ਅਮਿਤ ਭਾਦੁੜੀ
ਉਸ ਭਿਆਨਕ ਸੁਪਨੇ ਵਿਚੋਂ ਉਹ ਜਾਗੀ ਵੀ ਤਾਂ ਨੀਮ ਬੋਹੋਸ਼ੀ ਜਿਹੀ ਹਾਲਤ ਵਿਚ ਸੀ। ਉਸ ਨੇ ਉਸ ਦਰਿੰਦੇ ਦੀ ਸ਼ਕਲ ਨਹੀਂ ਪਛਾਣੀ ਸੀ। ਉਸ ਨੂੰ ਇਹ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਉਸ ਨੂੰ ਨਿਗਲ ਚੁੱਕਿਆ ਹੈ ਅਤੇ ਉਹ ਉਸ ਦੇ ਢਿੱਡ ਵਿਚ ਹੈ ਜਾਂ ਬਾਹਰ। ਉਹ ਉੱਠ ਕੇ ਬੈਠ ਗਈ ਅਤੇ ਥੋੜ੍ਹਾ ਜਿਹਾ ਪਾਣੀ ਪੀਤਾ। ਡਰਦੇ ਮਾਰੇ ਉਹ ਹਾਲੇ ਵੀ ਕੰਬ ਰਹੀ ਸੀ। ਸੋ, ਅੱਧੀ ਰਾਤ ਨੂੰ ਹੀ ਉਸ ਨੇ ਆਪਣੇ ਸਭ ਤੋਂ ਅਜ਼ੀਜ਼ ਦੋਸਤ ਨੂੰ ਫੋਨ ਕੀਤਾ। ਉੱਧਰੋਂ ਜਵਾਬ ਮਿਲਿਆ: ‘ਫ਼ਿਕਰ ਨਾ ਕਰ, ਤੇਰਾ ਉਹ ਦਰਿੰਦਾ ਉਸ ਜ਼ਹਿਰੀਲੀ ਹਵਾ ਦੀ ਤਰ੍ਹਾਂ ਹੈ ਜਿਸ ਵਿਚ ਤੂੰ ਸਾਹ ਲੈਂਦੀ ਹੈ, ਤੈਨੂੰ ਇਸ ਦੀ ਆਦਤ ਪੈ ਜਾਵੇਗੀ।’
ਫ਼ਾਸ਼ੀਵਾਦ ਵੀ ਜਦੋਂ ਸਰਕਦਾ ਹੋਇਆ ਆਉਂਦਾ ਹੈ ਤਾਂ ਜ਼ਹਿਰਲੀ ਹਵਾ ਜਿਹਾ ਹੀ ਹੁੰਦਾ ਹੈ। ਤੁਹਾਨੂੰ ਉਸ ਦੀ ਭੱਦੀ ਸ਼ਕਲ ਉਦੋਂ ਨਜ਼ਰ ਆਉਣ ਲੱਗਦੀ ਹੈ ਜਦੋਂ ਉਹ ਬਹੁਤ ਖੌਰੂ ਪਾਉਣਾ ਸ਼ੁਰੂ ਕਰਦਾ ਹੈ ਪਰ ਉਦੋਂ ਤੱਕ ਖੇਡ ਹੀ ਖ਼ਤਮ ਹੋਣ ਵਾਲੀ ਹੁੰਦੀ ਹੈ। ਉਹ ਤੁਹਾਨੂੰ ਨਿਗਲ ਚੁੱਕਿਆ ਹੁੰਦਾ ਹੈ। ਇਸ ਲਈ ਫ਼ਾਸ਼ੀਵਾਦ ਦੇ ਲੱਛਣਾਂ ਨੂੰ ਪਛਾਣਨਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ।
ਪਲੈਟੋ ਤੋਂ ਬਾਅਦ ਤੋਂ ਹੀ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਚੀਜ਼ ਦੇ ਹੋਣ ਦਾ ਭੇਤ ਉਸ ਦੀ ਮਾਨਸਿਕ ਬਨਾਵਟ ਵਿਚ ਹੁੰਦਾ ਹੈ। ਤੁਸੀਂ ਹਕੀਕਤ ਵਿਚ ਉਸ ਦਾ ਸਾਹਮਣਾ ਨਹੀਂ ਕਰਦੇ। ਤੁਹਾਨੂੰ ਕੋਈ ਮੁਕੰਮਲ ਗੋਲਾ ਜਾਂ ਮੁਕੰਮਲ ਲੋਕਤੰਤਰ ਦੇਖਣ ਨੂੰ ਨਹੀਂ ਮਿਲਦਾ। ਉਸੇ ਤਰ੍ਹਾਂ ਤੁਸੀਂ ਅਸਲੀ ਦੁਨੀਆ ਵਿਚ ਬਿਲਕੁਲ ਕਿਤਾਬੀ ਕਿਸਮ ਦਾ ਠੇਠ ਫ਼ਾਸ਼ੀਵਾਦ ਨਹੀਂ ਦੇਖਦੇ। ਫਿਰ ਵੀ ਇਸ ਦਾ ਆਕਾਰ ਇਸ ਦੀਆਂ ਕੁਝ ਕਾਲਪਨਿਕ ਵਿਸ਼ੇਸ਼ਤਾਵਾਂ ਵਿਚ ਨਜ਼ਰ ਆ ਹੀ ਜਾਂਦਾ ਹੈ ਅਤੇ ਉਦੋਂ ਅਸੀਂ ਇਨ੍ਹਾਂ ਕਾਲਪਨਿਕ ਮਾਨਸਿਕ ਬਨਾਵਟਾਂ ਦੇ ਵਿਚਕਾਰ ਸਬੰਧ ਲੱਭਣ ਲੱਗਦੇ ਹਾਂ; ਜਿਵੇਂ ਅਸਲੀ ਦੁਨੀਆ ਦੇ ਅਧੂਰੇ ਫ਼ਾਸ਼ੀਵਾਦ ਅਤੇ ਅਸਲੀ ਦੁਨੀਆ ਦੇ ਅਧੂਰੇ ਲੋਕਤੰਤਰ ਦੇ ਵਿਚਕਾਰ ਸੰਭਵ ਸਬੰਧ ਨੂੰ। ਇਨ੍ਹਾਂ ਸਬੰਧਾਂ ਦੇ ਨਾਲ ਹਕੀਕਤ ਦਾ ਮੋਟਾ ਮੋਟਾ ਅੰਦਾਜ਼ਾ ਉਸ ਦੀਆਂ ਬਹੁ-ਆਯਾਮੀ ਜਟਿਲਤਾਵਾਂ ਦੇ ਨਾਲ ਲੱਗ ਜਾਂਦਾ ਹੈ। ਸਾਨੂੰ ਸਮਝ ਆ ਜਾਂਦਾ ਹੈ ਕਿ ਦਰਿੰਦਾ ਖੌਰੂ ਪਾ ਰਿਹਾ ਹੈ।
