ਹਰਜੀਤ ਅਟਵਾਲ
ਸ਼ੇਖ ਦੀਨ ਮੁਹੰਮਦ ਪਹਿਲਾ ਪਰਵਾਸੀ ਭਾਰਤੀ ਹੈ ਜੋ ਬਰਤਾਨੀਆ ਵਿੱਚ ਅਠਾਰਵੀਂ ਸਦੀ ਵਿੱਚ ਆ ਕੇ ਰਹਿੰਦਾ ਹੈ, ਆਪਣਾ ਕਾਰੋਬਾਰ ਸਥਾਪਤ ਕਰਦਾ ਹੈ, ਕਈ ਕਿਤਾਬਾਂ ਦਾ ਲੇਖਕ ਬਣਦਾ ਹੈ ਤੇ ਇਤਿਹਾਸ ਵਿੱਚ ਆਪਣਾ ਨਾਂ ਅੰਕਿਤ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਮੈਂ ਲਿਖਿਆ ਸੀ ਕਿ ਪਹਿਲਾ ਪਰਵਾਸੀ ਪੰਜਾਬੀ ਮਹਾਰਾਜਾ ਦਲੀਪ ਸਿੰਘ ਸੀ। ਪਰ ਸ਼ੇਖ ਦੀਨ ਮੁਹੰਮਦ ਉਸ ਤੋਂ ਵੀ ਬਹੁਤ ਪਹਿਲਾਂ ਬਰਤਾਨੀਆ ਵਿੱਚ ਆਇਆ ਤੇ ਬਰਤਾਨੀਆ ਦਾ ਵਿਸ਼ੇਸ਼ ਸ਼ਹਿਰੀ ਬਣਿਆ। ਉਸ ਦਾ ਨਾਂ ਸ਼ੇਖ ਦੀਨ ਮੁਹੰਮਦ ਗੂਗਲ ਵਿੱਚ ਲਿਸਟਡ ਹੈ। ਗੂਗਲ ਵਿੱਚ ਇਹ ਨਾਂ ਪਾਓ ਤਾਂ ਉਸ ਦਾ ਸਾਰਾ ਬਾਇਓ-ਡੇਟਾ ਸਾਹਮਣੇ ਆ ਜਾਵੇਗਾ। ਜਿਵੇਂ ਅੰਗਰੇਜ਼ੀ ਵਿੱਚ ਸਾਡਾ ਉਚਾਰਣ ਕੁਝ ਬਦਲ ਜਾਂਦਾ ਹੈ, ਇਸ ਕਰਕੇ ਗੂਗਲ ਵਿੱਚ ਉਸ ਦਾ ਨਾਂ ਸ਼ੇਕ ਡੀਨ ਮੋਹਮਤ ਵੀ ਹੋ ਸਕਦਾ ਹੈ।
ਦੀਨ ਮੁਹੰਮਦ ਨਾਲ ਮੇਰਾ ਵਾਹ ਉਦੋਂ ਪਿਆ ਜਦ ਮੈਂ ਆਪਣਾ ਅਧੂਰਾ ਨਾਵਲ ‘ਸਾਜਰੇ ਦਾ ਚੋਗ’ ਲਿਖ ਰਿਹਾ ਸਾਂ। ਮੈਂ ਖੋਜ ਕਰ ਰਿਹਾ ਸਾਂ ਕਿ ਅਸੀਂ ਕਦੋਂ ਕੁ ਤੋਂ ਯੂਕੇ ਵਿੱਚ ਰਹਿ ਰਹੇ ਹਾਂ। ਸ਼ੁਰੂ ਵਿੱਚ ਤਾਂ ਕੁਝ ਜਹਾਜ਼ੀ ਮੇਰੀ ਨਜ਼ਰੀਂ ਪਏ, ਪਰ ਫਿਰ ਦੀਨ ਮੁਹੰਮਦ ਦਾ ਨਾਂ ਮੇਰੇ ਮੂਹਰੇ ਆ ਗਿਆ। 1784 ਵਿੱਚ ਦੀਨ ਮੁਹੰਮਦ ਡਾਰਟਮਾਊਥ ਦੀ ਬੰਦਰਗਾਹ ’ਤੇ ਉਤਰਦਾ ਹੈ ਤੇ ਉੱਥੋਂ ਸਿੱਧਾ ਆਇਰਲੈਂਡ ਚਲਾ ਜਾਂਦਾ ਹੈ। ਪਹਿਲਾਂ ਉੱਥੇ ਸੈਟਲ ਹੁੰਦਾ ਹੈ ਤੇ ਫਿਰ ਲੰਡਨ ਆ ਜਾਂਦਾ ਹੈ ਤੇ ਉਨ੍ਹੀਵੀਂ ਸਦੀ ਵਿੱਚ ਉਹ ਬਰਾਈਟਨ ਜਾ ਕੇ ਟਿਕਾਣਾ ਕਰਦਾ ਹੈ। ਦੀਨ ਮੁਹੰਮਦ ਦੇ ਯੂਕੇ ਆਉਣ ਜਾਂ ਆਇਰਲੈਂਡ ਜਾਣ ਦਾ ਕਾਰਨ ਬੇਕਰ ਪਰਿਵਾਰ ਬਣਦਾ ਹੈ।
ਦੀਨ ਮੁਹੰਮਦ ਦਾ ਜਨਮ 1759 ਨੂੰ ਪਟਨੇ ਵਿਖੇ ਇਕ ਬੰਗਾਲੀ ਮੁਸਲਿਮ ਪਰਿਵਾਰ ਵਿੱਚ ਹੋਇਆ। ਪਟਨਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਵਿੱਚ ਪੈਂਦਾ ਸੀ। ਉਸ ਦੇ ਵੱਡੇ-ਵਡੇਰਿਆਂ ਦੀ ਬੰਗਾਲ ਦੇ ਨਵਾਬ ਨਾਲ ਰਿਸ਼ਤੇਦਾਰੀ ਸੀ ਅਤੇ ਉਸ ਦੇ ਪਰਿਵਾਰ ਦੇ ਬਹੁਤ ਸਾਰੇ ਲੋਕ ਮੁਗ਼ਲ ਦਰਬਾਰਾਂ ਵਿੱਚ ਕੰਮ ਕਰਦੇ ਰਹੇ ਸਨ। ਦੀਨ ਮੁਹੰਮਦ ਪਟਨੇ ਵਿੱਚ ਹੀ ਵੱਡਾ ਹੋ ਰਿਹਾ ਸੀ। ਉਸ ਦਾ ਪਿਤਾ ਈਸਟ ਇੰਡੀਆ ਦੀ ਫ਼ੌਜ ਵਿੱਚ ਸਰਜਨ ਸੀ। ਕੈਪਟਨ ਗੌਡਫਰੀ ਬੇਕਰ ਨਾਂ ਦਾ ਅਫ਼ਸਰ ਜਿਸ ਦਾ ਪਿਛੋਕੜ ਆਇਰਲੈਂਡ ਦਾ ਸੀ, ਉਸ ਦੇ ਪਿਤਾ ਦਾ ਦੋਸਤ ਸੀ। ਇੱਕ ਲੜਾਈ ਵਿੱਚ ਦੀਨ ਮੁਹੰਮਦ ਦੇ ਪਿਤਾ ਦੀ ਮੌਤ ਹੋ ਗਈ। ਉਸ ਵੇਲੇ ਦੀਨ ਮੁਹੰਮਦ ਦੀ ਉਮਰ ਸਿਰਫ਼ ਗਿਆਰਾਂ ਸਾਲ ਸੀ ਤੇ ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਕੈਪਟਨ ਬੇਕਰ ਨੇ ਲੈ ਲਈ। ਗੌਡਫਰੀ ਬੇਕਰ ਐਂਗਲੋ-ਆਇਰਸ਼ ਪ੍ਰੋਟੈਸਟੈਂਟ (ਇਸਾਈ ਧਰਮ ਦੀ ਇਕ ਵਿਚਾਰਧਾਰਾ) ਸੀ। ਦੀਨ ਮੁਹੰਮਦ ਉਸ ਨਾਲ ਹੀ ਰਹਿਣ ਲੱਗਾ। ਵੱਡਾ ਹੋਇਆ ਤਾਂ ਉਹ ਵੀ ਪਿਤਾ ਵਾਂਗ ਈਸਟ ਇੰਡੀਆ ਦੀ ਫ਼ੌਜ ਵਿੱਚ ਟਰੇਨੀ ਸਰਜਨ ਦੇ ਤੌਰ ’ਤੇ ਭਰਤੀ ਹੋ ਗਿਆ। ਕੈਪਟਨ ਬੇਕਰ ਨੇ 1782 ਵਿੱਚ ਈਸਟ ਇੰਡੀਆ ਕੰਪਨੀ ਵਿੱਚੋਂ ਅਸਤੀਫ਼ਾ ਦੇ ਕੇ ਵਾਪਸ ਆਇਰਲੈਂਡ ਜਾਣ ਦਾ ਫ਼ੈਸਲਾ ਕਰ ਲਿਆ। ਦੀਨ ਮੁਹੰਮਦ ਨੇ ਵੀ ਉਸ ਨਾਲ ਯੂਕੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਹ ਆਇਰਲੈਂਡ ਪੁੱਜ ਗਿਆ। ਆਇਰਲੈਂਡ ਆਇਆ ਤਾਂ ਉਸ ਨੂੰ ਬੋਲੀ ਦੀ ਸਮੱਸਿਆ ਪੇਸ਼ ਆ ਰਹੀ ਸੀ। ਉਸ ਨੇ ਅੰਗਰੇਜ਼ੀ ਸਿੱਖਣ ਲਈ ਇਕ ਸਕੂਲ ਵਿੱਚ ਦਾਖਲਾ ਲੈ ਲਿਆ। ਸਕੂਲ ਵਿੱਚ ਹੀ ਉਹ ਜੇਨ ਡੈਲੀ ਨਾਂ ਦੀ ਕੁੜੀ ਨਾਲ ਪਿਆਰ ਕਰਨ ਲੱਗਾ ਅਤੇ ਉਸ ਨਾਲ ਵਿਆਹ ਕਰਾਉਣ ਦੀ ਖ਼ੁਆਹਿਸ਼ ਦਾ ਇਜ਼ਹਾਰ ਕੀਤਾ। ਕੁੜੀ ਬਹੁਤ ਉੱਚੇ ਖਾਨਦਾਨ ਵਿੱਚੋਂ ਸੀ। ਡੈਲੀ ਪਰਿਵਾਰ ਇਸ ਵਿਆਹ ਤੋਂ ਖ਼ੁਸ਼ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਕਿਸੇ ਇਸਾਈ ਦਾ ਗੈਰ-ਇਸਾਈ ਨਾਲ ਵਿਆਹ ਕਰਾਉਣਾ ਗ਼ੈਰ-ਕਾਨੂੰਨੀ ਸੀ। ਸੋ ਦੀਨ ਮੁਹੰਮਦ ਨੇ ਇਸਲਾਮ ਛੱਡ ਕੇ ਇਸਾਈ ਧਰਮ ਅਪਣਾ ਲਿਆ। ਉਸ ਦਾ ਜੇਨ ਡੈਲੀ ਨਾਲ 1786 ਨੂੰ ਚਰਚ ਆਫ ਆਇਰਲੈਂਡ ਵਿੱਚ ਵਿਆਹ ਹੋ ਗਿਆ। ਵਿਆਹ ਭਾਵੇਂ ਹੋ ਗਿਆ, ਪਰ ਕੁਝ ਲੋਕ ਨਾਰਾਜ਼ ਸਨ। ਸੋ ਇਸ ਨਵੀਂ ਜੋੜੀ ਨੂੰ ਸ਼ਹਿਰ ਛੱਡਣਾ ਪਿਆ। ਇਹ 7-ਲਿਟਲ ਰਾਈਡਰ ਸਟਰੀਟ, ਲੰਡਨ ਆ ਵਸੇ ਤੇ ਬਹੁਤ ਸਾਲ ਉੱਥੇ ਹੀ ਰਹੇ।
ਦੀਨ ਮੁਹੰਮਦ ਨੇ ਇਕ ਹੋਰ ਵਿਆਹ ਵੀ ਕਰਾਇਆ ਜਿਸ ਦਾ ਇਤਿਹਾਸ ਵਿੱਚ ਬਹੁਤਾ ਜ਼ਿਕਰ ਨਹੀਂ ਆਉਂਦਾ। ਇਸ ਵਿਆਹ ਦਾ ਰਿਕਾਰਡ ਲੰਡਨ ਦੀ ਮੈਰਲੀਬੋਨ ਚਰਚ ਵਿੱਚ ਮਿਲਦਾ ਹੈ। ਇਹ ਵਿਆਹ 24 ਅਗਸਤ 1806 ਨੂੰ ਹੋਇਆ ਸੀ। ਉਸ ਦੀ ਦੂਜੀ ਪਤਨੀ ਦਾ ਨਾਂ ਜੇਨ ਜੈਫਰੀ (1780-1850) ਸੀ। ਦੀਨ ਮੁਹੰਮਦ ਦਾ ਨਾਂ ਰਿਕਾਰਡ ਵਿੱਚ ਵਿਲੀਅਮ ਮੋਹਮਤ ਲਿਖਿਆ ਹੈ। 1808 ਵਿੱਚ ਉਨ੍ਹਾਂ ਦੇ ਘਰ ਅਮੇਲੀਆ ਨਾਂ ਦੀ ਧੀ ਜਨਮੀ ਜਿਸ ਨੂੰ ਸੇਂਟ ਮੈਰਲੀਬੋਨ ਚਰਚ ਵਿੱਚ ਬੈਪਟਾਈਜ਼ (ਧਾਰਮਿਕ ਰਸਮ) ਕੀਤਾ ਗਿਆ। ਉਸ ਦੀ ਇਸ ਪਤਨੀ ਬਾਰੇ ਇਸ ਤੋਂ ਬਾਅਦ ਦਾ ਇਤਿਹਾਸ ਚੁੱਪ ਹੈ। ਪਹਿਲੀ ਪਤਨੀ ਤੋਂ ਉਸ ਦੇ ਸੱਤ ਬੱਚੇ ਸਨ। ਇਨ੍ਹਾਂ ਸਭ ਨੂੰ ਰੋਮਨ ਕੈਥੋਲਿਕ ਚਰਚ ਵਿੱਚ ਬੈਪਟਾਈਜ਼ ਕੀਤਾ ਗਿਆ।
ਲੰਡਨ ਵਿੱਚ ਰਹਿੰਦਿਆਂ ਦੀਨ ਮੁਹੰਮਦ ਨੇ ਕਈ ਕੰਮ ਕੀਤੇ। ਭਾਰਤ ਵਿੱਚ ਸਿਵਿਲ ਸਰਵੈਂਟ ਰਹੇ ਬੇਸਿਲ ਕੋਚਰੇਨ ਕੋਲ ਉਹ ਕਾਫ਼ੀ ਦੇਰ ਕੰਮ ਕਰਦਾ ਰਿਹਾ। ਬੇਸਿਲ ਕੋਚਰੇਨ ਨੇ ਲੰਡਨ ਵਿੱਚ ਪਹਿਲਾ ਪਬਲਿਕ ਸਟੀਮਬਾਥ ਖੋਲ੍ਹਿਆ ਜੋ ਪੋਰਟਮੈਨ ਸੁਕੇਅਰ ਉਪਰ ਸੀ। ਉਹ ਸਟੀਮਬਾਥ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ ਸਥਾਨਕ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦਾ। ਇੱਥੋਂ ਹੀ ਪ੍ਰਭਾਵਿਤ ਹੋ ਕੇ ਦੀਨ ਮੁਹੰਮਦ ਨੇ 1814 ਵਿੱਚ ਬਰਾਈਟਨ ਜਾ ਕੇ ਆਪਣਾ ਸ਼ੈਂਪੂਇੰਗ ਜਾਂ ਚੰਪਈ ਦਾ ਕਾਰੋਬਾਰ ਸ਼ੁਰੂ ਕੀਤਾ ਸੀ।
1810 ਵਿੱਚ ਦੀਨ ਮੁਹੰਮਦ 34 ਜੌਰਜ ਸਰਟੀਟ, ਲੰਡਨ ਉਪਰ ਹਿੰਦੋਸਤਾਨੀ ਕੌਫ਼ੀ ਹਾਊਸ ਖੋਲ੍ਹਦਾ ਹੈ। ਇਹ ਜਗ੍ਹਾ ਪੋਰਟਮੈਨ ਸੁਕੇਅਰ ਦੇ ਬਿਲਕੁਲ ਨਜ਼ਦੀਕ ਸੀ। ਹੁਣ ਇਸ ਜਗ੍ਹਾ ਕਾਰਲਟਨ ਹਾਊਸ ਬਣ ਗਿਆ ਹੈ। ਅੱਜ ਯੂਕੇ ਵਿੱਚ ਹਜ਼ਾਰਾਂ ਭਾਰਤੀ ਰੈਸਤਰਾਂ ਹਨ, ਪਰ ਇਨ੍ਹਾਂ ਸਭ ਦਾ ਗਾਡੀਵਾਨ ਦੀਨ ਮੁਹੰਮਦ ਹੈ। ਇਹ ਹਿੰਦੋਸਤਾਨੀ ਖਾਣਿਆਂ ਦੇ ਨਾਲ-ਨਾਲ ਹਿੰਦੋਸਤਾਨੀ ਹੁੱਕਾ ਵੀ ਪੇਸ਼ ਕਰਦਾ ਸੀ। ਇਸ ਹੁੱਕੇ ਉਪਰ ਅਸਲੀ ਚਿਲਮ ਲੱਗੀ ਹੁੰਦੀ ਤੇ ਇਸ ਵਿੱਚ ਹਿੰਦੋਸਤਾਨੀ ਤਮਾਕੂ ਵਰਤਿਆ ਜਾਂਦਾ। ਅੱਜ ਦੀਆਂ ਕਰੀਆਂ (ਭਾਰਤੀ ਖਾਣੇ) ਨਾਲੋਂ ਉਸ ਵੇਲੇ ਦੇ ਖਾਣਿਆਂ ਦਾ ਸਵਾਦ ਸ਼ਾਇਦ ਕੁਝ ਭਿੰਨ ਹੁੰਦਾ ਹੋਵੇਗਾ, ਪਰ ਦੀਨ ਮੁਹੰਮਦ ਦੇ ਹਿੰਦੋਸਤਾਨੀ ਕੌਫ਼ੀ ਹਾਊਸ ਨੂੰ ਬਹੁਤ ਪ੍ਰਸਿੱਧੀ ਮਿਲੀ। ਇਹ ਜਗ੍ਹਾ ਕੇਂਦਰੀ ਲੰਡਨ ਵਿੱਚ ਹੋਣ ਕਰਕੇ ਇਸ ਦਾ ਕਿਰਾਇਆ ਬਹੁਤ ਸੀ, ਇਸ ਲਈ ਜਲਦੀ ਹੀ ਉਸ ਨੂੰ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਏਨੀਆਂ ਵਧ ਗਈਆਂ ਕਿ ਰੈਸਤਰਾਂ ਬੰਦ ਕਰਨਾ ਪਿਆ। ਇਸ ਰੈਸਤਰਾਂ ਦੀ ਲੰਡਨ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਇਸੇ ਲਈ ਲੰਡਨ ਦੀ ਕੌਂਸਲ ਵੱਲੋਂ ਜੌਰਜ ਸਟਰੀਟ ਵਿੱਚ ਹਰੇ ਰੰਗ ਦੀ ਪਲੇਕ ਲਾਈ ਹੋਈ ਹੈ ਜਿਸ ਉਪਰ ਦੀਨ ਮੁਹੰਮਦ ਦੇ ਨਾਂ ਨਾਲ ਦਾ ਹਿੰਦੋਸਤਾਨੀ ਕੌਫ਼ੀ ਹਾਊਸ ਲਿਖਿਆ ਹੈ। ਕਿਉਂਕਿ ਜੌਰਜ ਸਟਰੀਟ ਦਾ 34 ਨੰਬਰ ਹੁਣ ਢਾਹਿਆ ਜਾ ਚੁੱਕਾ ਹੈ ਸੋ ਇਹ ਹਰੀ-ਪਲੇਕ 102 ਨੰਬਰ ਉਪਰ ਲਾਈ ਗਈ ਹੈ।
ਲੰਡਨ ਵਾਲਾ ਕੌਫ਼ੀ ਹਾਊਸ ਫੇਲ੍ਹ ਹੋਣ ਤੋਂ ਬਾਅਦ ਦੀਨ ਮੁਹੰਮਦ 1814 ਵਿੱਚ ਬਰਾਈਟਨ ਚਲਾ ਗਿਆ। ਉੱਥੇ ਜਾ ਕੇ ਉਸ ਨੇ ਨਵੇਂ ਢੰਗ ਦੇ ਗੁਸਲਖਾਨੇ ਖੋਲ੍ਹ ਲਏ ਜਿਨ੍ਹਾਂ ਵਿੱਚ ਉਹ ਆਪਣੇ ਗਾਹਕਾਂ ਨੂੰ ਸ਼ੈਂਪੂ ਦਿੰਦਾ ਜਿਸ ਨੂੰ ਦੇਸੀ ਬੋਲੀ ਵਿੱਚ ਚੰਪਈ ਜਾਂ ਸਿਰ ਦੀ ਮਾਲਿਸ਼ ਕਹਿੰਦੇ ਹਨ। ਹੌਲੀ ਹੌਲੀ ਉਸ ਨੇ ਮਸਾਜ ਭਾਵ ਬਾਕੀ ਸਰੀਰ ਦੀ ਮਾਲਿਸ਼ ਕਰਨੀ ਵੀ ਸ਼ੁਰੂ ਕਰ ਦਿੱਤੀ। ਉਹ ਇਸ ਨੂੰ ਥੈਰੇਪੀ ਵੀ ਆਖਦਾ। ਉਹ ਇੰਡੀਆ ਤੋਂ ਜਾ ਕੇ ਤਰ੍ਹਾਂ-ਤਰ੍ਹਾਂ ਦੇ ਤੇਲ, ਇਤਰ-ਫਲੇਲ ਆਦਿ ਲੈ ਕੇ ਆਉਂਦਾ ਤੇ ਇਨ੍ਹਾਂ ਨੂੰ ਮਾਲਿਸ਼ ਲਈ ਵਰਤਦਾ। ਉਸ ਦੇ ਬਾਥਹਾਊਸ ਉੱਥੇ ਹੁੰਦੇ ਸਨ ਜਿੱਥੇ ਅੱਜਕੱਲ੍ਹ ਕੁਈਨ ਹੋਟਲ ਹੈ। ਉਹ ਆਪਣੇ ਮਸਾਜ ਦੀ ਅਖ਼ਬਾਰਾਂ ਵਿੱਚ ਮਸ਼ਹੂਰੀ ਦਿੰਦਾ ਕਿ ਸਾਡੇ ਵੱਲੋਂ ਦਿੱਤਾ ਜਾਂਦਾ ਇੰਡੀਅਨ ਮੈਡੀਕੇਟਿਡ ਵੈਪੁਉਰ ਬਾਥ ਕਈ ਬਿਮਾਰੀਆਂ ਦਾ ਇਲਾਜ ਕਰਦਾ ਹੈ ਜਿਵੇਂ ਜੋੜਾਂ ਦੇ ਦਰਦ, ਗਠੀਏ, ਲੱਤਾਂ ਦੇ ਦਰਦ, ਅਧਰੰਗ ਨਾਲ ਖੜ੍ਹੇ ਅੰਗਾਂ ਦਾ। ਉਸ ਦਾ ਕੰਮ ਬਹੁਤ ਚੱਲ ਨਿਕਲਿਆ। ਉਸ ਦੀ ਪਤਨੀ ਔਰਤਾਂ ਦੀ ਮਸਾਜ ਕਰਦੀ। ਉਸ ਦੀ ਮਸ਼ਹੂਰੀ ਦੂਰ-ਦੂਰ ਤੱਕ ਪੁੱਜ ਗਈ। ਹਸਪਤਾਲਾਂ ਵਾਲੇ ਆਪਣੇ ਮਰੀਜ਼ਾਂ ਕੋਲ ਦੀਨ ਮੁਹੰਮਦ ਦੀ ਥੈਰੇਪੀ ਦੀ ਸਿਫ਼ਾਰਿਸ਼ ਕਰਦੇ। ਵਿਲੀਅਮ ਚੌਥਾ ਤੇ ਜੌਰਜ ਚੌਥਾ ਵੀ ਉਸ ਕੋਲੋਂ ਆਪਣਾ ਇਲਾਜ ਕਰਾਉਣ ਆਏ। ਉਸ ਨੂੰ ‘ਡਾਕਟਰ ਬਰਾਈਟਨ’ ਕਿਹਾ ਜਾਣ ਲੱਗ ਪਿਆ। 1825 ਵਿੱਚ ਲੰਡਨ ਤੋਂ ਬਰਾਈਟਨ ਲਈ ਟਰੇਨ ਚੱਲ ਪਈ ਸੀ। ਸੋ ਲੰਡਨ ਤੋਂ ਵੀ ਲੋਕ ਉਸ ਕੋਲ ਪੁੱਜਣ ਲੱਗ ਪਏ। ਉਹ ਪਹਿਲਾ ਹਿੰਦੋਸਤਾਨੀ ਸੀ ਜਿਸ ਨੇ ਯੂਕੇ ਵਿੱਚ ਏਨਾ ਨਾਂ ਕਮਾਇਆ।
ਇਸ ਤੋਂ ਬਿਨਾਂ ਉਹ ਪਹਿਲਾ ਹਿੰਦੋਸਤਾਨੀ ਸੀ ਜਿਸ ਨੇ ਅੰਗਰੇਜ਼ੀ ਵਿੱਚ ਕਿਤਾਬਾਂ ਲਿਖੀਆਂ। ਉਸ ਨੇ ਆਪਣੀ ਪਹਿਲੀ ਕਿਤਾਬ 15 ਜੂਨ 1794 ਨੂੰ ਛਪਵਾਈ ਜਿਸਦਾ ਨਾਂ ‘ਦਿ ਟਰੈਵਲਜ਼ ਔਫ ਡੀਨ ਮਹੋਮਦ’ ਹੈ। ਇਹ ਇਕ ਵੱਖਰੀ ਵਿਧਾ ਦੀ ਕਿਤਾਬ ਹੈ ਜੋ ਕਲਪਨਾ ਅਤੇ ਤੱਥਾਂ ਦਾ ਸੁਮੇਲ ਹੈ। ਇਸ ਵਿੱਚ ਚਿੱਠੀਆਂ ਵੀ ਸ਼ਾਮਲ ਕੀਤੀਆਂ ਹੋਈਆਂ ਹਨ। ਉਸ ਦੇ ਫ਼ੌਜ ਦੇ ਜੀਵਨ ਦਾ ਜ਼ਿਕਰ ਵੀ ਇਸ ਵਿੱਚ ਹੈ ਤੇ ਸਮੁੰਦਰੀ ਸਫ਼ਰ ਦਾ ਵੀ। ਹਿੰਦੋਸਤਾਨ ਦੇ ਕੁਝ ਵੱਡੇ ਸ਼ਹਿਰਾਂ ਦਾ ਵੀ ਜ਼ਿਕਰ ਹੈ। ਕਿਹਾ ਜਾਂਦਾ ਹੈ ਕਿ ਭਾਰਤੀ ਰਸਮਾਂ, ਸਭਿਆਚਾਰ, ਕਾਰੋਬਾਰ, ਫ਼ੌਜੀ ਖਿੱਚੋਤਾਣ, ਖਾਣਿਆਂ ਤੇ ਜੰਗਲੀ ਜੀਵਨ ਵਾਲੀ ਇਹ ਮੌਲਿਕ ਕਿਤਾਬ ਹੈ। ਮੈਨੂੰ ਇਸ ਕਿਤਾਬ ਦੀ ਇਕ ਗੱਲ ਬਹੁਤ ਅਜੀਬ ਲੱਗੀ ਕਿ ਦੀਨ ਮੁਹੰਮਦ ਆਪਣੇ ਆਪ ਨੂੰ ‘ਅਸੀਂ’ ਕਹਿ ਕੇ ਸੰਬੋਧਨ ਹੁੰਦਾ ਹੈ, ਉਹ ਆਪਣੇ ਆਪ ਨੂੰ ਬਰਤਾਨਵੀ ਬਣਾ ਕੇ ਪੇਸ਼ ਕਰਦਾ ਹੈ ਤੇ ਹਿੰਦੋਸਤਾਨ ਦੀਆਂ ਕਈ ਗੱਲਾਂ ਪ੍ਰਤੀ ਤਰਸ ਦਿਖਾਉਂਦਾ ਹੈ। ਉਸ ਨੇ ਦੋ ਕਿਤਾਬਾਂ ਆਪਣੇ ਕੰਮ ਬਾਰੇ ਵੀ ਲਿਖੀਆਂ। ਇਕ ਕਿਤਾਬ ਉਸ ਦੀ ਥੈਰੇਪੀ ਦੇ ਫ਼ਾਇਦਿਆਂ ਬਾਰੇ ਅਤੇ ਥੈਰੇਪੀ ਨਾਲ ਠੀਕ ਹੋਏ ਕੇਸਾਂ ਬਾਰੇ ਹੈ। ਦੂਜੀ ਕਿਤਾਬ ਸ਼ੈਂਪੂਇੰਗ ਦੇ ਫ਼ਾਇਦਿਆਂ ਬਾਰੇ ਹੈ। ਦੂਜੀ ਕਿਤਾਬ ਉਸ ਨੇ ਜੌਰਜ ਚੌਥਾ ਨੂੰ ਸਮਰਪਿਤ ਕੀਤੀ ਸੀ।
ਦੀਨ ਮੁਹੰਮਦ 24 ਫਰਵਰੀ 1851 ਵਿੱਚ ਬਾਨਵੇਂ ਸਾਲ ਦੀ ਉਮਰ ਭੋਗ ਕੇ ਪੂਰਾ ਹੋ ਜਾਂਦਾ ਹੈ। ਉਸਨੂੰ ਸੇਂਟ ਨਿਕਲਸ ਚਰਚ, ਬਰਾਈਟਨ ਵਿੱਚ ਦਫ਼ਨਾਇਆ ਜਾਂਦਾ ਹੈ। ਉਸ ਦੇ ਇਕ ਪੁੱਤਰ ਫਰੈਡਰਿਕ ਦੀਨ ਮੁਹੰਮਦ ਨੇ ਵੀ ਬਰਾਈਟਨ ਵਿੱਚ ਟਰਕਿਸ਼-ਬਾਥ ਖੋਲ੍ਹੇ ਸਨ, ਪਰ ਉਹ ਆਪਣੇ ਪਿਓ ਵਾਂਗ ਕਾਮਯਾਬ ਨਹੀਂ ਸੀ ਹੋ ਸਕਿਆ। ਉਸ ਨੇ ਬਰਾਈਟਨ ਦੇ ਨੇੜੇ ਹੀ ਫੈਂਸਿੰਗ ਬੌਕਸਿੰਗ ਅਕੈਡਮੀ ਵੀ ਖੋਲ੍ਹੀ ਸੀ। ਉਸ ਦਾ ਪੋਤਰਾ ਹੈਨਰੀ ਅਕਬਰ ਮੁਹੰਮਦ ਸੰਸਾਰ ਪ੍ਰਸਿੱਧ ਡਾਕਟਰ ਹੋਇਆ ਹੈ। ਉਹ ਲੰਡਨ ਦੇ ਗਾਈਜ਼ ਹਸਪਤਾਲ ਵਿੱਚ ਤਾਇਨਾਤ ਰਿਹਾ ਹੈ। ਉਸ ਦਾ ਹਾਈ ਬਲੱਡ ਪ੍ਰੈਸ਼ਰ ਦੀ ਖੋਜ ਵਿੱਚ ਕਾਫ਼ੀ ਯੋਗਦਾਨ ਹੈ। ਦੀਨ ਮੁਹੰਮਦ ਦਾ ਇੱਕ ਹੋਰ ਪੋਤਰਾ ਰੈਵ. ਜੇਮਜ਼ ਕੈਰੀਮਨ ਮੁਹੰਮਦ ਹੋਵ ਸ਼ਹਿਰ ਦੇ ਚਰਚ ਵਿੱਚ ਪਾਦਰੀ ਵੀ ਰਿਹਾ ਹੈ।
ਇਕ ਵੇਲਾ ਸੀ ਕਿ ਦੀਨ ਮੁਹੰਮਦ ਦਾ ਨਾਂ ਬਰਾਈਟਨ ਤੋਂ ਲੈ ਕੇ ਲੰਡਨ ਤੇ ਸ਼ਾਹੀ ਪਰਿਵਾਰ ਤੱਕ ਪ੍ਰਸਿੱਧ ਸੀ, ਪਰ ਫਿਰ ਹੌਲੀ-ਹੌਲੀ ਉਹ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਕੇ ਰਹਿ ਗਿਆ। ਇਹ ਤਾਂ ਇਕ ਭਾਰਤੀ ਕਵੀ ਅਤੇ ਵਿਦਵਾਨ ਆਲਮਗੀਰ ਹਾਸ਼ਮੀ ਸਿਰ ਸਿਹਰਾ ਬੱਝਦਾ ਹੈ ਜਿਸ ਨੇ ਮੁੜ ਦੀਨ ਮੁਹੰਮਦ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। 1970-80 ਵਿੱਚ ਕੀਤੇ ਉਸ ਦੇ ਅਧਿਐਨ ਤੋਂ ਦੀਨ ਮੁਹੰਮਦ ਦੀਆਂ ਲਿਖਤਾਂ ਬਾਰੇ ਪਤਾ ਚੱਲਿਆ। ਮਾਈਕਲ ਫਿਸ਼ਰ ਨਾਮੀ ਇਕ ਲੇਖਕ ਨੇ ਦੀਨ ਮੁਹੰਮਦ ਬਾਰੇ ਪੂਰੀ ਤਰ੍ਹਾਂ ਖੋਜ ਕੀਤੀ ਹੈ ਤੇ ਉਸ ਦੀਆਂ ਲਿਖਤਾਂ ਉਪਰ ਇਕ ਕਿਤਾਬ ਵੀ ਲਿਖੀ ਹੈ, ‘ਦਿ ਫਸਟ ਇੰਡੀਅਨ ਔਥਰ ਇਨ ਇੰਗਲਿਸ਼: ਡੀਨ ਮੋਹਮਤ ਇਨ ਇੰਡੀਆ, ਆਇਰਲੈਂਡ, ਇੰਗਲੈਂਡ’। ਹੋਰਨਾਂ ਕਈ ਵਿਦਵਾਨਾਂ ਨੇ ਵੀ ਉਸ ਉਪਰ ਕੰਮ ਕੀਤਾ ਹੈ। 2005 ਵਿੱਚ ਦੀਨ ਮੁਹੰਮਦ ਦੇ ਨਾਂ ਦੀ ਹਰੀ ਪਲੇਕ ਲਾਈ ਗਈ। ਨਵੰਬਰ 2011 ਨੂੰ ਉਸ ਦਾ ਨਾਂ ਗੂਗਲ ਮੁੱਖ ਪੇਜ ’ਤੇ ਪਾ ਦਿੱਤਾ ਗਿਆ। ਬੇਸ਼ੱਕ ਹੁਣ ਉਸ ਨੂੰ ਪਹਿਲੇ ਹਿੰਦੋਸਤਾਨੀ ਪਰਵਾਸੀ ਦੇ ਤੌਰ ’ਤੇ ਮਾਨਤਾ ਮਿਲ ਗਈ ਹੈ।
ਸੰਪਰਕ: 00447782265726