ਦੀ ਉਮਰ ਲੰਘ ਚੁੱਕੀ ਸੀ। ਇਸ ਲਈ ਉਹ ਦੁਨੀਆ ਤੋਂ ਲਾਵਾਰਿਸ ਤੁਰ ਗਿਆ।
ਮਿਸਤਰੀ ਨੱਥੂ ਰਾਮ: ਉਹ ਪਿੰਡ ਕੋਟਲੀ (ਸਿਆਲਕੋਟ) ਦਾ ਰਹਿਣ ਵਾਲਾ ਸੀ, ਪਰ ਰੋਜ਼ੀ-ਰੋਟੀ ਲਈ ਪਿੰਡ-ਕਸਬੇ ਗਾਹੁੰਦਾ ਫਿਰਦਾ। ਇਸ ਦਾ ਕਾਰਨ ਜਿੰਦੇ ਬਣਾਉਣ ਦਾ ਕਸਬ ਸੀ। ਨਵੇਂ ਜਿੰਦੇ ਵੇਚਣ ਲਈ ਉਹ ਜ਼ਿਲ੍ਹਿਓਂ ਪਾਰ ਦੂਰ-ਦੁਰਾਡੇ ਵੀ ਜਾ ਨਿਕਲਦਾ। ਉਸ ਦੀ ਬਹੁਤੀ ਮਸ਼ਹੂਰੀ ਗੁਆਚੀਆਂ ਚਾਬੀਆਂ ਅਤੇ ਵਿਗੜੇ ਜ਼ਿੰਦੇ ਬਣਾਉਣ ਦੇ ਮਾਹਿਰ ਵਜੋਂ ਸੀ। ਇਹੀ ਮੁਹਾਰਤ ਉਸ ਨੂੰ ਬੱਬਰਾਂ ਦੇ ਨੇੜੇ ਲੈ ਗਈ। ਕੁਝ ਅਹਿਮ ਡਾਕਿਆਂ, ਖ਼ਾਸਕਰ ਜੇਲ੍ਹੀਂ ਬੰਦ ਸਾਥੀਆਂ ਨੂੰ ਛੁਡਾਉਣ ਜਾਂ ਦਾਅ ਲੱਗਦਿਆਂ ਹੱਥਕੜੀਆਂ ਖੋਲ੍ਹਣ ਲਈ ਬੱਬਰਾਂ ਨੁੂੰ ਜਾਅਲੀ ਚਾਬੀਆਂ ਦੀ ਲੋੜ ਸੀ। ਮਿਸਤਰੀ ਨੱਥੂ ਰਾਮ ਫੜ੍ਹਿਆ ਗਿਆ ਤਾਂ ਬੇਹੱਦ ਤਸ਼ੱਦਦ ਉਪਰੰਤ ਜੇਲ੍ਹ ਧੱਕ ਦਿੱਤਾ ਗਿਆ।
ਸਵਾਮੀ ਪੂਰਨਾ ਨੰਦ: ਉਹ ਡੇਰਾ ਝਬਾਲ (ਮੈਲੀ) ਬਲਾਕ ਮਾਹਿਲਪੁਰ ਅਜਿਹਾ ਵਾਹਿਦ ਸ਼ਖ਼ਸ ਸੀ ਜਿਸ ਕੋਲ ਉੱਘੇ ਬੱਬਰ ਅਕਾਲੀਆਂ ਸਮੇਤ ਹਰ ਕਿਸਮ (ਨਰਮ ਖ਼ਿਆਲੀ ਅਤੇ ਗਰਮ ਖ਼ਿਆਲੀ) ਦੇ ਦੇਸ਼ ਭਗਤ ਪਨਾਹ ਲੈਂਦੇ ਸਨ। ਹਰਫਨਮੌਲਾ ਕਿਸਮ ਦੇ ਇਸ ਹਿੰਦੂ ਸਾਧ ਨੇ ਖ਼ੁਦ ਵੀ ਬਹੁ-ਪਰਤੀ ਸਰਗਰਮੀਆਂ ’ਚ ਹਿੱਸਾ ਲਿਆ। ਉਹ ਫੜ੍ਹਿਆ ਜਾਂਦਾ, ਕੈਦ ਭੁਗਤਦਾ ਅਤੇ ਫਿਰ ਸਰਗਰਮ ਹੋ ਜਾਂਦਾ।