ਇਸ ਤਰ੍ਹਾਂ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ, ਫ਼ਾਸ਼ੀਵਾਦੀਆਂ ਕੁਝ ਜ਼ਰੂਰੀ ਰਾਜਨੀਤਕ, ਸਮਾਜਿਕ ਤੇ ਆਰਥਿਕ ਵਿਸ਼ੇਸ਼ਤਾਵਾਂ ਦੀ ਪਛਾਣ ਕਰਨੀ ਅਤੇ ਅਗਲਾ ਕਦਮ ਹੋਣਾ ਚਾਹੀਦਾ ਹੈ, ਉਨ੍ਹਾਂ ਵਿਚਕਾਰ ਸਬੰਧਾਂ ਦੀ ਪਛਾਣ ਕਰਨੀ।
ਰਾਜਨੀਤਕ ਪਹਿਲੂ
ਸ਼ਾਇਦ ਇਸ ਦਾ ਸਭ ਤੋਂ ਆਮ ਰਾਜਨੀਤਕ ਰੂਪ ਹੈ ਪਹਿਲਵਾਨ ਛਾਪ ਰਾਸ਼ਟਰਵਾਦ ਦਾ। ਇਹ ‘ਰਾਸ਼ਟਰ ਦੇ ਦੁਸ਼ਮਣਾਂ ਤੋਂ ਰਾਸ਼ਟਰ ਦੀ ਰੱਖਿਆ’ ਦੇ ਲਈ ਸੈਨਿਕ ਸ਼ਕਤੀ ਦੇ ਪ੍ਰਦਰਸ਼ਨ ਦੇ ਜ਼ਰੀਏ ਸਾਹਮਣੇ ਆਉਂਦਾ ਹੈ। ਦੁਸ਼ਮਣ ਬਾਹਰੋਂ ਵੀ ਹੋ ਸਕਦਾ ਹੈ ਅਤੇ ਦੇਸ਼ ਦੇ ਅੰਦਰੋਂ ਵੀ। ਅਜਿਹਾ ਜਤਾਇਆ ਜਾਂਦਾ ਹੈ ਕਿ ਬਾਹਰੀ ਅਤੇ ਅੰਦਰੂਨੀ ਦੁਸ਼ਮਣ ਮਿਲ ਕੇ ‘ਸਾਡੇ’ ਰਾਸ਼ਟਰਵਾਦ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਇਕ ਹੀ ਤੀਰ ਨਾਲ ਦੋ ਸ਼ਿਕਾਰ ਹੋ ਜਾਂਦੇ ਹਨ। ਦੇਸ਼ ਦੇ ਅੰਦਰ ਦਮਨ ਕਰਨ ਦਾ ਵੀ ਬਹਾਨਾ ਮਿਲ ਜਾਂਦਾ ਹੈ ਅਤੇ ਬਾਹਰੀ ਦੁਸ਼ਮਣਾਂ ਦੇ ਵਿਰੁਧ ਜ਼ਹਿਰ ਉਗਲਣ ਦਾ ਵੀ। ਇਸ ਦਾ ਅਸਰ ਨਸ਼ੀਲੀ ਦਵਾਈ ਵਾਂਗ ਹੁੰਦਾ ਹੈ। ਲੋਕ ਮਦਹੋਸ਼ ਹੋ ਕੇ ਮਹਾਂ ਨੇਤਾ ਦੀ ਭਗਤੀ ਵਿਚ ਝੂਮਣ ਲੱਗਦੇ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਹਾਲਾਤ ਯੁੱਧ ਵਰਗੇ ਹਨ ਅਤੇ ਇਸ ਲਈ ਇਹ ਸਮਾਂ ਨਿੱਕੇ ਮੋਟੇ ਝਮੇਲੇ ਖੜ੍ਹੇ ਕਰਨ ਦਾ ਨਹੀਂ ਹੈ। ਬੇਰੁਜ਼ਗਾਰੀ, ਮਹਿੰਗਾਈ, ਅਪਰਾਧ, ਵਾਤਾਵਰਨ ਦੀ ਤਬਾਹੀ ਅਤੇ ਬੈਂਕ ਘੁਟਾਲੇ ਵਰਗੇ ਮਸਲੇ ਬਾਅਦ ਵਿਚ ਸੁਲਝਾਏ ਜਾ ਸਕਦੇ ਹਨ।
ਦੂਜੀ ਗੱਲ ਇਹ ਹੈ ਕਿ ਆਮ ਤੌਰ ਤੇ ਅਜਿਹਾ ਕੋਈ ਯੁੱਧ ਨਹੀਂ ਹੋ ਰਿਹਾ ਹੁੰਦਾ ਪਰ ਮਹਾਂ ਨੇਤਾ ਦੁਆਰਾ ਸਮਝਾਇਆ ਜਾਂਦਾ ਹੈ ਕਿ ਦੇਸ਼ ਯੁੱਧ ਦੇ ਲਈ ਕਮਰ ਕੱਸ ਰਿਹਾ ਹੈ। ਯੁੱਧ ਜਿਹੀ ਐਮਰਜੈਂਸੀ ਘੜਨ ਵੇਲੇ ਦੇਸ਼ਭਗਤੀ ਦੀ ਮੰਗ ਇਹ ਬਣ ਜਾਂਦੀ ਹੈ ਕਿ ਯੁੱਧ ਨਾਇਕਾਂ ਦਾ ਅੱਖਾਂ ਬੰਦ ਕਰ ਕੇ ਗੁਣਗਾਨ ਕੀਤਾ ਜਾਏ ਜਦਕਿ ਅਜਿਹੇ ਜ਼ਿਆਦਾਤਰ ਨਾਇਕ ਤਾਂ ਸ਼ਾਸਕਾਂ ਦੀਆਂ ਨੀਤੀਆਂ ਦੀ ਨਾਕਾਮੀ ਦੀ ਵਜ੍ਹਾ ਨਾਲ ਹੀ ‘ਸ਼ਹੀਦ’ ਹੁੰਦੇ ਰਹਿੰਦੇ ਹਨ।
ਸਮਾਜਿਕ ਪਹਿਲੂ
ਰਾਸ਼ਟਰ ਰਾਜ ਤੇ ਹਾਵੀ ਹੋ ਚੁੱਕੀਆਂ ਤਾਕਤਾਂ ਰਾਸ਼ਟਰਵਾਦ ਨੂੰ ਹੀ ਸਮੁੱਚੀ ਰਾਜਨੀਤੀ ਦੀ ਭਾਸ਼ਾ ਬਣਾ ਦਿੰਦੀਆਂ ਹਨ। ਕਿਸੇ ਲਈ ਵੀ ਇਸ ਤੋਂ ਬਚਣਾ ਮੁਸ਼ਕਿਲ ਹੁੰਦਾ ਹੈ। ਸੋ, ਕੁਲ ਮਿਲਾ ਕੇ ਸਾਰੇ ਉਹੀ ਭਾਸ਼ਾ ਬੋਲਣ ਲੱਗਦੇ ਹਨ। ਫ਼ਾਸ਼ੀਵਾਦ ਦਾ ਇਕ ਹੋਰ ਠੇਠ ਚਰਿੱਤਰ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਐਮਰਜੈਂਸੀ ਵਰਗੇ ਹਾਲਾਤ ਘੜਦਾ ਹੈ ਅਤੇ ‘ਸਾਡੇ’ ਰਾਸ਼ਟਰਵਾਦ ਦੇ ਬਾਹਰੀ ਦੁਸ਼ਮਣਾਂ ਦੇ ਵਿਰੁਧ ਦੇਸ਼ਭਗਤੀ ਦੇ ਫ਼ਰਜ਼ ਤੈਅ ਕਰ ਦਿੰਦਾ ਹੈ। ਫ਼ਾਸ਼ੀਵਾਦੀ ਰੁਝਾਨ ਸਭ ਤੋਂ ਤੇਜ਼ ਗਤੀ ਨਾਲ ਉਦੋਂ ਜ਼ੋਰ ਫੜਦਾ ਹੈ ਜਦੋਂ ਰਾਸ਼ਟਰਵਾਦ ਤੇ ਢੁਕਾਏ ਅਖੌਤੀ ਖ਼ਤਰੇ ਨੂੰ ਘੱਟਗਿਣਤੀ ਧਾਰਮਿਕ ਜਾਂ ਪ੍ਰਜਾਤੀ ਸਮੂਹ ਜਾਂ ਵੱਖਰੀਆਂ ਸੰਸਕ੍ਰਿਤਕ ਪਰੰਪਰਾਵਾਂ ਵਾਲੇ ਸ਼ਰਨਾਰਥੀਆਂ ਦੀ ਪਛਾਣ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਰਾਸ਼ਟਰ ਨੂੰ ਇਕ ਸੂਤਰ ਵਿਚ ਪਰੋਈ ਰੱਖਣ ਵਾਲੀਆਂ ਪਰੰਪਰਾਵਾਂ ਦੇ ਵਿਰੁੱਧ ਕੰਮ ਕਰਨ ਵਾਲੀਆਂ ਦੱਸ ਕੇ ਉਨ੍ਹਾਂ ਵਿਰੁੱਧ ਵੈਰ-ਵਿਰੋਧ ਅਤੇ ਨਫ਼ਰਤ ਫੈਲਾਈ ਜਾਂਦੀ ਹੈ। ‘ਸਾਡੀਆਂ’ ਪਰੰਪਰਾਵਾਂ ਦੇ ਪ੍ਰਤੀ ਭਗਤੀ ਅਤੇ ਆਦਰ-ਸਤਿਕਾਰ ਹੀ ਸਭ ਤੋਂ ਵੱਡੀ ਗੱਲ ਬਣਾ ਦਿੱਤੀ ਜਾਂਦੀ ਹੈ। ਆਧੁਨਿਕਤਾ ਨੂੰ ਲਾਂਭੇ ਰੱਖਿਆ ਜਾਣ ਲੱਗਦਾ ਹੈ।
ਫਿਰ ਵੀ ਇਕ ਅੰਤਰ-ਵਿਰੋਧ ਸਾਹਮਣੇ ਆ ਖੜ੍ਹਾ ਹੁੰਦਾ ਹੈ। ਪਹਿਲਵਾਨ ਛਾਪ ਰਾਸ਼ਟਰਵਾਦ ਦਾ ਪ੍ਰਦਰਸ਼ਨ ਕਰਨ ਵਾਲੀਆਂ ਫ਼ਾਸ਼ੀਵਾਦ ਹਕੂਮਤਾਂ ਨੂੰ ਫ਼ੌਜੀ ਸਾਜ਼ੋ-ਸਮਾਨ ਤਾਂ ਚਾਹੀਦਾ ਹੀ ਹੁੰਦਾ ਹੈ। ਉਨ੍ਹਾਂ ਨੂੰ ਡਿਜੀਟਲ ਜ਼ਮਾਨੇ ਦੀ ਕੂੜ ਪ੍ਰਚਾਰ ਮਸ਼ੀਨਰੀ ਵੀ ਚਾਹੀਦੀ ਹੁੰਦੀ ਹੈ। ਇਸ ਤਰ੍ਹਾਂ ਰੱਖਿਆ ਅਤੇ ਕੂੜ ਪ੍ਰਚਾਰ ਦੇ ਮਾਮਲਿਆਂ ਵਿਚ ਆਧੁਨਿਕ ਤਕਨਾਲੋਜੀ ਅਤੇ ਜਾਤੀ, ਲਿੰਗਕ, ਧਾਰਮਿਕ ਤੇ ਨਸਲੀ ਮਾਮਲੇ ਵਿਚ ਆਧੁਨਿਕਤਾ ਵਿਰੋਧ ਅਤੇ ਪਰੰਪਰਾ ਦਾ ਮਹਿਮਾ ਮੰਡਨ ਨਾਲ ਨਾਲ ਚੱਲਦੇ ਹਨ। ਇਹ ਫ਼ਾਸ਼ੀਵਾਦ ਸੋਚ ਦੀਆਂ ਦੋ ਵੱਡੀਆਂ ਸਪੱਸ਼ਟ ਵਿਸ਼ੇਸ਼ਤਾਵਾਂ ਹਨ।
ਮੀਡੀਆ ਦੀ ਭੂਮਿਕਾ
ਫ਼ਾਸ਼ੀਵਾਦ ਵਿਚਾਰਧਾਰਾ ਦੇ ਪ੍ਰਚਾਰ ਅਤੇ ਯੁੱਧ ਵਰਗੇ ਹਾਲਾਤ ਦਿਖਾਉਣ ਵਿਚ ਮੀਡੀਆ ਦੀ ਭੂਮਿਕਾ ਫੈਸਲਾਕੁਨ ਹੁੰਦੀ ਹੈ। ਇਸ ਲਈ ਇਹ ਅੰਤਰ-ਵਿਰੋਧ ਹੋਰ ਡੂੰਘਾ ਹੋ ਜਾਂਦਾ ਹੈ। ਬੁੱਧੀ ਵਿਵੇਕ ਅਤੇ ਜਾਗਰੂਕਤਾ ਦੇ ਮਹਾਂ ਵਿਨਾਸ਼ਕ ਹਥਿਆਰ ਦੇ ਰੂਪ ਵਿਚ ਮਹਾਂ ਨੇਤਾ ਨੂੰ ਡਿਜੀਟਲ ਜਨ-ਸੰਚਾਰ ਦੇ ਆਧੁਨਿਕ ਤਰੀਕਿਆਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣੀ ਹੁੰਦੀ ਹੈ। ਕਿਸੇ ਵੀ ਬਾਹਰੀ ਇਨਸਾਨ ਨੂੰ ਇਹ ਗੱਲ ਬਹੁਤ ਊਟ-ਪਟਾਂਗ ਲੱਗ ਸਕਦੀ ਹੈ ਕਿ ਕੋਈ ਰਾਜਨੇਤਾ ਇਕ ਤਸਵੀਰ ਵਿਚ ਤਾਂ ਅਤਿ-ਆਧੁਨਿਕ ਹਥਿਆਰਾਂ ਦੀ ਪੂਜਾ ਕਰਦਾ ਨਜ਼ਰ ਆਉਂਦਾ ਹੈ ਅਤੇ ਅਗਲੀ ਹੀ ਤਸਵੀਰ ਵਿਚ ਉਹ ਪੇਸ਼ੇਵਰ ਸਾਇੰਸਦਾਨਾਂ ਦੇ ਅੱਗੇ ਪ੍ਰਵਚਨ ਦਿੰਦਾ ਦਿਖਾਈ ਦਿੰਦਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਮਾਮਲੇ ਵਿਚ ਅਸੀਂ ਪ੍ਰਾਚੀਨ ਕਾਲ ਵਿਚ ਵੀ ਕਿੰਨੇ ਵਿਕਸਿਤ ਸੀ।
ਖ਼ਬਰਾਂ ਨਾ ਸਿਰਫ਼ ਘੜੀਆਂ ਜਾਂਦੀਆਂ ਹਨ ਬਲਕਿ ਸੈਂਸਰ ਵੀ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਇਹ ਸੈਂਸਰ ਸਰਕਾਰ ਵਲੋਂ ਨਹੀਂ ਥੋਪਿਆ ਗਿਆ ਹੁੰਦਾ। ਇਸ ਨੂੰ ਮੀਡੀਆ ਨੇ ਆਪਣੇ ਆਪ ਹੀ ਧਾਰਨ ਕਰ ਲਿਆ ਹੁੰਦਾ ਹੈ। ਇਸ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਬੇਰੁਜ਼ਗਾਰੀ, ਕਿਸਾਨਾਂ ਦੇ ਦੁੱਖ ਦਰਦ, ਜਾਤੀ ਜ਼ੁਲਮ, ਨਸਲੀ ਹੱਤਿਆਵਾਂ, ਬਲਾਤਕਾਰ ਵਰਗੀਆਂ ਉਨ੍ਹਾਂ ਸਾਰੀਆਂ ਖ਼ਬਰਾਂ ਨੂੰ ਜਿਥੋਂ ਤੱਕ ਸੰਭਵ ਹੋਵੇ, ਗ਼ਾਇਬ ਹੀ ਕਰ ਦਿੱਤਾ ਜਾਵੇ ਜਿਸ ਵਿਚੋਂ ਰਾਸ਼ਟਰਵਾਦ ਦਾ ਪਾਗਲਪਣ ਭੜਕਾਉਣ ਵਿਚ ਖਲਲ ਪੈਂਦਾ ਹੋਵੇ। ਫ਼ਰਜ਼ੀ ਖ਼ਬਰਾਂ ਉਚੇਚ ਨਾਲ ਵੀ ਘੜੀਆਂ ਜਾਂਦੀਆਂ ਹਨ ਅਤੇ ਬਿਨਾਂ ਉਚੇਚ ਨਾਲ ਵੀ। ਜਿਵੇਂ ਵਿੰਸਟਨ ਚਰਚਿਲ ਦੇ ਸ਼ਬਦਾਂ ਦੀ ਨਕਲ ਕਰ ਕੇ ਅਲਦਸ ਹਕਸਲੇ ਨੇ ਕਿਹਾ ਸੀ: ‘ਕਦੇ ਵੀ ਏਨੇ ਸਾਰੇ ਲੋਕਾਂ ਨੂੰ ਏਨੇ ਘੱਟ ਲੋਕ ਬਹਿਕਾ ਨਹੀਂ ਸਕੇ ਸਨ।’ (ਬ੍ਰੇਵਨਿਊ ਵਰਲਡ ਰੀਵਿਜ਼ਿਟਡ, ਲੰਡਨ, ਵਿੰਟੇਜ ਬੁੱਕਸ, 1997, ਪੰਨਾ 27)। ਇਸ ਸਾਰੇ ਕੁਝ ਤੋਂ ਬਾਅਦ ਵੀ ਜੇ ਕੁਝ ਲੋਕਾਂ ਦੀ ਅਸਹਿਮਤੀ ਬਣੀ ਹੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਗ਼ੈਰਕਾਨੂੰਨੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਅਤੇ ਵਿਚਾਰਾਂ ਤੇ ਲਗਾਮ ਕੱਸਣ ਵਾਲੇ ਸਖ਼ਤ ਕਾਨੂੰਨਾਂ ਨਾਲ ਟਿਕਾਣੇ ਲਗਾ ਦਿੱਤਾ ਜਾਂਦਾ ਹੈ।
