ਦਰਸ਼ਨ ਸਿੰਘ ‘ਆਸ਼ਟ’ (ਡਾ.)
ਪੰਜਾਬੀ ਬਾਲ ਸਾਹਿਤ ਪਿੜ ਵਿਚ ਜਿਸ ਸਿਰਜਣਸ਼ੀਲ ਅਤੇ ਸਮਰੱਥਾਵਾਨ ਕਲਮਕਾਰ ਨੂੰ ਦੋ ਵੱਡੇ ਪੁਰਸਕਾਰਾਂ ਲਈ ਚੁਣਿਆ ਗਿਆ ਹੈ, ਉਸ ਨੂੰ ਡਾ. ਕਰਨੈਲ ਸਿੰਘ ਸੋਮਲ ਵਜੋਂ ਜਾਣਿਆ ਜਾਂਦਾ ਹੈ। ਪਹਿਲਾ ਇਨਾਮ ਹੈ, ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ (2017)’ ਜੋ ਉਸ ਦੀ ਆਜੀਵਨ ਬਾਲ ਸਾਹਿਤ ਸਾਧਨਾ ਦੇ ਮੱਦੇਨਜ਼ਰ ਦਿੱਤਾ ਜਾ ਰਿਹਾ ਹੈ। ਦੂਜਾ ਹੈ, ‘ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ (2020)’ ਜੋ ਉਸ ਦੇ ਬਾਲਾਂ ਲਈ ਲਿਖੇ ਸਫ਼ਰਨਾਮੇ ‘ਫੁੱਲਾਂ ਦਾ ਸ਼ਹਿਰ ਲਈ’ ਦਿੱਤਾ ਜਾ ਰਿਹਾ ਹੈ। ਇਹ ਦੋਵੇਂ ਪੁਰਸਕਾਰ ਕੇਵਲ ਤਿੰਨ ਕੁ ਮਹੀਨੇ ਦੇ ਵਿੱਚ-ਵਿੱਚ ਦੇਣ ਦਾ ਐਲਾਨ ਹੋਇਆ ਹੈ।
ਇਸ ਤੋਂ ਪਹਿਲਾਂ ਕਿ ਡਾ. ਕਰਨੈਲ ਸਿੰਘ ਸੋਮਲ ਦੇ ਪੰਜਾਬੀ ਬਾਲ ਸਾਹਿਤ ਪਿੜ ਵਿਚ ਪਾਏ ਯੋਗਦਾਨ ਦੀ ਚਰਚਾ ਕੀਤੀ ਜਾਵੇ, ਮੇਰੇ ਜ਼ਿਹਨ ਵਿਚ ਉੱਘੇ ਸ਼ਾਇਰ ਰਾਜੇਸ਼ ਰੈਡੀ ਦਾ ਇਹ ਸ਼ਿਅਰ ਆ ਰਿਹਾ ਹੈ:
ਮੇਰੇ ਦਿਲ ਕੇ ਕਿਸੀ ਕੋਨੇ ਮੇਂ, ਇਕ ਮਾਸੂਮ ਸਾ ਬੱਚਾ
ਬੜੋਂ ਕੀ ਦੇਖ ਕਰ ਦੁਨੀਆ, ਬੜਾ ਹੋਨੇ ਸੇ ਡਰਤਾ ਹੈ।
ਰੈਡੀ ਨੇ ਇਸ ਸ਼ਿਅਰ ਵਿਚ ਵਰਤਮਾਨ ਦੌਰ ਵਿਚ ਵਿਚਰ ਰਹੇ ਬੱਚੇ ਦੀ ਸਹਿਮੀ ਹੋਈ ਮਾਨਸਿਕਤਾ ਦਾ ਸਜੀਵ ਚਿਤਰਣ ਕੀਤਾ ਹੈ ਜਿਸ ਕੋਲੋਂ ਬਹੁਤ ਕੁਝ ਖੋਹਿਆ ਜਾ ਰਿਹਾ ਹੈ। ਬੱਚੇ ਨੂੰ ਲੋਰੀਆਂ, ਬਾਤਾਂ, ਨਰਸਰੀ ਗੀਤ ਅਤੇ ਖੇਡ-ਗੀਤ ਸੁਣਨ-ਸੁਣਾਉਣ ਦਾ ਅਮਲ ਬੀਤੇ ਦੀ ਕਹਾਣੀ ਬਣ ਕੇ ਰਹਿ ਗਿਆ ਹੈ। ਬੱਚਿਆਂ ਪ੍ਰਤੀ ਸੋਸ਼ਲ ਮੀਡੀਆ ਦਾ ਕਾਰਜ ਵੀ ‘ਊਠ-ਮਾਅਰਕਾ ਆਲੋਚਨਾ’ ਵਾਲਾ ਸਿੱਧ ਹੁੰਦਾ ਜਾ ਰਿਹਾ ਹੈ ਜੋ ਚਰਦੀ ਘੱਟ, ਮਿੱਧਦੀ ਜ਼ਿਆਦਾ ਹੈ। ਪੱਛਮ ਦੀ ਗ਼ੈਰ-ਸਭਿਆਚਾਰਕ ਹਨੇਰੀ ਨਵੀਂ ਪੀੜ੍ਹੀ ਨੂੰ ਰੋੜ੍ਹ ਕੇ ਆਪਣੇ ਨਾਲ ਲਿਜਾ ਰਹੀ ਹੈ। ਬੱਚਿਆਂ ਦੇ ਜ਼ਿਹਨ ਵਿਚੋਂ ਪੰਜਾਬ ਦੀ ਅਣਮੁੱਲੀ ਲੋਕ-ਸਾਹਿਤ ਅਤੇ ਸਭਿਆਚਾਰਕ ਵਿਰਾਸਤ ਰੇਤ ਦੀ ਮੁੱਠੀ ਵਾਂਗ ਕਿਰਦੀ ਜਾ ਰਹੀ ਹੈ। ਆਪੋਧਾਪੀ ਅਤੇ ਤੇਜ਼ਤਰਾਰੀ ਵਾਲੀ ਅਜੋਕੀ ਜ਼ਿੰਦਗੀ ਵਿਚ ‘ਕੋਈ ਹਰਿਆ ਬੂਟ ਰਹੀਓ ਰੀ’ ਵਾਂਗ ਕੁਝ ਅਜਿਹੇ ਸਮਰਪਿਤ ਕਲਮਕਾਰ ਵੀ ਹਨ ਜੋ ਨਵੀਂ ਪੀੜ੍ਹੀ ਦੇ ਹੱਥਾਂ ਵਿਚ ਪੰਜਾਬੀ ਮਾਂ ਬੋਲੀ ਦੀ ਅਮੁੱਲ ਵਿਰਾਸਤ ਦਾ ਤੋਹਫ਼ਾ ਪ੍ਰਦਾਨ ਕਰਕੇ ਉਸਾਰੂ ਜੀਵਨ-ਮੁੱਲਾਂ ਦਾ ਸੰਚਾਰ ਕਰ ਰਹੇ ਹਨ। ਡਾ. ਕਰਨੈਲ ਸਿੰਘ ਸੋਮਲ ਅਜਿਹੀਆਂ ਹੀ ਵਿਸ਼ੇਸ਼ ਸ਼ਖ਼ਸੀਅਤਾਂ ਵਿਚੋਂ ਇਕ ਹੈ।
ਡਾ. ਕਰਨੈਲ ਸਿੰਘ ਸੋਮਲ ਨਾਲ ਮੇਰੀ ਪਲੇਠੀ ਮੁਲਾਕਾਤ ਲਗਭਗ ਵੀਹ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਇਕ ਬਾਲ ਸਾਹਿਤ ਸਮਾਗਮ ਦੌਰਾਨ ਹੋਈ ਸੀ। ਬਾਅਦ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਪਾਠ ਪੁਸਤਕ ਕਮੇਟੀ ਦੇ ਮੈਂਬਰ ਵਜੋਂ ਉਸ ਨਾਲ ਅਨੇਕ ਵਰਕਸ਼ਾਪਾਂ ਅਤੇ ਕਮੇਟੀਆਂ ਦੀਆਂ ਇਕੱਤਰਤਾਵਾਂ ਵਿਚ ਨੇੜਿਉਂ ਤੱਕਣ-ਜਾਣਨ ਦਾ ਅਵਸਰ ਮਿਲਿਆ। ਪੰਜਾਬੀ ਪਾਠ-ਪੁਸਤਕਾਂ ਦੀ ਸੰਪਾਦਨਾ ਦਾ ਉਸ ਕੋਲ ਚੋਖਾ ਅਨੁਭਵ ਸੀ। ਇਕ-ਇਕ ਲਫ਼ਜ਼ ਉਪਰ ਲੰਮਾ ਸਮਾਂ ਬਹਿਸ ਛਿੜੀ ਰਹਿੰਦੀ। ਸਾਡੀ ਇਹ ਬਹਿਸ ਜ਼ਾਤੀ ਨਹੀਂ ਹੁੰਦੀ ਸੀ ਸਗੋਂ ਇਸ ਪਿੱਛੇ ਇਹੀ ਭਾਵਨਾ ਕੰਮ ਕਰਦੀ ਸੀ ਕਿ ਪਹਿਲੀ ਜਮਾਤ ਦਾ ਵਿਦਿਆਰਥੀ ਉਸ ਸ਼ਬਦ ਦੀ ਅੰਤਰ-ਆਤਮਾ (ਅਰਥਾਂ) ਦੀ ਤਹਿ ਤੱਕ ਕਿਵੇਂ ਪੁੱਜ ਸਕੇਗਾ ਜੋ ਉਸ ਦੀ ਸਮਝ ਤੋਂ ਪਰ੍ਹੇ ਹੈ? ਜੇ ਤਿੰਨ ਤੋਂ ਪੰਜ ਸਾਲਾਂ ਦੇ ਵਿਦਿਆਰਥੀਆਂ ਲਈ ਪੰਦਰਾਂ ਤੋਂ ਅਠਾਰਾਂ ਸਾਲਾਂ ਦੇ ਵਿਦਿਆਰਥੀਆਂ ਲਈ ਵਰਤੀ ਜਾਣ ਵਾਲੀ ਸ਼ਬਦਾਵਲੀ ਵਰਤਾਂਗੇ ਤਾਂ ਅਜਿਹਾ ਕਰਨਾ ਨਾ ਬੱਚੇ ਨਾਲ ਅਤੇ ਨਾ ਹੀ ਸੰਪਾਦਿਤ ਕੀਤੀ ਜਾ ਰਹੀ ਪਾਠ-ਪੁਸਤਕ ਨਾਲ ਨਿਆਂ ਹੋਵੇਗਾ। ਇਉਂ ਉਹ ਇਕ-ਇਕ ਅੱਖਰ, ਲਗ-ਮਾਤਰਾ, ਸ਼ਬਦ, ਵਾਕ ਲਿਖਣ ਅਤੇ ਪੈਰਾ ਬਣਾਉਣ ਲੱਗਿਆਂ ਸੌ-ਸੌ ਵਾਰ ਸੋਚਣ ਦੀ ਫ਼ਿਤਰਤ ਰੱਖਣ ਵਾਲਾ ਸੀ। ਨਤੀਜਨ, ਸੋਮਲ ਆਪਣੇ ਭਾਸ਼ਾਈ ਅਨੁਭਵ ਸਦਕਾ ਕਿਸੇ ਪਾਠ ਪੁਸਤਕ ਦੀ ਉਚਿਤਤਾ ਅਤੇ ਸਾਰਥਿਕਤਾ ਵਿਚ ਅਜਿਹੀ ਕਾਰੀਗਰੀ ਵਿਖਾਉਂਦਾ ਸੀ ਕਿ ਇਕ ਮਿਆਰੀ ਪਾਠ-ਪੁਸਤਕ ਦਾ ਸੰਪਾਦਨ ਹੋ ਜਾਂਦਾ ਅਤੇ ਉਹ ਪੰਜ-ਪੰਜ, ਸੱਤ-ਸੱਤ ਵਰ੍ਹੇ ਸਕੂਲੀ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਦੀ ਰਹਿੰਦੀ। ਉਹ ਜਾਣਦਾ ਸੀ ਕਿ ਛੋਟੇ ਬੱਚਿਆਂ ਦੀ ਮਾਨਸਿਕਤਾ ਅਤੇ ਬੌਧਿਕ ਪੱਧਰ ਦੇ ਅਨੁਕੂਲ ਪਾਠ-ਪੁਸਤਕਾਂ ਦਾ ਸੰਪਾਦਨ ਕਰਨਾ ਵੱਡੀ ਜ਼ਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ। ਖ਼ੈਰ…!