ਮੇਹਰੂ ਸ਼ਰਾਜ ਉਰਫ਼ ਮੋਚੀ ਮੇਹਰ ਸਿੰਘ: ਉਸ ਦੀ ਗੱਲ ਸੁਣਾਉਣ ਲੱਗਿਆਂ ਮੇਰਾ ਬਾਬਾ ਲੰਬੀ ਭੂਮਿਕਾ ਬੰਨ੍ਹਦਾ। ਆਖ਼ਰੀ ਤੋੜਾ ਉਹ ਇਹ ਝਾੜਦਾ ਕਿ ਜੰਗ-ਏ-ਆਜ਼ਾਦੀ ਦੇ ਇਹ ਮੂਕ ਨਾਇਕ ਤਵਾਰੀਖ਼ ਵਿਚ ਕਿੱਥੇ ਹਨ? ਉਹ ਦੱਸਦਾ ਸੀ ਕਿ ਭੂੰਨੋ ਪਿੰਡ ਦਾ ਮੇਹਰੂ ਕਮਾਲ ਦੀਆਂ ਜੁੱਤੀਆਂ ਬਣਾਉਂਦਾ। ਇਲਾਕੇ ਵਿਚ ਉਸ ਦੀ ਪੂਰੀ ਪੈਂਠ ਸੀ। ਉਹੀ ਕਮਾਉਣ ਅਤੇ ਉਹੀ ਖਾਣ ਵਾਲਾ ਇਹ ਕਰਮਯੋਗੀ ਵਰ੍ਹੇ-ਛਿਮਾਹੀ ਬੱਬਰਾਂ ਨੂੰ ਜੋੜਾ ਮੁਫ਼ਤ ਦਿੰਦਿਆਂ ਇਹ ਕਹਿਣਾ ਨਾ ਭੁੱਲਦਾ, ‘‘ਤੁਸੀਂ ਲੋਕਾਂ ਖਾਤਿਰ ਲੜ ਰਹੇ ਹੋ, ਆਜ਼ਾਦੀ ਸੰਗਰਾਮ ’ਚ ਤੁੱਛ ਹਿੱਸਾ ਮੇਰਾ ਵੀ ਕਬੂਲ ਕਰੋ ਜੀ।’’
ਮਹਿਤਪੁਰੀਆ ਫਕੀਰੀਆ: ਉਹ ਸੀ ਤਾਂ ਕਾਂਗਰਸੀ। ਫਿਰ ਮਗਰੋਂ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੋਸ਼ਲਿਸਟ ਕਾਂਗਰਸੀਆਂ ਦਾ ਦਮ ਭਰਨ ਲੱਗਾ ਜਿਹੜੇ ਸਮਾਜਵਾਦੀ ਹੋਣ ਦੇ ਨਾਲ-ਨਾਲ ਕੁਝ ਗਰਮ ਖ਼ਿਆਲੀ ਵੀ ਸਨ। ਇਹੀ ਗਰਮ ਖ਼ਿਆਲੀ ਵਿਚਾਰਧਾਰਾ ਉਸ ਨੂੰ ਬੱਬਰ ਅਕਾਲੀ ਲਹਿਰ ਵਿਚ ਲੈ ਗਈ। ਪਰ ਉਹ ਕੁਝ ਬੱਬਰਾਂ ਵਾਂਗ ਨਿਰਾ ਮਾਅਰਕੇਬਾਜ਼ ਨਹੀਂ ਸੀ, ਪ੍ਰਚਾਰ-ਪਸਾਰ ’ਚ ਵੀ ਯਕੀਨ ਰੱਖਦਾ ਸੀ। ਉਸ ਨੂੰ ਪਤਾ ਸੀ ਕਿ ਫੜ੍ਹਿਆ ਵੀ ਜਾਣਾ ਹੈ। ਆਖ਼ਰ ਉਹ ਫੜ੍ਹਿਆ ਗਿਆ, ਪਿੰਡੇ ਤਸ਼ੱਦਦ ਹੰਢਾਇਆ ਅਤੇ ਸਵਾ ਸਾਲ ਦੀ ਕੈਦ-ਬਾਮੁਸ਼ੱਕਤ ਵੀ ਕੱਟੀ।