ਆਰਥਿਕ ਪਹਿਲੂ
ਯੁੱਧ ਵਰਗੀ ਐਮਰਜੈਂਸੀ ਘੜ ਲੈਣ ਤੋਂ ਬਾਅਦ ਰਾਜਨੀਤਕ ਅਤੇ ਸਮਾਜਿਕ ਮੋਰਚੇ ਤੇ ਸਾਰੇ ਯਤਨ ਕੀਤੇ ਜਾਂਦੇ ਹਨ ਕਿ ਰਾਜਸੱਤਾ ਵੱਧ ਤੋਂ ਵੱਧ ਤਾਕਤਵਰ ਹੁੰਦੀ ਜਾਵੇ। ਇਸ ਦੇ ਲਈ ਮੀਡੀਆ, ਅਦਾਲਤਾਂ ਅਤੇ ਸਿੱਖਿਆ ਅਤੇ ਹੋਰ ਸੁਤੰਤਰ ਸੰਸਥਾਵਾਂ ਨੂੰ ਜਿਥੇ ਤੱਕ ਸੰਭਵ ਹੋਵੇ ਪਾਲਤੂ ਅਤੇ ਵਫ਼ਾਦਾਰ ਬਣਾ ਲਿਆ ਜਾਂਦਾ ਹੈ।
ਫਿਰ ਵੀ ਆਰਥਿਕ ਮੋਰਚੇ ਤੇ ਦੁਚਿਤੀ ਖੜ੍ਹੀ ਹੋ ਹੀ ਜਾਂਦੀ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਸਰਕਾਰ ਜੇ ਬਹੁਤ ਜ਼ਿਆਦਾ ਕਰ ਲਗਾਉਂਦੀ ਹੈ ਤਾਂ ਉਸ ਦੀ ਉਦਾਰ ਅਤੇ ਕਾਰਪੋਰੇਟ ਹਿਤੈਸ਼ੀ ਅਕਸ ਉੱਪਰ ਵੱਟਾ ਲੱਗਦਾ ਹੈ। ਜੇ ਉਹ ਅਮੀਰਾਂ ਤੇ ਬਹੁਤ ਜ਼ਿਆਦਾ ਕਰ ਲਗਾਉਂਦੀ ਹੈ ਤਾਂ ਉਹ ਉਸ ਦੇ ਵਿਰੁੱਧ ਜਾ ਸਕਦੇ ਹਨ। ਇਸ ਲਈ ਵੱਡੇ ਕਾਰੋਬਾਰੀਆਂ ਨੂੰ ਵਾਜਬ ਕੀਮਤ ਦੇ ਬਦਲੇ ਇਤਿਹਾਸਕ ਸਰਕਾਰ ਦੀ ਸੇਵਾ ਕਰਨ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ। ਸੋ, ਸਰਕਾਰ ਨੇ ਕਰਨਾ ਇਹ ਹੁੰਦਾ ਹੈ ਕਿ ਗ਼ਰੀਬਾਂ ਲਈ ਹਮਦਰਦੀ ਦੇ ਭਾਸ਼ਣ ਝਾੜਦੀ ਰਹੇ। ਉਨ੍ਹਾਂ ਨੂੰ ਕੁਝ ਛੋਟੀਆਂ ਮੋਟੀਆਂ ਰਾਹਤਾਂ ਵੀ ਦੇ ਦੇਵੇ ਪਰ ਅਸਲੀ ਕੰਮ ਕੀਤਾ ਜਾਂਦਾ ਹੈ ਵੱਡੇ ਕਾਰੋਬਾਰੀਆਂ ਦਾ। ਉਨ੍ਹਾਂ ਨੂੰ ਕੁਦਰਤੀ ਸਾਧਨਾਂ ਦੇ ਭੰਡਾਰ ਸਸਤੇ ਵਿਚ ਸੌਂਪ ਕੇ ਅਤੇ ਬੇਸ਼ੁਮਾਰ ਮੁਨਾਫ਼ਾ ਦੇਣ ਵਾਲੇ ਠੇਕੇ ਦੇ ਕੇ ਤਾਂ ਜੋ ਉਹ ਹੋਰ ਵੱਡੇ ਹੋ ਸਕਣ। ਵੱਡੇ ਕਾਰੋਬਾਰਾਂ ਨੂੰ ਬਹੁਤ ਭਾਰੀ ਪੈਮਾਨੇ ਤੇ ਉਤਪਾਦਨ ਅਤੇ ਵਿਕਰੀ ਕਰਨੀ ਹੁੰਦੀ ਹੈ ਜੋ ਅਣਗਿਣਤ ਸ਼ਾਖਾਵਾਂ ਵਿਚ ਖਿੱਲਰੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸਰਕਾਰ ਦੀ ਸਹਾਇਤਾ ਚਾਹੀਦੀ ਹੀ ਹੁੰਦੀ ਹੈ।
ਇਸ ਪ੍ਰਕਾਰ ਛੋਟੀ ਸਰਕਾਰ ਨਾਲ ਮੁਕਤ ਬਾਜ਼ਾਰ ਦੀ ਕਲਪਨਾ ਮਿੱਥ ਹੈ ਜੋ ਇਸ ਸੱਚਾਈ ਉੱਤੇ ਪਰਦਾ ਪਾਉਣ ਦਾ ਕੰਮ ਕਰਦੀ ਹੈ ਕਿ ਫ਼ਾਸ਼ੀਵਾਦ ਦਾ ਕੰਮ ਛੋਟੇ ਕਾਰੋਬਾਰ ਨਾਲ ਚੱਲ ਹੀ ਨਹੀਂ ਸਕਦਾ। ਨਾ ਤਾਂ ਖੇਤੀ ਵਿਚ, ਨਾ ਉਦਯੋਗ ਵਿਚ ਅਤੇ ਨਾ ਹੀ ਸੇਵਾਵਾਂ ਦੇ ਕਾਰੋਬਾਰ ਵਿਚ। ਬਦਲੇ ਵਿਚ ਕਾਰਪੋਰੇਟ ਕਾਰੋਬਾਰੀ ਸਰਕਾਰ ਦੀ ਬਹੁਤ ਮਦਦ ਕਰਦੇ ਹਨ। ਉਸ ਨੂੰ ਚੰਦੇ ਵਿਚ ਮੋਟੀ ਰਕਮ ਦੇ ਕੇ। ਇਸ ਤਰ੍ਹਾਂ ਦੋਵਾਂ ਦੇ ਵਿਚਕਾਰ ਦਾ ਰਸਤਾ ਪਰਸਪਰ ਫ਼ਾਇਦੇ ਦਾ ਹੁੰਦਾ ਹੈ। ਜੇ ਇਨ੍ਹਾਂ ਸਾਰਿਆਂ ਦੇ ਵਿਰੁੱਧ ਲੋਕ ਵਿਰੋਧ ਵਧਣ ਲੱਗੇ ਤਾਂ ਇਸ ਨਾਲ ਸਿੱਝਣ ਲਈ ਸ਼ਕਤੀਸ਼ਾਲੀ ਸਰਕਾਰ ਦੀ ਪੂਰੀ ਤਾਕਤ ਲਗਾ ਦਿੱਤੀ ਜਾਂਦੀ ਹੈ ਜਿਸ ਨੂੰ ‘ਰਾਸ਼ਟਰ ਹਿੱਤ ਦੀ ਰੱਖਿਆ’ ਦੇ ਲਈ ਜ਼ਬਰਦਸਤ ਰੂਪ ਵਿਚ ਮਜ਼ਬੂਤ ਕੀਤਾ ਗਿਆ ਹੁੰਦਾ ਹੈ। ਬਾਹਰੀ ਦੁਸ਼ਮਣ ਦੇ ਵਿਰੁੱਧ ‘ਸਾਡਾ’ ਰਾਸ਼ਟਰਵਾਦ ਅੰਦਰੂਨੀ ਅਸਹਿਮਤੀ ਅਤੇ ਵਿਰੋਧ ਤੇ ਨਜ਼ਰ ਰੱਖਣ ਅਤੇ ਉਸ ਦਾ ਦਮਨ ਕਰਨ ਵਿਚ ਬਹੁਤ ਕੰਮ ਆਉਂਦਾ ਹੈ।
ਇਨ੍ਹਾਂ ਜ਼ਰੂਰੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪਹਿਲੂਆਂ ਤੋਂ ਕਈ ਤਰ੍ਹਾਂ ਨਾਲ ਮਿਸ਼ਰਤ ਕਰ ਕੇ ਫ਼ਾਸ਼ੀਵਾਦ ਨਾਮ ਦੇ ਦਰਿੰਦੇ ਦੀ ਸ਼ਕਲ ਸੂਰਤ ਅਤੇ ਉਸ ਦੇ ਤੌਰ ਤਰੀਕੇ ਪਰਿਭਾਸ਼ਿਤ ਅਤੇ ਪੁਨਰ ਪਰਿਭਾਸ਼ਿਤ ਕੀਤੇ ਜਾ ਸਕਦੇ ਹਨ। ਫਿਰ ਵੀ ਅਜਿਹੀ ਕੋਈ ਵੀ ਪਰਿਭਾਸ਼ਾ ਬਹੁਤ ਭਰਮਾਉਣ ਵਾਲੀ ਅਤੇ ਬਹੁਤ ਸੌਖੀ ਹੀ ਹੋਵੇਗੀ। ਇਸ ਲਈ ਕਿ ਉਸ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਅਪਰਿਵਰਤਨਸ਼ੀਲ ਨਹੀਂ ਰਹਿੰਦੀਆਂ ਹਨ ਜਾਂ ਜਿਵੇਂ ਅਰਸਤੂ ਮੰਨਦਾ ਸੀ, ਅਸਲ ਜੀਵਨ ਵਿਚ ਚੀਜ਼ਾਂ ਵਿਚ ‘ਸੰਭਾਵਨਾਵਾਂ’ ਹੁੰਦੀਆਂ ਹਨ। ਉਸ ਰੱਤੀ ਭਰ ਬੀਜ ਦੀ ਤਰ੍ਹਾਂ ਜੋ ਵੱਧ ਕੇ ਵਿਸ਼ਾਲ ਰੁੱਖ ਬਣ ਸਕਦਾ ਹੈ।
ਫ਼ਾਸ਼ੀਵਾਦੀ ਰਾਜਸੱਤਾ ਦਾ ਉਭਾਰ
ਬਦਲਾਓ ਦੀ ਇਹ ਸੰਭਾਵਨਾ ਅਪਰਿਵਰਤਨਸ਼ੀਲ ਵਿਸ਼ੁੱਧ ਸਰੂਪਾਂ ਵਿਚ ਨਜ਼ਰ ਨਹੀਂ ਆਉਂਦੀ। ਖ਼ਾਸ ਤੌਰ ਤੇ ਜੈਵਿਕ ਦੁਨੀਆ ਅਤੇ ਸਮਾਜ ਵਿਚ। ਇਨ੍ਹਾਂ ਬਦਲਦੇ ਸਰੂਪਾਂ ਨੂੰ ਦਾਰਸ਼ਨਿਕ ਵਿਟਗੇਨਸਟਾਇਨ ਦੇ ‘ਭਾਸ਼ਾਈ ਖੇਡਾਂ’ ਦੀ ਲੜੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਜਿਸ ਵਿਚ ਹਰ ਇਕ ਕੋਲ ਕਿਸੇ ਖ਼ਾਸ ਪ੍ਰਸੰਗ ਵਿਚ ਸੰਵਾਦ ਕਰਨ ਦੇ ਆਪਣੇ ਨਿਯਮ ਹੁੰਦੇ ਹਨ। ਫਿਰ ਵੀ ਉਨ੍ਹਾਂ ਵਿਚ ਇਕ ਕਿਸਮ ਦੀ ‘ਪਰਿਵਾਰਕ ਸਮਰੂਪਤਾ’ ਹੁੰਦੀ ਹੈ ਅਤੇ ਇਹ ਭਾਸ਼ਾ ਨੂੰ ਲੈ ਕੇ ਹੁੰਦੀ ਹੈ ਜੋ ਵਿਕਾਸਸ਼ੀਲ ਹੁੰਦੀ ਹੈ। ਅਰਸਤੂ ਦੀ ‘ਸੰਭਾਵਨਾ’ ਜਾਂ ਫਿਰ ਥੀਸਿਸ ਅਤੇ ਐਂਟੀ-ਥੀਸਿਸ ਅਤੇ ਉਸ ਤੋਂ ਬਣਨ ਵਾਲੇ ਸਿੰਥੀਸਿਸ ਦੀ ਹੀਗਲਵਾਦੀ ਧਾਰਨਾ ਦੀ ਤੁਲਨਾ ਵਿਚ ‘ਭਾਸ਼ਾਈ ਖੇਡਾਂ’ ਘੱਟ ਨਿਯਤੀਵਾਦੀ ਹੁੰਦੀਆਂ ਹਨ। ਇਸ ਦੇ ਬਜਾਏ ਇਸ ਦਾ ਜ਼ੋਰ ਉਸ ਦਾ ਪ੍ਰਸੰਗ ਨੂੰ ਅਹਿਮੀਅਤ ਦੇਣ ਤੇ ਰਹਿੰਦਾ ਹੈ ਜਿਸ ਵਿਚ ਕੋਈ ਖ਼ਾਸ ਭਾਸ਼ਾਈ ਖੇਡ ਖੇਡੀ ਜਾਂਦੀ ਹੈ।
ਫ਼ਾਸ਼ੀਵਾਦੀ ਦੇ ਲਈ ਇਸ ਦਾ ਕੀ ਅਰਥ ਹੈ? ਉਹ ਹੈ ਰਾਜਨੀਤਕ, ਸਮਾਜਿਕ ਅਤੇ ਆਰਥਿਕ ਸਰੂਪਾਂ ਦੇ ਵਿਕਸਿਤ ਹੋਣ ਦੀ ਸੰਭਾਵਨਾ ਦੇ ਬਾਰੇ ਵਿਚ ਪ੍ਰਸੰਗ ਦੀ ਅਹਿਮੀਅਤ ਤੇ ਜ਼ੋਰ ਦੇਣਾ। ਕਿਸੇ ਅਜਿਹੇ ਸਮਾਜ ਤੇ ਵਿਚਾਰ ਕਰੋ ਜੋ ਆਪਣੇ ਪਰੰਪਰਾਗਤ ਮੁੱਲਾਂ ਵਿਚ ਬੰਨ੍ਹਿਆ ਹੋਇਆ ਠੀਕ ਠਾਕ ਢੰਗ ਨਾਲ ਚੱਲ ਰਿਹਾ ਹੈ। ਹਿੰਸਕ ਟਕਰਾਓ ਦੀ ਸੰਭਾਵਨਾ ਉਦੋਂ ਪੈਦਾ ਹੁੰਦੀ ਹੈ ਜਦ ਇਹ ਸਵਾਲ ਖੜ੍ਹਾ ਕੀਤਾ ਜਾਂਦਾ ਹੈ ਕਿ ਕੀ ਸਾਰੇ ਨਾਗਰਿਕ ‘ਅਸਲ’ ਵਿਚ ਇਨ੍ਹਾਂ ਪਰੰਪਰਿਕ ਮੁੱਲਾਂ ਨੂੰ ਮੰਨਦੇ ਹਨ ਜਾਂ ਉਨ੍ਹਾਂ ਦੀ ਪਰੰਪਰਾਵਾਂ ਦੇ ਵਿਚ ਕੁਝ ਅਜਿਹਾ ਅੰਤਰ ਵੀ ਹਨ ਜੋ ਪੂਰੇ ਹੀ ਨਹੀਂ ਜਾ ਸਕਦੇ ਹਨ।
ਪਰੰਪਰਾ ਆਮ ਤੌਰ ਤੇ ਧਰਮ ਦੇ ਰੰਗ ਵਿਚ ਰੰਗੀ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਨਿਸ਼ਾਨਾ ਬਣਦੇ ਹਨ ਧਾਰਮਿਕ ਘੱਟਗਿਣਤੀ ਸਮੂਹ ਦੇ ਲੋਕ ਜਾਂ ਸ਼ਰਨਾਰਥੀ। ਦੂਜੀ ਤਰ੍ਹਾਂ ਦੇ ਸ਼ਕਲ-ਸੂਰਤ ਦੇ ਲੋਕ ਵੀ ਨਿਸ਼ਾਨਾ ਬਣ ਹੀ ਸਕਦੇ ਹਨ ਅਤੇ ਬਣਦੇ ਵੀ ਹਨ। ਘੱਟਗਿਣਤੀ ਸਮੂਹ ਨੂੰ ਬਿਲਕੁਲ ਹੀ ‘ਗ਼ੈਰ’ ਕਰਾਰ ਦੇ ਦੇਣ ਨਾਲ ਤਾਂ ਤਾਂਡਵ ਸ਼ੁਰੂ ਹੁੰਦਾ ਹੈ ਪਰ ਇਹ ਨਿਰਭਰ ਕਰਦਾ ਹੈ ਉਸ ਪ੍ਰਸੰਗ ਤੇ ਜਿਸ ਵਿਚ ਇਹ ਹੋ ਰਿਹਾ ਹੈ ਕਿ ਤਾਂਡਵ ਕਿਹੜੇ ਤੌਰ ਤਰੀਕਿਆਂ ਨਾਲ ਮਚਾਇਆ ਜਾਵੇਗਾ। ਮਸਲਨ ਧਰਮ ਦੇ ਆਧਾਰ ਤੇ ਜਾਂ ਨਸਲ ਦੇ ਆਧਾਰ ਤੇ ਜਾਂ ਫਿਰ ਕਿਸੇ ਹੋਰ ਆਧਾਰ ਤੇ।
