ਆਤਮਜੀਤ
ਕੈਨੇਡਾ ਦੇ ਮੂਲ-ਵਾਸੀਆਂ ਨੂੰ ਕਿਸੇ ਇਕ ਪਰਿਭਾਸ਼ਾ ਵਿਚ ਬੰਨ੍ਹਣਾ ਬਹੁਤ ਔਖਾ ਹੈ। ਉਨ੍ਹਾਂ ਦੀਆਂ ਪੰਜਾਹ ਵੱਖ-ਵੱਖ ਕੌਮੀ ਸ਼ਨਾਖ਼ਤਾਂ ਹਨ ਅਤੇ ਉਹ ਛੇ ਸੌ ਅੱਡ-ਅੱਡ ਸਮੂਹਾਂ ਵਿਚ ਰਹਿੰਦੇ ਹਨ। ਉਹ ਕੈਨੇਡਾ ਵਿਚ ਵੀ ਹਨ ਅਤੇ ਅਮਰੀਕਾ ਵਿਚ ਵੀ। ਕੋਲੰਬਸ ਜਦੋਂ ਅਮਰੀਕਾ ਨੂੰ ਇੰਡੀਆ ਸਮਝ ਕੇ 1492 ਵਿਚ ਉੱਥੇ ਪਹੁੰਚਾ ਸੀ ਤਾਂ ਉਸਨੇ ਇਨ੍ਹਾਂ ਨੂੰ ਇੰਡੀਅਨ ਕਿਹਾ ਸੀ। ਇਸ ਲਈ ਉਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਿਹਾ ਜਾਂਦਾ ਰਿਹਾ। ਸਾਡੇ ਪੰਜਾਬੀ ਆਪਸੀ ਗੱਲਬਾਤ ਵਿਚ ਉਨ੍ਹਾਂ ਨੂੰ ਲਾਲ ਭਾਰਤੀ ਵੀ ਕਹਿੰਦੇ ਹਨ। ਪਰ ਕਿਸੇ ਨਸਲ ਨਾਲ ਰੰਗ ਜੋੜ ਕੇ ਉਸਦਾ ਨਾਮਕਰਨ ਕਰਨਾ ਸਹੀ ਨਹੀਂ। ਅੱਜਕਲ੍ਹ ਭਾਰਤੀਆਂ-ਪਾਕਿਸਤਾਨੀਆਂ ਨੂੰ ਬਰਾਊਨ ਜਾਂ ਅਫ਼ਰੀਕੀ ਮੂਲ ਦੇ ਲੋਕਾਂ ਨੂੰ ਬਲੈਕ ਆਖਣ ਤੋਂ ਵੀ ਬਚਿਆ ਜਾਂਦਾ ਹੈ। ਹਾਂ ਗੋਰਿਆਂ ਨੂੰ ਆਮ ਕਰਕੇ ਵਾਈਟ ਕਹਿ ਦਿੱਤਾ ਜਾਂਦਾ ਹੈ; ਸ਼ਾਇਦ ਇਸ ਸ਼ਬਦ ਵਿਚ ਕਿਸੇ ਕਿਸਮ ਦੀ ਹਕਾਰਤ ਜਾਂ ਤੌਹੀਨ ਸ਼ਾਮਲ ਨਹੀਂ। ਮੂਲ-ਵਾਸੀਆਂ ਨੂੰ ਦੇਸੀ ਜ਼ਰੂਰ ਕਿਹਾ ਜਾ ਸਕਦਾ ਹੈ। ਪਰ ਕਿਉਂਕਿ ਪੰਜਾਬੀ ਉੱਥੇ ਆਪਣੇ-ਆਪ ਨੂੰ ਦੇਸੀ ਕਹਿੰਦੇ ਹਨ, ਇਸ ਲਈ ਅਸੀਂ ਸਭ ਕਿਸਮ ਦੇ ਪੁਰਾਣੇ ਲੋਕਾਂ ਵਾਸਤੇ ਮੂਲ-ਵਾਸੀ ਲਫ਼ਜ਼ ਦੀ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਐਬੋਰਿਜਨਲ ਵੀ ਕਿਹਾ ਜਾਂਦਾ ਹੈ। ਪਰ ਹੁਣ ਇਨ੍ਹਾਂ ਨੂੰ ਇੰਡੀਜਨਸ-ਲੋਕ ਦਾ ਨਵਾਂ ਨਾਂ ਦਿੱਤਾ ਗਿਆ ਹੈ। ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ। (1) ਇਨਿਊਟ: ਉਹ ਲੋਕ ਜਿਹੜੇ ਉੱਤਰੀ ਪੋਲ ਵਿਚ ਬਹੁਤ ਜ਼ਿਆਦਾ ਠੰਢੇ ਇਲਾਕਿਆਂ ਵਿਚ ਰਹਿੰਦੇ ਹਨ। ਇਹਨਾਂ ਦਾ ਵਸੇਬਾ ਆਰਕਟਿਕ ਸਾਗਰ ਦੇ ਆਸੇ-ਪਾਸੇ ਵੱਸੇ ਅਮਰੀਕਾ ਦੇ ਅਲਾਸਕਾ ਸੂਬੇ ਅਤੇ ਕੈਨੇਡਾ ਦੇ ਧੁਰ-ਉੱਤਰੀ ਇਲਾਕਿਆਂ ਵਿਚ ਹੈ। ਉਨ੍ਹਾਂ ਦੇ ਨੇੜੇ ਕੁਝ ਯੂਰਪੀ ਮੁਲਕਾਂ ਦੇ ਇਲਾਕੇ ਵੀ ਹਨ। ਇਨ੍ਹਾਂ ਨੂੰ ਪਹਿਲਾਂ ਐਸਕੀਮੋ ਵੀ ਕਿਹਾ ਜਾਂਦਾ ਸੀ। (2) ਮੇਤੀ: ਇਹ ਮੂਲ-ਵਾਸੀ ਅਤੇ ਯੂਰਪੀਨ ਮਾਪਿਆਂ, ਵਿਸ਼ੇਸ਼ ਕਰਕੇ ਫ਼ਰਾਂਸੀਸੀਆਂ ਦੇ ਮੇਲ ਚੋਂ ਪੈਦਾ ਹੋਈ ਔਲਾਦ ਹਨ। (3) ਬਾਕੀ ਸਾਰਿਆਂ ਨੂੰ ਫ਼ਸਟ ਨੇਸ਼ਨ ਲੋਕ ਕਿਹਾ ਜਾਂਦਾ ਹੈ। ਅਸੀਂ ਸਾਰਿਆਂ ਨੂੰ ਮਿਲਾ ਕੇ ਮੂਲ-ਵਾਸੀ ਕਹਿ ਰਹੇ ਹਾਂ। 