ਤੁਫ਼ੈਲ ਮੁਹੰਮਦ: ਤੁਫ਼ੈਲ ਮੁਹੰਮਦ ਉਰਫ਼ ਤੁਲਾ ਭਰਾਈਂ ਪੁੱਤਰ ਇਮਾਮਦੀਨ ਮੋਚੀ ਬੱਬਰ ਤਹਿਰੀਕ ਵਿਚ ਉੱਘਾ ਸਥਾਨ ਰੱਖਦੇ ਪਿੰਡ ਪੰਡੋਰੀ ਨਿਜ਼ਰਾ ਦਾ ਜਾਇਆ ਸੀ। ਆਪਣਿਆਂ ਨੂੰ ਵੀ ਪਤਾ ਨਾ ਲੱਗਾ ਕਿ ਢੋਲ ਵਜਾਉਣ ਦਾ ਮਾਹਿਰ ਇਹ ਗੱਭਰੂ ਕਦੋਂ ਅਤੇ ਕਿਵੇਂ ਬੱਬਰ ਦੀਵਾਨਾਂ ਦੀ ਡੌਂਡੀ ਪਿੱਟਣ ਲੱਗ ਪਿਆ ਅਤੇ ਬੱਬਰਾਂ ਦਾ ਨਾਮਵਰ ਸੰਦੇਸ਼ਵਾਹਕ ਵੀ ਹੋ ਨਿੱਬੜਿਆ। ਆਖ਼ਰ ਵੇਲੇ ਦੇ ਹਾਲਾਤ ਦੌਰਾਨ ਨਿੱਤ ਕਮਾ ਕੇ ਖਾਣ ਵਾਲੇ ਨੇ ਫੜ੍ਹਿਆ ਤਾਂ ਜਾਣਾ ਹੀ ਸੀ। ਕਈ ਹੋਰਾਂ ਵਾਂਗ ਉਹ ਵੀ ਕਾਬੂ ਆ ਗਿਆ। ਅੰਤ ਡਰਾਵਿਆਂ ਅਤੇ ਤਸ਼ੱਦਦ ਦੇ ਲੰਬੇ ਦੌਰ ਨੇ ਉਸ ਨੂੰ ਤੋੜ-ਮਰੋੜ ਦਿੱਤਾ ਅਤੇ ਉਹ ਗਰੀਬੜਾ ਮੁਆਫ਼ੀ ਮੰਗ ਬੈਠਾ। ਇਸ ਦੇ ਬਾਵਜੂਦ ਉਸ ਨੇ ਬੱਬਰ ਲਹਿਰ ਨਾਲ ਉਵੇਂ ਧ੍ਰੋਹ ਨਹੀਂ ਕਮਾਇਆ ਜਿਵੇਂ ਬੱਬਰਾਂ ਦੇ ਕੁਝ ‘ਆਪਣਿਆਂ’ ਅਤੇ ਮਗਰੋਂ ਅੰਮ੍ਰਿਤ ਛਕ ਸਿੰਘ ਸਜੇ ਫਤਿਹਦੀਨ ਉਰਫ਼ ਸੰਤ ਕਰਤਾਰ ਸਿੰਘ ‘ਸਿਰਮੌਰ ਬੱਬਰ’ ਨੇ ਕਮਾਇਆ ਸੀ।
ਮੌਲਵੀ ਵਲੀ ਮੁਹੰਮਦ: ਪਿੰਡ ਕੋਟ ਫਤੂਹੀ ਦੀ ਸਿਆਸੀ ਕਾਨਫਰੰਸ ਵਿਚ ਬੱਬਰਾਂ ਦੇ ‘ਥਿੰਕ ਟੈਂਕ’ ਮੋਤਾ ਸਿੰਘ ਪਤਾਰਾ ਨੇ ਵੰਗਾਰਮਈ ਭਾਸ਼ਣ ਦਿੱਤਾ। ਇਸ ਵਿਚ ਸ਼ਾਮਲ ਹੋਏ ਹੋਰ ਚਰਚਿਤ ਆਗੂਆਂ ਵਿਚ ਮੌਲਵੀ ਵਲੀ ਮੁਹੰਮਦ ਵੀ ਸ਼ੁਮਾਰ ਸੀ। ਸਭ ਨੇ ਆਪੋ-ਆਪਣੀ ਵਿਚਾਰਧਾਰਾ ਅਨੁਸਾਰ ਤਕਰੀਰਾਂ ਕੀਤੀਆਂ। ਇਨਕਲਾਬੀ ਤਕਰੀਰਾਂ ਨੇ ਇਕੱਠ ਵਿਚ ਸੂਹਾ ਜੋਸ਼ ਭਰਿਆ ਅਤੇ ਬੱਬਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਮੌਲਵੀ ਵਲੀ ਮੁਹੰਮਦ ਦੀ ਤਕਰੀਰ ਨੇ ਸਰੋਤਿਆਂ ’ਤੇ ਜਾਦੂਈ ਅਸਰ ਕੀਤਾ। ਸਿੱਟੇ ਵਜੋਂ ਕੁਝ ਹੋਰਾਂ ਸਮੇਤ ਮੌਲਵੀ ਹੋਰੀਂ ਵੀ ਸਰਕਾਰ ਦੀ ਬਾਜ਼ ਅੱਖ ਹੇਠ ਆ ਗਏ। ਨਰਮ-ਖ਼ਿਆਲੀ ਮੌਲਵੀ ਨੂੰ ਬੜਾ ਸੰਤਾਪ ਹੰਢਾਉਣਾ ਪਿਆ, ਪਰ ਉਸ ਨੇ ਹਾਰ ਨਾ ਮੰਨੀ। ਸੰਨ ਸੰਤਾਲੀ ਵਿਚ ਭਰੇ ਮਨ ਨਾਲ ਪਰਾਈ ਧਰਤੀ (ਪਾਕਿਸਤਾਨ) ਵੱਲ ਹਿਜਰਤ ਕਰ ਜਾਣ ਤੱਕ ਉਹ ਬੱਬਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਰਿਹਾ।
ਗੁਲਾਮ ਰਸੂਲ ਲੁਹਾਰ: ਉਹ ਆਪਣੇ ਸ਼ਹਿਰ ਪਿਸ਼ੌਰ ਵਿਚ ਹੀ ਨਹੀਂ ਸਗੋਂ ਦੂਰ-ਦੂਰ ਤਕ ਆਹਲਾ ਲੋਹ-ਹਥਿਆਰ ਕਾਰੀਗਰ ਵਜੋਂ ਚਰਚਿਤ ਸੀ। ਉਸ ਨੇ ਕਦੇ ਵੀ ਵਿਦੇਸ਼ੀ ਹਾਕਮਾਂ ਲਈ ਹਥਿਆਰ ਨਾ ਬਣਾਏ। ਬੱਬਰ ਆਪਣੇ ਵਤਨ ਖ਼ਾਤਰ ਹੀ ਜੂਝ ਰਹੇ ਸਨ। ਇਸੇ ਕਾਰਨ ਉਹ ਬੱਬਰਾਂ ਲਈ ਹਥਿਆਰ ਬਣਾਉਣ ਲੱਗ ਪਿਆ, ਨਾ ਸਿਰਫ਼ ਲੋਹੇ ਦੇ ਸਗੋਂ ਆਤਿਸ਼ੀ ਵੀ। ਲੋਹ-ਹਥਿਆਰਾਂ ’ਚ ਛਵੀਆਂ ਅਤੇ ਬਰਛੇ ਸ਼ਾਮਲ ਸਨ ਅਤੇ ਆਤਿਸ਼ੀ ਹਥਿਆਰਾਂ ਵਿਚ ਦੇਸੀ-ਕੱਟੇ ਅਰਥਾਤ ਬੰਦੂਕਾਂ-ਪਿਸਤੌਲ, ਜਿਹੜੇ ਬਣਾਏ ਤਾਂ ਭਾਵੇਂ ਇੱਕਾ-ਦੁੱਕਾ ਹੀ ਹੋਣ, ਪਰ ਵੇਲੇ ਦੇ ਸੰਦਰਭ ’ਚ ਇਹ ਵੀ ਅਹਿਮ ਯੋਗਦਾਨ ਸੀ, ਖ਼ਾਸਕਰ ਉਦੋਂ, ਜਦੋਂ ਆਰਥਿਕ ਤੌਰ ’ਤੇ ਪਛੜਿਆ ਹੋਇਆ ਕੋਈ ਸ਼ਖ਼ਸ ਵਤਨ ਖ਼ਾਤਰ ਵੱਡੇ ਖ਼ਤਰੇ ਸਹੇੜ ਲਵੇ।
ਪਠਾਣ ਗੁਲਾਮ ਰਸੂਲ: ਉਹ ਜਲੰਧਰ ਦੀ ਬਸਤੀ ਗੂਜਾਂ ਦੇ ਪਠਾਣ ਮੁਸਲਿਮ ਸੂਨਾ ਉੱਲਾ ਖਾਂ ਦਾ ਜਾਇਆ ਸੀ। ਬਹੁਤੇ ਇਨ੍ਹਾਂ ਦਾ ਕਿੱਤਾ ਵੀ ਲੁਹਾਰਾ ਹੀ ਬਿਆਨਦੇ ਹਨ, ਪਰ ਬੱਬਰ ਤਹਿਰੀਕ ਵਿਚ ਉਸ ਦਾ ਨਾਂ ਬੱਬਰਾਂ ਨੂੰ ਬਾਰੂਦੀ ਹਥਿਆਰ ਸਪਲਾਈ ਕਰਨ ਵਾਲਿਆਂ ਵਿਚ ਬੋਲਦਾ ਹੈ। ਪਠਾਣ ਪਿੱਠ-ਭੂਮੀ ਬਦੌਲਤ ਕਾਬਲ-ਕੰਧਾਰ ਵੱਲ ਜੁੜਦੀਆਂ ਪਰਿਵਾਰਕ ਤੰਦਾਂ ਕਾਰਨ ਇਹ ਗੱਲ ਜੱਚਦੀ ਵੀ ਹੈ। ਭਾਵੇਂ ਉਸ ਦੀ ਹਥਿਆਰ ਮੁਹੱਈਆ ਕਰਾਉਣ ਅਤੇ ਕਈ ਕਾਰਵਾਈਆਂ ਵਿਚ ਕੁਝ ਕੁ ਹੀ ਬੱਬਰਾਂ ਨਾਲ ਸੁਰ ਸਾਂਝੀ ਰਹੀ। ਤੀਜੇ ਬੱਬਰ ਸਾਜ਼ਿਸ਼ ਕੇਸ ਵਿਚ ਉਸ ਦਾ ਨਾਂ ਲੜੀ ਨੰਬਰ 35 ’ਤੇ ਦਰਜ ਸੀ। ਕਈ ਲਿਖਾਰੀ ਦੋਵੇਂ ਗੁਲਾਮ ਰਸੂਲਾਂ ਨੂੰ ਰਲਗੱਡ ਕਰ ਦਿੰਦੇ ਹਨ, ਪਰ ਹੈਨ ਦੋਵੇਂ ਵੱਖੋ-ਵੱਖਰੇ, ਪਹਿਲਾਂ ਪਿਸ਼ੌਰੀਆ ਲੁਹਾਰ ਤੇ ਦੂਜਾ ਜਲੰਧਰੀ।
ਫਜ਼ਲਾ ਘੁੰਮਣਵਾਲਾ (ਸੰਗਰੂਰ/ਮਾਲਵਾ): ਬੱਬਰਾਂ ਦਾ ਇਕ ਖ਼ੁਦਮੁਖ਼ਤਾਰ ਜਥਾ ਮਾਲਵੇ ਵਿਚ ਵੀ ਬਣਿਆ ਹੋਇਆ ਸੀ। ਇਹ 1924 ਦੀ ਗੱਲ ਹੈ। ਕਿਹਾ ਜਾਂਦਾ ਹੈ ਕਿ ਇਹ ਲੋਕ ਪਹਿਲਾਂ ਡਾਕੂਨੁਮਾ ਸਨ ਜਿਹੜੇ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਿਤ ਹੋ ਕੇ ਬੱਬਰ ਲਹਿਰ ਵੱਲ ਮੁੜੇ। ਊਧਮ ਸਿੰਘ ਦੀ ਹਾਜ਼ਰੀ ਵਿਚ ਕੁਝ ਕਾਰਜ ਵੀ ਤੈਅ ਹੋਏ ਸਨ, ਪਰ ਛੇਤੀ ਬਾਅਦ ਹੀ ਊਧਮ ਸਿੰਘ ਦੇ ਸੱਤ ਸਮੁੰਦਰ ਪਾਰ ਚਲੇ ਜਾਣ ਉਪਰੰਤ ਇਹ ਜਥਾ ਕੋਈ ਤਸੱਲੀਬਖ਼ਸ਼ ਕਾਰਵਾਈ ਨਾ ਕਰ ਸਕਿਆ ਅਤੇ ਫਿਰ ਨਾਂ-ਮਾਤਰ ਸਰਗਰਮੀ ਕਾਰਨ ਇਕ ਹੱਦ ਤੀਕ ਖਿੰਡ-ਪੁੰਡ ਵੀ ਗਿਆ। ਇਸ ਜਥੇ ਦੇ ਰਹਿ ਗਏ ਸੁਹਿਰਦ ਮੈਂਬਰਾਂ ਵਿਚ ਬਹੁਤ ਸਮਾਂ ਬਾਅਦ ਨਵੇਂ ਮੈਂਬਰ ਫਜ਼ਲਾ ਘੁੰਮਣਵਾਲਾ ਸ਼ਾਮਲ ਹੋਇਆ ਅਤੇ ਜੇਲ੍ਹ ’ਚੋਂ ਫਰਾਰ ਹੋਇਆ ਬਚਨ ਸਿੰਘ ਲੋਹਾ ਖੇੜਾ ਅਤੇ ਕੁੰਢਾ ਸਿੰਘ ਗਾਜ਼ੀਆਣਾ ਵੀ ਸ਼ਾਮਲ ਹੋਏ। ਫਜ਼ਲਾ ਆਧਾਰਿਤ ਇਸ ਜਥੇ ਨੇ ਬਦਨਾਮ ਆਹਲਾ ਪੁਲੀਸ ਅਧਿਕਾਰੀ ਐਸ.ਜੀ. ਐਮ. ਬੀਟੀ ਦਾ 27 ਜੂਨ 1940 ਨੂੰ ਪਿੰਡ ਚੱਠਾ ਸੇਖਵਾਂ ਵਿਚ ਹੈਰਾਨੀਜਨਕ ਢੰਗ ਨਾਲ ਕਤਲ ਕੀਤਾ। ਇਸ ਕਾਂਡ ਨੇ ਸਿਰਫ਼ ਹਿੰਦੋਸਤਾਨ ਵਿਚਲੀ ਗੋਰਾਸ਼ਾਹੀ ਨੂੰ ਹੀ ਨਹੀਂ ਸਗੋਂ ਲੰਡਨ ਵਾਲਿਆਂ ਨੂੰ ਵੀ ਝੰਜੋੜਿਆ। ਮਗਰੋਂ ਜਾ ਕੇ ਕੁਝ ਸੱਚੇ, ਕੁਝ ਨਿਹੱਕੇ ਫੜ੍ਹੇ ਗਏ। ਕੁਝ ਜੇਲ੍ਹੀ ਗਏ, ਕੁਝ ਫਾਹੇ ਲੱਗੇ, ਪਰ ਫਜ਼ਲਾ ਹੱਥ ਨਾ ਆਇਆ।
