ਹਰਪਾਲ ਸਿੰਘ ਪੰਨੂ
ਤੇਈ ਨਵੰਬਰ 1894 ਨੂੰ ਹਰਦਿਤ ਸਿੰਘ ਮਲਿਕ ਖੁਸ਼ਹਾਲ ਮਾਪਿਆਂ ਘਰ ਰੌਣਕਾਂ ਭਰੇ ਸ਼ਹਿਰ ਰਾਵਲਪਿੰਡੀ (ਜੋ ਹੁਣ ਪਾਕਿਸਤਾਨ ਵਿਚ ਹੈ) ਵਿਚ ਪੈਦਾ ਹੋਇਆ। ਪਿਤਾ ਸਣੇ ਤਿੰਨ ਚਾਚਿਆਂ ਦੇ ਪਰਿਵਾਰ, ਨੌਕਰ ਚਾਕਰ ਵੱਡੀ ਹਵੇਲੀ ਵਿਚ ਰਿਹਾ ਕਰਦੇ। ਹਰਦਿਤ ਦਾ ਪਿਤਾ ਰੇਲਵੇ ਲਾਈਨਾਂ ਵਿਛਾਉਣ ਦੇ ਠੇਕੇ ਲਿਆ ਕਰਦਾ, ਪੁਲ ਬਣਾਉਂਦਾ, ਕਾਰੋਬਾਰ ਵਧੀਆ ਚੱਲਣ ਸਦਕਾ ਇਲਾਕੇ ਦਾ ਤਕੜਾ ਜ਼ਿਮੀਦਾਰ ਹੋ ਗਿਆ। ਹਰਦਿਤ ਉਪਰ ਪਿਤਾ ਦਾ ਅਸਰ ਸਾਰਿਆਂ ਤੋਂ ਵਧੀਕ ਸੀ। ਪਰਿਵਾਰ ਕਿਹਾ ਕਰਦਾ- ਪਿਤਾ ਦਾ ਏਨਾ ਲਾਡ ਇਸ ਮੁੰਡੇ ਨੂੰ ਵਿਗਾੜ ਦਏਗਾ ਕਿਉਂਕਿ ਜੋ ਮੰਗ ਮੂੰਹੋਂ ਕਰਦਾ ਪਿਤਾ ਪੂਰੀ ਕਰ ਦਿੰਦਾ। ਮਾਂ ਨੂੰ ਸਵਾਲ ਪਾਉਂਦਾ ਵੀ ਨਾ ਕਿਉਂਕਿ ਮਾਂ ਘੂਰ ਕੇ ਰਖਦੀ। ਉਹ ਨਿਤਨੇਮਣ ਬੀਬੀ ਸੀ, ਚਾਹੁੰਦੀ ਸੀ ਹਰਦਿਤ ਸਿੱਖ ਵਿਰਸੇ ਤੋਂ ਵਾਕਫ਼ ਹੋਵੇ, ਸੰਜਮ ਨਾਲ ਰਹੇ। ਮਾਂ ਵਲੋਂ ਮਿਲਿਆ ਇਹ ਸੁਭਾਅ ਉਸ ਦੇ ਉਦੋਂ ਕੰਮ ਆਇਆ ਜਦ ਪਰਦੇਸਾਂ ਵਿਚ ਇਕੱਲੇ ਨੂੰ ਵਕਤ ਬਤੀਤ ਕਰਨਾ ਪਿਆ। ਭਾਈ ਜੀ ਨੇ ਉਸ ਨੂੰ ਕੜਾ ਪਹਿਨਾਇਆ ਜਿਹੜਾ ਉਸ ਨੇ ਸਾਰੀ ਉਮਰ ਨਹੀਂ ਉਤਾਰਿਆ, ਪਹਿਲੇ ਵਿਸ਼ਵ ਯੁੱਧ ਸਮੇਂ ਜੰਗੀ ਜਹਾਜ਼ ਚਲਾਉਂਦਿਆਂ ਵੀ ਨਹੀਂ।
ਪਹਿਲਾਂ ਆਮ ਜਿਹੇ ਸਰਕਾਰੀ ਸਕੂਲ ਵਿਚ ਦਾਖਲ ਕਰਵਾਇਆ ਪਰ ਪਿਤਾ ਨੇ ਜਲਦੀ ਐਂਗਲੋ ਇੰਡੀਅਨ ਮੋਰਿਸ ਜੋੜੇ ਵਲੋਂ ਖੋਲ੍ਹੇ ਸਕੂਲ ਵਿਚ ਭੇਜ ਦਿਤਾ। ਪਿਤਾ ਨੇ ਅੰਗਰੇਜ਼ੀ ਅਤੇ ਗਣਿਤ ਦੀ ਟਿਊਸ਼ਨ ਪੜ੍ਹਾਉਣ ਵਾਲੇ ਸਥਾਨਕ ਗੋਰਡਨ ਮਿਸ਼ਨ ਸਕੂਲ ਦੇ ਦੋ ਅਧਿਆਪਕ ਰੱਖ ਦਿਤੇ। ਪੜ੍ਹਾਈ ਦੇ ਨਾਲ ਨਾਲ ਮਾਪਿਆਂ ਨੇ ਹੱਥੀਂ ਕਿਰਤ ਕਰਨ ਦਾ ਮਹੱਤਵ ਸਮਝਾਇਆ ਤੇ ਦੱਸਿਆ ਆਤਮ ਸਨਮਾਨ ਰੱਖਣ ਵਾਸਤੇ ਕਿਰਤ ਜ਼ਰੂਰੀ ਹੈ। ਸਕੂਲ ਵਿਚ ਉਸ ਨੇ ਸੈਲਫ਼-ਹੈਲਪ ਨਾਮ ਦੀ ਅੰਗਰੇਜ਼ੀ ਕਿਤਾਬ ਏਨੀ ਵਾਰ ਪੜ੍ਹੀ ਕਿ ਜ਼ਬਾਨੀ ਯਾਦ ਹੋ ਗਈ। ਲਾਡ ਪਿਆਰ ਵਿਚ ਪਲਿਆ ਇਹ ਬੱਚਾ ਮਜ਼ਬੂਤ ਇਰਾਦੇ ਵਾਲਾ ਸਾਬਤ ਹੋਇਆ ਹਾਲਾਂਕਿ ਸਾਰੇ ਉਸਨੂੰ ਵਿਗੜਿਆ ਤਿਗੜਿਆ ਛੋਕਰਾ ਸਮਝਦੇ।
ਪਿਤਾ ਨੇ ਦੇਖਿਆ ਬੱਚੇ ਦੀ ਰੁਚੀ ਖੇਡਾਂ ਵੱਲ ਵੀ ਹੈ, ਕ੍ਰਿਕਟ ਅਤੇ ਟੈਨਿਸ ਦੀ ਕੋਚਿੰਗ ਦਾ ਪ੍ਰਬੰਧ ਕਰ ਦਿਤਾ। ਸਕੂਲ ਵਿਚ ਖੇਡਾਂ ਦਾ ਬੰਦੋਬਸਤ ਨਾ ਹੋਣ ਕਰਕੇ ਉਹ ਇਲਾਕੇ ਦੇ ਮੁੰਡੇ ਇਕੱਠੇ ਕਰਕੇ ਹਾਕੀ, ਕ੍ਰਿਕਟ, ਫੁੱਟਬਾਲ ਦੀਆਂ ਟੀਮਾਂ ਬਣਾ ਕੇ ਮੁਕਾਬਲੇ ਕਰਵਾਉਂਦਾ। ਸਾਰੀ ਉਮਰ ਦੇਸ ਵਿਦੇਸ਼ ਵਿਚ ਖੇਡਾਂ ਨਾਲੋਂ ਉਸਦਾ ਨਾਤਾ ਨਹੀਂ ਟੁੱਟਾ। ਵਿਹਲੇ ਵਕਤ ਪਤੰਗਬਾਜ਼ੀ ਕਰਦਾ ਹੁੰਦਾ। ਦੂਜੇ ਦਾ ਪਤੰਗ ਕੱਟਣ ਵਾਸਤੇ ਬੜੀ ਮੁਸ਼ਤੈਦੀ ਵਰਤਣੀ ਪੈਂਦੀ। ਬਚਪਨ ਦੀਆਂ ਇਹ ਖੇਡਾਂ ਵਿਸ਼ਵ ਯੁੱਧ ਦੌਰਾਨ ਜਹਾਜ਼ ਦੇ ਜੰਗੀ ਦਾਅ-ਪੇਚਾਂ ਵਕਤ ਸਹਾਈ ਹੋਈਆਂ।
ਨਿੱਕੇ ਹਰਦਿਤ ਦਾ ਮਨ ਕਰਦਾ ਇੰਗਲੈਂਡ ਜਾਵਾਂ। ਮਾਪਿਆਂ ਨੂੰ ਮਨਾਉਣ ਵਾਸਤੇ ਬੜਾ ਜ਼ੋਰ ਲੱਗਿਆ। 1908 ਵਿਚ ਚੌਦਾਂ ਸਾਲ ਦਾ ਹਰਦਿਤ ਰਾਵਲਪਿੰਡੀ ਤੋਂ ਇੰਗਲੈਂਡ ਪੁੱਜ ਗਿਆ ਜਿੱਥੇ ਰਹਿੰਦਾ ਵੱਡਾ ਭਰਾ ਤੇਜਾ ਸਿੰਘ ਲੈਣ ਪੁੱਜਾ ਹੋਇਆ ਸੀ। ਸਕੂਲ ਵਿਚ ਨਵੇਂ ਛੋਕਰੇ ਦੀ ਰੈਗਿੰਗ ਕਰਨ ਵਾਸਤੇ ਮੁੰਡਿਆਂ ਦੀ ਟੋਲੀ ਨੇ ਘੇਰ ਲਿਆ। ਕਹਿੰਦੇ- ਇਸ ਪਗੜੀ ਹੇਠ ਕੀ ਲੁਕਾਇਆ ਹੋਇਆ ਹੈ ਉਤਾਰ ਕੇ ਦਿਖਾ। ਹਰਦਿਤ ਕਹਿੰਦਾ ਇਹ ਮੇਰਾ ਧਰਮੀ ਲਬਿਾਸ ਹੈ ਉਤਾਰ ਨਹੀਂ ਸਕਦਾ। ਉਹ ਕਹਿੰਦੇ ਫਿਰ ਅਸੀਂ ਉਤਾਰਨ ਜਾਣਦੇ ਆਂ। ਹਰਦਿਤ ਕਹਿੰਦਾ ਤੁਸੀਂ ਗਿਣਤੀ ਵਿਚ ਵੱਧ ਹੋ, ਮੈਂ ਇਕੱਲਾ ਹਾਂ, ਜੋ ਮਰਜੀ ਕਰੋ ਪਰ ਇਹ ਗੱਲ ਪਹਿਲਾਂ ਦੱਸ ਦਿੰਨਾ ਤੁਹਾਡੇ ਵਿਚੋਂ ਜਿਹੜਾ ਸਭ ਤੋਂ ਪਹਿਲਾਂ ਮੇਰੀ ਦਸਤਾਰ ਨੂੰ ਹੱਥ ਪਾਏਗਾ ਵਕਤ ਆਉਣ ਤੇ ਮੈਂ ਉਸਦਾ ਕਤਲ ਕਰਾਂਗਾ। ਖਿਸਕ ਗਏ। ਤਿੰਨ ਸਾਲ ਉਸ ਨੇ ਸਕੂਲ ਦੀ ਪੜ੍ਹਾਈ ਕੀਤੀ, ਕ੍ਰਿਕਟ ਖੇਡੀ ਅਤੇ ਮੋਟਰ ਸਾਈਕਲ ਉੱਤੇ ਗੇੜੀਆਂ ਲਾਈਆਂ।
1912 ਵਿਚ ਆਕਸਫੋਰਡ ਦੇ ਬਲੀਓਲ ਕਾਲਜ ਵਿਚ ਦਾਖਲਾ ਲੈ ਲਿਆ। ਯੂਨਾਨੀ ਅਤੇ ਲਾਤੀਨੀ ਪੜ੍ਹੀਆਂ, ਫਿਰ ਯੋਰਪ ਦਾ ਆਧੁਨਿਕ ਇਤਿਹਾਸ ਪੜ੍ਹਿਆ। ਪੜ੍ਹਨ ਅਤੇ ਖੇਡਣ ਦੋਨਾਂ ਵਿਚ ਨਿਪੁੰਨ। 1914 ਵਿਚ ਵਿਸ਼ਵ ਯੁੱਧ ਛਿੜ ਪਿਆ। ਆਕਸਫੋਰਡ ਦੇ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਯੁੱਧਕਾਲੀ ਸੇਵਕਾਂ ਵਜੋਂ ਪੇਸ਼ ਕਰਨ ਲੱਗੇ। ਪਹਿਲੀ ਸਰਵਿਸ ਉਸਨੂੰ ਐਂਬੂਲੈਂਸ ਦੀ ਮਿਲੀ ਅਤੇ ਸਾਊਥੈਂਪਟਨ ਜਾਣ ਲਈ ਕਿਹਾ। ਇਕ ਸਾਲ ਮੈਡੀਕਲ ਸੇਵਾਵਾਂ ਦੇਣ ਲਈ ਫਰਾਂਸ ਵਿਚ ਰਿਹਾ। ਫਰਾਂਸ ਦੇ ਏਅਰ ਫੋਰਸ ਅਫਸਰਾਂ ਪਾਸ ਦਰਖਾਸਤ ਦਿਤੀ ਕਿ ਮੈਂ ਫਾਈਟਰ ਪਾਇਲਟ ਬਣਨ ਦਾ ਇੱਛੁਕ ਹਾਂ। ਉਸ ਦੀ ਅਰਜ਼ੀ ਮਨਜ਼ੂਰ ਹੋ ਗਈ। ਇੰਗਲੈਂਡ ਸਰਕਾਰ ਪਾਸੋਂ ਫਰਾਂਸੀਸੀ ਏਅਰਫੋਰਸ ਜਾਇਨ ਕਰਨ ਲਈ ਇਜਾਜ਼ਤ ਲੈਣ ਵਾਸਤੇ ਅਰਜ਼ੀ ਭੇਜੀ। ਏਅਰਫੋਰਸ ਨੇ ਕਿਹਾ- ਹਰਦਿਤ ਜੇ ਫਰਾਂਸ ਵਾਸਤੇ ਵਧੀਆ ਪਾਇਲਟ ਹੈ ਤਾਂ ਇੰਗਲੈਂਡ ਵਾਸਤੇ ਮਾੜਾ ਕਿਵੇਂ ਹੋਇਆ? ਜਰਨੈਲ ਹੈੈਂਡਰਸਨ ਨੇ ਇੰਟਰਵਿਊ ਲਈ ਤੇ ਪੰਜ ਅਪ੍ਰੈਲ 1917 ਨੂੰ ਸੈਕੰਡ ਲੈਫਟੀਨੈਂਟ ਵਜੋਂ ਚੁਣਿਆ ਗਿਆ। ਉਹ ਪਹਿਲਾ ਭਾਰਤੀ ਅਫਸਰ ਤਾਂ ਨਿਯੁਕਤ ਹੋਇਆ ਹੀ, ਕੇਸਾਂ ਅਤੇ ਦਸਤਾਰਧਾਰੀ ਸਰਦਾਰ ਵਜੋਂ ਵੀ ਇਹ ਪਹਿਲਾ ਪਾਇਲਟ ਸੀ। ਉਸ ਦੀ ਬਹਾਦਰੀ ਅਤੇ ਸ਼ਕਲ ਵੱਖਰੀ ਤਰ੍ਹਾਂ ਦੀ ਹੋਣ ਕਰਕੇ ਉਸਦਾ ਨਾਮ ਉਡਣਾ-ਦਾਨਵ ਪੈ ਗਿਆ ਸੀ। ਕੇਵਲ ਢਾਈ ਘੰਟਿਆਂ ਦੀ ਟ੍ਰੇਨਿੰਗ ਪਿਛੋਂ ਉਸ ਨੂੰ ਸੋਲੋ ਭੇਜ ਦਿਤਾ, ਭਾਵ ਇਕੱਲੇ ਨੇ ਉਡਾਣ ਭਰੀ। ਪਾਠਕ ਜੀ ਮੈਂ ਪਟਿਆਲਾ ਏਵੀਏਸ਼ਨ ਕਲੱਬ ਵਿਚ ਫਲਾਇੰਗ ਸਿਖਦਾ ਰਿਹਾ ਹਾਂ। ਸਾਢੇ ਸੱਤ ਘੰਟਿਆਂ ਦੀ ਟਰੇਨਿੰਗ ਮਗਰੋਂ ਜਦ ਮੈਨੂੰ ਸੋਲੋ ਭੇਜਿਆ ਗਿਆ, ਕਲੱਬ ਵਿਚ ਹਲਚਲ ਹੋਈ ਸੀ, ਏਨੀ ਜਲਦੀ ਸੋਲੋ? ਇਕ ਮਹੀਨੇ ਦੇ ਅਭਿਆਸ ਬਾਦ ਉਹ ਹਵਾਈ ਹਮਲੇ ਕਰਨ ਲੱਗਾ।
ਮਲਿਕ ਦਾ ਫਲਾਈਟ ਕਮਾਂਡਰ ਕੈਨੇਡੀਅਨ ਮੇਜਰ, ਵਿਲੀਅਮ ਬਾਰਕਰ ਸੀ ਜਿਸ ਨੂੰ ਸ਼ਾਨਦਾਰ ਬਹਾਦਰੀ ਸਕਦਾ ਵਿਕਟੋਰੀਆ ਕ੍ਰਾੱਸ ਮਿਲਿਆ। ਜਿਹੋ ਜਿਹਾ ਮੁਰਸ਼ਦ ਉਹੋ ਜਿਹਾ ਮੁਰੀਦ। ਹਰਦਿਤ ਨੇ ਜਰਮਨ ਫੋਕਰੈੈਂਡ ਜਹਾਜ਼ ਫੁੰਡੇ। ਛੱਬੀ ਅਕਤੂਬਰ 1917 ਨੂੰ ਬਾਰਕਰ ਅਤੇ ਹਰਦਿਤ ਇਕੱਠੇ ਹਮਲਾ ਕਰਨ ਉਡੇ। ਮੌਸਮ ਖਰਾਬ ਸੀ ਜਰਮਨ ਜੰਗੀ ਜਹਾਜ਼ਾਂ ਨੇ ਘੇਰ ਲਏ। ਹਰਦਿਤ ਨੇ ਇਕ ਜਹਾਜ਼ ਫੁੰਡ ਲਿਆ ਪਰ ਦੁਸ਼ਮਣ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ, ਜਹਾਜ਼ ਦੇ 450 ਗੋਲੀਆਂ ਲੱਗੀਆਂ, ਦੋ ਗੋਲੀਆਂ ਹਰਦਿਤ ਦੀ ਲੱਤ ਵਿੰਨ੍ਹ ਗਈਆਂ। ਇਕ ਗੋਲੀ ਪੈਟਰੋਲ ਟੈਂਕ ਵਿਚ ਲੱਗੀ ਜਿਸ ਕਰਕੇ ਧਾਰ ਹੇਠਾਂ ਵਗਣ ਲਗੀ। ਫਰਾਂਸ ਵਿਚ ਜਦੋਂ ਕ੍ਰੈਸ਼ ਲੈਂਡਿੰਗ ਕੀਤੀ, ਉਹ ਲਹੂ ਲੁਹਾਣ ਹੋਇਆ ਪਿਆ ਸੀ, ਨੱਕ ਦੀ ਹੱਡੀ ਟੁੱਟ ਗਈ ਸੀ। ਜਲਦੀ ਰਾਜ਼ੀ ਹੋ ਕੇ ਫਿਰ ਅਸਮਾਨ ਵਿਚ ਦਹਾੜਨ ਲੱਗਾ। ਆਖਰ ਯੁੱਧ ਖਤਮ ਹੋਇਆ।
ਅਰਜ਼ੀ ਦਿਤੀ ਕਿ ਭਾਰਤ ਜਾਣ ਵਾਸਤੇ ਛੁੱਟੀ ਦਿਉ ਅਤੇ ਭਾਰਤ ਵਿਚ ਰਾੱਇਲ ਏਅਰ ਫੋਰਸ ਵਿਚ ਬਦਲੀ ਕਰੋ। ਗਿਆਰਾਂ ਸਾਲ ਵਿਦੇਸ਼ ਵਿਚ ਬਿਤਾਉਣ ਬਾਦ ਅੱਠ ਮਹੀਨਿਆਂ ਦੀ ਛੁੱਟੀ ਲੈ ਕੇ ਵਾਪਸ ਪਰਤਿਆ। ਰਾਵਲਪਿੰਡੀ ਸ਼ਹਿਰ ਨੇ ਹੁੰਮਹੁਮਾ ਕੇ ਆਪਣੇ ਹੀਰੋ ਦਾ ਸੁਆਗਤ ਕੀਤਾ।
ਸਹੁਰਿਆਂ ਦੇ ਜ਼ੋਰ ਪਾਣ ਕਾਰਨ ਏਅਰਫੋਰਸ ਦੀ ਨੌਕਰੀ ਛੱਡ ਦਿਤੀ ਤੇ ਸਿਵਿਲ ਸਰਵਿਸ ਵਿਚ ਆ ਗਿਆ। ਕੈਨੇਡਾ ਵਿਚ ਅਜ਼ਾਦ ਭਾਰਤ ਦਾ ਪਹਿਲਾ ਸਫ਼ੀਰ ਨਿਯੁਕਤ ਹੋਇਆ, ਫਿਰ ਪਟਿਆਲਾ ਸਟੇਟ ਦਾ ਪ੍ਰਧਾਨ ਮੰਤਰੀ ਲੱਗਾ। ਸਾਲ 1956 ਵਿਚ ਰਿਟਾਇਰ ਹੋ ਕੇ ਮਨਪਸੰਦ ਖੇਡ ਗੌਲਫ ਖੇਡਣ ਲੱਗਾ। ਦਿੱਲੀ ਵਿਚ 31 ਅਕਤੂਬਰ 1985 ਨੂੰ ਉਹ ਫਾਨੀ ਸੰਸਾਰ ਤੋਂ 91 ਸਾਲ ਦੀ ਉਮਰ ਵਿਚ ਕੂਚ ਕਰ ਗਿਆ।
ਸੰਪਰਕ: 94642-51454