ਚਰਨਜੀਤ ਸਿੰਘ ਰਾਜੌਰ
ਸੋਚਣ ਦੀ ਲੋੜ ਹੈ ਕਿ ਕੀ ਅਸੀਂ ਸਮਾਜ ਨੂੰ ਸੇਧ ਦੇਣ ਵਾਲਿਆਂ ਦੀਆਂ ਮਿਸਾਲਾਂ ਦੇ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਵਰਗਾ ਬਣਨ ਲਈ ਉਤਸ਼ਾਹਿਤ ਕਰ ਰਹੇ ਹਾਂ? ਜਦੋਂ ਅਸੀਂ ਛੋਟੇ ਹੁੰਦੇ ਸਾਂ ਉਦੋਂ ਸਾਡੇ ਮਾਪੇ, ਸਾਡੇ ਵੱਡੇ ਅਤੇ ਅਧਿਆਪਕ ਸਾਨੂੰ ਦੇਸ਼ ਭਗਤਾਂ, ਗੁਰੂਆਂ-ਪੀਰਾਂ ਦੀਆਂ ਕਹਾਣੀਆਂ ਸੁਣਾ ਕੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕਰਦੇ ਸਨ। ਪਰ ਸਮਾਂ ਬਦਲ ਚੁੱਕਿਆ ਹੈ। ਅੱਜ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ, ਜਿੱਥੇ ਨਿੱਤ ਸਾਡੇ ਆਦਰਸ਼ ਬਦਲਦੇ ਰਹਿੰਦੇ ਹਨ। ਸੋਸ਼ਲ ਸਾਈਟਾਂ ਨੇ ਅੱਜ ਦੇ ਨੌਜਵਾਨਾਂ ਨੂੰ ਬਹੁਤ ਇਹੋ ਜਿਹੇ ਆਦਰਸ਼ ਦੇ ਦਿੱਤੇ ਹਨ ਜਿਹੜੇ ਸਿਰਫ਼ ਸੋਸ਼ਲ ਮੀਡੀਆ ਤੱਕ ਹੀ ਸੀਮਤ ਹਨ। ਅੱਜ ਦੇ ਸਮੇਂ ਵਿੱਚ ਸਾਰੇ ਨਹੀਂ ਪਰ ਬਹੁਤੇ ਨੌਜਵਾਨ ਕਲਾਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੂੰ ਹੀ ਆਪਣਾ ਆਦਰਸ਼ ਮੰਨਣ ਲੱਗੇ ਹਨ, ਜੋ ਹੈਰਾਨ ਦੇ ਨਾਲ-ਨਾਲ ਪ੍ਰੇਸ਼ਾਨ ਕਰਨ ਵਾਲੀ ਗੱਲ ਵੀ ਹੈ। ਪਹਿਲਾਂ ਤਾਂ ਇਨ੍ਹਾਂ ਸੋਸ਼ਲ ਸਾਈਟਾਂ, ਗੀਤਾਂ ਦੀਆਂ ਵੀਡੀਓਜ਼ ਅਤੇ ਫਿਲਮਾਂ ਨੇ ਬਾਹਰਲੇ ਮੁਲਕਾਂ ਦੀ ਫੋਕੀ ਚਕਾਚੌਂਧ ਭਰੀ ਜ਼ਿੰਦਗੀ, ਉੱਥੇ ਦੀਆਂ ਕੁਝ ਗਿਣੀਆਂ-ਚੁਣੀਆਂ ਥਾਵਾਂ ਵਿਖਾ ਕੇ, ਬਹੁਤ ਹੱਦ ਤੱਕ ਪੰਜਾਬ ਦੇ ਬਹੁਤੇ ਨੌਜਵਾਨਾਂ ਵਿੱਚ ਬਾਹਰਲੇ ਮੁਲਕਾਂ ਪ੍ਰਤੀ ਉਤਸੁਕਤਾ ਜਗਾ ਦਿੱਤੀ।
ਨਤੀਜੇ ਵਜੋਂ ਪੰਜਾਬ ਦੀ ਨੌਜਵਾਨੀ ਵੱਡੀ ਤਾਦਾਦ ਵਿੱਚ ਬਾਹਰਲੇ ਮੁਲਕਾਂ ਵੱਲ ਪਰਵਾਸ ਕਰ ਰਹੀ ਹੈ। ਬਾਕੀ ਜਿਹੜੇ ਨੌਜਵਾਨ ਮੁੰਡੇ-ਕੁੜੀਆਂ ਇੱਥੇ ਰਹਿ ਗਏ ਹਨ, ਉਨ੍ਹਾਂ ਨੂੰ ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਇੰਸਟਾਗ੍ਰਾਮ, ਟਿਕਟਾਕ ’ਤੇ ਬਣ ਰਹੀਆਂ ਵੀਡੀਓਜ਼, ਮੌਜੂਦਾ ਸਮੇਂ ਵਿੱਚ ਆ ਰਹੇ ਗੀਤਾਂ ਅਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਦੀ ਦਿੱਖ ਅਪਣਾਉਣ ਦੀ ਚੂਹਾ ਦੌੜ ਨੇ ਹੋਰਨਾਂ ਰਾਜਾਂ ਦੇ ਨੌਜਵਾਨਾਂ ਤੋਂ ਬਹੁਤ ਪਿੱਛੇ ਹੱਕ ਦਿੱਤਾ ਹੈ। ਰੋਜ਼ ਆਉਣ ਵਾਲੇ ਸਾਰੇ ਨਹੀਂ ਪਰ ਬਹੁਤੇ ਪੰਜਾਬੀ ਗੀਤਾਂ ਵਿੱਚ ਪਿਸਤੌਲ, ਧੱਕਾ ਅਤੇ ਲੜਾਈ-ਝਗੜਿਆਂ ਦਾ ਜ਼ਿਕਰ ਆਉਂਦਾ ਹੈ। ਨਵੇਂ ਜਵਾਨ ਹੋ ਰਹੇ ਮੁੰਡੇ ਬਹੁਤ ਹੱਦ ਤੱਕ ਇਨ੍ਹਾਂ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਗੀਤਾਂ ਮੁਤਾਬਕ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਅਤੇ ਜਿਸ ਲਈ ਉਹ ਲੜਾਈ-ਝਗੜੇ, ਚੋਰੀਆਂ ਇੱਥੋਂ ਤੱਕ ਕਿ ਗੀਤਾਂ ਵਿੱਚ ਨਸ਼ਿਆਂ ਨੂੰ ਨੌਜਵਾਨੀ ਦਾ ਜ਼ਰੂਰੀ ਅੰਗ ਦੱਸਣ ਆਦਿ ਨੂੰ ਵੇਖ ਕੇ ਆਪਣੇ ਆਪ ਨੂੰ ਦਹਿਸ਼ਤੀ ਸਾਬਤ ਕਰਨ ਲਈ ਗੀਤਾਂ ਤੇ ਵੀਡੀਓਜ਼ ਮੁਤਾਬਕ ਹੀ ਵਰਤ ਵਿਹਾਰ ਕਰਨ ਲੱਗਦੇ ਹਨ।
ਕਿੱਧਰ ਨੂੰ ਜਾ ਰਿਹਾ ਹੈ ਪੰਜਾਬ? ਇਹ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿ ਕਿਵੇਂ ਅਸੀ ਆਪਣੇ ਸੱਭਿਆਚਾਰ ਨਾਲੋਂ ਟੁੱਟਦੀ ਪੰਜਾਬ ਦੀ ਨੌਜਵਾਨੀ ਨੂੰ ਮੁੜ ਆਪਣੇ ਸੱਭਿਆਚਾਰ ਨਾਲ਼ ਜੋੜ ਸਕਦੇ ਹਾਂ। ਇਸ ਸਾਰੇ ਵਰਤਾਰੇ ਪਿੱਛੇ ਜਿੰਨੀਆਂ ਕਸੂਰਵਾਰ ਸਰਕਾਰਾਂ ਹਨ ਉਸ ਨਾਲੋਂ ਵੱਧ ਜ਼ਿੰਮੇਵਾਰ ਮਾਂ-ਪਿਓ ਵੀ ਹਨ। ਇਸ ਦੇ ਬਚਾਅ ਲਈ ਮਾਪਿਆਂ ਨੂੰ ਸਭ ਤੋਂ ਪਹਿਲਾਂ ਆਪ ਇਸ ਮੋਬਾਈਲ ਕਲਚਰ ਨੂੰ ਖ਼ਤਮ ਕਰਨਾ ਪੈਣਾ ਹੈ ਕਿਉਂਕਿ ਬੱਚਾ ਆਪਣੇ ਤੋਂ ਵੱਡਿਆਂ, ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੇਖ ਕੇ ਹੀ ਬਹੁਤ ਕੁਝ ਸਿੱਖਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਜਵਾਨ ਹੋ ਰਹੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪਹਿਲੇ ਸਮਿਆਂ ਵਿੱਚ ਸਾਂਝੇ ਪਰਿਵਾਰ ਹੁੰਦੇ ਸਨ ਪਰਿਵਾਰ ਦਾ ਸਭ ਤੋਂ ਵੱਡਾ ਬਜ਼ੁਰਗ ਪਰਿਵਾਰ ਦਾ ਮੁਖੀ ਹੁੰਦਾ ਸੀ। ਸਾਰਾ ਪਰਿਵਾਰ ਉਸ ਤੋਂ ਡਰਦਾ ਵੀ ਸੀ ਅਤੇ ਉਸ ਦੀ ਇੱਜ਼ਤ ਵੀ ਕਰਦਾ ਸੀ। ਪਰਿਵਾਰ ਦਾ ਕੋਈ ਵੀ ਵੱਡਾ ਜੀਅ ਆਪਣੇ ਤੋਂ ਛੋਟੇ ਨੂੰ ਗਲਤੀ ਕਰਨ ਤੇ ਡਾਂਟ ਸਕਦਾ ਸੀ, ਸਮਝਾ ਸਕਦਾ ਸੀ, ਜਦਕਿ ਅੱਜ ਦੇ ਸਮੇਂ ਵਿੱਚ ਇਹ ਸੱਭਿਆਚਾਰ ਲਗਭਗ ਖ਼ਤਮ ਹੀ ਹੋ ਚੁੱਕਿਆ ਹੈ, ਕਿਉਂਕਿ ਅੱਜ ਦੇ ਅਤਿ ਆਧੁਨਿਕਤਾਵਾਦੀ ਯੁੱਗ ਵਿੱਚ ਹਰ ਕੋਈ ਇਕੱਲਾ ਰਹਿਣਾ ਲੋਚਦਾ ਹੈ। ਜਿਹੜੇ ਕੰਮ ਪਹਿਲਾਂ ਬਜ਼ੁਰਗਾਂ ਦੀ ਸਲਾਹ ਨਾਲ ਪੂਰ ਚੜ੍ਹਦੇ ਸਨ ਅੱਜ ਉਹੀ ਕੰਮ ਗੁਗਲ ਜਾਂ ਯੂਟਿਊਬ ’ਤੇ ਸਰਚ ਕਰਨ ਤੇ ਜਾਂ ਸੋਸ਼ਲ ਸਾਈਟਸ ’ਤੇ ਦੱਸੇ ਮੁਤਾਬਕ ਹੋ ਰਹੇ ਹਨ।
ਪਹਿਲਾਂ ਉਦਾਹਰਨਾਂ ਦਸ ਗੁਰੂਆਂ, ਮਹਾਰਾਜਾ ਰਣਜੀਤ ਸਿੰਘ, ਸ਼ਹੀਦਾਂ ਆਦਿ ਦੀਆਂ ਦਿੱਤੀਆਂ ਜਾਂਦੀਆਂ ਸਨ, ਉੱਥੇ ਅੱਜ ਇਸ ਮੋਬਾਈਲ ਸੱਭਿਆਚਾਰ ਨੇ ਸੋਸ਼ਲ ਸਾਈਟਾਂ ਦੀ ਅੰਨ੍ਹੀ ਦੁਰਵਰਤੋਂ ਨੇ ਮਿਸਾਲਾਂ ਦੇਣ ਵਾਲੇ ਅਤੇ ਸੇਧ ਲੈਣ ਵਾਲਿਆਂ ਨੂੰ ਹੀ ਬੌਧਿਕ ਤੌਰ ਤੇ ਖ਼ਤਮ ਕਰਕੇ ਰੱਖ ਦਿੱਤਾ ਹੈ। ਆਓ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਮੋਬਾਈਲ ਅਤੇ ਇੰਟਰਨੈੱਟ ਦੀ ਦੁਰਵਰਤੋਂ ਅਤੇ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਰੋਕੀਏ। ਆਓ ਆਵਾਜ਼ ਉਠਾਈਏ ਉਨ੍ਹਾਂ ਲਿਖਣ ਤੇ ਗਾਉਣ ਅਤੇ ਫ਼ਿਲਮਾਂ ਬਣਾਉਣ ਵਾਲਿਆਂ ਵਿਰੁੱਧ ਜਿਨ੍ਹਾਂ ਨੇ ਪੰਜਾਬ ਦੀ ਸਾਰੀ ਨਹੀਂ ਪਰ ਬਹੁਤੀ ਨੌਜਵਾਨੀ ਨੂੰ ਨਸ਼ਿਆਂ, ਲੜਾਈ-ਝਗੜੇ, ਗੈਂਗਸਟਰਵਾਦ ਵੱਲ ਮੋੜਿਆ ਹੈ। ਆਓ ਅਸੀਂ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਮੁੜ ਤੋਂ ਕਿਤਾਬ ਸੱਭਿਆਚਾਰ ਵੱਲ ਲੈ ਕੇ ਆਈਏ। ਆਓ ਅਸੀਂ ਆਪ ਸਮਝੀਏ ਅਤੇ ਬੱਚਿਆਂ ਨੂੰ ਸਮਝਾਈਏ ਕਿ ਇਨ੍ਹਾਂ ਸੋਸ਼ਲ ਸਾਈਟਸ ਦੇ ਵਿਦਵਾਨਾਂ, ਗੀਤਕਾਰਾਂ, ਗਾਇਕਾਂ ਅਤੇ ਅਦਾਕਾਰਾਂ ਨੇ ਤਾਂ ਪੈਸੇ ਕਮਾਉਣੇ ਹਨ ਜਦਕਿ ਪਰਦੇ ਪਿੱਛੇ ਦੀ ਸੱਚਾਈ ਕੁੱਝ ਹੋਰ ਹੀ ਹੁੰਦੀ ਹੈ।
ਸੰਪਰਕ: 84279-29558