ਰੁਲੀਆ ਅਰਾਈਂ: ਉਹ ਮਗਰੋਂ ਰੁਲੀਆ ਭਾਈ ਜਾਨ ਵਜੋਂ ਸਤਿਕਾਰਿਆ ਜਾਣ ਲੱਗਾ ਸੀ। ਰੁਲੀਆ ਵੀ ਉਸੇ ਕੋਟ ਫਤੂਹੀ ਦਾ ਹੀ ਫਰਜ਼ੰਦ ਸੀ ਜਿਸ ਦੀ ਫਰਵਰੀ 1922 ਵਾਲੀ ਚਰਚਿਤ ਕਾਨਫਰੰਸ ਨੂੰ ਫੇਲ੍ਹ ਕਰਨ ਅਤੇ ਬਾਗ਼ੀ ਮੋਤਾ ਸਿੰਘ ਪਤਾਰਾ ਨੂੰ ਫੜ੍ਹਨ ਲਈ ਵਿਛਾਏ ਜਾਲਾਂ ਦੇ ਬਾਵਜੂਦ ਪਤਾਰਾ ਬੜੀ ਹੁਸ਼ਿਆਰੀ ਨਾਲ ਕਾਨਫਰੰਸ ਵਿਚ ਪਹੁੰਚੇ ਅਤੇ ਇਤਿਹਾਸਕ ਤਕਰੀਰ ਕੀਤੀ। ਨਾਟਕੀ ਢੰਗ ਨਾਲ ਕੋਟ ਫਤੂਹੀ ਪੁੱਜੇ ਇਸ ਯੋਧੇ ਨੂੰ ਗੁਰਬਤ ਦੇ ਭੰਨੇ ਰੁਲੀਏ ਅਰਾਈਂ ਨੇ ਪਨਾਹ ਦਿੱਤੀ ਅਤੇ ਤੇੜ ਵਾਲੇ ਕੱਪੜਿਆਂ ਦੀ ਜੁਗਲਬੰਦੀ ਕਰਾਈ। ਇਸ ਮਗਰੋਂ ਉਸ ਨੂੰ ਵਤਨਪ੍ਰਸਤੀ ਦੀ ਅਜਿਹੀ ਲਗਨ ਲੱਗੀ ਕਿ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਟੁੱਟਿਆ ਹੋਣ ਦੇ ਬਾਵਯੂਦ ਇਹ ਸ਼ਖ਼ਸ ਮੁਲਕ ਦੇ ਆਜ਼ਾਦ ਹੋਣ ਤੀਕ ਕਿਸੇ ਨਾ ਕਿਸੇ ਰੂਪ ’ਚ ਸਰਗਰਮ ਰਿਹਾ। ਦੁੱਖ ਇਸ ਗੱਲ ਦਾ ਹੈ ਕਿ ਵੱਡੇ ਰੌਲਿਆਂ ਵੇਲੇ ਪਾਕਿਸਤਾਨ ਨਾ ਜਾਣਾ ਚਾਹੁੰਦੇ ਇਸ ਭਲੇ ਬੰਦੇ ਨੂੰ ਆਪਣੇ ਟੱਬਰ-ਟੀਹਰ ਸਮੇਤ ਬੋਝਲ ਮਨ ਨਾਲ ਪਰਾਈ ਧਰਤ ਨੂੰ ਜਾਣਾ ਪਿਆ।
ਮੁੱਕਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਅਚੇਤ-ਸੁਚੇਤ ਤੌਰ ’ਤੇ ਸਿਰਫ਼ ਆਪਣੇ ਧਰਮਾਂ ਦੇ ਦੇਸ਼ਭਗਤਾਂ ਦੀ ਹੀ ਉਸਤਤ ਕਰਦੇ ਹਨ। ਉਸਤਤ ਕਰਨੀ ਵੀ ਚਾਹੀਦੀ ਹੈ, ਪਰ ਸੰਘਰਸ਼ ਵਿਚ ਸ਼ਾਮਲ ਸਭ ਧਿਰਾਂ ਦੀ ਮਹਿਮਾ ਦੇ ਸਿੱਟੇ ਹਾਂਦਰੂ ਅਤੇ ਦੂਰ-ਰਸੀ ਨਿਕਲਦੇ ਹਨ।
ਸੰਪਰਕ: 94634-39075