ਡਾ. ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪ੍ਰਸਿੱਧ ਸਾਹਿਤਕਾਰ ਗਿਆਨੀ ਦਿੱਤ ਸਿੰਘ ਦੇ ਜਨਮ ਸਥਾਨ ਦਾ ਗੌਰਵ ਹਾਸਲ ਕਰਨ ਵਾਲੇ ਪਿੰਡ ਨੰਦਪੁਰ ਕਲੌੜ (ਪਹਿਲਾਂ ਜ਼ਿਲ੍ਹਾ ਪਟਿਆਲਾ, ਵਰਤਮਾਨ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ) ਵਿਖੇ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਐਮ.ਏ., ਪੰਜਾਬੀ ਅਤੇ ਹਿੰਦੀ ਕਰਨ ਉਪਰੰਤ ਉਸ ਨੇ ਪੀਐੱਚ.ਡੀ. (ਪੰਜਾਬੀ) ਕੀਤੀ। ਉਹ ਪਹਿਲਾਂ ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਆਪਕ ਰਿਹਾ। ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਦੋ ਸਾਲ ਭਾਸ਼ਾ ਮਾਹਿਰ ਅਤੇ ਇੱਕੀ ਸਾਲ ਤੋਂ ਵੱਧ ਅਰਸਾ ਬੋਰਡ ਦੇ ਹੀ ਪੰਜਾਬੀ ਵਿਕਾਸ ਕੇਂਦਰ ਵਿਚ ਬਤੌਰ ਸਹਾਇਕ ਡਾਇਰੈਕਟਰ ਵਜੋਂ ਕਾਰਜਸ਼ੀਲ ਰਹਿ ਕੇ ਸੇਵਾਮੁਕਤ ਹੋਇਆ।
ਡਾ. ਕਰਨੈਲ ਸਿੰਘ ਸੋਮਲ ਨੂੰ ਬਾਲ-ਸਾਹਿਤ ਲਿਖਣ ਦੀ ਚੇਟਕ ਮੁੱਢ ਤੋਂ ਹੀ ਸੀ। ਉਸ ਦੀ ਧਾਰਣਾ ਸੀ ਕਿ ਬਾਲ ਸਾਹਿਤ ਬੱਚੇ ਦੀ ਉਸ ਹਾਲਤ ਨਾਲ ਸੰਬੰਧਤ ਹੈ ਜਦੋਂ ਉਸ ਨੂੰ ਸੁਣੇ ਹੋਏ ਨੂੰ ਸਮਝਣ ਅਤੇ ਲਿਖੇ ਜਾਂ ਛਪੇ ਹੋਏ ਨੂੰ ਪੜ੍ਹਨਾ ਆ ਗਿਆ ਹੋਵੇ। ਪਰ ਅਫ਼ਸੋਸ ਇਹ ਹੈ ਕਿ ਅਸ਼ਲੀਲ, ਫੂਹੜ ਅਤੇ ਗੁਮਰਾਹ ਕਰਨ ਵਾਲੀਆਂ ਗੱਲਾਂ ਵਾਲੀ ਨਿਰੀ ਉਪਦੇਸ਼ਾਤਮਕ ਅਤੇ ਅਕਾਊ ਕਿਸਮ ਦੀ ਸਮੱਗਰੀ ਨੂੰ ਹੀ ਬਾਲ ਸਾਹਿਤ ਸਮਝਿਆ ਜਾਣ ਲੱਗ ਪਿਆ ਹੈ।