2016 ਦੀ ਜਨ-ਗਣਨਾ ਅਨੁਸਾਰ ਕੈਨੇਡਾ ਵਿਚ ਮੂਲ-ਵਾਸੀਆਂ ਦੀ ਕੁੱਲ ਗਿਣਤੀ ਲਗਪਗ 17 ਲੱਖ ਸੀ। 2016 ਦੇ ਸੈਂਸਸ ਮੁਤਾਬਿਕ ਐਡਮੰਟਨ ਵਿਚ 76 ਹਜ਼ਾਰ, ਵੈਨਕੂਵਰ ਵਿਚ 61 ਹਜ਼ਾਰ ਅਤੇ ਟੋਰਾਂਟੋ ਵਿਚ 46 ਹਜ਼ਾਰ ਐਸੇ ਲੋਕ ਰਹਿੰਦੇ ਸਨ। ਪਰ ਵਿਨੀਪੈੱਗ ਸ਼ਹਿਰ ਵਿਚ ਇਨ੍ਹਾਂ ਦੀ ਗਿਣਤੀ 92000 ਤੋਂ ਵੀ ਵੱਧ ਸੀ ਜਿੱਥੇ ਕਿ ਮੇਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਦੇ ਨੇਤਾ ਲੂਈ ਰਿਆਲ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਜਦੋਂ 16ਵੀਂ ਸਦੀ ਵਿਚ ਯੂਰਪੀਨਾਂ ਨੇ ਇਸ ਧਰਤੀ ’ਤੇ ਕਬਜ਼ਾ ਜਮਾਉਣਾ ਸ਼ੁਰੂ ਕੀਤਾ ਤਾਂ ਮੂਲ-ਵਾਸੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ। ਜੰਗਾਂ, ਬੀਮਾਰੀਆਂ, ਜ਼ਿਆਦਤੀਆਂ ਅਤੇ ਹੋਰ ਅਲਾਮਤਾਂ ਨੇ ਉਨ੍ਹਾਂ ਨੂੰ ਉਖਾੜ ਦਿੱਤਾ ਸੀ। ਪਰ ਪਿਛਲੇ ਪੰਜਾਹ ਸਾਲਾਂ ਵਿਚ ਸਿਹਤ ਸਹੂਲਤਾਂ ਦੇ ਸੁਧਾਰ ਨਾਲ ਉਨ੍ਹਾਂ ਦੀ ਗਿਣਤੀ ਵਿਚ ਦੋਬਾਰਾ ਵਾਧਾ ਹੋ ਰਿਹਾ ਹੈ। ਅਸਲ ਵਿਚ ਹੁਣ ਉਹ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਨ।
ਮੂਲ-ਵਾਸੀਆਂ ਦੀ ਆਪਣੀ ਨਿਵੇਕਲੀ ਜੀਵਨ ਸ਼ੈਲੀ ਹੈ ਜੋ ਕਿ ਪੱਛਮੀ ਰਹਿਣੀ-ਬਹਿਣੀ ਤੋਂ ਕੋਹਾਂ ਦੂਰ ਹੈ। ਭਾਰਤ ਦੇ ਮੂਲ ਵਾਸੀਆਂ ਵਾਂਗ ਉਹ ਵੀ ਧਰਤੀ, ਹਵਾ, ਸੂਰਜ ਆਦਿ ਜੇਹੇ ਕੁਦਰਤੀ ਸ੍ਰੋਤਾਂ ਦੀ ਪੂਜਾ ਕਰਦੇ ਹਨ। ਇਵੇਂ ਹੀ ਉਨ੍ਹਾਂ ਦੀ ‘ਸਮੱਜ ਸੈਰੇਮਨੀ’ ਵਿਚ ਧੂੰਏਂ ਦਾ ਬਹੁਤ ਮਹੱਤਵ ਹੈ। ਜੜੀਆਂ-ਬੂਟੀਆਂ ਨੂੰ ਬਾਲ ਕੇ ਧੂੰਆਂ ਇਨਸਾਨਾਂ ਵੱਲ ਭੇਜਿਆ ਜਾਂਦਾ ਹੈ ਜਿਸ ਨਾਲ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਸਰੀਰਕ ਅਤੇ ਅਧਿਅਤਮਕ ਸ਼ੁੱਧੀ ਹੁੰਦੀ ਹੈ। ਮੂਲ-ਵਾਸੀਆਂ ਕੋਲ ਲੋਕਧਾਰਾ ਦਾ ਅਨੂਠਾ ਖ਼ਜ਼ਾਨਾ ਹੈ। ਕਥਾਵਾਂ, ਪਹਿਰਾਵੇ, ਇਲਾਜ ਦੇ ਨੁਸਖੇ ਅਤੇ ਹੱਥੀਂ ਬਣਾਈਆਂ ਵਸਤਾਂ ਦਾ ਵੱਡਾ ਖ਼ਜ਼ਾਨਾ ਹੈ ਜੋ ਹੁਣ ਰੁਲਣ ਕੰਢੇ ਆ ਪਹੁੰਚਾ ਹੈ। ਉਨ੍ਹਾਂ ਦੇ ਮਿਥਿਹਾਸ ਵਿਚ ਬਹੁਤ ਗਹਿਰਾਈ ਹੈ ਜੋ ਉਨ੍ਹਾਂ ਦੀਆਂ ਅਮੀਰ ਪਰੰਪਰਾਵਾਂ ਦੀ ਗੁਆਹੀ ਭਰਦਾ ਹੈ। ਇਕ ਇਨਿਊਟ (ਐਸਕੀਮੋ) ਮਿਥ ਅਨੁਸਾਰ ਦੋ ਔਰਤਾਂ ਇਸ ਗੱਲ ’ਤੇ ਬਹਿਸ ਕਰਦੀਆਂ ਹਨ ਕਿ ਕਿਹੜੀ ਜ਼ਿੰਦਗੀ ਚੰਗੀ ਹੈ; ਜਿਸ ਵਿਚ ਬੰਦਾ ਕਦੇ ਮਰੇ ਹੀ ਨਾ ਪਰ ਸਦਾ ਹਨੇਰਾ ਰਹੇ। ਜਾਂ ਉਹ, ਜਿਸ ਵਿਚ ਚਾਨਣ ਤਾਂ ਹੋਵੇ ਪਰ ਮਰਨਾ ਵੀ ਪਵੇ? ਅਖ਼ੀਰ ਵਿਚ ਚਾਨਣ ਵਾਲੀ ਮੌਤ ਦੇ ਹੱਕ ਵਿਚ ਫ਼ੈਸਲਾ ਹੁੰਦਾ ਹੈ। ਮੂਲ-ਵਾਸੀਆਂ ਦੇ ਮਿਥਿਹਾਸ ਵਿਚ ਇਹ ਗੱਲ ਵਾਰ-ਵਾਰ ਆਉਂਦੀ ਹੈ ਕਿ ਨਾਇਕ ਕਿਵੇਂ ਆਪਣੇ ਅਜਿੱਤ ਦਿੱਸਦੇ ਵਿਰੋਧੀਆਂ ਨੂੰ ਢਾਹ ਸਕਦਾ ਹੈ। ਇਵੇਂ ਹੀ ਦੁਨੀਆਂ ਦੇ ਬਹੁਤ ਸਾਰੇ ਸਭਿਆਚਾਰਾਂ ਵਿਚ ਪ੍ਰਸਿੱਧ ਚਾਲਬਾਜ਼ ਦੇਵਤਿਆਂ ਵਾਂਗ ਕੈਨੇਡਾ ਦੇ ਮੈਦਾਨੀ ਇਲਾਕਿਆਂ ਦੀਆਂ ਕਥਾਵਾਂ ਵਿਚ ‘ਕੋਯੋਟ’ ਇਕ ਬਹੁ-ਪਰਤੀ ਅਤੇ ਗੁੰਝਲਦਾਰ ਪਾਤਰ ਹੈ। ਕੋਯੋਟ ਕੁੱਤਾ ਨਸਲ ਦਾ ਇਕ ਜਾਨਵਰ ਹੈ ਜਿਹੜਾ ਦੁਨੀਆਂ ਦੇ ਹੋਰ ਖਿੱਤਿਆਂ ਵਿਚ ਨਹੀਂ ਪਹੁੰਚਿਆ। ਕਥਾਵਾਂ ਵਿਚ ਕੋਯੋਟ ਜ਼ਾਲਮ, ਧੋਖੇਬਾਜ਼ ਅਤੇ ਦੁਰਾਚਾਰੀ ਹੁੰਦਾ ਹੈ, ਆਪਣੀ ਧੀ ਜਾਂ ਨਾਨੀ-ਦਾਦੀ ਨੂੰ ਵੀ ਛਲ ਨਾਲ ਆਪਣੇ ਮੋਹ-ਜਾਲ ਵਿਚ ਫਸਾ ਸਕਦਾ ਹੈ। ਉਸ ਵਿਚ ਤਰਸ ਦੀ ਭਾਵਨਾ ਨਹੀਂ। ਜਿਹੜੇ ਉਸਦੀ ਮਦਦ ਕਰਦੇ ਹਨ, ਉਨ੍ਹਾਂ ਵਾਸਤੇ ਵੀ ਦੈਂਤ ਬਣ ਸਕਦਾ ਹੈ। ਉਹ ਬੜਾ ਵੱਡਾ ਭੁੱਖੜ ਵੀ ਹੈ ਅਤੇ ਲੋਕਾਂ ਦਾ ਭੋਜਨ ਖਾ ਜਾਂਦਾ ਹੈ। ਪਰ ਕੁਝ ਹੋਰ ਕਹਾਣੀਆਂ ਵਿਚ ਕੋਯੋਟ ਨੂੰ ਐਸੇ ਮਹਾਨ ਜਾਦੂਗਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜਿਹੜਾ ਦੁਨੀਆਂ ਨੂੰ ਕਾਬੂ ਵਿਚ ਰੱਖ ਕੇ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦਾ ਹੈ। ਏਸੇ ਤਰ੍ਹਾਂ ਦਾ ਇਕ ਹੋਰ ਦਿਲਚਸਪ ਪਾਤਰ ‘ਰੇਵਨ’ (ਇਕ ਪੰਛੀ) ਹੈ ਜੋ ਕਿ ਉੱਤਰੀ ਤੱਟ ਦੀਆਂ ਕਥਾਵਾਂ ਵਿਚ ਹੁੰਦਾ ਹੈ। ਕਰੋ (ਕਾਂ) ਵੀ ਐਸਾ ਹੀ ਪਾਤਰ ਹੈ। ਅਫ਼ਰੀਕਨ ਕਹਾਣੀਆਂ ਵਾਂਗ ਉੱਤਰ-ਅਮਰੀਕਾ ਦੇ ਮੂਲ-ਵਾਸੀਆਂ ਦੀਆਂ ਕਥਾਵਾਂ ਵਿਚ ਬਹੁਤੀ ਸ਼ਿਸ਼ਟਤਾ ਨਹੀਂ ਹੁੰਦੀ ਪਰ ਉਹ ਅਰਥਾਂ ਨਾਲ ਭਰੀਆਂ ਹੁੰਦੀਆਂ ਹਨ। ਪਰ ਇਹਨਾਂ ਮਿਥਾਂ ਨੂੰ ਖੋਲ੍ਹਣਾ ਸੌਖਾ ਨਹੀਂ, ਇਸ ਵਾਸਤੇ ਉਨ੍ਹਾਂ ਦੀ ਬੋਲੀ ਅਤੇ ਸੰਸਾਰ ਦੇ ਧੁਰ ਅੰਦਰ ਜਾਣਾ ਪੈਂਦਾ ਹੈ। ਇਹ ਮਿਥਾਂ ਸਿਰਫ਼ ਰੰਗੀਨ ਕਹਾਣੀਆਂ ਨਹੀਂ, ਜੀਵਨ ਨਾਲ ਜੁੜੇ ਯਥਾਰਥ ਦਾ ਸ਼ੀਸ਼ਾ ਹਨ, ਸਚਾਈ ਦਾ ਨਾਟਕੀ ਰੂਪ ਹਨ। ਇਕ ਕਥਾ ਅਨੁਸਾਰ ਇਕ ਔਰਤ ਦੇ ਸੱਪ ਨਾਲ ਨਾਜਾਇਜ਼ ਸੰਬੰਧ ਬਣ ਜਾਂਦੇ ਹਨ। ਉਸਦਾ ਪਤੀ ਪਹਿਲਾਂ ਸੱਪ ਨੂੰ ਅਤੇ ਫ਼ੇਰ ਪਤਨੀ ਨੂੰ ਮਾਰ ਕੇ ਉਸਦਾ ਸਿਰ ਵੱਢ ਦੇਂਦਾ ਹੈ। ਪਰ ਵੱਢਿਆ ਸਿਰ ਉਸ ਬੰਦੇ ਅਤੇ ਉਹਦੇ ਪਰਿਵਾਰ ਪਿੱਛੇ ਭੱਜਣ ਲੱਗ ਪੈਂਦਾ ਹੈ। ਉਹ ਸਾਰੇ ਬੜੀ ਮੁਸ਼ਕਲ ਨਾਲ ਉਸਤੋਂ ਬਚਦੇ ਹਨ। ਇਸ ਕਥਾ ਵਿਚ ਸੱਪ ਅਤੇ ਵੱਢੇ ਸਿਰ ਦਾ ਸਾਰੇ ਪਰਿਵਾਰ ਪਿੱਛੇ ਦੌੜਨਾ ਬਹੁਤ ਮਾਇਨੇ ਭਰਪੂਰ ਹੈ।
ਪਰ ਅਮੀਰ ਸਭਿਆਚਾਰ ਵਾਲੇ ਇਹਨਾਂ ਪ੍ਰਾਚੀਨ ਲੋਕਾਂ ਦੀ ਅਜੋਕੀ ਹਾਲਤ ਤਰਸਯੋਗ ਹੈ। ਇਸ ਵਾਸਤੇ ਉਹ ਕਿਸੇ ਹੱਦ ਤੱਕ ਖ਼ੁਦ ਵੀ ਜ਼ਿੰਮੇਵਾਰ ਹਨ ਪਰ ਉਨ੍ਹਾਂ ਨੂੰ ਉੱਥੋਂ ਦੇ ਸਿਸਟਮ ਨੇ ਬਿਲਕੁਲ ਰੋਲ ਕੇ ਰੱਖ ਦਿੱਤਾ। ਯੂਰਪੀਨ ਉਨ੍ਹਾਂ ਦੀ ਧਰਤੀ ’ਤੇ ਵਪਾਰੀ ਬਣ ਕੇ ਗਏ ਅਤੇ ਹੌਲੀ-ਹੌਲੀ ਆਪਣੀ ਯੁੱਧ ਕਲਾ ਦੀ ਬਿਹਤਰੀ ਕਰਕੇ ਉਨ੍ਹਾਂ ਉੱਤੇ ਕਾਬਜ਼ ਹੋ ਗਏ। ਬਹੁਤ ਸਾਰੇ ਮੂਲ-ਵਾਸੀ ਬੀਮਾਰੀਆਂ ਨੇ ਮਾਰ ਦਿੱਤੇ ਅਤੇ ਬਾਕੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਘੜੀਆਂ ਗਈਆਂ। ਇਹ ਗੱਲਾਂ ਅਮਰੀਕਾ ਅਤੇ ਕੈਨੇਡਾ ਦੇ ਮੂਲ-ਵਾਸੀਆਂ ਉੱਤੇ ਸਾਂਝੇ ਤੌਰ ’ਤੇ ਢੁਕਦੀਆਂ ਹਨ। 1824 ਵਿਚ ‘ਇੰਡੀਅਨ ਰਿਮੂਵਲ ਐਕਟ’ ਬਣਾਇਆ ਗਿਆ ਜਿਸ ਅਧੀਨ ਉਨ੍ਹਾਂ ਦੇ ਖਾਣ-ਪੀਣ ਦੇ ਸ੍ਰੋਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਭਾਵ ਉਹ ਸਾਰੇ ਜੰਗਲੀ ਜਾਨਵਰ ਮਾਰ ਦਿੱਤੇ ਗਏ ਜਿਨ੍ਹਾਂ ਦਾ ਸ਼ਿਕਾਰ ਕਰਕੇ ਉਨ੍ਹਾਂ ਦਾ ਜੀਵਨ ਚਲਦਾ ਸੀ। ਅਮਰੀਕਾ ਦੀ ਸਿਵਿਲ ਵਾਰ (1861-1865) ਤੋਂ ਬਾਦ ਇਹ ਸੋਚਿਆ ਗਿਆ ਕਿ ਇਨ੍ਹਾਂ ਨੂੰ ਵਾਈਟ ਕਮਿਊਨਿਟੀ ਦੀ ਜੀਵਨ-ਸ਼ੈਲੀ ਵਿਚ ਢਾਲ ਦਿੱਤਾ ਜਾਵੇ। ਇਸ ਕੰਮ ਲਈ ਪੈਨਸਿਲਵੇਨੀਆਂ ਵਿਚ ਇਕ ਕ੍ਰਿਸਚੀਅਨ ਸਕੂਲ ਬਣਾਇਆ ਗਿਆ ਜਿਸਦੇ ਮੋਢੀ ਰਿਚਰਡ ਹੈਨਰੀ ਪਰਾਟ ਦਾ ਖਿਆਲ ਸੀ, ‘‘ਇਕ ਜਰਨੈਲ ਨੇ ਕਿਹਾ ਸੀ ਕਿ ਸਿਰਫ਼ ਮਰਿਆ ਮੂਲ-ਵਾਸੀ ਹੀ ਚੰਗਾ ਬੰਦਾ ਹੋ ਸਕਦਾ ਹੈ। ਪਰ ਮੈਂ ਕਹਾਂਗਾ ਕਿ ਮੂਲ-ਵਾਸੀਆਂ ਨੂੰ ਜ਼ਿੰਦਾ ਰਹਿਣ ਦੇਵੋ, ਉਨ੍ਹਾਂ ਦੇ ਅੰਦਰਲੀ ਮੂਲ-ਵਾਸੀ-ਆਤਮਾ ਨੂੰ ਮਸਲ ਦਿਉ।’’ ਇਸ ਮੰਤਵ ਲਈ ਸਾਰੇ ਅਮਰੀਕਾ ਅਤੇ ਕੈਨੇਡਾ ਵਿਚ ਅਨੇਕ ਰਿਹਾਇਸ਼ੀ ਈਸਾਈ ਸਕੂਲ ਖੋਲ੍ਹੇ ਗਏ। ਭਾਰਤ ਵਿਚ ਲਾਰਡ ਮੈਕਾਲੇ ਦਾ 1860 ਵਿਚ ਅੰਗ੍ਰੇਜ਼ੀ ਪੜ੍ਹਾਉਣ ਦਾ ਫ਼ੈਸਲਾ ਓਨਾ ਮਾਰੂ ਨਹੀਂ ਸੀ ਜਿੰਨੀ ਘਾਤਕ ਗੋਰਿਆਂ ਦੀ ਮੂਲ-ਵਾਸੀਆਂ ਪ੍ਰਤੀ ਪਹੁੰਚ ਸੀ। ਇਨ੍ਹਾਂ ਸਕੂਲਾਂ ਨੂੰ ਮਿਲਟਰੀ ਵਰਗੇ ਕਠੋਰ ਅਨੁਸ਼ਾਸਨ ਨਾਲ ਚਲਾਇਆ ਜਾਂਦਾ। ਉਨ੍ਹਾਂ ਦੇ ਸਾਰੇ ਦਿਨ ਦੇ ਕੈਲੰਡਰ ਨੂੰ ਘੰਟੀਆਂ ਵਜਾ-ਵਜਾ ਕੇ ਬੰਨ੍ਹਿਆ ਹੁੰਦਾ ਸੀ। ਮਾਂ-ਪਿਉ ਤੋਂ ਦੂਰ ਇਨ੍ਹਾਂ ਬੱਚਿਆਂ ਦਾ ਸੌਣਾ-ਉੱਠਣਾ, ਨ੍ਹਾਉਣਾ-ਧੋਣਾ, ਖਾਣਾ-ਪੀਣਾ, ਪੜ੍ਹਨਾ-ਖੇਡਣਾ ਸਭ ਕੁਝ ਘੰਟੀਆਂ ਦੇ ਅਧੀਨ ਸੀ ਜਿਸ ਨਾਲ ਬੱਚਿਆਂ ਦੀ ਜ਼ਿੰਦਗੀ ਮਸ਼ੀਨ ਬਣ ਗਈ। ਉਨ੍ਹਾਂ ਦੇ ਸਭਿਆਚਾਰ ਨੂੰ ਜ਼ਿੰਦਾ ਰੱਖਣ ਵਾਲੇ ਸਭ ਤੱਤਾਂ ਨੂੰ ਹੌਲੀ-ਹੌਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਆਪਣੀ ਬੋਲੀ ਬੋਲਦੇ ਤਾਂ ਉਨ੍ਹਾਂ ਨੂੰ ਸਜ਼ਾ ਮਿਲਦੀ ਸੀ। ਯੂਰਪੀਨਾਂ ਦੇ ਆਉਣ ਤੋਂ ਪਹਿਲਾਂ ਮੂਲ-ਵਾਸੀਆਂ ਦੀਆਂ ਤਿੰਨ ਸੌ ਬੋਲੀਆਂ ਸਨ, ਹੁਣ ਡੇਢ ਸੌ ਰਹਿ ਗਈਆਂ ਹਨ ਅਤੇ ਇਹ ਬੱਚੇ ਉਨ੍ਹਾਂ ਵਿੱਚੋਂ ਵੀ 125 ਬੋਲੀਆਂ ਨੂੰ ਭੁੱਲ ਚੁੱਕੇ ਹਨ। ਉਹ ਸਕੂਲਾਂ ਵਿੱਚੋਂ ਭੱਜਦੇ ਸਨ ਤਾਂ ਵੀ ਸਜ਼ਾ ਸੀ; ਡੰਡੇ ਮਾਰਨੇ, ਭੁੱਖੇ ਰੱਖਣਾ ਅਤੇ ਕਾਲ-ਕੋਠੜੀਆਂ ਵਿਚ ਬੰਦ ਕਰ ਦੇਣਾ ਉੱਥੋਂ ਦਾ ਜੀਵਨ ਸੀ। ਕਈ ਵਾਰ ਉਨ੍ਹਾਂ ਦੇ ਵਾਲ ਕੱਟ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੇ ਸਨ। ਕੈਨੇਡਾ ਵਿਚ ਸੰਨ 1870 ਤੋਂ 1996 ਤੱਕ ਡੇਢ ਲੱਖ ਅਜਿਹੇ ਬੱਚੇ ਘਰਾਂ ਤੋਂ ਖੋਹ ਲਏ ਗਏ ਸਨ। ਜੇ ਮਾਪੇ ਬੱਚਿਆਂ ਨੂੰ ਭੇਜਣੋਂ ਇਨਕਾਰੀ ਹੁੰਦੇ ਤਾਂ ਉਨ੍ਹਾਂ ਨੂੰ ਮੁਫ਼ਤ ਭੋਜਨ ਅਤੇ ਹੋਰ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਂਦਾ। ਕਈ ਵਾਰ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿਚ ਲਿਜਾ ਕੇ ਮਾਪਿਆਂ ਨੂੰ ਕਿਤੇ ਹੋਰ ਭੇਜ ਦਿੱਤਾ ਜਾਂਦਾ ਅਤੇ ਉਨ੍ਹਾਂ ਦੇ ਘਰ ਅਤੇ ਪਿੰਡ ਤਬਾਹ ਕਰ ਦਿੱਤੇ ਜਾਂਦੇ ਤਾਂ ਕਿ ਉਹ ਪਰਤਣ ਜੋਗੇ ਹੀ ਨਾ ਰਹਿਣ।
ਇਹਨਾਂ ਸਕੂਲਾਂ ਵਿਚ ਜਾਣ-ਬੁਝ ਕੇ ਬੱਚਿਆਂ ਨਾਲ ਬਹੁਤ ਬੁਰਾ ਸਲੂਕ ਕਰਨ ਵਾਲੇ ਕੁਰਖ਼ਤ਼ ਕਰਨਾ ਪੈਂਦਾ ਸੀ। ਗਿਰਜਿਆਂ ਦੇ ਪਾਦਰੀ ਵੀ ਓਨੇ ਹੀ ਮਾੜੇ ਹੁੰਦੇ। ਬੀਮਾਰੀ, ਬੇਧਿਆਨੀ ਅਤੇ ਘਟੀਆ ਖਾਣੇ ਦੀ ਵਜ੍ਹਾ ਨਾਲ ਅਨੇਕਾਂ ਬੱਚੇ ਮਰ ਗਏ। ਉਹਨਾਂ ਦੇ ਦਫ਼ਨ ਦਾ ਸਹੀ ਰਿਕਾਰਡ ਵੀ ਨਹੀਂ ਰੱਖਿਆ ਗਿਆ ਤਾਂਕਿ ਉਨ੍ਹਾਂ ਦੇ ਮਾਪੇ ਕਬਰਾਂ ’ਤੇ ਬਹਿ ਕੇ ਕੀਰਨੇ ਵੀ ਨਾ ਪਾ ਸਕਣ। ਜਿਹੜੇ ਬੱਚੇ ਇਹਨਾਂ ਸਕੂਲਾਂ ਵਿਚ ਪੜ੍ਹੇ ਉਹ ਆਪਣੇ ਮਾਪਿਆਂ ਅਤੇ ਘਰਾਂ ਤੋਂ ਏਨੀ ਬੁਰੀ ਟੁੱਟ ਗਏ ਕਿ ਉਨ੍ਹਾਂ ਵਿਚ ‘ਪਰਿਵਾਰ’ ਦੀ ਕੋਈ ਭਾਵਨਾ ਹੀ ਨਹੀਂ ਪੈਦਾ ਹੋ ਸਕੀ; ਇਸ ਲਈ ਉਹ ਆਪਣਾ ਪਰਿਵਾਰ ਬਣਾਉਣ ਦੇ ਕਾਬਲ ਵੀ ਨਾ ਰਹੇ। ਜਦੋਂ ਇਹ ਸਕੂਲ ਬੰਦ ਕੀਤੇ ਗਏ ਤਾਂ ਵੀ ਸਰਕਾਰਾਂ ਦਾ ਵਿਸ਼ਵਾਸ ਇਹ ਸੀ ਕਿ ਮੂਲ-ਵਾਸੀ ਲੋਕ ਇਹਨਾਂ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਨਹੀਂ ਕਰ ਸਕਦੇ। ਫਿਰ ਗੋਰੇ ਲੋਕਾਂ ਨੂੰ ਖੁਲ੍ਹ ਦਿੱਤੀ ਗਈ ਕਿ ਉਹ ਇਨ੍ਹਾਂ ਬੱਚਿਆਂ ਨੂੰ ਗੋਦ ਲੈ ਕੇ ਪਾਲਣ ਜਿਸ ਵਾਸਤੇ ਸਰਕਾਰ ਆਰਥਿਕ ਮਦਦ ਦੇਂਦੀ ਸੀ। ਪਰ ਜਿਨ੍ਹਾਂ ਬੱਚਿਆਂ ਨੂੰ ਮੂਲ-ਵਾਸੀਆਂ ਕੋਲੋਂ ਖੋਹ ਲਿਆ ਜਾਂਦਾ ਉਨ੍ਹਾਂ ਦੇ ਮਾਪਿਆਂ ਕੋਲ ਕਿਸੇ ਕਿਸਮ ਦੀ ਅਪੀਲ-ਦਲੀਲ ਜਾਂ ਹੋਰ ਚਾਰਾਗੋਈ ਨਹੀਂ ਸੀ। ਕੁਝ ਬੱਚੇ ਚੰਗੀ ਤਰ੍ਹਾਂ ਵੀ ਪਲੇ ਪਰ ਬਹੁਤੇ ਆਪਣੀ ਪਛਾਣ ਗੁਆ ਬੈਠੇ। ਉਨ੍ਹਾਂ ਲਈ ਜ਼ਿੰਦਗੀ ਇਕ ਭੰਬਲਭੂਸੇ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ। ਮੂਲ-ਵਾਸੀਆਂ ਦੀ ਸਮੁੱਚੀ ਹੋਣੀ ਦਾ ਅੰਦਾਜ਼ਾ ਲੋਰੇਨ ਮੇਅਰ ਦੀ ਇਸ ਕਵਿਤਾ ਤੋਂ ਲਾਇਆ ਜਾ ਸਕਦਾ ਹੈ ਜਿਸ ਵਿਚ ਉਹ ਜ਼ਮੀਨਾਂ ਤੋਂ ਲੈ ਕੇ ਆਪਣੀ ਪਰੰਪਰਾ ਤੱਕ ਦੇ ਖੁੱਸਣ ਦਾ ਜ਼ਿਕਰ ਕਰਦੀ ਹੈ। ਅੰਤ ’ਤੇ 1870 ਦਾ ਜ਼ਿਕਰ ਹੈ ਜਦੋਂ ਮੈਨੀਟੋਬਾ ਦੀ ‘ਰੈੱਡ ਰਿਵਰ ਸੈਟਲਮੈਂਟ’ ਹੋਈ ਸੀ ਅਤੇ ਗੋਰਿਆਂ ਨੇ ਕਾਬਜ਼ ਹੋਣ ਪਿੱਛੋਂ ਬਾਇਸਨਜ਼ ਨਾਂ ਦੇ ਲੱਖਾਂ ਜਾਨਵਰਾਂ ਨੂੰ ਮਾਰ ਦਿੱਤਾ ਸੀ। ਇਹ ਮੂਲ-ਵਾਸੀਆਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਨ; ਉਹੀ ਉਹਨਾਂ ਦੀ ਖੁਰਾਕ ਸਨ ਅਤੇ ਉਹਨਾਂ ਤੋਂ ਹੀ ਵਸਤਰ ਬਣਾਏ ਜਾਂਦੇ ਸਨ। ਬਾਇਸਨਾਂ ਦੇ ਮਰਨ ਪਿੱਛੋਂ ਮੂਲ-ਵਾਸੀ ਆਪਣੀ ਹਰ ਲੋੜ ਵਾਸਤੇ ਗੋਰਿਆਂ ਦੇ ਰਹਿਮ ਹੇਠ ਆ ਗਏ:
