ਗੁਰਮੀਤ ਸਿੰਘ ਪਲਾਹੀ
ਗਰੀਬੀ ਅਤੇ ਅਸਮਾਨਤਾ ਖ਼ਤਮ ਕਰਨ ਲਈ ਸੰਸਾਰ ਪ੍ਰਸਿੱਧ ਸੰਸਥਾ ਔਕਸਫੈਮ ਦੀ ਰਿਪੋਰਟ ਮੁਤਾਬਿਕ ਭਾਰਤ ਦੇ ਅਰਬ-ਖਰਬਪਤੀ ਮੁਕੇਸ਼ ਅੰਬਾਨੀ ਦੀ ਇੱਕ ਸੈਕਿੰਡ ਦੀ ਕਮਾਈ, ਇੱਕ ਮਜ਼ਦੂਰ ਦੀ ਤਿੰਨ ਸਾਲ ਦੀ ਮਜ਼ਦੂਰੀ ਦੇ ਬਰਾਬਰ ਹੈ। ਗਰੀਬ-ਅਮੀਰ ਦਾ ਪਾੜਾ ਭਾਰਤ ਵਿਚ ਐਡਾ ਵੱਡਾ ਹੋ ਰਿਹਾ ਹੈ ਕਿ ਮਹਾਮਾਰੀ ਦੌਰਾਨ ਮੁਕੇਸ਼ ਅੰਬਾਨੀ ਨੂੰ ਇੱਕ ਘੰਟੇ ਵਿਚ ਜਿੰਨੀ ਆਮਦਨ ਹੋਈ, ਓਨੀ ਕਮਾਈ ਕਰਨ ਵਿਚ ਗੈਰ-ਹੁਨਰਮੰਦ ਮਜ਼ਦੂਰ ਨੂੰ 10 ਸਾਲ ਲੱਗ ਜਾਣਗੇ। ਕਰੋਨਾ ਮਹਾਮਾਰੀ ਮੁਕੇਸ਼ ਅੰਬਾਨੀ ਵਰਗੇ 100 ਅਰਬਪਤੀਆਂ ਲਈ ਵਰਦਾਨ ਸਾਬਤ ਹੋਈ ਹੈ ਜਿਨ੍ਹਾਂ ਦੀ ਜਾਇਦਾਦ ਵਿਚ ਇਸ ਸਮੇਂ ਦੌਰਾਨ 12,97,822 ਕਰੋੜ ਦਾ ਵਾਧਾ ਹੋਇਆ ਹੈ। ਇਕੱਲੇ ਭਾਰਤ ਦੇ ਅਰਬਪਤੀ ਇਸ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਵਿਚ ਐਨੀ ਕਮਾਈ ਕਰ ਗਏ ਕਿ ਉਨ੍ਹਾਂ ਦੀ ਕੁੱਲ ਜਾਇਦਾਦ ਵਿਚ 35 ਫੀਸਦੀ ਦਾ ਵਾਧਾ ਹੋ ਗਿਆ।
ਭਾਰਤ ਵਿਚ ਵਧਦੀ ਹੋਈ ਅਸਮਾਨਤਾ ਵੱਡੀ ਸਮੱਸਿਆ ਰਹੀ ਹੈ ਪਰ ਕਰੋਨਾ ਮਹਾਮਾਰੀ ਦੇ ਦੌਰਾਨ ਅਨਿਆਂਪੂਰਨ ਅਰਥ ਵਿਵਸਥਾ ਨਾਲ ਦੇਸ਼ ਵਿਚ ਵੱਡਾ ਆਰਥਿਕ ਸੰਕਟ ਪੈਦਾ ਹੋਇਆ ਅਤੇ ਇਸ ਦੌਰਾਨ ਅਮੀਰ ਲੋਕਾਂ ਨੇ ਬਹੁਤ ਜ਼ਿਆਦਾ ਜਾਇਦਾਦ ਕਮਾਈ, ਜਦਕਿ ਕਰੋੜਾਂ ਲੋਕ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲਿਆਂ ਵਿਚ ਸ਼ਾਮਲ ਹੋ ਗਏ। ਸੰਸਾਰ ਬੈਂਕ ਵਲੋਂ ਨਿਰਧਾਰਿਤ ਗਰੀਬੀ ਰੇਖਾ ਅਨੁਸਾਰ ਭਾਰਤ ਦੀ ਕੁਲ ਅਬਾਦੀ ਦਾ 60 ਫਸਿਦੀ, ਭਾਵ 81.12 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠ ਹਨ। ਕਰੋਨਾ ਮਹਾਮਾਰੀ ਨੇ ਇਸ ਗਿਣਤੀ ਵਿਚ 10.4 ਕਰੋੜ ਦਾ ਹੋਰ ਵਾਧਾ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਮਹਾਮਾਰੀ ਦੌਰਾਨ ਸਿੱਖਿਆ ਅਤੇ ਸਿਹਤ ਜਿਹੇ ਪ੍ਰਮੁੱਖ ਪੈਮਾਨਿਆਂ ਵਿਚ ਖਾਈ ਚੌੜੀ ਹੋਈ ਹੈ। ਅਮੀਰ ਘਰਾਂ ਦੇ ਬੱਚੇ ਤਾਂ ਆਨਲਾਈਨ ਪੜ੍ਹਾਈ ਕਰਦੇ ਰਹੇ ਪਰ ਗਰੀਬ ਘਰਾਂ ਦੇ ਬੱਚਿਆਂ ਲਈ ਇਸ ਕਿਸਮ ਦਾ ਕੋਈ ਪ੍ਰਬੰਧ ਨਹੀਂ ਸੀ; ਇਸ ਕਰ ਕੇ ਉਹ ਪੜ੍ਹਾਈ ਤੋਂ ਵਿਰਵੇ ਰਹੇ ਅਤੇ ਹੁਣ ਸ਼ੱਕ ਪ੍ਰਗਟਾਈ ਜਾ ਰਹੀ ਹੈ ਕਿ ਸਕੂਲਾਂ ਦੇ ਖੁੱਲ੍ਹਣ ਸਮੇਂ ਵੱਡੀ ਗਿਣਤੀ ਵਿਚ ਬੱਚੇ ਕਲਾਸਾਂ ਵਿਚ ਨਹੀਂ ਪੁੱਜਣਗੇ ਅਤੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਪਹਿਲਾਂ ਦੇ ਮੁਕਾਬਲੇ ਇੱਕ ਵਰ੍ਹੇ ਦੌਰਾਨ ਹੀ ਦੁੱਗਣੀ ਹੋ ਜਾਵੇਗੀ। ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ ਵਿਚ ਵੱਧ ਦੇਖਣ ਨੂੰ ਮਿਲੇਗੀ। ਗਰੀਬ ਲੋਕਾਂ ਦੀ ਆਮਦਨ ਦਾ ਸਾਧਨ ਕਿਉਂਕਿ ਘਟ ਗਿਆ ਹੈ, ਇਸ ਕਰ ਕੇ ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਵੱਲ ਧੱਕਣਗੇ। ਛੋਟੀ ਉਮਰ ਦੇ ਇਹ ਜਬਰਨ ਵਿਆਹ ਅੱਗੋਂ ਹਿੰਸਾ ਅਤੇ ਘੱਟ ਉਮਰੇ ਹੀ ਗਰਭ ਧਾਰਨ ਜਿਹੀਆਂ ਸਮੱਸਿਆਵਾਂ ਪੈਦਾ ਕਰਨਗੇ।
ਇੱਕ ਨਵਾਂ ਸਰਵੇਖਣ ਧਿਆਨ ਮੰਗਦਾ ਹੈ ਜਿਹੜਾ ਦੱਸਦਾ ਹੈ ਕਿ ਮਹਾਮਾਰੀ ਦੇ ਦੌਰ ਵਿਚ 60,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਿਆਂ ਦੀ ਆਮਦਨੀ ਦਾ ਦਸ ਫੀਸਦੀ ਨੁਕਸਾਨ ਹੋਇਆ, ਜਦਕਿ 20,000 ਮਹੀਨਾ ਕਮਾਉਣ ਵਾਲਿਆਂ ਦੀ ਆਮਦਨ 37 ਫੀਸਦੀ ਘੱਟ ਗਈ। ਰਿਪੋਰਟ ਅਨੁਸਾਰ ਅਪਰੈਲ 2020 ਵਿਚ 84 ਫੀਸਦੀ ਪਰਿਵਾਰਾਂ ਦੀ ਆਮਦਨ ਵਿਚ ਘਾਟਾ ਦੇਖਣ ਨੂੰ ਮਿਲਿਆ। ਅਪਰੈਲ 2020 ਦੇ ਮਹੀਨੇ ਹਰ ਘੰਟੇ 1,70,000 ਲੋਕਾਂ ਦੀ ਨੌਕਰੀ ਉਨ੍ਹਾਂ ਹੱਥੋਂ ਖੁਸ ਗਈ ਅਤੇ ਮਾਰਚ ਤੋਂ ਜੁਲਾਈ 2020 ਦੌਰਾਨ 167 ਲੋਕਾਂ ਨੇ ਆਮਦਨ ਵਿਚ ਕਮੀ ਕਾਰਨ ਖੁਦਕੁਸ਼ੀ ਕਰ ਲਈ। ਕੌਮਾਂਤਰੀ ਕਿਰਤ ਸੰਸਥਾ (ਆਈਐੱਲਓ) ਦੀ ਰਿਪੋਰਟ ਮੁਤਾਬਿਕ ਕਰੋਨਾ ਮਹਾਮਾਰੀ ਦੌਰਾਨ 40 ਕਰੋੜ ਕਾਮੇ ਗਰੀਬੀ ਰੇਖਾ ਵੱਲ ਧੱਕੇ ਗਏ, ਅਰਥਾਤ ਹੋਰ ਗਰੀਬ ਹੋਏ। ਮਹਾਮਾਰੀ ਦਾ ਅਸਰ ਖਾਸ ਕਰ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਉਤੇ ਵੱਧ ਪਿਆ ਕਿਉਂਕਿ ਸਕੂਲ ਬੰਦ ਹੋ ਗਏ। ਇਨ੍ਹਾਂ ਵਿਚ ਉਨ੍ਹਾਂ ਨੂੰ ਦੁਪਹਿਰ ਦਾ ਭੋਜਨ ਖਾਣ ਨੂੰ ਮਿਲਦਾ ਸੀ, ਇਨ੍ਹਾਂ 126 ਲੱਖ ਸਕੂਲਾਂ ਵਿਚ 12 ਕਰੋੜ ਬੱਚੇ ਪੜ੍ਹਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿਚ 77.8 ਫੀਸਦੀ ਅਨੁਸੂਚਿਤ ਜਨਜਾਤੀਆਂ ਦੇ ਅਤੇ 69.4 ਫੀਸਦੀ ਅਨੁਸੂਚਿਤ ਜਾਤੀਆਂ ਦੇ ਬੱਚੇ ਪੜ੍ਹਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਪਾਲਣ-ਪੋਸ਼ਣ ਲਈ ਇਸੇ ਭੋਜਨ ਉਤੇ ਹੀ ਨਿਰਭਰ ਹਨ।
ਕਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਵਿਚ ਲੋਕ ਅਣਆਈ ਮੌਤੇ ਮਰੇ, ਕਿਉਂਕਿ ਉਨ੍ਹਾਂ ਨੂੰ ਡਾਕਟਰੀ ਇਲਾਜ ਹੀ ਨਾ ਮਿਲਿਆ। ਅਮੀਰਾਂ ਲਈ ਤਾਂ ਵਧੇਰੇ ਧਨ ਖਰਚ ਕੇ ਇਲਾਜ ਦੀ ਸਹੂਲਤ ਫਾਈਵ ਸਟਾਰ ਹਸਪਤਾਲਾਂ ਵਿਚ ਸੀ ਪਰ ਸਾਧਾਰਨ ਬੰਦੇ ਲਈ ਤਾਂ ਇਸ ਮਹਾਮਾਰੀ ਵਿਚ ਸਾਧਾਰਨ ਇਲਾਜ ਵੀ ਔਖਾ ਹੋ ਗਿਆ। ਗਰੀਬ ਲੋਕ ਮਾਨਸਿਕ ਬਿਮਾਰੀਆਂ ਦਾ ਪਹਿਲਾਂ ਨਾਲੋਂ ਵੱਧ ਸ਼ਿਕਾਰ ਹੋਏ। ਆਟੇ, ਦਾਲ, ਜ਼ਰੂਰੀ ਵਸਤਾਂ ਲਈ ਉਸ ਨੂੰ ਸਰਕਾਰਾਂ ਤੇ ਰੱਜਿਆਂ ਅੱਗੇ ਹੱਥ ਅੱਡਣ ਲਈ ਮਜਬੂਰ ਹੋਣਾ ਪਿਆ ਅਤੇ ਤਾਕਤ ਦੇ ਨਸ਼ੇ ਵਿਚ ਹਾਕਮਾਂ ਨੇ ਖੁਸ਼ੀ ਵਿਚ ਕੱਛਾਂ ਵਜਾਈਆਂ ਕਿਉਂਕਿ ਉਨ੍ਹਾਂ ਦਾ ਆਮ ਲੋਕਾਂ ਨੂੰ ਹੋਰ ਗਰੀਬ ਕਰਨ ਦਾ ਸੁਪਨਾ ਸਕਾਰ ਹੁੰਦਾ ਦਿਸਿਆ ਕਿਉਂਕਿ ਉਨ੍ਹਾਂ ਦੀ ਕੁਰਸੀ ਦੀ ਹਰ ਟੰਗ ਸਲਾਮਤ ਹੀ ਇਸ ਕਰ ਕੇ ਰਹਿੰਦੀ ਹੈ ਕਿ ਲੋਕ ਗੁਰਬਤ ਨਾਲ ਕਣ ਕਣ ਪੱਛੇ ਜਾਣ। ਅਰਬਪਤੀਆਂ ਤਾਂ ਆਪਣਾ ਨਿੱਤ ਨਵਾਂ ਮਾਲ, ਨਵੀਆਂ ਦਵਾਈਆਂ, ਵੇਚਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਹੀ ਸੀ, ਉਨ੍ਹਾਂ ਦੇ ਦਲਾਲਾਂ ਨੇ ਵੀ ਚੰਗੇ ਹੱਥ ਰੰਗੇ। ਵੱਡੇ ਦਵਾਈ ਵਿਕਰੇਤਾ ਲਖਪਤੀਆਂ ਤੋਂ ਕਰੋੜਪਤੀਆਂ ਦੀ ਕਤਾਰ ਵਿਚ ਆਏ। ਵੱਡੇ ਕਰਿਆਨਾ ਵਿਕਰੇਤਾ, ਮੂੰਹ ਮੰਗੇ ਪੈਸੇ ਮਹਾਮਾਰੀ ਦੇ ਦੌਰਾਨ ਜ਼ਰੂਰੀ ਵਸਤੂਆਂ ਦੇ ਮੰਗਣ ਹੀ ਨਹੀਂ ਲੱਗੇ ਪ੍ਰਾਪਤ ਕਰਨ ਲੱਗੇ। ਪੂਰਾ ਸਟਾਕ ਜੋ ਭਾਵੇਂ ਗੰਦਾ ਸੀ ਜਾਂ ਚੰਗਾ ਜਾਂ ਤਰੀਖ ਲੰਘਿਆ (ਐਕਸਪਾਇਰਡ) ਸੀ, ਸਾਰੇ ਦਾ ਸਾਰਾ ਮਾਰਕੀਟ ਵਿਚ ਝੋਕ ਦਿੱਤਾ। ਦਵਾਈ ਕੰਪਨੀਆਂ ਨੇ ਦਵਾਈਆਂ ਦੀ ਕੀਮਤਾਂ ਵਧਾ ਦਿੱਤੀਆਂ। ਕਰੋਨਾ ਦੀ ਆੜ ਵਿਚ ਮਜ਼ਦੂਰਾਂ ਸਬੰਧੀ ਕਾਨੂੰਨ ਪਾਸ ਕਰ ਕੇ, ਕਾਰੋਬਾਰੀਆਂ ਕਾਰਖਾਨੇਦਾਰਾਂ ਨੂੰ ਕਿਰਤ ਦੀ ਲੁੱਟ ਦੀ ਖੁਲ੍ਹ ਦੇ ਦਿੱਤੀ। ਹਾਕਮਾਂ ਉਹ ਸਾਰੇ ਕਾਨੂੰਨ ਜੋ ਲੋਕ ਵਿਰੋਧੀ ਅਤੇ ਧਨ ਕੁਬੇਰਾਂ ਦੇ ਹਿਤੈਸ਼ੀ ਸਨ, ਸਭ ਇੱਕੋ ਸੱਟੇ ਪਾਸ ਕਰ ਦਿੱਤੇ। ਖੇਤੀ ਕਾਲੇ ਕਾਨੂੰਨ ਕਰੋਨਾ ਮਹਾਮਾਰੀ ਦੇ ਸਮੇਂ ਦੀ ਉਪਜ ਹਨ ਜਿਨ੍ਹਾਂ ਦੇਸ਼ ਦੀ ਕਿਰਸਾਨੀ ਦੇ ਹੱਕਾਂ ਦੀ ਲੁੱਟ ਤਾਂ ਕੀਤੀ ਹੀ, ਉਨ੍ਹਾਂ ਦੀ ਜ਼ਮੀਨ ਹਥਿਆਉਣ ਦਾ ਰਸਤਾ ਖੋਲ੍ਹ ਦਿੱਤਾ।
ਮਹਾਮਾਰੀ ਦੌਰਾਨ ਹੋਏ ਲੌਕਡਾਊਨ ਕਾਰਨ ਭਾਰਤੀ ਸੁਸਾਇਟੀ ਉਤੇ ਸਮਾਜਿਕ, ਸਿੱਖਿਆ, ਆਰਥਿਕ, ਸਿਆਸੀ, ਖੇਤੀ, ਮਾਨਸਿਕ ਪੱਧਰ ਦੇ ਇਸ ਦੇ ਪ੍ਰਭਾਵ ਲੋਕਾਂ ਉਤੇ ਵੱਡੇ ਪੱਧਰ ਤੇ ਦੇਖਣ ਨੂੰ ਮਿਲੇ। ਸ਼ਹਿਰੀ ਤੇ ਪੇਂਡੂ ਖੇਤਰ ਇਸ ਦੀ ਮਾਰ ਹੇਠ ਆਇਆ। ਪਰਵਾਸੀ ਮਜ਼ਦੂਰਾਂ ਨੂੰ ਤਾਂ ਲੌਕਡਾਊਨ ਨੇ ਝੰਜੋੜ ਕੇ ਹੀ ਰੱਖ ਦਿੱਤਾ। ਜਿਸ ਕਿਸਮ ਦੇ ਦ੍ਰਿਸ਼ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦੇ ਦੇਖਣ ਨੂੰ ਮਿਲੇ, ਉਹ ਸ਼ਰਮਸਾਰ ਕਰਨ ਵਾਲੇ ਸਨ। ਕਾਰਖਾਨਿਆਂ, ਰੇਲਾਂ, ਬੱਸਾਂ, ਵਾਹਨਾਂ ਦਾ ਇਕਦਮ ਰੁਕ ਜਾਣਾ, ਹਰ ਪਾਸੇ ਹੜਬੜੀ। ਇਸ ਤੋਂ ਵੀ ਵੱਧ ਮਨੁੱਖ ਦਾ ਘਰਾਂ ਵਿਚ ਬੰਦ ਹੋਣਾ ਅਤੇ ਔਰਤਾਂ ਤੇ ਬੱਚਿਆਂ ਉਤੇ ਘਰੇਲੂ ਹਿੰਸਾ ਦਾ ਵਧਣਾ। ਇਹ ਭਾਵੇਂ ਭਾਰਤੀ ਮਰਦ ਪ੍ਰਧਾਨ ਸਮਾਜ ਦੀ ਤਸਵੀਰ ਪੇਸ਼ ਕਰਦਾ ਹੋਵੇ ਪਰ ਮੁੱਖ ਤੌਰ ਤੇ ਇਵੇਂ ਲਗਦਾ ਸੀ ਕਿ ਜਿਸ ਕੋਲ ਪੈਸਾ ਹੈ, ਉਹ ਜਿ਼ਆਦਾ ਬਲਵਾਨ ਹੈ ਤੇ ਬਲਵਾਨ ਹੋ ਰਿਹਾ ਹੈ ਅਤੇ ਜਿਹੜੇ ਲੋਕ ਅਨਿਸਚਿਤ ਸਥਿਤੀ ਦਾ ਸ਼ਿਕਾਰ ਹੋਏ, ਤੇ ਇਨ੍ਹਾਂ ਕੋਲ ਜੋਖ਼ਮ ਉਠਾਉਣ ਦਾ ਮਾਦਾ ਹੀ ਨਹੀਂ ਸੀ ਬਚਿਆ, ਉਨ੍ਹਾਂ ਦੀ ਹਾਲਤ ਬਦਤਰ ਹੋਈ ਅਤੇ ਉਨ੍ਹਾਂ ਦੇ ਜੀਵਨ ਜਿਊਣ ਦੇ ਪੱਧਰ ਵਿਚ ਹੋਰ ਘਾਰ ਆਇਆ।
ਅਮੀਰਾਂ ਅਤੇ ਗਰੀਬਾਂ ਦੇ ਵਿਚਲੀ ਖਤਰਨਾਕ ਵੰਡ ਦੀ ਅਣਦੇਖੀ ਨੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਹੈ, ਇਹ ਹੋਰ ਵੱਡੀ ਸਮਾਜਿਕ ਉੱਥਲ ਪੁਥਲ ਨੂੰ ਜਨਮ ਦੇਵੇਗਾ। ਅੱਜ ਜਦੋਂ ਆਰਥਿਕ ਮੰਦਹਾਲੀ ਕਾਰਨ ਗਰੀਬ ਲੋਕਾਂ ਨੂੰ ਸਾਫ ਪਾਣੀ ਵੀ ਨਹੀਂ ਮਿਲਦਾ, ਸਫਾਈ ਤੇ ਸਾਫ-ਸੁਥਰਾ ਵਾਤਾਵਰਨ ਉਨ੍ਹਾਂ ਤੋਂ ਕਾਫੀ ਦੂਰ ਹੈ, ਉਨ੍ਹਾਂ ਨੂੰ ਖਾਣਾ ਪਕਾਉਣ ਲਈ ਬਾਲਣ ਦੀ ਕਮੀ ਹੈ, ਲੱਖਾਂ ਨਹੀਂ ਕਰੋੜਾਂ ਲੋਕ ਇਨ੍ਹਾਂ ਸਹੂਲਤਾਂ ਤੋਂ ਵਿਰਵੇ ਹਨ ਤਾਂ ਇਨ੍ਹਾਂ ਭਾਰਤੀ ਲੋਕਾਂ ਦਾ ਭਵਿੱਖ ਦਾਅ ਉੱਤੇ ਲੱਗਿਆ ਹੋਇਆ ਹੈ। ਅੱਜ ਜਦੋਂ ਹਾਕਮ ਧਿਰ, ਧਨ ਕੁਬੇਰਾਂ ਦੇ ਸੁਪਨਿਆਂ ਦੀ ਪੂਰਕ ਬਣੀ ਹੋਈ ਹੈ, ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੈ। ਅੱਜ ਜਦੋਂ ਕਰੋੜਾਂ ਹਾਸ਼ੀਏ ਤੇ ਪਹੁੰਚੇ ਸਮਾਜਿਕ ਸਮੂਹਾਂ ਦਾ ਜੀਵਨ ਕਮਜ਼ੋਰ ਹੋ ਰਿਹਾ ਹੈ ਅਤੇ ਗਰੀਬ-ਅਮੀਰ ਦਾ ਪਾੜਾ ਨਿੱਤ ਵਧ ਰਿਹਾ ਹੈ। ਅੱਜ ਜਦੋਂ ਹਾਕਮ ਧਿਰ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਦੇਸ਼ ਨੂੰ ਧਰਮ, ਜਾਤ, ਕਬੀਲੇ, ਆਧਾਰਿਤ ਵੰਡ ਕੇ ਹੈਂਕੜ ਨਾਲ ਰਾਜ ਕਰਨ ਦੇ ਰਾਹ ਪਈ ਹੋਈ ਹੈ।
ਉਦੋਂ ਕੀ ਉਨ੍ਹਾਂ ਧਿਰਾਂ ਦੀ ਜ਼ਿੰਮੇਵਾਰੀ ਹੋਰ ਵੀ ਨਹੀਂ ਵਧ ਜਾਂਦੀ, ਜਿਹੜੇ ਦੇਸ਼ ਦੇ ਸੰਵਿਧਾਨ ਅਨੁਸਾਰ ਇਸ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜ ਰਹੇ ਹਨ। ਜਿਹੜੇ ਲੋਕਤੰਤਰ ਦੀ ਨੀਂਹ ਨੂੰ ਲੱਗੀ ਸਿਉਂਕ ਨੂੰ ਖਤਮ ਕਰਨ ਲਈ ਹਿੱਕ ਡਾਹ ਕੇ ਖੜ੍ਹੇ ਹਨ। ਕੀ ਇਨ੍ਹਾਂ ਧਿਰਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਨਹੀਂ ਵਧ ਗਈ, ਜਦੋਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਪਾਰਲੀਮੈਂਟ ਵਿਚ ਹਾਕਮਾਂ ਵਲੋਂ ਲਗਾਤਾਰ ਤੋੜਿਆ-ਮਰੋੜਿਆ ਜਾ ਰਿਹਾ ਹੈ ਅਤੇ ਲੋਕਾਂ ਕੋਲ ਆਖ਼ਰੀ ਰਾਹ ਹੁਣ ਲੋਕ ਕਚਿਹਰੀ ਰਹਿ ਗਈ ਹੈ।
ਸੰਪਰਕ: 98158-02070