ਨਿਸ਼ਾਨਾ ਬਣਾਏ ਸਮੂਹ ਖ਼ਿਲਾਫ਼ ਕਿਸੇ ਮੋੜ ਤੇ ਸਟੇਟ ਵੱਲੋਂ ਹਿੰਸਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਫ਼ਰਕਾਂ ਨੂੰ ਨਫ਼ਰਤ ਵਿਚ ਬਦਲਿਆ ਜਾ ਸਕੇ। ਖੌਰੂ ਹੋਰ ਵੀ ਵਧੇਰੇ ਅਸਰਦਾਰ ਤਰੀਕਿਆਂ ਨਾਲ ਭੜਕਾਇਆ ਜਾ ਸਕਦਾ ਹੈ, ਜੇ ਇਹ ਪ੍ਰਚਾਰ ਕਰ ਦਿੱਤਾ ਜਾਏ ਕਿ ਨਿਸ਼ਾਨਾ ਬਣਾਏ ਘੱਟਗਿਣਤੀ ਸਮੂਹ ਨੂੰ ਬਹੁਗਿਣਤੀ ਸਮੂਹ ਦੀ ਕੀਮਤ ਤੇ ਨਾਜਾਇਜ਼ ਤਰੀਕੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਅਤੇ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਸ ਤਰ੍ਹਾਂ ਜਮਾਤੀ ਵਿਸ਼ੇਸ਼ ਅਧਿਕਾਰ ਦੀ ਮਾਰਕਸਵਾਦੀ ਧਾਰਨਾ ਦਾ ਅਰਥ ਹੀ ਬਦਲ ਦਿੱਤਾ ਜਾਂਦਾ ਹੈ। ਅਜਿਹੇ ਸ਼ੋਸ਼ਕਾਂ ਵਿਰੁੱਧ ਘੜੀ ਗਈ ਅਤੇ ਰਾਜਕੀ ਕੂੜ-ਪ੍ਰਚਾਰ ਅਤੇ ਵਫ਼ਾਦਾਰ ਮੀਡੀਆ ਦੇ ਦੁਆਰਾ ਫੈਲਾਈ ਗਈ ਨਫ਼ਰਤ, ਕਤਲੇਆਮ, ਦੰਗੇ, ਭੀੜ ਹੱਤਿਆ ਅਤੇ ਨਸਲਕੁਸ਼ੀ ਵਿਚ ਸਾਹਮਣੇ ਆਉਂਦੀ ਹੈ ਪਰ ਇਨ੍ਹਾਂ ਨੂੰ ‘ਕੋਲੈਟਰਲ ਡੈਮੇਜ਼’ ਹੀ ਮੰਨਿਆ ਜਾ ਸਕਦਾ ਹੈ। ਆਖਰਕਾਰ ਇਕਜੁੱਟ ਰਾਸ਼ਟਰੀ ਸੰਸਕ੍ਰਿਤੀ ਦੇ ਮਾਣ ਤੇ ਤਾਂ ਕੋਈ ਵੀ ਸੱਟ ਨਹੀਂ ਵੱਜਣ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਉਭਰਦੀ ਹੈ ਫ਼ਾਸ਼ੀਵਾਦੀ ਰਾਜਸੱਤਾ ਅਤੇ ਉਹ ਰਾਸ਼ਟਰੀ ਏਕਤਾ ਨੂੰ ਕਮਜ਼ੋਰ ਕਰਨ ਵਾਲੇ ਸਾਰੇ ਅੰਤਰ ਮਿਟਾ ਕੇ ਇਸ ਮਸਲੇ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਸੁਲਝਾ ਦੇਣ ਦਾ ਵਾਅਦਾ ਕਰਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਹੋ ਜਾਣ ਤੇ ਦੇਸ਼ ਵਿਚ ਅਤੀਤ ਦਾ ਸੁਨਹਿਰਾ ਯੁੱਗ ਫਿਰ ਮੁੜ ਆਵੇਗਾ।
ਅਸੀਂ ਹਾਲੇ ਫ਼ਾਸ਼ੀਵਾਦ ਦੇ ਆਖਰੀ ਤਾਂਡਵ ਦੇ ਮੱਧ ਵਿਚੋਂ ਲੰਘ ਰਹੇ ਹਾਂ ਜਦ ਉਹ ਦੱਖਣੀ ਇਟਲੀ ਦੇ ਮਾਫ਼ੀਆ ਜਗਤ ਦੇ ‘ਓਮੇਰਤਾ ਕੋਡ ਆਫ਼ ਆਨਰ’ ਨੂੰ ਪੂਰਾ ਕਰਨ ਵਿਚ ਲੱਗਿਆ ਹੋਇਆ ਹੈ ਜਿਸ ਦੇ ਮੁਤਾਬਕ ਸਾਰਿਆਂ ਨੂੰ ਖ਼ਾਮੋਸ਼ੀ ਅਖ਼ਤਿਆਰ ਕਰ ਕੇ ਰਹਿਣਾ ਹੁੰਦਾ ਹੈ। ਇਸ ਤਾਂਡਵ ਪਿਛੋਂ ਉਹੀ ਨਾਗਰਿਕ ਬਚੇ ਰਹਿਣਗੇ ਜੋ ‘ਨਾ ਕੁਝ ਦੇਖਦੇ ਹਨ, ਨਾ ਕੁਝ ਸੁਣਦੇ ਹਨ ਅਤੇ ਨਾ ਹੀ ਕੁਝ ਬੋਲ ਸਕਦੇ ਹਨ।’ (ਪਟਨਾ ਤੋਂ ਛਪਣ ਵਾਲੇ ਹਿੰਦੀ ਮੈਗਜ਼ੀਨ ‘ਫ਼ਿਲਹਾਲ’ ਵਿਚੋਂ ਧੰਨਵਾਦ ਸਹਿਤ)।
*ਹਿੰਦੀ ਤੋਂ ਅਨੁਵਾਦ: ਪਵਨ ਟਿੱਬਾ
ਸੰਪਰਕ: 98766-35285