ਸਾਡੀ ਜ਼ਮੀਨ ਹਥਿਆਉਣ ਲਈ
ਸਰਕਾਰ ਨੇ ਦਿੱਤਾ ਇਕ ਰੁੱਕਾ
ਸਾਰੇ ਅਮਲ ਨੂੰ
ਛਲ-ਕਪਟ ਦਾ ਜਾਮਾ ਪਵਾ
ਬੇਘਰੇ ‘ਮੇਤੀਆਂ’ ਨੂੰ ਬੌਂਦਲਾ ਦਿਤਾ।
ਸੋਨੇ ਦੇ ਲਾਲਚ ਵਿਚ
ਝਪਟ ਪਏ ਸਨ
ਨਵੇਂ ਆਏ ਸਮੁੰਦਰੀ ਲੁਟੇਰੇ।
ਦੌਲਤ-ਪ੍ਰੇਮੀ ਠੱਗਾਂ
ਸਾਥੋਂ ਜ਼ਮੀਨਾਂ ਖੋਹਣ ਲਈ
ਸੁੱਟੇ ਸਨ ਗਲੇ-ਸੜੇ ਦਾਣੇ।
ਸਰਕਾਰੀ ਕਾਰਿੰਦਿਆਂ, ਅਫ਼ਸਰਾਂ
ਤੇ ਕਾਨੂੰਨ ਨੇ
ਖੋਹਿਆ ਲਾਚਾਰ ਬਾਲਾਂ ਦਾ ਵਿਰਸਾ
ਤੇ ਉਹਨਾਂ ਦੀ ਪਛਾਣ
ਹੁਣ ਅਸੀਂ ਗਾਉਂਦੇ ਹਾਂ
ਆਪਣਾ ਰਾਸ਼ਟਰ ਗੀਤ:
‘ਓ ਕੈਨੇਡਾ, ਸਾਡਾ ਘਰ,
ਸਾਡੀ ਮਾਤ-ਭੂਮੀ…।’
ਪਰ ਮੈਨੂੰ ਨਹੀਂ ਭੁਲਦਾ
ਉਹ ਸਰਕਾਰੀ ਰੁੱਕਾ
ਮੈਨੀਟੋਬਾ ਨਹੀਂ ਭੁਲਦਾ
ਤੇ ਯਾਦ ਰਹਿੰਦਾ ਹੈ 1870
ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਨਾਲ ਹੋਈਆਂ ਜ਼ਿਆਦਤੀਆਂ ਬਾਰੇ ‘ਸਚਾਈ’ ਖੋਜਣ ਵਾਲਾ ਕਮਿਸ਼ਨ ਬਿਠਾਇਆ ਗਿਆ ਸੀ ਜਿਸਨੇ ਆਪਣੀ ਰਿਪੋਰਟ ਵਿਚ ਇਸ ਨੂੰ ਮੂਲ-ਵਾਸੀਆਂ ਦੀ ‘ਸਭਿਆਚਾਰਕ ਨਸਲਕੁਸ਼ੀ’ ਕਰਾਰ ਦਿੱਤਾ ਅਤੇ ਇੱਥੋਂ ਤੱਕ ਕਿਹਾ ਕਿ ਸ਼ਾਇਦ ਹੀ ਕੋਈ ਮੂਲ-ਵਾਸੀ ਪਰਿਵਾਰ ਇਸ ਆਤੰਕ ਦੇ ਪ੍ਰਭਾਵ ਤੋਂ ਬਚਿਆ ਹੋਵੇ। ਪ੍ਰਾਈਮ ਮਿਨਿਸਟਰ ਹਾਰਪਰ (2006-15) ਦੀ ਸਰਕਾਰ ਨੇ ਇਸ ਗੱਲ ਵਾਸਤੇ ਮੂਲ-ਵਾਸੀਆਂ ਪਾਸੋਂ ਮੁਆਫ਼ੀ ਮੰਗੀ ਅਤੇ ਆਰਥਿਕ ਸਹਾਇਤਾ ਵੀ ਦਿੱਤੀ। ਭਾਵੇਂ ਪੁਲਾਂ ਹੇਠੋਂ ਬਹੁਤ ਪਾਣੀ ਵਹਿ ਚੁੱਕਾ ਹੈ ਫ਼ਿਰ ਵੀ ਮੂਲ-ਵਾਸੀਆਂ ਨੂੰ ਇਕ ਜਜ਼ਬਾਤੀ ਠੁਮ੍ਹਣਾ ਮਿਲ ਰਿਹਾ ਹੈ। ਉਨ੍ਹਾਂ ਦੇ ਰਾਖਵੇਂ ਇਲਾਕਿਆਂ ਨੂੰ, ਜਿੱਥੇ ਅਜੇ ਵੀ ਉਹਨਾਂ ਦਾ ਆਪਣੇ ਕਾਨੂੰਨ ਮੁਤਾਬਕ ਰਾਜ ਚਲਦਾ ਹੈ, ਬਿਹਤਰ ਬਣਾਉਣ ਲਈ ਸਕੀਮਾਂ ਘੜੀਆਂ ਜਾ ਰਹੀਆਂ ਹਨ। ਸਸਤੀ ਸ਼ਰਾਬ ਨੇ ਕਈ ਨਸਲਾਂ ਨੂੰ ਪੁੱਟ ਕੇ ਰੱਖ ਦਿੱਤਾ ਹੈ। ਮੌਜੂਦਾ ਨਿਜ਼ਾਮ ਇਨ੍ਹਾਂ ਸਮੱਸਿਆਵਾਂ ਬਾਰੇ ਹਾਂਪੱਖੀ ਸੋਚ ਨਾਲ ਚੱਲ ਰਿਹਾ ਹੈ। ਜਸਟਿਨ ਟਰੂਡੋ ਨੇ ਉਹਨਾਂ ਬੱਚਿਆਂ ਕੋਲੋਂ ਵੀ ਮੁਆਫ਼ੀ ਮੰਗੀ ਜਿਨ੍ਹਾਂ ਦੀਆਂ ਰਿਹਾਇਸ਼ੀ ਸਕੂਲਾਂ ਨੇ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ। ਮੈਨੀਟੋਬਾ ਪਹਿਲੀ ਸੂਬਾਈ ਸਰਕਾਰ ਹੈ ਜਿਸਦੇ ਪ੍ਰੀਮੀਅਰ ਗਰੇਗ ਸੀਲਿੰਗਰ ਨੇ 2015 ’ਚ ਖੁਲ੍ਹੇ ਸ਼ਬਦਾਂ ਵਿਚ ਬੱਚਿਆਂ ਨੂੰ ਮਾਪਿਆਂ ਪਾਸੋਂ ਖੋਹ ਕੇ ਯੂਰਪੀਨ ਪਾਲਕਾਂ ਦੇ ਹਵਾਲੇ ਕਰਨ ਵਾਸਤੇ ਮਾਫ਼ੀ ਮੰਗੀ। ਰਿਪੋਰਟ ਤਿਆਰ ਕਰਨ ਵਾਲੇ ਜੱਜ ਜਸਟਿਸ ਸਿੰਕਲੇਅਰ ਨੇ ਆਖਿਆ ਸੀ ਕਿ ਇਸ ਮਾਫ਼ੀ ਦਾ ਉਦੋਂ ਤੱਕ ਕੋਈ ਅਰਥ ਨਹੀਂ ਜਦ ਤੱਕ ਕਿ ਇਸ ਨੂੰ ਵਿਹਾਰ ਵਿਚ ਨਹੀਂ ਬਦਲਿਆ ਜਾਂਦਾ। ਸੀਲਿੰਗਰ ਨੇ ਕਿਹਾ ਸੀ ਕਿ ਆਸ ਹੈ ਕਿ ਹੁਣ ਅਸੀਂ ਸਮਝੌਤੇ, ਪੁਰਾਣੇ ਜ਼ਖ਼ਮਾਂ ਨੂੰ ਭਰਨ ਅਤੇ ਆਪਸੀ ਸਹਿਯੋਗ ਦੇ ਨਵੇਂ ਰਾਹ ’ਤੇ ਤੁਰ ਸਕਦੇ ਹਾਂ। ਇਹ ਇਕ ਲੰਮਾ ਸਫ਼ਰ ਹੋਵੇਗਾ ਕਿਉਂਕਿ ਜ਼ਖ਼ਮਾਂ ਨੂੰ ਭਰਦਿਆਂ ਵਕਤ ਲੱਗਦਾ ਹੈ। ਪਰ ਇਹ ਇਸ ਗੱਲ ਦੀ ਜ਼ਿੰਦਾ ਮਿਸਾਲ ਹੈ ਕਿ ਕੋਈ ਸਟੇਟ ਸੱਚੇ ਦਿਲੋਂ ਮਾਫ਼ੀ ਮੰਗ ਕੇ ਦੁਖੀਆਂ ਦੇ ਜ਼ਖ਼ਮਾਂ ਉਤੇ ਫ਼ੇਹੇ ਧਰ ਸਕਦੀ ਹੈ। ਇਹ ਦੇਖ ਕੇ ਮਨ ਨੂੰ ਧਰਵਾਸ ਹੁੰਦਾ ਹੈ ਕਿ ਅੱਜਕਲ੍ਹ ਸਰਕਾਰੀ ਇਮਾਰਤਾਂ ਦੇ ਬਾਹਰ ਇਸ ਤਰ੍ਹਾਂ ਦਾ ਇਕ ਬੋਰਡ ਲੱਗਾ ਹੁੰਦਾ ਹੈ: ‘‘ਯੂਨੀਵਰਸਟੀ ਆਫ਼ ਮੈਨੀਟੋਬਾ ਦੇ ਕੈਂਪਸ ਦੀ ਇਮਾਰਤ ਅਨੀਸ਼ਾਬੇਗ, ਕ੍ਰੀ, ਓਜੀ-ਕ੍ਰੀ, ਡਕੋਟਾ ਅਤੇ ਡੀਨ ਲੋਕਾਂ ਦੀ ਮੂਲ-ਧਰਤੀ ਅਤੇ ਮੇਤੀਆਂ ਦੀ ਜਨਮ-ਭੂਮੀ ਉੱਤੇ ਬਣੀ ਹੋਈ ਹੈ। ਇਨ੍ਹਾਂ ਇਲਾਕਿਆਂ ਬਾਰੇ ਹੋਏ ਸਮਝੌਤਿਆਂ ਦੀ ਅਸੀਂ ਕਦਰ ਕਰਦੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਬੀਤੇ ਵਿਚ ਸਾਥੋਂ ਗਲਤੀਆਂ ਹੋਈਆਂ ਜਿਨ੍ਹਾਂ ਨਾਲ ਨੁਕਸਾਨ ਹੋਏ। ਅਸੀਂ ਸਮਝੌਤੇ ਅਤੇ ਸਹਿਯੋਗ ਦੀ ਭਾਵਨਾ ਵਿਚ ਮੂਲ-ਵਾਸੀਆਂ ਦੇ ਭਾਈਵਾਲ ਬਣਕੇ ਕੰਮ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ।’’ ਇਹ ਸੁਪਨੇ ਵਰਗਾ ਸਵਸਥ ਅਤੇ ਸੱਚਾ ਬਹੁ-ਸਭਿਆਚਾਰਵਾਦ ਹੈ।
ਕੀ ਹਿੰਦੋਸਤਾਨ ਦੀਆਂ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਦਿੱਲੀ ਦੇ ਸਿੱਖ-ਵਿਰੋਧੀ ਨਸਲਘਾਤ, ਗੁਜਰਾਤ ਦੇ ਮੁਸਲਿਮ-ਵਿਰੋਧੀ ਦੰਗਿਆਂ, ਕਸ਼ਮੀਰ ਦੇ ਪੰਡਿਤ-ਦੇਸ਼-ਨਿਕਾਲੇ ਵਰਗੀਆਂ ਦਿਲ-ਦਹਿਲਾਊ ਘਟਨਾਵਾਂ ਅਤੇ ਅਕਾਲ ਤਖ਼ਤ ਨੂੰ ਤਬਾਹ ਕਰਨ ਦੀ ਬੇਅਕਲੀ ਵਾਸਤੇ ਮਾਫ਼ੀ ਮੰਗਦਿਆਂ ਐਸੇ ਬੋਰਡ ਲਗਾ ਸਕਦੀਆਂ ਹਨ?