ਡਾ. ਸੋਮਲ ਨੇ ਬੱਚਿਆਂ ਲਈ ਵੱਡੀ ਗਿਣਤੀ ਵਿਚ ਕਹਾਣੀ ਪੁਸਤਕਾਂ ਲਿਖੀਆਂ ਹਨ। ਜਿੱਥੇ ਉਸ ਦੀਆਂ ਬਾਲ ਕਹਾਣੀਆਂ ਦੀਆਂ ਪੈੜਾਂ ਪਿਛਲੀਆਂ ਸਦੀਆਂ ਤੱਕ ਵਿਛੀਆਂ ਦਿਖਾਈ ਦਿੰਦੀਆਂ ਹਨ ਉੱਥੇ ‘ਈਸਪ’,‘ਪੰਚਤੰਤਰ’ ਜਾਂ ‘ਹਿਤੋਪਦੇਸ਼’ ਵਾਲੇ ਦਿਲਚਸਪ ਕਥਾਨਕਾਂ ਨੂੰ ਉਸ ਨੇ ਪੁਨਰ-ਸੁਰਜੀਤ ਕਰਨ ਦਾ ਸਾਰਥਿਕ ਯਤਨ ਵੀ ਕੀਤਾ ਹੈ। ਉਸ ਦੀਆਂ ਕਹਾਣੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਦਿਆਂ ਬਾਲ ਮਨਾਂ ਵਿਚ ਉਸਾਰੂ ਅਤੇ ਤਰਕਸੰਗਤ ਦ੍ਰਿਸ਼ਟੀਕੋਣ ਪੈਦਾ ਕਰਦੀਆਂ ਹਨ। ਉਸ ਦੀਆਂ ਕਹਾਣੀਆਂ ਵਿਚ ਕਦੇ ਕੀੜੀ ਦਾ ਆਟਾ ਡੁੱਲ੍ਹਦਾ ਹੈ, ਦਾਦਾ ਜੀ ਭੂਤ ਬਣਦੇ ਹਨ, ਕਿਤੇ ਸੁਨਹਿਰੀ ਹਿਰਨ ਚੁੰਗੀਆਂ ਭਰਦੇ ਵਿਖਾਈ ਦਿੰਦੇ ਹਨ, ਕਿਧਰੇ ਸ਼ੇਰ ਉਪਕਾਰ ਨੂੰ ਨਹੀਂ ਭੁਲਾਉਂਦਾ, ਕਦੇ ਲੇਲਾ ਨਾਨਕੇ ਪਿੰਡ ਜਾ ਕੇ ਹੁਸ਼ਿਆਰੀ ਦਾ ਪ੍ਰਮਾਣ ਦਿੰਦਾ ਹੈ। ਇਸੇ ਤਰ੍ਹਾਂ ਚੂਹੇ ਅਤੇ ਬਿੱਲੀ ਦੀ ਦੌੜ ਬੱਚਿਆਂ ਦੀਆਂ ਅੱਖਾਂ ਸਾਹਵੇਂ ਸਜੀਵ ਦ੍ਰਿਸ਼ ਚਿਤਰਣ ਪੇਸ਼ ਕਰਦੀ ਹੈ। ਉਸ ਦੇ ਸਿਰਜੇ ਬਾਲ ਸਾਹਿਤ ਵਿਚ ‘ਅਕਲਮੰਦ ਲੰਗੂਰ’, ‘ਸੋਨੇ ਦੇ ਆਂਡੇ ਦੇਣ ਵਾਲੀ ਕੁੱਕੜੀ’, ‘ਬਿੱਲੀ ਦੇ ਬਲੂੰਗੜੇ’, ‘ਵੇ ਤੋਤਿਆ ਮਨਮੋਤਿਆ’, ‘ਸਿਆਣਾ ਕਬੂਤਰ’, ‘ਚਿੜੀ ਅਤੇ ਕਾਂ ਨੇ ਖਿਚੜੀ ਰਿੰਨ੍ਹੀ’, ‘ਕਿੰਨੀ ਸੋਹਣੀ ਵੇਖ ਸਵੇਰ’, ‘ਝੂਟੇ’, ‘ਇਹ ਪ੍ਰਾਹੁਣੇ ਫੁੱਲ ਕਿਥੋਂ ਆਏ ਨੇ?’, ‘ਪੈਂਟ ਦੀ ਜੇਬ ਵਿਚ ਹਾਂ ਅੰਕਲ!’ ਆਦਿ ਅਨੇਕ ਕਹਾਣੀਆਂ ਤੇ ਕਾਵਿ-ਪੁਸਤਕਾਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦੇ ਨਾਇਕ ਨਿਰਭੈ ਵਿਵਹਾਰ ਦੇ ਮਾਲਕ ਹਨ ਜੋ ਸਮਕਾਲੀਨ ਪ੍ਰਸਥਿਤੀਆਂ ਨਾਲ ਟੱਕਰ ਲੈ ਕੇ ਮਜ਼ਲੂਮਾਂ ਦੀ ਧਿਰ ਬਣਦੇ ਹਨ। ਉਨ੍ਹਾਂ ਦੀ ਰਖਵਾਲੀ ਕਰਕੇ ਪ੍ਰੇਰਣਾ ਦੇ ਸੋਮੇ ਬਣਦੇ ਹਨ ਅਤੇ ਆਦਰਸ਼ ਸਿਰਜਦੇ ਹਨ। ਇਹ ਸਚਿੱਤਰ ਪੁਸਤਕਾਂ ਰੌਚਿਕ, ਕਲਿਆਣਕਾਰੀ, ਨਿੱਗਰ ਕਦਰਾਂ ਕੀਮਤਾਂ ਨੂੰ ਸੰਚਾਰਿਤ ਕਰਨ ਦੇ ਨਾਲ ਨਾਲ ਬਾਲਾਂ ਦੀ ਸੁਹਜਾਤਮਕ ਸੂਝ-ਬੂਝ ਵਧਾਉਂਦੀਆਂ ਹਨ ਅਤੇ ਬੱਚਿਆਂ ਨੂੰ ਭਾਸ਼ਾਈ ਅਤੇ ਸਭਿਆਚਾਰਕ ਅਮੀਰੀ ਦੇ ਦਰਸ਼ਨ ਵੀ ਕਰਵਾਉਂਦੀਆਂ ਹਨ। ਡਾ. ਸੋਮਲ ਨੇ ਸਕੂਲੀ ਵਿਦਿਆਰਥੀਆਂ ਲਈ ‘ਰੌਚਕ ਪੰਜਾਬੀ ਵਿਆਕਰਨ’ ਅਤੇ ‘ਨਿਵੇਕਲੇ ਪੰਜਾਬੀ ਲੇਖ’ ਪੁਸਤਕ ਲੜੀ ਤੋਂ ਇਲਾਵਾ ‘ਸਿੱਖੀ ਸੰਥਾਵਲੀ’ ਨਾਂ ਹੇਠ ਛੇ ਭਾਗਾਂ ਦੀ ਰਚਨਾ ਕੀਤੀ ਹੈ ਤਾਂ ਜੋ ਅਜੋਕੀ ਪੀੜ੍ਹੀ ਵਿਚ ਸਿੱਖਿਆ ਰਾਹੀਂ ਚੇਤਨਾ ਦਾ ਪ੍ਰਚਾਰ ਦਾ ਪਸਾਰ ਕੀਤਾ ਜਾ ਸਕੇ। ਇਉਂ ਡਾ. ਸੋਮਲ ਦਾ ਬਾਲ ਸਾਹਿਤ ਬੱਚਿਆਂ ਨੂੰ ਜੀਵਨ ਪ੍ਰਤੀ ਨਾਕਾਰਾਤਮਕ ਪਹੁੰਚ ਰੱੱਦ ਕਰਕੇ ਸਾਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ‘ਇਸ ਘੋੜੇ ਦੀਆਂ ਵਾਗਾਂ ਫੜੋ’ ਸਮੇਤ ਉਸ ਦੀਆਂ ਕਈ ਹੋਰ ਬਾਲ ਪੁਸਤਕਾਂ ਨੂੰ ਵੱਖ ਵੱਖ ਅਦਾਰਿਆਂ ਵੱਲੋਂ ਪੁਰਸਕਾਰ ਵੀ ਮਿਲ ਚੁੱਕੇ ਹਨ। ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਪੰਜਾਬੀ ਪਾਠ-ਪੁਸਤਕਾਂ ਵਿਚ ਉਸ ਦਾ ਸਾਹਿਤ ਬਾਲਾਂ ਦਾ ਹਾਣੀ ਬਣਿਆ ਹੋਇਆ ਹੈ।
ਡਾ. ਕਰਨੈਲ ਸਿੰਘ ਸੋਮਲ ਦੀ ਲੇਖਣੀ ਵਿਚ ਪ੍ਰੋੜ੍ਹ ਸਾਹਿਤ ਵੀ ਸ਼ਾਮਿਲ ਹੈ ਜੋ ਅੱਲ੍ਹੜ ਪਾਠਕ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਸ ਦੀਆਂ ਗੱਦ ਪੁਸਤਕਾਂ ਵਿਚੋਂ ਪਹਿਲੀ ਪੁਸਤਕ ‘ਜ਼ਿੰਦਗੀ ਉਤਸਵ ਹੈ’ ਤੋਂ ਲੈ ਕੇ ‘ਜ਼ਿੰਦਗੀ ਦੀ ਰੌਣਕ’, ‘ਜੀਵਨ ਜੁਗਤਾਂ ਦੀ ਤਲਾਸ਼’, ‘ਜਿਊਣਾ ਆਪਣੀ ਮੌਜ ’ਚ’, ‘ਨਿਤ ਚੜ੍ਹਦੈ ਨਵੇਂ ਸਾਲ ਦਾ ਸੂਰਜ’, ‘ਫ਼ੁਰਸਤ ਦੇ ਪਲ’, ‘ਕਲਾਮਈ ਜੀਵਨ ਦੀ ਤਾਂਘ’, ‘ਸਾਡੇ ਅੰਬਰਾਂ ਦੇ ਤਾਰੇ’ ਪੁਸਤਕਾਂ ਦੇ ਵਿਸ਼ੈ ਜਿਊਣ ਚੱਜ, ਜਿਊਣ-ਆਚਾਰ, ਮਨੁੱਖੀ ਜੀਵਨ ਦੇ ਉਦੇਸ਼ ਅਤੇ ਆਦਰਸ਼ਾਂ ਬਾਰੇ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਲਿਖੇ ਹੋਏ ਹਨ ਜਿਨ੍ਹਾਂ ਵਿਚੋਂ ਪ੍ਰਿੰ. ਤੇਜਾ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਪ੍ਰੋ. ਪੂਰਨ ਸਿੰਘ ਦੀ ਸ਼ੈਲੀ ਦੇ ਝਲਕਾਰੇ ਮਿਲਦੇ ਹਨ। ਇਨ੍ਹਾਂ ਪੁਸਤਕਾਂ ਵਿਚਲੇ ਮਜ਼ਮੂਨ ਸਰਲਤਾ, ਸਪੱਸ਼ਟਤਾ, ਨਿਆਂਸ਼ੀਲਤਾ, ਸੁਭਾਵਿਕਤਾ, ਠੋਸਪੁਣੇ ਅਤੇ ਊਰਜਾ ਨਾਲ ਭਰਪੂਰ ਹਨ ਜਿਸ ਉਪਰ ਉਸ ਦੇ ਨਿੱਜਤਵ ਦੀ ਛਾਪ ਲੱਗੀ ਸਪੱਸ਼ਟ ਵਿਖਾਈ ਦਿੰਦੀ ਹੈ। ਡਾ. ਕੇਸਰ ਸਿੰਘ ਕੇਸਰ ਨੇ ਕਿਹਾ ਸੀ ਕਿ ਉਸ ਦੀ ਭਾਸ਼ਾ-ਸ਼ੈਲੀ ਨਾ ਕੇਵਲ ਚਿੰਤਨਮਈ, ਰਚਨਾਤਮਕ ਜਾਂ ਦਾਰਸ਼ਨਿਕ ਤਰਲਤਾ ਵਾਲੀ ਹੈ ਸਗੋਂ ਉਸ ਵਿਚ ਇਕ ਤਾਜ਼ਗੀ, ਅਮੀਰੀ ਅਤੇ ਹਲੂਣਾ ਦੇਣ ਵਾਲੀ ਸ਼ਕਤੀ ਹੈ। ਉਸ ਦੀ ਵਾਰਤਕ ਚੜ੍ਹਦੀ ਕਲਾ ਅਤੇ ਉਤਸ਼ਾਹਮਈ ਸੋਚ ਦਾ ਸਮਰਥਨ ਕਰਦੀ ਹੈ।
ਡਾ. ਸੋਮਲ ਨੇ ਜਿੱਥੇ ਭਾਈ ਦਿੱਤ ਸਿੰਘ ਗਿਆਨੀ ਦੇ ਜੀਵਨ ਅਤੇ ਰਚਨਾ ਬਾਰੇ ਪੁਸਤਕ ਦੀ ਰਚਨਾ ਕੀਤੀ ਹੈ ਉੱਥੇ ਇਸ ਅਜ਼ੀਮ ਸ਼ਖ਼ਸੀਅਤ ਦੀ ਚੋਣਵੀਂ ਰਚਨਾਵਲੀ ਦਾ ਸੰਪਾਦਨਾ ਵੀ ਕੀਤਾ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ ਹੈ। ਉਸ ਦੀ ਗੁਰਬਖ਼ਸ਼ ਸਿੰਘ ਕੇਸਰੀ ਸੰਬੰਧੀ ਖੋਜ ਪੁਸਤਕ ਵੀ ਜ਼ਿਕਰਯੋਗ ਹੈ।
ਸਲਿੰਦਰ ਕੌਰ ਦਾ ਜੀਵਨ ਸਾਥੀ ਅਤੇ ਦੋ ਧੀਆਂ ਮਨਪ੍ਰੀਤ ਕੌਰ ਤੇ ਜਗਪ੍ਰੀਤ ਕੌਰ ਦਾ ਆਦਰਸ਼ ਪਿਤਾ ਡਾ. ਕਰਨੈਲ ਸਿੰਘ ਸੋਮਲ ਸਹਿਜਮਈ ਜੀਵਨ ਬਿਤਾਉਂਦਿਆਂ ਅੱਜ ਵੀ ਅਦਬੀ ਸਰੋਕਾਰਾਂ ਅਤੇ ਸੋਸ਼ਲ ਮੀਡੀਆ ਦੇ ਰੂਪ ਵਿਚ ਬਾਲ ਸਾਹਿਤ ਸਰਗਰਮੀਆਂ ਵਿਚ ਮਸ਼ਰੂਫ਼ ਵੇਖਿਆ ਜਾ ਸਕਦਾ ਹੈ।
* ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ।
ਸੰਪਰਕ: 98144-23703